ਵਕ੍ਰੋਕਤੀ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਕ੍ਰੋਕਤੀ ਸੰਪਰਦਾਇ' ਕਾਵਿ ਦੇ ਬਾਕੀ ਪੰਜ ਸਿਧਾਂਤਾ (ਰਸ, ਧੁਨੀ, ਅੰਲਕਾਰ, ਰੀਤੀ, ਔਚਿਤਯ) ਵਾਂਗ ਛੇਵਾਂ ਸਿਧਾਂਤ ਵਕ੍ਰੋਕਤੀ ਕਾਵਿ ਦਾ ਜਿੰਦ-ਜਾਨ ਵੀ ਮੰਨੀ ਜਾਂਦੀ ਹੈ। ਵਕ੍ਰੋਕਤੀ ਦਾ ਮਤਲਬ ਹੈ ਕਿਕਿ‘ਵਿਅੰਗਪੁਰਨ ਕਥਨ’ ਆਮ-ਸਿੱਧੇ-ਪੱਧਰੇ ਬੋਲ ਤੇ ਕਥਨ ਕੋਈ ਖੂਬੀ, ਨਿਵੇਕਲੀ ਜਿਹੀ ਗੱਲ ਪੈਦਾ ਨਹੀਂ ਕਰ ਸਕਦੇ, ਕਵਿਤਾ ਵਿੱਚ ਵਕ੍ਰੋਕਤੀ ਨਾਲ ਵਿਲੱਖਣਤਾ ਪੈਦਾ ਹੁੰਦੀ ਹੈ। ਵਕ੍ਰੋਕਤੀ ਦੋ ਸ਼ਬਦਾ ਤੋਂ ਬਣਿਆ ਹੈ ਵਕ੍ਰ+ਉਕਤੀ ਭਾਵ ਕਿ ਟੇਡਾ ਕਥਨ। ਕੁਤੰਕ ਦਾ ਮੰਨਣਾ ਹੈ ਕਿ ‘ਕਾਵਿ ਵਿੱਚ ਸਿੱਧੇ ਢੰਗ ਨਾਲ ਕਹੀ ਗਈ ਗੱਲ ਕਾਵਿਤ੍ਵ ਨੂੰ ਪ੍ਰਾਪਤ ਨਹੀ ਕਰ ਸਕਦੀ ਉਸ ਵਿੱਚ ਕਾਵਿਤ੍ਵ ਦੀ ਪ੍ਰਤਿਸ਼ਠਾ ਤਦੋਂ ਹੁੰਦੀ ਹੈ ਜਦੋਂ ਆਪਣੇ ਸੁਚਜ ਨਾਲ ਸਾਧਾਰਣ ਕਥਨ ਨੂੰ ਵੀ ਸੁੰਦਰ ਅਤੇ ਚਮਤਕਾਰ ਬਣਾ ਦਿੰਦੀ ਹੈ।’ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਬਦ ਤੋਂ ਬਿਨਾਂ ਅਰਥ ਅਧਾਰਹੀਣ ਹੈ ਤੇ ਅਰਥ ਤੋਂ ਬਿਨਾਂ ਸ਼ਬਦ ਦੀ ਕੋਈ ਉਪਯੋਗਤਾ ਨਹੀ।

ਆਚਾਰੀਆ ਕੁੰਤਕ ਬਾਰੇ[ਸੋਧੋ]

ਆਚਾਰੀਆ ਕੁੰਤਕ ਵਕ੍ਰੋਕਤੀ ਸਿਧਾਂਤ ਦੇ ਸੰਸਾਥਾਪਕ ਹਨ। ਉਹ ਕਸ਼ਮੀਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਜੀਵਨ ਕਾਲ 950 ਤੋਂ 1050 ਮੰਨਿਆ ਗਿਆ ਹੈ, ਉਹਨਾਂ ਨੇ ਵਕ੍ਰੋਕਤੀ ਸੰਪਰਦਾਇ ਨਾਲ ਸੰਬੰਧਿਤ ਗ੍ਰੰਥ ‘ਵਕ੍ਰੋਕਤੀ ਜੀਵਤੰ’ ਦੀ ਰਚਨਾ ਕੀਤੀ। ਇਸ ਗ੍ਰੰਥ ਵਿੱਚ ਉਪਲੱਬਧ ਕਾਵਿ ਉਕਤੀਆਂ, ਆਚਾਰੀਆਂ ਦੇ ਨਾਵਾਂ ਅਤੇ ਉਹਨਾਂ ਦੇ ਹੋਰ ਪ੍ਰਸਿੱਧ ਗ੍ਰੰਥਾਂ ਵਿੱਚੋਂ ਲਈਆਂ ਗਈਆਂ ਉਦਾਹਰਣਾਂ ਦੇ ਆਧਾਰ ਉੱਤੇ ਹੀ ਆਚਾਰੀਆ ਕੁੰਤਕ ਦਾ ਜੀਵਨ ਕਾਲ ਨਿਸ਼ਚਿਤ ਕੀਤਾ ਜਾਂਦਾ ਹੈ। ' ਸੰਸਕ੍ਰਿਤ ਕੁੰਤਕ ਦਾ ਗ੍ਰੰਥ ‘ਵਕ੍ਰੋਕਤੀ ਜੀਵਤੰ’ ਭਾਸ਼ਾ ਵਿੱਚ ਲਿਖਿਆ ਸਾਹਿਤ ਸਿਧਾਂਤ ਦਾ ਆਧਾਰ ਗ੍ਰੰਥ ਹੈ। ਉਹਨਾਂ ਦੇ ਇਸੇ ਗ੍ਰੰਥ ਨਾਲ ਹੀ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਰਦਾਇ ਵਕ੍ਰੋਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ। ਪਰ ਉਸ ਦਾ ਵਿਕਾਸ ਕੁੰਤਕ ਨੇ ਇਸ ਗ੍ਰੰਥ ਵਿੱਚ ਕੀਤਾ। ਵਕ੍ਰੋਕਤੀ ਦੀ ਨਿਯਮਿਤ ਤੇ ਵਿਧਿ-ਪੂਰਵਕ ਸਥਾਪਨਾ ਭਾਵੇਂ ਕੁੰਤਕ ਨੇ ਹੀ ਕੀਤੀ ਪ੍ਰੰਤੂ ਇਸ ਦੀ ਵਰਤਮਾਨ ਹੋਂਦ ਤੇ ਮਹੱਤਤਾ ਕਿਸੇ ਨਾ ਕਿਸੇ ਰੂਪ ਵਿੱਚ ਢੇਰ ਚਿਰ ਪਹਿਲਾ ਤੋਂ ਹੀ ਮਿਲਦੀ ਹੈ। ਜਿੱਥੇ ਸਮੀਖਿਆਕਾਰਾਂ, ਆਚਾਰਯਾ ਨੇ ਵਕ੍ਰੋਕਤੀ ਦੇ ਸਰੂਪ, ਲੱਛਣ ਤੇ ਉਪਯੋਗਤਾ ਬਾਰੇ ਆਪੋ ਆਪਣੇ ਸਿਧਾਂਤ ਦੇ ਅਨੁਸਾਰ ਵਿਆਖਿਆ ਕੀਤੀ ਹੈ। ਉੱਥੇ ਸੰਸਕ੍ਰਿਤ ਦੇ ਕਵੀਆਂ ਨੇ ਹੀ ਕਿਤੇ-ਕਿਤੇ ਇਸ ਦੇ ਸੰਕੇਤ ਕੀਤੇ ਹਨ।

ਵਕ੍ਰੋਕਤੀ ਸੰਬੰਧੀ ਵੱਖ-ਵੱਖ ਆਚਾਰੀਆ ਭਾਮਹ, ਦੰਡੀ ਵਾਮਨ, ਕੁੰਤਕ, ਆਨੰਦਵਰਧਨ, ਭੋਜ ਅਤੇ ਮੰਮਟ ਆਦਿ ਨੇ ਵਿਚਾਰ ਪੇਸ਼ ਕੀਤੇ ਹਨ। ਆਚਾਰੀਆ ਮੰਮਟ ਨੇ ਵਕ੍ਰੋਕਤੀ ਬਾਰੇ ਕਿਹਾ ਹੈ ਕਿ , ‘ਵਿਚਿਤ੍ਰਤਾ ਦੀ ਪੂਰਤੀ ਲਈ ਜਿੱਥੇ ਆਮ ਪ੍ਰਸਿੱਧ ਸ਼ੈਲੀ ਦਾ ਤਿਆਗ ਕਰਕੇ ਉਹੋ ਭਾਵ ਦੂਜੀ ਤਰ੍ਹਾਂ ਚਮਤਕਾਰੀ ਢੰਗ ਨਾਲ ਵਰਣਨ ਕੀਤਾ ਜਾਂਦਾ ਹੇਵੇ, ਉਹ ਵਕ੍ਰੋਕਤੀ ਹੈ।'[1]

ਇਸ ਤਰ੍ਹਾਂ ਆਚਾਰੀਆ ਕੁੰਤਕ ਨੇ ਆਪਣੇ ਗ੍ਰੰਥ ‘ਵਕ੍ਰੋਕਤੀ ਜੀਵਤੰ' ਵਿੱਚ ਵਕ੍ਰੋਕਤੀ ਦੇ ਸਰੂਪ ਅਤੇ ਮਹੱਤਵ ਦੀ ਵਿਆਖਿਆ ਕਰਦਿਆ ਉਹਨਾਂ ਨੇ ਵਕ੍ਰੋਕਤੀ ਨੂੰ ਹੀ ਕਾਵਿ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਹੈ-

ਵਕ੍ਰੋਕਤੀ ਪ੍ਰਸਿੱਧ ਕਥਨ ਤੋਂ ਭਿੰਨ ਵਿਚਿਤ੍ਰ ਅਭਿਧਾ ਜਾਂ ਵਰਨਣ ਸ਼ੈਲੀ ਹੈ। ਇਹ ਕਿਹੋ ਜਿਹੀ ਹੈ?? ਇਹ ਵਿਹਗਧਤਾ (ਵਿਚਿਤ੍ਰਤਾ) ਪੂਰਨ ਭੰਗਿਆ (ਵਕ੍ਰਤਾ) ਰਾਹੀਂ ਪੇਸ਼ ਕੀਤੀ ਗਈ ਉਕਤੀ ਹੈ। ਵਿਦਰਾਧਤਾ ਦਾ ਅਰਥ ਹੈ ਕਵੀ-ਕਰਮ ਦੇ ਕੌਸ਼ਲ ਵਕ੍ਰਤਾ ਜਾਂ ਸੋਭਾ ਅਤੇ ਉਸ ਦੇ ਦੁਆਰਾ ਉਕਤੀ।"[2]

ਆਚਾਰੀਆ ‘ਦੰਡੀ ' ਨੇ ਵੀ ਆਪਣੇ ਗ੍ਰੰਥ ‘ਕਾਵਿ-ਆਦਰਸ਼ ' ਵਿੱਚ ਵਕ੍ਰੋਕਤੀ ਸੰਬੰਧੀ ਚਰਚਾ ਕੀਤੀ ਹੈ। ਆਚਾਰੀਆ ਵਾਮਨ ਨੇ ਵਕ੍ਰੋਕਤੀ ਨੂੰ ਅਰਥ-ਅਲੰਕਾਰ ਵਜੋਂ ਸਵੀਕਾਰ ਕੀਤਾ ਹੈ ਉਹਨਾਂ ਦੁਆਰਾ ‘‘ਵਿਸ਼ਿਸਟ ਪਦ ਰਚਨਾ ਨੂੰ ਰੀਤੀ ਆਖਣਾ ਅਸਲ ਵਿੱਚ ‘ਵਕ੍ਰਤਾ' ਨੂੰ ਹੀ ਸਵੀਕਾਰ ਕਰਨਾ ਹੈ।"

ਆਚਾਰੀਆ ਭੋਜ ਵੀ ਵਕ੍ਰੋਕਤੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਆਚਾਰੀਆ ਭੋਜ ਕੁੰਤਕ ਦੇ ਸਮਕਾਲੀ ਸਨ। ਭੋਜ ਨੇ ਆਪਣੇ ਦੋ ਗ੍ਰੰਥਾਂ ‘ਸਰਸਵਤੀ ਕੰਠਾਭਰਣ ' ਅਤੇ ‘ਸ਼ਿੰਗਾਰ ਪ੍ਰਕਾਸ਼ ' ਵਿੱਚ ਵਕ੍ਰੋਕਤੀ ਸੰਬੰਧੀ ਪ੍ਰਮਾਣਿਕ ਸਮੀਖਿਆ ਕੀਤੀ ਹੈ, ਉਹ ਅਲੰਕਾਰ ਦੁਆਰਾ ਪੈਦਾ ਕੀਤੀ ਕਾਵਿ ਸ਼ੋਭਾ ਤੇ ਸੁੰਦਰਤਾ ਨੂੰ ਵਕ੍ਰਤਾ ਆਖਦੇ ਹਨ। ਉਹ ਕਹਿੰਦੇ ਹਨ ਕਿ ‘‘ਵਕ੍ਰਕਤਾ ਤੋਂ ਬਿਨਾਂ ਕਾਵਿ ਸਾਧਾਰਣ ਬਣ ਕੇ ਰਹਿ ਜਾਏਗਾ ਅਤੇ ਉਸ ਤੋ ਬਿਨਾਂ ਅਲੰਕਾਰ ਕਹਾਉਣ ਦੇ ਅਧਿਕਾਰੀ ਨਹੀ ਰਹਿਣਗੇ।" [3]

ਇਸ ਤਰ੍ਹਾਂ ਇਹਨਾਂ ਪ੍ਰੀਭਾਸ਼ਾਵਾਂ ਤੋਂ ਅਸੀ ਕਹਿ ਸਕਦੇ ਹਾਂ ਕਿ ਵਕ੍ਰੋਕਤੀ ਸੰਪ੍ਰਦਾਇ ਦਾ ਕੇਂਦਰੀ ਤੱਤ ਵਕ੍ਰਤਾ ਹੈ ਮਤਲਬ ਕਿ ਵਿਅੰਗਪੁਣਾ ਜੋ ਆਮ ਸਹਿਜ-ਸੁਭਾਅ ਲੋਕ-ਕਥਨ ਤੋਂ ਬਿਲਕੁਲ ਉਲਟ ਹੈ।

ਕੁੰਤਕ ਨੇ ਆਪਣੇ ਗ੍ਰੰਥ ‘ਵਕ੍ਰੋਕਤੀ ਜੀਵਤੰ' ਵਿੱਚ ਵਕ੍ਰੋਕਤੀ ਦੀਆਂ ਛੇ ਕਿਸਮਾਂ ਮੰਨੀਆਂ ਹਨ ਜੋ ਇਸ ਤਰ੍ਹਾਂ ਹੈ-

 1. ਵਰਣ ਵਿਨਿਆਸ ਵਕ੍ਰਤਾ
 2. ਪਦ-ਪੂਰਵਾਰਧ ਵਕ੍ਰਤਾ
 3. ਪਦ-ਪਗਰਾਧ ਵਕ੍ਰਤਾ
 4. ਵਾਕ-ਵਕ੍ਰਤਾ
 5. ਪ੍ਰਕਰਣ ਵਕ੍ਰਤਾ
 6. ਪ੍ਰਬੰਧ-ਵਕ੍ਰਤਾ

1. ਵਰਣ ਵਿਨਿਆਸ ਵਕ੍ਰਤਾ[ਸੋਧੋ]

ਇਸ ਵਕ੍ਰਤਾ ਬਾਰੇ ਕ੍ਰਤੰਕ ਨੇ ਲਿਖਿਆ ਹੈ, “ਜਿੱਥੇ ਇਕ, ਦੋ ਜਾਂ ਬਹੁਤ ਸਾਰੇ ਵਰਣ ਥੋੜੇ ਫ਼ਰਕ ਨਾਲ ਵਾਰ-ਵਾਰ ਰੱਖੇ ਗਏ ਜਾਂ ਗੁੰਦੇ ਗਏ ਹੁੰਦੇ ਹਨ ਉੱਥੇ ਵਰਣ ਵਕ੍ਰਤਾ ਹੈ।” ਉਹ ਕਹਿੰਦੇ ਹਨ ਕਿ ਇੱਕ ਉੱਤਮ ਕਵੀ ਆਪਣੀ ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿੱਚ ਭਾਸ਼ਾ-ਧੂਨੀਆਂ ਦੀ ਤਰਤੀਬ ਤੇ ਯੋਜਨਾਂ ਨੂੰ ਇਸ ਤਰ੍ਹਾਂ ਗੁੰਦਦਾ, ਚਿਣਦਾ, ਜੜਦਾ, ਪ੍ਰੋਂਦਾ ਤੇ ਦੁਹਰਾਉਦਾ ਹੈ ਕਿ ਇਸ ਜੁਗਤ ਨਾਲ ਕਿਸੇ ਕਲਾਤਮਕ ਸੁਗਤ ਦੀ ਪ੍ਰਤੀ ਹੁੰਦੀ ਹੈ। ਵਰਨ ਵਕ੍ਰਤਾ ਤਿੰਨ ਪ੍ਰਕਾਰ ਦੀ ਮੰਨੀ ਗਈ ਹੈ, ਇੱਕ ਵਰਣ ਦਾ ਦੁਹਰਾਉ, ਦੋ ਵਰਣਾਂ ਦਾ ਦੁਹਰਾਉ ਅਤੇ ਅਨੇਕ ਵਰਣਾਂ ਦਾ ਦੁਹਰਾਉ। ਭਾਵ ਜਿੱਥੇ ਬਾਰ ਬਾਰ ਥੋੜ੍ਹੀ ਜਿਹੀ ਦੂਰੀ ਨਾਲ ਯੋਜਨਾ ਕੀਤੀ ਜਾਂਦੀ ਹੈ ਉਹ ਇਸ ਵਕ੍ਤਾ ਦਾ ਪਹਿਲਾ ਭੇਦ ਹੈ। 'ਤ' 'ਲ' 'ਨ' ਆਦਿ ਭਾਵ 'ਤਕਾਰ' 'ਲਕਾਰ' ਤੇ 'ਨਕਾਰ' ਆਦਿ ਵਰਣ ਦੋ ਵਾਰ ਆਉਣ ਵਾਲੇ ਦੁਗਣੇ ਹੋ ਕੇ ਬਾਰ ਬਾਰ ਜਿੱਥੇ ਥੋੜ੍ਹੀ ਦੂਰੀ ਵਿੱਚ ਦੁਹਰਾਏ ਜਾਂਦੇ ਹਨ ਉੱਥੇ ਇਸ ਵਕ੍ਤਾ ਦਾ ਦੂਜਾ ਭੇਦ ਹੈ। ਇਨ੍ਹਾਂ ਤੋਂ ਭਿੰਨ ਬਾਕੀ ਦੇ ਜੋ ਸਾਰੇ ਵਿਅੰਜਨ ਵਰਣ ਹਨ ਉਹ ਰੇਫ ਆਦਿ ਨਾਲ ਮਿਲਕੇ ਜਦੋਂ ਬਾਰ ਬਾਰ ਥੋੜ੍ਹੇ ਜਿਹੇ ਫਾਸਲੇ ਨਾਲ ਵਰਤੇ ਜਾਂਦੇ ਹਨ ਤਾਂ ਉਹ ਇਸ ਵਕ੍ਤਾ ਦਾ ਤੀਜਾ ਭੇਦ ਬਣਦਾ ਹੈ। ਇਨ੍ਹਾਂ ਸਾਰੇ ਭੇਦਾਂ ਵਿੱਚ ਵਰਤੇ ਗਏ ਵਿਅੰਜਨਾਂ ਦਾ ਥੋੜ੍ਹੇ ਅੰਤਰ ਵਾਲੇ ਭਾਵ ਸੀਮਿਤ ਰੁਕਾਵਟ ਨਾਲ ਸੰਬੰਧ ਹੈ।

ਉਦਾਹਰਨ-

ਤੀਨ ਬੇਰ ਖਾਤੀ ਵੋਹ ਤੋਂ ਤੀਨ ਬੇਰ ਖਾਤੀ ਥੀ।

ਇਸ ਕਾਵਿ ਸਤਰ ਵਿੱਚ ‘ਤੀਨ ਬੇਰ' ਨੂੰ ਦੋ ਵਾਰ ਦੁਹਰਾਇਆ ਗਿਆ ਹੈ। ਪਹਿਲੇ ਬੇਰ ਦਾ ਅਰਥ ਹੈ ਵਾਰ, ਵੇਲਾ, ਦਫਾ, ਦੂਜੇ ਬੇਰ ਦਾ ਅਰਥ ਹੈ ਬੇਰੀ ਦਾ ਫਲ਼। ਮਤਲਬ ਕਿ ਤਿੰਨ ਵਾਰ ਬੇਰ, ਜਿਹੜਾ ਇਕ ਫਲ਼ ਹੈ, ਉਹ ਖਾਂਦੀਆਂ ਸਨ। ਇਕੋ ਚਾਰ ਵਰਣਾਂ ਦੀ ਦੋ ਵਾਰ ਆਵ੍ਰਿਤੀ (ਦੁਹਰਾਉ) ਹੋਣ ਕਰਕੇ ਧੂਨੀ ਸਮਾਨਤਾ ਪੈਦਾ ਹੁੰਦੀ ਹੈ ਜਿਸ ਨਾਲ ਲੈ-ਸੁਰ ਦੀ ਤਰਜ ਪੈਦਾ ਹੁੰਦੀ ਹੈ । ਜਿਸਨੂੰ ਵਰਨ ਵਿਨਿਆਸ ਵਕ੍ਰਤਾ ਕਿਹਾ ਜਾਂਦਾ ਹੈ।

2. ਪਦ-ਪੂਰਵਾਰਧ ਵਕ੍ਰਤਾ[ਸੋਧੋ]

ਪਦ-ਪੂਰਵਾਰਧ ਸ਼ਬਦ ਦੋ ਸ਼ਬਦਾਂ ਤੋ ਬਣਿਆ ਹੈ ਪੂਰਵ+ਅਰਧ ਜਿਵੇਂ :

ਪਦ = ਪਦਪੂਰਵਾਰਧ + ਪਦ-ਪਰਾਰਧ

ਬੁੱਧੀਮਾਨ = ਬੁੱਧੀ + ਮਾਨ
ਪ੍ਰਭਾਵਸ਼ਾਲੀ = ਪ੍ਰਭਾਵ + ਸ਼ਾਲੀ

ਪਦ-ਪੂਰਵਾਰਧ ਦਾ ਭਾਵ ਹੈ ਪਦ (ਸ਼ਬਦ) ਦਾ ਪਹਿਲਾ ਅੱਧ। ਪਦ ਪੂਰਵਾਰਧ ਨੂੰ ਸੰਸਕ੍ਰਿਤ ਵਿਆਕਰਨ ਵਿੱਚ ‘ਪ੍ਰਕਿਰਤੀ ਕਿਹਾ ' ਜਾਂਦਾ ਹੈ। ਪ੍ਰਕਿਰਤੀ ਰੂਪ ਮੂਲ ਸ਼ਬਦ ਜੋ ਇਥੇ ਭਾਵ, ਗੁਣ, ਪ੍ਰਭਾਵ, ਬੁੱਧੀ ਆਦਿ ਅੰਸ਼ ਹੈ। ਪਦਾਂ ਦੇ ਜਿਹੜੇ ਪੂਰਵਾਰਧ ਹਨ ਉਹ ਕਦੇ ਵਿਸ਼ੇਸਣ, ਕਦੇ ਪਰਿਆਇ (ਸਮਾਨ ਅਰਥਕ), ਕਦੇ ਕ੍ਰਿਆ ਦੇ ਰੂਪਾਂ ਵਿੱਚ ਵਰਤੇ ਜਾਂਦੇ ਹਨ। ਇਹਨਾਂ ਪਦਾਂ ਵਿੱਚ ਕਵੀ ਆਪਣੀ ਪ੍ਰਤਿਭਾ ਵਿਸ਼ੇਸਣਾ, ਪਰਿਆਵਾਂ, ਰੂੜੀ ਕਾਦਿ ਵਿੱਚ ਵਿਚਿਤ੍ਰਤਾ ਪੈਦਾ ਕਰਕੇ ਵਕ੍ਰਤਾ ਦੀ ਸਿਰਜਣਾ ਕਰਦੇ ਹਨ। ਜਿਵੇਂ ਗੁਰੂ ਤੇਗ ਬਹਾਦਰ ਜੀ ਬਾਰੇ ਬ੍ਰਜੀ ਕਾਵੀ ਹੈ-

ਧਰਮ ਹੇਤ ਸਾਕਾ ਜਿਨਿ ਕੀਆ
ਸੀਸ ਦੀਆ ਪਰ ਸਿਰਰ ਨਾ ਦੀਆ।

ਇਸ ਕਾਵਿ ਟੋਟੇ ਵਿੱਚ ਜਿਹੜਾ ‘ਸਿਰਰ’ ਸ਼ਬਦ ਵਰਤਿਆ ਗਿਆ ਹੈ ਉਹ ਪੂਰਵਾਰਧ ਵਕ੍ਰਤਾ ਹੈ। ‘ਸਿਰਰ ’ ਸ਼ਬਦ ਦਾ ਅਰਥ ਹੁੰਦਾ ਸਿਰੜ, ਸਿਰੜ ਸ਼ਬਦ ਦੇ ਕਈ ਸਮਾਨਆਰਥਕ ਹਨ ਜਿਵੇਂ ਹਠ, ਜ਼ਿਕ, ਅੜੀ। ਪਰ ਕਵੀ ਨੇ ਸਿਰਰ ਦਾ ਪ੍ਰਯੋਗ ਕਰਕੇ ਸੀਸ ਤੇ ਸਿਰਰ ਵਿੱਚ ਸੱਸੇ ਵਰਣ ਦੇ ਦੁਹਰਾਉ ਨਾਲ ਨਾਦ-ਸੌਂਦਰਯ ਪੈਦਾ ਕੀਤਾ ਹੈ। ਇਸ ਤਰ੍ਹਾਂ ‘ਸਿਰਰ’ ਸ਼ਬਦ ਦੇ ਪ੍ਰਯੋਗ ਨਾਲ ਹੀ ਇਸ ਸਾਰੇ ਕਾਵੀ ਟੋਟੇ ਵਿੱਚ ਕਾਵਿ ਚਮਤਕਾਰ ਪੈਦਾ ਹੋਇਆ ਹੈ ਤੇ ਜਿਸਨੂੰ ਅਸੀਂ ਪਦ ਪੂਰਵਾਰਧ ਵਕ੍ਰਤਾ ਕਹਿ ਸਕਦੇ ਹਾਂ।

ਆਚਾਰੀਆ ਕੁੰਤਕ ਦੁਆਰਾ ਪਦ-ਪੂਰਵਾਰਧ ਦੇ ਅੱਗੇ ਅੱਠ ਹੋਰ ਉਪਭੇਦ ਕੀਤੇ ਗਏ ਹਨ:

 1. ਰੂੜੀ ਵੈਚਿਤ੍ਰ ਵਕ੍ਰਤਾ
 2. ਪਰਿਆਇ ਵਕ੍ਰਤਾ
 3. ਉਪਚਾਰ ਵਕ੍ਰਤਾ
 4. ਵਿਸ਼ੇਸਣ ਵਕ੍ਰਤਾ
 5. ਸੰਵ੍ਰਿਤੀ ਵਕ੍ਰਤਾ
 6. ਵ੍ਰਿਤੀ ਵਕ੍ਰਤਾ
 7. ਲਿੰਗ ਵਕ੍ਰਤਾ
 8. ਕ੍ਰਿਆ ਵੈਚਿਤ੍ਰ ਵਕ੍ਰਤਾ

1. ਰੂੜੀ ਵੈਚਿਤ੍ਰ ਵਕ੍ਰਤਾ ਰੂੜੀ ਦਾ ਅਰਥ ਹੈ ਪਰੰਪਰਾ ਜਾਂ ‘ਲੋਕ-ਵਿਵਹਾਰ’ ਵਿੱਚ ਪ੍ਰਸਿੱਧ ਅਰਥ। ਜਦੋਂ ਕਵੀ ਕਿਸੇ ਆਮ ਰੂੜੀ ਅਰਥ ਉੱਤੇ ਅਜਿਹੇ ਅਰਥਾਂ ਦਾ ਆਰੋਪਣ ਕਰਦਾ ਹੈ, ਜਿਸ ਨਾਲ ਸੰਬੰਧਿਤ ਰੂੜੀਗਤ ਸ਼ਬਦ ਵਿੱਚ ਅਦਭੂਤ ਚਮਤਕਾਰ ਪੈਦਾ ਹੋ ਜਾਂਦਾ ਹੈ ਤਾਂ ਉੱਥੇ ਰੂੜੀ ਵੈਚਿਤ੍ਰ ਵਕ੍ਰਤਾ ਹੁੰਦੀ ਹੈ। ਰੂੜੀ ਵੈਚਿਤ੍ਰ ਵਕ੍ਰਤਾ ਵਿੱਚ ਇਹ ਤੱੱਤ ਹੈ ਕਿ ਇਸ ਵਿੱਚ ਰੂੜੀ ਸ਼ਬਦ ਦੇ ਦੁਆਰਾ ਉਸ ਦੇ ਸਧਾਰਨ ਅਰਥ ਦਾ ਤਿਆਗ ਕਰਕੇ ਕਵੀ ਵਿਸ਼ੇਸ਼ ਅਰਥ ਦਾ ਬੋਧ ਕਰਾਉਣ ਦੀ ਸਮਰੱਥਾ ਵਾਲੀ ਸੁੰਦਰਤਾ ਦਾ ਉਤਕਰਸ਼ ਪ੍ਰਤਿਪਾਦਿਤ ਕਰਦਾ ਹੈ। ਸੰਗਿਆ ਸ਼ਬਦ ਕਿਉਂਕਿ ਕਿ ਕਿਸੇ ਨਿਸਚਿਤ ਅਰਥ ਦੀ ਪ੍ਰਤੀਤੀ ਕਰਾਉਣ ਵਾਲੇ ਹੁੰਦੇ ਹਨ ਇਸ ਲਈ ਉਨ੍ਹਾਂ ਵਿੱਚ ਸਾਮਾਨਯ ਵਿਸ਼ੇਸ਼ ਭਾਵ ਹੋ ਹੀ ਨਹੀਂ ਸਕਦਾ ਅਜਿਹਾ ਕਹਿਣਾ ਠੀਕ ਨਹੀਂ ਕਿਉਂਕਿ ਉਨ੍ਹਾਂ ਵਿੱਚ ਵੀ ਅਜਿਹੀਆਂ ਕਈ ਸਥਿਤੀਆਂ ਹੁੰਦੀਆਂਂ ਹਨ ਜਿੱਥੇ ਸਾਧਾਰਨ ਜਾਂ ਸਾਮਾਨਯ ਰਹਿਣ ਵਾਲੇ ਵਾਚਯ ਦੀ ਇਕ ਚੰਗੇ ਕਵੀ ਦੁਆਰਾ ਚਾਹੇ ਜਾਣ ਤੇ ਉਸ ਵਾਚਯ ਵਿਸ਼ੇਸ਼ ਅਵਸਥਾ ਦੀ ਕਾਰਜ ਦੀ ਨਿਸ਼ਠਤਾ ਸੰਭਵ ਹੁੰਦੀ ਹੈ।ਜਿਵੇਂ-

ਨਾਨਕ ਤਾਂ ਪਹਿਲੇ ਦਿਨ ਹੀ
ਵਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ

ਨਾਨਕ ਸ਼ਬਦ ਰੂੜ ਰੂਪ ਵਿੱਚ ਉਸ ਪੈਗੰਬਰ ਲਈ ਵਰਤਿਆ ਗਿਆ ਹੈ ਜਿਸ ਨੇ ਸੰਸਾਰ ਵਿੱਚ ਵਿਦਿਆ ਤੇ ਗਿਆਨ ਦਾ ਪ੍ਰਸਾਰ ਕੀਤਾ ਪ੍ਰਭੂ ਉਪਰੋਕਤ ਕਾਵਿ-ਬੰਦ ਵਿੱਚ ਇਸ ਰੂੜ ਸ਼ਬਦ ਉੱਤੇ ਅਸੰਭਵ-ਅਰਥਾਂ ਦਾ ਆਰੋਧ ਕੀਤਾ ਗਿਆ ਹੈ ਅਤੇ ‘ਨਾਨਕ’ ਨੂੰ ਵਿਦਿਆ ਅਤੇ ਵਿਦਿਆਲੇ ਨੂੰ ਰੱਦਣ ਵਾਲੇ ਰੂਪ ਵਿੱਚ ਪੇਸ਼ ਕੀਤਾ ਹੈ ਜਦ ਕਿ ਉਹਨਾਂ ਨੇ ਇਸ ਵਿਦਿਆ ਨੂੰ ਰੱਦਿਆ ਹੈ ਜੋ ਗਿਆਨ ਦੀ ਥਾਂ ਅਗਿਆਨਤਾ ਵਧਾਉਂਦੀ ਹੈ, ਸੋ ਰੂੜ ਸ਼ਬਦ ਉੱਤੇ ਅਸੰਭਵ ਅਰਥਾਂ ਦਾ ਆਰੋਪ ਕਰਨ ਕਰਕੇ ਇੱਥੇ ਰੂੜੀ ਵਕ੍ਰਤਾ ਦੀ ਪੇਸ਼ਕਾਰੀ ਕੀਤੀ ਗਈ।

2. ਪਰਿਆਇ ਵਕ੍ਰਤਾ ਪਰਿਆਇ ਸ਼ਬਦ ਦਾ ਅਰਥ ਹੈ ‘ਸਮਾਨਆਰਥਕ ਸ਼ਬਦ’ ਭਾਵ ਜਿਨ੍ਹਾਂ ਸ਼ਬਦਾਂ ਵਿੱਚ ਦੂਜੇ ਸ਼ਬਦਾਂ ਦਾ ਸਥਾਨ ਲੈਣ ਦੀ ਸਮਰਥਾ ਪ੍ਰਧਾਨ ਰੂਪ ਵਿੱਚ ਹੁੰਦੀ ਹੈ, ਉੱਥੇ ਪਰਿਆਇ ਵਕ੍ਰਤਾ ਹੁੰਦੀ ਹੈ। ਪਰਿਆਇ ਸ਼ਬਦਾਂ ਵਿੱਚ ਅਰਥ ਦੀ ਏਕਤਾ ਹੁੰਦੀ ਹੈ ਅਤੇ ਹਰੇਕ ਭਾਸ਼ਾ ਵਿੱਚ ਇਕ ਅਰਥ ਦੇ ਵਾਚਕ ਕਈ ਪਰਿਆਇ ਸ਼ਬਦ ਹੁੰਦੇ ਹਨ। ਪਰਿਆਇ ਵਕ੍ਰਤਾ ਦੇ ਅੱਗੇ ਵੀ ਕਈ ਉਪਭੇਦ ਕੀਤੇ ਜਾਂਦੇ ਹਨ।ਪਰਿਆਇ ਵਕ੍ਤਾ ਦਾ ਅਰਥ ਬਹੁਤ ਹੀ ਅੰਦਰੂਨੀ ਹੈ ਉਸ ਵਾਚਯ ਅਰਥ ਦੇ ਅਤਿਸ਼ੈ ਦੀ ਪੁਸ਼ਟੀ ਕਰਨ ਵਾਲਾ ਹੈ ਜੋ ਖੁਦ ਅਤੇ ਆਪਣੇ ਵਿਸ਼ੇਸ਼ਣ ਦੁਆਰਾ ਸੁੰਦਰ ਬਣੀ ਹੋਈ ਆਪਣੀ ਇੱਕ ਹੋੋੋਰ ਸ਼ੋਭਾ ਨਾਲ ਉਸ ਵਾਚ ਅਰਥ ਨੂੰ ਅਲੰੰਕ੍ਤ ਕਰਨ ਕਰਨ ਵਿੱਚ ਸਮਰੱਥ ਹੈ, ਆਪਣੀ ਸ਼ੋਭਾ ਦੇ ਉਤਕਰਸ਼ ਨਾਲ ਸੁੰਦਰ ਬਣਿਆ ਹੋਇਆ ਹੈ ਅਤੇ ਜੋ ਪਰਿਆਇ ਸੰਭਾਵਨਾ ਨਾ ਕੀਤੇ ਜਾ ਸਕਣ ਵਾਲੇ ਅਰਥ ਦਾ ਪਾਤਰ ਹੋਣ ਦੇ ਆਸ਼ੇ ਵਾਲਾ ਮੰਨਿਆ ਜਾਂਦਾ ਹੈ। ਅਲੰੰਕਾਰ ਦੇ ਕਾਰਨ ਪੈਦਾ ਹੋਣ ਵਾਲੀ ਦੂੂੂੂਜੀ ਸ਼ੋਭਾ ਨਾਲ ਜਾਂ ਅਲੰਕਾਰਾਂ ਦੀ ਦੂੂੂੂਜੀ ਸ਼ੋਭਾ ਨੂੰ ਪੈਦਾ ਕਰਨ ਕਰਕੇ ਮਨੋਹਰ ਰਚਨਾ ਵਾਲਾ ਪਰਿਆਇ ਹੁੁੰਦਾ ਹੈ। ਪਰਿਆਇ ਵਕ੍ਰਤਾ ਦੀ ਉਦਾਹਰਣ-


ਸੀਸ ਤਲੀ ਤੇ ਧਰਕੇ ਜਾਣਾ ਪੈਂਦਾ ਹੈ
ਪ੍ਰੇਮ ਗਲੀ ਵਿੱਚ ਫੇਰਾ ਪਾਉਣਾ ਸੋਖਾ ਨਹੀ।

ਉਪਰੋਕਤ ਸ਼ਿਅਰ ਵਿੱਚ ‘ਸੀਸ’ ਸ਼ਬਦ ਦੀ ਥਾਂ ਤੇ ‘ਸਿਰ’, ‘ਤਲੀ’ ਦੀ ਥਾਂ ਤੇ ‘ਹੱਥ’ ਜਾਂ ‘ਹੱਥਲੀ’ ਅਤੇ ‘ਪ੍ਰੇਮ ਗਲੀ’ ਦੀ ਥਾਂ ਉੱਤੇ ‘ਪਿਆਰ ਗਲੀ’ ਆਦਿ ਪਰਿਆਇ ਸ਼ਬਦ ਵਰਤੇ ਜਾਣ ਤਾਂ ਸ਼ਿਅਰ ਦਾ ਸਾਰਾ ਸੁਆਦ ਖ਼ਤਮ ਹੋ ਜਾਵੇਗਾ। ਇਸ ਤਰ੍ਹਾਂ ‘ਸੀਸ ਤਲੀ’ ਅਤੇ ‘ਪ੍ਰੇਮ ਗਲੀ’ ਪਦਾਂ ਵਿੱਚ ਪਰਿਆਇ ਵਕ੍ਰਤਾ ਹੈ।

3. ਉਪਚਾਰ ਵਕ੍ਰਤਾ: ਇਹ ਵਕ੍ਰਤਾ ਉੱਥੇ ਹੁੰਦੀ ਹੈ ਜਿਥੇ ‘ਪ੍ਰਸਤੁਤ’ ਵਸਤੂ ਵਿੱਚ ‘ਅਪ੍ਰਸਤੁਤ’ ਦੇ ਕਿਸੇ ਸਾਧਾਰਨ ਧਰਮ ਦਾ ਠੀਕ ਅਰੋਪ ਕੀਤਾ ਜਾਂਦਾ ਹੈ। ਉਪਚਾਰ ਵਕ੍ਰਤਾ ਦੀ ਵਰਤੋ ਲਗਪਗ ਸਾਰੇ ਕਾਵਿ-ਰੂਪਾਂ ਵਿੱਚ ਬੜੇ ਸੁੰਦਰ ਰੂਪ ਵਿੱਚ ਕੀਤੀ ਮਿਲਦੀ ਹੈ।ਜਿਸਦੇ ਮੂੂੂਲ ਵਿੱਚ ਹੋਣ ਕਰਕੇ ਰੂਪਕ ਆਦਿ ਅਲੰਕਾਰ ਚਮਤਕਾਰ ਵਾਲੇੇ ਬਣ ਜਾਂਦੇ ਹਨ ਉਹ ਉਪਚਾਰ ਦੀ ਪ੍ਰਮੁੱਖਤਾ ਵਾਲੀ ਕੋਈ ਅਲੌਕਿਕ ਹੀ ਵਕ੍ਰਤਾ ਕਹੀ ਜਾਂਦੀ ਹੈ।ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਇਤਿਹਾਸ ਦਾ ਹਉਂਕਾ’ ਵਿੱਚੋਂ ਇੱਕ ਕਾਵਿ ਟੋਟਾ ਇਸ ਤਰ੍ਹਾਂ ਹੈ ਜਿਸ ਵਿੱਚ ਉਪਚਾਰ ਵਕ੍ਰਤਾ ਪਾਈ ਜਾਂਦੀ ਹੈ-

‘‘ਇਹ ਕਿਸ ਤਰ੍ਹਾਂ ਦੀ ਰਾਤ ਸੀ, ਇਹ ਕਿਸ ਤਰ੍ਹਾਂ ਦੀ ਬਾਤ ਹੈ,
ਨੀਂਦਰ ਸੀ ਅਜ ਕੇਹੋ ਜਹੀ, ਸੁਪਨੇ ਦਾ ਮੱਥਾ ਠਣਕਿਐ।’’

ਸੁਪਨਾ ਅਮੂਰਤ ਤੇ ਅਚੇਤ ਪਦਾਰਥ ਹੈ ਪਰ ‘ਮੱਥਾ ਠਣਕਣਾ’ ਸਚੇਤਨ ਵਸਤੂ ਦਾ ਧਰਮ ਹੈ। ਪਰ ਇੱਥੇ ਮੁਹਾਵਰੇ ਭਾਸ਼ਾ ਵਿੱਚ ਸਚੇਤਨ ਧਰਮ ਦਾ ਅਚੇਤ ਵਸਤੂ ਤੇ ਆਰੋਪ ਹੋਣ ਕਰਕੇ ਉਪਚਾਰ ਵਕ੍ਰਤਾ ਹੈ।

4. ਵਿਸ਼ੇਸਣ ਵਕ੍ਰਤਾ- ਜਦੋਂ ਵਿਸ਼ੇਸਣ ਦੀ ਖਾਸੀਅਤ ਕਾਰਨ ਕ੍ਰਿਆ ਜਾਂ ਕਾਰਕ ਦੀ ਸੁੰਦਰਤਾ ਪ੍ਰਗਟ ਹੁੰਦੀ ਹੈ, ਉਸਨੂੰ ਵਿਸ਼ੇਸ਼ਣ ਵਕ੍ਰਤਾ ਕਿਹਾ ਜਾਂਦਾ ਹੈ ‘ਭਾਈ ਕਾਨੁ ਸਿੰਘ ਨਾਭਾ ਵਿਸ਼ੇਸ਼ਣ ਦਾ ਅਰਥ’ ‘ਦੂਸਰੀ ਵਸਤੂ’ ਤੇਂ ਭਿੰਨ ਕਰਨ ਵਾਲੀ ਖਾਸ ਸਿਫ਼ਤ ਵਜੋਂ ਕਰਦੇ ਹਨ। ਵਿਸ਼ੇਸਣ ਵਕ੍ਰਤਾ ਬਾਰੇ ਕੁੰਤਕ ਦਾ ਕਹਿਣਾ ਹੈ ਕਿ ‘‘ਜੋ ਆਪਣੀ ਮਹੱਤਵ ਨਾਲ ਰਸ, ਸੁਭਾਅ ਅਤੇ ਅਲੰਕਾਰ ਨੂੰ ਅਲੌਕਿਕ ਸੁੰਦਰਤਾ ਨਾਲ ਯੁਕਤ ਬਣਾ ਦਏ, ਅਜਿਹੇ ਹੀ ਵਿਸ਼ੇਸ਼ਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ।’’ ਭਾਵ ਜਿਸ ਵਕ੍ਤਾ ਵਿੱਚ ਕ੍ਰਿਆਰੂਪਵਸਤੂ ਦੀ ਜਾਂ ਕਾਰਕਰੂਪ ਵਸਤੂ ਦੀ ਵਿਸ਼ੇੇੇਸ਼ਣਾਂ ਦੀ ਖਾਸੀਅਤ ਦੇ ਕਾਰਨ ਸੁੰਦਰਤਾ ਪ੍ਰਗਟ ਹੁੰਦੀ ਹੈ। ਅਰਥਾਤ ਇਨ੍ਹਾਂ ਕ੍ਰਿਆ ਅਤੇ ਕਾਰਕ ਰੂਪ ਦੋਹਾਂ ਵਸਤੂਆਂ ਦੇ ਜੋ ਵਿਸ਼ੇਸ਼ਣ ਇਕ ਦੂਜੇ ਨੂੰ ਆਪਣੇ ਤੋਂ ਵੱਖਰਾ ਕਰਦੇ ਹਨ।

ਜਿਵੇਂ ‘ਬਾਬੂ ਸਿੰਘ ਮਾਨ ਮਰਾੜਾਂਵਾਲੇ ਦੇ ਗੀਤ ਵਿੱਚ ਵਿਸ਼ੇਸਣ ਵਕ੍ਰਤਾ ਇਸ ਤਰ੍ਹਾਂ ਹੈ-

ਕਾਲੇ ਡੋਰੀਏ ’ਚ ਮੁਖੜਾ ਲੁਕਾ ਲੈ ਗੋਰੀਏ,
ਨੀ, ਹਾਸਾ ਚਿੱਟਿਆਂ ਦੰਦਾਂ ਦਾ ਮਾਰੇ।

[4]

ਹਾੜਾ ਨੀਲੀਆਂ ਅੱਖਾਂ ਤੇ ਪਹਿਰੇ ਲਾ ਲੈ ਗੋਰੀਏ,
ਨੀ ਕਾਲੇ ਸੁਰਮੇ ਨੇ ਕਹਿਰ ਗੁਜ਼ਾਰੇ।

9ਇਸ ਗੀਤ ਵਿੱਚ ਕਾਲੇ ਡੋਰੀਆ, ਚਿੱਟੇ ਦੰਦ, ਨੀਲੀਆਂ ਅੱਖਾਂ, ਕਾਲਾ ਸੁਰਮਾ ਆਦਿ ਵਿਸ਼ੇਸ਼ਣ ਗੀਤ ਵਿਚਲੇ ਸਿੰਗਾਰ ਰਸੀ ਭਾਵਾਂ ਨੂੰ ਹੋਰ ਵੀ ਪੇਸ਼ ਕਰ ਰਹੇ ਹਨ ਜਿਸ ਕਰਕੇ ਇਸ ਗੀਤ ਵਿੱਚ ਵਿਸ਼ੇਸਣ ਵਕ੍ਰਤਾ ਹੈ।

5. ਸੰਵ੍ਰਿਤੀ ਵਕ੍ਰਤਾ: ਇਹ ਵਕ੍ਰਤਾ ਉੱਥੇ ਹੁੰਦੀ ਹੈ ਵਿੱਚਿਤਰਤਾ ਦਾ ਚਮਤਕਾਰ ਉਤਪੰਨ ਕਰਮ ਲਈ ਪੜਨਾਂਵ ਆਦਿ ਦੁਆਰਾ ਪਦਾਰਥ ਨੂੰ ਲੁਕੋ ਲਿਆ ਜਾਂਦਾ ਹੈ। ਸੰਵ੍ਰਿਤੀ ਦਾ ਅਰਥ ਹੀ ਲੁਕਾਉਣਾ, ਛੁਪਾਉਣਾ, ਗੋਝ ਰੱਖਣਾ ਜਾਂ ਗੁਪਤ ਰੱਖਣਾ ਹੁੰਦਾ ਹੈ। ਉਸ ਰਚਨਾ ਨੂੰ ਸੰਵ੍ਰਿਤੀ ਵਕ੍ਤਾ ਦੀ ਪ੍ਰਧਾਨਤਾ ਵਾਲੀ ਰਚਨਾ ਕਿਹਾ ਜਾਂਦਾ ਹੈ ਜਾਂ ਕਹੋ ਕਿ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਭਾਵ ਛਿਪਾਉਣ ਕਾਰਨ ਜੋ ਵਕ੍ਤਾ ਹੁੰਦੀ ਹੈ ਜਾਂ ਛਿਪਾਉਣਾ ਹੀ ਜਿਸ ਵਿੱਚ ਪ੍ਰਧਾਨ ਹੁੰਦਾ ਹੈ।ਇਹ ਦੋਵੇਂ ਤਰ੍ਹਾਂ ਦੇ ਸਮਾਸ ਹੀ ਇੱਥੇ ਹੋ ਸਕਦੇ ਹਨ। ਇਸ ਨੂੰ ਅੱਗੇ ਵੀ ਹੇਰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਵਕ੍ਰਤਾ ਦੀ ਉਦਾਹਰਣ ਇਸ ਤਰ੍ਹਾਂ ਹੈ-

ਅਜ਼ੀਅਤ, ਮੁਸੀਬਤ, ਮੁਲਾਮਤ ਬਲਾਏਂ
ਤੇਰੇ ਇਸ਼ਕ ਮੇ ਮੈਨੇ ਕਯਾ-ਕਯਾ ਨਾ ਦੇਖਾ।

ਉਪਰੋਕਤ ਕਾਵਿ ਬੰਦ ਵਿੱਚ ਇਸ਼ਕ ਵਰਗੇ ਨਾਜ਼ਕ ਭਾਵਾਂ ਵਿਚਲੀ ਮਾਨਸਿਕ ਪੀੜ ਨੂੰ ‘ਕਯਾ-ਕਯਾ’ ਪੜਨਾਂਵ ਰਾਹੀਂ ਪੇਸ਼ ਕੀਤਾ ਹੈ।

6. ਵ੍ਰਿਤੀ-ਵੈਚਿਤ੍ਰਯ ਵਕ੍ਰਤਾ- ਇਹ ਵਕ੍ਰਤਾ ਅਸਲ ਵਿੱਚ ਸ਼ਬਦਾਂ ਨਵੇਂ-ਨਵੇਂ ਪ੍ਰਯੋਗ ਨਾਲ ਸੰਬੰਧਿਤ ਹੈ। ਭਾਵ ਜਿੱਥੇ ਵਕ੍ਰਤਾ ਦਾ ਸੁਹਜ-ਸੌਂਦਰਯ ਸ਼ਬਦ ਜੁਗਤਾਂ ਉੱਤੇ ਆਧਾਰਿਤ ਹੋਵੇ। ਇਸ ਦਾ ਸੁੰਦਰ ਪ੍ਰਯੋਗ ਕਵੀ ਦੀ ਵਿਲੱਖਣ ਬੁੱਧੀ ਉੱਤੇ ਨਿਰਭਰ ਕਰਦਾ ਹੈ। ਜਿਸ ਵਿੱਚ ਵਿਚਿੱਤ੍ਤਾ ਪੈਦਾ ਹੁੰਦੀ ਹੈ ਅਰਥਾਤ ਅਵਯਯੀਭਾਵ' ਸਮਾਸ ਜਿਸ ਵਿੱਚ ਮੁੱਖ ਜਾਂ ਪ੍ਰਧਾਨ ਹੁੰਦੇ ਹਨ , ਵ੍ਰਿੱਤੀਆ ਦੀ ਸੁੰਦਰਤਾ ਝਲਕਦੀ ਹੈ। ਵਿਆਕਰਣ ਦੇ ਜਾਣਨ ਵਾਲਿਆਂ ਵਿੱਚ ਪ੍ਰਸਿੱਧ ਅਵਯਯੀਭਾਵ ਪ੍ਰਧਾਨਤਾ ਵਾਲੇ ਸਮਾਸ 'ਤਧਿੱਤ' ਅਤੇ 'ਸੁਪ' ਧਾਤੂਆਂ ਵਾਲੀਆਂ ਵ੍ਰਿੱਤੀਆ ਦੀ ਸੁੰਦਰਤਾ ਜਿੱਥੇ ਪ੍ਰਗਟ ਹੁੁੰਦੀ ਹੈ। ਇਸ ਦਾ ਆਸ਼ਾ ਇਹ ਹੋੋੋਇਆ ਕਿ ਜਿੱਥੇ ਇਨ੍ਹਾਂ ਸਮਾਸ ਅਤੇ ਤਧਿੱਤ ਆਦਿ ਵ੍ਰਿੱਤੀਆ ਦੀ ਆਪਣੀ ਸਹਿਜ ਸੁੰਦਰਤਾ ਇਕ ਉਚਿੱਤ ਭੂਮਿਕਾ ਉੱਪਰ ਰੱਖੀ ਜਾਂਦੀ ਹੋਈ ਪ੍ਰਗਟ ਹੁੰਦੀ ਹੈ ਉਥੇ 'ਵ੍ਰਿਤੀ-ਵੈਚਿਤ੍ਰਯ-ਵਕ੍ਤਾ' ਮੰਨੀ ਜਾਂਦੀ ਹੈੈ।

ਉਦਾਹਰਨ ਵਜੋਂ-

ਜੇ ਮੈਂ ਰੁੱਸ ਜਾਂ ਕਿਸੇ ਮਨੋਣਾ ਨਈਂ
ਮੈਨੂੰ ਰੋਂਦੇ ਨੂੰ ਪੀਰ ਬਣਾਉਣਾ ਨਈਂ
ਤੂੰ ਮੁੜ ਕੇ ਬਾਬਲਾ ਔਣਾ ਨਈਂ
ਕਰ ਤੁਰ ਗਿਉਂ ਪੈੜਾ ਕੂੜ ਦੀਆਂ

ਇਸ ਕਵਿਤਾ ਵਿੱਚ ‘ਮਨੌਣਾ ਨਈਂ, ਔਣਾ ਨਈ, ਗਿਉਂ’ ਅਜਿਹੇ ਸ਼ਬਦ ਹਨ ਜਿਹਨਾਂ ਕਰਕੇ ਵ੍ਰਿਤੀ ਵਕ੍ਰਤਾ ਪੈਦਾ ਹੁੰਦੀ ਹੈ।

7. ਲਿੰਗ-ਵੈਚਿਤ੍ਰਯ ਵਕ੍ਰਤਾ- ਇਹ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਕਾਵਿ ਦਾ ਸਾਰਾ ਸੁਹਜ-ਸੁਆਦ ਅਤੇ ਚਮਤਕਾਰ ਲਿੰਗ ਸ਼ਬਦਾਂ ਦੀ ਵਿਲੱਖਣਤਾ ਉਤੇ ਅਧਾਰਿਤ ਹੁੰਦਾ ਹੈ। ਅਰਥਾਤ ਜਿੱਥੇ ਵੱੱਖ-ਵੱਖ ਸਰੂਪ ਵਾਲੇੇ ਲਿੰਗਾਂ ਦਾ ਸਮਾਨਾਧਿਕਰਣਯ ਅਰਥਾਤ ਸਮਾਨ ਆਸਰਾ ਹੋਣ ਕਰਕੇ ਇਕ ਰੂਪ ਹੋ ਜਾਣ ਨਾਲ ਕੋਈ ਨਿਰਾਲੀ ਸ਼ੋਭਾ ਪੈਦਾ ਹੁੰਦੀ ਹੈ ਅਰਥਾਤ ਸੁੰਦਰਤਾ ਆ ਜਾਂਦੀ ਹੈ। ਭਾਵੇਂ ਕਿ ਇਸ ਵਕ੍ਰਤਾ ਦੇ ਕਈ ਭੇਦ ਕੀਤੇ ਜਾਂਦੇ ਹਨ। ਪਰ ਆਧੁਨਿਕ ਕਵਿਤਾ ਵਿੱਚ ਇਸ ਦੇ ਦੋ ਭੇਦ ਮੰਨੇ ਗਏ ਹਨ:

(i) ਲਿੰਗ ਵੈਚਿਤ੍ਰਯ ਵਕ੍ਰਤਾ- ਜਿੱਥੇ ਵੱਖ-ਵੱਖ ਲਿੰਗ ਸ਼ਬਦਾਂ ਨੂੰ ਭਾਵ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਇੱਕਠਿਆ ਪ੍ਰਯੋਗ ਕਰਕੇ ਵਿਲੱਖਣ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਜਿਵੇਂ

ਬੁੱਢੀ ਬੁੱਢਾ ਮਾਰੀ ਹੈ ਜਿਉਂ ਸੰਨ ਉਪੱਰ ਚੋਗ।

ਇਸ ਕਾਵਿ ਬੰਦ ਵਿੱਚ ‘ਬੁੱਢੀ’ ਤੇ ‘ਬੁੱਢਾ’ ਸ਼ਬਦ ਵਰਤੇ ਗਏ ਹਨ ਜੋ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਰਾਹੀਂ ਕਾਵਿ ਵਿੱਚ ਵਿਲੱਖਣ ਚਮਤਕਾਰ ਪੈਦਾ ਹੋਇਆ ਹੈ।

ਇਸ ਵਕ੍ਰਤਾ ਦਾ ਦੂਜਾ ਉਪਭੇਦ ਉੱਥੇ ਹੁੰਦਾ ਹੈ, ਜਿੱਥੇ ਕੋਮਲ ਭਾਵਾਂ ਦੀ ਪੇਸ਼ਕਾਰੀ ਲਈ ਇਸਤਰੀ ਲਿੰਗ ਸ਼ਬਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ਜਿਵੇਂ-

ਨਦੀਏ ਨੀ ਪਿਆਰੀਏ ਨਦੀਏ,
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ’

ਇਸ ਕਾਵਿ ਟੋਟੇ ਵਿੱਚ ਜਿਹੜਾ ‘ਨਦੀਏ’ ਸ਼ਬਦ ਵਰਤਿਆ ਗਿਆ ਹੈ ਉਹ ਇਸਤਰੀ ਲਿੰਗ ਨੂੰ ਪੇਸ਼ ਕਰਦਾ ਹੈ ਜਿਸ ਰਾਹੀ ਕਾਵਿ ਵਿੱਚ ਚਮਤਕਾਰ ਪੈਦਾ ਹੋਇਆ ਹੈ।

8. ਕ੍ਰਿਆ ਵੈਚਿਤ੍ਰ ਵਕ੍ਰਤਾ : ਕੁਤੰਕ ਰਾਹੀ ਕ੍ਰਿਆ ਵੈਚਿਤ੍ਰ ਵਕ੍ਰਤਾ ਉਥੇ ਹੁੰਦੀ ਹੈ, ‘‘ਜਿੱਥੇ ਅਰਥ ਦੀ ਵੈਚਿਤ੍ਰਤਾ ਤੇ ਸੁਹਜਾਤਮਕ ਕਾਵਿ ਵਿੱਚ ਵਰਤੀ ਗਈ ਕ੍ਰਿਆ ਦੀ ਅਦਭੁਤ ਵਰਤੋਂ ਉੱਤੇ ਆਧਾਰਿਤ ਹੁੰਦੀ ਹੈ।’’


ਇਸ ਵਕ੍ਰੋਕਤੀ ਦੇ ਵੀ ਦੋ ਉਪਭੇਦ ਮੰਨੇ ਜਾਂਦੇ ਹਨ ਕਰਤਾ ਅਤੇ ਕ੍ਰਿਆ ਦੀ ਨੇੜਤਾ ਦੂਜੇ ਕਰਤਾ ਕਾਰਨ ਕ੍ਰਿਆ ਵਿਲੱਖਣ ਸਰੂਪ ਧਾਰਨ ਕਰਦੀ ਹੈ ਅਤੇ ਦੂਸਰਾ ਜਦੋਂ ‘ਉਪਚਾਰ’ ਵਿਸ਼ੇਸ਼ਣ ਕਾਰਨ ਕਿਰਿਆ ਹੋਵੇ:

‘‘ਕੱਚੀ ਮਿੱਟੀ ਵਾਂਗ ਉਸਦੀ ਹੋਂਦ ਵੀ

ਦੂਰ ਜਾਂਦੇ ਪਾਣੀਆ ’ਚ ਘੁਲਦੀ ਰਹੀ’’

ਇਸ ਕਾਵਿ ਟੋਟੇ ਵਿੱਚ ‘ਕੱਚੀ ਮਿੱਟੀ’ ਪਦ ਵਿਸ਼ੇਸ਼ਣ ਦੇ ਤੋਰ ਤੇ ਅਤੇ ‘ਘੁਲਦੀ ਰਹੀ’ ਕਿਰਿਆ ਦੇ ਤੋਰ ਤੇ ਕਾਵਿ ਵਿੱਚ ਅਦਭੁਦਤਾ ਪੇਸ਼ ਕਰਦੀ ਹੈ।

3. ਪਦ-ਪਰਾਰਧ ਵਕ੍ਰਤਾ:[ਸੋਧੋ]

ਪਦ-ਪਰਾਰਧ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ‘ਪਦ’ ਭਾਵ ਕਿ ਸ਼ਬਦ ਦੇ ਪਰਲੇ ਅੱਧ (ਪਰਾਰਧ) ਵਿੱਚ ਕਵੀ ਜਦੋਂ ਪ੍ਰਯੋਗ ਵਿੱਚ ਕੋਈ ਅਨੋਖਾਪਣ ਜਾਂ ਵੈਚਿਤ੍ਰਤਾ ਪੈਦਾ ਕੀਤੀ ਜਾਂਦੀ ਹੈ,ਉੱਥੇ ਪਦ-ਪਰਾਰਧ ਵਕ੍ਰਤਾ ਹੁੰਦੀ ਹੈ ਜਿਵੇਂ

ਪਦ = ਪੂਰਵਾਰਧ + ਪਰਾਰਧ ਕਸੁੰਭੜਾ = ਕਸੁੰਭ + ੜਾ

1.ਡੰਡਾ ਪੀਰ ਹੈ ‘ਵਿਗੜਿਆ-ਤਿਗੜਿਆ’ ਦਾ 2.ਲੋੜੀਦਾਂ ਗੁੜ ਢਿੱਲਾ

ਇਨ੍ਹਾਂ ਪ੍ਰਚਲਿਤ ਮਹਾਵਰਿਆਂ ਵਿੱਚ ‘ਵਿਗੜਿਆ-ਤਿਗੜਿਆ’ ਅਤੇ ‘ਲੋੜੀਦਾਂ’ ਅਜਿਹੇ ਪਦ ਹਨ ਜਿਨ੍ਹਾਂ ਵਿੱਚ ਪਦ-ਪਰਾਰਧ ਵਕ੍ਰਤਾ ਮੌਜੂਦ ਹੈ।

ਕੁੰਤਕ ਦੁਆਰਾ ਪਦਪਰਾਰਧ ਦੇ ਅੱਗੇ ਛੇ ਉਪਭੇਦ ਕੀਤੇ ਗਏ ਹਨ : i.ਕਾਲ (ਭੂਤ, ਭਵਿੱਖ ਤੇ ਵਰਤਮਾਨ) ii.ਕਾਰਕ (ਕਰਤਾ, ਕਰਮ, ਕਰਣ, ਸੁੰਪ੍ਰਦਾਨ, ਅਪਾਦਾਨ, ਸੰਬੰਧ, ਅਧਿਕਰਣ) iii.ਵਚਨ (ਇੱਕ ਵਚਨ, ਦ੍ਵਿਵ ਵਚਨ, ਬਹੁਵਚਨ) iv.ਪੁਰਸ਼ (ਉੱਤਮ, ਮੱਧਮ, ਪ੍ਰਥਮ) v.ਉਪਗ੍ਰਹ (ਆਤਮਨੇਪਦ ਤੇ ਪਰਸਮੇਪਦ ਕ੍ਰਿਆਵੀ ਪ੍ਰਤਿਐ) vi.ਪ੍ਰਤਯਯ (ਤੋਧਿਤ)

(i) ਕਾਲ- ਵੈਚਿਤ੍ਰ ਵਕ੍ਰਤਾ[ਸੋਧੋ]

ਜਿਸ ਰਚਨਾ ਵਿੱਚ ਕਾਲ ਦਾ ਔਚਿਤਯ ਚਮਤਕਾਰ ਪੈਦਾ ਹੁੰਦਾ ਹੈ, ਉੱਥੇ ਕਾਲ ਵੈਚਿਤ੍ਰਅਵਕ੍ਰਤਾ ਹੁੰਦੀ ਹੈ ਭਾਵ ਜਦੋਂ ਭੂਤ, ਭਵਿੱਖ ਤੇ ਵਰਤਮਾਨ ਦੀ ਕਿਸੇ ਕ੍ਰਿਆ ਦਾ ਕਾਲ ਰਮਣੀਕਤਾ ਸਾਹਿਤ ਉਜਾਗਰ ਹੁੰਦਾ ਹੈ। ਕਾਲ ਦਾ ਅਰਥ ਹੈ ਵਿਆਕਰਣ ਸ਼ਾਸਤਰ ਦੇ ਜਾਣੂੰਆਂ ਵਿੱਚ ਪ੍ਰਸਿੱਧ ਲਟ੍ ਆਦਿ ਪ੍ਰਤਯਯਾਂ ਦੇ ਦੁਆਰਾ ਕਹੇ ਜਾਣ ਵਾਲੇ ਪਦਾਰਥਾਂ ਦੇ ਨਿਕਲਣ ਤੇ ਛੁਪਣ ਦੀ ਵਿਵਸਥਾ ਕਰਨ ਵਾਲਾ ਵਰਤਮਾਨ ਆਦਿ ਕਾਲ , ਉਸਦੀ ਵਿਚਿੱਤ੍ਤਾ ਦਾ ਭਾਵ ਹੈ ਉਸ ਤਰੀਕੇ ਨਾਲ ਉਸਦਾ ਵਰਣਨ , ਭਾਵ ਉਸਦੇ ਕਾਰਨ ਜਿਹੜੀ ਵਕ੍ਤਾ ਦੀ ਸੁੰਦਰਤਾ ਹੁੰਦੀ ਹੈ। ਕਿਸ ਤਰ੍ਹਾਂ ਦੀ ਹੈ ? ਜਿੱਥੇ ਭਾਵ ਜਿਸ ਵਿੱਚ ਕਿਹਾ ਜਾਣ ਵਾਲਾ ਕਾਲ ਚਮਤਕਾਰ ਪੈਦਾ ਕਰਦਾ ਹੈ , ਭਾਵ ਸੁੰਦਰ ਹੋ ਜਾਂਦਾ ਹੈ , ਕਿਸ ਕਾਰਨ ਕਰਕੇ ? ਔਚਿਤਯ [4]ਦਾ ਬਹੁਤ ਨਜਦੀਕੀ ਹੋਣ ਕਰਕੇ , ਭਾਵ ਹੈ , ਪ੍ਰਸੰਗ ਪ੍ਰਾਪਤ ਹੋਣ ਕਰਕੇ ਪ੍ਰਕਰਣ ਦੀ ਮੁੱਖ ਵਸਤੂ ਦਾ ਜਿਹੜਾ ਔਚਿਤਯ ਭਾਵ ਉਪਯੁਕਤਤਾ ਹੈ ਉਸਦੇ ਅਤਿਅੰਤ ਹੀ ਨਜਦੀਕ ਹੋਣ ਕਰਕੇ , ਭਾਵ ਉਸ ਵਸਤੂ ਵਿੱਚ ਸੇਸਟਤਾ ਪੈਦਾ ਕਰਨ ਕਰਕੇ। ਜਿਵੇਂ:

ਸੁਨਤੇ ਹੈ ਕੀਮਤ ਤੁਮਾਰੀ ਲੱਗ ਰਹੀ ਹੈ ਆਜ-ਕਲ
ਸਬ ਸੇ ਅੱਛੇ ਦਾਮ ਕਿਸ ਕੇ ਹੈ, ਯੇ ਬਤਲਾਨਾ ਹਮੇ।

ਇਸ ਕਾਵਿ ਟੋਟੇ ਵਿੱਚ ‘ਆਜ-ਕਲ’ ਪਦ ਵਰਤਮਾਨਤਾ ਅਤੇ ‘ਬਤਲਾਨਾ’ ਪਦ ਭਵਿੱਖ ਕਾਲ ਦੀ ਰਮਣੀਕਤਾ ਉਜਾਗਰ ਕਰਦਾ ਹੈ।

(ii) ਕਾਰਕ ਵੈਚਿਤ੍ਰ ਵਕ੍ਰਤਾ[ਸੋਧੋ]

ਕਾਰਕ ਵੈਚਿਤ੍ਰ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਆਮ ਕਾਰਕ ਨੂੰ ਗੌਣ ਰੱਖਣ ਦੀ ਥਾਂ ਉਸ ਉੱਤੇ ਪ੍ਰਮੁੱਖਤਾ ਦਾ ਆਰੋਪ ਕਰਨ ਨਾਲ ਕਾਰਕਾਂ ਵਿੱਚ ਚਮਤਕਾਰ ਪੈਦਾ ਹੁੰਦਾ ਹੈ ਭਾਵ ਹਰ ਵਾਕ ਵਿੱਚ ਇੱਕ ਕਰਤਾ ਹੁੰਦਾ ਹੈ, ਜੋ ਪ੍ਰਮੁੱਖ ਹੁੰਦਾ ਹੈ ਗੌਣ ਰੂਪ ਵਿੱਚ ਹੁੰਦਾ ਹੈ। ਜਦੋਂ ਕਰਤਾ ਛੱਡ ਕੇ ਕਾਰਕ ਭਾਵ ਗੌਣ ਉੱਤੇ ਪ੍ਰਮੁੱਖਤਾ ਦਾ ਆਰੋਪ ਕੀਤਾ ਜਾਂਦਾ ਹੈ ਤਾਂ ਉੱਥੇ ਕਾਰਕ ਵਕ੍ਰਤਾ ਹੁੰਦੀ ਹੈ ਭਾਵ ਕਾਰਕਾਂ ਦੇ ਚਮਤਕਾਰ ਕਾਰਨ ਹੋਣ ਵਾਲੀ ਸ਼ੋਭਾ ਕਿਹਾ ਜਾਂਦਾ ਹੈ। ਜਿਸ ਵਿੱਚ ਕਾਰਕਾਂ ਦੀ ਵਿਲੋਮਤਾ ਭਾਵ ਸਾਧਨਾਂ ਦੀ ਖਾਸ ਤਬਦੀਲੀ ਰਹਿੰਦੀ ਹੈ ਭਾਵ ਗੌਣ ਅਤੇ ਪ੍ਰਮੁੱਖ ਦੀ ਇਕ ਦੂਜੇ ਨਾਲ ਬਰਾਬਰੀ ਹੋ ਜਾਂਦੀ ਹੈ।ਜਿਵੇਂ:

ਮੇਰੇ ਪੈਰਾਂ ਦੀ ਬੇਗਾਨਗੀ
ਮੈਨੂੰ ਲੈ ਗਈ ਕਿੱਧਰ-ਕਿੱਧਰ
ਨਾ ਉਹ ਸਾਦਗੀ ਨਾ ਰਵਾਨਗੀ
ਨਾ ਹੀ ਚਾਲ ਵਿੱਚ ਕੋਈ ਤਾਲ ਹੈ।

ਇੱਥੇ ‘ਕਰਨ ਕਾਰਕ’ (ਪੈਰ) ਉੱਪਰ ‘ਕਰਤਾ ਕਾਰਕ’ ਦਾ ਆਰੋਪ ਕਰਨ ਕਾਰਕ ‘ਕਾਰਕ ਵਕ੍ਰਤਾ ਹੈ।

(iii) ਵਚਨ ਵਚਿਤ੍ਰਯ ਵਕ੍ਰਤਾ[ਸੋਧੋ]

ਇਹ ਵਕ੍ਰਤਾ ਉੱਥੇ ਹੰਦੀ ਹੈ ਜਿੱਥੇ ਕਾਵਿ ਵਿੱਚ ਵਚਿਤ੍ਰਤਾ ਲਿਆਉਣ ਲਈ ਆਪਣੀ ਇੱਛਾ ਦੇ ਅਧੀਨ ਹੋ ਕੇ ਵਚਨਾ ਦੀ ਤਬਦੀਲੀ ਕਰ ਦਿਤੀ ਜਾਂਦੀ ਹੈ। ਇਥੇ ਇਸਦਾ ਮਤਲਬ ਹੈ ਕਿ ਇੱਕ ਵਚਨ ਜਾਂ ਦਿਵਚਨ ਦਾ ਪ੍ਰਯੋਗ ਕਰਨ ਦੇ ਮੌਕੇ ਤੇ ਵਿਚਿੱਤ੍ਤਾ ਪੈਦਾ ਕਰਨ ਲਈ ਹੋਰ ਕਿਸੇ ਵਚਨ ਦਾ ਪ੍ਰਯੋਗ ਹੁੰਦਾ ਹੈ ਜਾਂ ਜਿੱਥੇ ਭਿੰਨ ਭਿੰਨ ਵਚਨਾਂ ਦਾ ਸਮਾਨ-ਅਧਿਕਰਣ ਪ੍ਰਯੋਗ ਕੀਤਾ ਜਾਂਦਾ ਹੈ ਉਥੇ ਵਚਨ-ਵਚਿਤ੍ਰਯ-ਵਕ੍ਰਤਾ ਹੁੰਦੀ ਹੈ।ਜਿਵੇ :-

ਸਾਨੂ ਪੈਰ ਪੈਰ ਉਤੇ ਉਨ੍ਹਾਂ ਦਿੱਤੇ ਨੇ ਫਰੇਬ,
ਅਸੀ ਤੋੜ ਤੱਕ ਨਿਭੇ ਜਿਹਨਾ ਹਾਣੀਆ ਦੇ ਨਾਲ।

ਇੱਥੇ ਪਦ ‘ਸਾਨੂੰ’, ‘ਉਹਨਾਂ’, ‘ਜਿਹਨਾ’ ਵਿੱਚ ਇਕ ਵਚਨ ਦੀ ਥਾਂ ਬਹੁਵਚਨ ਦੀ ਪ੍ਰਤੀਤੀ ਹੁੰਦੀ ਹੈ ਜਿਸ ਕਰਕੇ ਵਚਨ ਵੈਚਿਤ੍ਰਯ ਪੈਦਾ ਹੁੰਦੀ ਹੈ।

(iv) ਪੁਰਸ਼ ਵੈਚਿਤ੍ਰ ਵਕ੍ਰਤਾ[ਸੋਧੋ]

ਵਿਆਕਰਣ ਅਨੁਸਾਰ ਭਾਸ਼ਾ ਵਿੱਚ ਤਿੰਨ ਪੁਰਸ਼ ਹੰਦੇ ਹਨ। ਉੱਤਮ ਪੁਰਸ਼, ਮੱਧਮ ਪੁਰਸ, ਅਨਯ ਪੁਰਸ਼। ਜਦੋ ਵਚਿਤ੍ਰਤਾ ਤੇ ਸੁਹਜ ਪੈਦਾ ਕਰਨ ਲਈ ਉੱਤਮ ਪੁਰਸ਼ ਦੀ ਥਾਂ ਮੱਧਮ ਪੁਰਸ਼ ਤੇ ਇਸ ਦੀ ਥਾਂ ਤੇ ਅਨਯ ਪੁਰਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ਉੱਥੇ ਪੁਰਸ਼ ਵੈਚਿਤ੍ਰ ਵਕ੍ਰਤਾ ਹੁੰਦੀ ਹੈ।ਅਰਥਾਤ ਜਿੱਥੇ ਵਿਚਿੱਤ੍ਤਾ ਦੀ ਰਚਨਾ ਕਰਨ ਲਈ ਆਪਣੇ ਅਤੇ ਦੂਜੇ ਦੇ ਸਰੂਪ ਨੂੰ ਤਬਦੀਲ ਕਰਕੇ ਰਚਨਾ ਕੀਤੀ ਜਾਂਦੀ ਹੈ। ਜਿਵੇ :-

ਤਾਂਘ ਮਾਹੀ ਦੀ ਜਲੀਆ
ਨਿੱਤ ਕਾਗ ਉਡਾਵਾਂ ਖਲੀਆ

ਇੱਥੇ ‘ਤੇਰੀ’ ਦੀ ਥਾਂ ਤੇ ‘ਮਾਹੀ’ ਸਬਦ ਭਾਵ ਮੱਧਮ ਪੁਰਸ਼ ਦੀ ਥਾਂ ‘ਅਨਯ ਪੁਰਸ਼’ ਦਾ ਪ੍ਰਯੋਗ ਕੀਤਾ ਗਿਆ ਹੈ।

(v) ਉਪਗ੍ਰਹਿ ਵਕ੍ਰਤਾ[ਸੋਧੋ]

ਉਪਗ੍ਰਹਿ ਦਾ ਮਤਲਬ ਹੰਦਾ ਹੈ ਧਾਤੂ– ਪਦ ਸੰਸਕਿ੍ਤ ਭਾਸਾ ਵਿੱਚ ਧਾਤੂਆਂ ਦੇ ਦੋ ਪਦ ਮੰਨੇ ਗਏ ਹਨ:-

'‘ਪਰਸਮੈ ਪਦ’ ਤੇ ‘ਆਤਮਨੇ ਪਦਾ’। ਜਿੱਥੇ ਕਾਵਿ ਵਿੱਚ ਸੁਹਜ ਪੈਦਾ ਕਰਨ ਲਈ ਇਹਨਾ ਦੋਹਾਂ ਪਦ–ਪ੍ਰਯੋਗ ਵਿੱਚ ਇੱਕ ਦੀ ਵੀ ਉੱਚਿਤ ਵਰਤੋਂ ਕੀਤੀ ਜਾਂਦੀ ਹੈ ਉੱਥੇ ਉਪ ਗ੍ਰਹਿ ਵਕ੍ਰਤਾ ਹੁੰਦੀ ਹੈ । ਪੰਜਾਬੀ ਵਿੱਚ ਇਸ ਵਕ੍ਰਤਾ ਦਾ ਪ੍ਰਯੋਗ ‘ਕਰਮ–ਕਰਤਰੀ ਵਾਚ’ ਵਿੱਚ ਮਿਲਦੇ ਹਨ ਭਾਵ ਕਰਮ ਹੀ ਕਰਤਾ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ । ਜਿਵੇ :-

  :ਅੱਖ ਨੂੰ ਕੋਈ ਹੋਰ ਖੋਲਦਾ ਹੈ, ਪਰ ਅਸੀਂ ਆਖਦੇ ਹਾਂ
 :“ਅੱਖ ਖੁਲ ਗਈ” ਇਸ ਵਿੱਚ ਕਰਮ ਹੀ ਕਰਤਾ ਬਣ ਗਿਆ।

(vi) ਪ੍ਰਤਿਐ ਵਕ੍ਰਤਾ:-[ਸੋਧੋ]

ਪੰਜਾਬੀ ਵਿੱਚ ਪ੍ਰਤਿਐ ਨੂੰ ਪਿਛੇਤਰ ਵੀ ਕਿਹਾ ਜਾਂਦਾ ਹੈ। ਪ੍ਰਤਿਐ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਕਿਤੇ ਕੋਈ ਕਵੀ ਸਿੱਧ ਜਾਂ ਸੰਪੂਰਨ ਪਦ (ਸ਼ਬਦ) ਨਾਲ ਸੁਹਜ ਚਮਤਕਾਰ ਪੈਦਾ ਕਰਨ ਲਈ ਕੋਈ ਵਾਧੂ ਦੂਹਰਾ ਪ੍ਰਤਿਐ (ਪਿਛੇਤਰ) ਸੰਯੁਕਤ ਕਰ ਦਿੰਦੀ ਹੈ :- 
ਮੈ ਕਸੁੰਭੜਾ ਚੁੱਗ–ਚੁੱਗ ਹਾਰੀ
ਏਸ ਕੁਸਭੰੜੇ ਦੇ ਕੰਡੜੇ ਭਲੇਰੇ
ਮੇਰੀ ਅੜ–ਅੜ ਚੁੰਨੜੀ ਪਾੜੀ ।

ਇਸ ਵਿੱਚ ਕਸੁੰਭੜਾ, ਕੰਡੜੇ, ਚੁੰਨੜੀ ਪਦ ਅਜਿਹੇ ਪਦ ਹਨ। ਜਿਹਨਾ ਦੇ ਪਿਛੇਤਰ ਵਿੱਚ ‘ੜ’ ਸ਼ਬਦ ਵਰਤਿਆ ਗਿਆ ਹੈ। ਜਿਸ ਕਾਰਨ ਸੁਹਜ ਚਮਤਕਾਰ ਪੈਦਾ ਹੁੰਦਾ ਹੈ।

4. ਵਾਕ ਵਕ੍ਰਤਾ[ਸੋਧੋ]

ਕਾਵਿ ਵਿੱਚ ਧੁਨੀਆਂ, ਸ਼ਬਦਾਂਸ਼ ਅਤੇ ਸ਼ਬਦਾਂ ਦਾ ਜੋ ਸਮੁੱਚਾ ਅਰਥ ਉਭਰਦਾ ਹੈ, ਉਹ ਅਰਥ ਸਮੁੱਚਤਾ ਹੀ ‘ਵਾਕ ਵਕ੍ਰਤਾ’ ਅਖਵਾਉਂਦੀ ਹੈ। ਵਾਕ ਦਾ ਅਰਥ ਵਾਕ ਵਿੱਚ ਵਰਣਨ ਕੀਤੀ ਵਿਸ਼ੇ-ਵਸਤੂ ਤੋ ਲਿਆ ਜਾਂਦਾ ਹੈ। ਇਸ ਲਈ ਕੁਤੰਕ ਨੇ ਵਾਕ ਵਕ੍ਰਤਾ, ਅਰਥ ਜਾਂ ਵਸਤੂ ਨੂੰ ਇੱਕੋ ਮੰਨਿਆ ਹੈ। ਕੁਤੰਕ ਅਨਸਾਰ “ਵਰਨਣ ਕੀਤੀ ਜਾਣ ਵਾਲੀ ਸ਼ਬਦਾਰਥ ਰੂਪੀ ਵਸਤੂ ਦਾ ਸਹਿਜ ਸੁਭਾਵਿਕ ਸੁੰਦਰ ਰੂਪ ਵਿੱਚ ਵਰਨਣ ਵਸਤੂ ਹੀ ਵਕ੍ਰਤਾ ਹੁੰਦੀ ਹੈ।"ਉਦਾਹਰਣ

ਕੰਮ ਕਰਦਿਆਂ- ਕਰਦਿਆਂ ਭੁਸ ਪੈਂਦਾ
ਮੁਰਖ ਆਦਮੀ ਹੁੰਦੇ ਸੁਜਾਨ ਵੇਖੋ
ਘੱਸ-ਘੱਸ ਕੇ ਸ਼ੈਲ ਦੀ ਹਿੱਕੜੀ ਤੇ
ਰੱਸੀ ਨਾਲ ਵੀ ਹੁੰਦੇ ਨਿਸ਼ਾਨ ਵੇਖੋ।

ਇਸ ਕਾਵਿ ਟੁੱਕੜੇ ਵਿੱਚ ਪੁਨੀਆਂ, ਸ਼ਬਦਾਂਸ਼ਾ ਤੇ ਸ਼ਬਦਾਂ ਦਾ ਸਮੁੱਚਾ ਅਰਥ ਉਭਰਦਾ ਹੈ ਇਸ ਕਰਕੇ ਇੱਥੇ ਵਾਕ ਵਕ੍ਰਤਾ ਹੈ।ਕੁਤੰਕ ਨੇ ਦੋ ਹੋਰ ਵਰਣਿਤ ਰੂਪ ਵਾਕ ਵਕ੍ਰਤਾ ਦੇ ਮੰਨੇ ਹਨ:-

 1. ਚੇਤਨ
 2. ਅਚੇਤਨ

ਚੇਤਨ ਤੋ ਭਾਵ ਹੈ ਉਹ ਪ੍ਰਾਣੀ ਜਿਨ੍ਹਾਂ ਦੇ ਅੰਦਰ ਗਿਆਨ ਹੁੰਦਾ ਹੈ ਅਤੇ ਅਚੇਤਨ ਪਦਾਰਥ ਬੁੱਧੀ ਰਹਿਤ ਹੁੰਦੇ ਹਨ। ਚੇਤਨ ਵਸਤੂ ਵਿਚ ਕੁਤੰਕ ਨੇ ਮਨੁੱਖ ਆਦਿ ਉੱਚੀਆਂ ਪ੍ਰਧਾਨ ਜੂਨਾਂ ਨੂੰ ਅਤੇ ਅਪ੍ਰਧਾਨ ਜੂਨਾਂ ਵਿੱਚ ਪਸ਼ੂ ਪੰਛੀ ਆਦਿ ਤਿਰਕ (ਟੇਢੀਆਂ) ਜੂਨਾਂ ਨੂੰ ਸ਼ਾਮਿਲ ਕੀਤਾ ਹੈ।

ਵਰਣਿਤ ਵਿਸ਼ਿਆ ਦੇ ਆਧਾਰ ਤੇ ਹੀ ਕੁਤੰਕ ਨੇ ਵਾਕਯ ਵਕ੍ਰੋਕਤੀ ਦੇ ਦੋ ਹਰ ਉਪਭੇਦ ਮੰਨੇ ਹਨ:- ਸਹਿਜ ਅਤੇ ਆਹਰਯ। ‘ਸਹਿਜ’ ਦਾ ਅਰਥ ਹੈ ਸੁਭਾਵਿਕ ਇਸ ਵਿੱਚ ਕਵੀ ਆਪਣੀ ਸਿਹਜ ਪ੍ਰਤਿਭਾ ਰਾਹੀ ਵਰਣਿਤ ਵਸਤੂ ਦੀ ਸੁਭਾਵਿਕ ਜਾ ਕੁਦਰਤੀ ਸ਼ੋਭਾ ਦਾ ਸੰਜੀਵ ਵਰਨਣ ਕਰਕੇ ਸਹਿਰਦ ਵਿਅਕਤੀਆ ਨੂੰ ਆਨੰਦਿਤ ਕਰਦਾ ਹੈ।‘ਆਹਰਯ’ ਦਾ ਅਰਥ ਹੈ ‘ਨਿਪੁਣਤਾ’ ਜਾਂ ‘ਸਿੱਖਿਆ’ ਅਭਿਆਸ ਰਾਹੀ ਪ੍ਰਾਪਤ ਕੀਤੀ ਪ੍ਰਤਿਭਾ। ਇਸ ਰਾਹੀ ਕਵੀ ਵਿੱਚ ਖਿੱਚ ਰਹਿਤ ਵਸਤੂਆ ਦੇ ਵਿਸ਼ੇਸ ਗੁਣਾਂ ਨੂੰ ਆਪਣੀ ਪ੍ਰਤਿਭਾ ਰਾਹੀ ਅਜਿਹਾ ਚਮਕਾਉਂਦਾ ਹੈ ਕਿ ਉਹ ਵਿਲੱਖਣ ਪ੍ਰਤੀਤ ਹੋਣ ਲੱਗਦੇ ਹਨ। ਅਸਲ ਵਿੱਚ ਪ੍ਰਧਾਨ ਤੌਰ ਤੇ ਅਰਥ ਅਲੰਕਾਰਾਂ ਦੀ ਸਿਰਜਣਾ ਵਕ੍ਰਤਾ ਦੇ ਇਸੇ ਭੇਦ ਅਧੀਨ ਹੀ ਕੀਤੀ ਜਾਂਦੀ ਹੈ।

5. ਪ੍ਰਕਰਣ ਵਕ੍ਰਤਾ[ਸੋਧੋ]

ਸਮੁੱਚੀ ਕਥਾ ਨੂੰ ਪ੍ਰਬੰਧ ਕਿਹਾ ਜਾਂਦਾ ਹੈ ਅਤੇ ਉਸਦੇ ਜੋ ਵੱਖ-ਵੱਖ ਅੰਗ ਹੰਦੇ ਹਨ ਉਹਨਾਂ ਨੂੰ ‘ਪ੍ਰਕਰਣ’ ਕਿਹਾ ਜਾਂਦਾ ਹੈ। ਜਦੋ ਕਿਸੇ ਵਿਸ਼ੇਸ਼ ਪ੍ਰਕਰਣ ਕਾਰਨ ਸਾਰਾ ਕਥਾ ਵਿਧਾਨ ਹੀ ਉੱਨਤ ਹੋ ਜਾਂਦਾ ਹੈ ਤਾਂ ਉੱਥੇ ਪ੍ਰਕਰਣ ਵਕ੍ਰਤਾ ਦਾ ਚਮਤਕਾਰ ਹੁੰਦਾ ਹੈ। ਪ੍ਰਕਰਣ ਵਕ੍ਰਤਾ ‘ਕਥਾਤਮਕ ਕਾਵਿ’ ਨਾਲ ਵਧੇਰੇ ਸੰਬੰਧਿਤ ਹੈ। ਜਿਵੇਂ ਮਹਾਕਾਵਿ, ਪ੍ਰਬੰਧ ਕਾਵਿ, ਨਾਟਕ ਕਾਵਿ ਆਦਿ ਕਥਾਤਮਕ ਕਾਵਿ ਦੇ ਹੀ ਭੇਦ ਹਨ। ਜਦੋ ਕੋਈ ਪ੍ਰਤੀਭਾਸ਼ਾਲੀ ਕਵੀ ਕਥਾਤਮਕ ਕਾਵਿ ਦੇ ਇਹਨਾਂ ਭੇਦਾਂ ਦੇ ਭਿੰਨ-ਭਿੰਨ ਪ੍ਰਕਰਣਾਂ ਨੂੰ ਅਤਿ ਚਮਤਕਾਰਮਈ ਤੇ ਵਕ੍ਰਤਾ ਭਰਪੂਰ ਰੂਪ ਵਿੱਚ ਚਿਤਰਦਾ ਹੋਇਆ ਵਿਲੱਖਣ ਸੁਹਜ ਪੈਦਾ ਕਰਦਾ ਹੈ ਤਾਂ ਉੱਥੇ ‘ਪ੍ਰਕਰਣ ਵਕ੍ਰਤਾ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਕਾਵਿ ਕਿਰਤੀ ਵਿੱਚ ਵਿਸ਼ੇਸ਼ ਪ੍ਰਸੰਗ ਦੇ ਸਜੀਵ ਚਿਤਰਨ ਨੂੰ ਹੀ ਕੁੰਤਕ ਨੇ ਪ੍ਰਕਰਣ ਵਕ੍ਤਾ ਮੰਨਿਆ ਹੈ। ਕੁੰਤਕ ਦੇ ਅਨੁਸਾਰ ਪ੍ਰਕਰਣ ਏਕ ਦੇਸ਼ ਹੈ। ਜਦੋਂ ਕਵੀ ਕਥਾ ਕਾਵਿ ਦੇ ਨਿੱਕੇ ਨਿੱਕੇ ਪ੍ਰਸੰਗਾਂ ਤੇ ਅੰਸ਼ਾਂ ਨੂੰ ਪ੍ਰਧਾਨ ਕਥਾ ਵਸਤੂ ਦੇ ਸੰਦਰਭ ਵਿੱਚ ਸਰਸ ਤੇ ਸਜੀਵ ਰੂਪ ਚਿਤਰਦਾ ਜਾਂ ਚਮਤਕਾਰੀ ਢੰਗ ਨਾਲ ਕਲਪਦਾ ਜਾਂ ਮੇਲਦਾ ਹੈ ਤਾਂ ਪ੍ਰਕਰਣ ਵਕ੍ਤਾ ਉਭਰਦੀ ਹੈ।

ਜਿਵੇ:-

‘ਰਮਾਇਣ’ ਮਹਾਂਕਾਵਿ ਵਿੱਚ ਰਾਮ ਦੇ ਪਿਤਾ ਦਸ਼ਰਥ ਦੁਆਰਾ ਆਪਣੀ ਪਤਨੀ ਨੂੰ ਯੁੱਧ ਦੇ ਮੈਦਾਨ ਵਿੱਚ ਦੋ ਵਚਨ ਦੇਣ ਦਾ ਪ੍ਰਸੰਗ ਸਮੁੱਚੇ ਮਹਾਕਾਵਿ ਦੇ ਘਟਨਾਕ੍ਰਮ ਦਾ ਆਧਾਰ ਬਣਦਾ ਹੈ। ਇਸ ਪ੍ਰਸੰਗ ਦੇ ਆਉਣ ਨਾਲ ਸਾਰਾ ਪ੍ਰਬੰਧ ਉਚਿਤ ਹੋ ਜਾਂਦਾ ਹੈ। ਜੋ ਪ੍ਰਕਰਣ ਵਕ੍ਰਤਾ ਹੈ।

ਪ੍ਰਕਰਣ ਵਕ੍ਰਤਾ ਦੇ ਉਪਭੇਦ[ਸੋਧੋ]

(i) ਭਾਵ ਪੂਰਨ ਸਥਿਤੀ ਦੀ ਸਿਰਜਨਾ (ਪਾਤਰ-ਚਿਤ੍ਰਣ ਵਕ੍ਰਤਾ)
(ii) ਸਧ੍ਰਰ ਕਲਪਨਾ (ਉਤਪਾਦਯ ਲਾਵਣਯ: ਨਵੀਨ ਪ੍ਰਸੰਗ ਵਕ੍ਰਤਾ)

(ੳ) ਅਣਹੋਂਦ ਦੀ ਕਲਪਨਾ

(ਅ) ਹੋਂਦ ਦੀ ਸੇਧ

(iii) ਪ੍ਰਬੰਧ ਤੇ ਉਪਕਰਣਾਂ ਵਿੱਚ ਉਪਕਾਰ ਭਾਵ (ਉਪਕਾਰ ਭਾਵ ਵਕ੍ਰਤਾ)
(iv) ਵਿਸ਼ੇਸ ਪ੍ਰਕਰਣ ਦੀ ਅਤਿਰੰਜਨਾ (ਦੁਹਰਾਉ)
(v) ਰੌਚਕ ਪ੍ਰਸੰਗਾ ਦਾ ਵਿਸਤ੍ਰਿਤ ਵਰਣਨ
(vi) ਅਪ੍ਰਧਾਨ ਪ੍ਰਸੰਗ ਦਾ ਵਿਸਤ੍ਰਿਤ ਵਰਣਨ
(vii) ਗਰਭ ਅੰਕ (ਗਰਭਾਂਕ) (ਨਾਟਕੀ ਵਕ੍ਰਤਾ)
(viii) ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ
(i) ਭਾਵ ਪੂਰਨ ਸਥਿਤੀ ਦੀ ਸਿਰਜਨਾ:-[ਸੋਧੋ]

ਜਦੋ ਅਜਿਹੀ ਸਥਿਤੀ ਦੀ ਸਿਰਜਣਾ ਕੀਤੀ ਜਾਵੇ ਜੋ ਪਾਤਰ ਚਿਤ੍ਰਣ ਵਿੱਚ ਵਕ੍ਰਤਾਮਈ ਚਮਤਕਾਰ ਪੈਦਾ ਕਰਦੀ ਹੈ, ਤਾਂ ਉਥੇ ਪਾਤਰ-ਚਿਤਰਣ ਵਕ੍ਰਤਾ ਹੁੰਦੀ ਹੈ, ਭਾਵ ਕਿ ਭਾਵ ਪੂਰਣ ਸਥਿਤੀ ਦੀ ਸਿਰਜਣਾ ਵਾਲਾ ਭੇਦ ਹੁੰਦਾ ਹੈ।

(ii) ਮਧੁਰ ਕਲਪਨਾ:-[ਸੋਧੋ]

ਜਦੋ ਕਵੀ ਆਪਣੀ ਕਲਪਨਾ ਰਾਹੀ ਕਿਸੇ ਇਤਿਹਾਸਕ ਕਥਾ-ਵਸਤੂ ਵਿੱਚ ਚਮਤਕਾਰ ਪੈਦਾ ਕਰ ਦਿੰਦਾ ਹੈ, ਉੱਥੇ ਇਹ ਕਲਪਨਾ-ਉਤਪੰਨ ਮਧੁਰ ਕਲਪਨਾ ਪ੍ਰਕਰਣ ਵਕ੍ਰਤਾ ਦਾ ਭੇਦ ਹੈ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-

 1. ਅਣਹੋਂਦ ਦੀ ਕਲਪਨਾ
 2. ਹੋਂਦ ਦੀ ਸੇਧ

ਅਣਹੋਂਦ ਦੀ ਕਲਪਨਾ ਤੋਂ ਭਾਵ ਹੈ ਕਿ ਨਵੀਨ ਪ੍ਰਸੰਗ ਦੀ ਸਿਰਜਣਾ ਅਤੇ ਇਸ ਦੇ ਉਲਟ, ਹੋਂਦ ਦੀ ਸੇਧ ਤੋਂ ਭਾਵ ਹੈ ਕਿ ਜਿੱਥੇ ਕੋਈ ਘਟਨਾ ਅਣਸੁਖਾਵੀਂ ਜਾਂ ਅਨੁਚਿਤ ਹੋਵੇ ਉੱਥੇ ਕਵੀ ਉਸ ਵਿੱਚ ਲੋੜੀਦੀ ਸੋਧ-ਸੁਧਾਈ ਕਰਕੇ ਮੂਲ ਕਥਾ ਦੇ ਅਨੁਕੂਲ ਕਰ ਦਿੰਦਾ ਹੈ।

(iii) ਪ੍ਰਬੰਧ ਤੇ ਉਪਕਾਰ ਭਾਵ:-[ਸੋਧੋ]

ਪ੍ਰਬੰਧ ਤੇ ਉਪਕਾਰ ਭਾਵ ਤੋਂ ਮਤਲਬ ਹੈ ਕਿ ਜਿੱਥੇ ਪ੍ਰਬੰਧ ਕਥਾ ਵਿੱਚ ਜਦੋ ਸਾਰੇ ਪ੍ਰਕਰਮ ਇੱਕ-ਦੂਜੇ ਦੀ ਸਹਾਇਤਾ ਨਾਲ ਅੱਗੇ ਵੱਧਦੇ ਹਨ ਅਤੇ ਪ੍ਰਧਾਨ ਕਾਰਜ ਦੀ ਪੂਰਤੀ ਵਿੱਚ ਸਹਾਇਕ ਹੁੰਦੇ ਹਨ।

(iv) ਵਿਸ਼ੇਸ਼ ਪ੍ਰਕਰਣ ਦੀ ਅਤਿਰੰਜਨਾ:-[ਸੋਧੋ]

ਭਾਵ ਕਿ ਜਦੋਂ ਕਾਵਿ ਵਿੱਚ ਅਜਿਹੇ ਪ੍ਰਕਰਣ ਵਰਤੇ ਜਾਂਦੇ ਹਨ, ਜਿਹਨਾਂ ਦੇ ਦੁਹਰਾਉ ਨਾਲ ਕਾਵਿ ਵਿਚਲੀ ਰਸਾਤਮਕਤਾ ਹੋਰ ਵੀ ਪ੍ਰਤਿਭਾਸ਼ਾਲੀ ਰੂਪ ਧਾਰਨ ਕਰਦੀ ਹੈ।

(v) ਰੌਚਕ ਪ੍ਰਸੰਗਾਂ ਦਾ ਵਿਸਤ੍ਰਿਤ ਵਰਣਨ:-[ਸੋਧੋ]

ਕਾਵਿ ਵਿੱਚ ਸੁੰਦਰਤਾ ਤੇ ਵ੍ਰਕਤਾ ਪੈਦਾ ਕਰਨ ਲਈ ਜਦੋਂ ਵੱਖ-ਵੱਖ ਪ੍ਰਕਾਰ ਦੇ ਚਮਤਕਾਰੀ ਪ੍ਰਕਰਣ ਵ੍ਰਕਤਾ ਹੋਵੇ ਤਾਂ ਉੱਥੇ ਰੌਚਕ ਪ੍ਰਸੰਗਾ ਦਾ ਵਿਸਤ੍ਰਿਤ ਵਰਣਨ ਕੀਤਾ ਹੁੰਦਾ ਹੈ।

(vi) ਅਪ੍ਰਧਾਨ ਪ੍ਰਸੰਗ ਦੀ ਕਲਪਨਾ:-[ਸੋਧੋ]

ਜਦੋ ਕਵੀ ਕਿਸੇ ਕਾਵਿ ਵਸਤੂ ਦੀ ਸਫਲਤਾ ਲਈ ਸੁੰਦਰ, ਪਰ ਅਪ੍ਰਧਾਨ ਪ੍ਰਸੰਗ ਦੀ ਕਲਪਨਾ ਕਰਦਾ ਹੈ ਤਾਂ ਉੱਥੇ ਪ੍ਰਕਰਣ ਵਕ੍ਰਤਾ ਦਾ ਅਪ੍ਰਧਾਨ ਪ੍ਰਸੰਗ ਦੀ ਕਲਪਨਾ ਭੇਦ ਹੰਦਾ ਹੈ।

(vii) ਗਰਭਾਂਕ:-[ਸੋਧੋ]

ਗਰਭ ਦਾ ਮਤਲਬ ਹੁੰਦਾ ਹੈ ਗੱਭੇ, ਵਿਚਾਲੇ, ਅੰਦਰ। ਜਦੋ ਕਾਵਿ ਵਿੱਚ ਵਕ੍ਰਤਾਮਈ ਚਮਤਕਾਰ ਪੈਦਾ ਕਰਨ ਲਈ ਨਾਟਕ, ਮਹਾਂਕਾਵਿ ਜਾਂ ਕਥਾ ਕਾਵਿ ਦੇ ਅੰਤਰਗਤ ਕੋਈ ਹੋਰ ਨਾਟਕ ਜੋੜ ਦਿੱਤਾ ਜਾਂਦਾ ਤਾਂ ਉਸ ਨੂੰ ਅਸੀ ਗਰਭਾਂਕ ਕਹਿੰਦੇ ਹਾਂ।

(viii) ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ:-[ਸੋਧੋ]

ਪ੍ਰਬੰਧ ਕਾਵਿ ਜਾਂ ਨਾਟਕ ਵਿੱਚ ਪਹਿਲੇ ਪ੍ਰਕਰਣਾਂ ਦਾ ਮਗਰਲੇ ਪ੍ਰਕਰਣਾਂ ਨਾਲ ਸੁਮੇਲ ਪ੍ਰਕਰਣ ਵਕ੍ਰਤਾ ਦਾ ਇੱਕ ਪ੍ਰਮੁੱਖ ਰੂਪ ਹੈ। ਜੇਕਰ ਵੱਖ-ਵੱਖ ਪ੍ਰਕਰਣ ਅਗਲੇ-ਪਿਛਲੇ ਕ੍ਰਮ ਨਾਲ ਆਪੋ ਵਿੱਚ ਜੁੜੇ ਹੋਏ ਨਹੀਂ ਹੋਣਗੇ ਤਾਂ ਕਥਾ ਦੀ ਜਿਹੜੀ ਤੰਦ ਹੈ ਉਹ ਟੁੱਟ ਜਾਂਦੀ ਹੈ। ਇਸ ਲਈ ਜਦੋਂ ਨਾਟਕ ਜਾਂ ਪ੍ਰਬੰਧ ਕਾਵਿ ਵਿੱਚ ਪਹਿਲੇ ਅਤੇ ਪਿਛਲੇ ਪ੍ਰਕਰਣਾਂ ਦਾ ਸੁਮੇਲ ਕ੍ਰਮ ਅਨੁਸਾਰ ਤੇ ਚਮਤਕਾਰੀ ਢੰਗ ਨਾਲ ਹੋਇਆ ਹੁੰਦਾ ਹੈ ਤਾਂ ਉੱਥੇ ‘ਪ੍ਰਕਰਣ ਵਕ੍ਰਤਾ’ ਦਾ ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ ਭੇਦ ਹੁੰਦਾ ਹੈ।

6. ਪ੍ਰਬੰਧ ਵਕ੍ਰਤਾ[ਸੋਧੋ]

ਪ੍ਰਬੰਧ ਵਕ੍ਰਤਾ ਕਾਵਿ ਦੀ ਸਭ ਤੋਂ ਵੱਧ ਵਿਆਪਕ ਵਕ੍ਰੋਕਤੀ ਹੈ। ਇਸਦਾ ਆਧਾਰ ਨਾ ਤਾਂ ਵਰਣ (ਧੁਨੀਆਂ, ਅੱਖਰ), ਹਨ, ਨਾ ਸ਼ਬਦ, ਨਾ ਵਾਕ, ਨਾ ਪ੍ਰਕਰਣ, ਸਗੋਂ ਆਦਿ-ਅੰਤ ਸਮੁੱਚਾ ਪ੍ਰਬੰਧ ਕਾਵਿ ਜਾਂ ਨਾਟਕ ਹੁੰਦਾ ਹੈ। ਪ੍ਰਬੰਧ ਵਕ੍ਤਾ ਦੇ ਦਾਇਰੇ ਵਿਚ ਸਾਰੇ ਪ੍ਰਬੰਧ ਕਾਵਿ ਅਰਥਾਤ ਮਹਾਕਾਵਿ ਤੇ ਨਾਟਕ ਦਾ ਵਸਤੂ ਕੌਸ਼ਲ ਸ਼ਮੋਇਆ ਰਹਿੰਦਾ ਹੈ।ਇਸ ਦਾ ਆਧਾਰ ਖੇਤਰ ਬਹੁਤ ਵਿਸ਼ਾਲ ਤੇ ਵਿਆਪਕ ਹੈ। ਕੁੰਤਕ ਨੇ ਪ੍ਰਬੰਧ-ਵਕ੍ਰਤਾ ਦੇ ਛੇ ਉਪਭੇਦ ਕੀਤੇ ਹਨ:-

 1. ਮੂਲ ਰਸ-ਪਰਿਵਰਤਨ।
 2. ਨਾਇਕ ਦੇ ਚਰਿਤ੍ਰ ਨੂੰ ਉੱਨਤ ਕਰਨ ਵਾਲੀ ਚਰਮ ਘਟਨਾ ਉੱਤੇ ਕਥਾ ਦੀ ਸਮਾਪਤੀ।
 3. ਕਥਾ ਦੇ ਅੱਧ-ਵਿਚਾਲੇ ਹੀ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ।
 4. ਨਾਇਕ ਦੁਆਰਾ ਅਨੇਕ ਫਲ਼ਾਂ ਦੀ ਪ੍ਰਾਪਤੀ
 5. ਪ੍ਰਧਾਨ ਕਥਾ ਦਾ ਸੂਚਕ ਨਾਮਕਰਣ।
 6. ਇੱਕੋ ਹੀ ਮੂਲ-ਕਥਾ ਉੱਤੇ ਅਧਾਰਿਤ ਪ੍ਰਬੰਧਾ ਦੀ ਅਲੌਕਿਕ ਵਿਲੱਖਣਤਾ ਵਿੱਚ ਭਿੰਨਤਾ।

ਇਹਨਾਂ ਬਾਰੇ ਵਰਨਣ ਇਸ ਤਰਾਂ ਹੈ:-

 1. ਮੂਲ ਰਸ ਦਾ ਪਰਿਵਰਤਨ:- ਜਦੋਂ ਕਿਸੇ ਇਤਿਹਾਸਕ ਕਥਾ ਵਸਤੂ ਨੂੰ ਵਧੇਰੇ ਚਮਤਕਾਰੀ ਬਣਾਉਣ ਲਈ ਉਸਦੇ ਮੂਲ ਰਸ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ।
 2. ਜਦੋਂ ਕਾਵਿ ਵਿੱਚ ਨਾਇਕ ਦੇ ਚਰਿੱਤਰ ਨੂੰ ਉੱਨਤ ਕਰਨ ਵਾਲੀ ਘਟਨਾ ਉੱਤੇ ਕਥਾ- ਕਾਵਿ ਦੀ ਸਮਾਪਤੀ ਹੁੰਦੀ ਹੈ ਤਾ ਉੱਥੇ ਨਾਇਕ ਦੇ ਚਰਿਤ੍ਰ ਨੂੰ ਉਨੱਤ ਕਰਨ ਵਾਲੀ ਚਰਮ ਘਟਨਾ ਉੱਥੇ ਕਥਾ ਦੀ ਸਮਾਪਤੀ ਵਾਲਾ ਭੇਦ ਹੁੰਦਾ ਹੈ।
 3. ਕਥਾ ਦੇ ਅਧੱ-ਵਿਚਾਲੇ ਹੀ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ:- ਜਦੋਂ ਕਥਾ-ਕਾਵਿ ਦੇ ਵਿਚਕਾਰ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ ਨੂੰ ਪੂਰਾ ਕਰ ਦਿੱਤਾ ਜਾਂਦਾ ਹੈ।
 4. ਨਾਇਕ ਦੁਆਰਾ ਅਨੇਕ ਫਲਾਂ ਦੀ ਪ੍ਰਾਪਤੀ:- ਆਚਾਰੀਆਂ ਕੁਤੰਕ ਇਸ ਵਕ੍ਰਤਾ ਨੂੰ ‘ਅਨਸ਼ੰਗਿਕ-ਫਲ-ਵਕ੍ਰਤਾ’ ਦਾ ਨਾਂ ਦਿੰਦੇ ਹਨ। ਇਸ ਵਕ੍ਰਤਾ ਦੇ ਭੇਦ ਵਿੱਚ ਨਾਇਕ ਨੂੰ ਅਨੇਕ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
 5. ਪ੍ਰਧਾਨ ਕਥਾ ਦਾ ਸੂਚਕ ਨਾਮਕਰਣ (ਸਿਰਲੇਖ):- ਜਦੋ ਕਥਾ ਦੇ ਸੂਚਕ ਨਾਲ ਨਾਲ ਕਵੀ ਆਪਣੇ ਕਾਵਿ ਵਿੱਚ ਕੋਈ ਅਪੂਰਣ ਸੁੰਦਰਤਾ ਪੈਦਾ ਕਰਦਾ ਹੈ।
 6. ਇੱਕੋ ਹੀ ਮੂਲ-ਕਥਾ ਉੱਥੇ ਅਧਾਰਿਤ ਪ੍ਰਬੰਧਾਂ ਦੀ ਅਲੌਕਿਕ ਵਿਲੱਖਣਤਾ ਵਿੱਚ ਭਿੰਨਤਾ:- ਇੱਕ ਹੀ ਮੂਲ ਕਥਾ ਦੇ ਆਧਾਰ ‘ਤੇ ਮਹਾਂਕਵੀਆਂ ਵੱਲੋ ਰਦੇ ਗਏ ਕਾਵਿ, ਨਾਟਕ ਆਦਿ ਇੱਕ-ਦੂਜੇ ਤੋਂ ਵਿਲੱਖਣ ਹੋਣ ਕਰਕੇ ਕਿਸੇ ਅਦਭੂਦ ਵਕ੍ਰਤਾ ਦੀ ਪੁਸ਼ਟੀ ਹੁੰਦੀ ਹੈ।

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਕ੍ਰੋਕਤੀ ਦੀ ਚਰਚਾ ਕੁਤੰਕ ਤੋਂ ਪਹਿਲਾ ਅਤੇ ਬਾਅਦ ਵਿੱਚ ਵੀ ਹੁੰਦੀ ਰਹੀ ਹੈ,ਪਰ ਇਸ ਨੂੰ ਕਾਵਿ ਦੀ ਆਤਮਾ ਵਜੋਂ ਕੁਤੰਕ ਤੋ ਸਿਵਾ ਹੋਰ ਕਿਸੇ ਵੀ ਆਚਾਰਯ ਨੇ ਸਵੀਕਾਰ ਨਾ ਕੀਤਾ। ਇੱਥੋ ਤੱਕ ਕਿ ਕੁਤੰਕ ਤੋਂ ਬਾਅਦ ਇਸ ਦਾ ਕੁਤੰਕ ਤੋ ਪਹਿਲਾ ਵਾਲਾ ਰੂਪ ਵੀ ਕਾਇਮ ਨਾ ਰਹਿ ਗਿਆ। ਵਕ੍ਰੋਕਤੀ ਨਾਲ ਕਾਵਿ ਉਕਤੀ ਆਮ ਗੱਲ ਬਾਤ ਤੋਂ ਉਲਟ ਇੱਕ ਖਾਸ ਉਕਤੀ ਹੁੰਦੀ ਹੈ। ਉਸ ਵਿੱਚ ਕੋਈ ਨਾ ਕੋਈ ਅਨੋਖਾਪਨ ਹੋਣਾ ਜਰੂਰੀ ਹੈ। ਇਹ ਅਨੋਖਾਪਨ ਸ਼ਬਦ ਤੇ ਅਰਥ ਦੋਹਾਂ ਵਿੱਚ ਹੁੰਦਾ ਹੈ। ਇਸ ਲਈ ਵਕ੍ਰੋਕਤੀ ਦਾ ਸੰਬਧ ਸਮੁੱਚੇ ਵਿਅਕਤਿਤਵ ਅਤੇ ਸਾਰੇ ਕਾਵਿ ਰਚਨਾ ਨਾਲ ਹੁੰਦਾ ਹੈ। ਵਕ੍ਰੋਕਤੀ ਇੱਕ ਅਜਿਹਾ ਤੱਤ ਵੀ ਹੈ। ਜਿਸ ਨੂੰ ਕਾਵਿ ਤੋਂ ਕਿਸੇ ਵੀ ਹਾਲਤ ਵਿੱਚ ਵੱਖ ਨਹੀਂ ਕੀਤਾ ਜਾ ਸਕਦਾ। ਜਿਵੇਂ-ਜਿਵੇਂ ਕਾਵਿ ਦਾ ਰੂਪ ਬਦਲਦਾ ਜਾਵੇਗਾ ਉਵੇਂ ਹੀ ਵਕ੍ਰੋਕਤੀ ਵੀ ਉਸੇ ਅਨੁਪਾਤ ਵਿੱਚ ਸਵੀਕਾਰ ਹੁੰਦੀ ਚਲੀ ਜਾਵੇਗੀ।

ਹਵਾਲੇ[ਸੋਧੋ]

 1. ਭਾਰਤੀ ਕਾਵਿ ਸ਼ਾਸਤਰ, ਸੰਪਾਦਕ-ਪ੍ਰੇਮ ਪ੍ਰਕਾਸ਼, ਪੰਨਾ-328, ਐਡੀਸ਼ਨ-1963
 2. ਭਾਰਤੀ ਕਾਵਿ ਸ਼ਾਸਤ੍ਰ, ਸੰਪਾਦਕ-ਗੁਰਸ਼ਰਨ ਕੌਰ ਜੱਗੀ, ਪੰਨਾ-158
 3. ਜਸਪ੍ਰੀਤ ਕੌਰ,ਵਕ੍ਰੋਕਤੀ ਸੰਪ੍ਰਦਾਇ ਦੇ ਪ੍ਰਸੰਗ ਵਿੱਚ ਜਸਵੰਤ ਜਫ਼ਰ ਦੀ ਕਵਿਤਾ ਦਾ ਅਧਿਐਨ,ਅਪ੍ਰਕਾਸ਼ਿਤ ਖੋਜ ਪ੍ਰਬੰਧ
 4. 4.0 4.1 ਡਾ:ਰਵਿੰਦਰ, ਕੌਰ (2011). ਵਕ੍ਰੋਕਤੀ ਜੀਵਿਤ ਕੁੰਤਕ. ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਲੈਟੀਨਮ ਕੰਪਿਊਟਰਜ਼ , ਪਟਿਆਲਾ. p. 78. ISBN 81-302-0272-7.