ਫ਼ਰੇਜ਼ਰ ਦਾ ਜਾਦੂ ਚਿੰਤਨ: ਪੰਜਾਬੀ ਲੋਕਧਾਰਾ ਦੇ ਸੰਦਰਭ 'ਚ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਫ਼ਰੇਜ਼ਰ ਦਾ ਜਾਦੂ ਚਿੰਤਨ: ਪੰਜਾਬੀ ਲੋਕਧਾਰਾ ਦੇ ਸੰਦਰਭ ’ਚ
ਭੂਮਿਕਾ
ਜਾਦੂ/ਟੂਣਾ ਵਿਸ਼ਵਾਸ ਪੰਜਾਬੀ ਲੋਕਧਾਰਾ ਵਿੱਚ ਅਹਿਮ ਸਥਾਨ ਰੱਖਦਾ ਹੈ। ਆਦਿਮ-ਮਨੁੱਖ ਨੇ ਪ੍ਰਕਿਰਤਕ ਤਾਕਤਾਂ ਨੂੰ ਦੈਵੀ ਰੂਪ ਮੰਨ ਕੇ ਉਸਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਅਨੇਕਾਂ ਕਰਮ ਕਾਂਡ ਹੋਂਦ ਵਿੱਚ ਆਏ। ਅਜਿਹੇ ਅਨੇਕਾਂ ਵਿਸ਼ਵਾਸ ਅਤੇ ਕਰਮ ਕਾਂਡ ਅੱਜ ਵੀ ਸਾਡੇ ਜੀਵਨ ਦਾ ਅਹਿਮ ਹਿੱਸਾ ਬਣੇ ਹੋਏ ਹਨ। ਵਣਜਾਰਾ ਸਿੰਘ ਬੇਦੀ ਅਨੁਸਾਰ, “ਜਾਦੂ/ਟੂਣੇ ਦਾ ਮੂਲ ਅਧਾਰ ਲੋਕ-ਮਨ ਦੀਆਂ ਪ੍ਰਵਿਰਤੀਆਂ ਹਨ ਅਤੇ ਇਸ ਵਿੱਚ ਕਈ ਲੋਕ ਸੰਕਲਪ, ਜਿਵੇਂ ਜੜ੍ਹ ਵਸਤੂਆਂ ਵਿੱਚ ਆਤਮ-ਤੱਤ ਦੀ ਹੋਂਦ, ਸੂਖਮ ਅਤੇ ਨਿਰਾਕਾਰ ਵਸਤੂਆਂ ਦਾ ਅਦ੍ਰਿਸ਼ਟ ਰੂਪ ਵਿੱਚ ਕਾਇਆਧਾਰੀ ਹੋਣਾ, ਕਾਲਪਨਿਕਤਾ ਅਤੇ ਵਾਸਤਵਿਕਤਾ ਵਿੱਚ ਅਭੇਦਤਾ ਆਦਿ ਜੋ ਲੋਕਧਾਰਾ ਦੀ ਸਿਰਜਣਾ ਵਿੱਚ ਅਹਿਮ ਤੱਤ ਮੰਨੇ ਜਾਂਦੇ ਹਨ, ਆਪਣੇ ਬਹੁਬਿਧ ਪਸਾਰੇ ਵਿੱਚ ਸੰਯੁਕਤ ਹਨ।”[1] ਜਾਦੂ/ਟੂਣਾ ਕਲਾ, ਸਾਹਿਤ ਅਤੇ ਧਰਮ ਦੇ ਖੇਤਰ ਵਿੱਚ ਅਨੇਕਾਂ ਰੂੜੀਆਂ ਦਾ ਅਧਾਰ ਆਦਿਮ-ਮਨੁੱਖ ਦਾ ਜਾਦੂ/ਟੂਣਾ ਹੈ।
ਸਰ ਜੇਮਜ਼ ਜਾਰਜ ਫ਼ਰੇਜ਼ਰ ਇੱਕ ਸਕੌਟਿਸ਼ ਸਮਾਜ ਮਾਨਵ-ਵਿਗਿਆਨੀ ਅਤੇ ਲੋਕਧਾਰਾ ਸ਼ਾਸ਼ਤਰੀ ਸਨ। ਉਨ੍ਹਾਂ ਦਾ ਜਨਮ ਸੰਨ 1 ਜਨਵਰੀ 1854 ਸਕਾਟਲੈਂਡ ਦੇ ਗਲਾਸਗੋ ਵਿੱਚ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਮਿੱਥ-ਵਿਗਿਆਨ ਅਤੇ ਤੁਲਨਾਤਮਕ ਧਰਮ-ਸ਼ਾਸਤਰ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਪ੍ਰਸਿੱਧ ਪੁਸਤਕ The Golden Bough ਹੈ ਜਿਸ ਵਿੱਚ ਉਨ੍ਹਾਂ ਨੇ ਵਿਸ਼ਵ ਭਰ ਵਿੱਚ ਪ੍ਰਚਲਿਤ ਜਾਦੂ/ਟੂਣਾ ਵਿਸ਼ਵਾਸਾਂ ਅਤੇ ਧਾਰਮਿਕ ਵਿਸ਼ਵਾਸਾਂ ਪਿੱਛੇ ਕੰਮ ਕਰਦੇ ਸਿਧਾਂਤਾਂ ਵਿਚਲੀਆਂ ਸਮਾਨਤਾਵਾਂ ਨੂੰ ਪਛਾਣਿਆ ਹੈ। ਫ਼ਰੇਜ਼ਰ ਅਨੁਸਾਰ ਮਨੁੱਖੀ ਮਨੁੱਖੀ ਵਿਸ਼ਵਾਸ ਕ੍ਰਮਵਾਰ ਮੁੱਢਲਾ ਜਾਦੂ, ਧਰਮ ਅਤੇ ਸਾਇੰਸ ਪੜਾਵਾਂ ਵਿਚੋਂ ਗੁਜ਼ਰੇ ਹਨ। ਉਨ੍ਹਾਂ ਦਾ ਕੰਮ ਹੋਰਨਾਂ ਲੋਕਧਾਰਾ ਸ਼ਾਸਤਰੀਆਂ ਵਾਂਗ ਖੇਤਰੀ-ਖੋਜ ਉੱਤੇ ਅਧਾਰਿਤ ਨਹੀਂ ਸੀ ਬਲਕਿ ਉਨ੍ਹਾਂ ਨੇ ਅੰਗਰੇਜ਼ ਮਿਸ਼ਨਰੀਆਂ ਅਤੇ ਅਧਿਕਾਰੀਆਂ ਦੁਆਰਾ ਇਕੱਠੀ ਕੀਤੀ ਸਾਮੱਗਰੀ ਦੇ ਅਧਾਰ ਤੇ ਆਪਣੀਆਂ ਧਾਰਨਾਵਾਂ ਦਿੱਤੀਆਂ।[2]
ਫ਼ਰੇਜ਼ਰ ਦਾ ਸੁਹਿਰਦ/ ਅਨੁਕਰਣੀ ਜਾਦੂ/ਟੂਣਾ ਸਿਧਾਂਤ(Sympathetic Magic)
[ਸੋਧੋ]ਸਰ ਜੇਮਜ਼ ਫ਼ਰੇਜ਼ਰ ਨੇ ਦੁਨੀਆ ਭਰ ਦੀ ਲੋਕਧਾਰਾ ਸਮੱਗਰੀ ਦਾ ਅਧਿਐਨ ਕੀਤਾ। ਆਪਣੇ ਇਸ ਅਧਿਐਨ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਦੁਨੀਆ ਭਰ ਵਿੱਚ ਪ੍ਰਚਲਿਤ ਜਾਦੂ/ ਟੂਣੇ ਨਾਲ ਸੰਬੰਧਿਤ ਵਿਸ਼ਵਾਸ ਪਿੱਛੇ ਸਦ੍ਰਿਸ਼ਟਤਾ(Similarity) ਅਤੇ ਸੰਬੰਧ/ਲਾਗ(contagion) ਦੇ ਸਿਧਾਂਤ ਕੰਮ ਕਰਦੇ ਹਨ। ਵਣਜਾਰਾ ਬੇਦੀ ‘ਪੰਜਾਬੀ ਲੋਕਧਾਰਾ ਵਿਸ਼ਵ-ਕੋਸ਼’ ਵਿੱਚ ਇਸ ਨੂੰ ਅਨੁਕਰਣੀ ਟੂਣੇ/ ਸੁਹਿਰਦ ਚਿੰਤਨ ਦਾ ਨਾਮ ਦਿੰਦੇ ਹਨ। ਉਨ੍ਹਾਂ ਅਨੁਸਾਰ, “ਅਨੁਕਰਣੀ ਟੂਣੇ ਵਿੱਚ ਕਿਸੇ ਵਸਤੂ ਦੀ ਨਕਲ ਜਾਂ ਦ੍ਰਿਸ਼ਟੀਮਾਨ ਦੇ ਸਵਾਂਗ ਦੇ ਮਾਧਿਅਮ ਦੁਆਰਾ ਟੂਣਾ ਕੀਤਾ ਜਾਂਦਾ ਹੈ। ਇਸ ਟੂਣਾ ਚਿੰਤਨ ਅਨੁਸਾਰ ਜੇ ਦੁਸ਼ਮਣ ਦੀ ਮੂਰਤ ਬਣਾ ਕੇ ਉਸ ਨੂੰ ਕਸ਼ਟ ਦਿੱਤੇ ਜਾਣ ਤਾਂ ਸਾਰੇ ਕਸ਼ਟ ਉਹੋ ਆਦਮੀ ਭੋਗਦਾ ਹੈ...ਅਨੁਕਰਣੀ ਟੂਣਾ, ਸ਼ੁਭ ਇਰਾਦੇ ਨਾਲ ਵੀ, ਕਿਸੇ ਚੰਗੇ ਮੰਤਵ ਦੀ ਸਿੱਧੀ ਨਾਲ ਵੀ ਕੀਤਾ ਜਾਂਦਾ ਹੈ” ਪ੍ਰਾਚੀਨ ਕਾਲ ਵਿੱਚ ਜਦੋਂ ਮਨੁੱਖ ਸ਼ਿਕਾਰ ਲਈ ਨਿਕਲਦਾ ਤਾਂ ਜਿਸ ਪਸ਼ੂ ਦਾ ਸ਼ਿਕਾਰ ਉਸ ਨੇ ਕਰਨਾ ਹੁੰਦਾ ਸੀ ਪਹਿਲਾਂ ਉਸਦੀ ਮੂਰਤ ਬਣਾ ਕੇ ਤੀਰਾਂ ਨਾਲ ਵਿੰਨਦਾ ਅਤੇ ਫ਼ੇਰ ਸ਼ਿਕਾਰ ਲਈ ਨਿਕਲਦਾ।[1] ਫ਼ਰੇਜ਼ਰ ਨੇ ਆਪਣੇ ਸੁਹਿਰਦ ਜਾਦੂ ਚਿੰਤਨ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ।
1. ਸਮਾਨਤਾ ਜਾਦੂ(Imitation)
2. ਲਾਗਵਾਂ ਜਾਦੂ(Contagion)
ਸਮਾਮਤਾ ਜਾਦੂ:
ਇਹ ਜਾਦੂ/ਟੂਣਾ ‘ਸਮ ਤੋਂ ਸਮ’(Like Produces Like) ਦੇ ਸਿਧਾਂਤ ਉੱਤੇ ਅਧਾਰਿਤ ਹੈ। ਇਹ ਇਸ ਵਿਸ਼ਵਾਸ ਉੱਤੇ ਅਧਾਰਿਤ ਹੈ ਕਿ ਜੇਕਰ ਪ੍ਰਕਿਰਤੀ ਦੀ ਕਿਸੇ ਕਿਰਿਆ ਦੀ ਨਕਲ ਕੀਤੀ ਜਾਵੇ ਤਾਂ ਪ੍ਰਕਿਰਤੀ ਉਸਨੂੰ ਦੇਖ ਕੇ ਪਸੀਜ ਜਾਂਦੀ ਹੈ ਅਤੇ ਮਨੁੱਖ ਨੂੰ ਇੱਛਿਤ ਫ਼ਲ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬ ਵਿੱਚ ਉਪਜਾਇਕਤਾ ਦੀਆਂ ਰੀਤਾਂ (Fertility Rites) ਆਮ ਤੌਰ ਤੇ ਇਸੇ ਵਿਸ਼ਵਾਸ ਨਾਲ ਕੀਤੀਆਂ ਜਾਂਦੀਆਂ ਹਨ। ਧਰਤੀ ਤੋਂ ਵਧੇਰੇ ਫ਼ਸਲ ਦੀ ਉਤਪਤੀ ਅਤੇ ਔਰਤ ਤੋਂ ਪੁੱਤਰ ਲੈਣ ਦੀ ਮਾਨਸਿਕਤਾ ਇਨ੍ਹਾਂ ਰੀਤਾਂ ਵਿੱਚ ਦੇਖੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ ਕੁਝ ਰੀਤਾਂ ਦਾ ਵਰਨਣ ਇਸ ਪ੍ਰਕਾਰ ਹੈ।
1. ਗੋਦ ਭਰਾਈ: ਵਿਆਹ ਤੋਂ ਮਗਰੋਂ ਜਦੋਂ ਕੰਨਿਆ ਪਹਿਲੀ ਵਾਰ ਘਰ ਆਉਂਦੀ ਹੈ ਤਾਂ ਗੋਦ ਭਰਾਈ ਦੀ ਰਸਮ ਕੀਤੀ ਜਾਂਦੀ ਹੈ। ਇਹ ਰੀਤ ਪੰਜਾਬ ਦਾ ਲਗਭਗ ਸਭ ਇਲਾਕਿਆਂ ਵਿੱਚ ਥੋੜੇ ਬਹੁਤੇ ਫ਼ਰਕ ਨਾਲ ਪ੍ਰਚਲਿਤ ਹੈ। ਕਈ ਇਲਾਕਿਆਂ ਵਿੱਚ ਦੁਲਹਨ ਦੀ ਗੋਦ ਵਿੱਚ ਛੋਟਾ ਬਾਲ ਲਿਟਾ ਦਿੱਤਾ ਜਾਂਦਾ ਹੈ ਜਿਸ ਨੂੰ ਦੁਲਹਨ ਖੰਡ ਜਾਂ ਮਾਖਿਉ ਚਟਾਦੀਂ ਹੈ। ਕਈ ਇਲਾਕਿਆ ਵਿੱਚ ਦੁਲਹਨ ਦਾ ਛੋਟਾ ਦੇਵਰ ਘੜੀ-ਪਲ ਲਈ ਉਸਦੀ ਗੋਦ ਵਿੱਚ ਬੈਠ ਜਾਂਦਾ ਹੈ। ਇਸ ਰਸਮ ਵਿੱਚ ਮੁੰਡੇ ਦਾ ਗੋਦੀ ਵਿੱਚ ਬਿਠਾਉਣਾ ਦੁਲਹਨ ਦੇ ਪੁੱਤਰ ਦੀ ਸੰਤਾਨ ਦੀ ਖ਼ਾਹਿਸ਼ ਵੱਲ ਸੰਕੇਤ ਹੈ।[3]
2. ਕਪਾਹ ਫ਼ੜਕਣੀ: ਇਹ ਰੀਤ ਫ਼ਸਲ ਦੀ ਉਪਜਾਇਕਤਾ ਲਈ ਕੀਤੀ ਜਾਂਦੀ ਹੈ। ਆਦਿਮ ਮਨੁੱਖ ਦਾ ਨਿਸ਼ਚਾ ਸੀ ਕਿ ਧਰਤੀ ਪ੍ਰਾਣਧਾਰੀ ਹੈ ਅਤੇ ਦੇਵੀ ਦੇਵਤਿਆਂ ਵਾਂਗ ਇਸ ਦਾ ਵੀ ਅਸਤਿਤਵ ਹੈ, ਜਿਸ ਨੂੰ ਪਤਿਆਉਣ ਦੀ ਲੋੜ ਹੈ। ਕਪਾਹ ਚੁਗਣ ਤੋਂ ਪਹਿਲਾਂ ਕੁੜੀਆਂ ਤਿਲ-ਚੌਲੀ ਵੰਡਦੀਆਂ ਸਨ। ਫ਼ਿਰ ਉਹ ਤਿਲ-ਚੌਲੀ ਨੂੰ ਚਿੱਥ ਕੇ ਰਸਾ ਚੂਸ ਕੇ, ਮੂੰਹ ਨਾਲ ਫ਼ੜਕਦੀਆਂ ਸਨ। ਅਜਿਹਾ ਇਸ ਵਿਸ਼ਵਾਸ ਨਾਲ ਕੀਤਾ ਜਾਂਦਾ ਸੀ ਕਿ ਕਪਾਹ ਵੀ ਫ਼ੜਾਕੇ ਮਾਰ ਕੇ ਖਿੜੇਗੀ। ਕਈ ਵਾਰ ਕੁੜੀਆਂ ਸਾਰੇ ਖੇਤ ਦੇ ਸਿੱਧੇ ਅਤੇ ਪੁੱਠੇ ਗੇੜੇ ਕੱਢਦੀਆਂ ਸਨ ਅਤੇ ਖੇਤ ਦੀ ਇੱਕ ਗੁੱਠ ਤੋਂ ਵਿਰੋਧੀ ਦਿਸ਼ਾ ਵੱਲ ਭੱਜ ਕੇ ਚੱਖਰ ਪੂਰਾ ਕਰਦੀਆਂ ਸਨ।[3]
3. ਸੰਜੋਗ ਖੋਲਣੇ: ਲੋਕ-ਧਾਰਨਾ ਹੈ ਕਿ ਸੰਜੋਗ ਧੁਰੋਂ ਹੀ ਮਿੱਥੇ ਹੁੰਦੇ ਹਨ ਜੋ ਸ਼ੁਭ ਘੜੀ ਆਉਣ ਤੇ ਆਪਣੇ ਆਪ ਖੁੱਲ ਜਾਂਦੇ ਹਨ ਅਤੇ ਰਿਸ਼ਤਾ ਫ਼ੌਰਨ ਤੈਅ ਹੋ ਜਾਂਦਾ ਹੈ। ਜੇ ਕਿਸੇ ਕੰਨਿਆ ਦੇ ਸੰਜੋਗ ਨਾ ਖੁੱਲਦੇ ਹੋਣ ਤਾਂ ਸੰਜੋਗ ਖੋਲਣ ਲਈ ਇਹ ਟੂਣਾ ਵਰਤਿਆ ਜਾਂਦਾ ਹੈ। ਇਸ ਵਿੱਚ ਕੰਨਿਆ ਮੰਜੇ ਦੇ ਵਾਣ ਨਾਲ ਇੱਕ ਗੱਭਰੂ ਦਾ ਗੁੱਡਾ ਬਣਾ ਕੇ ਉਸਨੂੰ ਲਾੜੇ ਵਾਂਗ ਸਜਾਉਂਦੀ ਹੈ। ਫ਼ਿਰ ਕਿਸੇ ਚੁਰਾਹੇ ਵਿੱਚ ਖਲੋ ਕੇ, ਪਿੱਠ ਵੱਲ ਹੱਥ ਕਰਕੇ, ਬਿਨ੍ਹਾਂ ਪਿੱਛੇ ਦੇਖੇ ਉਸ ਪੁਤਲੇ ਨੂੰ ਉਧੇੜੇ ਤਾਂ ਉਸ ਦੇ ਸੰਜੋਗ ਖੁੱਲ ਜਾਂਦੇ ਹਨ ਅਤੇ ਵਰ ਛੇਤੀ ਲੱਭ ਜਾਂਦਾ ਹੈ।
ਲਾਗਵਾਂ ਜਾਦੂ
ਫ਼ਰੇਜ਼ਰ ਅਨੁਸਾਰ ਇਹ ਜਾਦੂ/ਟੂਣਾ ਚਿੰਤਨ ਇਸ ਵਿਸ਼ਵਾਸ ’ਤੇ ਅਧਾਰਿਤ ਹੁੰਦਾ ਹੈ ਕਿ ਕਿਸੇ ਵਸਤੂ ਜਾਂ ਮਨੁੱਖ ਦੀ ਕਿਸੇ ਵੱਖ ਹੋਈ ਚੀਜ਼ ਦਾ ਸੰਬੰਧ ਉਸ ਮੂਲ ਵਸਤੂ ਜਾਂ ਮਨੁੱਖ ਨਾਲ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਵੱਖ ਹੋਈ ਚੀਜ਼ ਉੱਪਰ ਕੀਤੀ ਗਈ ਕਿਰਿਆ ਮੂਲ ਵਸਤੂ ਜਾਂ ਮਨੁੱਖ ਉੱਪਰ ਪ੍ਰਭਾਵ ਪਾਉਂਦੀ ਹੈ। ਮਿਸਾਲ ਦੇ ਤੌਰ ’ਤੇ ਜੇ ਕਿਸੇ ਪ੍ਰਾਣੀ ਦੇ ਨਾਖੂਨ, ਵਾਲ, ਮਾਸ ਦੀ ਬੋਟੀ ਅਤੇ ਹੱਡੀ ਆਦਿ ਉਸ ਨਾਲੋਂ ਕੱਟ ਕੇ ਵੱਖ ਕਰ ਲਈ ਜਾਵੇ, ਤਾਂ ਵੀ ਇਨ੍ਹਾਂ ਚੀਜਾਂ ਦਾ ਉਸ ਪ੍ਰਾਣੀ ਦੀ ਮੂਲ ਕਾਇਆ ਅਤੇ ਮਰਨ ਉਪਰੰਤ ਉਸ ਦੇ ਆਤਮ-ਤੱਤ ਨਾਲ ਨਿਰੰਤਰ ਰਿਸ਼ਤਾ ਕਾਇਮ ਰਹਿੰਦਾ ਹੈ ਅਤੇ ਇਨ੍ਹਾਂ ਜੜ੍ਹ ਵਸਤੂਆਂ ਦੁਆਰਾ, ਕਾਰਜ ਦੀ ਜੋ ਕਲਾ-ਸਥਿਤੀ ਪੈਦਾ ਕੀਤੀ ਜਾਵੇਗੀ, ਸਹਿਜ ਅਨੁਕਰਣ ਦੁਆਰਾ, ਉਹ ਮੂਲ ਕਾਇਆ ਜਾਂ ਉਸ ਦੇ ਆਤਮ-ਤੱਤ ਲਈ ਕਾਰਨ ਬਣੇਗੀ।[1] ਪੰਜਾਬੀ ਲੋਕਧਾਰਾ ਵਿੱਚ ਅਨੇਕਾਂ ਹੀ ਅਜਿਹੇ ਵਿਸ਼ਵਾਸ ਹਨ ਜੋ ਲਾਗਵੇਂ ਜਾਦੂ ਦੇ ਸਿਧਾਂਤ ਦੇ ਅਨੁਸਾਰੀ ਹਨ। ਉਦਾਹਰਣ ਦੇ ਤੌਰ ’ਤੇ ਕੁਝ ਦਾ ਵੇਰਵਾ ਇਸ ਪ੍ਰਕਾਰ ਹੈ।
- ਔਲ਼ ਸੰਬੰਧੀ ਵਿਸ਼ਵਾਸ
ਔਲ਼ ਤੋਂ ਭਾਵ ਨਾੜੂਏ ਜਾਂ ਜ਼ੇਰ ਤੋਂ ਹੈ ਜੋ ਬੱਚੇ ਦੇ ਜਨਮ ਸਮੇਂ ਕੱਟ ਕੇ ਕਿਸੇ ਗੁਪਤ ਜਗ੍ਹਾ ਜਾਂ ਘਰ ਦੀ ਚਾਰਦਿਵਾਰੀ ਅੰਦਰ ਦੱਬ ਦਿੱਤੀ ਜਾਂਦੀ ਹੈ। ਇਸ ਨੂੰ ਗੁਪਤ ਰੱਖਣ ਦਾ ਕਾਰਨ ਇਹੀ ਹੈ ਕਿ ਕਿਸੇ ਦੁਸ਼ਮਣ ਵਲੋਂ ਜੇ ਔਲ਼ ਤੇ ਕਾਲਾ ਟੂਣਾ ਕਰ ਦਿੱਤਾ ਜਾਵੇ ਤਾਂ ਉਸ ਦਾ ਨਕਾਰਾਤਮਕ ਪ੍ਰਭਾਵ ਸੰਬੰਧਿਤ ਬੱਚੇ ਉੱਤੇ ਪੈ ਸਕਦਾ ਹੈ। ਔਲ਼ ਨਾਲ ਅੰਨ ਅਤੇ ਲੂਣ ਇਸ ਵਿਸ਼ਵਾਸ ਨਾਲ ਬੰਨਿਆ ਜਾਂਦਾ ਹੈ ਕਿ ਬੱਚਾ ਹਮੇਸ਼ਾ ਰੱਜਿਆ ਪੁੱਜਿਆ ਰਹੇਗਾ ਜੋ ਲਾਗਵੇਂ ਚਿੰਤਨ ਦਾ ਹੀ ਰੂਪ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਔਲ਼ ਦੱਬੀ ਜਗ੍ਹਾ ਤੋਂ ਕੋਈ ਟੱਪ ਜਾਵੇ ਤਾਂ ਬੱਚੇ ਨੂੰ ਉਛਾਲੀਆਂ ਲੱਗ ਜਾਂਦੀਆਂ ਹਨ ਅਤੇ ਇਸ ਦੇ ਇਲਾਜ਼ ਵਜੋਂ ਔਲ਼ ਵਾਲੀ ਜਗ੍ਹਾ ਕੋਲ ਥਾਲੀ ਖੜਕਾਈ ਜਾਂ ਔਲ਼ ਨੂੰ ਥਾਪੜਿਆ ਜਾਂਦਾ ਹੈ। ਔਲ਼ ਸੰਬੰਧੀ ਇਹ ਸਾਰੇ ਵਿਸ਼ਵਾਸ ਲਾਗਵੇਂ ਟੂਣੇ ਦੇ ਅੰਤਰਗਤ ਹੀ ਆਉਂਦੇ ਹਨ।
2. ਚਰਣਾਮ੍ਰਿਤ
ਉਹ ਜਲ ਜੋ ਕਿਸੇ ਗੁਰ-ਪੀਰ ਤੇ ਸੰਤ ਆਦਿ ਮਹਾਂਪੁਰਸ਼ਾਂ ਦੇ ਚਰਣਾਂ ਦਾ ਧੌਣ ਹੁੰਦਾ ਹੈ। ਇਸ ਨੂੰ ਸ਼ਰਧਾਲੂ ਅੰਮ੍ਰਿਤ ਸਮਝ ਕੇ ਪੀਂਦੇ ਹਨ। ਦੇਵੀ ਦੇਵਤੇ ਦੀ ਮੂਰਤੀ ਦਾ ਇਸ਼ਨਾਨ ਕਰਵਾਉਣ ਲੱਗਿਆਂ ਜੋ ਜਲ ਮੂਰਤੀ ਦੇ ਚਰਨਾਂ ਨੂੰ ਛੂੰਹਦਾ ਹੈ, ਉਸ ਨੂੰ ਵੀ ਚਰਣਾਮ੍ਰਿਤ ਕਹਿੰਦੇ ਹਨ। ਸਿੱਖ ਧਰਮ ਵਿੱਚ ਕਿਸੇ ਵਿਅਕਤੀ ਦੇ ਚਰਨ ਧੋ ਕੇ ਪੀਣ ਦੀ ਮਨਾਹੀ ਹੈ ਪਰ ਜੋ ਜਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖਿਆ ਹੁੰਦਾ ਹੈ ਸਿੱਖ ਉਸਨੂੰ ਚਰਣਾਮ੍ਰਿਤ ਕਹਿੰਦੇ ਹਨ। ਇਸੇ ਤਰ੍ਹਾਂ ਚਰਨ ਧੂੜ ਵੀ ਲਾਗਵੇਂ ਜਾਦੂ ਦੇ ਸਿਧਾਂਤ ਉੱਤੇ ਹੀ ਅਧਾਰਿਤ ਹੈ। ਕਿਸੇ ਮਹਾਂਪੁਰਖ ਦੇ ਚਰਨਾਂ ਦੀ ਧੂੜ ਪਵਿੱਤਰ ਮੰਨੀ ਜਾਂਦੀ ਹੈ। ਸਿੱਖ ਧਰਮ ਵਿੱਚ ਸੰਗਤ ਨੂੰ ਵੀ ਉੱਚਾ ਦਰਜ਼ਾ ਪ੍ਰਾਪਤ ਹੈ ਇਸ ਲਈ ਗੁਰਦੁਆਰੇ ਦੀ ਦੇਹਲ਼ੀ ਨੂੰ ਛੁਹ ਕੇ ਮੱਥੇ ਨਾਲ ਲਾਉਣ ਦੇ ਵਿਸ਼ਵਾਸ ਦਾ ਅਧਾਰ ਵੀ ਇਹੋ ਹੈ। ਗੁਰਬਾਣੀ ਵਿੱਚ ਚਰਣ-ਧੂੜ ਦੀ ਬਹੁਤ ਮਹਿਮਾ ਮਿਲਦੀ ਹੈ। ਉਚੀ ਅਧਿਆਤਮਕ ਅਵਸਥਾ ਤੱਕ ਪੁੱਜੇ ਹੋਏ ਸਾਧ ਸੰਤ ਜਾਂ ਬ੍ਰਹਮ ਗਿਆਨੀ ਦੀ ਚਰਣ ਧੂੜ ਨੂੰ ਛੁਹਣ ਨਾਲ, ਮਨ ਦੇ ਨਿਰਮਲ ਹੋਣ, ਭਗਤੀ ਭਾਵ ਨਾਲ ਰੰਗੇ ਜਾਣ ਤੇ ਮੁਕਤੀ ਪ੍ਰਾਪਤ ਹੋਣ ਦੇ ਸੰਕਲਪਾਂ ਦਾ ਬੀਜ ਆਦਿਮ ਮਾਨਸ ਵਿਚੋਂ ਉਭਰਿਆ ਹੈ ਜਿਸ ਦਾ ਅਧਾਰ ਲਾਗਵਾਂ-ਟੂਣਾ ਹੈ।[3]
3. ਵਾਲ ਜਾਂ ਕੱਪੜੇ ਕੱਟਣੇ
ਕਿਸੇ ਬੱਚੇ ਦੇ ਸੁੱਚੇ ਵਾਲ(ਪਹਿਲੇ ਵਾਲ) ਕੱਟ ਕੇ ਉਸ ਉੱਪਰ ਦੁਸ਼ਮਣ ਵਲੋਂ ਟੂਣਾ ਕਰਕੇ ਨੁਕਸਾਨ ਪਹੁੰਚਾਉਣ ਦਾ ਵਹਿਮ ਪੰਜਾਬ ਵਿੱਚ ਆਮ ਹੈ। ਇਸ ਟੂਣੇ ਨਾਲ ਕੋਈ ਆਪਣੇ ਬੱਚੇ ਦੀ ਬਿਮਾਰੀ ਵੀ ਦੂਜੇ ਦੇ ਬੱਚੇ ਉੱਪਰ ਟਾਲ ਦਿੰਦਾ ਹੈ। ਇਹ ਟੂਣਾ ਅਕਸਰ ਦਿਵਾਲੀ ਦੇ ਦਿਨਾਂ ਵਿੱਚ ਕੀਤਾ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦਿਨਾਂ ਵਿੱਚ ਬੱਚਿਆਂ ਨੂੰ ਇਸ ਗੱਲੋਂ ਸੁਚੇਤ ਕਰਕੇ ਰੱਖਿਆ ਜਾਂਦਾ ਹੈ ਕਿ ਕਿਧਰੇ ਚੋਰੀਉਂ ਵਾਲ ਨਾ ਕੱਟ ਲਵੇ। ਇਸੇ ਤਰ੍ਹਾਂ ਕਿਸੇ ਜੇਠੀ ਕਵਾਰੀ ਕੰਨਿਆਂ ਜਾਂ ਮੁੰਡੇ ਦੇ ਕੱਪੜਿਆਂ ਵਿਚੋਂ ਟੁਕੜਾ ਕੱਟ ਕੇ ਵੀ ਇਹ ਟੂਣਾ ਕੀਤਾ ਜਾ ਸਕਦਾ ਹੈ। ਮਾਲਵੇ ਵਿੱਚ ਇਹ ਟੂਣਾ ਆਮ ਪ੍ਰਚਲਿਤ ਹੈ ਅਤੇ ਇਸ ਟੂਣੇ ਕਾਰਨ ਹੋਣ ਵਾਲੇ ਨੁਕਸਾਨ ਦਾ ਕਾਫ਼ੀ ਸਹਿਮ ਦੇਖਣ ਨੂੰ ਮਿਲਦਾ ਹੈ।
ਸਿੱਟਾ
ਉਪਰੋਕਤ ਚਰਚਾ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜਾਦੂ/ਟੂਣਾ ਵਿਸ਼ਵਾਸ ਆਦਿਮ-ਮਨੁੱਖ ਦੇ ਕਾਲ ਤੋਂ ਹੀ ਲੋਕਧਾਰਾ ਵਿੱਚ ਚੱਲੇ ਆਉਂਦੇ ਹਨ। ਇਹ ਵਿਸ਼ਵਾਸ ਕਿਸੇ ਇੱਕ ਖੇਤਰ ਦੇ ਨਾ ਹੋ ਕੇ ਲਗਭਗ ਸਾਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਆਦਿਮ ਮਨੁੱਖ ਦੇ ਇਹ ਵਿਸ਼ਵਾਸ ਰੂਪ ਵਟਾ ਕੇ ਅਨੇਕਾਂ ਧਰਮਾਂ ਵਿੱਚ ਕੀਤੀਆਂ ਜਾਂਦੀਆਂ ਰਸਮਾਂ ਦਾ ਹਿੱਸਾ ਬਣੇ ਹੋਏ ਹਨ। ਸਰ ਜੇਮਜ਼ ਫ਼ਰੇਜ਼ਰ ਨੇ ਇਨ੍ਹਾਂ ਦੈਵੀ ਵਿਸ਼ਵਾਸਾਂ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭ ਕੇ ਲੋਕਧਾਰਾ ਅਧਿਐਨ ਵਿੱਚ ਅਹਿਮ ਯੋਗਦਾਨ ਪਾਇਆ ਹੈ।
- ↑ 1.0 1.1 1.2 ਬੇਦੀ, ਵਣਜਾਰਾ (1992). ਪੰਜਾਬੀ ਲੋਕਧਾਰਾ ਵਿਸ਼ਵ- ਕੋਸ਼. ਚਾਂਦਨੀ ਚੌਂਕ, ਦਿੱਲੀ: ਨੈਸ਼ਨਲ ਬੁੱਕ ਸ਼ਾਪ. p. 1399. ISBN 81-7116-114-4.
ਜਾਦੂ/ਟੂਣੇ ਦਾ ਮੂਲ ਅਧਾਰ ਲੋਕ-ਮਨ ਦੀਆਂ ਪ੍ਰਵਿਰਤੀਆਂ ਹਨ ਅਤੇ ਇਸ ਵਿੱਚ ਕਈ ਲੋਕ ਸੰਕਲਪ, ਜਿਵੇਂ ਜੜ੍ਹ ਵਸਤੂਆਂ ਵਿੱਚ ਆਤਮ-ਤੱਤ ਦੀ ਹੋਂਦ, ਸੂਖਮ ਅਤੇ ਨਿਰਾਕਾਰ ਵਸਤੂਆਂ ਦਾ ਅਦ੍ਰਿਸ਼ਟ ਰੂਪ ਵਿੱਚ ਕਾਇਆਧਾਰੀ ਹੋਣਾ, ਕਾਲਪਨਿਕਤਾ ਅਤੇ ਵਾਸਤਵਿਕਤਾ ਵਿੱਚ ਅਭੇਦਤਾ ਆਦਿ ਜੋ ਲੋਕਧਾਰਾ ਦੀ ਸਿਰਜਣਾ ਵਿੱਚ ਅਹਿਮ ਤੱਤ ਮੰਨੇ ਜਾਂਦੇ ਹਨ, ਆਪਣੇ ਬਹੁਬਿਧ ਪਸਾਰੇ ਵਿੱਚ ਸੰਯੁਕਤ ਹਨ।
{{cite book}}
: Check|isbn=
value: checksum (help) - ↑ FRAZER, JAMES (26-5-2020). "SIR JAMES GEORGE FRAZER". WIKIPEDIA.
{{cite web}}
: Check date values in:|date=
(help) - ↑ 3.0 3.1 3.2 ਬੇਦੀ, ਵਣਜਾਰਾ. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼.