ਲੋਕ ਪੂਜਾ ਵਿਧੀਆਂ
ਲੋਕ ਪੂਜਾ ਵਿਧੀਆਂ
[ਸੋਧੋ]‘ਪੂਜਾ’ ਸ਼ਬਦ ਨਾਂਵ ਹੈ ਜੋ ਸੰਸਕ੍ਰਿਤ ਦੇ ‘ਪੂਜ’ ਧਾਤੂ ਤੋਂ ਵਿਉਂਤਪੱਤ ਹੈ ਅਰਥਾਤ ਆਦਰ ਕਰਨ ਤੇ ਪੂਜਨ ਦੀ ਕਿਰਿਆ ਨੂੰ ਪੂਜਾ ਆਖਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਪੂਜਾ’ ਸ਼ਬਦ ਦੀ ਵਰਤੋਂ ਬਹੁਤ ਥਾਵਾਂ ਤੇ ਹੋਈ ਹੈ । “ਭਾਰਤੀ ਸਭਿਆਚਾਰ ਮੂਲ ਰੂਪ ਵਿੱਚ ਅਧਿਆਤਮਕ ਰੰਗਤ ਵਾਲ਼ਾ ਹੈ । ਇੱਥੇ ਤੇਤੀ ਕਰੋੜ ਦੇਵੀ ਦੇਵਤੇ ਹੋਏ ਮੰਨੇ ਜਾਂਦੇ ਹਨ । ਚੇਤਨਾ ਦੇ ਮੁੱਢਲੇ ਪੜਾ ਤੋਂ ਅੱਜ ਤਕ ਮਨੁੱਖ ਇਹਨਾਂ ਦੀ ਵਾਸਤਵਿਕ ਹੋਂਦ ਮੰਨਦਾ ਤੇ ਇਹਨਾਂ ਨੂੰ ਪ੍ਰਸੰਨ ਕਰਨ ਦੇ ਢੰਗ ਤਰੀਕੇ ਅਪਣਾਉਂਦਾ ਰਿਹਾ ਹੈ । ਸੰਖ ਵਜਾ ਕੇ , ਟੱਲੀਆਂ ਖੜਕਾ ਕੇ , ਢੋਲਕੀ ਛੈਣੇ ਤੇ ਖੜਤਾਲਾਂ ਵਜਾ ਕੇ ਆਪਣੇ ਆਪਣੇ ਇਸ਼ਟ ਦੇਵ ਦੀ ਪੂਜਾ ਕੀਤੀ ਜਾਂਦੀ ਹੈ । ਡੰਡੌਤ ਕਰਨਾ , ਚੌਂਕੀ ਭਰਨਾ , ਬਲੀ ਜਾਂ ਭੇਟ ਚੜਾਉਣਾ , ਸੁੱਖਣਾ ਦੇਣਾ , ਮੱਥਾ ਟੇਕਣਾ ਜਾਂ ਮਿੱਟੀ ਕੱਢਣਾ ਆਦਿ ਸਾਰੀਆਂ ਹੀ ਪੂਜਾ ਵਿਧੀਆਂ ਹਨ । ਲੋਕ ਧਰਮ ਪੂਜਾ ਵਿਧੀਆਂ ਲਗਭਗ ਇੱਕੋ ਜਿਹੇ ਪੈਟਰਨ ਤੇ ਹੁੰਦੀਆਂ ਹਨ । ਪਰ ਸੰਸਥਾਈ ਧਰਮ ਵਿਖੇ ਇਹਨਾਂ ਦਾ ਕਾਰਜ ਵੱਖਰਾ ਹੁੰਦਾ ਹੈ ।“ ਪਰਿਭਾਸ਼ਾ : ਡਾ. ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ , “ ਇਸ ਵਿੱਚ ਨਰਕ ਸਵਰਗ ਅਤੇ ਚੁਰਾਸੀ ਲੱਖ ਜੂਨਾਂ ਵਿੱਚ ਵਿਸ਼ਵਾਸ , ਦੇਵੀ ਦੇਵਤਿਆਂ ਦੀ ਪੂਜਾ , ਸੁੱਖਣਾ , ਮੰਨਤ , ਚੜਾਵਾ , ਵਰਤ , ਤੀਰਥ ਯਾਤਰਾ , ਇਸ਼ਨਾਨ , ਸੂਰਜ ਅਤੇ ਚੰਦ ਗ੍ਰਹਿਣ ਬਾਰੇ ਵਿਸ਼ਵਾਸ , ਪੂਜਾ ਪਾਠ , ਜੰਤਰ ਮੰਤਰ , ਸਰਾਧ , ਸ਼ਗਨ , ਅਪਸ਼ਗਨ ਆਦਿ ਵਿਸ਼ੇ ਆਉਂਦੇ ਹਨ । ” ਪੰਜਾਬੀ ਲੋਕ ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਅਤੇ ਹੋਰ ਪਰਾ-ਸਰੀਰਕ ਸਕਤੀਆਂ ਦੀ ਪੂਜਾ ਕੀਤੀ ਜਾਂਦੀ ਹੈ । ਹਰ ਆਏ ਦਿਨ ਸੰਤਾਂ , ਪੀਰਾਂ , ਫ਼ਕੀਰਾਂ ਦੇ ਨਾਵਾਂ ਨਾਲ਼ ਕਰਾਮਾਤੀ ਸਾਖੀਆਂ ਜੋੜ ਕੇ ਅਨੇਕਾਂ ਹੋਰ ਧਾਰਮਿਕ ਸਥਾਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ । ਲੋਕਾਂ ਵਿੱਚ ਧਾਰਮਿਕ ਅੰਧ ਵਿਸ਼ਵਾਸ ਘਰ ਕਰ ਗਿਆ ਹੈ ਕਿ ਉਹ ਮੁਸੀਬਤਾਂ ਵਿੱਚੋਂ ਤਾਂ ਹੀ ਬਚ ਸਕਦੇ ਹਨ ਜੇਕਰ ਉਹ ਇਹਨਾਂ ਦੀ ਪੂਜਾ ਜਾਂ ਮੰਨਤ ਆਦਿ ਮੰਨਣਗੇ । ਲੋਕ ਪੂਜਾ ਵਿਧੀਆਂ :
ਆਰਤੀ
[ਸੋਧੋ]ਆਰਤੀ ਇੱਕ ਧਾਰਮਿਕ ਰਸਮ ਹੈ । ਜਿਸ ਵਿੱਚ ਕਿਸੇ ਦੇਵੀ ਦੇਵਤੇ ਦੇ ਮੂਰਤੀ ਅੱਗੇ ਥਾਲ਼ ਵਿੱਚ ਦੀਵੇ ਰੱਖ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਜਗਾ ਕੇ ਉਹ ਥਾਲ਼ ਉਸ ਅੱਗੇ ਘੁਮਾਇਆ ਜਾਂਦਾ ਹੈ ਅਤੇ ਉਸ ਦੇਵੀ ਦੇਵਤੇ ਜਾਂ ਇਸ਼ਟ ਦੀ ਅਰਾਧਨਾ ਕੀਤਾ ਜਾਂਦੀ ਹੈ । ਗੁਰੂ ਨਾਨਕ , ਭਗਤ ਕਬੀਰ , ਨਾਮਦੇਵ , ਭਗਤ ਰਵੀਦਾਸ ਆਦਿ ਨੇ ਇਸ ਰਸਮ ਦਾ ਖੰਡਨ ਕੀਤਾ ਹੈ । ਅਤੇ ਇਸ ਸੰਬੰਧੀ ਉਹਨਾਂ ਤੇ ਸ਼ਬਦ ਉਸਾਰੇ ਹਨ । ਪਰ ਲੋਕ ਮਨ ਨੂੰ ਬਦਲਣ ਵਿੱਚ ਉਹ ਵੀ ਅਸਫ਼ਲ ਰਹੇ ਹਨ ।
ਮੂਰਤੀ ਪੂਜਾ
[ਸੋਧੋ]ਲੋਕ ਮਾਨਸ ਦਾ ਇਹ ਵਿਸ਼ਵਾਸ ਬਣ ਚੁੱਕਾ ਹੈ ਕਿ ਕਿਸੇ ਦੇਵੀ ਦੇਵਤੇ ਜਾਂ ਪੀਰ ਫ਼ਕੀਰ ਦੀ ਪੂਜਾ ਤਾਂ ਹੀ ਠੀਕ ਹੋ ਸਕਦੀ ਹੈ ਜੇਕਰ ਉਸਦੀ ਮੂਰਤੀ ਬਣਾ ਕੇ ਪੂਜਾ ਕੀਤੀ ਜਾਵੇ । ਇਹਨਾਂ ਦੇ ਅਨੁਆਈ ਉਹਨਾਂ ਦੀਆਂ ਮੂਰਤੀਆਂ ਬਣਾਉਂਦੇ ਹਨ । ਉਹਨਾਂ ਅੱਗੇ ਧੂਪ ਜਾਂ ਧੂਫ ਜਗਾਏ ਜਾਂਦੇ ਹਨ । ਦੁੱਧ ਨਾਲ਼ ਇਸ਼ਨਾਨ ਕਰਾਏ ਜਾਂਦੇ ਹਨ । ਉਹਨਾਂ ਦੇ ਖਾਣ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ ਧਰੇ ਜਾਂਦੇ ਹਨ ਤਾਂ ਜੋ ਸੰਬੰਧਿਤ ਦੇਵੀ ਦੇਵਤਾ ਖ਼ੁਸ਼ ਹੋ ਕੇ ਉਹਨਾਂ ਦਾ ਕਾਰਜ ਸਿੱਧ ਕਰ ਦੇਵੇ । ਮੂਰਤੀ ਦਾ ਪੂਜਾ ਦਾ ਖੰਡਨ ਕੀਤਾ ਸ੍ਰੀ ਗੁਰੂ ਨਾਨਕ ਦੇਵ , ਭਗਤ ਕਬੀਰ , ਭਗਤ ਰਵੀਦਾਸ ਆਦਿ ਜੀ ਨੇ । ਲੋਕ ਮਾਨਸ ਦਾ ਮੂਰਤੀ ਪੂਜਾ ਪ੍ਰਤੀ ਜੋ ਵਿਸ਼ਵਾਸ ਜਾਂ ਸ਼ਰਧਾ ਹੈ ਉਸ ਵਿੱਚ ਸਮੇਂ ਦੀ ਤਬਦੀਲੀ ਨਾਲ਼ ਕੋਈ ਬਹੁਤਾ ਫ਼ਰਕ ਨਹੀਂ ਆਇਆ ਹੈ । ਅੱਜ ਵੀ ਲੋਕ ਫੋਟੋਆਂ ਅੱਗੇ ਮੱਥੇ ਟੇਕਦੇ ਹਨ ਅਤੇ ਪੂਜਾ ਕਰਦੇ ਹਨ ।
ਮੜੀ ਮਸਾਣ ਦੀ ਪੂਜਾ
[ਸੋਧੋ]ਵੱਡੇ ਦੇਵੀ ਦੇਵਤੇ ਦਾ ਮੰਦਰ ਜਾਂ ਮੂਰਤੀ ਤਾਂ ਕਿਸੇ ਵੱਡੇ ਪਿੰਡ ਵਿੱਚ ਹੋਵੇਗੀ ਪਰ ਸਥਾਨਕ ਦੇਵੀ ਦੇਵਤਿਆਂ ਦੀਆਂ ਮੜੀਆਂ , ਮਟੀਲੇ ਤੇ ਭੌਣ ਹਰ ਪਿੰਡ ਵਿੱਚ ਵੇਖੇ ਜਾ ਸਕਦੇ ਹਨ । ਇਹ ਮੜੀਆਂ ਦੋ ਕੁ ਹੱਥ ਉੱਚੀਆਂ ਇੱਟਾਂ ਦੀਆਂ ਬਣੀਆਂ ਹੁੰਦੀਆਂ ਹਨ । ਉੱਪਰ ਕਲੀ ਫੇਰੀ ਹੋਈ ਹੁੰਦੀ ਹੈ , ਉੱਪਰ ਅੰਡੇਦਾਰ ਗੋਲ਼ਾਈ ਬਣੀ ਹੁੰਦੀ ਹੈ । ਇਹਨਾਂ ਵਿੱਚ ਕੋਈ ਮੂਰਤੀ ਨਹੀਂ ਹੁੰਦੀ ਹੈ ਸਿਰਫ ਦੀਵਾ ਜਗਾਣ ਜਿੰਨੀ ਥੋੜੀ ਜਿਹੀ ਜਗਾ ਹੁੰਦੀ ਹੈ । ਇਹ ਸਥਾਨਕ ਦੇਵੀ ਦੇਵਤੇ ਕਈ ਤਰ੍ਹਾਂ ਦੇ ਹੁੰਦੇ ਹਨ । ਇੱਕ ਤਾਂ ਉਹ ਹਨ ਜਿਹਨਾਂ ਨੂੰ ਖ਼ੁਸ਼ ਕਰਨ ਨਾਲ਼ ਖੇਤਾਂ ਦੀ ਪੌਦਾਵਾਰ ਵੱਧਦੀ ਹੈ । ਕੁੱਝ ਕੁ ਦੇਵੀ ਦੇਵਤੇ ਬੱਚਿਆਂ ਆਦਿ ਨੂੰ ਰੋਗਾਂ ਤੋਂ ਬਚਾਉਂਦੇ ਹਨ ।
ਗ੍ਰਹਿਆਂ ਦੀ ਪੂਜਾ
[ਸੋਧੋ]ਜਨ ਜੀਵਨ ਵਿੱਚ ਸੂਰਜ ਚੰਦਰਮਾ ਅਤੇ ਧਰਤੀ ਆਦਿ ਹੋਰ ਗ੍ਰਹਿਆਂ ਦੀ ਪੂਜਾ ਆਦਿ ਕਾਲ ਤੋਂ ਹੀ ਕੀਤੀ ਜਾ ਰਹੀ ਹੈ । ਸੂਰਜ ਅਤੇ ਚੰਦ ਦੀ ਗ੍ਰਹਿਣ ਲੱਗਣ ਕਰਕੇ ਪੂਜਾ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਮੰਗਲ , ਸ਼ੁੱਕਰ , ਬੁੱਧ , ਬ੍ਰਹਿਸਪਤੀ , ਸ਼ਨੀ , ਰਾਹੁ ਕੇਤੂ ਗ੍ਰਹਿਆਂ ਦੀ ਪੂਜਾ ਖ਼ਾਸ ਮੌਕਿਆਂ ਤੇ ਵਿਧੀ ਪੂਰਵਕ ਕੀਤੀ ਜਾਂਦੀ ਹੈ ।
ਸ਼ੀਤਲਾ ਦੇਵੀ ਦੀ ਪੂਜਾ
[ਸੋਧੋ]ਪੰਜਾਬ ਵਿੱਚ ਸਭ ਤੋਂ ਭੈ ਦਾਇਕ ਦੇਵੀ ਸ਼ੀਤਲਾ ਮਾਈ ਹੈ , ਜਿਸਨੂੰ ਮਾਤਾ ਵੀ ਕਹਿੰਦੇ ਹਨ । ਇਹੋ ਦੇਵੀ ਬੱਚਿਆਂ ਵਿੱਚ ਰੋਗ ਫੈਲਾਂਦੀ ਹੈ । ਜਦੋਂ ਕਿਸੇ ਬੱਚੇ ਨੂੰ ਚੇਚਕ ਦੇ ਦਾਣੇ ਨਿਕਲਦੇ ਹਨ ਤਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਰੋਗੀ ਵਿੱਚ ਪ੍ਰਵੇਸ਼ ਕਰ ਗਈ ਹੈ । ਬਿਮਾਰੀ ਦੇ ਦਿਨਾਂ ਵਿੱਚ ਕੋਈ ਅਜਿਹਾ ਕੰਮ ਨਹੀਂ ਕੀਤਾ ਜਾਂਦਾ ਜਿਸ ਨਾਲ਼ ਉਹ ਨਾਰਾਜ਼ ਹੋ ਜਾਵੇ । ਜਿਵੇਂ ਰੋਗੀ ਉੱਪਰ ਕਾਲ਼ਾ ਕੱਪੜਾ ਨਹੀਂ ਦਿੱਤਾ ਜਾਂਦਾ , ਘਰ ਵਿੱਚ ਲਸਣ , ਪਿਆਜ਼ , ਸ਼ਰਾਬ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ । ਉਸ ਨੂੰ ਖ਼ੁਸ਼ ਰੱਖਣ ਲਈ ਉਸਦੇ ਵਾਹਣ ਖੋਤੇ ਨੂੰ ਗੁਲਗੁਲੇ ਖਵਾਏ ਜਾਂਦੇ ਹਨ ।
ਦੁਆਦਸ਼ ਸਿਲਾ
[ਸੋਧੋ]ਸ਼ਿਵ ਦੇ ਬਾਰਾਂ ਜੋਤਿ ਲਿੰਗ ਅਥਵਾ ਪੱਥਰ ਦੀਆਂ ਬਣੀਆਂ ਮੂਰਤੀਆਂ ਜਿਹਨਾਂ ਦਾ ਵਰਣਨ ਵੱਖ-ਵੱਖ ਰੂਪਾਂ ਵਿੱਚ ਕੀਤਾ ਜਾਂਦਾ ਹੈ , ਦੁਆਦਾਸ਼ ਸਿਲਾ ਅਖਵਾਉਂਦਾ ਹੈ । ਇਸਦੇ ਭਗਤ ਇਹਨਾਂ ਦੀ ਪੂਜਾ ਕਰਕੇ ਮਨ ਇੱਛਤ ਫਲ ਪ੍ਰਾਪਤ ਕਰਨ ਦੀ ਅਭਿਲਾਸ਼ਾ ਰੱਖਦੇ ਹਨ ।
ਗੁੱਗਾ ਪੀਰ ਦੀ ਪੂਜਾ
[ਸੋਧੋ]ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ । ਗੁੱਗੇ ਨੌਂਵੀ ਦਿਨ ਉਹ ਗੁੱਗੇ ਦੇ ਝੰਡੇ ਨੂੰ , ਜੋ ਰੰਗ ਬਰੰਗੀਆਂ ਟਾਕੀਆਂ , ਮੋਰ ਪੰਖਾਂ , ਨਾਰੀਅਲਾਂ ਤੇ ਕੌਡਾਂ ਨਾਲ਼ ਸ਼ਿੰਗਾਰਿਆ ਹੁੰਦਾ ਹੈ । ਇਸਤਰੀਆਂ ਗੁੱਗੇ ਨੂੰ ਖ਼ੁਸ਼ ਕਰਨ ਲਈ ਸੱਪਾਂ ਦੀਆਂ ਬਰਮੀਆਂ ਤੇ ਸੇਵੀਆਂ ਅਤੇ ਦੁੱਧ ਪਾਉਂਦੀਆਂ ਹਨ ਤਾਂ ਜੋ ਗੁੱਗਾ ਮਿਹਰ ਦੀ ਨਜ਼ਰ ਰੱਖੇ । ਛਪਾਰ ਵਿੱਚ ਇਸ ਦਿਨ ਵੱਡਾ ਮੇਲਾ ਲਗਦਾ ਹੈ । ਜਿੱਥੇ ਗੁੱਗੇ ਦੀ ਮੜੀ ਹੈ ।
ਖ਼ਵਾਜਾ ਖਿਜ਼ਰ ਦੀ ਪੂਜਾ
[ਸੋਧੋ]ਖਵਾਜਾ ਖਿਜ਼ਰ ਪਾਣੀ ਦਾ ਦੇਵਤਾ ਹੈ ਤੇ ਹਿੰਦੂ ਮੁਸਲਮਾਨ ਦੋਵੇਂ ਇਸਨੂੰ ਇੱਕੋ ਸ਼ਰਧਾ ਨਾਲ਼ ਪੂਜਦੇ ਹਨ । ਇਹ ਮੁਸਲਮਾਨਾਂ ਦੇ ਪੰਜਾਂ ਪੀਰਾਂ ਵਿੱਚੋਂ ਮੁਖੀ ਪੀਰ ਹੈ , ਜੋ ਅੰਮ੍ਰਿਤ ਦੇ ਚਸ਼ਮੇ ਵਿੱਚੋਂ ਦੋ ਘੁੱਟ ਪੀ ਕੇ ਸਦਾ ਲਈ ਅਮਰ ਤੇ ਅਜ਼ਰ ਹੋ ਗਿਆ . ਘਰ ਵਿੱਚ ਖੂਹ ਪੁੱਟਣ ਸਮੇਂ , ਟਿਊਬਵੈਲ , ਨਲਕਾ ਲਾਉਣ ਸਮੇਂ ਇਸਦੀ ਪੂਜਾ ਕੀਤੀ ਜਾਂਦੀ ਹੈ ।
ਧਰਤੀ ਦੇਵੀ ਦੀ ਪੂਜਾ
[ਸੋਧੋ]ਪੰਜਾਬੀਆਂ ਦਾ ਧਰਤੀ ਨਾਲ਼ ਅਥਾਹ ਪਿਆਰ ਹੈ । ਇਹ ਉਹਨਾਂ ਵਾਸਤੇ ਅੰਨਦਾਤੀ ਹੈ । ਉਹ ਧਰਤੀ ਨੂੰ ਮਾਂ ਵਾਂਗ ਪੂਜਦੇ ਹਨ । ਧਰਤੀ ਮਾਤਾ ਨੂੰ ‘ਧਰਤੀ ਮਾਤਾ’ ਵੀ ਕਿਹਾ ਜਾਂਦਾ ਹੈ । ਇਸਦੀ ਮੜੀ ਜਾਂ ਮੂਰਤੀ ਨਹੀਂ ਬਣਾਈ ਜਾਂਦੀ ਕਿਉਂਕਿ ਇਹ ਭੂਮੀ ਦੇ ਰੂਪ ਵਿੱਚ ਸਰਵ-ਵਿਆਪਕ ਹੈ । ਪਿੰਡ ਦੇ ਲੋਕੀ ਮੱਝ ਚੋਣ ਸਮੇਂ ਕੁੱਝ ਧਾਰਾਂ ਧਰਤੀ ਤੇ ਮਾਰਦੇ ਹਨ । ਫ਼ਸਲ ਦੀ ਵਾਢੀ ਸਮੇਂ ਕੁੱਝ ਕੁੱਝ ਬੂਟੇ ਧਰਤੀ ਦੇਵੀ ਦੀ ਭੇਂਟ ਵਜੋਂ ਛੱਡ ਦਿੰਦੇ ਹਨ ।
ਜਠੇਰਿਆਂ ਦੀ ਪੂਜਾ
[ਸੋਧੋ]ਜਠੇਰਾ ਕਿਸੇ ਖਾਨਦਾਨ ਦਾ ਮੋਢੀ ਹੁੰਦਾ ਹੈ । ਜਿਸਦੀ ਪੂਜਾ ਉਸਦੀ ਸੰਤਾਨ ਕਰਦੀ ਹੈ । ਜਠੇਰਿਆਂ ਦੀ ਪੂਜਾ ਦਾ ਰਿਵਾਜ ਜੱਟਾਂ ਵਿੱਚ ਹੈ । ਇਹ ਪਿਤਰ ਪੂਜਾ ਦਾ ਹੀ ਇੱਕ ਰੂਪ ਹੈ । ਜਠੇਰੇ ਦੀ ਸਮਾਧ , ਪਿੰਡ ਦੀ ਬਾਹਰਲੀ ਹੱਦ ਤੇ ਕਿਸੇ ਜੰਡੀ ਦੇ ਦਰੱਖਤ ਹੇਠਾਂ ਉੱਚੀ ਥੇਹ ਦੀ ਸ਼ਕਲ ਹੁੰਦੀ ਹੈ । ਬੱਚੇ ਦੇ ਜਨਮ , ਵਿਆਹ ਤੇ ਸਮਾਜਿਕ ਰੀਤਾਂ ਰਸਮਾਂ ਵੇਲ਼ੇ ਜਠੇਰਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਦੁੱਧ , ਘਿਉ ਤੇ ਫ਼ਲ਼ ਭੇਂਟ ਕੀਤੇ ਜਾਂਦੇ ਹਨ ।
ਪਿਤਰਾਂ ਦੀ ਪੂਜਾ
[ਸੋਧੋ]ਮੋਏ ਪਿਤਰਾਂ ਨੂੰ ਖ਼ੁਸ਼ ਕਰਨ ਲਈ ਉਸਦੇ ਪਰਿਵਾਰ ਵੱਲੋਂ ਸਰਾਧ ਕੀਤੇ ਜਾਂਦੇ ਹਨ । ਪਰਿਵਾਰ ਵੱਲੋਂ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ ਅਤੇ ਮ੍ਰਿਤਕ ਦੇ ਨਾਂ ਤੇ ਉਸਨੂੰ ਪੁਸ਼ਾਕੀ ਦਿੱਤੀ ਜਾਂਦੀ ਹੈ । ਹੋਰ ਕਈ ਪ੍ਰਕਾਰ ਦੀ ਸਮੱਗਰੀ ਦਿੱਤੀ ਜਾਂਦੀ ਹੈ ।
ਛੋਟੀ ਦੇਵੀ ਦੀ ਪੂਜਾ
[ਸੋਧੋ]ਬੱਚੇ ਦੇ ਜਨਮ ਤੋਂ ਛੇਵੇਂ ਦਿਨ ਛੋਟੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ । ਇਹ ਦੇਵੀ ਚੰਦਰੀਆਂ ਰੂਹਾਂ ਤੇ ਬਦ-ਨਜ਼ਰ ਤੋਂ ਬੱਚੇ ਦੀ ਰੱਖਿਆ ਕਰਦੀ ਹੈ ।
ਸਾਂਝੀ ਦੇਵੀ ਦੀ ਪੂਜਾ
[ਸੋਧੋ]ਨੌਰਾਤਿਆਂ ਦੇ ਦਿਨਾਂ ਵਿੱਚ ਕੁਆਰੀਆਂ ਕੁੜੀਆਂ ਸਾਂਝੀ ਦੇਵੀ ਤੇ ਗੌਰਜਾਂ ਦੀ ਪੂਜਾ ਕਰਦੀਆਂ ਹਨ । ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ । ਮੂਰਤੀ ਨੂੰ ਕਲਾਤਮਕ ਢੰਗ ਨਾਲ ਸਜਾਇਆ ਜਾਂਦਾ ਹੈ । ਉਸਨੂੰ ਫੁੱਲਾਂ , ਮੋਤੀਆਂ ਤੇ ਕੌਡੀਆਂ ਨਾਲ਼ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ । ਇਸਦੀ ਪੂਜਾ ਹਰ ਸ਼ਾਮ ਵੇਲ਼ੇ ਕੀਤੀ ਜਾਂਦੀ ਹੈ ।
ਉਪਰੋਕਤ ਦੇਵੀ ਦੇਵਤਿਆਂ ਤੋਂ ਬਿਨਾਂ ਬਹੁਤ ਸਾਰੇ ਸਥਾਨਕ ਪੀਰਾਂ ਦੇ ਮਜ਼ਾਰਾਂ ਤੇ ਲੋਕੀ ਜਾ ਕੇ ਪੂਜਾ ਕਰਦੇ ਹਨ ਜਿਵੇਂ ਸ਼ਖੀ ਸਰਵਰ , ਹੈਦਰ ਸੇਖ ਆਦਿ ਦੀਆਂ ਮੰਨਤਾਂ –ਮੰਨੀਆਂ ਜਾਂਦੀਆਂ ਹਨ । [1]
- ↑ 1. ਡਾ. ਗੁਰਦੇਵ ਸਿੰਘ , ਮਲਵਈ ਸਭਿਆਚਾਰ ਦੀਆਂ ਝਲਕਾਂ , ਸੰਗਮ ਪਬਲੀਕੇਸ਼ਨਜ , ਸਮਾਣਾ , ਪੰਨਾ 35 । 2. ਪ੍ਰੋ. ਜੀਤ ਸਿੰਘ ਜੋਸ਼ੀ , ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ , ਵਾਰਿਸ ਸ਼ਾਹ ਫ਼ਾਉਂਡੇਸ਼ਨ , ਅੰਮ੍ਰਿਤਸਰ – 143002 , ਪੰਨਾ 76 । 3. ਡਾ. ਕਰਨੈਲ ਸਿੰਘ ਥਿੰਦ , ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ , ਪੰਨਾ 163 । 4. ਬਲਬੀਰ ਸਿੰਘ ਪੂਨੀ , ਲੋਕਧਾਰਾ , ਵਾਰਿਸ ਸ਼ਾਹ ਫ਼ਾਉਂਡੇਸ਼ਨ , ਅੰਮ੍ਰਿਤਸਰ , ਪੰਨਾ 116-117 5. ਓਹੀ ।