ਸਮੱਗਰੀ 'ਤੇ ਜਾਓ

ਧਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਧਾਰਮਿਕ ਤੋਂ ਮੋੜਿਆ ਗਿਆ)
ਵਿਸ਼ਵ ਦੇ ਧਾਰਮਿਕ ਚਿੰਨ੍ਹਾਂ
ਸੰਸਾਰ ਵਿੱਚ ਕੁਝ ਧਾਰਮਿਕ ਕਰਮਕਾਂਡ

ਧਰਮ (ਸੰਸਕ੍ਰਿਤ: धर्मः) ਧਰਮ ਭਾਰਤ ਦੀ ਪ੍ਰਾਚੀਨਤਮ ਭਾਸ਼ਾ ਸੰਸਕ੍ਰਿਤ ਦਾ ਸ਼ਬਦ ਹੈ ਜੋ ਮਨੁੱਖ ਲਈ ਧਾਰਨ ਕਰਨਯੋਗ ਭਾਵ ਕੁਦਰਤ ਵਲੋਂ ਤਿਆਰ ਕਰਮਾਂ ਤੇ ਆਧਾਰਤ ਨਤੀਜਿਆਂ ਦੀ ਅਜਿਹੀ ਵਿਵਸਥਾ ਹੈ ਜਿਸ ਤੋਂ ਕੋਈ ਵੀ ਮਨੁੱਖ ਬਾਹਰ ਨਹੀਂ ਜਾ ਸਕਦਾ। ਧਰਮ ਦਾ ਇੱਕ ਸੱਭਿਆਚਾਰਕ ਰੂਪ ਹੈ ਵੀ ਹੈ ਜੋ ਸੰਸਥਾਗਤ ਤੌਰ ਤੇ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ।ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਵੀ ਹੈ। ਇਸਦਾ ਸੰਸਥਾਗਤ ਰੂਪ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦਾ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।

ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ “ਰੋਮਨ ਲੋਕ ਆਪ ਵੀ ਸ਼ਬਦ 'religio' ਦੇ ਅਸਲ ਮੌਲਿਕ ਅਰਥਾਂ ਬਾਰੇ ਸੰਸੇ ਵਿੱਚ ਸਨ। ਸਾਰੇ ਜਾਣਦੇ ਹਨ ਕਿ ਸਿਸਰੋ ਨੇ ਇਸ ਦਾ ਮੂਲ re-leger ਮੰਨਿਆ ਹੈ ਜਿਸ ਦੇ ਅਰਥ ਹਨ, ‘ਮੁੜ ਇਕੱਤਰ ਕਰਨਾ`, ‘ਚੁੱਕਣਾ`, ‘ਵਿਚਾਰਨਾ`, ‘ਸੋਚਣਾ`। ਮੇਰਾ ਆਪਣਾ ਵਿਚਾਰ ਹੈ ਕਿ ਸਿਸਰੋ ਠੀਕ ਹੈ ਪਰ ਜੇ religio ਅਰਥ ‘ਧਿਆਨ`, ਸਤਿਕਾਰ, ਪਾਵਨ ਭਾਵਨਾ ਸੀ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਮੂਲ ਅਰਥ ਬਹੁਤ ਸਮਾਂ ਇਸ ਨਾਲ ਸੰਬੰਧਿਤ ਨਾ ਰਹਿ ਸਕਿਆ।``[1] “ਵੈਵਸਟਰ ਦੇ ਕੋਰਸ (New international Dictionary) ਅਨੁਸਾਰ ਧਰਮ ਦਾ ਅਰਥ ਪਰਮਾਤਮਾ ਦੀ ਪੂਜਾ ਹੈ ਜਾਂ ਪੂਜਾ ਦੇ ਮੰਤਵ ਨਾਲ ਥਾਪੇ ਕਿਸੇ ਦੇਵਤੇ ਦੀ ਉਪਾਸਨਾ ਹੈ।``[2] ਪਰ ਇਹ ਅਰਥ ਵੀ ਬ੍ਰਹਮੰਡੀ ਜਾਂ ਕੁਦਰਤ ਦੇ ਧਰਮ ਅਤੇ ਮਜ਼ਹਬ ਜਾਂ ਸੰਸਥਾਗਤ ਧਰਮ ਵਿਚਾਲੇ ਸਹੀ ਨਿਖੇੜਾ ਨਹੀੰ ਕਰਦੇ।

ਜੇਕਰ ਹੁਣ ਅਸੀਂ ਹਿੰਦੁਸਤਾਨ ਵਿੱਚ ਪ੍ਰਚਲਿਤ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਧਰਮ ਸ਼ਬਦ ਦੇ ਅਸਲੀ ਅਰਥ ਹਨ ਕੁਦਰਤ ਦਾ ਧਾਰਨ ਕਰਨਯੋਗ ਨਿਯਮ। ਇਹ ਧਰਮ ਉਹ ਨਿਯਮ ਹੈ ਜਿਹੜਾ ਸਮੁੱਚੀ ਕਾਇਨਾਤ ਵਿਚ ਸੁੱਤੇ-ਸਿੱਧ ਵਰਤ ਰਿਹਾ ਹੈ। ਮਹਾਂਭਾਰਤ ਅਨੁਸਾਰ ਸੰਸਾਰ ਧਰਮ ਦੇ ਆਸਰੇ ਹੀ ਖੜਾ ਹੈ ਅਤੇ ਵੇਦਾਂ ਵਿੱਚ ਧਰਮ ਨੂੰ ਵੱਖ-ਵੱਖ ਰਹੁ ਰੀਤਾਂ ਨਾਲ ਵੀ ਜੋੜਿਆ ਗਿਆ ਹੈ। “ਮਹਾਂਭਾਰਤ, ਗੀਤਾ, ਧਰਮ ਸ਼ਾਸਤਰ` ਅਤੇ ਪੁਰਾਣਾ ਵਿੱਚ ਧਰਮ ਦੇ ਅਰਥ ਕਾਨੂੰਨ, ਕਰਤੱਵ, ਸੱਚਾਈ, ਚੰਗੇ ਗੁਣ, ਫਰਜ, ਵਿਸ਼ੇਸ਼ ਅਧਿਕਾਰ ਤੇ ਰਹੁ ਰੀਤੀ ਇਤਿਆਦ ਵਜੋਂ ਵੀ ਸਾਹਮਣੇ ਆਏ ਹਨ ।``[3] ਇਸ ਤਰ੍ਹਾਂ ਹਿੰਦੁਸਤਾਨ ਵਿੱਚ ਧਰਮ ਸ਼ਬਦ ਲਈ ਵਰਤੇ ਜਾਂਦੇ ਅਰਥ, Religion ਸ਼ਬਦ ਲਈ ਵਰਤੇ ਜਾਂਦੇ ਅਰਥਾਂ ਤੋਂ ਇਲਾਵਾ ਬਹੁਤ ਕੁਝ ਹੋਰ ਹਨ। ਹਿੰਦੁਸਤਾਨ ਵਿੱਚ ਧਰਮ ਦੇ ਅਰਥਾਂ ਵਿਚ ਰਹੁ ਰੀਤਾਂ, ਵਿਸ਼ਵਾਸ, ਆਦਰਸ਼, ਦੇਵੀ ਦੇਵਤਿਆਂ ਬਾਰੇ ਕਲਪਿਤ ਕਹਾਣੀਆਂ, ਵੱਖ-ਵੱਖ ਜਾਤਾਂ ਤੇ ਸਮਾਜਕ ਸ੍ਰੇਣੀਆਂ ਦੇ ਫਰਜ, ਕਾਨੂੰਨ ਆਦਿ ਸਭ ਕੁਝ ਸਮਾਅ ਜਾਂਦੇ ਹਨ। ਪਰ ਅੱਜ ਧਰਮ ਅਤੇ ਰਿਲੀਜਨ ਸ਼ਬਦ ਨੂੰ ‘ਧਾਰਮਿਕ ਮੱਤ` ਦੇ ਤੌਰ ਤੋਂ ਹੀ ਵਰਤ ਲਿਆ ਜਾਂਦਾ ਹੈ, ਜੋ ਧਰਮ ਸ਼ਬਦ ਦੇ ਅਰਥਾਂ ਨਾਲ ਇਨਸਾਫ਼ ਨਹੀਂ ਹੈ। ਦਰਅਸਲ ਮੱਤ, ਧਰਮ ਅਤੇ ਮਜ਼ਹਬ ਦਾ ਨਿਖੇੜਾ ਸਮੇ੍ਹਯ ਦੀ ਸਭ ਤੋਂ ਵੱਡੀ ਜਰੂਰਤ ਹੈ। ਮੱਤ ਨੂੰ ਇੱਕ ਵੱਖਰੇ ਧਰਮ ਦੇ ਨਾਂ ਦੇ ਦਿੱਤਾ ਗਿਆ ਹੈ ਜਿਵੇਂ ਇਸਲਾਮ ਮਤ ਲਈ ਇਸਲਾਮ ਧਰਮ, ਸਿੱਖ ਮਤ ਲਈ ਸਿੱਖ ਧਰਮ, ਜੈਨ ਮੱਤ ਲਈ ਜੈਨ ਧਰਮ, ਬੋਧ ਮੱਤ ਲਈ ਬੋਧ ਧਰਮ ਅਤੇ ਇਸਾਈਅਤ ਮੱਤ ਲਈ ਇਸਾਈ ਧਰਮ ਆਦਿ। ਹਰੇਕ ਮੱਤ ਇਕ ਬ੍ਰਹਮੰਡ ਦੀ ਸੰਚਾਲਕ ਸ਼ਕਤੀ ਦੀ ਹੋਂਦ ਵਿੱਚ ਵਿਸ਼ਵਾਸ ਤਾਂ ਰੱਖਦਾ ਹੈ ਪਰ ਵੱਖ ਵੱਖ ਰੂਪਾਂ ਵਿਚ। ਮੱਤਾਂ ਵਿੱਚ ਉਹਨਾ ਦੇ ਉਦਗਮ ਸਥਾਨਾਂ ਦੇ ਲਿਹਾਜ਼ ਨਾਲ ਭਾਸ਼ਾ ਦੇ ਆਧਾਰ ਤੇ ਇਕ ਸ਼ਕਤੀ ਨੂੰ ਦਰਸਾਉਣ ਲਈ ਵੱਖ-ਵੱਖ ਨਾਂ ਜਿਵੇਂ ਸ਼ਿਵ, ਭਗਵਾਨ, ਖੁਦਾ, ਅੱਲਾ, ਰਾਮ, ਗਾਡ (God) ਆਦਿ ਵਰਤੇ ਜਾਂਦੇ ਹਨ।

ਭਾਵੇਂ ਕਿ ਧਰਮ ਨੂੰ ਇੱਕ ਵਿਸ਼ਿਸ਼ਟ ਧਰਮ ਤੇ ਤੌਰ 'ਤੇ ਦੇਖਣਾ ਬਹੁਤਾ ਢੁੱਕਵਾਂ ਨਹੀਂ ਹੈ ਪਰ ਫਿਰ ਵੀ ਧਰਮ ਨੂੰ ਵਸਿਸ਼ਟ ਧਰਮ ਅਤੇ ਲੋਕ ਧਰਮ ਦੋ ਵਰਗਾਂ ਵਿੱਚ ਵੰਡ ਕੇ ਇਹਨਾਂ ਦੋਵਾਂ ਦੇ ਵੱਖ-ਵੱਖ ਲੱਛਣ ਨਿਖੇੜੇ ਜਾ ਸਕਦੇ ਹਨ।

ਇਸ ਤਰ੍ਹਾਂ ਵਸਿਸ਼ਟ ਧਰਮ ਦੇ ਆਪਣੇ ਸਿਧਾਂਤ ਅਤੇ ਵੱਖਰੇ ਨਿਯਮ ਹੁੰਦੇ ਹਨ ਜਿਸ ਦੀ ਪਾਲਣਾ ਉਸ ਧਰਮ ਦੇ ਸ਼ਰਧਾਲੂ ਕਰਦੇ ਹਨ।

ਸੱਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸੱਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸੱਭਿਆਚਾਰ ਤੋਂ ਹੀ ਜਨਮ ਲੈਂਦੇ ਹਨ, ਭਾਵ ਕੋਈ ਵੀ ਮੱਤ ਉੱਥੋ ਦੇ ਸਮਾਜ ਜਾਂ ਸੱਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਮੱਤ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸੱਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ।

ਸੰਸਾਰ ਵਿੱਚ ਹਰ ਥਾਂ ਤੇ ਅਲੱਗ-ਅਲੱਗ ਸੱਭਿਆਚਾਰ ਤੇ ਮੱਤ ਪਾਏ ਜਾਂਦੇ ਹਨ ਜਿਹਨਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੁੰਦੇ ਹਨ ਅਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸੱਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸੱਭਿਆਚਾਰ ਦੇ ਸਰੂਪ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋਂ ਦੀਆਂ ਹਿੰਦੂ ਰਹੂਰੀਤਾਂ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦੀਆਂ ਹਨ। ਭਾਵੇਂ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਸ਼ੇਸ਼ ਵਿਸ਼ਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸ਼ੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ।

ਧਰਮ ਦੀਆਂ ਵਿਧੀਆਂ: ੧. ਮਾਨਵ ਵਿਗਿਆਨੀ ਵਿਧੀ ੨. ਸਮਾਜ ਵਿਗਿਆਨੀ ਵਿਧੀ ੩. ਮਨੋਵਿਗਿਆਨੀ ਵਿਧੀ ੪. ਪਰਪੰਚ ਵਿਗਿਆਨੀ ਵਿਧੀ

ਸੱਭਿਆਚਾਰ ਅਤੇ ਧਰਮ

[ਸੋਧੋ]

‘ਸੱਭਿਆਚਾਰ ਵਾਂਗ ਹੀ ਧਰਮ ਵੀ ਜਟਿਲ ਅਤੇ ਵਿਆਪਕ ਅਰਥਾਂ ਦਾ ਵਾਚਕ ਹੈ। ਮੁੱਢਲੇ ਕਾਲ ਦੇ ਮਾਨਵ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਕਿਰਤੀ ਹੀ ਸੀ। ਪ੍ਰਕਿਰਤੀ ਇਕੋ ਸਮੇਂ ਮਨੁੱਖ ਦੇ ਸਾਹਮਣੇ ਦੋ ਰੂਪਾਂ ਵਿੱਚ ਮੌਜੂਦ ਸੀ, ਅਰਥਾਤ ਮਨੁੱਖ ਦੀ ਪੈਦਾਵਾਰ ਜੇ ਪ੍ਰਾਕਿਰਤਿਕ ਕਾਰਨਾਂ ਤੇ ਨਿਰਭਰ ਕਰਦੀ ਹੈ ਤਾਂ ਉਸ ਦੇ ਵਿਨਾਸ਼ ਦਾ ਕਾਰਨ ਵੀ ਪ੍ਰਾਕਿਰਤੀ ਹੀ ਬਣਦੀ ਹੈ। ਪ੍ਰਕਿਰਤੀ ਦੇ ਵਿਨਾਸ਼ਕਾਰੀ ਰੂਪ ਤੋਂ ਮਨੁੱਖ ਹਮੇਸ਼ਾ ਭੈਭੀਤ ਰਿਹਾ ਹੈ। ਇਹੋ ਕਾਰਨ ਹੈ ਕਿ ਮਨੁੱਖੀ ਕਲਪਨਾ ਅਤੇ ਵਿਸ਼ਵਾਸ ਨੇ ਪ੍ਰਕਿਰਤੀ ਦੇ ਮਾਰੂ ਪ੍ਰਭਾਵ ਨੂੰ ਭੂਤ, ਪ੍ਰੇਤ, ਜਿੰਨ, ਚੁੜੇਲ ਅਤੇ ਰਾਖਸਾਂ ਦੇ ਵਿਭਿੰਨ ਰੂਪਾਂ ਦਾ ਦਰਜਾ ਦੇ ਦਿੱਤਾ। ਪਰੰਤੂ ਨਾਲ ਪ੍ਰਕਿਰਤੀ ਮਨੁੱਖ ਲਈ ਉਸਾਰੂ ਕਾਰਜ ਵੀ ਕਰਦੀ ਰਹੀ ਹੈ। ਧੁਪ, ਹਵਾ, ਪਾਣੀ, ਅੱਗ ਅਨਾਜ ਇਹ ਮਨੁੱਖ ਨੂੰ ਜੀਵਤ ਰੱਖਣ ਲਈ, ਲਾਜ਼ਮੀ ਤੱਤ ਹਨ। ਇਸ ਕਰਕੇ ਇਹਨਾਂ ਨੂੰ ‘ਦੇਵ’ ਸ਼ਰੇਣੀ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ‘ਦੇਵ’ ਸ਼ਰੇਣੀ ਦਾ ਵਿਕਸਤ ਰੂਪ ਹੀ ਧਰਮ ਦਾ ਬੁਨਿਆਦੀ ਨੁਕਤਾ ਹੈ। ਪ੍ਰਕਿਰਤੀ ਦੇ ਉਸਾਰੂ ਪੱਖ ਨੂੰ ਮਨੁੱਖ ਦੈਵੀ ਸ਼ਕਤੀਆਂ ਦਾ ਰੂਪ ਮੰਨਦਾ ਹੈ।’[1]

“ਧਰਮ ਦਾ ਵਿਸ਼ਲੇਸ਼ਣ ਕੀਤੀਆਂ, ਇਸ ਦੇ ਤਿੰਨ ਪੱਖ ਉਘੜ ਕੇ ਸਾਮਹਣੇ ਆਉਂਦੇ ਹਨ:-

  • 1. ਇਹ ਕਈ ਸੰਸਾਰ-ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ,
  • 2. ਇਸ ਦ੍ਰਿਸ਼ਟੀਕੋਣ ਅਨੁਸਾਰ ਇਹ ਵਿਹਾਰ ਦੇ ਨਿਯਮ ਘੜਦਾ ਹੈ,
  • 3. ਅਤੇ ਇਹ ਇੱਕ ਸੰਗਠਨ ਪੇਸ਼ ਕਰਦਾ ਹੈ, ਜਿਹੜਾ ਹੋਰਨਾਂ ਕਾਰਜਾਂ ਤੋਂ ਇਲਾਵਾ ਆਪਣੇ ਅਨੁਆਈਆਂ ਵਿੱਚ ਸਾਂਝ ਅਤੇ ਇਕਮਿਕਤਾ ਪੈਦਾ ਕਰਦਾ ਹੈ।

ਇਹ ਤਿੰਨੇ ਹੀ ਪੱਖ ਮੁੱਖ ਤੌਰ ਉ-ੱਤੇ ਸੱਭਿਆਚਾਰ ਦੇ ਬੋਧਾਤਮਕ ਅਤੇ ਪ੍ਰਤਿਮਾਨਕ ਅੰਗਾਂ ਨਾਲ ਸੰਬੰਧ ਰੱਖਦੇ ਹਨ।”[2]

‘ਧਰਮ ਨੂੰ ਕਈ ਵਾਰੀ ਸੱਭਿਆਚਾਰ ਦਾ ਸਮਾਨਾਰਥੀ ਇਸ ਦਾ ਜਨਮਦਾਤਾ ਇਸ ਦਾ ਆਧਾਰ ਜਾਂ ਇਸ ਦੀ ਚਾਲਕਸ਼ਕਤੀ ਦੱਸਿਆ ਜਾਂਦਾ ਹੈ। ਪਰ ਅਸਲ ਵਿੱਚ ਧਰਮ ਆਪ ਇੱਕ ਸੱਭਿਆਚਾਰਕ ਸਿਰਜਣਾ ਹੈ। ਇਸ ਦੇ ਚਿੰਤਨ ਦਾ ਪਿੜ੍ਹ ਕਿਉਂਕਿ ਇਸਦੇ ਵਰਤਾਰਿਆ ਦੇ ਅਣਜਾਤੇ ਅਤੇ ਅਗਿਆਤ ਖੇਤਰ ਹਨ, ਜਾਂ ਫਿਰ ਜੀਵਨ ਦੇ ਉਹ ਖੇਤਰ ਹਨ ਜਿਹਨਾਂ ਵਿੱਚ ਅਨਿਸਚਿਤਤਾ ਪਾਈ ਜਾਂਦੀ ਹੈ, ਜਿਹੜੀ ਮਨੁੱਖੀ ਦੁਬਿਧਾ ਅਤੇ ਕਿਸੇ ਅਟੱਲ ਮੁਸੀਬਤ ਦੇ ਲਟਕਵੇਂ ਡਰ ਦਾ ਆਧਾਰ ਵੀ ਬਣੀ ਰਹਿੰਦੀ ਹੈ, ਇਸ ਲਈ ਮਨੁੱਖੀ ਵਿਕਾਸ ਦੇ ਪਹਿਲੇ ਪੜਾਵਾਂ ਉ-ੱਤੇ ਧਰਮ ਜ਼ਿੰਦਗੀ ਜਿੰਨਾ ਹੀ ਸਰਬ-ਵਿਆਪਕ ਹੁੰਦਾ ਹੈ।ਉਦੋਂ ਅਜੇ ਜ਼ਿੰਦਗੀ ਦਾ ਹਰ ਖੇਤਰ ਹੀ ਅਣਗਾਹਿਆ ਅਤੇ ਅਣਜਾਤਾ ਹੁੰਦਾ ਹੈ ਅਤੇ ਨਿੱਕੀ ਤੋਂ ਲੈ ਕੇ ਵੱਡੀ ਤੱਕ ਹਰ ਮੁਸੀਬਤ ਬਿਨਾਂ ਕਿਸੇ ਕਾਰਨ ਮਨੁੱਖ ਨੂੰ ਸ਼ਿਕਾਰ ਬਣਾਉਣ ਬਈ ਗੈਬੋਂ ਉਤਰ ਆਉਂਦੀ ਹੈ। ਮਨੁੱਖ ਤੋਂ ਪ੍ਰਬਲ ਹੋਣ ਦੇ ਨਾਂਤੇ ਇਸ ਦਾ ਪੂਜਿਆ ਅਤੇ ਰੀਝਾਇਆ ਜਾਣਾ ਜ਼ਰੂਰੀ ਹੋ ਜਾਂਦਾ ਹੈ ਇਹੋ ਹੀ ਉਸ ਦੇ ਕਹਿਰ ਤੋਂ ਬਚਣ ਦਾ ਇਕੋ ਇੱਕ ਰਾਹ ਹੁੰਦਾ ਹੈ।’[2]

ਧਰਮ ਦੀ ਹੋਂਦ

[ਸੋਧੋ]

“ਧਰਮ ਦੀ ਹੋਂਦ ਪੂਰਵ ਇਤਿਹਾਸਕ ਕਾਲ ਵਿੱਚ ਵੀ ਮਿਲਦੀ ਹੈ। ਨਵੀਨ ਖੋਜ ਨੇ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ ਕਿ ਆਰੀਆ ਲੋਕਾਂ ਤੋਂ ਪਹਿਲਾਂ ਵੀ ਇਸ ਧਰਤੀ ਉ-ੱਤੇ ਵਸਦੀਆਂ ਦਰਾਵੜ ਅਤੇ ਕੋਲ ਜਾਤੀਆਂ ਵਿੱਚ ਧਰਮ ਅਤੇ ਧਾਰਮਿਕ ਭਾਵਨਾਵਾਂ ਪੂਰੀ ਤਰ੍ਹਾਂ ਪ੍ਰਚਲਿਤ ਸਨ। ਹੜੱਪਾ ਮਹਿੰਜੋਦੜੋ ਆਦਿ ਸਥਾਨਾਂ ਤੇ ਹੋਈ ਖੁਦਾਈ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਮਾਧੀ ਵਿੱਚ ਬੈਠਾ ਵਿਅਕਤੀ ਮੰਦਰ, ਸਰੋਵਰ, ਪੂਜਾ, ਮੁਦਰਾਵਾਂ ਅਸਲ ਵਿੱਚ ਮੁੱਢਲੇ ਧਰਮ ਦੇ ਹੀ ਚਿੰਨ੍ਹ ਹਨ। ਮ੍ਰਿਤਕ ਸਰੀਰਾਂ ਦਾ ਕਬਰਾਂ ਵਿੱਚ ਦਫਨਾਏ ਜਾਣਾ, ਮ੍ਰਿਤਕ ਸਰੀਰ ਨਾਲ ਅਨੇਕ ਵਸਤਾਂ ਦਾ ਰੱਖੇ ਜਾਣਾ ਵੀ ਇਸ ਗੱਲ ਦਾ ਸੰਕੇਤ ਮਾਤਰ ਹੈ ਕਿ ਦਰਾਵੜ ਲੋਕ ਜ਼ਿੰਦਗੀ, ਮੌਤ ਉਪਰੰਤ ਜਿੰਦਗੀ ਬਾਰੇ ਵੀ ਵਿਚਾਰ ਰੱਖਦੇ ਹਨ।”[1]

ਆਰੀਆ ਜਾਤੀ ਦੀਆਂ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਦਾ ਮੂਲ ਦਰਾਵੜ ਜਾਤੀ ਨਾਲ ਜੁੜਦਾ ਹੈ। ਦਰਾਵੜ ਦਾ ਵਿਸ਼ਵਾਸ ਸੀ ਕਿ ਮੌਤ ਤੋਂ ਮਗਰੋਂ ਰੂਹਾਂ ਰੁੱਖਾਂ ਪੰਖੇਰੂਆਂ ਜਾਂ ਡੰਗਰਾਂ ਵਿੱਚ ਚਲੀਆਂ ਜਾਂਦੀਆਂ ਹਨ। ਆਰੀਆ ਲੋਕਾਂ ਨੇ ਇਸੇ ਸੰਕਲਪ ਵਿੱਚ ਥੋੜ੍ਹੀ ਜਿੰਨੀ ਸੋਧ ਕਰਕੇ ਇਹ ਧਾਰਨਾ ਬਣਾ ਲਈ ਕਿ ਰੂਹ ਪਿਛਲੇ ਜਨਮ ਦੇ ਫਲਸਰੂਪ ਹੀ ਨਵਾਂ ਸਰੀਰ ਧਾਰਨ ਕਰਦੀ ਹੈ। ਜਨਮ ਮਰਨ ਦੇ ਸੰਕਟ ਤੋਂ ਮੁਕਤ ਹੋਣ ਲਈ ਆਰੀਆ ਲੋਕਾਂ ਨੇ ‘ਮੁਕਤੀ’ ਦਾ ਸੰਕਲਪ ਅਪਣਾਇਆ ਹੌਲੀ-ਹੌਲੀ ਧਰਮ ਅਰਥ, ਕਾਮ, ਮੋਖ ਭਾਰਤੀ ਸੱਭਿਆਚਾਰ ਦੇ ਬੁਨਿਆਦੀ ਤੱਤ ਬਣ ਗਏ। ਦਰਾਵੜ ਭੂਤ, ਪ੍ਰੇਤ, ਪਿਸਾਚਾਂ ਅਤੇ ਰਾਖਸਾਂ ਤੇ ਦੂਜੀਆਂ ਬਦਰੂਹਾਂ ਨੂੰ ਵੀ ਮੰਨਦੇ ਸਨ ਅਤੇ ਦੈਵੀ ਸ਼ਕਤੀਆਂ ਨੂੰ ਪ੍ਰਸੰਨ ਕਰਨ ਲਈ ਉਹ ਪੂਜਾ ਕਰਦੇ ਸਨ। ਪਰ ਕੁੱਲ ਮਿਲਾ ਕੇ ਇਹ ਸਾਰੇ ਲੋਕ ਧਰਮ ਦਾ ਹੀ ਰੂਪ ਸਨ ਵਿਸ਼ਿਸਟ ਧਰਮ ਦੇ ਲੱਛਣ ਸਾਨੂੰ ਆਰੀਆ ਜਾਤੀ ਦੇ ਸਥਾਪਤ ਹੋਣ ਤੋਂ ਮਗਰੋਂ ਹੀ ਲੱਭਦੇ ਸਨ।”[1]

ਵਿਸ਼ਿਸਟ ਧਰਮ

[ਸੋਧੋ]

‘ਵਿਸ਼ਿਸਟ ਧਰਮ’ ਜਾਂ ਸਥਾਈ ਧਰਮ ਤੋਂ ਭਾਵ ਧਰਮ ਦੇ ਉਸ ਜਥੇਬੰਦਕ ਰੂਪ ਤੋਂ ਹੈ ਜਿਸ ਦੀ ਸਥਾਪਨਾ ਕਿਸੇ ਵਿਅਕਤੀ/ਵਰਗ ਵੱਲੋਂ ਕੀਤੀ ਜਾਂਦੀ ਹੈ। ਹਰ ਵਿਸ਼ਿਸਟ ਧਰਮ ਦੀ ਆਪਣੀ ਵੱਖਰੀ ਵਿਚਾਰਧਾਰਾ ਹੁੰਦੀ ਹੈ। ਵਿਸ਼ਿਸਟ ਧਰਮ ਦਾ ਕੋਈ ਨਾਮ ਹੁੰਦਾ ਹੈ- ਜਿਵੇਂ ਜੈਨ , ਬੁੱਧ , ਇਸਲਾਮ, ਇਸਾਈਅਤ ਅਤੇ ਸਿੱਖ ਧਰਮ ਆਦਿ।’[1] “ਲੋਕਾਂ ਨੂੰ ਪੁਜਾਰੀ ਅਤੇ ਪਾਦਰੀ ਵਰਗ ਵੱਲੋਂ ਸਵਰਗ ਅਤੇ ਸ਼ਾਂਤੀ ਪ੍ਰਾਪਤ ਕਰਨ ਅਤੇ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਜੋ ਵੀ ਦੱਸਿਆ ਜਾਂਦਾ ਹੈ, ਉਹ ਹੀ ਵਿਸ਼ਿਸਟ ਧਰਮ ਹੈ। ਵਿਸ਼ਿਸਟ ਧਰਮ ਦੀ ਇੱਕ ਹੋਰ ਵਿਸ਼ੇਸਤਾ ਇਹ ਹੈ ਕਿ ਇਸ ਦੇ ਨਿਯਮ ਮਨਾਹੀਆ ਅਤੇ ਹਿਦਾਇਤਾਂ ਲਿਖਤੀ ਰੂਪ ਵਿੱਚ ਸੁਰੱਖਿਅਤ ਹੁੰਦੀਆਂ ਹਨ।”[3]

ਲੋਕ ਧਰਮ

[ਸੋਧੋ]

“ਲੋਕ ਧਰਮ ਵਿਸ਼ਿਸਟ ਧਰਮ ਤੋਂ ਵੱਖਰਾ ਸੰਕਲਪ ਹੈ। ਇਸ ਵਿੱਚ ਲੋਕ ਧਰਮ ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਇਸਦਾ ਵਹਿਮ ਭਰਮ ਅਤੇ ਵਿਸ਼ਵਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।।”[1] “ਮਨੁੱਖ ਦਾ ਪਹਿਲਾ ਅਨੁਮਾਨ ਹੈ ਕਿ ਇਹ ਸੰਸਾਰ ਕਿਸੇ ਦੈਵੀ ਸ਼ਕਤੀ ਦੀ ਸਿਰਜਣਾ ਹੈ ਤੇ ਉਹ ਇਸਦਾ ਸੰਚਾਲਨ ਕਰਦੀ ਹੈ। ਇਸ ਦੈਵੀ ਸ਼ਕਤੀ ਦੀ ਤਲਾਸ਼ ਕਰਨ ਲਈ ਇਸਦੇ ਲੱਛਣਾ ਨੂੰ ਸਮਝਣ ਲਈ, ਮਨੁੱਖ ਨੂੰ ਸੁਖੀ ਕਰਨ ਲਈ, ਦੈਵੀ ਸ਼ਕਤੀ ਨੂੰ ਪ੍ਰਸੰਨ ਕਰਨ ਲਈ ਅਤੇ ਮੌਤ ਦਾ ਭੈ ਦੂਰ ਕਰਕੇ ਅਮਰ ਹੋਣ ਲਈ, ਇੱਕ ਪੂਰੇ ਵਿਧੀ ਵਿਧਾਨ ਨੇ ਜਨਮ ਲਿਆ ਜਿਸ ਨੂੰ ਧਰਮ ਕਿਹਾ ਜਾਂਦਾ ਹੈ। ਧਰਮ ਚੇਤਨਾ ਪੱਧਰ ਤੇ ਵੀ ਹੁੰਦਾ ਹੈ ਅਤੇ ਲੋਕ ਪੱਧਰ ਤੇ ਵੀ। ਲੋਕ ਆਪਣੀ ਉਤਪਤੀ ਸੰਬੰਧੀ ਕੀ ਵਿਸ਼ਵਾਸ ਕਰਦੇ ਹਨ, ਕੀ ਖੋਜ ਕਰਦੇ ਹਨ, ਇਹ ਲੋਕ ਧਰਮ ਹੈ।”[3]

“ਧਰਮ ਦੇ ਇਹ ਦੋਵੇਂ ਰੂਪ ਸੱਭਿਆਚਾਰ ਦੇ ਮਹੱਤਵਪੂਰਨ ਪੱਖ ਤਾਂ ਹਨ ਪਰ ਇਹ ਸੱਭਿਆਚਾਰ ਦੇ ਸਮਾਨਾਰਥੀ ਨਹੀਂ ਹਨ। ਨਾ ਹੀ ਕੋਈ ਧਰਮ ਕਿਸੇ ਸੱਭਿਆਚਾਰ ਦਾ ਇਕੋ ਇੱਕ ਨਿਰਧਾਰਨੀ ਤੱਤ ਹੁੰਦਾ ਹੈ।”

ਧਰਮ ਮਨੁੱਖ ਦੀ ਸੱਭਿਆਚਾਰਕ ਪ੍ਰਾਪਤੀ ਤੋਂ ਵੀ ਅੱਗੇ ਵਧ ਕੇ ਅੰਤਰ ਖੋਜ ਦਾ ਵਿਸ਼ਾ ਹੈ। ਕਿਸੇ ਇਕੋ ਸੱਭਿਆਚਾਰ ਅੰਦਰ ਅਨੇਕਾਂ ਧਰਮ ਵਧ ਫੁੱਲ ਸਕਦੇ ਹਨ ਪਰ ਕਿਸੇ ਇੱਕ ਧਰਮ (ਮਜ਼ਹਬ) ਵਿੱਚ ਵੱਖ-ਵੱਖ ਸੱਭਿਆਚਾਰਾਂ ਦੇ ਸਮੁੱਚੇ ਰੂਪ ਵਿਚ ਸਮਾ ਸਕਣਾ ਸੰਭਵ ਨਹੀਂ ਹੁੰਦਾ।

ਵਸਿਸ਼ਟ ਧਰਮ ਅਤੇ ਲੋਕ ਧਰਮ ਵਿੱਚ ਅੰਤਰ

[ਸੋਧੋ]
ਭਾਵੇਂ ਕਿ ਲੋਕ ਧਰਮ ਨੂੰ ਵਸਿਸ਼ਟ ਧਰਮ ਦਾ ਆਧਾਰ ਮੰਨ ਲਿਆ ਜਾਂਦਾ ਹੈ ਪਰ ਫਿਰ ਵੀ ਵਸਿਸ਼ਟ ਧਰਮ ਅਤੇ ਲੋਕ ਧਰਮ ਵਿੱਚ ਵੱਖ-ਵੱਖ ਅੰਤਰ ਵੇਖੇ ਜਾ ਸਕਦੇ ਹਨ, ਜੋ ਇਸ ਤਰ੍ਹਾਂ ਹਨ:
  • ਵਸਿਸ਼ਟ ਧਰਮ ਦੀ ਸਥਾਪਨਾ ਕਿਸੇ ਇਕ ਵਿਸ਼ੇਸ਼ ਵਿਅਕਤੀ ਦੇ ਨਾਂ ਹੇਠ ਕੀਤੀ ਜਾਂਦੀ ਹੈ। ਜਿਵੇਂ ਕਿ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ, ਇਸਲਾਮ ਵਿੱਚ ਹਜਰਤ ਮੁਹੰਮਦ, ਇਸਾਈਅਤ ਵਿਚ ਈਸਾ ਮਸਾਹ, ਬੁੱਧ ਧਰਮ ਵਿੱਚ ਗੌਤਮ ਸਿਧਾਰਥ ਜਾਂ ਮਹਾਤਮਾ ਬੁੱਧ ਆਦਿ। ਇਸ ਦੇ ਉਲਟ ਲੋਕ ਧਰਮ ਦੀ ਸਥਾਪਨਾ ਕਿਸੇ ਇੱਕ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਤੋਂ ਨਹੀਂ ਹੁੰਦੀ।
  • ਵਸਿਸ਼ਟ ਧਰਮ ਦਾ ਆਪਣਾ ਕੋਈ ਵਿਸ਼ੇਸ਼ ਨਾਂ ਹੁੰਦਾ ਹੈ ਜਿਸ ਤੋਂ ਇਸ ਧਰਮ ਨੂੰ ਜਾਣਿਆ ਜਾਂਦਾ ਹੈ ਜਿਵੇਂ, ਸਿੱਖ ਧਰਮ, ਇਸਲਾਮ, ਬੁੱਧ, ਇਸਾਈਅਤ ਆਦਿ। ਲੋਕ ਧਰਮ ਦਾ ਆਪਣਾ ਕੋਈ ਵਿਸ਼ੇਸ਼ ਨਾਂ ਨਹੀਂ ਹੁੰਦਾ ਉਸ ਨੂੰ ਮਨੁੱਖਤਾ ਧਰਮ ਆਖ ਲਿਆ ਜਾਂਦਾ ਹੈ।
  • ਵਸਿਸ਼ਟ ਧਰਮ ਦਾ ਆਪਣਾ ਧਾਰਮਿਕ ਗ੍ਰੰਥ ਹੁੰਦਾ ਹੈ। ਜਿਸ ਵਿੱਚ ਉਸ ਧਰਮ ਨਾਲ ਸੰਬੰਧਿਤ ਸਾਰੀ ਵਿਚਾਰਧਾਰਾ ਹੁੰਦੀ ਹੈ। ਜਿਸ ਦੀ ਪਾਲਣਾ ਉਸ ਧਰਮ ਦੇ ਅਨੁਯਾਈਆਂ ਨੇ ਕਰਨੀ ਹੁੰਦੀ ਹੈ। ਲੋਕ ਧਰਮ ਵਿੱਚ ਅਜਿਹਾ ਨਹੀਂ ਹੁੰਦਾ। ਲੋਕ ਧਰਮ ਦਾ ਆਪਣਾ ਕੋਈ ਵਿਸ਼ੇਸ਼ ਧਾਰਮਿਕ ਗ੍ਰੰਥ ਨਹੀਂ ਹੁੰਦਾ ਅਤੇ ਨਾ ਹੀ ਇਸ ਦੇ ਸ਼ਰਧਾਲੂ ਨੂੰ ਕਿਸੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪੈਂਦੀ ਹੈ, ਜਿਵੇਂ ਹਿੰਦੂ ਧਰਮ।
  • ਹਰੇਕ ਵਸਿਸ਼ਟ ਧਰਮ ਦੀਆਂ ਪੂਜਾ ਵਿਧੀਆਂ ਅਤੇ ਕਰਮ ਕਾਂਡ ਵੱਖਰੇ ਹੁੰਦੇ ਹਨ। ਕਈ ਵਾਰ ਇਨ੍ਹਾਂ ਵਿੱਚ ਦੂਜੇ ਧਰਮਾਂ ਦੀਆਂ ਪੂਜਾ ਵਿਧੀਆਂ, ਧਾਰਮਿਕ ਚਿੰਨ੍ਹਾਂ, ਵਿਚਾਰਧਾਰਾ ਅਤੇ ਧਾਰਮਿਕ ਸਥਾਨਾਂ ਦਾ ਖੰਡਨ ਵੀ ਕੀਤਾ ਜਾਂਦਾ ਹੈ। ਜਿਸ ਕਾਰਨ ਇਹਨਾਂ ਧਰਮਾਂ ਅਤੇ ਇਹਨਾਂ ਦੇ ਸ਼ਰਧਾਲੂਆਂ ਵਿੱਚ ਆਪਸੀ ਟਕਰਾਅ ਹੁੰਦਾ ਰਹਿੰਦਾ ਹੈ। ਇਸ ਦੇ ਉਲਟ ਲੋਕ ਧਰਮ ਵਿੱਚ ਭਾਵੇਂ ਪੂਜਾ ਵਿਧੀਆਂ ਵਿੱਚ ਥੋੜਾ ਫਰਕ ਹੋਵੇ ਪਰ ਲੋਕ ਧਰਮ ਵਿੱਚ ਵੱਖਰੇ-ਵੱਖਰੇ ਦੇਵੀ ਦੇਵਤਿਆਂ, ਪੀਰਾਂ-ਫਕੀਰਾਂ ਆਦਿ ਨੂੰ ਸਮਾਨ ਰੂਪ ਵਿੱਚ ਦੇਖਿਆ ਜਾਂਦਾ ਹੈ। ਲੋਕ ਧਰਮ ਵਿੱਚ ਕਈ ਦੇਵੀ ਦੇਵਤਿਆਂ ਦੀ ਪੂਜਾ ਇਕੱਠੇ ਰੂਪ ਵਿੱਚ ਵੀ ਮਿਲਦੀ ਹੈ ਜਿਵੇਂ:

ਦੇਵੀ ਦੀ ਮੈਂ ਕਰਾਂ ਕੜਾਹੀ,
ਪੀਰ ਫਕੀਰ ਪਿਆਵਾਂ।
ਹੈਦਰ ਸੇਖ ਦਾ ਦੇਣਾ ਬੱਕਰਾ,
ਨੰਗੇ ਪੈਰੀ ਜਾਵਾਂ।
ਹਨੁਮਾਨ ਦੀ ਦੇਵਾਂ ਮੰਨੀ,
ਰਤੀ ਫਰਕ ਪਾਵਾਂ।

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 ਸੱਭਿਆਚਾਰ ਸਿਧਾਂਤ ਤੇ ਵਿਚਾਰ, ਜੀਤ ਸਿੰਘ ਜੋਸ਼ੀ
  2. 2.0 2.1 2.2 ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ
  3. 3.0 3.1 3.2 ਲੋਕਧਾਰਾ ਭਾਸ਼ਾ ਤੇ ਸੱਭਿਆਚਾਰ, ਡਾ. ਭੂਪਿੰਦਰ ਸਿੰਘ ਖਹਿਰਾ

ਹਵਾਲਾ ਪੁਸਤਕਾਂ

[ਸੋਧੋ]
  • ਧਰਮ ਦੀ ਉਤਪਤੀ ਅਤੇ ਵਿਕਾਸ- ਐਫ. ਮੈਕਸਮੂਲਰ, ਅਨੁਵਾਦਕ ਤਾਰਨ ਸਿੰਘ
  • ਵਿਸ਼ਵ ਧਰਮ ਸੰਗ੍ਰਹਿ- ਐਸ.ਐਮ. ਜੋਸ਼ੀ ਅਤੇ ਜੋਧ ਸਿੰਘ
  • ਸੱਭਿਆਚਾਰ ਅਤੇ ਲੋਕਧਾਰਾ- ਜੀਤ ਸਿੰਘ ਜੋਸ਼ੀ
  • ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ - ਬਲਬੀਰ ਸਿੰਘ ਪੂਨੀ