ਸਮੱਗਰੀ 'ਤੇ ਜਾਓ

ਵਹਿਮ ਭਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।"[1] ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ. ਰੋਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਵਹਿਮ ਉਨ੍ਹਾਂ ਵਿਸ਼ਵਾਸਾਂ ਤੇ ਵਿਹਾਰਾਂ ਦੀ ਪ੍ਰਵਾਨਗੀ ਹੈ ਜਿਹੜੇ ਨਿਰਾਧਾਰ ਹਲ ਅਤੇ ਪ੍ਰਬੁੱਧਤਾ ਦੀ ਉਸ ਅਵਸਥਾ ਨਾਲ ਮੇਲ ਨਹੀਂ ਖਾਂਦੇ, ਜਿਥੇ ਉਹ ਭਾਈਚਾਰਾ, ਜਿਸ ਨਾਲ ਇਹ ਸੰਬੰਧਿਤ ਹੁੰਦੇ ਹਨ ਪਹੁੰਚ ਚੁੱਕਾ ਹੁੰਦਾ ਹੈ। ਵਹਿਮ ਉਹ ਵਿਸ਼ਵਾਸ ਹੁੰਦੇ ਹਨ ਜਿਹਨਾਂ ਨੂੰ ਸਮਕਾਲੀ ਪੀੜ੍ਹੀ ਦੇ ਵਧੇਰੇ ਉਨਤ ਹਲਕੇ ਪ੍ਰਵਾਨ ਨਹੀਂ ਕਰਦੇ। ਵਿਸ਼ਵਾਸ ਤੇ ਵਹਿਮ ਇਕੋ ਸਿੱਕੇ ਦੇ ਦੋ ਪਾਸੇ ਹਨ ਜਿਹੜਾ ਸਿੰਕਾ ਸਾਨੂੰ ਪਰੰਪਰਾ ਤੋਂ ਪ੍ਰਾਪਤ ਹੋਇਆ ਹੈ।[2]

ਵਹਿਮ ਭਰਮ ਦੀਆਂ ਵੰਨਗੀਆਂ

[ਸੋਧੋ]

ਵਹਿਮ ਭਰਮ ਦੇ ਕਈ ਪੱਖ ਹਨ ਜਿਹਨਾਂ ਵਿਚੋਂ ਸ਼ਗਨ, ਅਪਸ਼ਗਨ ਲੋਕ ਵਿਸ਼ਵਾਸ ਇਹ ਤਿੰਨੋ ਵਧੇਰੇ ਪ੍ਰਬਲ ਹਨ। ਹਰ ਕੰਮ ਤੋਂ ਪਹਿਲਾਂ ਸ਼ਗਨ ਅਤੇ ਅਪਸ਼ਗਨ ਬਾਰੇ ਵਿਚਾਰ ਕੀਤੀ ਜਾਦੀ ਹੈ ਕਿ ਇਹ ਕੰਮ ਕਿਹੜੇ ਵੇਲੇ ਕੀਤਿਆ ਸਿੱਧ ਹੋ ਸਕਦੀ ਹੈ।

ਅਪਸ਼ਗਨ

[ਸੋਧੋ]
 • ਕਿਸੇ ਕੰਮ ਨੂੰ ਜਾਣ ਲੱਗੇ ਜਾਂ ਸਲਾਹ ਕਰਨ ਲੱਗੇ ਕੁੱਤੇ ਦਾ ਕੰਨ ਮਾਰਨਾ।
 • ਕਿਸੇ ਦਾ ਕੰਮ ਨੂੰ ਤੁਰਨ ਲੱਗੇ ਛਿੱਕ ਮਾਰਨਾ।
 • ਘਰੋਂ ਨਿਕਲਦੇ ਵਿਅਕਤੀ ਨੂੰ ਖਾਲੀ ਟੋਕਰਾਂ ਜਾਂ ਖਾਲੀ ਘੜਾ ਮਿਲਣਾ।
 • ਘਰ ਤੋਂ ਤੁਰੇ ਵਿਅਕਤੀ ਨੂੰ ਪਿਛੋਂ ਹਾਕ ਮਾਰਨਾ।
 • ਬਿੱਲੀ ਜਾਂ ਕਾਲੇ ਹਿਰਨ ਦਾ ਰਾਹ ਕੱਟਣਾ।
 • ਰਾਤ ਨੂੰ ਕਿਸੇ ਚੰਗੇ ਕੰਮ ਬਾਰੇ ਸਲਾਹ ਕਰਨੀ।
 • ਕਿਸੇ ਸ਼ੁੱਭ ਕੰਮ ਨੂੰ ਜਾਂਦੇ ਹੋਏ ਰਸਤੇ ਵਿੱਚ ਬ੍ਰਾਹਮਣ ਜਾਂ ਨੰਬਰਦਾਰ ਦਾ ਮਿਲਣਾ ਜਾਂ ਮੱਥੇ ਲੱਗਣਾ ਮਾੜਾ ਸ਼ਗਨ ਸਮਝਿਆ ਜਾਂਦਾ ਹੈ।
 • ਚੌਥ ਦਾ ਚੰਨ ਮੱਥੇ ਲੱਗਣਾ ਮਾੜਾ ਸਮਝਿਆ ਜਾਂਦਾ ਹੈ।

ਸ਼ੁੱਭ ਸ਼ਗਨ ਬਾਰੇ ਵਹਿਮ ਭਰਮ

[ਸੋਧੋ]
 1. ਸੱਪ ਤੇ ਨਿਊਲੇ ਦੀ ਲੜਾਈ ਦੇਖਣਾ।
 2. ਕਿਸੇ ਕੰਮ ਨੂੰ ਜਾਣ ਲੱਗੇ ਚੂਹੜੇ ਦਾ ਮਿਲਾਣ।
 3. ਕਿਸੇ ਕੰਮ ਜਾਣ ਲੱਗੇ ਰਸਤੇ ਵਿੱਚ ਪਾਣੀ ਦਾ ਘੜਾ ਜਾਂ ਹਰੇ ਚਾਰੇ ਦਾ ਮਿਲਣਾ ਸ਼ੁੱਭ ਮੰਨੇ ਜਾਂਦੇ ਹਨ।
 4. ਘੁਮਿਆਰਾਂ ਦੇ ਗਧੇ ਦਾ ਉਚੀ ਉਚੀ ਹੀਂਗਣਾ।
 5. ਤਿੱਤਰ ਦਾ ਦਿਖਣਾ ਜਾਂ ਬੋਲਣਾ।
 6. ਇਸੇ ਤਰ੍ਹਾਂ ਨਵਾਂ ਦੂਜ ਜਾਂ ਤੀਜ ਦਾ ਚੰਨ ਦੇਖਣਾ ਵੀ ਸ਼ੁੱਭ ਮੰਨੇ ਜਾਂਦੇ ਹਨ।

ਲੋਕ ਵਿਸ਼ਵਾਸ

[ਸੋਧੋ]
*ਭੂਤ ਪ੍ਰੇਤਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹ ਭੂਤ ਬਣ ਜਾਂਦਾ ਹੈ। ਕੁਮੌਤ ਮਰੇ ਬੰਦੇ ਦੀ ਜਿਹਨਾਂ ਚਿਰ ਪਹੋਏ ਦੇ ਤੀਰਥ ਤੇ ਗਤੀ ਨਹੀਂ ਹੁੰਦੀ ਉਹ ਭਟਕਦਾ ਰਹਿੰਦਾ ਹੈ। ਜਿਹੜੀ ਜਨਾਨੀ ਸ਼ਿਲੇ ਵਿੱਚ ਕੁਚੀਲ ਮਰ ਜਾਂਦੀ ਹੈ ਉਹ ਚੁੜੇਲ ਬਣਦੀ ਹੈ।
 • ਬੱਚੇ ਦੇ ਜੰਮਣ ਵੇਲੇ ਮੰਜੇ ਹੇਠਾਂ ਦੰਦਲ ਦਾਤੀ ਲੋਹੇ ਦਾ ਜ਼ਿੰਦਾ ਮੰਤਰ ਪੜ੍ਹ ਕੇ ਪਾਣੀ ਦਾ ਕੁੱਜਾ ਰੱਖਿਆ ਜਾਂਦਾ ਹੈ। ਤੇ ਨਾਲ ਹੀ ਠੀਕਰੇ ਵਿੱਚ ਧੁਖਦੇ ਗੋਹਿਆਂ ਵਾਲੀ ਗੁਗਲ ਦੀ ਧੂਣੀ ਲਈ ਅੱਗ ਮਘਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਮਾੜੀ ਚੀਜ਼ ਜਣਨੀ ਤੇ ਬੱਚੇ ਦੇ ਨੇੜੇ ਨਹੀਂ ਫਟਕਦੀ।`[3]

ਦਿਨਾਂ ਬਾਰੇ ਵਿਸ਼ਵਾਸ

[ਸੋਧੋ]
ਦਿਨ ਦਿਹਾੜਿਆਂ ਬਾਰੇ ਵੀ ਵਹਿਮ ਭਰਮ ਅਹਿਮੀਅਤ ਰੱਖਦੇ ਹਨ:

ਜਿਵੇਂ:

ਮੰਗਲ ਬੁੱਧ ਨਾ ਜਾਈਏ ਪਹਾੜ
ਜਿੱਤੀ ਬਾਜੀ ਆਈਏ ਹਰ
ਐਤਵਾਰ ਨਾ ਲੰਘਣ ਪਾਰ
ਮੱਤੇ ਜਿੱਤਾਂ ਆਵੇ ਹਾਰ

ਦਿਨਾਂ ਦੇ ਸੰਬੰਧ ਵਿੱਚ ਇਹ ਵਹਿਮ ਵੀ ਕਾਇਮ ਹੈ ਕਿ ਜੇ ਨਿਸ਼ਚਿਤ ਦਿਨ ਤੇ ਨਿਸ਼ਚਿਤ ਕਾਰਜ ਕੀਤਾ ਜਾਵੇ ਤਾਂ ਉਹ ਸੁਖਦਾਈ ਹੁੰਦਾ ਹੈ।[4]

ਜਿਵੇਂ:

ਬੁੱਧ ਸ਼ਨਿੱਚਰ ਕੱਪੜਾ, ਗਹਿਣਾ ਐਤਵਾਰ
ਜੇ ਸੁੱਖ ਸੁੱਤਾ ਲੋੜੀਏ ਮੰਜੀ ਉਣੀਂ ਸੋਮਵਾਰ
ਮੰਗਲਵਾਰ ਨੂੰ ਕਰੜਾ ਦਿਨ ਮੰਨਿਆ ਜਾਂਦਾ ਹੈ ਜਿਵੇਂ:
ਹੋਲੀ, ਲੋਹੜੀ ਤੇ ਦੀਵਾਲੀ ਮੰਗਲਵਾਰੀ ਹੋਇ
ਚਰਖ ਚੜੇਗੀ ਪ੍ਰਿਥਵੀ, ਵਿਰਲਾ ਜੀਵੇ ਕੋਇ।`

ਡੰਗਰਾਂ ਬਾਰੇ ਵਿਸ਼ਵਾਸ

[ਸੋਧੋ]

ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੰਜ ਕਲਿਆਣੀ ਮੱਝ ਭਾਗਾਂ ਵਾਲੀ ਹੁੰਦੀ ਹੈ। ਵਹਿਮ ਭਰਮ ਜਾਨਵਰਾਂ ਦੇ ਬੋਲਣ ਨਾਲ ਵੀ ਜੁੜੇ ਹੋਏ ਹਨ ਜਿਵੇਂ:

ਦਿਨ ਨੂੰ ਬੋਲੇ ਗਿੱਦੜੀ, ਰਾਤੀ ਬੋਲਣ ਕਾਂ
ਮਰੇ ਬਸਤੀ ਦਾ ਬਾਦਸ਼ਾਹ ਜਾਂ ਉਜੜੇ ਗਰਾਂ

ਉਂਠ, ਮਹਿੰ, ਗਾਂ, ਬਲਦ ਕਿੱਲੇ ਤੇ ਬੰਨ੍ਹਿਆਂ ਝੂਲਦਾ ਰਹੇ ਜਾਂ ਸਿੰਙਾਂ ਨਾਲ ਕਿੱਲਾ ਠਕੋਰੇ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਪਰ ਜਦੋਂ ਕਿੱਲਾ ਚੱਟਦਾ ਹੈ ਇਸ ਨੂੂੰ ਸ਼ੁੱਭ ਮੰਨਿਆ ਜਾਂਦਾ ਹੈ। ਕੁਦਰਤੀ ਆਫਤਾਂ ਬਾਰੇ ਵਿਸ਼ਵਾਸ: ਜਿਵੇਂ ਕਿ ਅਸਮਾਨ ਉੱਤੇ ਜਦੋਂ ਬਿਜਲੀ ਕੜਕਦੀ ਹੋਵੇ ਤਾਂ ਸਿਆਣੀਆਂ ਬੁੜੀਆਂ ਮਾਮੇ-ਭਾਣਜੇ ਨੂੰ ਝੱਟ ਵੱਖ ਕਰ ਦਿੰਦੀਆਂ ਹਨ।

ਗ੍ਰਹਿ ਬਾਰੇ ਵਿਸ਼ਵਾਸ

[ਸੋਧੋ]

ਵਹਿਮ ਭਰਮ ਗ੍ਰਹਿ ਸੰਬਧੀ ਵੀ ਮੰਨੇ ਜਾਂਦੇ ਹਨ। ਸ਼ਨੀ ਅਤੇ ਮੰਗਲ ਗ੍ਰਹਿ ਠੀਕ ਨਹੀਂ ਮੰਨੇ ਜਾਂਦੇ ਹਨ। ਮੰਗਲ ਗ੍ਰਹਿ ਹੇਠ ਜੰਮਿਆ ਬੱਚਾ ਮੰਗਲੀਕ ਹੁੰਦਾ ਹੈ। ਇਨ੍ਹਾਂ ਦੇ ਵਿਆਹ ਸੰਬੰਧੀ ਵੀ ਇਹ ਵਹਿਮ ਕੀਤਾ ਜਾਂਦਾ ਹੈ ਜੇਕਰ ਮੰਗਲ ਗ੍ਰਹਿ ਵਾਲੇ ਬੱਚੇ ਦਾ ਵਿਆਹ, ਉਸੇ ਗ੍ਰਹਿ ਵਾਲੇ ਬੱਚੇ ਨਾਲ ਨਾ ਕੀਤਾ ਜਾਵੇ ਤਾਂ ਦੋਹਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਸਕਦੀ ਹੈ। ਬੁੱਧ, ਬ੍ਰਹਿਸਪਤ ਤੇ ਸ਼ੁੱਕਰ ਚੰਗੀ ਭਾਵਨਾ ਵਾਲੇ ਗ੍ਰਹਿ ਮੰਨੇ ਜਾਂਦੇ ਹਨ। ਇਹਨਾਂ ਦੇ ਪ੍ਰਭਾਵ ਹੇਠ ਜੰਮਿਆ ਬੱਚਾ ਨਰੋਆ ਤੇ ਅਰੇਗ ਹੁੰਦਾ ਹੈ।

ਸੂਰਜ ਚੰਦ ਤੇ ਤਾਰਿਆਂ ਬਾਰੇ ਵਿਸ਼ਵਾਸ

[ਸੋਧੋ]

ਸੂਰਜ ਸੰਬੰਧੀ ਇਹ ਵਹਿਮ ਪਾਇਆ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਸੰਗਰਾਂਦ ਨੂੰ ਸੂਰਜ ਦਾ ਬਿੰਬ ਨਿਰਮਲ ਜਲ ਦੇ ਕਟੋਰੇ ਵਿੱਚ ਉਤਾਰ ਕੇ ਇੱਕ ਵਰ੍ਹਾਂ ਪੀਏ ਤਾਂ ਉਸ ਦਾ ਬੜਾ ਤੇਜ ਪ੍ਰਾਪਤ ਹੁੰਦਾ ਹੈ।[5] ਸੂਰਜ ਨੂੰ ਪਾਣੀ ਦੇਣਾ ਚੰਗਾ ਮੰਨਿਆ ਜਾਂਦਾ ਹੈ। ਕਈ ਪੜ੍ਹੇ ਲਿਖੇ ਪਾਣੀ ਦੇਣ ਸਮੇਂ ਗਾਇਤਰੀ ਮੰਤਰ ਦਾ ਜਾਪ ਵੀ ਵਰਦੇ ਹਨ।[6] ਜੇਕਰ ਨਵੀਂ ਵਿਆਹੀ ਕੁੜੀ ਇੱਕ ਸਾਲ ਦੂਜ ਦਾ ਨਵਾਂ ਚੰਨ ਚੜ੍ਹਦਾ ਵੇਖੇ ਤਾਂ ਬਜ਼ੁਰਗ ਔਰਤਾਂ ਆਖਦੀਆਂ ਹਨ ਉਸ ਦੇ ਘਰ ਦੂਜ ਦੇ ਚੰਨ ਵਰਗਾ ਪੁੱਤਰ ਜੰਮਦਾ ਹੈ।ਨਵਾਂ ਚੰਨ ਦੂਜ ਜਾਂ ਤੀਜ ਵਾਲਾ ਵੇਖਣ ਸ਼ੁਭ ਹੁੰਦਾ ਹੈ। ਚੌਥ ਵਾਲਾ ਚੰਨ ਮਾੜਾ ਮੰਨਿਆ ਜਾਂਦਾ ਹੈ।[7] ਏਕਮ ਵਾਲੇ ਦਿਨ ਲੋਕ ਆਪਦੀ ਪੱਗ ਵਿੱਚੋਂ ਇੱਕ ਧਾਗਾ ਕੱਖ ਕੇ ਨਵੇਂ ਚੰਦ ਦੀ ਭੇਟਾ ਕਰਦੇ ਹਨ ਨਮਸਕਾਰ ਕਰਦੇ ਹਨ।

ਨਵੇਂ ਚੰਨ ਦੀ ਰਾਮ ਰਾਮ ਸੁਣਦੇ ਰਹੋ

ਸਾਧੋ ਸੰਤੋ

[8] ਇਸੇ ਤਰ੍ਹਾਂ ਤਾਰਾ ਟੁਟਣ ਵੇਲੇ ਹਰ ਇੱਛਾ ਪੂਰੀ ਹੋ ਸਕਦੀ ਹੈ।

ਦਿਸ਼ਾਵਾਂ ਬਾਰੇ ਵਿਸ਼ਵਾਸ

[ਸੋਧੋ]

ਹਿੰਦ ਪੁਰਾਣ ਧਾਰਾ ਅਨੁਸਾਰ ਦਸਾਂ ਦਿਸ਼ਾਵਾਂ ਦੇ ਵੱਖਰੇ ਵੱਖਰੇ ਦੇਵਤੇ ਰਖਿਅਕ ਹਨ। ਜਿਹੜੀ ਦਿਸ਼ਾ ਵੱਲ ਜਾਣਾ ਹੋਵੇ ਉਸ ਦਿਸ਼ਾ ਦੇ ਦੇਵਤੇ ਦੀ ਪਹਿਲਾ ਪੂਜਾ ਕਰਨ ਨਾਲ ਸਫ਼ਰ ਸੌਖਾ ਹੁੰਦਾ ਹੈ। ਮੰਗਲ ਬੁੱਧ ਨੂੰ ਉੱਤਰ ਵੱਲ ਸਫ਼ਰ ਕਰਨਾ ਮਾੜਾ ਹੁੰਦਾ ਹੈ। ਸੋਮਵਾਰ ਤੇ ਸ਼ੁਕਰਵਾਰ ਚੰਗਾ ਹੁੰਦਾ ਹੈ। ਮੰਗਲ ਤੇ ਬੁੱਧ ਨੂੰ ਪਹਾੜ ਵੱਲ ਸਫ਼ਰ ਕਰਨਾ ਠੀਕ ਨਹੀਂ।

ਮੰਗਲ ਬੁੱਧ ਨਾ ਜਾਈਏ ਪਹਾੜ।

ਜਿੱਤੀ ਬਾਜ਼ੀ ਆਈਏ ਹਾਰ।

ਪਾਣੀ ਬਾਰੇ ਵਿਸ਼ਵਾਸ

[ਸੋਧੋ]

ਪਾਣੀ ਦਾ ਮਨੁੱਖੀ ਜ਼ਿੰਦਗੀ ਵਿੱਚ ਅਹਿਮ ਸਥਾਨ ਹੈ। ਪਾਣੀ ਨਾਲ ਜੁੜੇ ਵਿਸ਼ਵਾਸਾਂ ਵਿੱਚ ਹਰ ਥਾਂ ਪਾਣੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਘਰੋਂ ਬਾਹਰ ਜ਼ਰੂਰੀ ਕੰਮ ਜਾਣ ਸਮੇਂ ਪਾਣੀ ਦਾ ਭਰਿਆ ਭਾਂਡਾ ਮਿਲਣਾ ਸ਼ੁਭ ਮੰਨਿਆ ਜਾਂਦਾ ਹੈ। ਜੇ ਭਾਂਡਾ ਕੁੜੀ ਨੇ ਚੁੱਕਿਆ ਹੋਵੇ ਤਾਂ ਹੋਰ ਵੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਹੋਰ ਪੈਸਾ ਪਾਉਣ ਦੀ ਇੱਛਾ ਅਤੇ ਕੰਨਿਆਵਾਂ ਪ੍ਰਤੀ ਸਤਿਕਾਰ ਪੈਦਾ ਕਰਨ ਖਾਤਿਰ ਇਹ ਵਿਸ਼ਵਾਸ ਪ੍ਰਚਲਿਤ ਹੋਇਆ।

ਮਨੁੱਖਾਂ ਬਾਰੇ ਵਿਸ਼ਵਾਸ

[ਸੋਧੋ]

ਮਨੁੱਖਾਂ ਵਿੱਚੋਂ ਕਈਆਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਜਿਵੇਂ ਬੱਚਾ। ਕਾਣਾ, ਲੂੰਲ੍ਹਾ ਅਤੇ ਲੰਗੜਾ ਆਦਮੀ ਮਿਲੇ ਤਾਂ ਚੰਗਾ ਨਹੀਂ ਮੰਨਿਆ ਜਾਂਦਾ ਇਸੇ ਤਰ੍ਹਾਂ ਵਿਧਵਾ ਦਾ ਮਿਲਣਾ ਅਸ਼ੁਭ ਮੰਨਿਆ ਜਾਂਦਾ ਹੈ। ਗਰਭਵਤੀ ਇਸਤਰੀ ਮਿਲੇ ਤਾਂ ਚੰਗਾ ਮੰਨਿਆ ਜਾਂਦਾ ਹੈ। ਬ੍ਰਾਹਮਣ ਦਾ ਮਿਲਣਾ ਅਸ਼ੁਭ ਮੰਨਿਆ ਜਾਂਦਾ ਹੈ।[9]

ਹੋਰ ਵਰਜਿਤ ਵਿਸ਼ਵਾਸ

[ਸੋਧੋ]

ਬਹੁਤ ਸਾਰੇ ਲੋਕ ਵਿਸ਼ਵਾਸ ਜੀਵਨ ਵਿੱਚ ਕੁਝ ਨਾ ਕਰਨ ਦੀ ਵਰਜਨਾ ਵੀ ਕਰਦੇ ਹਨ। ਵਿਜੇਂ ਕਿ ਜਣੇਪੇ ਦੇ ਦਿਨਾਂ ਦੌਰਾਨ ਗਰਭਵਤੀ ਔਰਤ ਦਾ ਹਿੱਲਦਾ ਜੁਲਣਾ ਮਨ੍ਹਾ ਹੁੰਦਾ ਹੈ। ਜੂਆ ਦੇਖਣ ਦੀ ਮਨਾਹੀ, ਨਹੂੰਆਂ ਨਾਲ ਜ਼ਮੀਨ ਖੁਰਚਣ ਦੀ ਮਨਾਹੀ, ਕਿਸੇ ਮੌਤ ਜਾਂ ਜਣੇਪੇ ਵਾਲੇ ਘਰ ਜਾਣ ਦੀ ਮਨਾਹੀ ਹੁੰਦੀ ਹੈ। ਵਿਆਹ ਦੇ ਨਜ਼ਦੀਕੀ ਦਿਨਾਂ ਵਿੱਚ ਮਾਈਏ ਪਏ ਮੁੰਡੇ ਕੁੜੀ ਨੂੰ ਬਾਹਰ ਜਾਣ ਦੀ ਜਾਨ ਜੋਖਮ ਵਾਲਾ ਕੰਮ ਕਰਨ ਦੀ ਮਨਾਹੀ। ਤੀਆਂ ਸਮੇਂ ਸੱਸ ਨੂੰਹ ਨੂੰ ਇਕੱਠੇ ਰਹਿਣ ਦੀ ਮਨਾਹੀ।[10]

ਹੋਰ ਵਿਸ਼ਵਾਸ

[ਸੋਧੋ]

ਜਿਵੇਂ ਕਿ ਦੁਸਹਿਰੇ ਵਾਲੇ ਦਿਨ ‘ਗਰੜ ਦਾ ਦਿਸਣਾ ਸ਼ੁੱਭ ਮੰਨਿਆ ਜਾਂਦਾ ਹੈ। ਉੱਲੂ ਦਾ ਦਿਨੇ ਦਿੱਸਣਾ ਮਾੜਾ ਮੰਨਿਆ ਜਾਂਦਾ ਹੈ ਰਾਤੀ ਦੀਵਾ ਬੁਝਾਉਣ ਵੇਲੇ ਦੀਵਾ ਫੂਕ ਮਾਰ ਕੇ ਬੁਝਾਉਣਾ ਮਾੜਾ ਹੁੰਦਾ ਹੈ। ਆਟਾ ਗੁੰਨਦਿਆਂ ਪਰਾਂਤ ਵਿਚੋਂ ਕੁਝ ਆਟਾ ਥਿੜਕ ਕੇ ਬਾਹਰ ਆ ਡਿੱਗੇ ਤੇ ਜਾਂ ਬਨੇਰੇ ਤੇ ਕਾਂ ਬੋਲੇ ਤਾਂ ਇਸ ਨੂੰ ‘ਅੱਜ ਕੋਈ ਪਰਾਹੁਣਾ ਆਵੇਗਾ ਦੀ ਪੱਕੀ ਨਿਸ਼ਾਨੀ ਮੰਨੀ ਜਾਂਦੀ ਹੈ।[11]

ਸੱਭਿਆਚਾਰ ਪ੍ਰਕਾਰਜ

[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਵਹਿਮ ਭਰਮ ਮਨੁੱਖੀ ਜੀਵਨ ਵਿੱਚ ਹਰ ਸਥਿਤੀ ਵਿੱਚ ਹਰ ਸਮੇਂ ਮਨੁੱਖ ਦੇ ਨਾਲ ਜੁੜੇ ਰਹਿੰਦੇ ਹਨ। ਇਹ ਸਾਡੇ ਜੀਵਨ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਡਾ ਕੋਈ ਵੀ ਕੰਮਕਾਰ ਇਨ੍ਹਾਂ ਤੋਂ ਬਿਨਾਂ ਨਹੀਂ ਹੁੰਦਾ ਪਰ ਹੁਣ ਵਿਗਿਆਨਕ ਉਨਤੀ ਅਤੇ ਗਿਆਨ ਕਾਰਨ ਵਹਿਮਾਂ ਭਰਮਾਂ ਦੀ ਜਕੜ ਘਟ ਗਈ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੇਂਡੂ ਲੋਕ ਜਾਂ ਅਨਪੜ੍ਹ ਹੀ ਜ਼ਿਆਦਾ ਵਹਿਮ ਭਰਮ ਕਰਦੇ ਹਨ ਪਰ ਇੱਕ ਪੜ੍ਹਿਆ ਲਿਖਿਆ ਵਿਅਕਤੀ ਵੀ ਇਨ੍ਹਾਂ ਤੋਂ ਮੁਕਤ ਨਹੀਂ ਹੈ। ਉਸ ਦੇ ਮਾਨਸਿਕ ਅਵਚੇਤਨ, ਵਿੱਚ ਕਿਤੇ ਨਾ ਕਿਤੇ ਇਹ ਵਹਿਮ ਭਰਮਾਂ ਪਏ ਹੁੰਦੇ ਹਨ। ਇਨ੍ਹਾਂ ਦਾ ਜੇਕਰ ਵਿਸ਼ਲੇਸ਼ਣ ਕਰ ਕੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਨ੍ਹਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ।

ਹਵਾਲੇ

[ਸੋਧੋ]
 1. ਬਲਬੀਰ ਸਿੰਘ ਪੂਨੀ, ਲੋਕ ਵਿਸ਼ਵਾਸ ਤੇ ਰਹੁ ਰੀਤਾਂ, ਲੋਕਧਾਰਾ ਅਧਿਐਨ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ,ਪੰਨਾ 117
 2. ਡਾ. ਕਰਜਨਜੀਤ ਸਿੰਘ,ਪੰਜਾਬੀ ਲੋਕਾਂ ਦੀਆਂ ਰਹੁ ਰੀਤਾਂ ਵਿਸ਼ਵਾਸ ਤੇ ਭਰਮ, ਲੋਕਧਾਰਾ ਦੀ ਭੂਮਿਕਾ (ਸੰਪਾਦਕ ਡਾ. ਭੁਪਿੰਦਰ ਸਿੰਘ ਖਹਿਰਾ ਤੇ ਡਾ. ਸੁਰਜੀਤ ਸਿੰਘ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ,ਪੰਨਾ:24
 3. ਗਿਆਨੀ ਗੁਰਦਿੱਤ ਸਿੰਘ,ਵਹਿਮ ਭਰਮ, ਮੇਰਾ ਪਿੰਡ, ਸਾਹਿਤ ਪ੍ਰਕਾਸ਼ਨ ਚੰਡੀਗੜ੍ਹ, ਪੰਨਾ 151.
 4. 4 ਡਾ. ਜੀਤ ਸਿੰਘ ਜੋਸ਼ੀ, ਲੋਕ ਧਰਮ- ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 294.
 5. ਬਲਵੀਰ ਸਿੰਘ ਪੂਨੀ-ਪੰਜਾਬੀ ਲੋਕਧਾਰਾ ਅਤੇ ਸਭਿਆਚਾਰ-ਵਾਹਿਸ ਸ਼ਾਹ ਵਾਊਂਡੇਸ਼ਨ, ਅੰਮ੍ਰਿਤਸਰ- ਪੰਨਾ ੧੨੮
 6. ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੈਪਸੂ ਬੁੱਕ ਡਿਪੂ ਪਟਿਆਲਾ, ੨੦੦੯, ਪੰਨਾ ੧੧੨
 7. ਬਲਵੀਰ ਸਿੰਘ ਪੂਨੀ-ਪੰਜਾਬੀ ਲੋਕਧਾਰਾ ਅਤੇ ਸਭਿਆਚਾਰ-ਵਾਹਿਸ ਸ਼ਾਹ ਵਾਊਂਡੇਸ਼ਨ,ਅੰਮ੍ਰਿਤਸਰ-ਪੰਨਾ ੧੨੮
 8. ਭੁਪਿੰਦਰ ਸਿੰਘ ਖਹਿਰਾ,ਪੈਪਸੂ ਬੁੱਕ ਡਿਪੂ ਪਟਿਆਲਾ, ੨੦੦੯, ਪੰਨਾ ੧੧੨
 9. ਹਰਮੀਤ ਕੌਰ ਭੁੱਲਰ-ਪੰਜਾਬੀ ਸੱਭਿਆਚਾਰ ਵਾਰਕਤ-ਸਿਧਾਂਤ ਤੇ ਵਿਹਾਰ, ਯੂਨੀਸਟਾਰ ਬੁਕ ਪ੍ਰਾਈਵੇਟ ਲਿਮਟਡ ੩੦੧ ਇੰਡਸਟਰਲ ਏਰੀਆ ਚੰਗੀਗੜ੍ਹ। ਪੰਨਾ ੧੨੯
 10. ਡਾ ਜੀਤ ਸਿੰਘ ਜੋਸ਼ੀ-ਲੋਕ ਕਲਾ ਅਤੇ ਸਭਿਆਚਾਰ ਮੁੱਢਲੀ ਜਾਣ ਪਛਾਣ-ਪੰਜਾਬੀ ਯੁਨੀਵਰਸਿਟੀ, ਪਟਿਆਲਾ, ਪੰਨਾ ੧੦੯
 11. ਗਿਆਨੀ ਗੁਰਦਿੱਤ ਸਿੰਘ,ਪੰਨਾ 147