ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)
(ੳ ) ਮੌਖਿਕ (ਪ੍ਰਵਚਨ ਮੁੱਖ)
[ਸੋਧੋ]ਲੋਕ ਕਾਵਿ ਦਾ ਇਹ ਰੂਪ ਲਚਕੀਲਾ ਹੁੰਦਾ ਹੈ । ਸਮੂਹਕ ਹੁੰਗਾਰਾ ਵੀ ਵਰਨ ਨੂੰ ਹੀ ਮਿਲਦਾ ਹੈ । ਵਿਅਕਤੀ ਸਮੇਂ ਸਥਿਤੀ ਅਤੇ ਪ੍ਰਸੰਗ ਅਨੁਸਾਰ ਇਸ ਵਿਚ ਥੋੜ੍ਹਾ ਬਹੁਤ ਪਰਿਵਰਤਨ ਕਰ ਸਕਦਾ ਹੈ । ਇਸ ਵਰਗ ਦਾ ਕਈ ਵਾਰ ਤੁਰੰਤ ਪ੍ਰਵਚਨ ਸਿਰਜ ਲਿਆ ਜਾਂਦਾ ਹੈ । ਇਹਨਾਂ ਕਾਵਿ ਰੂਪਾਂ ਵਿਚ ਵਿਅਕਤੀ ਆਪਣੀਆਂ ਭਾਵਨਾਵਾਂ ਅਤੇ ਜਜਬਿਆ ਦਾ ਖੁੱਲਕੇ ਪ੍ਰਗਟਾ ਕਰ ਸਕਦਾ ਹੈ । ਵਿਅਕਤੀ ਕਾਵਿ ਰੂਪ ਨੂੰ ਆਪਣੀਆਂ ' ਭਾਵਨਾਵਾਂ ਦੇ ਅਨੁਕੂਲ ਬਣਾ ਕੇ ਪੇਸ਼ ਕਰਦਾ ਹੈ । ਵਿਅਕਤੀ ਦੀ ਇਸ ਮਰਜ਼ੀ ਨੂੰ ਲੋਕ ਕਾਵਿ ਦੀ ਇਹ ਵੰਨਗੀ ਆਪਣੇ ਵਿਚ ਸਮੇਂ ਲੈਂਦੀ ਹੈ । ਭਾਵ ਨੂੰ ਮੁੱਖ ਰੱਖ ਕੇ ਇਸ ਦੀਆਂ ਵੰਨਗੀਆਂ ਵਿਚ ਨਿਖੇੜਾ ਕੀਤਾ ਜਾ ਸਕਦਾ ਹੈ।[1]
(1)ਕੋਮਲ ਕਾਵਿ
[ਸੋਧੋ]ਇਸ ਕਾਵਿ ਦਾ ਪ੍ਰਯੋਜਨ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਹੈ । ਮਲਵਈ ਬੋਲੀ ਅਤੇ ਟੋਟਾ ਇਸ ਕਾਵਿ ਦੇ ਪ੍ਰਧਾਨ ਰੂਪ ਹਨ । ਇਹ ਕਾਵਿ ਰੂਪ ਗਿੱਧੇ ਭੰਗੜੇ ਨਾਲ ਰਲਕੇ ਹੋਰ ਵੀ ਸਪੱਸ਼ਟ ਰੂਪ ਵਿਚ ਭਾਵਾਂ ਦਾ ਸੰਚਾਲਨ ਕਰਦੇ ਹਨ । ਬੋਲੀ ਦੋ ਤੁਕੀ ਵੀ ਹੋ ਸਕਦੀ ਹੈ, ਵੱਧ ਤੋਂ ਵੱਧ ਅੱਠ ਤੁਕਾਂ ਦੀ । ਇਸ ਤੋਂ ਲੰਮੀਆਂ ਬੋਲੀਆਂ ਪ੍ਰਚਲਤ ਨਹੀਂ ਹਨ । ਇਹ ਬੋਲੀਆ ਛੰਦ ਪ੍ਰਧਾਨ ਹੁੰਦੀਆਂ ਹਨ ਅਤੇ ਇਹਨਾਂ ਵਿਚ ਤਾਲ ਦੀ ਖ਼ਾਸ —ਅਹਿਮੀਅਤ ਹੁੰਦੀ ਹੈ । ਗਿੱਧੇ ਵਿਚ ਤਾਲ ਹੱਥਾਂ ਦੀਆਂ ਤਾੜੀਆਂ ਨਾਲ ਦਿੱਤਾ ਜਾਂਦਾ ਹੈ ਤੇ ਭੰਗੜੇ ਵਿਚ ਢਲ ਕੱਟੇ ਅਤੇ ਛਾਪੇ ਨਾਲ । ਬੋਲੀ ਦੀ ਆਪਣੀ ਤੁਕ ਆਪਣੇ ਭਾਵਾਂ ਸਮੇਤ ਗਿੱਧੇ ਦੇ ਕਰਮ ਨੂੰ ਜਨਮ ਦਿੰਦੀ ਹੈ । ਇਹਨਾਂ ਬੋਲੀਆਂ ਵਿਚ ਮੁੱਖ ਤੌਰ ਤੇ ਪ੍ਰਸੰਨ ਚਿਤ ਦੀਆਂ ਗੱਲਾਂ ਕਹੀਆਂ ਗਈਆਂ ਹੁੰਦੀਆਂ ਹਨ । ਇਹਨਾਂ ਬੋਲੀਆਂ ਵਿਚ ਹੱਸਦੇ ਦੰਦ, ਫਰਕਦੇ ਬੁੱਲ੍ਹ, ਵੱਜਦੀਆਂ ਅੱਡੀਆਂ ਅਤੇ ਡੁੱਲ੍ਹਦੀ ਪ੍ਰਸੰਨਤਾ ਦੀ ਝਲਕ ਦਿਖਾਈ ਪੈਂਦੀ ਹੈ । ਉਹ ਗਿਲੇ ਸ਼ਿਕਵੇ ਅਤੇ ਅਦਾਵਾ ਵੀ ਬੋਲੀ ਵਿਚ ਵਿਅਕਤ ਹੋ ਸਕਦੀਆਂ ਹਨ । ਜਿਹੜੀਆਂ ਖ਼ੁਸ਼ੀ ਦੀ ਅਵਸਥਾ ਦੀ ਉਪਜ ਹੋਣ।[2]
1.ਇੱਕ ਤੁਕੀਆਂ ਬੋਲੀਆਂ
[ਸੋਧੋ]ਦਿਉਰਾ ਤੈਨੂੰ ਧੁਪ ਲੱਗਦੀ, ਮੱਚਦਾ ਕਾਲਜਾ ਮੇਰਾ
ਪੁਛਦਾ ਦਿਉਰ ਖੜਾ, ਤੇਰਾ ਕੀ ਦੁਖਦਾ ਭਰਜਾਈਏ।
ਮੇਰੀ ਬੱਕਰੀ ਚਾਰ ਲਿਆ ਦਿਉਰਾ ਮੈਂ ਨਾ ਤੇਰਾ ਹੱਕ ਰੱਖਦੀ
ਪਿੰਡ ਲੰਘ ਕੇ ਕੰਘਲੀਆਂ ਪਾਈਆਂ ਦਿਉਰ ਭਾਬੀ ਮੇਲੇ ਨੂੰ ਚਲੇ ।
2.ਚਾਰ ਤੁਕੀਆਂ ਬੋਲੀਆਂ:-
[ਸੋਧੋ]ਨੌਕਰ ਨੂੰ ਨਾ ਦਈਂ ਬਾਬਲਾ, ਹਾਲੀ ਪੁੱਤ ਬਥੇਰੇ,
ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ ਵਿਚ ਪਰਦੇਸਾ ਡੇਰੇ
ਨੌਕਰ ਨਾਲੋਂ ਐਵੇਂ ਚੰਗੀ ਦਿਨ ਕੱਟ ਲਊ ਘਰ ਤੇਰੇ
ਮੈਂ ਤੈਨੂੰ ਵਰਜ ਰਹੀ ਦਈਂ ਨਾ ਬਾਬਲਾ ਫੇਰੇ ।
ਜਾਂ
ਬੁੜੀਏ ਸਮਝਾ ਲੈ ਪੁੱਤ ਆਪਣੇ ਨੂੰ ਗਈ ਰਾਤ ਘਰ ਆਵੇ,
ਘਰ ਦੀ ਨਾਰੀ ਬੁਰਛੇ ਵਰਗੀ, ਨਿੱਤ ਝਿਉਰੀ ਦੇ ਜਾਵੇ,
ਘਰ ਦੀ ਸ਼ੱਕਰ ਬੂਰੇ ਵਰਗੀ ਗੁੜ੍ਹ ਚੋਰੀ ਦਾ ਖਾਵੇ,
ਵਰਜਾਂ ਮੈਂ ਤੈਨੂੰ, ਸ਼ਰਮ ਰਤਾ ਨਾ ਆਵੇ ।
3.ਛੇ ਤੁਕੀਆਂ ਬੋਲੀਆਂ
[ਸੋਧੋ]ਛਿੰਦੋ ਮਿੰਦੇ ਉਠ ਗਈਆਂ ਸਹੁਰੀਂ, ਕੀਹਨੂੰ ਹਾਲ ਸੁਣਾਵਾ,
ਬਿਨਾ ਬਸੰਤਰ ਭੁੱਜ ਗਈਆਂ ਹੱਡੀਆਂ, ਚਰਖੇ ਤੰਦ ਨਾ ਪਾਵਾਂ,
ਸਹੁਰੀਂ ਜਾ ਕੇ ਅੰਦਰ ਵੜ ਜਾਂ, ਅੱਗ ਦਾਜ ਨੂੰ ਲਾਵਾਂ,
ਚਿੱਠੀਆਂ ਬਰੰਗ ਭੇਜਦਾ ਕਿਹੜੀ ਛਾਉਣੀ ਲੁਆ ਲਿਆ ਨਾਮਾ,
ਚੜਦੇ ਛਿਪਦੇ ਸੋਚਾਂ ਸੋਚਦੀ, ਗ਼ਮ ਪੀਵਾ ਗ਼ਮ ਖਾਵਾਂ,
ਜਾਂਦਾ ਹੋਇਆ ਦਸ ਨਾ ਗਿਆ ਚਿੱਠੀਆਂ ਕਿੱਧਰ ਨੂੰ ਪਾਵਾਂ।
4.ਅੱਠ ਤੁਕੀਆਂ ਬੋਲੀਆਂ
[ਸੋਧੋ]ਛੜੇ ਛੜੇ ਨਾ ਆਖੋ ਲੋਕੋ, ਛੜੇ ਵਕਤ ਨੂੰ ਫੜੇ ।
ਅੱਧੀ ਰਾਤੀ ਪੀਹਣ ਲੱਗੇ, ਪੰਜ ਸੇਰ ਛੋਲੇ ਦਲੇ ।
ਦਿਲ ਵਾਲ ਕੇ ਛਾਨਣ ਲੱਗੇ, ਆਟਾ ਦੇਹ ਨੂੰ ਲੜੇ ।
ਖਾਣ ਛੂਣ ਕੇ ਠਣ ਲੱਗੇ, ਆਟਾ ਲੇਸ ਨਾ ਛੜੇ ।
ਅੱਗ ਬਾਲਣ ਦੀ ਜਾਂਚ ਨਾ ਆਵੇ, ਦਾੜੀ ਅਗੇ ਸੜੇ।
ਝਾੜ ਝੜ ਕੇ ਰੱਖੀਆਂ ਪੱਕੀਆਂ, ਚਾਰ ਪ੍ਰਾਹੁਣੇ ਖੜੇ ।
ਆਓ ਭਰਾਵੋ ਇਹੋ ਖਾ ਲਓ ਏਹੋ ਅਸਾਥੋਂ ਸਰੇ
ਬਾਝੋਂ ਤੀਵੀਆਂ ਦੇ ਛੜੇ ਰੜੇ ਵਿੱਚ ਮਰੇ
ਇਸ ਤੋਂ ਇਲਾਵਾ ਬੋਲੀ ਲੋੜ ਅਨੁਸਾਰ ਤਿੰਨ ਤੁਕੀ, ਪੰਜ ਤੁਕੀ ਅਤੇ ਸੱਤ ਤੁਕੀ ਵੀ ਹੋ ਸਕਦੀ ਹੈ । ਇਹ ਕੋਈ ਬੰਧਨ ਨਹੀਂ । ਪਰ ਜਿੱਥੋ ਤੱਕ ਸੰਭਵ ਹੋਵੇ ਬੋਲੀ ਵਿਚ ਪ੍ਰਸੰਨ ਚਿਤ ਦੀ ਹੀ ਅਵਿਵਿਅੰਜਨਾ ਹੁੰਦੀ ਹੈ । ਜੇਕਰ ਕਿਤੇ ਗਿਲਾ ਸ਼ਿਕਵਾ ਆਵੇ ਵੀ ਤਾਂ ਉਹ ਖੁਸ਼ੀ ਦੇ ਅੰਤਰਗਤ ਹੋ ਕੇ ਵਿਚਰਦਾ ਹੈ । ਜੇਕਰ ਸ਼ਬਦਾਂ ਵਿਚ ਖੁਸ਼ੀ ਦੀ ਘਾਟ ਹੋਵੇ ਤਾਂ ਨਾਚ ਦਾ ਐਕਸ਼ਨ ਇਸ ਘਾਟ ਦੀ ਪੂਰਤੀ ਕਰ ਦਿੰਦਾ ਹੈ ।
(2) ਨਖ਼ਸ਼ਕ ਕਾਵਿ
[ਸੋਧੋ]ਇਹ ਕਾਵਿ ਰੂਪ ਨਖਸ਼ਕ ਵਰਣਨ ਲਈ ਵਰਤਿਆ ਜਾਂਦਾ ਹੈ । ਇਹ ਕਾਵਿ ਬੋਲੀ ਦੇ ਰੂਪ ਵਿਚ ਹੀ ਮਿਲਦਾ ਹੈ ਅਤੇ ਛੰਦ ਵਿਧਾਨ ਵਿਚ ਵੀ । ਜਦੋਂ ਕਿਸੇ ਜਨਸਧਾਰਨ ਦੇ ਨਖਸਕਾਂ ਦਾ ਵਰਣਨ ਕਰਨਾ ਹੋਵੇ ਤਾਂ ਆਮ ਤੌਰ ਤੇ ਬੋਲੀ ਵਿਚ ਹੀ ਹੁੰਦਾ ਹੈ । ਅਜਿਹਾ ਕਰਦੇ ਸਮੇਂ ਇਹ ਖ਼ੁਸ਼ੀ ਮਨ ਦੀ ਅਭਿਵਿਅੰਜਨਾ ਹੋਣ ਸਦਕਾ ਉਸ ਵੰਨਗੀ ਦਾ ਹੀ ਭਾਗ ਬਣ ਜਾਂਦਾ ਹੈ।
ਸਾਡੇ ਪਿੰਡ ਦੇ ਮੁੰਡ ਸੁਣਲੋ ਹੈਗੇ ਬੜੇ ਇਨਾਮੀ।
ਨਾ ਉਹ ਮਾੜੀ ਬੈਠਕ ਕਰਦੇ, ਨਾ ਖੱਟਦੇ ਬਦਨਾਮੀ ।
ਮੁੰਡਿਆ ਦੇ ਸੋਹਦੀ, ਟਸਰੀ, ਗਲ ਵਿਚ ਕਾਲੀ ਗਾਨੀ
ਹਰੀ ਸ਼ੈਲ ਦਾ ਸੋਹਦਾ ਕੁੜਤਾ, ਧੋਤੀ ਮਛਰਦਾਨੀ ।
ਦੋ ਸਿਰ ਜੁੜਦਿਆਂ ਨੂੰ ਕੋਈ ਚੰਦਰਾ ਮਾਰ ਗਿਆ ਭਾਨੀ ।
ਵਾਰ, ਕਲੀ ਅਤੇ ਭੇਟਾ ਇਸ ਕਾਵਿ ਦੇ ਤਿੰਨ ਹੋਰ ਪ੍ਰਮੁੱਖ ਰੂਪ ਹਨ । ਕਲੀ ਵਿਚ ਟਾਕਰਾ ਵੀ ਕੀਤਾ ਜਾ ਸਕਦਾ ਹੈ। ਹਾਲਾਤ ਦਾ ਬਿਆਨ ਅਤੇ ਮਨ ਦੀ ਸਾਰਥਕ ਅਭਿਵਿਅੰਜਨਾ ਵੀ ਕੀਤੀ ਜਾ ਸਕਦੀ ਹੈ। ਕੁੜੀਆ ਪੰਜ ਚਾਰ ਇੱਕਠੀਆ ਹੋ ਕੇ, ਜੋਗੀ ਪਾਸ ਜਾਂਦੀਆਂ ।
ਪਹਿਲੀ ਕਹਿੰਦੀ ਮੈਂ ਤਾਂ ਵਿਆਹ ਲਈ ਰੰਗ ਦੇ ਕਾਲੇ ਨੇ,
ਖੋਟੀਆ ਲਿਖੀਆ ਬਾਬਾ ਮੇਰੀਆ ਕਮਾਈਆਂ ।
ਦੂਜੀ ਕਹਿੰਦੀ ਮੈਂ ਤਾਂ ਵਿਆਹ ਲਈ ਅਫੀਮ ਖਾਣੇ ਨੇ,
ਟੂੰਮਾਂ ਮੇਰੀਆਂ ਦੇ ਬਾਬਾ ਗਹਿਣੇ ਪਾਈਆਂ।
ਇਹ ਕਾਵਿ ਰੂਪ ਵਧੇਰੇ ਮਾਲਵੇ ਖੇਤਰ ਵਿਚ ਪ੍ਰਚਲਤ ਹੈ । ਇਸ ਰੂਪ ਵਿਚ ਕਈ ਕਿੱਸੇ ਵੀ ਲਿਖੇ ਗਏ ਹਨ । ਵਾਰ ਵਿਚ ਸੂਰਮਗਤੀ ਅਤੇ ਬਿਰਤਾਂਤ ਦੋਵੇਂ ਆ ਜਾਂਦੇ ਹਨ । ਪਰ ਵਾਰ ਦਾ ਪ੍ਰਧਾਨ ਤੱਤ ਕਥਾ ਦੇ ਸਹਾਰੇ ਚਲਦਾ ਹੈ । ਮਾਤਾ ਦੀਆਂ ਭੇਟਾਂ ਵਿਚ ਮਾਤਾ ਦੀ ਉਸਤਤੀ ਕੀਤੀ ਜਾਦੀ । ਪਰ ਵਾਰ ਦਾ ਪ੍ਰਧਾਨ ਤੱਤ ਕਥਾ ਦੇ ਸਹਾਰੇ ਚਲਦਾ ਹੈ । ਮਾਤਾ ਦੀਆਂ ਭੇਟਾਂ ਵਿਚ ਮਾਤਾ ਦੀ ਉਸਤਤੀ ਕੀਤੀ ਜਾਂਦੀ ਹੈ ਅਤੇ ਉਸ ਦੇ ਚਿਹਨ ਉਕਰਾਂ ਦਾ ਵਰਣਨ ਕੀਤਾ ਜਾਂਦਾ ਹੈ । ਇਹ ਕਾਵਿ ਰੂਪ ਜੋਗੀਆਂ ਅਤੇ ਮਜ਼ਬੀਆਂ ਵਿਚ ਵਧੇਰੇ ਪ੍ਰਚਲਤ ਹੈ । ਪੰਜਾਬ ਵਿਚ ਜਿਆਦਾਤਰ ਸ਼ੇਰਾਂ ਵਾਲੀ ਸਾਈ ਦੀਆਂ ਭੇਟਾਂ ਪ੍ਰਚਲਤ ਹਨ । ਸਮੁੱਚਾ ਵਾਰ ਸਾਹਿਤ ਇਸ ਵੰਨਗੀ ਵਿਚ ਰੱਖਿਆ ਜਾ ਸਕਦਾ ਹੈ । ਕਲੀ ਦੇ ਵਾਂਗ ਹੀ ਮਾਤਾ ਦੀਆਂ ਭੇਟਾਂ ਵੀ ਇੱਕ ਪ੍ਰਸਿੱਧ ਲੋਕ ਕਾਵਿ ਹੈ । ਇਹ ਵੀ ਕਲੀ ਵਾਂਗ ਇੱਕ ਖ਼ਾਸ ਬਹਿਰ ਤੇ ਤੁਰਦਾ ਹੈ।
(3) ਚੰਚਲ-ਕਾਵਿ
[ਸੋਧੋ]ਇਸ ਰਾਹੀਂ ਚੰਚਲ ਭਾਵਾਂ ਨੂੰ ਵਿਅਕਤ ਕੀਤਾ ਜਾਂਦਾ ਹੈ । ਕਠੋਰ ਤੇ ਕਰੁਣਾ ਭਰਪੂਰ ਭਾਵ ਇਸ ਕਾਵਿ-ਰੂਪ ਦੀ ਅਭਿਵਿਅੰਜਨਾ ਨਹੀਂ ਬਣ ਸਕਦੇ । ਚੰਚਲ ਕਾਵਿ ਦਾ ਪ੍ਰਧਾਨ ਰੂਪ ਟੱਪਾ ਹੈ । ਟੱਪਾ ਪੱਛਮੀ ਪੰਜਾਬ ਵਿਚ ਵਧੇਰੇ ਹਰਮਨ ਪਿਆਰਾ ਹੋਇਆ ਹੈ, ਜਿਵੇਂ:
ਦੋ ਪੱਤਰ ਅਨਾਰਾਂ ਦੇ
ਇੱਕ ਵਾਰ ਮਿਲ ਸੋਹਣੀਏ, ਦੁਖ ਜਾਣ ਬੀਮਾਰਾ ਦੇ ।
ਇਸ ਕਾਵਿ ਰੂਪ ਵਿਚ ਜਿੰਦੂਆ ਵੀ ਸ਼ਾਮਲ ਕੀਤਾ ਜਾ ਸਕਦਾ ਹੈ ।
(4) ਤ੍ਰਾਸ਼ਦ ਕਾਵਿ
[ਸੋਧੋ]ਇਸ ਵੰਨਗੀ ਦੇ ਪ੍ਰਧਾਨ ਰੂਪ ਹਨ । ਇੱਕ ਕਰੁਣਾ ਰੂਪ ਅਤੇ ਦੂਸਰਾ ਸੋਂਗ ਰੂਪ । ਕਰੁਣਾ ਰੂਪ ਵਿੱਚ ਮੁੱਖ ਤੌਰ ਤੇ ਹੇਅਰਾ ਹੀ ਸ਼ਾਮਲ ਹੈ । ਪੰਜਾਬੀ ਮਨ ਸੰਬੋਧਨੀ ਲਹਿਜ਼ੇ ਵਿਚ ਤਬਦੀਲੀ ਕਰ ਕੇ ਕਾਵਿ ਰੂਪਾਂ ਵਿਚਲੀ ਵਿਲੱਖਣਤਾ ਨੂੰ ਸਿਰਜਦਾ ਹੈ । ਖੁਸ਼ੀ ਸਮੇਂ ਗਾਏ ਜਾਣ ਵਾਲੇ ਰੂਪਾਂ ਵਿਚ ਸੰਬੋਧਨ ਕਾਵਿ ਰੂਪ ਦੇ ਸ਼ੁਰੂ ਵਿਚ ਹੁੰਦਾ ਹੈ, ਜਿਵੇਂ ‘ਸੁਣ ਨੀ ਕੁੜੀਏ', ਸੁਣ ਵੇ ਮੁੰਡਿਆ, ਆਦਿ । ਕਰੁਣਾਮਈ ਰੂਪਾ ਅਤੇ ਵਿਯੋਗਮਈ ਰੂਪਾ ਵਿਚ ਸੰਬੋਧਨ ਵਿਚਕਾਰ ਆਉਂਦਾ ਹੈ ।
(ੳ) ਵਿਯੋਆਹ ਸਮੇਂ ਦੇ ਹੇਅਰੇ
[ਸੋਧੋ]ਜਦੋਂ ਕੁੜੀ ਦੀ ਵਿਦਾਇਗੀ ਹੁੰਦੀ ਹੈ ਤਾਂ ਇਹ ਹੇਅਰੇ ਗਾਏ ਜਾਂਦੇ ਹਨ । ਇਹਨਾਂ ਹੇਅਰਿਆਂ ਵਿਚ ਮਨ ਮਧੁਲੇ ਸੰਬੋਧਨ ਤੇ ਹੁੰਦਾ ਹੈ । ਪਹਿਲਾਂ ਸੰਬੋਧਨ ਹਲਕਾ ਹੁੰਦਾ ਹੈ ।
ਛੰਨਾ ਵੇ ਭਰਿਆ ਮਾਸੜਾ ਦੁੱਧ ਦਾ ਕੋਈ ਘੁੱਟੀਂ ਘੁੱਟੀ ਪੀਂ। ਜੇ ਥੋਡਾ ਪੁੱਤ ਹੈ ਲਾਡਲਾ, ਸਾਡੀ ਪੁੱਤਾ ਬਰਾਬਰ ਧੀ।
ਜਦੋਂ ਹੇਅਰੇ ਵਿਚ ਸੰਬੋਧਨ ਸ਼ੁਰੂ ਵਿਚ ਹੋਵੇ ਤਾਂ ਇਹ ਵਿਅੰਗ ਜਾਂ ਠਿੱਠ ਕਾਵਿ ਦਾ ਭਾਗ ਬਣ ਜਾਂਦਾ ਹੈ । ਹੇਅਰੇ ਦਾ ਸੰਬੋਧਨ ਪ੍ਰਤੱਖ ਹੁੰਦਾ ਹੈ ਬੁੱਢਿਆ ਵੇ ਬੁੱਢ ਕੰਜਰਾ ਤੇਰੀ ਥਰ ਥਰ ਕੰਬੇ ਦੇਹ। ਜਾ ਤੂੰ ਰੱਬਾ ਚੁੱਕ ਲੈ ਜਾਂ ਫਿਰ ਜੁਆਨੀ ਦੇਹ।
ਕੋਈ ਅਖੌਤ ਜਾਂ ਬੋਲੀ ਜਿਸ ਵਿਚ ਕਰੁਣਾ ਹੋਵੇ, ਦੋ ਤੁਕੀ ਹੋਵੇ ਸੰਬੋਧਨ ਵਿਚ ਤਬਦੀਲੀ ਲਿਆ ਕੇ ਹੇਅਰੇ ਵਿਚ ਬਦਲੀ ਜਾ ਸਕਦੀ ਹੈ, ਜਿਵੇਂ: ਸਖੀਓ ਸਾਵਣ ਗਰਜਿਆ, ਮੇਰਾ ਥਰ ਥਰ ਕੰਬਿਆ ਜੀਅ।
ਉਸ ਨੂੰ ਸਾਵਨ ਕੀ ਕਰੇ ਜਿਸ ਘਰ ਬੋਲ ਨਾ ਬੀਅ । ਸਖੀਉ ਸਾਵਣ ਗਰਜਿਆ ਨੀ ਮੇਰਾ ਥਰ ਥਰ ਕੰਬਿਆ ਜੀ। ਉਸਨੂੰ ਸਾਵਣ ਕੀ ਕਰੇ ਨੀ ਜਿਸ ਘਰ ਬੈਲ ਨਾ ਬੀ ।
(ਅ) ਕੀਰਨਾ
[ਸੋਧੋ]ਸੋਗ ਰੂਪ ਦੇ ਦੋ ਕਾਵਿ ਰੂਪ ਹਨ । ਇੱਕ ਕੀਰਨਾ ਅਤੇ ਦੂਸਰਾ ਅਲਾਉਣੀ । ਕੀਰਨੇ ਵਿਚ ਸੰਬੋਧਨ ਅੰਤ ਤੇ ਹੁੰਦਾ ਹੈ, ਇਸ ਅਤੇ ਸੰਬੋਧਨ ਤੋਂ ਪਿੱਛੋਂ ਲੰਮੀ ਆਸਾਹ ਹੁੰਦੀ ਹੈ । ਕੀਰਨੇ ਦੇ ਬੋਲ ਸਮੇਂ ਅਨੁਸਾਰ ਹੀ ਘੜੇ ਜਾਂਦੇ ਹਨ । ਕੀਰਨਾ ਆਪਣੀ ਵਿਲੱਖਣ ਪਹਿਚਾਣ ਅੰਤਲੇ ਬੋਧਨ ਤੇ ਅਧਾਰਤ ਹੋਣ ਕਰ ਕੇ ਰੱਖਦਾ ਹੈ । ਸ਼ਾਇਦ ਕੀਰਨਾ ਜੀਵਨ ਦੇ ਅੰਤਲੇ ਪੜਾਅ ਨਾਲ ਸਬੰਧਤ ਹੋਣ ਕਰ ਕੇ ਸੰਬੋਧਨ ਇਸ ਦੇ ਅੰਤ ਤੇ ਰੱਖਿਆ ਜਾਂਦਾ ਹੋਵੇ।ਇਹ ਕਾਵਿ ਰੂਪ ਕੋਈ ਸਕਾ ਸਬੰਧੀ ਜਾਂ ਰਿਸ਼ਤੇਦਾਰ ਵਰਤਦਾ ਹੈ; ਕੀਰਨੇ ਦਾ ਇਹ ਰੂਪ ਹੁੰਦਾ ਹੈ । ਵਸਦਾ ਨਗਰ ਖੇੜਾ ਅੱਜ ਸੁੰਨਾ ਹੋ ਗਿਆ ਰੋਂਦੀ ਧੀ ਆ ਵੜੀ ਦਰਵਾਜ਼ੇ ਮੇਰਿਆ ਪੈਚਾ ਦਿਆ ਮੋਹਰੀ ਬਾਬਲਾ ਵੇ ... ਹਾਏ ..
(ੲ) ਅਲਾਹੁਣੀ
[ਸੋਧੋ]ਅਲਾਹੁਣੀ ਕਿੱਤਾਕਾਰ ਸਿਆਪਾਕਾਰਾ ਦਾ ਕਾਵਿ ਰੂਪ ਹੈ । ਇਹਨਾਂ ਨੂੰ ਸਿੱਧਾ ਕੋਈ ਦੁੱਖ ਨਹੀਂ ਹੁੰਦਾ । ਅਲਾਹੁਣੀ ਦੀ ਪਛਾਣ ਵਾਰ-ਵਾਰ ਹਾਏ ਹਾਏ ਦੇ ਦੁਹਰਾਉ ਤੋਂ ਹੋ ਜਾਂਦੀ ਹੈ । ਹੋਰ ਕਿਸੇ ਵੀ ਕਾਵਿ ਰੂਪ ਵਿਚ ਇਹ ਇਸ ਤਰ੍ਹਾਂ ਨਹੀਂ ਦੁਹਰਾਇਆ ਜਾਂਦਾ । ਬੁਢੜਾ ਤਾਂ ਬਹਿੰਦਾ ਕੁਰਸੀ ਡਾਹ
ਹਾਏ ਨੀ ਬੁਢੜਾ ਮਰ ਨੀ ਗਿਆ
ਬੁਢੜੀ ਰੰਡੀ ਕਰ ਨੀ ਗਿਆ ।
ਬੁਢੜਾ ਤਾਂ ਪੀਂਦਾ ਲਿਪਟਨ ਦੀ ਚਾਹ
ਹਾਏ ਨੀ ਬੁਢੜਾ ਮਰ ਨੀ ਗਿਆ
ਮਾਸੀ ਰੰਡੀ ਕਰ ਨੀ ਗਿਆ।
ਧੀ ਦੇ ਮਰਨ ਉਪਰੰਤ ਅਲਾਹੁਣੀ:
ਸੋਹਣੀ ਸ਼ੈਲ ਛਬੀਲੀ, ਧੀਏ ਮੋਰਨੀਏ
ਹਾਏ ਹਾਏ ਧੀਏ ਮੋਰਨੀਏ
ਤੇਰੇ ਲੰਮੇ ਲੰਮੇ ਵਾਲ ਧੀਏ ਮੋਰਨੀਏ
ਹਾਏ ਹਾਏ ਧੀਏ ਮੋਰਨੀਏ ।
(5) ਠਿੱਠ ਕਾਵਿ
[ਸੋਧੋ]ਇਸ ਕਾਵਿ ਰੂਪ ਵਿਚ ਸਿੱਠਣੀਆਂ, ਹੇਅਰੇ ਅਤੇ ਛੰਦ ਰੱਖੇ ਜਾ ਸਕਦੇ ਹਨ । ਕਿਉਂਕਿ ਇਹ ਰੂਪ ਵਰਤੇ ਹੀ ਇੱਕ ਦੂਸਰੇ ਨੂੰ ਠਿੱਠ ਕਰਨ ਲਈ ਜਾਂਦੇ ਹਨ । ਲੋਕ ਕਾਵਿ ਦੇ ਹੋਰ ਵਿਅੰਗ ਮੁੱਖ ਰੂਪ ਵੀ ਇਸ ਵੰਨਗੀ ਵਿਚ ਹੀ ਰੱਖੇ ਸਕਦੇ ਹਨ । ਜੇਕਰ ਕਾਵਿ ਦਾ ਵਿਅੰਗ ਗੰਭੀਰ ਹੋ ਜਾਵੇ ਤਾਂ ਇਸ ਵੰਨਗੀ ਵਿਚ ਨਹੀਂ ਰੱਖਿਆ ਜਾ ਸਕਦਾ । ਇਹ ਰੂਪ ਪੁੱਤ ਵਾਲੀ ਧਿਰ ਨੂੰ ਸਿੱਧੇ ਸੰਬੋਧਨ ਦੁਆਰਾ ਠਿੱਠ ਕਰਨ ਲਈ ਵਰਤੇ ਜਾਂਦੇ ਹਨ । ਜਦੋਂ ਹੇਅਰਾ ਠਿੱਠ ਕਾਵਿ ਵਜੋਂ ਆਉਂਦਾ ਹੈ ਤਾਂ ਇਸ ਦਾ ਜ਼ੋਰ ਮੱਧਲੇ ਸੰਬੋਧਨ ਦੀ ਥਾਂ ਮੁੱਢਲੇ ਸੰਬੋਧਨ ਤੇ ਹੁੰਦਾ ਹੈ । ਸਿੱਠਣੀ ਦਾ ਸੰਬੋਧਨ ਵੀ ਮੁੱਢ ਵਿਚ ਹੁੰਦਾ ਹੈ । ਇਸ ਦੀ ਗਤੀ ਹੇਅਰੇ ਤੋਂ ਤੇਜ਼ ਹੁੰਦੀ ਹੈ :
(ੳ) ਸਿੱਠਣੀ
[ਸੋਧੋ]ਵੇ ਤੂੰ ਕਾਲਾ, ਪਿਉ ਦਾ ਸਾਲਾ ।
ਵੇ ਕਾਲਾ ਕਿਸ ਗੁਣੇ ।
ਮੇਰੀ ਮਾਉ ਰਈ ਲੌਂਗਾਂ ਹੇਠ
ਮਹੀਨਾ ਸੀ ਜੇਠ, ਸੀ ਮੈਂ ਮਾਉਂ ਦੇ ਪੇਟ
ਕਾਲਾ ਏਸ ਗੁਣੇ ।
ਵੇ ਤੂੰ ਪੀਲਾ, ਮਾਂ ਦਿਆ ਵੇ ਵਕੀਲਾ
ਵੇ ਪੀਲਾ ਕਿਸ ਗੁਣੇ।
ਮੇਰੀ ਮਾਂ ਗਈ ਹਲਦੀ ਹੇਠ
ਮਹੀਨਾ ਸੀ ਜੇਠ, ਸੀ ਮਾਉਂ ਦੇ ਪੇਟ
ਮੈਂ ਪੀਲਾ ਏਸ ਗਣੇ।
ਵੇ ਤੂੰ ਗੋਰਾ ਮੱਖਣ ਦਿਆ ਚੋਰਾ
ਵੇ ਤੂੰ ਗੋਰਾ ਕਿਸ ਗੁਣੇ?
ਮੇਰੀ ਮਾਂ ਗਈ ਚੰਬੇ ਹੇਠ,
ਮਹੀਨਾ ਸੀ ਜੇਠ, ਸੀ ਮਾਉਂ ਦੇ ਪੇਟ
ਮੈਂ ਗੋਰਾ ਏਸ ਗੁਣੇ ।
ਵੇ ਤੂੰ ਤਿੱਖਾ ਤਿੱਖਾ ਮਾਝੇ ਦਿਆ ਸਿੱਖਾ
ਵੇ ਤਿੱਖਾ ਕਿਸ ਗੁਣੇ ।
ਮੇਰੀ ਮਾਓਂ ਗਈ ਮਿਰਚਾਂ ਹੇਠ
ਮਹੀਨਾ ਸੀ ਜੇਠ, ਸੀ ਮਾਉਂ ਦੇ ਪੇਟ
ਮੈਂ ਤਿੱਖਾਂ ਏਸ ਗੁਣੇ । ਇਸ ਸਿਠਣੀ ਵਿਚੋਂ ਜੇਕਰ ਸੰਬੋਧਨੀ ਸ਼ਬਦ ‘ਵੇ’ ‘ਤੂੰ’ ‘ਮੇਰੀ’ ਕੱਢ ਦਿੱਤੇ ਜਾਣ ਤਾਂ ਇਸ ਦਾ ਸਾਰਾ ਵਿਅੰਗ ਲੁਪਤ ਹੋ ਜਾਂਦਾ ਹੈ ਇਸ ਕਾਵਿ ਰੂਪ ਵਿਚ ਸਾਰਾ ਜ਼ੋਰ ਮੁਢਲੇ ਸੰਬੋਧਨ ਤੇ ਹੀ ਹੁੰਦਾ ਹੈ । ਇਸ ਦੀ ਇੱਕ ਉਦਾਹਰਨ ਹੋਰ ਦਿੱਤੀ ਜਾ ਸਕਦੀ ਹੈ।
ਨੀ ਮੈਂ ਅੱਜ ਸੁਣਿਆ ਕੀ
ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਅੱਜ ਸੁਣਿਆ ਕੀ
ਲਾੜੇ ਦੀ ਅੰਮਾ ਦਾ ਯਾਰ ਖੜਾ
ਲਾੜੇ ਦੀਏ ਮਾਏ ਨੀ
ਸੁਨਿਆਰ ਨਾਲ ਤੇਰਾ ਪਿਆਰ
ਨੀ ਸੁਨਿਆਰ ਲਿਆਵੇ ਚੂੜੀਆਂ
ਸੁਨਿਅਰ ਲਿਆਵੇ ਹਾਰ
ਨੀ ਪਹਿਨ ਲੈ ਪਿਆਰੀਏ ਨੀ
(ਅ) ਹੇਅਰਾ
[ਸੋਧੋ]ਠਿੱਠ ਕਾਵਿ ਵਿਚ ਜਦੋਂ ਹੇਅਰਾ ਵਰਤਿਆਂ ਜਾਂਦਾ ਹੈ ਤਾਂ ਇਸ ਦੇ ਮੁੱਢਲੇ ਸੰਬੋਧਨ ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ।ਮਧਲਾ ਸੰਬੋਧਨ ਹਲਕਾ ਪੈ ਜਾਂਦਾ ਹੈ, ਜਿਵੇ: ਹਰੇ ਵੇ ਚੀਰੇ ਵਾਲਿਆ, ਤੇਰੇ ਸਾਫ਼ੇ ਤੇ ਬੈਠੀ ਜੂੰ
ਹੋਰਾਂ ਨੇ ਛੱਡੀਆਂ ਗੋਰੀਆਂ, ਵੇ ਸਮਝ ਗਿਆਨੀਆਂ
ਤੇਰੀ ਗੋਰੀ ਨੇ ਛੱਡਿਆ ਤੂੰ ।
ਨੀ ਹਾਥੀ ਵਰਗੀ ਪਤਲੀਏ, ਕੋਇਲ ਵਰਗੀਏ ਲਾਲ
ਕੁੱਤੇ ਦੀ ਭੌਂਕਣੀ ਗੱਧਰੇ ਦੀ ਤੇਰੀ ਚਾਲ ।
ਜਦੋਂ ਹੇਅਰਾਂ ਬਿਨ੍ਹਾਂ ਸੰਬੋਧਨ ਤੋਂ ਹੁੰਦਾ ਹੈ ਤਾਂ ਉਸ ਦੇ ਅਰਥ ਵਿਆਪਕ ਹੁੰਦੇ ਹਨ:
ਉਚਾ ਬੁਰਜ ਲਾਹੌਰ ਦਾ ਵਿਚ ਤੋਤੇ ਦੀ ਖੋੜ।
ਰੰਨਾ ਜਿਹਨਾਂ ਦੀਆਂ ਸੋਹਣੀਆਂ ਉਹਨਾਂ ਝਾਕ ਨਾ ਹੋਰ ।
(ੲ) ਪੱਤਲ
[ਸੋਧੋ]ਠਿੱਠ ਕਾਵਿ ਵਿਚ ਪੱਤਲ ਨੂੰ ਵੀ ਰੱਖਿਆ ਜਾ ਸਕਦਾ ਹੈ । ਪੱਤਲ ਜੰਝ ਬੰਨ੍ਹਣ ਤੇ ਛਡਾਉਣ ਲਈ ਵਰਤੇ ਜਾਣ ਵਾਲੇ ਕਾਵਿ ਦੀ ਵੰਨਗੀ ਹੈ । ਇਹ ਕਾਵਿ ਛੰਦ ਪ੍ਰਧਾਨ ਹੁੰਦਾ ਹੈ । ਜੰਞ ਛੁਡਾਉਣ ਲਈ ਵਰਤੇ ਛੰਦ ਦੀ ਵੰਨਗੀ ਇਸ ਤਰ੍ਹਾਂ ਹੈ:
ਜੱਟੀਆ ਮੈਂ ਬੰਨ੍ਹੀਆ ਅਕਲ ਦੀਆ ਅੰਨ੍ਹੀਆਂ
ਜੋ ਜੰਝ ਬੰਨ੍ਹੀ ਹਮਾਰੇ ਸੂਤ ਔਣ ਨੀ
ਬੰਨੀਆਂ ਘਮਾਰੀਆਂ ਠਿਨਆਰੀਆਂ ਡਕੋਤਣੀਆ
ਬੰਨੀਆ ਲਵਾਰਣਾ ਮਰੀ ਗੀਤ ਗੌਣ ਨੀ ।
ਬੰਨ੍ਹ ਦੇਵਾ ਬਾਮਣੀਆਂ ਖ਼ਸਮਾਂ ਨੂੰ ਸਾਮਣੀਆਂ
ਖ਼ਸਮਾਂ ਦੀ ਦਾੜੀ ਫੜ ਵੇਹੜੇ 'ਚ ਘਮਾਉਣ ਨੀ
ਚੂੜੀਆਂ ਚਮਾਰੀਆਂ ਮੈਂ ਬੰਨ੍ਹੀਆਂ ਨਰੈਣ ਸਿੰਘਾ
ਆਪ ਦੀ ਕੁਲ੍ਹੀ ਵਿਚ ਚਤਰ ਕਹੋਣ ਨੀ।
(ਅ) ਕਿਰਿਆਤਮਕ(ਪਾਠ-ਮੁੱਖ)
[ਸੋਧੋ]ਲੋਕ ਸਾਹਿਤ ਦਾ ਇਹ ਵਰਗ ਪਾਠ ਮੁੱਖ ਹੁੰਦਾ ਹੈ । ਇਸ ਦਾ ਪ੍ਰਬੰਧ ਕਠੋਰ ਹੁੰਦਾ ਹੈ । ਵਿਅਕਤੀ ਆਪਣੀ ਮਰਜੀ ਨਾਲ ਇਸ ਵਿਚ ਫੇਰ ਉਸ ਦੇ ਬਦਲ ਨਹੀਂ ਕਰ ਸਕਦਾ । ਇਸ ਦੀਆਂ ਦੋ ਵੰਨਗੀਆਂ ਪ੍ਰਮੁੱਖ ਹਨ ।
(ੳ) ਗਾਥਾ
[ਸੋਧੋ]ਇਸ ਵਿਚ ਵਾਰ ਅਤੇ ਗਾਉਣ ਆ ਜਾਂਦਾ ਹੈ । ਇਸ ਵਿਚ ਕੋਈ ਇਤਿਹਾਸਕ ਗਾਥਾ ਵੀ ਆ ਸਕਦੀ ਹੈ । ਇਸ ਕਾਵਿ ਵੰਨਗੀ ਵਿਚ ਗੁੱਗਾ ਜਾਹਰ ਪੀਰ, ਯਾਨੀ ਚੋਰ, ਹੀਰ ਵਾਰਿਸ, ਦੁੱਲਾ ਭੱਟੀ, ਜਿਉਣਾ ਮੋੜ, ਜੱਗਾ ਡਾਕੂ, ਪੂਰਨ ਭਗਤ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।
(ਅ) ਲੋਕ ਗੀਤ
[ਸੋਧੋ]ਇਹ ਲੋਕ ਸਾਹਿਤ ਦੀ ਪਰਪੱਕ ਵੰਨਗੀ ਹੈ । ਲੋਕ ਗੀਤ ਕਿਸੇ ਰਸਮ ਜਾਂ ਰੀਤ ਨਾਲ ਜੁੜਿਆ ਹੁੰਦਾ ਹੈ । ਇਸ ਲਈ ਸਬੰਧਤ ਰਸਮ ਜਾ ਰੀਤ ਦੀ ਚਾਦੂਮਈ ਪ੍ਰਕਿਰਿਆ ਦਾ ਭਾਗ ਹੁੰਦਾ ਹੈ । ਇਸ ਵੰਨਗੀ ਵਿਚ ਘੋੜੀਆਂ ਸੁਹਾਗ, ਰੀਤਾਂ ਨਾਲ ਸੰਬੰਧਤ ਹੋਰ ਗੀਤ ਰੱਖੇ ਗਏ ਹਨ । ਇਸ ਵੰਨਗੀ ਬਾਰੇ ਵਿਸਤ੍ਰਿਤ ਚਰਚਾ ਕਿਰਿਆਤਮਕ ਰੂਪ ਵਿਚ ਕੀਤੀ ਗਈ ਹੈ । ਲੋਕ ਕਾਵਿ ਦੇ ਵਿਭਿੰਨ ਰੂਪਾਂ ਨੂੰ ਜਨਸਮੂਹ ਸਿਰਜ ਨਹੀਂ ਸਕਦਾ, ਪਰ ਇਹਨਾਂ ਨੂੰ ਸਾਰਥਕ ਹੁੰਗਾਰਾ ਪ੍ਰਦਾਨ ਕਰਦਾ ਹੈ । ਲੋਕ ਸਾਹਿਤ ਵਿਚ ਵਿਅਕਤੀ ਦਾ ਹੁਨਰ ਅਤੇ ਪਰੰਪਰਾ ਦੀ ਅਮੀਰੀ ਦੋਵੇ, ਵਿਅਕਤ ਹੁੰਦੇ ਹਨ । ਇਹ ਜਰੂਰੀ ਨਹੀਂ ਕਿ ਸਾਰੇ ਕਾਵਿ ਰੂਪ ਸਮੂਹਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਹੋਣ ਪਰ ਮੁੱਖ ਤੌਰ ਤੇ ਸਾਰੇ ਕਾਵਿ ਰੂਪ ਸਭਿਆਚਾਰਕ ਪਰੰਪਰਾ ਤੇ ਸੋਚਣੀ ਦੇ ਅਧੀਨ ਹੋ ਕੇ ਚਲਦੇ ਹਨ ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ ਸਭਿਆਚਾਰਕ ਪਰੰਪਰਾ ਦਾ ਪਾਲਣ ਕਰਦੀ ਹੈ । ਲੋਕ ਕਾਵਿ ਦਾ ਪਰੰਪਰਾਗਤ ਹੋਣਾ ਜਰੂਰੀ ਨਹੀਂ । ਲੋਕਧਾਰਾ ਦੀ ਤਰ੍ਹਾਂ ਲੋਕ ਕਾਵਿ ਕੋਈ ਪ੍ਰਬੀਨ ਰਚਨਾਵਾਂ ਨਹੀਂ ਹੁੰਦੀਆਂ । ਲੋਕ ਕਾਵਿ ਵਿਅਕਤੀ ਵੱਲ ਕੇਂਦਰਤ ਹੁੰਦਾ ਹੈ । ਇਸ ਵਿਚ ਵਿਅਕਤੀਗਤ ਵਿਕਲਪ ਪ੍ਰਧਾਨ ਰਹਿੰਦਾ ਹੈ । ਲੋਕ ਕਾਵਿ ਦਾ ਪ੍ਰਬੰਧ ਪਰਪੱਕ ਨਹੀਂ ਹੁੰਦਾ । ਲੋਕ ਕਾਵਿ ਬਹੁਤ ਲਚਕੀਲਾ ਹੁੰਦਾ ਹੈ । ਲੋਕ ਕਾਵਿ ਸਮੂਹ ਵਿਚ ਜਾਂਦੂਮਈ ਭਰਮ ਪੈਦਾ ਕਰਕੇ, ਸਮੂਹ ਦੀ ਇੱਛਾ ਪੂਰਤੀ ਦਾ ਦਾਰਸ ਨਹੀਂ ਦਿੰਦਾ । ਲੋਕ ਕਾਵਿ ਆਪਣੇ ਆਪ ਵਿਚ ਸੰਪੂਰਨ ਨਹੀਂ ਹੁੰਦਾ, ਹੁਣ ਹਰ ਵਿਅਕਤੀ ਆਪਣੀ ਰਜ਼ਾ ਅਨੁਸਾਰ ਇਸ ਨੂੰ ਸੰਪੂਰਨ ਬਣਾਉਣ ਦਾ ਅਭਿਆਸ ਕਰਦਾ ਰਹਿੰਦਾ ਹੈ । ਪੰਜਾਬੀ ਲੋਕ ਕਾਵਿ ਦੀ ਪਰੰਪਰਾ ਕੋਈ ਬਹੁਤੀ ਪੁਰਾਣੀ ਨਹੀਂ। ਲੋਕ ਕਾਵਿ ਛੰਦ ਪ੍ਰਧਾਨ ਰਚਨਾ ਹੈ । ਲੋਕ ਕਾਵਿ ਨੂੰ ਪ੍ਰਤਿਭਾ ਵਾਲਾ ਵਿਅਕਤੀ ਰਚ ਸਕਦਾ ਹੈ । ਲੋਕ ਕਾਵਿ ਜਜ਼ਬਾ ਪ੍ਰਧਾਨ ਕਾਵਿ ਹੈ ।ਪੰਜਾਬੀ ਲੋਕ ਕਾਵਿ ਦੀ ਪਰੰਪਰਾ ਬਹੁਤ ਅਮੀਰ ਹੈ