ਸਮੱਗਰੀ 'ਤੇ ਜਾਓ

ਵਕ੍ਰੋਕਤੀ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਕ੍ਰੋਕਤੀ ਤੋਂ ਮੋੜਿਆ ਗਿਆ)

ਵਕ੍ਰੋਕਤੀ ਸੰਪਰਦਾਇ

ਵਕ੍ਰੋਕਤੀ ਸ਼ਬਦਾਂ ਨੂੰ ਟੁੰਬਣ ਸ਼ੀਲ ਢੰਗ ਨਾਲ ਵਰਤ ਕੇ ਗੱਲ ਕਹਿਣ ਦਾ ਨਾਮ ਹੈ।

ਇਹ ਇਕ ਪਾਸੇ ਤਾਂ ਅਲੰਕਾਰ ਸੰਪਰਦਾਇ ਨਾਲ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਰੀਤੀ ਸੰਪਰਦਾਇ ਨਾਲ।

ਵਕ੍ਰੋਕਤੀ ਸੰਪਰਦਾ ਦਾ ਮੋਢੀ ਕੁੰਤਕ ਆਚਾਰੀਆ ਸੀ, ਜਿਸ ਦਾ ਜਨਮ 925 ਵਿਚ ਤੇ ਮੌਤ 1025 ਵਿਚ ਹੋਈ ਮੰਨੀ ਜਾਂਦੀ ਹੈ।ਉਸ ਦੇ ਗ੍ਰੰਥ ਦਾ ਨਾਮ "ਕਾਵ੍ਯ ਅਲੰਕਾਰ" ਹੈ।

ਉਂਝ ਇਹ ਸੰਪਰਦਾ ਬਾਰੇ ਪਹਿਲਾਂ ਭਾਮਹ ਅਤੇ ਬਾਣ ਭੱਟ ਵਿਚਾਰ ਪੇਸ਼ ਕਰ ਚੁਕੇ ਸਨ।

ਫ਼ਰਕ ਇਹ ਹੈ ਕਿ ਕੁਝ ਵਿਦਵਾਨਾਂ ਨੇ ਵਕ੍ਰੋਕਤੀ ਨੂੰ ਇਕ ਖਾਸ ਅਲੰਕਾਰ ਬਣਾਉਣਾ ਦਾ ਯਤਨ ਕੀਤਾ ਪਰ ਅਸਲ ਵਿਚ ਇਹ ਅਲੰਕਾਰ ਨਹੀਂ ਹੈ, ਇਹ ਤਾਂ ਸਾਰੇ ਅਲੰਕਾਰਾਂ ਦਾ ਪ੍ਰਾਣ ਹੈ,ਸਾਰੇ ਅਲੰਕਾਰਾਂ ਵਿਚ ਵਕ੍ਰੋਕਤੀ ਆਉਂਦੀ ਹੈ।

ਵਕ੍ਰੋਕਤੀ ਦਾ ਸ਼ਬਦੀ ਅਰਥ ਹੈ - ਚਤੁਰਾਈ ਅਤੇ ਵਿਅੰਗ ਭਰਿਆ ਬਿਆਨ।

P.V. Kane ਆਪਣੀ ਪੁਸਤਕ ਸਾਹਿਤ ਦਰਪਣ ਵਿਚ ਲਿਖਦਾ ਹੈ  - Vakrokati is a striking mode of speech (ਗੱਲ ਕਹਿਣ ਦਾ ਟੁੰਬਣਸ਼ੀਲ ਤਰੀਕਾ)।

ਇਸ ਨਿਯਮ ਦੇ ਤਰੀਕੇ ਨੂੰ ਪਹਿਲਾਂ ਯੂਨਾਨੀਆਂ ਤੇ ਪਿਛੋਂ ਹੋਰ ਪੱਛਮੀ ਵਿਦਵਾਨਾਂ ਨਰ ਸਲਾਹਿਆ ਹੈ।ਉਦਾਹਰਣ ਵਜੋਂ ਅਰਸਤੂ ਨੇ ਕਿਹਾ ਸੀ -

The Diction becomes distinguished and non-prosaic by the use of unfamiliar terms--  strange words, mataphors, lengthened forms and every thing that deviates from the ordinary mode of speech.

ਭਾਵ ਇਹ ਸੀ ਕਿ ਲੇਖਕ ਆਪਣੀ ਗੱਲ ਕਹਿਣ ਲੱਗਿਆਂ ਆਮ ਬੋਲਚਾਲ ਦੇ ਤਰੀਕੇ ਨਾਲੋਂ ਵੱਖਰੇ ਤਰੀਕੇ ਨਾਲ ਕਹੇ।

ਇਸ ਵੱਖਰੇ ਤਰੀਕੇ ਨਾਲ ਕਹਿਣ ਨਾਲ ਗੱਲ ਅਲੰਕਾਰ ਮਈ ਬਣ ਜਾਂਦੀ ਹੈ ਤੇ ਅਲੰਕਾਰ ਬਹੁਤ ਕਿਸਮਾਂ ਦੇ ਹੁੰਦੇ ਹਨ, ਇਸ ਕਰਕੇ ਕਿਹਾ ਗਿਆ ਹੈ ਕਿ ਵਕ੍ਰੋਕਤੀ ਨੂੰ ਕੋਈ ਖਾਸ ਅਲੰਕਾਰ ਨਹੀਂ ਰਹਿਣਾ ਚਾਹੀਦਾ।

ਕੁੰਤਕ ਆਪਣੇ ਗ੍ਰੰਥ ਵਿਚ ਲਿਖਦਾ ਹੈ -- "ਉਹ ਸ਼ਬਦ ਤੇ ਅਰਥ ਕਾਵਿ ਹਨ ਜਿਹੜੇ ਵਿਅੰਗ ਭਰਪੂਰ ਢੰਗ ਨਾਲ ਕਹੇ ਗਏ ਹਨ ਤੇ ਕਾਵਿ ਰਸੀਆਂ ਦੇ ਦਿਲਾਂ ਨੂੰ ਤ੍ਰਿਪਤ ਕਰਦੇ ਹਨ।"

ਇਸਨੂੰ ਅਸੀਂ ਹੁਣ ਦੀ ਸੰਕੇਤਾਵਲੀ ਵਿਚ ਇਉਂ ਕਹਿ ਸਕਦੇ ਹਾਂ ਕਿ ਵਸਤੂ ਅਤੇ ਰੂਪ ਦੋਨਾਂ ਪੱਖਾਂ ਤੋਂ ਕਹੀ ਗਈ ਗੱਲ ਕੁਛ ਨਿਰਾਲੀ ਅਤੇ ਮਨ ਨੂੰ ਟੁੰਬਣਵਾਲੀ ਹੋਣੀ ਚਾਹੀਦੀ ਹੈ।

ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ ਵਕ੍ਰੋਕਤੀ ਦੀ ਵਿਆਖਿਆ ਕਰਨ ਲਈ ਕਹਿੰਦੇ ਹਨ ਕਿ ਆਮ ਆਦਮੀ ਜੀਵਨ ਵਿਚ ਕਹਿੰਦਾ ਹੈ ਕਿ ਸੂਰਜ ਛਿਪ ਰਿਹਾ ਹੈ, ਪਰ ਕਲਾਕਾਰ ਕਹਿੰਦਾ ਹੈ - ਦਿਨ ਭਰ ਅਸਮਾਨ ਵਿਚ ਚੱਕਰ ਲਾਉਣ ਤੋਂ ਪਿਛੋਂ ਖੱਪ ਭਗਵਾਨ ਸੂਰਜ ਪੱਛੋਂ ਦੇ ਮਹੱਲ ਵਿਚ ਵਿਸਰਾਮ ਕਰਨ ਲਈ ਜਾ ਰਹੇ ਹਨ।

ਡਾ: ਰਾਮ ਲਾਲ ਸਿਹੁੰ ਆਪਣੀ ਪੁਸਤਕ "Some oF Sanskrit Poetics" ਵਿਚ ਕਹਿੰਦੇ ਹਨ ਕਿ ਸੰਸਾਰ ਵਿਚ ਗੱਲ ਕਹਿਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਹਨ - ਇਕ ਆਮ ਲੋਕ, ਦੂਸਰੇ ਵਿਦਵਾਨ ਲੋਕ (ਵਿਦਵਤ) ਤੇ ਤੀਸਰੇ ਸਾਹਿਤਕਾਰ (ਵਿਦਗਧ।)

ਵਿਦਵਾਨ ਲੋਕ ਜੋ ਸ਼ੈਲੀ ਵਰਤਦੇ ਹਨ, ਉਸ ਨਾਲ ਗਿਆਨ ਦੇਣ ਵਾਲਾ ਸਾਹਿਤ ਪੈਦਾ ਹੁੰਦਾ ਹੈ, ਤੇ ਲੇਖਕ ਜੋ ਸ਼ੈਲੀ ਵਰਤਦੇ ਹਨ, ਉਸ ਨਾਲ ਟੁੰਬਣ ਵਾਲਾ ਸਾਹਿਤ ਪੈਦਾ ਹੁੰਦਾ ਹੈ।ਵਕ੍ਰੋਕਤੀ ਇਸ ਟੁੰਬਣ ਵਾਲੇ ਸਾਹਿਤ ਵਿਚ ਵਰਤੀ ਜਾਂਦੀ ਹੈ।

ਡਾ: ਨਗੇਂਦਰ ਆਪਣੀ ਪੁਸਤਕ "ਭਾਰਤੀ ਕਾਵਿ ਸ਼ਾਸਤਰ" (ਹਿੰਦੀ) ਦੀ ਭੂਮਿਕਾ ਵਿਚ ਕਹਿੰਦੇ ਹਨ ਕਿ "ਕੁੰਤਕ ਦੀ ਵਕ੍ਰੋਕਤੀ ਉਸ ਯੁਕਤੀ ਜਾਂ ਕਥਨ-ਸ਼ੈਲੀ ਦਾ ਨਾਮ ਹੈ ਜੋ ਲੋਕ ਵਿਵਹਾਰ (daily life) ਅਤੇ ਸ਼ਾਸਤਰ (literature of knowledge) ਵਿਚ ਵਰਤੇ ਜਾਣ ਵਾਲੇ ਸ਼ਬਦ-ਅਰਥ ਦੀ ਪਰੰਪਰਾ ਤੋਂ ਵੱਖ, ਕਵੀ-ਪ੍ਰਤਿਭਾ ਤੋਂ ਉਤਪੰਨ ਚਮਤਕਾਰ ਦੇ ਕਾਰਨ, ਭਾਵੁਕ ਮਨਾਂ ਨੂੰ ਟੁੰਬਣ ਵਾਲੀ ਹੁੰਦੀ ਹੈ।

ਇਉਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਵਕ੍ਰੋਕਤੀ ਪਹਿਲਾਂ ਪਹਿਲਾਂ ਕਵਿਤਾ ਵਿਚ, ਤੇ ਹੁਣ ਬਾਕੀ ਸਾਹਿਤ ਵਿਚ ਵੀ, ਨਾ ਕੇਵਲ ਗੱਲ ਦੀ ਨਵੀਨਤਾ, ਮੌਲਿਕਤਾ ਅਤੇ ਅਸਾਧਾਰਨਤਾ ਦਾ ਨਾਮ ਹੈ, ਸਗੋਂ ਕਹਿਣ ਦੇ ਵੱਲ ਖੂਬਸੂਰਤੀ ਵੀ ਇਸ ਵਿਚ ਸ਼ਾਮਿਲ ਹੈ।ਉਹੀ ਲੇਖਕ ਸਫਲ ਹੈ ਅਤੇ ਜ਼ਿਆਦਾ ਸਫਲ ਹੈ ਜਿਸ ਪਾਸ ਕਹਿਣ ਲਈ ਵੀ ਨਵੀਂ ਗੱਲ ਹੈ ਤੇ ਜਿਨ੍ਹਾ ਸ਼ਬਦਾਂ ਵਿਚ ਇਹ ਗੱਲ ਕਹੀ ਗਈ ਹੈ, ਉਨ੍ਹਾਂ ਦੀ ਵਰਤੋਂ ਵਿਚ ਵੀ ਨਵੀਨਤਾ ਹੈ।

ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਗੱਲ ਉਤੇ ਵੀ ਚਰਚਾ ਕੀਤੀ ਹੈ ਕਿ ਇਹ ਵਕ੍ਰੋਕਤੀ ਦਾ ਗੁਣ ਪੈਦਾ ਕਿਵੇਂ ਹੋ ਸਕਦਾ ਹੈ।ਉਹ ਕਹਿੰਦੇ ਹਨ ਕਿ ਮੁੱਢਲੀ ਗੱਲ ਕਵੀ ਦੀ ਪ੍ਰਤਿਭਾ ਹੈ, ਜਿੰਨਾ ਵਿਅਕਤਿਤਵ ਨਿਰਾਲਾ ਅਤੇ ਸ਼ਕਤੀਸ਼ਾਲੀ ਹੈ, ਜਿੰਨੀ ਕਿਸੇ ਦੀ ਪ੍ਰਤਿਭਾ ਮਹਾਨ ਹੈ, ਉਨੀ ਹੀ ਉਸਦੀ ਗੱਲ ਵੀ ਨਿਰਾਲੀ ਹੋਵੇਗੀ ਤੇ ਗੱਲ ਲਈ ਵਰਤੇ ਗਏ ਸ਼ਬਦ ਵੀ ਨਿਰਾਲੇ ਹੋਣਗੇ।

ਇਸੇ ਕਰਕੇ ਕਿਹਾ ਗਿਆ ਹੈ ਕਿ ਵਕ੍ਰੋਕਤੀ ਲੇਖਕ ਦੀ ਸਖਸ਼ੀਅਤ ਦਾ ਅਕਸ ਹੈ।ਇਸ ਵਿਚ ਉਸ ਦਾ ਆਪਣਾ ਸੁਭਾ, ਉਸਦੀ ਆਪਣੀ ਵਿਦਿਆ, ਭਾਸ਼ਾ ਬਾਰੇ ਪ੍ਰਵੀਨਤਾ ਅਤੇ ਸਾਹਿਤ ਬਾਰੇ ਉਸ ਦੀ ਸੂਝ-ਬੂਝ ਕੰਮ ਆਉਂਦੇ ਹਨ।

ਵਿਦਵਾਨਾਂ ਨੇ ਵਕ੍ਰੋਕਤੀ ਦੇ ਅੱਗੇ ਬਹੁਤ ਸਾਰੇ ਭੇਦ ਦੱਸੇ ਹਨ।ਉਦਾਹਰਣ ਵਜੋਂ ਇਕ ਭੇਦ ਹੈ, ਜਿਸ ਵਿਚ ਵਰਣਮਾਲਾ ਦੇ ਅੱਖਰ ਆਪਣਾ ਚਮਤਕਾਰ ਪੈਦਾ ਕਰਦੇ ਹਨ, ਇਸੇ ਤਰ੍ਹਾਂ ਇਕ ਹੋਰ ਭੇਦ ਹੈ, ਜਿੱਥੇ ਅੱਖਰ ਨਹੀਂ, ਸਗੋਂ ਸ਼ਬਦ ਆਪਣਾ ਚਮਤਕਾਰ ਪੈਦਾ ਕਰਦੇ ਹਨ।

ਪਹਿਲੇ ਭੇਦ ਨੂੰ ਵਰਣ-ਵਕ੍ਰੋਕਤੀ, ਦੂਸਰੇ ਨੂੰ ਪਦ-ਵਕ੍ਰੋਕਤੀ ਅਤੇ ਇਕ ਹੋਰ ਨੂੰ ਵਾਕ-ਵਕ੍ਰੋਕਤੀ ਕਿਹਾ ਗਿਆ ਹੈ।

ਵਰਣ ਵਕ੍ਰੋਕਤੀ ਦੀਆਂ ਮਿਸਾਲਾਂ ਸਾਡੇ ਮੱਧ ਕਾਲ ਦੇ ਸਾਹਿਤ ਵਿਚ ਬਹੁਤ ਮਿਲਦੀਆਂ ਹਨ।ਜਪੁਜੀ ਸਾਹਿਬ ਵਿਚ ਗੁਰੂ ਨਾਨਕ ਤੇ ਸੁਖਮਨੀ ਵਿਚ ਗੁਰੂ ਅਰਜਨ ਇਸ ਦਾ ਚਮਤਕਾਰ ਪੈਦਾ ਕਰਦੇ ਹਨ।ਉਦਾਹਰਣ ਵਜੋਂ ਇਹ ਪਉੜੀ ਪੜ੍ਹੋ :-

ਬਹੁਤਾ ਕਰਮ ਲਿਖਿਆ ਨਾ ਜਾਏ

ਵੱਡਾ ਦਾਤਾ ਤਿਲ ਨਾ ਤਮਾਏ

ਕੇਤੇ ਮੰਗਿਹ ਜੋਧ ਅਪਾਰ

ਕੇਤਿਆਂ ਗਣਤਿ ਨਹੀਂ ਵੀਚਾਰ

ਇਹਨਾਂ ਵਿਚ ਤੱਤੇ ਦੀ ਮੁਹਾਰਨੀ ਵਰਣ ਵਕ੍ਰੋਕਤੀ ਦੀ ਮਿਸਾਲ ਪੈਦਾ ਕਰਦੀ ਹੈ।ਜਪੁਜੀ ਦੀ ਬਾਰ੍ਹਵੀਂ ਪਉੜੀ 'ਕੱਕੇ' ਦੀ ਮੁਹਾਰਨੀ ਰਾਹੀਂ ਖੂਬਸੂਰਤੀ ਪੈਦਾ ਕਰਦੀ ਹੈ, ਜਪੁਜੀ ਵਿਚ ਪੂਰੇ ਦੇ ਪੂਰੇ ਪਦ ਦੁਹਰਾ ਕੇ ਵੀ ਇਹੋ ਜਿਹੀ ਖੂਬਸੂਰਤੀ ਪੈਦਾ ਨਹੀਂ ਕੀਤੀ ਗਈ ਹੈ :-

ਕਵਣੁ ਸੁ ਵੇਲਾ ਵਖਤ ਕਵਣੁ

ਕਵਣੁ ਥਿਤਿ ਕਵਣੁ ਵਾਰ ?

ਕੁੱਝ ਲੋਕਾਂ ਨੇ ਇਸ ਵਕ੍ਰੋਕਤੀ ਸੰਪਰਦਾਇ ਨੂੰ ਆਜ ਕੱਲ੍ਹ ਦੇ "ਕਲਾ ਕਲਾ ਲਈ" ਦੇ ਸਿਧਾਂਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਗੱਲ ਠੀਕ ਨਹੀਂ ਹੈ।ਡਾ: ਰਾਮ ਲਾਲ ਸਿੰਹ ਕਹਿੰਦੇ ਹਨ - "ਕੁੰਤਕ ਕਲਾ ਕਲਾ ਲਈ ਸਿਧਾਂਤ ਦੇ ਸਮਰੱਥਕ ਨਹੀਂ ਸਨ, ਸਗੋਂ ਕਲਾ ਜੀਵਨ ਲਈ ਸਿਧਾਂਤ ਦੇ ਅਨੁਸਾਰੀ ਸਨ, ਕਿਉਂਕਿ ਉਨ੍ਹਾਂ ਦੇ ਦੱਸੇ ਕਾਵਿ ਦੇ ਪ੍ਰਯੋਜਨਾਂ ਤੋਂ ਇਹ ਮੱਤ ਪ੍ਰਗਟ ਹੁੰਦਾ ਹੈ।