ਲੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਰੀ ਦਾ ਅਰਥ[ਸੋਧੋ]

ਲੋਰੀ ਨੂੰ ਦੁਨੀਆਂ ਦਾ ਪਹਿਲਾ ਲੋਕ ਗੀਤ ਮੰਨਿਆ ਜਾਂਦਾ ਹੈ। ਇਹ ਵੀ ਧਾਰਨਾ ਪ੍ਰਚੱਲਿਤ ਹੈ ਕਿ ਜਦੋਂ ਪਹਿਲੀ ਵਾਰ ਬੱਚੇ ਦਾ ਜਨਮ ਹੋਇਆ ਹੋਵੇਗਾ ਤਾਂ ਮਾਂ ਨੇ ਆਪਣੀ ਖੁਸ਼ੀ ਨੂੰ ਸਾਂਝਾ ਕਰਨ ਲਈ ਕੁਝ ਤੁਕਾਂ ਗੁਣਗੁਣਾਈਆਂ ਹੋਣਗੀਆਂ। ਇੱਥੋਂ ਹੀ ਲੋਰੀ ਕਾਵਿ-ਰੂਪ ਦਾ ਮੁੱਢ ਬੁੱਝਿਆ ਹੋਵੇਗਾ। ਹਰ ਇੱਕ ਮਾਂ ਆਪਣੇ ਬੱਚੇ ਲਈ ਲੋਰੀ ਗਾਉਂਦੀ ਹੈ। ਮਾਂ ਦੇ ਪਿਆਰ, ਫਿਕਰਾਂ ਅਤੇ ਸੁਪਨਿਆਂ-ਸੰਸਿਆ ਨਾਲ ਲਬਰੇਜ਼ ਲੋਰੀਆਂ ਹਰ ਖਿੱਤੇ ਵਿੱਚ ਗਾਈਆਂ ਜਾਂਦੀਆਂ ਹਨ।

ਲੋਰੀਆਂ ਅਕਸਰ ਲਮਕਵੀਂ ਅਤੇ ਧੀਮੀ ਹੇਕ ਵਿੱਚ ਗਾਈਆਂ ਜਾਂਦੀਆਂ ਹਨ ਤਾਂਕਿ ਇਹਨਾਂ ਨੂੰ ਸੁਣਕੇ ਬੱਚੇ ਨੂੰ ਨੀਂਦ ਆ ਜਾਵੇ।[1]

ਕਈ ਸਾਰੀਆਂ ਭਾਸ਼ਾਵਾਂ ਵਿਚ 'ਲੋਰੀ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹਿੰਦੀ ਵਿਚ ਇਸ ਨੂੰ'ਲੋਰੀ' ਹੀ ਕਿਹਾ ਜਾਂਦਾ ਹੈ। ਮਰਾਠੀ ਭਾਸ਼ਾ ਵਿਚ ਲੋਰੀ ਲਈ 'ਅੰਗਾਈ ਗੀਤ' ਸ਼ਬਦ ਪ੍ਰਚਲਿਤ ਹੈ। ਫ਼ਾਰਸੀ ਵਿਚ ਲੋਰੀ ਲਈ 'ਲਿਲਿਥ ਬੇ' ਅਤੇ 'ਬਾਲੂ ਬਾਲੂ' ਸ਼ਬਦ ਪ੍ਰਚਲਿਤ ਹੈ।

ਪੰਜਾਬੀ ਅਤੇ ਹਿੰਦੀ ਸ਼ਬਦ ਲੋਰੀ ਦੀ ਉਤਪਤੀ 'ਲੋਰ' ਧਾਤੂ ਤੋਂ ਹੋਈ ਮੰਨੀ ਜਾਂਦੀ ਹੈ। 'ਲੋਰ' ਸੰਸਕ੍ਰਿਤ ਦੇ'ਲੋਰ' ਦੇ ਅਰਥ ਚੰਚਲ,ਕੰਬਦਾ ਹੋਇਆ, ਹਿਲਦਾ ਹੋਇਆ ਹਨ।

ਪਰਿਭਾਸ਼ਾਵਾਂ[ਸੋਧੋ]

ਮਹਾਨ ਕੋਸ਼ ਅਨੁਸਾਰ:-

"ਲੋੜੀ,ਚਾਹੀ। ਬਾਲਕ ਦੇ ਲਾਲਨ ਸਲਾਉਣ ਲਈ ਸਵਰ ਦਾ ਅਲਾਪ।"

ਮਹਾਨ ਕੋਸ਼ ਵਿੱਚ ਦਿੱਤੀ ਪਰਿਭਾਸ਼ਾ ਵਿੱਚ ਲੋਰੀ ਦੇ ਸ਼ਾਬਦਿਕ ਅਰਥ ਬਾਰੇ ਦੱਸਿਆ ਗਿਆ ਹੈ। ਇਸ ਵਿਚ ਲੋਰੀ ਦੇ ਫੌ਼ਰੀ ਸਰੀਰਕ ਪ੍ਰਕਾਰਜ ਅਤੇ ਗਾਉਣ ਵਿਧੀ ਦਾ ਵਰਨਣ ਕੀਤਾ ਗਿਆ ਹੈ।

ਡਾ.ਨਾਹਰ ਸਿੰਘ ਅਨੁਸਾਰ:-

"ਲੋਰੀ ਮਾਂ ਵੱਲੋਂ ਬੱਚੇ ਨੂੰ ਮੁਖਾਤਿਬ ਸਵੈ ਸੰਬੋਧਨੀ; ਸੁਖਦ ਭਾਵ ਦਾ ਅਜਿਹਾ ਪ੍ਰਕਾਰਜਗਤ ਗੀਤ ਹੈ ਜੋ ਰੁਮਾਂਟਿਕ ਬਿੰਬਾਂ ਨਾਲ ਭਰਪੂਰ ਹੁੰਦਾ ਹੈ। ਇਸਦਾ ਕੋਈ ਨਿਸ਼ਚਿਤ ਛੰਦ ਨਹੀਂ ਪਰ ਲੰਮਾ ਲਾਡ ਇਸ ਦਾ ਪ੍ਰਮਾਣਿਕ ਲੱਛਣ ਹੈ। ਇਸ ਵਿੱਚ ਹਾਂ ਵਾਚਕ ਵਿਸ਼ੇਸ਼ਤਾਵਾਂ, ਅਸੀਸਾਂ,ਚੁੰਮਵਾਂ ਨੂੰ ਜੋੜ ਕੇ ਭਾਵਾਂ ਨੂੰ ਸੰਘਣਾ ਕੀਤਾ ਜਾਂਦਾ ਹੈ। ਇਹ ਵਿਸ਼ੇਸ਼ਣ ਅਤੇ ਅਸੀਸਾਂ ਸਵੈ-ਪ੍ਰਸੰਸਾਤਮਕ ਧੁਨੀ ਵਿੱਚ ਉਚਾਰੀਆਂ ਜਾਂਦੀਆਂ ਹਨ।"

ਡਾ.ਨਾਹਰ ਸਿੰਘ ਦੁਆਰਾ ਦਿੱਤੀ ਪਰਿਭਾਸ਼ਾ ਲੋਰੀ ਦੇ ਸਿਧਾਂਤਕ ਪੱਖ ਨੂੰ ਉਘਾੜਦੀ ਹੈ। ਡਾ.ਨਾਹਰ ਸਿੰਘ ਲੋਰੀ ਨੂੰ ਪ੍ਰਕਾਰਜਗਤ ਗੀਤ ਦੇ ਅਧੀਨ ਰੱਖਦੇ ਹਨ। ਇਸ ਪਰਿਭਾਸ਼ਾ ਵਿੱਚ ਲੋਰੀ ਦੇ ਪ੍ਰਮੁੱਖ ਲੱਛਣਾਂ,ਇਸ ਵਿਚ ਵਿਅਕਤ ਭਾਵਾਂ ਅਤੇ ਸੰਖੇਪ ਰੂਪ ਵਿਚ ਲੋਰੀ ਦੇ ਸੱਭਿਆਚਾਰਕ ਪ੍ਰਭਾਵਾਂ ਦਾ ਵਰਨਣ ਕੀਤਾ ਗਿਆ ਹੈ। ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਲੋਰੀ ਮੌਖਿਕ ਰੂਪ ਵਿਚ ਬੱਚੇ ਨੂੰ ਪਿਆਰ ਨਾਲ ਪਰਚਾਉਣ,ਸੁਆਉਣ ਅਤੇ ਖੇਡ ਲਾਉਣ ਲਈ ਗਾਇਆ ਜਾਣ ਵਾਲਾ ਅਜਿਹਾ ਕਾਵਿ ਰੂਪ ਹੈ ਜੋ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੋਰ ਲੋਕ ਸਮੂਹ ਦੁਆਰਾ ਵੀ ਗਾਇਆ ਜਾਂਦਾ ਹੈ।

ਪੰਜਾਬ ਵਿੱਚ ਕੇਵਲ ਮੁੰਡਿਆਂ ਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਬਹੁਤ ਘੱਟ ਗਿਣਤੀ ਅਜਿਹੀਆਂ ਲੋਰੀਆਂ ਦੀ ਹੈ ਜੋ ਕੁੜੀਆਂ ਲਈ ਗਾਈਆਂ ਜਾਣ। ਮੁੰਡੇ ਦੇ ਜਨਮ ਸਮੇਂ ਖੁਸ਼ੀ ਮਨਾਈ ਜਾਂਦੀ ਹੈ ਤੇ ਕੁੜੀ ਦੇ ਜਨਮ ਸਮੇਂ ਸੋਗ ਮਨਾਇਆ ਜਾਂਦਾ ਹੈ।

ਇਤਿਹਾਸ[ਸੋਧੋ]

ਲੋਰੀ ਕੀ ਇਤਿਹਾਸਕ ਸ਼ਹਾਦਤ ਜੋ ਹੁਣ ਤਕ ਦਰਿਆਫ਼ਤ ਹੋਈ ਹੈ, ਉਹ ਲੋਰੀ ਨੂੰ ਦੋ ਹਜ਼ਾਰ ਈਪੂ ਦੂਰ ਤੱਕ ਲੈ ਜਾਂਦੀ ਹੈ। ਮਾਹਿਰਾਂ ਦੇ ਮੁਤਾਬਿਕ ਦੁਨੀਆ ਵਿੱਚ ਪਹਿਲੀ ਬਾਰ ਲੋਰੀ ਬੱਚਿਆਂ ਨੂੰ ਸਲਾਉਣ ਲਈ ਹੀ ਗਾਈ ਗਈ ਸੀ ਅਤੇ ਦੋ ਹਜ਼ਾਰ ਈਪੂ ਵਿੱਚ ਇਹ ਲੋਰੀ ਮਿੱਟੀ ਦੇ ਇਕ ਛੋਟੇ ਟੁਕੜੇ ਪਰ ਤਹਿਰੀਰ ਕੀਤੀ ਗਈ ਥੀ ਜੋ ਖੁਦਾਈ ਦੇ ਦੌਰਾਨ ਮਿਲਿਆ ਹੈ।

ਇਸ ਟੁਕੜੇ ਨੂੰ ਲੰਦਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਹਥੇਲੀ ਵਿੱਚ ਸਮਾ ਜਾਣੇ ਵਾਲੇ ਮਿੱਟੀ ਦੇ ਉਸ ਟੁਕੜੇ ਪਰ ਮੌਜੂਦ ਤਹਿਰੀਰ 'ਕਿਊ ਨੇਫ਼ਾਰਮ ਸਕਰਿਪਟ' ਵਿੱਚ ਹੈ ਜਿਸ ਨੂੰ ਲਿਖਾਈ ਦੇ ਪਹਿਲੇ ਰੂਪਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਸ ਲੋਰੀ ਨੂੰ ਜਿਥੋਂ ਤੱਕ ਪੜ੍ਹਿਆ ਜਾ ਸਕਿਆ ਹੈ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ:

ਜਦ ਬੱਚੇ ਰੋਂਦਾ ਹੈ, ਤਾਂ ਘਰਾਂ ਦਾ ਖ਼ੁਦਾ ਨਾਰਾਜ਼ ਹੋ ਜਾਂਦਾ ਹੈ ਅਤੇ ਇਸ ਦਾ ਨਤੀਜਾ ਖਤਰਨਾਕ ਨਿਕਲਦਾ ਹੈ [2]

ਲੋਰੀ ਦੇ ਵਿਸ਼ੇ[ਸੋਧੋ]

ਲੋਰੀ ਦੇ ਵਿਸ਼ੇ ਮੁਖਤਲਿਫ਼ ਦੌਰਾਂ ਵਿੱਚ ਥੋੜ੍ਹੀ ਬਹੁਤ ਤਬਦੀਲੀ ਨਾਲ ਗੁਜਰੇ ਹਨ। ਕੁੱਝ ਦੇਸ਼ਾਂ ਵਿੱਚ ਲੋਰੀ ਦੇ ਅੰਦਰ ਖੌਫ ਅਤੇ ਡਰ ਦਾ ਅੰਸਰ ਗ਼ਾਲਿਬ ਹੁੰਦਾ ਹੈ, ਜਿਨ੍ਹਾਂ ਵਿੱਚ ਬੱਚੇ ਨੂੰ ਕਿਸੇ ਅਨਵੇਖੀ ਚੀਜ਼ ਜਾਂ ਜੰਗਲੀ ਜਾਨਵਰ ਦਾ ਜ਼ਿਕਰ ਕਰਕੇ ਡਰਾਇਆ ਜਾਂਦਾ ਹੈ। ਇਸ ਦੀ ਇੱਕ ਮਿਸਾਲ ਕੀਨੀਆ ਦੀਆਂ ਲੋਰੀਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਨੂੰ ਲਗੜਬਗੇ ਦਾ ਡਰ ਦਿੱਤਾ ਜਾਂਦਾ ਹੈ। ਜੋ ਪ੍ਰਾਚੀਨਤਮ ਲੋਰੀ ਮੰਨੀ ਜਾਂਦੀ ਹੈ ਉਸ ਵਿੱਚ ਵੀ ਬੱਚੇ ਨੂੰ ਦੇਵਤੇ ਵਲੋਂ ਡਰਾਇਆ ਜਾ ਰਿਹਾ ਹੈ। ਦੱਖਣੀ ਏਸ਼ੀਆ ਦੀਆਂ ਲੋਰੀਆਂ ਵਿੱਚ ਆਮ ਤੌਰ ਤੇ ਬੱਚੇ ਲਈ ਮੁਹੱਬਤ ਅਤੇ ਦੁਆ ਦੇ ਬੋਲ ਮਿਲਦੇ ਹਨ, ਜਦੋਂ ਕਿ ਕੁੱਝ ਅਜਿਹੀ ਲੋਰੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਸ਼ਬਦ ਨਹੀਂ ਹੁੰਦੇ, ਸਗੋਂ ਸਿਰਫ਼ ਆਵਾਜ਼ਾਂ ਹੁੰਦੀਆਂ ਹੈ ਜਿਵੇਂ ਊਂ ਹੂੰ ਊਂ ਹੂੰ ਜਾਂ ਆਹਾ ਆਹਾ ਵਗ਼ੈਰਾ।

ਲੋਰੀਆਂ ਦਾ ਵਰਗੀਕਰਨ[ਸੋਧੋ]

ਪੰਜਾਬੀ ਸਮਾਜ ਵਿਚ ਲੋਰੀ ਕਾਵਿ-ਰੂਪ ਨੂੰ ਵੱਖ-ਵੱਖ ਧਿਰਾਂ ਵੱਲੋਂ ਗਾਇਆ ਜਾਂਦਾ ਹੈ। ਪ੍ਰਮੁੱਖ ਤੌਰ ਤੇ ਇਹਨਾਂ ਲੋਰੀਆਂ ਨੂੰ ਗਾਉਣ ਵਾਲੀ ਧਿਰ ਪਰਿਵਾਰਿਕ ਮੈਂਬਰਾਂ ਦੀ ਹੁੰਦੀ ਹੈ। ਪਰਿਵਾਰਿਕ ਮੈਂਬਰ ਵਿੱਚ ਬੱਚੇ ਦੀ ਮਾਂ,ਭੈਣ,ਦਾਦੀ,ਨਾਨੀ ,ਭੂਆ ਆਦਿ ਸ਼ਾਮਿਲ ਹੁੰਦੀਆਂ ਹਨ। ਲੋਰੀਆਂ ਨੂੰ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੇ ਖੇਤਰ ਵਿਚ ਵੀ ਗਾਇਆ ਗਿਆ ਹੈ। ਉਪਰੋਕਤ ਲੋਰੀਆਂ ਗਾਉਣ ਵਾਲੀਆਂ ਧਿਰਾਂ ਦੇ ਆਧਾਰ ਤੇ ਪੰਜਾਬੀ ਵਿਚ ਮਿਲਦੀਆਂ ਲੋਰੀਆਂ ਨੂੰ ਛੇ ਵਰਗਾ ਵਿਚ ਵੰਡਿਆ ਜਾ ਸਕਦਾ ਹੈ।

1.ਪਰਿਵਾਰਿਕ ਮੈਂਬਰ ਵੱਲੋਂ ਗਾਈਆ ਜਾਣ ਵਾਲੀਆਂ ਲੋਰੀਆਂ 2.ਬਾਜੀਗਰਾਂ ਦੁਆਰਾ ਗਾਈਆਂ ਜਾਣ ਵਾਲੀਆਂ ਲੋਰੀਆਂ 3.ਖੁਸਰਿਆਂ ਵੱਲੋਂ ਗਾਈਆਂ ਜਾਣ ਵਾਲੀਆਂ ਲੋਰੀਆਂ 4.ਸਖੀ ਸਰਵਰ ਦੀਆਂ ਲੋਰੀਆਂ 5.ਸਾਹਿਤਕ ਲੋਰੀਆਂ 6.ਸੰਗੀਤ ਅਤੇ ਫ਼ਿਲਮਾਂ ਚ ਉਪਲਬਧ ਲੋਰੀਆਂ

1.ਪਰਿਵਾਰਿਕ ਮੈਂਬਰ ਵੱਲੋਂ ਗਾਈਆ ਜਾਣ ਵਾਲੀਆਂ ਲੋਰੀਆਂ:- ਮਾਂ,ਭੈਣ,ਦਾਦੀ,ਨਾਨੀ,ਮਾਸੀ ਆਦਿ ਵੱਲੋਂ ਬੱਚੇ ਨੂੰ ਵਰਾਉਣ ਲਈ, ਰੋਂਦੇ ਨੂੰ ਚੁੱਪ ਕਰਵਾਉਣ ਅਤੇ ਸੁਆਉਣ ਲਈ ਇਹ ਲੋਰੀਆਂ ਗਾਈਆਂ ਜਾਂਦੀਆਂ ਹਨ। ਉਪਰਲੀ ਨਜ਼ਰੇ ਦੇਖਿਆਂ ਜਾਵੇ ਤਾਂ ਇਹਨਾਂ ਦਾ ਮੁੱਖ ਮਕਸਦ ਬੱਚੇ ਨੂੰ ਸੁਆਉਣ ਹੈ ਪਰ ਲੋਰੀ ਦੇ ਸਰੀਰਕ ਪ੍ਰਭਾਵ ਤੋਂ ਬਿਨਾਂ ਇਸ ਦਾ ਬੱਚੇ ਉੱਪਰ ਮਨੋਵਿਗਿਆਨਕ ਅਤੇ ਸੱਭਿਆਚਾਰਕ ਪ੍ਰਭਾਵ ਵੀ ਪੈਦਾ ਹੈ। ਲੋਰੀ ਬੱਚੇ ਨੂੰ ਪਰਿਵਾਰਿਕ ਰਿਸਤਿਆਂ, ਨੈਤਿਕਤਾ, ਕਦਰਾਂ-ਕੀਮਤਾਂ, ਆਰਥਿਕ ਅਤੇ ਸਮਾਜਿਕ ਪ੍ਰਬੰਧ ਤੋਂ ਜਾਣੂ ਕਰਵਾਉਂਦੀ ਹੈ। ਮਾਂ ਜਿਹੋ-ਜਿਹੇ ਆਪਣੇ ਮਨ ਵਿੱਚ ਸੁਪਨੇ ਬੱਚੇ ਲਈ ਬਣਦੀ ਹੈ ਉਹਨਾਂ ਨੂੰ ਲੋਰੀਆਂ ਰਾਹੀਂ ਪੇਸ਼ ਕਰਦੀ ਹੈ। ਸਮਾਜਿਕ, ਆਰਥਿਕ ਪ੍ਰਬੰਧ, ਸੱਭਿਆਚਾਰਿਕ ਬਣਤਰਾਂ ਆਦਿ ਨੂੰ ਮਾਂ ਲੋਰੀਆਂ ਵਿਚ ਪ੍ਰਗਟ ਕਰਦੀ ਹੈ।

2. ਬਾਜੀਗਰਾਂ ਦੁਆਰਾ ਗਾਈਆਂ ਜਾਣ ਵਾਲੀਆਂ ਲੋਰੀਆਂ:- ਬਾਜੀਗਰਾਂ ਔਰਤਾਂ ਮੁੰਡਾ ਹੋਣ ਦੀ ਖੁਸ਼ੀ ਵਿੱਚ ਪਰਿਵਾਰ ਤੋਂ ਲਾਗ ਲੈਣ ਲਈ ਲੋਰੀਆਂ ਗਾਉਂਦੀਆਂ ਹਨ। ਆਮ ਤੌਰ ਤੇ ਬਾਜੀਗਰਾਂ ਔਰਤਾਂ ਪਿੰਡ-ਪਿੰਡ ਘੁੰਮ ਕੇ ਮੁੰਡੇ ਦੇ ਵਿਆਹ ਅਤੇ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਮੰਗਦੀਆਂ ਹਨ। ਜਿਸ ਘਰ ਵਿਚ ਬੱਚੇ ਦਾ ਜਨਮ ਹੋਇਆ ਹੋਵੇ ਉੱਥੇ ਇਹ ਔਰਤਾਂ ਪਰਿਵਾਰ ਦੀ ਪ੍ਰਸੰਸਾ ਕਰਦੀਆਂ ਹਨ ਅਤੇ ਲਾਗ ਲੈਂਦੀਆਂ ਹਨ। ਬਾਜ਼ੀਗਰਾਂ ਔਰਤਾਂ ਲੋਰੀਆਂ ਗਾਉਣ ਵੇਲੇ ਇੱਕ ਅੱਧ ਗੋਲੇ ਵਿੱਚ ਖੜ੍ਹ ਜਾਂਦੀਆਂ ਹਨ। ਆਮ ਤੌਰ ਤੇ ਗਿੱਧੇ ਦੇ ਪਿੜ ਦੀ ਤਰ੍ਹਾਂ ਪਿੜ ਬੰਨਿਆ ਜਾਂਦਾ ਹੈ। ਇੱਕ ਔਰਤ ਪਿੜ ਚੋਂ ਅੱਗੇ ਆ ਕੇ ਥੋੜ੍ਹਾ ਬਹੁਤ ਤੁਰ ਫਿਰ ਕੇ ਲੋਰੀ ਗਾਉਦੀ ਹੈ। ਬਾਕੀ ਕੋਰਸ ਬੋਲ ਕੇ ਅਤੇ ਤਾੜੀ ਮਾਰ ਕੇ ਉਸ ਦਾ ਸਾਥ ਦਿੰਦੀਆਂ ਹਨ। ਕਈ ਵਾਰ ਕਈ ਔਰਤਾਂ ਵੱਧ ਅੱਡੀ ਦੀ ਧਮਕ ਨਾਲ ਨੱਚਦੀਆਂ ਹਨ। ਇਹਨਾਂ ਦੀ ਗਿਣਤੀ 5 ਜਾਂ 7 ਹੁੰਦੀ ਹੈ।

3.ਖੁਸਰਿਆਂ ਵੱਲੋਂ ਗਾਈਆਂ ਜਾਣ ਵਾਲੀਆਂ ਲੋਰੀਆਂ:- ਬਾਜ਼ੀਗਰ ਵੱਲੋਂ ‌‌‌ਗਾਈਆਂ ਜਾਣ ਵਾਲੀਆਂ ਲੋਰੀਆਂ ਦੀ ਤਰ੍ਹਾਂ ਇਹ ਲੋਰੀਆਂ ਵੀ ਮੁੰਡੇ ਦੀ ਖੁਸ਼ੀ ਵਿੱਚ ਵਧਾਈ ਲੈਣ ਸਮੇਂ ਗਾਈਆਂ ਜਾਂਦੀਆਂ ਹਨ। ਜਿਸ ਘਰ ਵਿੱਚ ਮੁੰਡਾ ਹੋਇਆ ਹੋਵੇ ਉੱਥੇ ਖੁਸਰਿਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਇਹ ਨੱਚ ਕੇ ਲਾਗ ਮੰਗਦੇ ਹਨ। ਪੰਜਾਬ ਵਿੱਚ ਖੁਸਰੇ ਡੇਰਿਆਂ ਦੇ ਰੂਪ ਵਿਚ ਰਹਿੰਦੇ ਹਨ। ਖੁਸਰਿਆਂ ਦੇ ਹਰ ਡੇਰੇ ਦੇ ਅਧੀਨ ਆਮ ਤੌਰ ਤੇ 15 ਤੋਂ 20 ਪਿੰਡ ਆਉਂਦੇ ਹਨ। ਇਹ ਖੁਸਰੇ ਮੁੰਡਾ ਹੋਣ ਤੇ ਜਾਂ ਮੁੰਡੇ ਦੇ ਵਿਆਹ ਦੀ ਵਧਾਈ ਲੈਣ ਆਉਂਦੇ ਹਨ। ਖੁਸਰੇ ਵਧਾਈ ਦੇ ਰੂਪ ਵਿਚ ਰੁਪਏ, ਕੱਪੜੇ, ਕਣਕ ਦੀ ਬੋਰੀ ਆਦਿ ਲੈਂਦੇ ਹਨ। ਵਧਾਈ ਦੇ ਇਹ ਰੁਪਏ ਹਜ਼ਾਰਾਂ ਦੇ ਰੂਪ ਵਿਚ ਹੁੰਂਦੇ ਹਨ।

4.ਸਖੀ ਸਰਵਰ ਦੀਆਂ ਲੋਰੀਆਂ:- ਸਖੀ ਸਰਵਰ ਦੀਆਂ ਲੋਰੀਆਂ ਭਾਰਤੀ ਅਤੇ ਪਾਕਿਸਤਾਨੀ ਦੋਵਾਂ ਪੰਜਾਬਾਂ ਵਿਚ ਗਾਈਆਂ ਜਾਂਦੀਆਂ ਹਨ। ਸਖੀ ਸਰਵਰ ਨੂੰ 'ਨਿਗਾਹਾਂ ਪੀਰ', 'ਰੋਹੀਆਂ ਵਾਲਾ ਪੀਰ' ਅਤੇ 'ਲਾਲਾ ਵਾਲਾ ਪੀਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਖੀ ਸਰਵਰ ਦੀ ਮੁੱਖ ਮਜ਼ਾਰ ਪਾਕਿਸਤਾਨ ਵਿਚ ਨਿਗਾਹੇ ਦੀ ਜਗ੍ਹਾ ਤੇ ਕੋਹ ਸੁਲੇਮਾਨ ਦੇ ਇਕ ਦੱਰੇ ਤੇ ਬਣੀ ਹੋਈ ਹੈ। ਇੱਥੇ ਹਰ ਸਾਲ ਸਖੀ ਸਰਵਰ ਦਾ ਉਰਸ ਮਨਾਇਆ ਜਾਂਦਾ ਹੈ। ਇਸ ਉਰਸ ਮੌਕੇ ਔਲਾਦ ਦੀ ਮੰਨਤ ਮੰਗਣ ਵਾਲੇ ਅਤੇ ਔਲਾਦ ਦੇ ਹੋ ਜਾਣ ਦੇ ਬਾਅਦ ਸ਼ੁਕਰਾਨਾ ਕਰਨ ਵਾਲੇ ਲੋਕ ਸਖੀ ਸਰਵਰ ਦੀ ਦਰਗਾਹ ਤੇ ਹਾਜ਼ਰੀ ਦੇਣ ਆਉਂਦੇ ਹਨ। ਇੱਥੇ ਆ ਕੇ ਲੋਕ ਲੋਰੀਆਂ ਗਾਉਂਦੇ ਹਨ। ਇਹਨਾਂ ਲੋਰੀਆਂ ਵਿਚ ਬੇਔਲਾਦ ਲੋਕ ਸਖੀ ਸਰਵਰ ਤੋਂ ਔਲਾਦ ਦੀ ਮੰਗ ਕਰਦੇ ਹਨ।

5.ਸਾਹਿਤਕ ਲੋਰੀਆਂ:- ਲੋਰੀਆਂ ਇੱਕ ਅਜਿਹਾ ਕਾਵਿ ਰੂਪ ਹੈ ਜੋ ਲੋਕ ਸਾਹਿਤ ਦੇ ਨਾਲ-ਨਾਲ ਵਿਸ਼ਿਸ਼ਟ ਸਾਹਿਤ ਵਿੱਚ ਵੀ ਵਿਲੱਖਣ ਸਥਾਨ ਰੱਖਦਾ ਹੈ। ਪੰਜਾਬੀ ਸਾਹਿਤ ਵਿਚ ਅਨੇਕਾਂ ਹੀ ਅਜਿਹੇ ਵਿਅਕਤੀ ਹਨ। ਜਿਹਨਾਂ ਨੇ ਇਸ ਕਾਵਿ ਰੂਪ ਨੂੰ ਵਿਸ਼ਿਸ਼ਟ ਸਾਹਿਤ ਵਿੱਚ ਅਪਣਾਇਆ ਹੈ। ਵਿਸ਼ਿਸ਼ਟ ਸਾਹਿਤ ਵਿੱਚ ਸਭ ਤੋਂ ਪਹਿਲਾਂ 1931 ਵਿਚ ਦੇਵਿੰਦਰ ਸਤਿਆਰਥੀ ਨੇ ਆਪਣੀ ਧੀ ਕਵਿਤਾ ਲਈ 'ਕਵਿਤਾ ਸਹੁਰੇ ਨਹੀਂ ਜਾਵੇਗੀ' ਸਿਰਲੇਖ ਅਧੀਨ ਲੋਰੀ ਦੀ ਰਚਨਾ ਕੀਤੀ। ਉਸਤੋਂ ਬਾਅਦ 1966ਈ: ਵਿਚ ਨਿਰੰਜਣ ਵਿਚ ਚੀਮਾ ਦੀ 'ਲੋਰੀਆਂ' ਨਾਂ ਦੀ ਪੁਸਤਕ ਪ੍ਰਕਾਸ਼ਿਤ ਹੁੰਦੀ ਹੈ। ਇਸ ਪੁਸਤਕ ਵਿਚ ਬੱਚਿਆਂ ਨੂੰ ਸੁਆਉਣ ਜਾਂ ਪਰਚਾਉਣ ਹਿੱਤ ਲੋਰੀਆਂ ਦੀ ਰਚਨਾ ਨਹੀਂ ਕੀਤੀ ਗਈ ਸਗੋਂ ਦੇਸ਼ ਪਿਆਰ ਅਤੇ ਵਿੱਦਿਆ ਨੂੰ ਮੁੱਖ ਰੱਖ ਕੇ ਲੋਰੀਆਂ ਦੀ ਸਿਰਜਣਾ ਕੀਤੀ ਗਈ ਹੈ।

6.ਸੰਗੀਤ ਅਤੇ ਫ਼ਿਲਮਾਂ ਚ ਉਪਲਬਧ ਲੋਰੀਆਂ :- ਸੰਗੀਤ ਅਤੇ ਫ਼ਿਲਮੀ ਦੁਨੀਆਂ ਦੇ ਖੇਤਰ ਵਿਚ ਵੀ ਗਾਈਆਂ ਬਹੁਤ ਸਾਰੀਆਂ ਲੋਰੀਆਂ ਮਿਲਦੀ ਹਨ। ਪੰਜਾਬੀ ਸੰਗੀਤ ਦੇ ਖੇਤਰ ਵਿਚ ਕਮਲਜੀਤ ਨੀਲੋਂ, ਜਸਬੀਰ ਜੱਸੀ ਵੱਲੋਂ ਲੋਰੀਆਂ ਗਾਈਆਂ ਹਨ। ਕਮਲਜੀਤ ਨੀਲੋਂ ਦੀ ਆਵਾਜ਼ ਵਿੱਚ ਬਹੁਤ ਸਾਰੇ ਗੀਤ ਹਨ। 'ਸੌ ਜਾ ਬੱਬੂ ਆ ਮਾਣੋ ਬਿੱਲੀ ਆਈ ਆ' ਉਸ ਵੱਲੋਂ ਗਾਈ ਲੋਰੀ ਹੈ। ਜਿਸ ਵਿਚ ਭੈਣ ਆਪਣੇ ਭਰਾ ਨੂੰ ਤੋਤਲੀ ਆਵਾਜ਼ ਵਿਚ ਲੋਰੀ ਦਿੰਦੀ ਹੈ। ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੁਆਰਾ ਲਿਖੀ ਲੋਰੀ ਨੂੰ ਜਸਬੀਰ ਜੱਸੀ ਨੇ ਗਾਇਆ ਹੈ। ਆਧੁਨਿਕ ਤਕਨੀਕਾਂ ਦੇ ਵਿਕਸਿਤ ਹੋਣ ਨਾਲ ਮਾਂ ਦੇ ਗਰਭ ਵਿੱਚ ਹੀ ਮਾਦਾ ਭਰੂਣ ਨੂੰ ਮਾਰ ਦਿੱਤਾ ਜਾਂਦਾ ਹੈ। ਧੀ ਆਪਣੀ ਮਾਂ ਨੂੰ ਅਰਜੋਈ ਕਰਦੀ ਹੈ-:

ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿਛੜੇ ਜੀਅ ਨੂੰ 
ਜਾਂਦੀ ਵਾਰੀ ਮਾਏ ਇਕ ਲੋਰੀ ਦੇ ਦੇ।

ਹਿੰਦੀ ਫ਼ਿਲਮੀ ਖੇਤਰ ਦੀ ਪਹਿਲੀ ਲੋਰੀ 'ਸੌ ਜਾ ਰਾਜਕੁਮਾਰੀ ਹੈ' ਜਿਸ ਨੂੰ ਕੇ.ਐਲ.ਸਹਿਗਲ ਦੁਆਰਾ ਗਾਇਆ ਗਿਆ ਹੈ। ਲਤਾ ਮੰਗੇਸ਼ਕਰ ਨੇ ਬਹੁਤ ਸਾਰੀਆਂ ਲੋਰੀਆਂ ਗਾਈਆਂ ਹਨ।

ਲੋਰੀਆਂ ਦੀ ਗਾਇਨ ਵਿਧੀ[ਸੋਧੋ]

ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਲੋਰੀਆਂ ਰਜ ਭਰਪੂਰ ਹੁੰਦੀਆਂ ਹਨ। ਇਹਨਾਂ ਵਿਚਲੀ ਮਿਠਾਸ; ਮਧੁਰਤਾ ਬੱਚੇ ਦੇ ਭਵਿੱਖਮਈ ਜੀਵਨ ਨੂੰ ਸੰਗੀਤਕ ਤੰਦਾਂ ਨਾਲ ਜੋੜਦੀ ਹੈ। ਬੱਚਾ ਸਭ ਤੋਂ ਪਹਿਲਾਂ ਲੋਰੀਆਂ ਰਾਹੀਂ ਸੰਗੀਤ ਨਾਲ ਜੁੜਦਾ ਹੈ। ਲੋਰੀ ਨੂੰ ਸਵਰ ਅਲਪ ਵੀ ਕਿਹਾ ਜਾਂਦਾ ਹੈ। ਅੱਜ ਕੱਲ੍ਹ‌ ਭਾਵੇਂ ਬੱਚਿਆਂ ਨੂੰ ਲੋਰੀਆਂ ਘੱਟ ਦਿੱਤੀਆਂ ਜਾਂਦੀਆਂ ਹਨ ਪਰ ਬੱਚੇ ਨੂੰ ਸਵਾਉਣ ਵੇਲੇ ਅੱਜ ਵੀ ਸਵਰ ਅਲਾਪ ਦਾ ਸਹਾਰਾ ਲਿਆ ਜਾਂਦਾ ਹੈ। ਬੱਚੇ ਨੂੰ ਸਵਾਉਣ ਲਈ ਊ..ਊ..ਆ..ਆ.. ਆਦਿ ਦਾ ਸਵਰ ਅਲਾਪ ਕੀਤਾ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਗਾਈਆਂ ਜਾਂਦੀਆਂ ਲੋਰੀਆਂ ਵਿਚ ਸੰਗੀਤ ਸਵਰ ਅਲਾਪ ਰਾਹੀਂ ਪੈਦਾ ਹੁੰਦਾ ਪਰ ਪੇਸ਼ਾਵਰ ਜਾਤੀਆਂ ਦੀਆਂ ਲੋਰੀਆਂ ਵਿੱਚ ਇਹ ਸੰਗੀਤ ਸਾਜ਼ਾਂ ਰਾਹੀਂ ਪੈਦਾ ਕੀਤਾ ਜਾਂਦਾ ਹੈ। ਖੁਸਰਿਆਂ ਅਤੇ ਬਾਜ਼ੀਗਰਾਂ ਔਰਤਾਂ ਵੱਲੋਂ ਗਾਈਆਂ ਜਾਂਦੀਆਂ ਲੋਰੀਆਂ ਵਿਚ ਤਾੜੀ ਦੀ ਤਾਲ ਅਤੇ ਅੱਡੀ ਦੀ ਧਮਕ ਸੰਗੀਤ ਪੈਦਾ ਕਰਦੀ ਹੈ।

ਮਾਤਰਿਕ ਗਿਣਤੀ ਅਨੁਸਾਰ ਪਰਿਵਾਰਿਕ ਮੈਂਬਰਾਂ ਵੱਲੋਂ ਗਾਈ ਜਾਂਦੀ ਹੈ ਲੋਰੀ ਦੀ ਬਣਤਰ ਹੇਠ ਲਿਖੇ ਅਨੁਸਾਰ ਦਰਸਾਈ ਜਾ ਸਕਦੀ ਹੈ।

 ਅੱਲੜ ਬੱਲੜ ਬਾਵੇ ਦਾ
 ਬਾਵਾ ਕਣਕ ਲਿਆਵੇਗਾ
 ਅੰਮਾ ਬੈਠੀ ਛੱਟੇਗੀ 
 ਬਾਵੀ ਮੰਨ ਪਾਵੇਗੀ
 ਬਾਵਾ ਬੈਠਾ ਖਾਵੇਗਾ
 ਸੋਹਣੀ ਵਹੁਟੀ ਲਿਆਵੇਗਾ।

ਪੇਸ਼ਾਵਰ ਜਾਤੀਆਂ ਵੱਲੋਂ ਗਾਈਆਂ ਜਾਂਦੀਆਂ ਲੋਰੀਆਂ ਦੀ ਤੁਕਾਂ ਦੇ ਅੰਤ ਤੇ ਵੀ ਬਹੁਤੀ ਵਾਰ ਗੁਰੂ ਆਉਂਦਾ ਹੈ। ਇਹਨਾਂ ਲੋਰੀਆਂ ਦੀ ਛੰਦ ਚਾਲ ਵੀ ਪੰਜਾਬੀ ਛੰਦ ਵਿਧਾਨ ਅਨੁਸਾਰ ਨਹੀਂ ਹੈ।

ਉਦਾਹਰਨ[ਸੋਧੋ]

ਫ਼ਰਾਂਸੂਆ ਰੀਸ ਦੁਆਰਾ ਬਣਾਇਆ ਇੱਕ ਚਿੱਤਰ।

    ਸੌਂਜਾ ਕਾਕਾ ਬੱਲੀ,
    ਤੇਰੀ ਮਾਂ ਵਜਾਵੇ ਟੱਲੀ,
    ਤੇਰਾ ਪਿਉ ਵਜਾਵੇ ਛੈਣੇ,
    ਤੇਰੀ ਵਹੁਟੀ ਪਾਵੇ ਗਹਿਣੇ।

  ਮਿੱਠੀ-ਮਿੱਠੀ ਨੀਂਦੇ ਆ ਜਾ,
  ਛੇਤੀ-ਛੇਤੀ ਨੀਂਦੇ ਆ ਜਾ,
  ਸੋਹਣੇ ਵੀਰ ਨੂੰ ਸਵਾ ਜਾ,
  ਸੁਪਨੇ ਦਿਖਾ ਜਾ।
  ਗੁੱਡੀ ਮੇਰੀ ਬੀਬੀ ਰਾਣੀ,
  ਸੌ ਜਾ ਮੇਰੀ ਧੀ ਧਿਆਣੀ,
  ਗੁੱਡੀ ਮੇਰੀ ਬੀਬੀ ਰਾਣੀ,
  ਭਰ ਲਿਆਣੇ ਖੂਹ ਤੋਂ ਪਾਣੀ,
  ਛਮ ਛਮ ਵਰਸਿਆ ਮੀਂਹ,
  ਡਿੱਗ ਪਈ ਮੇਰੀ ਰਾਣੀ ਧੀ,
  ਗੁੱਡੀ ਮੇਰੀ ਬੀਬੀ ਰਾਣੀ,
  ਸੌ ਜਾ ਮੇਰੀ ਧੀ ਧਿਆਣੀ।

ਲੋਰੀਆਂ ਹੋਰ ਕਾਵਿ ਰੂਪਾਂ ਦੀ ਤਰ੍ਹਾਂ ਮੌਖਿਕ ਰੂਪ ਵਿਚ ਗਾਇਆ ਜਾਣਾ ਵਾਲਾ ਕਾਵਿ ਰੂਪ ਹੈ। ਲੋਰੀਆਂ ਨੂੰ ਵੱਖ-ਵੱਖ ਧਿਰਾਂ ਵੱਲੋਂ ਗਾਏ ਜਾਣ ਕਰਕੇ ਇਹਨਾਂ ਦੇ ਗਾਇਨ ਪ੍ਰਕਾਰਜ ਵਿਚ ਫਰਕ ਹੁੰਦਾ ਹੈ। ਇਸ ਤਰ੍ਹਾਂ ਲੋਰੀ ਬੱਚੇ ਦੇ ਜੀਵਨ ਦੇ ਮੁੱਢਲੇ ਪੜਾਅ ਨਾਲ ਸਬੰਧਤ ਕਾਵਿ ਰੂਪ ਹੈ। ਇਕ ਉਹ ਪੜਾਅ ਹੈ ਜਦੋਂ ਬੱਚਾ ਪੂਰੀ ਤਰ੍ਹਾਂ ਬੋਲਣਾ ਨਹੀਂ ਸਿੱਖਿਆ ਹੁੰਦਾ ਸਿਰਫ਼ ਸੁਣ ਸਕਦਾ ਹੈ। ਲੋਰੀ ਹੀ ਬੱਚੇ ਨੂੰ ਮਾਂ ਦੇ ਪਿਆਰ ਦੇ ਨਿੱਘ ਦਾ ਅਹਿਸਾਸ ਕਰਵਾਉਂਦੀ ਹੈ। ਲੋਰੀਆਂ ਰਾਹੀਂ ਹੀ ਬੱਚੇ ਦੀ ਸਮਾਜਿਕ ਜੀਵਨ ਨਾਲ ਸਾਂਝ ਪੈਦਾ ਕਰਦੀ ਹੈ। ਉਹ ਭਵਿੱਖਮਈ ਜੀਵਨ ਲਈ ਤਿਆਰ ਹੁੰਦਾ ਹੈ।

ਹਵਾਲੇ[ਸੋਧੋ]

 1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 2033. 
 2. لوری کی تاریخ