ਲੋਕ ਪਕਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕ ਪਕਵਾਨ[ਸੋਧੋ]

ਮਨੁੱਖ ਇਕ ਸਮਾਜਿਕ ਪ੍ਰਣਾਲੀ ਹੈ। ਇਸ ਨੂੰ ਸਮਾਜ ਵਿਚ ਰਹਿੰਦਿਆਂ ਹੋਇਆ ਰੋਟੀ ,ਕੱਪੜਾ,ਮਕਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਖਾਣ-ਪੀਣ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਪੰਜਾਬੀ ਸਭਿਆਚਾਰ ਵਿਚ ਖੁਰਾਕ ਦਾ ਵਿੱਲਖਣ ਸਰੂਪ ਹੈ।ਜ਼ਿਆਦਤਰ ਪੰਜਾਬੀਆਂ ਦਾ ਭੋਜਨ ਉਹਨਾਂ ਦੇ ਪ੍ਰਾਕਿਰਤਕ ਭੂਗੋਲਿਕ ਵਾਤਾਵਰਣ ਉੱਤੇ ਆਧਾਰਤ ਹੈ।ਪੰਜਾਬੀ ਖੁਰਾਕ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸੁਆਦੀ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੀ ਹੈ।ਪੰਜਾਬੀ ਲੋਕ ਖਾਣ ਪੀਣ ਦਾ ਕੁਝ ਵਧੇਰੇ ਹੀ ਸ਼ੌਕ ਰੱਖਦੇ ਹਨ। [1]

ਪਕਵਾਨ ਅਤੇ ਲੋਕ ਪਕਵਾਨ ਵਿੱਚ ਸਿੱਧਾ ਸਪੱਸ਼ਟ ਕੋਈ ਅੰਤਰ ਨਹੀਂ ਹੁੰਦਾ। ਪਕਵਾਨ ਲਈ ਜਿਸ ਕਿਸਮ ਦੀ ਸਮੱਗਰੀ ਦੀ ਲੋੜ ਹੁੰਦੀ ਹੈ,ਲਗਪਗ ਉਸੇ ਕਿਸਮ ਦੀ ਸਮੱਗਰੀ ਦੀ ਲੋੜ ਲੋਕ ਪਕਵਾਨ ਲਈ ਵੀ ਪੈਂਦੀ ਹੈ। ਪਕਵਾਨ ਵਾਂਗ ਹੀ ਲੋਕ ਪਕਵਾਨ ਵੀ ਖਾਣ ਲਈ ਹੀ ਤਿਆਰ ਕੀਤਾ ਜਾਂਦਾ ਹੈ। ਲੋਕ ਪਕਵਾਨ ਵੀ ਦੂਜੇ ਪਕਵਾਨਾਂ ਵਾਂਗ ਸਮਾਜਕ ਵਿਰਸੇ ਵਿਚੋਂ ਬਣਾਉਣਾ ਸਿਖਿਆ ਜਾਂਦਾ ਹੈ। ਪਰੰਤੂ ਇਸ ਦੇ ਬਾਵਜੂਦ ਵੀ ਲੋਕ ਪਕਵਾਨ ਕਿਸੇ ਵੀ ਵਿਸ਼ਿਸ਼ਟ ਕਿਸਮ ਦੇ ਪਕਵਾਨ ਤੋਂ ਵਖਰੇਂਵਾ ਰੱਖਦਾ ਹੈ। ਇਹ ਵਖਰੇਂਵਾਂ ਲੋਕ ਮਨ ਦੀ ਸ਼ਮੂਲੀਅਤ ਨਾਲ ਸੰਬੰਧ ਰੱਖਦਾ ਹੈ। ਲੋਕ ਪਕਵਾਨ ਕਿਸੇ ਲੋਕ ਭਾਵਨਾ ਨਾਲ ਜੁੜਿਆ ਹੁੰਦਾ ਹੈ। ਇਸ ਨੂੰ ਬਣਾਉਣ ਦਾ ਨਿਸਚਿਤ ਮਨੋਰਥ ਹੁੰਦਾ ਹੈ। ਇਸ ਨੂੰ ਬਣਾਉਣ ਅਤੇ ਖਾਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ “ਕਿਸੇ ਨਿਸ਼ਚਿਤ ਰਸਮ ਜਾਂ ਨਿਸ਼ਚਿਤ ਮੋਨਰਥ ਨਾਲ ਜੁੜਿਆ ਉਹ ਪਕਵਾਨ ਜਿਹੜਾ ਨਿਸ਼ਚਿਤ ਰਵਾਇਤੀ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ।ਜਿਸ ਨਾਲ ਲੋਕ ਭਾਵਨਾਵਾਂ ਪੂਰੀ ਤਰ੍ਹਾਂ ਜੁੜੀਆਂ ਹੁੰਦੀਆਂ ਹਨ।ਲੋਕ ਪਕਵਾਨ ਅਖਵਾਉਂਦਾ ਹੈ। [2]

ਖਾਸ ਰਸਮਾਂ-ਰਿਵਾਜ ਤੇ ਵੱਖ-ਵੱਖ ਭਾਵਨਾਵਾਂ ਨਾਲ ਜੁੜੇ ਲੋਕ ਪਕਵਾਨ[ਸੋਧੋ]

1 ਦੀਵਾਲੀ ਦੀਆਂ ਮੱਠੀਆਂ[ਸੋਧੋ]

ਵਰਤਮਾਨ ਸਮੇਂ ਵਿਚ ਭਾਵੇਂ ਵੰਨ-ਸੁਵੰਨੀ ਮਿਠਾਈ ਹੋਂਦ ਵਿਚ ਆ ਗਈ ਹੈ, ਪਰੰਤੂ ਪੁਰਾਣੇ ਸਮੇਂ ਵਿਚ ਦੀਵਾਲੀ ਦਾ ਤਿਉਹਾਰ ‘ਮੱਠੀਆਂ’ ਕਾਰਨ ਮਸ਼ਹੂਰ ਰਿਹਾ ਹੈ।ਆਟੇ ਵਿਚ ਗੁੜ ਘੋਲ ਕੇ,ਉਸ ਨੂੰ ਪੂਰੀ ਤਰ੍ਹਾਂ ਸਖ਼ਤ ਹਾਲਤ ਵਿਚ ਗੁੰਨ ਕੇ ਛੋਟੀਆਂ-ਛੋਟੀਆਂ ਮੱਠੀਆਂ ਤਿਆਰ ਕੀਤੀਆਂ ਜਾਂਦੀਆਂ ਹਨ।ਆਟੇ ਨੂੰ ਸਰ੍ਹੋਂ ਦਾ ਤੇਲ ਲਗਾ ਕੇ ਉਸ ਵਿਚ ਨਰਮਾਈ ਪੈਦਾ ਕੀਤੀ ਜਾਂਦੀ ਹੈ। ਮੱਠੀ ਨੂੰ ਨਰਮ ਖਸਤਾ ਹਾਲਤ ਵਿਚ ਰੱਖਣ ਲਈ ‘ਮੋਨ’ ਪਾਇਆ ਜਾਂਦਾ ਹੈ। ਮੱਠੀ ਦੀ ਸ਼ਕਲ ਗੋਲ, ਤਿਕੋਨੀ, ਆਇਤਾਕਾਰ ਜਾਂ ਚੌਰਸ ਵੀ ਬਣਾਈ ਜਾਂਦੀ ਹੈ। ਮੱਠੀ ਸਰ੍ਹੋਂ ਦੇ ਤੇਲ ਵਿਚ ਪਕਾਈ ਜਾਂਦੀ ਹੈ। ਲੋਕ ਪਕਵਾਨ ਦੇ ਰੂਪ ਵਿਚ ਤਿਆਰ ਕੀਤੀ ਮੱਠੀ ਹਲਵਾਈ ਦੀ ਬਣਾਈ ਮੱਠੀ ਨਾਲੋਂ ਵੱਖਰੀ ਰੰਗਤ ਤੇ ਸੁਆਦ ਵਾਲੀ ਹੁੰਦੀ ਹੈ।

2 ਗੁੱਗੇ ਦੀਆਂ ਸੇਵੀਆਂ [ਸੋਧੋ]

ਸੇਵੀਆਂ ਲਈ ਆਟੇ ਨੂੰ “ਕਪੜਛਾਣ” ਕਰਕੇ ਮੈਦਾ ਤਿਆਰ ਕੀਤਾ ਜਾਂਦਾ ਹੈ। ਸੇਵੀਆਂ ਦਾ ਆਟਾ ਸਖ਼ਤ ਰੱਖਿਆ ਜਾਂਦਾ ਹੈ ਤਾਂ ਜੋ ਸੇਵੀਆਂ ਵੱਟਣ ਸਮੇਂ ਆਸਾਨੀ ਰਹੇ। ਸੇਵੀਆਂ ਗੁੱਗਾ ਨੌਮੀ ਦੇ ਤਿਉਹਾਰ ਤੋਂ ਪਹਿਲਾਂ ਵੱਟੀਆਂ ਜਾਂਦੀਆਂ ਹਨ। ਸੇਵੀਆਂ ਥਿੰਦੀ ਚਾਟੀ ਜਾਂ ਥਿੰਦੇ ਘੜੇ ਨੂੰ ਮੂਧਾ ਮਾਰ ਕੇ ਉਸ ਉਪਰ ਵੱਟਦੇ ਸਨ। ਸੇਵੀਆਂ ਨੂੰ ਧੁੱਪੇ ਸੁਕਾਉਣ ਲਈ ਕਰੀਰ ਦੀਆਂ ਝਿੰਗਾਂ ਨੂੰ ਵਰਤਿਆਂ ਜਾਂਦਾ ਸੀ, ਕਿਉਂ ਜੋ ਇਹਨਾਂ ਝਿੰਗਾਂ ਦੇ ਪੱਤੇ ਨਹੀਂ ਹੁੰਦੇ ਸਨ। ਗੁੱਗਾ ਨੌਵੀ ਵਾਲੇ ਦਿਨ ਗੁੱਗਾ ਮਾੜੀ ਵਿਖੇ ਗੁੜ ਵਿਚ ਰਿੰਨੀਆਂ ਸੇਵੀਆਂ ਭੇਟ ਕੀਤੀਆਂ ਜਾਂਦੀਆਂ ਹਨ। ਜਿਸ ਦਿਨ ਸੇਵੀਆਂ ਧਰੀਆਂ ਜਾਂਦੀਆਂ ਸਨ। ਉਸ ਦਿਨ ਸਾਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ ਸੀ।

ਖੱਟਣ ਗਿਆ ਸੀ ਕਿ ਖੱਟ ਲਿਆਇਆ ?

ਖੱਟ ਕੇ ਲਿਆਇਆ ਘਾਹ।

ਨੀ ਮੈਂ ਰਿੰਨੀਆਂ ਸੇਵੀਆਂ,

ਜੱਟ ਨੂੰ ਚੜ੍ਹ ਗਿਆ ਚਾਅ।

[3]

3.ਖੀਰ,ਕੜਾਹ,ਪੂੜੇ[ਸੋਧੋ]

ਖੀਰ ਕਿਸੇ ਦੀ ਧਾਰਮਿਕ ਸਮਾਗਮ ਤੇ ਸਵੀਟ ਡਿਸ਼ ਵਜੋਂ ਪ੍ਰਯੋਗ ਹੁੰਦੀ ਹੈ। ਪਰੰਤੂ ਸਾਵਣ ਦੇ ਮਹੀਨੇ ਖੀਰ  ਦਾ ਉਚੇਚਾ ਮਹੱਤਵ ਹੁੰਦਾ ਹੈ। ਖੀਰ ਦੁੱਧ, ਚਾਵਲ ਤੇ ਮਿੱਠੇ ਦੀ ਬਣਦੀ ਹੈ। ਹਰ ਮੱਸਿਆ ਨੂੰ ਜਾਂ ਵੱਡੇ ਵਡੇਰੇ ਦੀ ਪੂਜਾ ਸਮੇਂ ਨੂੰ ਰੱਖੀ ਥੀਆਈ ਖੀਰ ਨਾਲ ਸੰਪੰਨ ਹੁੰਦੀ ਹੈ। ਪਰ ਲੋਕ ਪਕਵਾਨ ਦੇ ਰੂਪ ਵਿਚ ਇਸ ਦਾ ਖੀਰ ਰੂਪ ਹੀ ਵਧੇਰੇ ਪ੍ਰਚਲਿੱਤ ਹੈ। ਕੜਾਹ-ਪਹਿਲਾ ਸਮਾਂ ਸੀ ਜਦ ਬਰਾਤਾਂ ਲਈ  ਮਠਿਆਇ ਕੜਾਹ ਹੀ ਹੁੰਦੀ ਸੀ। ਕੜਾਹ ਉਨ੍ਹਾਂ ਸਮਿਆਂ ਵਿਚ ਗੁੜ ਤੇ ਦੇਸੀ ਘਿਉ ਨਾਲ ਬਣਾਇਆ ਜਾਂਦਾ ਸੀ। ਕੜਾਹ ਬਣਾਉਣ ਲਈ ਘਿਉ, ਕਣਕ ਦਾ ਆਟਾ ਤੇ ਗੁੜ ਆਮ ਤੌਰ ਤੇ ਇਕੋ ਜਿਨ੍ਹੀ ਮਾਤਰਾ ਵਿਚ ਲਿਆ ਜਾਂਦਾ ਸੀ। ਪ੍ਰਾਹੁਣਿਆਂ ਦੀ ਆਓ ਭਗਤ ਕੜਾਹ ਦੇ ਨਾਲ ਖੀਰ ਪੂੜੇ ਬਣਾ ਕੇ ਕੀਤੀ ਜਾਂਦੀ ਸੀ। ਪੂੜੇ- ਪੂੜੇ ਗੁੜ ਵਾਲੇ ਆਟੇ ਤੋ ਬਣਾਏ ਜਾਂਦੇ ਹਨ। ਪੂੜੇ ਲਈ ਸਾਧਾਰਨ ਕਿਸਮ ਦੇ ਆਟੇ ਵਿਚ ਗੁੜ ਘੋਲ ਕੇ ਆਟੇ ਦਾ ਘੋਲੂਆ ਜਿਹਾ ਤਿਆਰ ਕੀਤਾ ਜਾਂਦਾ ਹੈ। ਤਵੇ ਉੱਤੇ ਸਰ੍ਹੋਂ ਦੇ ਤੇਲ ਦਾ ਪੋਚਾ ਦੇ ਕੇ ਘੋਲਿਆ ਹੋਇਆ ਆਟਾ ਕਿਸੇ ਕੋਲੀ ਜਾਂ ਛੋਟੇ ਬਰਤਨ ਨਾਲ ਤਵੇ ਉਤੇ ਪਲਟਿਆ ਜਾਂਦਾ ਹੈ। ਖੁਰਚਣੇ ਨਾਲ ਪੂੜੇ ਨੂੰ ਪਲਟਿਆ ਜਾਂਦਾ ਹੈ। ਖੁਰਚਣੇ ਨਾਲ ਪੂੜੇ ਨੂੰ ਤਵੇ ਉੱਤੇ ਹੀ ਰਾੜਿਆ ਜਾਂਦਾ ਹੈ। ਰੋਟੀ ਵਾਂਗ ਸਿੱਧੇ ਅੱਗ ਵਿਚ ਨਹੀਂ ਪਕਾਇਆ ਜਾਂਦਾ ਹੈ। ਪੂੜੇ ਦੀ ਸ਼ਕਲ ਰੋਟੀ ਵਰਗੀ ਹੁੰਦੀ ਹੈ। ਪੂੜੇ ਬਰਸਾਤ ਦੇ ਮੌਸਮ ਵਿਚ ਪਕਾਏ ਜਾਂਦੇ ਹਨ। ਪੂੜੇ ਮਾਤਾ ਰਾਣੀ ਦੇ ਥੰਮ ਲਆਉਣ ਸਮੇਂ ਵੀ ਪਕਾਏ ਜਾਂਦੇ ਹਨ।[4]


4 ਮਹਾਂਬੀਰ ਦੀ ਮੰਨੀ[ਸੋਧੋ]

ਮੰਗਲਵਾਰ ਵਾਲੇ ਦਿਨ ਹਨੂਮਾਨ ਦੀ ਸੁਖਣਾ ਦੇ ਰੂਪ ਵਿਚ ਮੋਟੇ ਆਕਾਰ ਦੀ ਮਿੱਠੀ ਰੋਟੀ ਪਕਾਈ ਜਾਂਦੀ ਹੈ। ਇਸ ਨੂੰ ਕਿਸੇ ਸਾਂਝੇ ਸਥਾਨ ਤੇ ਰੱਖੀ ਲੱਕੜੀ ਜਾਂ ਪਥੱਰ ਦੀ ਹਨੂਮਾਨ ਦੀ ਮੂਰਤੀ ਦੇ ਭੋਗ ਲਗਵਾਉਣ ਲਈ ਤਿਆਰ ਕੀਤਾ ਜਾਂਦਾ ਹੈ। ਧੂਪ ਦੇ ਕੇ ਅਗਨਿ ਵਿਚ ਮੰਨੀ ਦੇ ਛਿੱਟਾ ਦੇ ਮੂਰਤੀ ਨੂੰ ਮਿੱਠੀ ਰੋਟੀ ਦਾ ਭੋਗ ਲਗਵਾਇਆ ਜਾਂਦਾ ਹੈ। ਇਸ  ਉਪਰੰਤ ਪੱਸਾਦਿ ਦੇ ਰੂਪ ਵਿਚ ਮੰਨੀ ਦੇ ਛੋਟੇ-ਛੋਟੇ ਟੁਕੜੇ ਲੋਕਾਂ ਵਿਚ ਵੰਡ ਦਿੱਤੇ ਜਾਂਦੇ ਹਨ। ਜਿਥੇ ਹਨੂਮਾਨ ਦੀ ਪੂਜਾ ਹੁੰਦੀ ਹੈ ਉਥੇ ਭੂਤ-ਪ੍ਰੇਤ ਨੇੜੇ ਨਹੀਂ ਆਉਂਦੀ ਡੰਗਰ, ਪਸ਼ੂ ਤੇ ਪੁਰਸ਼ ਸਲਾਮਤ ਰਹਿੰਦੇ ਹਨ।

ਹੈਦਰ ਸ਼ੇਖ ਦਾ ਰੋਟ- ਮੁਸਲਮਾਨ ਫ਼ਕੀਰ ਹੈਦਰ ਸ਼ੇਖ ਦਾ ਰੋਟ ਵੀ ਲੋਕ ਸੁਖਣਾ ਵਿਚ ਸ਼ਾਮਿਲ ਰੱਖਦੇ ਹਨ। ‘ਰੋਟ’ ਰੋਟੀ ਨਾਲੋਂ ਵੱਡਾ ਤੇ ਮੋਟਾ ਹੁੰਦਾ ਹੈ। ਇਸ ਨੂੰ ਖੁੱਲੇ ਮੈਦਾਨ ਵਿਚ ਪਾਥੀਆਂ ਦੀ ਅੱਗ ਵਿਚ ਪਕਾਇਆ ਜਾਂਦਾ ਹੈ। ਇਸ ਨੂੰ ਭੋਗ ਲਗਵਾਉਣ ਉਪੰਰਤ ਨੂੰ ਭੋਗ ਸਰਧਾਲੂਆਂ ਵਿਚ ਵੰਡਿਆ ਜਾਂਦਾ ਹੈ। ਰੋਟ ਸੁਖਣ ਨਾਲ ਮਨੋ ਕਾਮਨਾ ਪੂਰੀ ਹੁੰਦੀ ਹੈ।

“ਜੇ ਕੁੜੀਏ ਤੇਰਾ ਵਿਆਹ ਨਹੀਂ ਹੁੰਦਾ

ਸੁਖ ਬਾਬੇ ਦਾ ਰੋਟ ਕੁੜੇ

ਤੇਰਾ ਹੋ ਜਾਵੇ ਕੰਮ ਲੋਟ ਕੁੜੇ[5]

5 ਮੋਠ ਬਾਜਰੇ ਦੀ ਖਿਚੜੀ[ਸੋਧੋ]

ਮੋਠ ਤੇ ਬਾਜਰਾ ਪੰਜਾਬ ਦੇ ਮਾਲਵੇ ਖੇਤਰ ਦੀ ਪੈਦਾਵਾਰ ਹਨ ਮੋਠ ਬਾਜਰੇ ਦੀ ਖਿਚੜੀ ਕਗਰੀ ਤੇ ਸੁਆਦਲੀ ਹੁੰਦੀ ਹੈ। ਮੋਠਾਂ ਦੀ ਤਾਸੀਰ ਗਰਮ ਹੁੰਦੀ ਹੈ। ਮੋਠ ਅਤੇ ਬਾਜਰਾ ਵਾਲੇ ਸ਼ਖਸ਼ ਨੂੰ ਠੰਡ ਲੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੁਰਾਣੇ ਸਮੇਂ ਵਿਚ ਦੁਪਹਿਰੇ ਹੀ ਤੌੜੀ ਵਿਚ ਮੋਠ ਬਾਜਰੇ ਦੀ ਖਿਚੜੀ ਰੱਖ ਦਿੰਦੀਆਂ ਸਨ ਤੇ ਸ਼ਾਮ ਨੂੰ ਖੱਟੀ ਲੱਸੀ, ਘਿਉ ਜਾਂ ਦੁੱਧ ਪਾ ਕੇ ਉਹ ਖਾ ਲਈ ਜਾਂਦੀ ਸੀ। ਰਾਜਸਥਾਨੀ ਲੋਕਾਂ ਦਾ ਗੀਤ ਹੈ-

“ਬਾਜਰੀ ਕਹੇ ਮੈਂ ਬੜਾ ਅਲਬੇਲਾ ਦੋ ਮੂਸਲ ਸੇ ਲੜੂੰ ਅਕੇਲਾ ਜੇ ਮੇਰੀ ਨਾਜੂ ਖੀਚੜ ਖਾਏ ਫੂਲ ਫਾਲ ਕੋਠੀ ਹੋ ਜਾਵੇ।”

6 ਭੁੱਗਾ[ਸੋਧੋ]

ਭੁੱਗਾ ਤਿਲਾਂ ਨੂੰ ਕਿਹਾ ਜਾਂਦਾ ਹੈ। ਗੁੜ ਤੇ ਤਿਲ ਕੁੱਟ ਬਣਾਈ ਚੂਰੀ ਜਿਹੀ ਭੁੱਗਾ ਅਖਵਾਉਂਦਾ ਹੈ। ਭੁੱਗੇ ਦੀਆਂ ਪਿੰਨੀਆਂ ਵੀ ਤਿਆਰ ਹੋਈਆਂ ਮਿਲਦੀਆਂ ਹਨ। ਇਸ ਵਿਚ ਖੋਇਆ, ਚਾਵਲ ਦਾ ਆਟਾ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਭੁੱਗਾ ਕੱਕਰੀ ਸਿਆਲ ਦੀ ਰੁੱਤੇ ਖਾਧਾ ਜਾਂਦਾ ਹੈ।

7 ਹੋਲਾਂ[ਸੋਧੋ]

ਅੱਜ ਦੀ ਪੀੜ੍ਹੀ ਨਾ ਹੋਲਾਂ ਬਾਰੇ ਜਾਣਦੀ ਹੈ ਅਤੇ ਨਾ ਹੀ ਹੋਲਾਂ ਬਣੀਆ ਦੇਖੀਆ ਹੋਣਗੀਆ?  ਘਾਹ ਫੂਸ, ਛਿਟੀਆਂ ਦੀ ਅੱਗਾਂ ਤੇ ਛੋਲਿਆਂ ਦੇ ਛੋਲੂਏ ਵਾਲੇ ਬੂਟਿਆਂ ਨੂੰ ਰੱਖ ਕੇ, ਭੁੰਨੇ ਗਏ ਛੋਲਿਆਂ ਦੀਆਂ ਰਹੀਆ ਟਾਂਟਾ ਨੂੰ ਹੋਲਾਂ ਕਿਹਾ ਜਾਂਦੀ ਸੀ।

“ਕਿਹੜੇ ਯਾਰ ਨੇ ਚਬਾਈਆਂ ਹੋਲਾ ਬੁੱਲੀਆ ਨੂੰ ਸੁਆਹ ਲੱਗਗੀ।” [6]

8 ਬਾਜਰੇ ਜਾਂ ਕਣਕ ਦੀ ਬਕਲੀਆਂ[ਸੋਧੋ]

ਬਾਜਰਾ ਜਾਂ ਕਣਕ ਉਬਾਲ ਕੇ ਵਿਚ ਗੁੜ ਜਾਂ ਸ਼ੱਕਰ ਪਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਗੀਤਾਂ ਸਮੇਂ ਆਈਆਂ ਕੁੜੀਆਂ ਨੂੰ ਜਾਂ ਹੋਰ ਸ਼ਗਨਾਂ ਦੇ ਮੌਕੇ ਪ੍ਰਯੋਗ ਹੋਣ ਵਾਲਾ ਭੋਜਨ ਹੈ।

9 ਪਰੋਸਾ / ਗਦੌੜਾ / ਸ਼ੀਰਨੀ[ਸੋਧੋ]

ਜਦੋਂ ਵਿਆਹ ਦੇ ਸਮੇਂ ਰਿੰਨੇ ਫਿੱਕੇ ਚਾਵਲ ਵੰਡੇ ਜਾਂਦੇ ਹਨ ਤੇ ਉਨ੍ਹਾਂ ਉੱਤੇ ਥੋੜ੍ਹੀ ਸ਼ੱਕਰ ਦਾ ਛਿੱਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਪਰੋਸਾ ਆਖਦੇ ਹਨ। ਜਦੋਂ ਕਿਸੇ ਬਜ਼ੁਰਗ ਇਸਤਰੀ ਪੁਰਸ਼ ਦੇ ਲੰਮੀ ਉਮਰ ਭੋਗਣ ਤੇ ਦੇਹਾਂਤ ਹੁੰਦਾ ਹੈ। ਤਾਂ ਉਸ ਦੀ ਅੰਤਮ ਅਰਦਾਸ   ਉਪਰੰਤ ਲੱਡੂ, ਜਲੇਬੀਆਂ ਜਾਂ ਹੋਰ ਪਦਾਰਥਾਂ ਜੀਅ ਪਤੇ ਵੰਡੇ ਜਾਂਦੇ ਹਨ। ਉਸ ਨੂੰ ਗਦੌੜਾ ਕਿਹਾ ਜਾਂਦਾ ਹੈ।

ਜਦੋਂ ਵਿਆਹ ਉਪੰਰਤ ਮਿਠਾਈ ਗਲੀ ਗੁਆਂਢ ਜਾਂ ਸਰੀਕੇ ਕਬੀਲੇ ਵਿਚ ਵੰਡੀ ਜਾਂਦੀ ਹੈ ਤਾਂ ਉਹ ਸ਼ੀਰਨੀ ਹੁੰਦੀ ਹੈ।

10 ਭੂਤ ਪਿੰਨੇ[ਸੋਧੋ]

ਹਰ ਅਨਾਜ ਦੇ ਭੂਤ ਪਿੰਨੇ ਬਣਾਉਣ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਸੀ। ਗੁੜ ਨੂੰ ਥੋੜ੍ਹਾ ਥੋੜ੍ਹਾ ਤੋੜ ਕੇ ਵਿਚ ਪਾਣੀ ਪਾ ਕੇ ਚੁੱਲ੍ਹੇ ਉਪਰ ਰੱਖ ਕੇ ਚਾਹੁਣੀ ਬਣਾਈ ਜਾਂਦੀ ਸੀ। ਮੱਕੀ ਦੇ ਭੂਤ ਪਿੰਨੇ ਬਣਾਉਣ ਲਈ, ਸੁੱਕੀ ਮੱਕੀ ਦੇ ਦਾਣਿਆਂ ਨੂੰ ਭੱਠੀ ਤੇ ਭੁਲਾਇਆ ਜਾਂਦਾ ਸੀ। ਸੁੱਕੀ ਮੱਕੀ ਹੋਣ ਕਰਕੇ ਸਾਰੇ ਦਾਣਿਆਂ ਦੀਆਂ ਖਿਲਾਂ ਬਣ ਜਾਂਦੀਆਂ ਸਨ। ਇਨ੍ਹਾਂ ਤੱਤੀਆਂ ਤੱਤੀਆਂ ਖਿਲਾਂ ਨੂੰ ਗੁੜ ਦੀ ਚਾਹਣੀ ਵਿਚ ਸਿੱਟ ਕੇ ਗੂੜਾ ਰਲਾ ਲਿਆ ਜਾਂਦਾ ਸੀ। ਫੇਰ ਗੂੜ ਰਲੀਆ ਖਿਲਾਂ ਦੀਆਂ ਹੱਥਾਂ ਨਾਲ  ਛੋਟੀਆਂ-ਛੋਟੀਆਂ ਪਿੰਨੀਆਂ ਵੱਟ ਲੈਂਦੇ ਸਨ। ਕਈ ਦਿਨ ਖਾਂਦੇ ਰਹਿੰਦੇ ਸਨ। ਇਸੇ ਵਿਧੀ ਅਨੁਸਾਰ ਜੁਆਰ, ਬਾਜਰਾ ਅਤੇ ਕਣਕ ਦੇ ਭੂਤ ਪਿੰਨੇ ਬਣਾਏ ਜਾਂਦੇ ਸਨ।

ਲੋਕ ਪਕਵਾਨਾਂ ਦੀ ਇਸ ਲੜੀ ਵਿਚ ਪੰਜਾਰੀ ਸੂਤ ਜਾਂ ਸ਼ੱਕਰ ਦੇ ਲੱਡੂ, ਪਲਾਅ, ਜੱਗ ਦੇ ਚੌਲ, ਲੋਹੜੀ ਦੇ ਗੱਚਕ, ਮਰੂੰਡੇ, ਪਾਣੀ ਹੱਥੀ ਰੋਟੀ ਸਰ੍ਹੋਂ ਦਾ ਸਾਗ ਸ਼ਾਮਿਲ ਹੁੰਦੀ ਹੈ। ਅਸਲ ਵਿਚ ਉਹ ਹਰ ਤਰ੍ਹਾਂ ਦਾ ਭੋਜਨ ਪਕਵਾਨ ਹੈ ਜਿਹੜਾ ਰਵਾਇਤੀ ਢੰਗ ਨਾਲ ਤਿਆਰ ਹੁੰਦਾ ਹੈ। ਜਿਸ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ ਤੇ ਜਿਸ ਨਾਲ ਲੋਕ-ਭਾਵਨਾ ਕਿਸੇ ਮਨੋਰਥ ਦੀ ਪੂਰਤੀ ਕਾਰਨ ਜੁੜੀ ਹੋਈ ਹੈ। ਕੇਵਲ ਲੋਕ ਭਾਵਨਾ ਨਾਲ ਜੁੜੇ ਲੋਕ ਵਿਧੀ ਨਾਲ  ਤਿਆਰ ਹੋਏ ਭੋਜਨ ਨੂੰ ਹੀ ਲੋਕ ਪਕਵਾਨ ਮੰਨਣਾ ਚਾਹੀਦਾ ਹੈ।

11 ਗੋਈ[ਸੋਧੋ]

ਗੋਈ ਜਾਂ 'ਲਾਵਸੀ' ਕੜਾਹ ਪ੍ਰਸਾਦਿ ਦੀ ਹੀ ਵੰਨਗੀ ਹੈ। ਇਸ ਨੂੰ ਚੀਨੀ ਜਾਂ ਗੁੜ ਕਿਸੇ ਵੀ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ।[7] ਜਦੋਂ ਇਸ ਨੂੰ ਕੜਾਹ ਪ੍ਰਸਾਦਿ ਬਣਾਇਆ ਜਾਂਦਾ ਤਾਂ ਇਸ ਨਾਲ ਧਾਰਮਿਕ ਭਾਵਨਾ ਜੁੜ ਜਾਂਦੀ ਹੈ। ਇਹ ਬਿਮਾਰ ਵਿਅਕਤੀ ਲਈ ਵੀ ਖਾਣ ਨੂੰ ਦਿੱਤਾ ਜਾਂਦਾ ਹੈ।

  1. ਸ਼ਰਮਾ, ਡਾ.ਗੁਰਦੀਪ ਕੁਮਾਰ (2011). ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. pp. ਪੰਨਾ 203. 
  2. ਜੋਸ਼ੀ, ਡਾ.ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. ਪੰਨਾ 376. 
  3. ਕਹਿਲ, ਹਰਕੇਸ਼ ਸਿੰਘ (2009). ਅਲੋਪ ਹੋ ਰਿਹਾ ਪੰਜਾਬੀ ਵਿਰਸਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. pp. ਪੰਨਾ ਨੰ 217–218. 
  4. ਕਹਿਲ, ਹਰਕੇਸ਼ ਸਿੰਘ (2009). ਅਲੇਪ ਹੋ ਰਿਹਾ ਪੰਜਾਬੀ ਵਿਰਸਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. pp. ਪੰਨਾ 215, 216. 
  5. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. ਪੰਨਾ 384. 
  6. ਕਹਿਲ, ਹਰਕੇਸ਼ ਸਿੰਘ (2009). ਅਲੋਪ ਹੋ ਰਿਹਾ ਪੰਜਾਬੀ ਵਿਰਸਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. pp. ਪੰਨਾ 220. 
  7. ਜੋਸ਼ੀ, ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 384.