ਸਮੱਗਰੀ 'ਤੇ ਜਾਓ

ਵਾਲ ਝਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਾਨਕੋਸ਼ ਅਨੁਸਾਰ ਵਾਲ ਦੇ ਸ਼ਬਦੀ ਅਰਥ ਹਨ ਹਵਾ/ਪੌਣ/ਵਾਯੂ | ਝਲਾਈ ਦੇ ਸ਼ਬਦੀ ਅਰਥ ਹਨ, ਹਵਾ ਝੱਲਣ ਦਾ ਮਹਿਨਤਾਨਾ/ਮਜੂਰੀ। ਇਸ ਤਰ੍ਹਾਂ ਵਾਲ ਝਲਾਈ ਦੀ ਪਰਿਭਾਸ਼ਾ ਹੋਈ ਹਵਾ ਝੱਲਣ ਦਾ ਮਹਿਨਤਾਨਾ। ਪਰ ਵਿਆਹ ਸਮੇਂ ਭੈਣਾਂ ਨੂੰ ਜੋ ਵਾਲ ਝਲਾਈ ਦਿੱਤੀ ਜਾਂਦੀ ਹੈ, ਉਹ ਮਹਿਨਤਾਨਾ ਨਹੀਂ ਹੁੰਦੀ। ਉਹ ਤਾਂ ਭਰਾ ਵਲੋਂ ਆਪਣੀ ਭੈਣ ਨੂੰ ਵਿਆਹ ਦੀ ਖੁਸ਼ੀ ਵਿਚ ਇਕ ਬਹਾਨੇ ਨਾਲ ਦਿੱਤਾ ਜਾਣ ਵਾਲਾ ਪੈਸੇ ਦੇ ਰੂਪ ਵਿਚ ਇਕ ਪਿਆਰ ਹੁੰਦਾ ਹੈ, ਮੋਹ ਹੁੰਦਾ ਹੈ। ਇਕ ਪਿਆਰ ਭਰੀ ਰਸਮ ਹੁੰਦੀ ਹੈ।

ਨ੍ਹਾਈ ਧੋਈ ਤੋਂ ਪਿੱਛੋਂ ਭਰਾ ਤਿਆਰ ਹੋ ਕੇ, ਸਿਹਰਾ ਬੰਨ੍ਹ ਕੇ, ਭਰਜਾਈ ਤੋਂ ਸੁਰਮਾ ਪਵਾ ਕੇ ਜਦ ਗੁਰੂਦਵਾਰੇ/ਮੰਦਰ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦਾ ਹੈ ਤਾਂ ਭੈਣਾਂ ਆਪਣੇ ਭਰਾ ਨੂੰ ਪਿੱਛੇ ਤੋਂ ਆਪਣੇ ਦੁੱਪਟੇ/ਚੁੰਨੀ ਦੇ ਲੜ ਨਾਲ ਝੱਲ ਮਾਰਦੀਆਂ ਜਾਂਦੀਆਂ ਹਨ।ਭੈਣਾਂ ਉੱਪਰ ਦੋ ਦੁਪੱਟੇ ਲਏ ਹੁੰਦੇ ਹਨ। ਇਨ੍ਹਾਂ ਦੋ ਲਏ ਦੁਪੱਟਿਆਂ ਨੂੰ ਦੋਸੜਾ ਕਹਿੰਦੇ ਹਨ। ਦੋਸੜਾ ਲੈਣ ਦਾ ਖ਼ਾਸ ਕਾਰਨ ਹੁੰਦਾ ਹੈ। ਜਦ ਭੈਣ ਆਪਣੇ ਇਕ ਦੁਪੱਟੇ ਦੇ ਲੜ ਨਾਲ ਹਵਾ ਝੱਲਦੀ ਹੈ ਤਾਂ ਦੂਸਰਾ ਦੁਪੱਟਾ ਸਿਰ ਉੱਪਰ ਰਹਿੰਦਾ ਹੈ। ਉਨ੍ਹਾਂ ਸਮਿਆਂ ਵਿਚ ਸਾਰੀਆਂ ਕੁੜੀਆਂ ਸਿਰ ਉੱਪਰ ਦੁਪੱਟਾ ਲੈਂਦੀਆਂ ਸਨ। ਨੰਗਾ ਸਿਰ ਰੱਖਣਾ ਬਹੁਤ ਹੀ ਮਾੜਾ ਗਿਣਿਆ ਜਾਂਦਾ ਸੀ। ਭੈਣਾਂ ਆਪਣੇ ਭਰਾ ਨੂੰ ਉਸ ਸਮੇਂ ਤੱਕ ਝੱਲ ਮਾਰਦੀਆਂ ਰਹਿੰਦੀਆਂ ਸਨ ਜਦ ਤੱਕ ਭਰਾ ਘੋੜੀ ਜਾਂ ਰਥ ਵਿਚ ਸਵਾਰ ਨਹੀਂ ਹੋ ਜਾਂਦਾ ਸੀ। ਘੋੜੀ/ਰਥ ਵਿਚ ਬੈਠਣ ਤੋਂ ਪਹਿਲਾਂ ਭਰਾ ਆਪਣੀਆਂ ਭੈਣਾਂ ਨੂੰ ਇਹ ਵਾਲ ਝਲਾਈ ਦਾ ਸ਼ਗਨ ਦਿੰਦਾ ਹੁੰਦਾ ਸੀ।ਹੁਣ ਵਾਲ ਝਲਾਈ ਦੀ ਰਸਮ ਬਹੁਤ ਘੱਟ ਵੇਖਣ ਵਿਚ ਆਉਂਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.