ਸਮੱਗਰੀ 'ਤੇ ਜਾਓ

ਲੋਕ ਕਾਵਿ ਹੇਅਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹੇਅਰੇ ਦਾ ਸ਼ਾਬਦਿਕ ਅਰਥ

[ਸੋਧੋ]

“ਹੇਅਰਾ ਲੋਕ ਕਾਵਿ ਦਾ ਇੱਕ ਨਿਵੇਕਲਾ ਕਾਵਿ ਰੂਪ ਹੈ। ਇਸ ਕਾਵਿ ਰੂਪ ਦੇ ਨਿਕਾਸ ਬਾਰੇ ਨਿਸ਼ਚੇ ਨਾਲ਼ ਕੁੱਝ ਨਹੀਂ ਕਿਹਾ ਜਾ ਸਕਦਾ। ਜੇ ਹੇਅਰਾ ਸ਼ਬਦ ‘ਹਯ-ਰਾ’ ਦੇ ਸੰਯੋਗ ਤੋਂ ਬਣਿਆ ਮੰਨਿਆ ਜਾਵੇ ਤਾਂ ਇਹ ਗੀਤ ਘੋੜੀ ਚੜ੍ਹਨ ਸਮੇਂ ਦੇ ਬਣਦੇ ਹਨ। ਪਰ ਜੇ ਇਹ ਸ਼ਬਦ ‘ਹੇਹ’ ਤੋਂ ਮੰਨ ਲਈਏ, ਤਾਂ ਹੇਹ ਸ਼ਬਦ ਦੇ ਅਰਥ ‘ਕਾਮ ਵੇਗ’ ਹੈ ਜਾਂ ਸੰਯੋਗ ਲਈ ਚੇਸ਼ਟਾ ਦੇ ਹੋਣ ਕਰ ਕੇ ‘ਹੇਹਰੇ’ ਉਹ ਗੀਤ ਬਣਦੇ ਹਨ, ਜੋ ਕੋਈ ਮਰਦ ਕਿਸੇ ਇਸਤਰੀ ਨੂੰ ਸੰਬੋਧਨ ਕਰ ਕੇ ਉਲੇਲ ਵਿੱਚ ਗਾਏ ਜਾਂ ਇਹਨਾਂ ਵਿੱਚ ਪ੍ਰਤੀ ਚੇਸ਼ਟਾ ਜਾਂ ਕਾਮ ਵੇਗ ਸੰਕੇਤਕ ਜਾਂ ਪ੍ਰਗਟ ਰੂਪ ਵਿੱਚ ਹੋਣਾ। ਹੇਅਰੇ ਦੇ ਗੀਤਾਂ ਦੇ ਕਾਵਿ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਹ ਗੀਤ ਜਾਂ ਤਾਂ ਭਰਜਾਈਆਂ ਘੋੜੀ ਤੇ ਚੜ੍ਹੇ ਦਿਉਰ ਨੂੰ ਸੰਬੋਧਨ ਕਰ ਕੇ ਆਪਣੇ ਤੀਬਰ ਵੇਗਵਾਨ ਪ੍ਰੇਮ ਦੀ ਪ੍ਰਦਰਸ਼ਨੀ ਕਰ ਰਹੀਆਂ ਹੁੰਦੀਆਂ ਹਨ – ਸਿਖਰ ਦੁਪਹਿਰ ਦਿਉਰ ਜੰਞ ਚੜ੍ਹਿਆ, ਕੋਈ ਧੁੱਪ ਲੱਗੇ ਕੁਮਲਾ, ਜੇ ਮੈਂ ਹੋਵਾਂ ਬੱਦਲ਼ੀ ਦਿਉਰਾ, ਸੂਰਜ ਲਵਾਂ ਛੁਪਾ। ਜਾਂ ਫਿਰ ਜੰਞ ਦੇ ਫੁਕਾਓ ਵੇਲ਼ੇ ਸਾਲ਼ੀਆਂ ਘੋੜੇ ਤੇ ਚੜ੍ਹੇ ਜੀਜੇ ਪ੍ਰਤੀ ਆਪਣੀ ਚੇਸ਼ਟਾ ਪ੍ਰਗਟ ਕਰਦੀਆਂ ਹਨ – ਜੀਜਾ ਜੀਜਾ ਕਰ ਰਹੀ, ਤੂੰ ਮੇਰੇ ਬੁਲਾਇਆਂ ਬੋਲ, ਮੈਂ ਤੇਰੇ ਤੋਂ ਇਉਂ ਘੁੰਮਾਂ, ਜਿਉਂ ਲਾਟੂ ਤੋਂ ਡੋਰ। ਜਾਂ ਫਿਰ ਇਹਨਾਂ ਵਿੱਚ ਕੁੜੀਆਂ ਵੱਲ ਝਾਕਦੇ ਜਾਂਞੀਆਂ ਅਤੇ ਉਨ੍ਹਾਂ ਨੂੰ ਅੱਗੋਂ ਘੂਰਦੀਆਂ ਕੁੜੀਆਂ ਦੀਆਂ ਚਹੇਡਾਂ ਹਨ – ਤੈਨੂੰ ਮੈਂ ਸਿੱਟਾ ਤੂੜੀ ਦੇ ਵਿੱਚ, ਆਈਆਂ ਮੱਝੀਆਂ ਚਰ ਗਈਆਂ, ਤੈਨੂੰ ਪੱਥਾਂ ਗੋਹੇ ਦੇ ਵਿੱਚ। ਉੱਪਰੋਕਤ ਸਾਰੀਆਂ ਵੰਨਗੀਆਂ ਵਿੱਚ ‘ਹੇਅਰੇ’ ਦਾ ਜੋ ਚਰਿੱਤਰ ਉੱਭਰਦਾ ਹੈ, ਉਹ ਇਸ ਨੂੰ ‘ਹੇਰੇ’ ਸ਼ਬਦ ਨਾਲ਼ ਹੀ ਜੋੜਦਾ ਹੈ। ”

ਹੇਅਰੇ - ਵਰਗ ਵੰਡ

[ਸੋਧੋ]

"ਹੇਅਰਿਆਂ ਦੇ ਗਾਇਣ ਦੇ ਮੁੱਖ ਸੰਦਰਭ

[ਸੋਧੋ]

1. ਪੁੱਤ ਜਾਂ ਧੀ ਵਾਲ਼ੇ ਘਰ ਵਿੱਚ ਨਾਨਕਾ ਮੇਲ ਦੀ ਆਮਦ ਤੇ ਵਿਦਾਇਗੀ ਸਮੇਂ। 2. ਔਰਤਾਂ ਵੱਲੋਂ ਥਾਂ ਸਿਰ ਲੱਗਦੇ ਮਰਦਾਂ ਨੂੰ। 3. ਜੰਞ ਦੀ ਮਿੱਠੀ ਰੋਟੀ ਖ਼ਾਸ ਕਰ ਕੇ ਖੱਟੀ ਸਮੇਂ ਕੁੜਮ ਅਤੇ ਲਾੜੇ ਨੂੰ। 4. ਜੰਞ ਬੰਨ੍ਹਣ ਅਤੇ ਖੋਲ੍ਹਣ ਸਮੇਂ। 5. ਬਣਦੇ ਮੌਕਿਆਂ ਉੱਤੇ ਮੇਲਣਾਂ ਵੱਲੋਂ ਜਾਂਞੀਆਂ ਨੂੰ। 6. ਵਿਆਹ ਦੇ ਇਕੱਠ ਵਿੱਚ ਇੱਕ ਇੱਕ ਸਵਾਣੀ ਵੱਲੋਂ ਥਾਂ ਸਿਰ ਲੱਗਦੀ ਦੂਜੀ ਸਵਾਣੀ ਨੂੰ। 7. ਔਰਤਾਂ ਦੇ ਇੱਕ ਗੁੱਟ ਵੱਲੋਂ ਦੂਜੇ ਗੁੱਟ ਨੂੰ।

ਕਾਵਿ ਪ੍ਰਕਾਰਜਾਂ ਅਨੁਸਾਰ

[ਸੋਧੋ]

ਹੇਅਰਾ, ਪ੍ਰਕਾਰਜ ਮੂਲਕ ਗੀਤ ਹੈ। ਹਰੇਕ ਨਿਭਾਊ ਸੰਦਰਭ ਵੱਖੋ ਵੱਖਰੇ ਪ੍ਰਯੋਜਨਾਂ ਹਿਤ ਹੇਅਰੇ ਗਾਏ ਜਾਂਦੇ ਹਨ। ਇਸ ਲਈ ਹੇਅਰਾ ਭਿੰਨ ਭਿੰਨ ਸਭਿਆਚਾਰਕ ਪ੍ਰਸੰਗਾਂ ਵਿੱਚ ਭਿੰਨ ਭਿੰਨ ਪ੍ਰਕਾਰਜਾਂ ਵਾਲ਼ੀ ਕਾਵਿਕ ਭੂਮਿਕਾ ਨਿਭਾਉਣ ਵਾਲ਼ਾ ਗੀਤ ਹੈ। ਮਾਲਵੇ ਵਿੱਚ ਪ੍ਰਚੱਲਿਤ ਹੇਅਰਿਆਂ ਨੂੰ ਵਿਭਿੰਨ ਕਾਵਿ ਪ੍ਰਕਾਰਜਾਂ ਦੀ ਦ੍ਰਿਸ਼ਟੀ ਤੋਂ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ: 1. ਰੀਤੀ ਮੂਲਕ ਕਾਵਿ-ਉਚਾਰ ਜਾਂ ਮੰਤਰ-ਕਾਵਿ ਵਜੋਂ। 2. ਮੰਗਲਮਈ ਭਾਵਨਾਵਾਂ ਦੇ ਪ੍ਰਗਟਾਵੇ ਜਾਂ ਜਾਂ ਸ਼ੁੱਭ ਸ਼ਗਨਾਂ ਦੇ ਕਾਵਿ ਵਜੋਂ। 3. ਖ਼ੁਸ਼ੀ ਦੇ ਸਮੇਂ ਮਨੋਰੰਜਨੀ ਭੂਮਿਕਾ ਵਜੋਂ। 4. ਹਾਸ ਵਿਅੰਗ ਦੇ ਪ੍ਰਕਾਰਜ ਵਜੋਂ। 5. ਗਿਆਨ ਮੂਲਕ ਕਾਵਿ ਵਜੋਂ ਲੋਕ ਸਿਆਣਪਾਂ ਦੇ ਪ੍ਰਗਟਾਵੇ ਹਿਤ। 6. ਬੁਝਾ ਵਲ ਕਾਵਿ ਵਜੋਂ ਬੁੱਧੀ ਦੀ ਪਰਖ ਹਿਤ। 7. ਪ੍ਰਤੀਕ ਮਈ ਕਾਵਿ ਵਜੋਂ ਪ੍ਰਤਿਭਾ ਦੀ ਪਰਖ ਵਿੱਚ। 8. ਵਿਰੇਚਨੀ ਕਾਵਿ ਵਜੋਂ ਔਰਤਾਂ ਦੇ ਦਮਿਤ ਆਪੇ ਦੇ ਪ੍ਰਗਟਾਵੇ ਹਿਤ। 9. ਸ਼ੁਕਰਾਨਾ ਕਾਵਿ ਵਜੋਂ ਤ੍ਰਿਪਤ ਮਨੋਂ ਭਾਵਨਾਵਾਂ ਦੇ ਪ੍ਰਗਟਾਵੇ ਹਿਤ।

ਸੰਬੋਧਕ-ਸੰਬੋਧਤ ਰਿਸ਼ਤਿਆਂ ਅਨੁਸਾਰ

[ਸੋਧੋ]

ਜੇ ਸੰਬੋਧਕ-ਸੰਭੋਧਤ ਰਿਸ਼ਤਿਆਂ ਦੇ ਆਧਾਰ ਤੇ ਹੇਅਰਿਆਂ ਦੀ ਵਰਗ ਵੰਡ ਕਰਨੀ ਹੋਵੇ ਤਾਂ ਇਸ ਦੇ ਦੋ ਪ੍ਰਮੁੱਖ ਵਰਗ ਬਣਦੇ ਹਨ: ਪਹਿਲਾ ਖ਼ੂਨ ਦੇ ਰਿਸ਼ਤਿਆਂ ਦੇ ਅੰਦਰ ਸੰਬੋਧਨ ਹੇਅਰੇ ਅਤੇ ਖ਼ੂਨ ਦੇ ਰਿਸ਼ਤਿਆਂ ਤੋਂ ਬਾਹਰ ਸੁਣਾਏ ਜਾਣ ਵਾਲ਼ੇ ਹੇਅਰੇ। ਇਹਨਾਂ ਦੀ ਵਰਗ ਵੰਡ ਹੇਠ ਲਿਖੇ ਅਨੁਸਾਰ ਹੈ:

ਹੇਅਰਿਆ ਵਿੱਚ ਕਾਵਿ ਸੰਵਾਦ

[ਸੋਧੋ]

ਬਹੁਤ ਸਾਰੀਆਂ ਬੁਝਾਰਤਾਂ, ਪ੍ਰਸ਼ਨ ਉੱਤਰ ਵਾਲ਼ੇ ਕਾਵਿ ਟੋਟਿਆਂ, ਦੋਹਿਆਂ ਅਤੇ ਹੇਅਰਿਆਂ ਦੇ ਰੂਪ ਵਿੱਚ ਮਿਲਦੇ ਹਨ। ਪੁਰਾਣਿਆਂ ਸਮਿਆਂ ਵਿੱਚ ਕਿਸੇ ਦੀ ਬੁੱਧੀ ਦੀ ਪ੍ਰੀਖਿਆ ਲਈ ਹੇਅਰੇ ਬੋਲੇ ਜਾਂਦੇ ਹੋਣਗੇ। ਕਾਵਿਕ ਪ੍ਰਕਾਰਜ ਦੇ ਪੱਖ ਤੋਂ ਹੇਅਰਿਆਂ ਦੀ ਨੇੜਲੀ ਸਾਂਝ ਸਲੋਕਾਂ, ਦੋਹਿਆਂ ਅਤੇ ਲੋਕ ਬੁਝਾਰਤਾਂ ਨਾਲ਼ ਰਹੀ ਹੋਵੇਗੀ। ਜਿਵੇਂ: ਬੁਝਾਰਤ:- ਅੱਠ ਖੂਹੇ, ਨੌਂ ਪਾੜਛੇ ਵੇ ਕੋਈ ਪਾਣੀ ਘੁੰਮਣ ਘੇਰ ਜੇ ਤੂੰ ਐਡਾ ਚਤਰ ਹੈਂ ਦੱਸ ਪਾਣੀ ਕਿੰਨੇ ਵੇ ਸਮਝ ਗਿਆਨੀਆ ਵੇ – ਸ਼ੇਰ। ਉੱਤਰ:- ਅੱਠੇ ਖੂਹ ਨੌਂ ਪਾੜਛੇ ਵੇ ਕੋਈ ਪਾਣੀ ਘੁੰਮਣ ਘੇਰ ਜਿੰਨੇ ਤੇਰੇ ਅਰਸ਼ ਦੇ ਨੀ ਕੋਈ ਪਾਣੀ ਓਨੇ ਨੀ ਸਮਝ ਗਿਆਨਣੇ ਨੀ – ਸ਼ੇਰ।

ਪੰਜਾਬੀ ਲਾੜੇ ਦੀ ਮਹਿਮਾ ਦਾ ਗਾਣ

[ਸੋਧੋ]

ਇਹ ਹੇਅਰੇ ਭੈਣਾਂ ਵੱਲੋਂ ਵੀਰ ਦੇ ਸ਼ਗਨਾਂ ਸਮੇਂ ਗਾਏ ਜਾਂਦੇ ਹਨ। ਇਹਨਾਂ ਹੇਅਰਿਆਂ ਵਿੱਚ ਪੰਜਾਬੀ ਘਰ ਪਰਿਵਾਰ ਵਿੱਚ ਭਰਾਵਾਂ ਅਤੇ ਪੁੱਤਰਾਂ ਦੀ ਮਹਿਮਾ ਨੂੰ ਉਜਾਗਰ ਕੀਤਾ ਗਿਆ ਹੈ। ਖ਼ਾਨਦਾਨ ਦੀ ਲੜੀ ਪੁੱਤਰਾਂ ਦੁਆਰਾ ਅੱਗੇ ਚੱਲਦੀ ਹੈ। ਹੇਅਰੇ ਇਸ ਲੜੀ ਦੇ ਅੱਗੇ ਤੁਰਨ ਦਾ ਗੁਣ ਗਾਣ ਕਰਦੇ ਹਨ: ਪੰਜੇ ਭਾਈ ਚੌਧਰੀ ਵੀਰਾ ਪੰਜੇ ਭਾਈ ਵੇ ਠਾਣੇਦਾਰ ਮਾਰ ਪਲਾਕੀ ਬੈਠਦੇ ਵੇ ਕੋਈ ਉੱਠਦੇ ਪੱਬਾਂ ਦੇ ਵੇ ਦਿਉਰ ਜੁ ਮੰਗਿਆ ਵੇ – ਹਾਰ।

ਲਾਡਲੇ ਦਿਉਰ ਨੂੰ ਚਹੇਡਾਂ

[ਸੋਧੋ]

ਇਹ ਹੇਅਰੇ ਭਰਜਾਈਆਂ ਵੱਲੋਂ ਲਾੜੇ ਨਾਲ ਚਹੇਡਾਂ ਕਰਨ ਸਮੇਂ ਬੋਲੇ ਜਾਂਦੇ ਹਨ। ਇਹਨਾਂ ਵਿੱਚ ਆਮ ਤੌਰ ਤੇ ਦਿਓਰ ਭਰਜਾਈ ਦੇ ਪਿਆਰ ਸੰਬੰਧਾਂ ਨੂੰ ਸਭ ਦੇ ਸਾਹਮਣੇ ਨਸ਼ਰ ਕੀਤਾ ਜਾਂਦਾ ਹੈ। ਜਿਵੇਂ: ਪਹਿਲੀ ਸਲਾਈ ਦਿਉਰਾ ਰਸ ਭਰੀ ਕੋਈ ਦੂਜੀ ਸ਼ਗਨਾਂ ਦੇ ਨਾਲ਼ ਤੀਜੀ ਸਲਾਈ ਦਿਉਰਾ ਤਾਂ ਪਾਵਾਂ ਜੇ ਤੂੰ ਗਲ਼ ਨੂੰ ਕਰਾਵੇ ਵੇ ਦਿਉਰ ਜੁ ਮੰਗਿਆ ਵੇ – ਹਾਰ।

ਜੀਜੇ ਉੱਤੇ ਸਾਲ਼ੀਆਂ ਦੇ ਕਾਮਣ

[ਸੋਧੋ]
ਇਹਨਾਂ ਹੇਅਰਿਆਂ ਵਿੱਚ ਕੁੜੀਆਂ ਅਸਲ ਵਿੱਚ ਆਪਣੀ ਭੈਣ ਦਾ ਅਸਿੱਧੇ ਤੌਰ ਤੇ ਗੁਣ ਗਾਣ ਕਰਦੀਆਂ ਹਨ ਅਤੇ ਜੀਜੇ ਨੂੰ ਸਮਝੌਤੀਆਂ ਦਿੰਦੀਆਂ ਹਨ ਕਿ ਉਨ੍ਹਾਂ ਦੀ ਭੈਣ ਨਾਲ਼ ਪਿਆਰ ਨਾਲ ਪੇਸ਼ ਆਵੇ। ਜਿਵੇਂ: 

ਚਾਂਦੀ ਦਾ ਮੇਰਾ ਤਖ਼ਤਾ ਜੀਜਾ ਜੀ ਵੇ ਕੋਈ ਸੋਨੇ ਦੀ ਮੇਖ਼ ਪਿਓ ਮੇਰੇ ਘਰ ਢੁੱਕ ਕੇ ਤੈਂ ਤਾਂ ਨਵੇਂ ਲਿਖਾ ਲਏ ਜੀ ਅੱਜ ਦਿਨ ਸ਼ਾਦੀਏ ਵੇ – ਲੇਖ।

ਕੁੜਮਾਚਾਰੀ ਦਾ ਟਕਰਾਓ ਅਤੇ ਮੇਲ ਮਿਲਾਪ

[ਸੋਧੋ]
ਇਹਨਾਂ ਹੇਅਰਿਆਂ ਵਿੱਚ ਕੁੜਮ ਲਈ ਸਤਿਕਾਰ ਭਾਵ ਵੀ ਹੈ ਅਤੇ ਠਿੱਠ ਭਾਵ ਵੀ। ਇਸ ਦੇ ਨਾਲ ਹੀ ਵਿਚੋਲੇ ਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਅਤੇ ਚੇਤਾਵਨੀ ਵੀ ਦਿੱਤੀ ਜਾਂਦੀ ਹੈ। ਜਿਵੇਂ: 

ਭੱਜਿਆ ਫਿਰੇਂ ਵਿਚੋਲਿਆ ਵੇ ਕੋਈ ਬਣਿਆ ਫਿਰੇਂ ਵੇ ਤੂੰ ਮੁਖ਼ਤਿਆਰ ਚਾਰ ਦਿਨਾਂ ਨੂੰ ਵੱਜਣਗੇ ਖੌਂਸੜੇ ਵੇ ਵਡਿਆ ਚੌਧਰੀਆ ਵੇ – ਤਿਆਰ।

ਔਰਤ ਮਰਦ ਦੇ ਜਿਨਸੀ ਟਕਰਾਓ ਦਾ ਕਾਵਿ-ਉਚਾਰ

[ਸੋਧੋ]
 ਇਹ ਹੇਅਰੇ ਖੱਟੀ ਰੋਟੀ ਤੋਂ ਸ਼ੁਰੂ ਹੋ ਕੇ ਡੋਲੀ ਦੀ ਵਿਦਾਇਗੀ ਤਕ ਚੱਲਦੇ ਹਨ। ਇਹਨਾਂ ਵਿੱਚ ਸਮਾਜ ਦੀ ਜਾਤ ਮੂਲਕ ਤੇ ਆਰਥਕ ਦਰਜਾਬੰਦੀ ਦਾ ਵਿਧਾਨ ਪ੍ਰਵਾਨ ਕੀਤਾ ਜਾਂਦਾ ਹੈ। ਇਹਨਾਂ ਵਿੱਚ ਕੁੱਝ ਹੇਅਰੇ ਜੰਞ ਬੰਨ੍ਹਣ ਅਤੇ ਖੋਲ੍ਹਣ ਸਮੇਂ ਵੀ ਗਾਏ ਜਾਂਦੇ ਹਨ: 

ਜਾਂਞੀਓ ਦਿਲ ਮਾਨੀਓ ਆ ਕੇ ਰਹੇ ਮਗ਼ਰੂਰ ਮੇਰਾ ਮਨ ਤਾਂ ਖ਼ੁਸ਼ੀ ਹੋਇਆ ਥੋਡੀ ਬੰਨ੍ਹਾਂ ਜੰਞ ਵੇ ਜਾਂਞੀਓ ਕੰਨ ਕਰੋ ਵੇ – ਜ਼ਰੂਰ ”।

ਹਵਾਲੇ

[ਸੋਧੋ]

[1]

  1. 1. ਵਣਜਾਰਾ ਬੇਦੀ, ਪੰਜਾਬੀ ਲੋਕ-ਧਾਰਾ ਵਿਸ਼ਵ-ਕੋਸ਼, ਲੋਕ ਪ੍ਰਕਾਸ਼ਨ, ਨਵੀਂ ਦਿੱਲੀ, ਪੰਨਾ 926। 2. ਡਾ. ਨਾਹਰ ਸਿੰਘ, ਰੜੇ ਭੰਬੀਰੀ ਬੋਲੇ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 89।