ਸਮੱਗਰੀ 'ਤੇ ਜਾਓ

ਵਿਆਹ ਦੀਆਂ ਰਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸਮ ਰਿਵਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਕਰਮ ਕਾਂਡ ਹੁੰਦੇ ਹਨ, ਜਿਵੇ:- ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਿਤ ਵਿਧੀ ਅਨੁਸਾਰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਉਂ ਰਿਵਾਜ ਜਦੋਂ ਸਮਾਜ ਦਾ ਵੱਡਾ ਹਿੱਸਾ ਵਾਰ-ਵਾਰ ਨਿਭਾਉਣ ਲਗਦਾ ਹੈ ਅਤੇ ਉਸ ਨੂੰ ਧਾਰਮਿਕ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਉਸਨੂੰ ਰਸਮ ਕਿਹਾ ਜਾਂਦਾ ਹੈ।[1] ਵਿਆਹ ਸੰਬੰਧੀ ਰਸਮਾਂ: ਵਿਆਹ ਇੱਕ ਪੜ੍ਹਾਅ ਹੈ। ਜਿਸ ਵਿੱਚ ਅਨੇਕਾਂ ਰਸਮਾਂ ਦਾ ਪਾਲਣ ਕੀਤਾ ਜਾਂਦਾ ਹੈ।

ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ

[ਸੋਧੋ]

ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾਂ ਦੀ ਖੁੱਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਗੁਜ਼ਾਰੇ ਦੀ ਪਰਵਾਹ ਨਹੀਂ ਸੀ ਕਰਦਾ। ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹ ਦੀ ਰਸਮ ਉਤਪੰਨ ਕੀਤੀ। ਇਸ ਤਰ੍ਹਾਂ ਕਰਨ ਨਾਲ ਔਰਤ-ਮਰਦ ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ। ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ। ਕਿਉਂਕਿ ਇਸ ਵਿੱਚ ਸਮੂਹ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ।

ਵਿਆਹ ਦਾ ਮੱਹਤਵ

[ਸੋਧੋ]

ਜਿਨਸੀ ਲੋੜਾਂ ਦੀ ਪੂਰਤੀ ਸਮਾਜ ਵਿੱਚ ਮਨੁੱਖ ਦੀ ਪ੍ਰਧਾਨ ਸਮੱਸਿਆ ਹੈ। ਇਹ ਲੋੜ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਸਮਝਣ ਲੱਗ ਜਾਂਦੇ ਹਨ ਤਾਂ ਇਸ ਲੋੜ ਦੀ ਪੂਰਤੀ ਲਈ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁੱਖ ਕਈ ਸਾਧਨ ਅਪਣਾਉਂਦਾ ਹੈ। ਜਿਹਨਾਂ ਵਿਚੋਂ ਜਾਇਜ਼ ਸੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ। ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ-ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀਤਵ ਦੇ ਜੈਵਿਕ,ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣ, ਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਦੁਨੀਆ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਸੰਸਥਾ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ।

ਵਿਆਹ ਦੀ ਪਰਿਭਾਸ਼ਾ

[ਸੋਧੋ]

ਐਡਵਰਡ ਵੈਸਟਰ ਮਾਰਕ ਅਨੁਸਾਰ ‘ਵਿਆਹ ਇੱਕ ਜਾਂ ਇੱਕ ਤੋਂ ਵੱਧ ਮਰਦਾਂ ਅਤੇ ਔਰਤਾਂ ਵਿੱਚ ਸਥਾਪਿਤ ਸੰਬੰਧਿਤ ਹੈ, ਜਿਸਨੂੰ ਕਾਨੂੰਨ ਦੀ ਪ੍ਰਵਾਨਗੀ ਪ੍ਰਪਾਤ ਹੁੰਦੀ ਹੈ,ਜਿਸ ਵਿੱਚ ਵਿਆਹ ਨਾਲ ਸੰਬੰਧਿਤ ਦੋਹਾਂ ਪੱਖਾਂ ਅਤੇ ਉਹਨਾਂ ਦੀ ਪੈਦਾ ਹੋਣ ਵਾਲੀ ਸੰਤਾਨ ਦੇ ਅਧਿਕਾਰ ਤੇ ਕਰਤੱਵ ਜੁੜੇ ਹੁੰਦੇ ਹਨ। ਵਿਆਹ ਮਨੁੱਖੀ ਨੈਤਿਕਤਾ ਅਤੇ ਦੇਸ਼ ਦੀ ਤਾਕਤ ਦਾ ਸੋਮਾ ਹੈ।

ਹਿੰਦੂਆਂ ਵਿੱਚ ਪ੍ਰਚੱਲਤ ਰਹਿ ਚੁੱਕੇ/ਅੱਜ ਤਕ ਪ੍ਰਚਲਤ ਵਿਆਹ ਢੰਗ
ਅਸਰ/ਅਕਾ/ਮੁਲ ਚੁਕਾਈ ਵਿਆਹ
ਵੱਟੇ ਸੱਟੇ ਦਾ ਵਿਆਹ
ਘਰ ਜਵਾਈ ਵਿਆਹ
ਪਿਆਰ ਵਿਆਹ
ਪੁੰਨ ਦਾ ਵਿਆਹ
ਹਿੰਦੂਆਂ ਵਿੱਚ ਪ੍ਰਚਲਿਤ ਰਹਿ ਚੁੱਕੇ ਢੰਗ
ਉਧਾਲਾ, ਅਪਹਰਨ ਵਿਆਹ
ਅਜ਼ਾਮਇਸ਼ੀ ਪਰਖ ਵਿਆਹ
ਕਿਰਤ ਦੁਆਰਾ ਵਿਆਹ
ਪ੍ਰਜਾਪਤਿ ਵਿਆਹ
ਪਰਤਾਵੀ ਵਿਆਹ

ਪੰਜਾਬ ਵਿੱਚ ਵਿਆਹ ਦੀਆਂ ਵਿਭਿੰਨ ਵੰਨਗੀਆਂ ਮਿਲਦੀਆਂ ਹਨ। ਇਹ ਵਿਭਿੰਨ ਵੰਨਗੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਸਭਿਆਚਾਰ ਦੀ ਪਰੰਪਰਾ, ਗੁਆਂਢੀ ਸਭਿਆਚਾਰ ਤੋਂ ਵੱਖਰੀ ਹੈ।

ਪੁੰਨ ਦਾ ਵਿਆਹ
ਵੱਟਾ ਸੱਟਾ

"ਕਰੇਵਾ

ਸਿਰ ਧਰਨਾ ਜਾਂ ਚਾਦਰ ਪਾਉਣੀ

ਅਜੋਕਾ ਵਿਆਹ ਪ੍ਰਬੰਧ

[ਸੋਧੋ]

ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੈ।ਸਮੇਂ,ਸਥਾਨ ਦੇ ਸੰਦਰਭ ਵਿੱਚ ਪ੍ਰਸਥਿਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਾਰਤਨ ਆਉਣਾ ਸੁਭਾਵਿਕ ਹੈ ਅੱਜ ਸਿੱਖਿਆ ਅਤੇ ਇਸਤ੍ਰੀ ਦੀ ਆਜ਼ਾਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾਂ ਆਵਾਜਾਈ ਅਤੇ ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾਂ ਨਾਲ ਸੰਪਰਕ ਜੋੜ ਦਿੱਤਾ ਹੈ।ਵਿਆਹ ਸੰਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ।ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਅੱਜ ਕੱਲ ਵਿਆਹ ਸਮਾਜਿਕ ਸਮਝੌਤਾ ਹੈ।

ਜਾਤ

[ਸੋਧੋ]

ਪੰਡਤਾਂ ਦੀ ਮੱਤ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾ ਮੁੰਡੇ ਅਤੇ ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ/ਗੋਤ ਪਰਖ ਕੇ, ਪੰਡਤਾਂ ਵੱਲੋਂ ਸ਼ੁਭ ਦਿਨ ਦਾ ਧਿਆਨ ਰੱਖਕੇ ਵਿਆਹ ਕੀਤੇ ਜਾਂਦੇ ਸਨ ਪਰ ਹੁਣ ਮੁੰਡੇ-ਕੁੜੀ ਦੀ ਲਿਆਕਤ,ਪੜ੍ਹਾਈ,ਸੁਹੱਪਣ,ਆਪਸੀ ਰਜ਼ਾਮੰਦੀ, ਉਮਰ ਤੇ ਗੁਣ ਆਦਿ ਧਿਆਨ ਵਿੱਚ ਰੱਖਕੇ ਕੀਤਾ ਜਾਂਦਾ ਹੈ। ਇਸਤਰੀਆਂ ਦੀ ਆਰਥਿਕ ਸੁਤੰਤਰਤਾ ਨੂੰ ਉਹਨਾਂ ਦਾ ਵਿਆਹ ਪ੍ਰਤੀ ਦ੍ਰਿਸ਼ਟੀਕੋਣ ਬਦਲ ਦਿੱਤਾ ਹੈ, ਜੋ ਕਿ ਬਹੁਤ ਵਧੀਆ ਕਦਮ ਹੈ। ਇਸ ਨਾਲ ਅੱਜ ਦੇ ਪੰਜਾਬ ਦੀ ਧੀ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਬਣਾ ਸਕਦੀ ਹੈ। ਪੰਜਾਬ ਵਿੱਚ ਸਿੱਖ ਧਰਮ ਦੇ ਲੋਕ ਵੱਧ ਰਹਿੰਦੇ ਹਨ ਇਸ ਕਰਕੇ ਗੁਰਸਿਖਾਂ ਦੇ ਵਿਆਹਾਂ ਵਿੱਚ ਜਾਤ ਪਾਤ ਨਹੀਂ ਹੁੰਦੀ ਕਿਉਂਕਿ ਗੁਰੂ ਸਾਹਿਬਾਨਾਂ ਨੇ ਸਿੱਖਾਂ ਵਿੱਚ ਜਾਤ ਦਾ ਖੰਡਨ ਕੀਤਾ ਹੈ, ਪਰ ਫਿਰ ਵੀ ਹੋਰਾਂ ਨੂੰ ਦੇਖਕੇ ਜਾਤ-ਪਾਤ ਮਗਰ ਲੱਗੇ ਰਹਿੰਦੇ ਹਨ। ਜਿਵੇਂ ਕਿ ਹਿੰਦੂ ਧਰਮ ਵਿੱਚ ਖੱਤਰੀ, ਬ੍ਰਾਹਮਣ, ਸ਼ੂਦ ਅਤੇ ਵੈਸ਼' ਚਾਰ ਵਰਨ ਹਨ ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਜਾਤ-ਪਾਤ ਤੋਂ ਮੁਕਤ ਕੀਤਾ ਹੈ।

ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।।

ਹਿੰਦੂ ਧਰਮ ਵਿੱਚ ਜਾਤ ਪਾਤ ਨੂੰ ਬਹੁਤ ਮੰਨਿਆ ਜਾਂਦਾ ਹੈ ਪਰ ਸਿੱਖ ਧਰਮ ਵਿੱਚ ਜਾਤੀ ਦੀ ਕੋਈ ਥਾਂ ਨਹੀਂ ਹੈ। ਜੋ ਆਪਣੇ ਆਪ ਨੂੰ ਜੱਟ, ਖੱਤਰੀ, ਰਾਮਗੜ੍ਹੀਆਂ, ਸੈਣੀ, ਰਵੀਦਾਸੀਏ, ਰਾਮਦਾਸੀਏ, ਕੰਬੋਜ, ਨਾਈ, ਛੀਂਬੇ, ਝੀਉਰ ਅਤੇ ਹੋਰ ਅਖਵਾਉਂਦਾ ਹੈ, ਇਹਨਾਂ ਦਾ ਕੋਈ ਵਜ਼ੂਦ ਨਹੀਂ ਰਹਿ ਜਾਂਦਾ ਹੈ ਜੇਕਰ ਤੁਸੀਂ ਖੰਡੇ ਬਾਟੇ ਦੀ ਪਾਹੁਲ ਲੈਕੇ ਖਾਲਸਾ ਪਰਿਵਾਰ ਦੇ ਹੋ ਗਏ ਹੋ। ਇਹ ਜਾਤਾਂ ਪਾਤਾਂ ਪੰਜਾਬ ਵਿੱਚ ਸਭ ਇਕ-ਦੂਜੇ ਨੀਵਾਂ ਦਿਖਾਉਣ ਲਈ ਹੀ ਹਨ।ਗੁਰੂ ਕਾ ਸਿੱਖ ਹਮੇਸ਼ਾ ਆਪਣੇ ਬੱਚਿਆਂ ਦਾ ਆਨੰਦ ਕਾਰਜ ਜ਼ਾਤ ਪਾਤ ਨੂੰ ਪਿੱਛੇ ਜਾਣ ਕੇ ਅਤੇ ਗੁਰੂ ਨੂੰ ਅੰਗ ਸੰਗ ਜਾਣ ਕੇ ਕਰਦਾ ਹੈ।

ਮੈਰਿਜ ਬਿਊਰੋ

[ਸੋਧੋ]

ਅੱਜ ਕਲ ਬ੍ਰਹਾਮਣਾਂ ਦੀ ਲੋੜ ਨਹੀਂ ਹੈ ਸ਼ਹਿਰਾਂ ਵਿੱਚ ਰਿਸ਼ਤੇ ਕਰਾਉਣ ਦਾ ਕਾਰਜ ਥਾਂ-ਥਾਂ ਖੁੱਲ੍ਹੇ ਮੈਰਿਜ ਸੈਟਰਾਂ,ਅਖ਼ਬਾਰਾਂ ਅਤੇ ਰਸਾਲਿਆਂ ਨੇ ਸਾਂਭ ਲਿਆ। ਵਿੱਦਿਆ ਦੇ ਪਾਸਾਰ,ਪੱਛਮੀ ਪ੍ਰਭਾਵ,ਆਜ਼ਾਦ ਸੋਚ ਅਤੇ ਆਜ਼ਾਦ ਖਿਆਲਾਂ ਕਾਰਨ ਰਿਹਾ ਹੈ। ਮਾਪਿਆਂ ਦੇ ਫੈਸਲੇ ਇਸ ਕਾਰਜ ਲਈ ਤਕਰੀਬਨ ਮੁਹਰ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ।

ਰਸਮਾਂ ਦਾ ਵਿਰੋਧ

[ਸੋਧੋ]

ਪ੍ਰਕਿਰਤੀ ਦੇ ਵਿਰੋਧ ਵਿੱਚ ਅੱਜ ਦਾ ਮਨੁੱਖ ਆਪਣੇ ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ।ਇਸ ਲਈ ਰਸਮਾਂ ਦਾ ਰੂਪ ਭੌਤਿਕ ਸੈਕੂਲਰ ਹੁੰਦਾ ਜਾ ਰਿਹਾ ਹੈ।ਹਰ ਖੇਤਰ ਵਿੱਚ ਆ ਰਹੀ ਪ੍ਰਗਤੀ,ਰਸਮ ਰਿਵਾਜ਼ ਨੂੰ ਭਰਮ ਦਰਸਾ ਕੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਿਗਿਆਨਕ ਤੌਰ ਤੇ ਕਈ ਰਸਮ ਰਿਵਾਜ਼ ਮਨੁੱਖ ਨੂੰ ਨਵੀਆਂ ਪ੍ਰਸਥਿਤੀਆਂ ਨਾਲ ਜੂਝਣ ਲਈ ਤਿਆਰ ਕਰਦੇ ਹਨ।

ਮਹਿੰਗਾਈ

[ਸੋਧੋ]

ਵਿਆਹ ਤੋਂ ਪਹਿਲਾਂ ਸ਼ਗਨ ਕਰਨ ਸਮੇਂ ਵਿੱਤੋਂ ਪਰੋਖੇ ਹੋ ਕੇ ਮਹਿੰਗੀਆਂ ਤੋਂ ਮਹਿੰਗੀਆਂ ਸੁਗਾਤਾਂ ਦੇਣ ਜਾ ਰਿਵਾਜ ਪੈਂਦਾ ਜਾ ਰਿਹਾ। ਮੁੰਡੇ ਨੂੰ ਮੁੰਦਰੀ ਕੜ੍ਹਾ ਪਾਇਆ ਜਾਂਦਾ ਹੈ। ਮਿਠਿਆਈ ਦੇ ਡੱਬੇ ਦਿੱਤੇ ਜਾਂਦੇ ਹਨ। ਰਿਸ਼ਤੇਦਾਰਾਂ ਨੂੰ ਗੰਢਾ ਫੇਰਨ ਦੀ ਥਾਂ ਮਿਠਿਆਈ ਦਿੱਤੀ ਜਾਂਦੀ ਹੈ। ਰੁਪਏ ਕੈਸ਼ ਦੇਣ ਦਾ ਰਿਵਾਜ਼ ਵੱਧ ਗਿਆ ਹੈ ਵਿਆਹ ਤੇ ਵਾਧੂ ਪੈਸਾ ਖਰਚ ਕੀਤਾ ਜਾਂਦਾ ਹੈ।

ਵਿਆਹ ਸੰਬੰਧੀ ਰਸਮ ਰਿਵਾਜ

[ਸੋਧੋ]

ਪੰਜਾਬੀ ਵਿਆਹ ਇੱਕ ਬਹੁਤ ਵਿਸਤ੍ਰਿਤ ਅਤੇ ਜਟਿਲ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਸਮੇਂ ਅਨੁਸਾਰ ਬਹੁਤ ਵੱਡੇ ਸਮੇਂ ਤੀਕਰ ਫ਼ੈਲੀ ਹੁੰਦੀ ਹੈ। ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜ੍ਹਾਉਣ ਤਕ ਇਹ ਚੱਲਦੀ ਰਹਿੰਦੀ ਹੈ। ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ। ਮੁੱਖ ਤੌਰ 'ਤੇ ਹੇਠ ਲਿਖੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।ਭਾਵੇਂ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿੱਚ ਇਨ੍ਹਾਂ ਦੇ ਨਿਭਾਉਣ ਵਿੱਚ ਵੀ ਥੋੜਾ ਬਹੁਤ ਅੰਤਰ ਆ ਜਾਂਦਾ ਹੈ ਅਤੇ ਕਈ ਰਸਮਾਂ ਕਿਸੇ ਖਾਸ ਖੇਤਰ ਵਿੱਚ ਤਾਂ ਕੀਤੀਆਂ ਜਾਂਦੀਆਂ ਹਨ ਪਰ ਦੂਸਰੇ ਖੇਤਰਾਂ ਵਿੱਚ ਨਹੀਂ।

ਵਰ ਦੀ ਚੋਣ

[ਸੋਧੋ]

ਵਿਆਹ ਵਿੱਚ ਸਭ ਤੋ ਅਹਿਮ ਕਾਰਜ ਵਰ ਦੀ ਚੋਣ ਹੁੰਦਾ ਹੈ। ਇਹ ਸਭ ਤੋ ਔਖਾ ਕੰਮ ਹੈ ਕਿਉਂਕਿ ਕੁੜੀ ਮੁੰਡੇ ਦੇ ਹਾਣ ਦਾ ਰਿਸ਼ਤਾ ਲੱਭਣਾ,ਪਰਿਵਾਰਕ ਤੰਦਾਂ ਦਾ ਮਿਲਣਾ ਅਦਿ ਬਹੁਤ ਮਹੱਤਵਪੂਰਨ ਪੱਖ ਹਨ।ਜੋ ਰਿਸ਼ਤਾ ਕਰਨ ਵੇਲੇ ਦੇਖੇ ਜਾਂਦੇ ਹਨ। ਰਿਸ਼ਤਾ ਕਰਨ ਵੇਲੇ ਆਮ ਤੌਰ ਤੇ ਕੁੜੀ ਦੇ ਸੁਹੱਪਣ ਅਤੇ ਮੁੰਡੇ ਦੀ ਜਾਇਦਾਦ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਰਿਸ਼ਤਾ ਨਾਈ,ਪ੍ਰੋਹਿਤ ਪਾਂਧੇ ਹੀ ਕਰਵਾਉਂਦੇ ਸਨ ਤੇ ਲੋਕੀ ਉਹਨਾਂ ਦੇ ਕਹਿਣ ਤੇ ਹੀ ਰਿਸ਼ਤਾ ਕਰ ਦਿੰਦੇ ਸਨ। ਵਿਚੋਲਾ ਰਿਸ਼ਤਾ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਵੇਖ ਵਿਖਾਵਾ

[ਸੋਧੋ]

ਜੇਕਰ ਮਾਂ ਬਾਪ ਨੂੰ ਰਿਸ਼ਤਾ ਪਸੰਦ ਆ ਜਾਵੇ ਤਾਂ ਆਮ ਤੌਰ ਤੇ ਮੁੰਡੇ ਤੇ ਕੁੜੀ ਨੂੰ ਇੱਕ ਦੂਜੇ ਨੂੰ ਵਿਖਾਉਣ ਦੀ ਰਸਮ ਕੀਤੀ ਜਾਂਦੀ ਹੈ ਭਾਵੇਂ ਇਹ ਸਭ ਕੁਝ ਰਸਮੀ ਹੀ ਹੁੰਦਾ ਹੈ, ਪਰ ਮੁੰਡਾ ਕੁੜੀ ਜੇ ਇੱਕ ਦੂਜੇ ਨੂੰ ਝਾਤੀ ਮਾਰ ਲੈਣ ਤਾਂ ਮਾਂ ਬਾਪ ਸੁਰਖੁਰੂ ਹੋ ਜਾਂਦੇ ਹਨ ਕਿ ਕੱਲ੍ਹ ਨੂੰ ਮੁੰਡਾ ਕੁੜੀ ਉਹਨਾਂ ਨਾਲ ਨੱਕ ਬੁੱਲ ਨਹੀਂ ਵੱਟ ਸਕਦੇ ਕਿ ਤੁਸੀਂ ਆਪਣੀ ਮਰਜ਼ੀ ਕੀਤੀ ਹੈ ਨਾਲੇ ਮਾਂ ਬਾਪ ਵੀ ਇਹ ਕਹਿਕੇ ਸੱਚੇ ਹੋ ਸਕਦੇ ਹਨ ਕਿ ਤੁਹਾਨੂੰ ਹੀ ਤਾਂ ਇਕ-ਦੂਜੇ ਨੂੰ ਵਿਖਾਇਆ ਸੀ। ਮਤਲਬ ਪੱਲਾ ਝਾੜ ਲੈਂਦੇ ਹਨ ਕਿ ਆਪਸ ਵਿੱਚ ਗੱਲ ਕਰ ਲਵੋ,ਆਮ ਤੌਰ ਤੇ ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਹੀ ਲੈਂਦੇ ਹਨ। ਮੁੰਡਾ ਕੁੜੀ ਆਪਸ ਵਿੱਚ ਰਸਮੀ ਜਿਹੀ ਗੱਲ ਬਾਤ ਕਰਦੇ ਹਨ ਤੇ ਘਰ ਜਾ ਕੇ ਆਪਣੀ ਹਾਂ ਜਾਂ ਨਾਂ ਦੱਸ ਦਿੰਦੇ ਹਨ।

ਰੋਕਾ, ਠਾਕਾ, ਸ਼ਗਨ ਤੇ ਮੰਗਣਾ

[ਸੋਧੋ]

ਰੋਕਾ, ਠਾਕਾ, ਸ਼ਗਨ ਤੇ ਮੰਗਣਾ ਲਗਭਗ ਇਕੋ ਕਿਸਮ ਦੇ ਨਾਂ ਹਨ। ਇਸ ਵਿੱਚ ਲੜਕੇ ਦੇ ਘਰ ਵਾਲੇ ਲੜਕੀ ਦੇ ਘਰ ਜਾ ਕੇ ਉਸਨੂੰ ਸ਼ਗਨ ਤੇ ਹੋਰ ਸਮਾਨ ਦੇ ਕੇ ਆਉਂਦੇ ਹਨ। ਫਿਰ ਛੁਆਰਾ ਲਾਉਣ ਦੀ ਰਸਮ ਨਿਭਾਈ ਜਾਂਦੀ ਹੈ। ਇਸ ਵਿੱਚ ਲੜਕੀ ਦਾ ਪਿਤਾ ਲੜਕੇ ਦੇ ਹੱਥ ਤੇ ਸਵਾ ਰੁਪਿਆ ਧਰਦਾ ਹੈ ਤੇ ਸੁੱਕਾ ਮੇਵਾ ਉਸਦੀ ਝੋਲੀ ਵਿੱਚ ਪਾਉਂਦਾ ਹੈ,ਪਰ ਅੱਜ-ਕਲ ਇਸ ਸਭ ਵਿੱਚ ਬਹੁਤ ਪੈਸਾ ਖਰਚਿਆ ਜਾਂਦਾ ਹੈ।”[2] ਵਿਆਹ ਸਮੇਂ ਮੁੰਡੇ ਵਾਲੇ ਘਰ ‘ਘੋੜੀਆਂ’ ਅਤੇ ਕੁੜੀ ਦੇ ਘਰ ‘ਸੁਹਾਗ’ ਗਾਏ ਜਾਂਦੇ ਹਨ।

ਵਿਆਹ ਤੋ ਪਹਿਲਾਂ ਤਿਉਹਾਰ ਭੇਜਣ ਸੰਬੰਧੀ ਰਿਵਾਜ਼

[ਸੋਧੋ]

ਅੱਜ ਕੱਲ ਵਿਆਹ ਤੋ ਪਹਿਲਾਂ ਤਿਉਹਾਰ ਭੇਜਣ ਦਾ ਰਿਵਾਜ਼ ਵੀ ਹੈ ਜਿਵੇਂ ਕਰਵਾ ਚੌਥ ਤੇ ਸਹੁਰਿਆਂ ਵੱਲੋਂ ਕੁੜੀ ਨੂੰ ਵਰਤ ਦਾ ਸਮਾਨ ਭੇਜਿਆ ਜਾਂਦਾ ਹੈ ਸਾਵਣ ਦੇ ਮਹੀਨੇ ਸਹੁਰਿਆਂ ਵੱਲੋ ਕੁੜੀ ਨੂੰ ਸਾਵਣ ਤੇ ਤੀਆਂ ਦਾ ਤਿਉਹਾਰ ਵੀ ਭੇਜਿਆ ਜਾਂਦਾ ਹੈ ਜਿਸ ਵਿੱਚ ਮਿਠਿਆਈ,ਫਲ,ਕੁੜੀ ਦੇ ਕੱਪੜੇ,ਗਹਿਣੇ, ਮਹਿੰਦੀ, ਚੂੜੀਆਂ ਆਦਿ ਸਮਾਨ ਹੁੰਦਾ ਹੈ। ਕੁਝ ਤਿਉਹਾਰ ਵਿਆਹ ਤੋਂ ਬਾਅਦ ਵੀ ਭੇਜੇ ਜਾਂਦੇ ਹਨ, ਜਿਵੇਂ ਦਿਵਾਲੀ, ਲੋਹੜੀ ਆਦਿ ਇਹ ਤਿਉਹਾਰ ਕੁੜੀ ਦੇ ਪੇਕਿਆਂ ਵੱਲੋਂ ਕੁੜੀ ਦੇ ਸਹੁਰੇ ਵੀ ਭੇਜੇ ਜਾਂਦੇ ਹਨ।

ਸਾਹਾ ਕਢਾਉਣਾ

[ਸੋਧੋ]

ਵਿਆਹ ਲਈ ਚੰਗੇ ਸਮਝੇ ਜਾਂਦੇ ਮਹੀਨਿਆਂ ਵਿੱਚ ਸਾਹਾ ਸੋਧਿਆ ਜਾਂਦਾ ਹੈ ਹਿੰਦੂਆਂ ਵਿੱਚ ਤਾਰੇ ਡੁੱਬੇ ਹੋਣ ਤੇ ਜਾਂ ਸਰਾਧਾਂ ਵਿੱਚ ਅਜਿਹੇ ਕਾਰਜ ਕਰਨੇ ਵਿਵਰਜਿਤ ਹਨ। ਸਾਹਾ ਕਢਾਉਣ ਦੀ ਜ਼ਿੰਮੇਵਾਰੀ ਆਮ ਤੌਰ ਤੇ ਮੁੰਡੇ ਵਾਲਿਆਂ ਦੀ ਹੁੰਦੀ ਹੈ। ਜੇ ਦੋਵੇਂ ਧਿਰਾਂ ਵਿਚਾਰਵਾਨ ਹੋਣ ਤਾਂ ਧੀ ਵਾਲੇ ਇੱਕ ਪਾਸਿਉਂ ਤੇ ਪੁੱਤਰ ਵਾਲੇ ਦੂਜੇ ਪਾਸਿਉਂ ਕਢਵਾ ਲੈਂਦੇ ਹਨ।ਪਾਂਧਾ ਪੱਤਰੀ ਵੇਖ ਕੇ ਦਿਨ-ਲਗਨ ਦੇਖਦਾ ਹੈ।ਸਿੱਖ ਪਰਿਵਾਰ ਵਿੱਚ ਆਮ ਤੌਰ ਤੇ ਬਾਬਾ ਜੀ ਜੰਤਰੀ ਵੇਖ ਕੇ ਹੀ ਵਿਆਹ ਦਾ ਦਿਨ ਕੱਢ ਦਿੰਦੇ ਹਨ ਅਤੇ ਬਹੁਤੀਆਂ ਵਿਚਾਰਾਂ ਨਾ ਕਰਨ ਵਾਲੇ ਪਰਿਵਾਰ ਛੁੱਟੀ ਜਾਂ ਐਤਵਾਰ ਵੇਖ ਕੇ ਵੀ ਵਿਆਹ ਦਾ ਦਿਨ ਨਿਸ਼ਚਿਤ ਕਰ ਲੈਂਦੇ ਹਨ ਜਿਹੜਾ ਵਿਆਹ ਦਾ ਦਿਨ ਨਿਸ਼ਚਿਤ ਕਰੇ ਉਸ ਨੂੰ ਸ਼ਗਨ ਵਜੋਂ ਰੁਪਏ ਦਿੱਤੇ ਜਾਂਦੇ ਹਨ।

ਸਾਹੇ ਚਿੱਠੀ ਭੇਜਣਾ

[ਸੋਧੋ]

ਸਾਹਾ ਕਢਵਾਉਣ ਤੋਂ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ।ਸਾਹੇ ਚਿੱਠੀ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ,ਜਿਸ ਵਿੱਚ ਆਪਣੀ ਸਮਰੱਥਾ ਦਰਸਾਉਂਦੇ ਹੋਏ ਬਰਾਤ ਦੀ ਗਿਣਤੀ,ਵਿਆਹ ਦਾ ਦਿਨ ਆਦਿ ਲਿਖਿਆ ਹੁੰਦਾ ਹੈ, ਸਾਹੇ ਚਿੱਠੀ ਲਿਜਾਣ ਵਾਲੇ ਨੂੰ ਦੋਹਾਂ ਧਿਰਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਹੈ।ਸਾਹੇ ਚਿੱਠੀ ਵਾਲੇ ਨੂੰ ਤੇਲ ਚੋਅ ਕੇ ਸ਼ਗਨਾਂ ਨਾਲ ਅੰਦਰ ਵਾੜਿਆ ਜਾਂਦਾ ਹੈ, ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ।ਪੁਰਾਣੇ ਸਮਿਆਂ ਵਿੱਚ ਆਵਜਾਈ ਦੇ ਸੀਮਤ ਸਾਧਨ ਹੋਣ ਕਰਕੇ,ਸੰਚਾਰ ਸਾਧਨਾਂ ਦੀ ਘਾਟ ਹੋਣ ਕਰਕੇ, ਕੁੜੀ ਦੇ ਮਾਪਿਆਂ ਵੱਲੋਂ ਵਿਆਹ ਦੇ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਆਪਣੀ ਪੁਖ਼ਤਾ ਲਿਖਤੀ ਸਹਿਮਤੀ ਭੇਜੀ ਜਾਂਦੀ ਸੀ, ਪਰ ਅੱਜ ਲੋਕਾਂ ਨੇ ਇਸ ਨੂੰ ਮਹਿੰਗਾ ਰਿਵਾਜ਼ ਬਣਾ ਲਿਆ ਹੈ।

ਸਾਹੇ ਬੱਝਣਾ

[ਸੋਧੋ]

ਸਾਹੇ ਬੱਝਣ ਤੋ ਬਾਅਦ ਵਰ ਅਤੇ ਕੰਨਿਆਂ ਨੂੰ ਬਹੁਤਾ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਉਹਨਾਂ ਨੂੰ ਉਜਾੜ ਥਾਵਾਂ ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਹੌਲਾ ਭਾਰਾ ਕੰਮ ਕਰਨ ਤੋਂ ਵਰਜਿਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਹੱਡੀਆਂ ਸਾਹੇ ਬੱਝੀਆਂ ਹਨ। ਅਸਲ ਵਿੱਚ ਇਸ ਤਰ੍ਹਾਂ ਕਰਨ ਪਿੱਛੇ ਮੰਡੇ ਤੇ ਕੁੜੀ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਜਾਂਦਾ ਹੈ ਤਾਂ ਜੋ ਵਿਆਹ ਤੱਕ ਠੀਕ ਠਾਕ ਰਹਿਣ ਤੇ ਵਿਆਹ ਦੇ ਕੰਮ ਵਿੱਚ ਕੋਈ ਵਿਗਨ ਨਾ ਪਏ ਤੇ ਇਸ ਤਰਾਂ ਉਹਨਾਂ ਦੀ ਵਧੇਰੇ ਦੇਖ ਭਾਲ ਕੀਤੀ ਜਾਂਦੀ ਹੈ।

ਚੂੜੀਆਂ ਪਾਉਣ ਦੀ ਰਸਮ

[ਸੋਧੋ]

ਵਿਆਹ ਤੋ ਇੱਕ ਮਹੀਨਾਂ ਪਹਿਲਾਂ ਕੁੜੀ ਨੂੰ ਚੂੜੀਆਂ ਪਾਉਣ ਦੀ ਰਸਮ ਕੀਤੀ ਜਾਂਦੀ ਹੈ ਇਹ ਰਸਮ ਕੁੜੀ ਦੀਆਂ ਸਹੇਲੀਆਂ ਕਰਦੀਆਂ ਹਨ,ਇਸ ਰਸਮ ਲਈ ਇੱਕ ਪਰਾਤ ਵਿੱਚ ਹਰੀਆਂ ਜਾਂ ਲਾਲ ਰੰਗ ਦੀਆਂ ਚੂੜੀਆਂ ਲੱਸੀ ਵਿੱਚ ਭਿਉਂ ਦਿੱਤੀਆਂ ਜਾਂਦੀਆਂ ਹਨ, ਕੁੜੀ ਦੀਆਂ ਸਹੇਲੀਆਂ ਵਾਰੀ ਵਾਰੀ ਉਸ ਨੂੰ ਚੂੜੀਆਂ ਪਾਉਦੀਆਂ ਹਨ।

ਵਰੀ ਬਣਾਉਣਾ

[ਸੋਧੋ]

ਵਿਆਹ ਤੋਂ ਕੁਝ ਦਿਨ ਪਹਿਲਾਂ ਵਰੀ ਬਣਾਈ ਜਾਂਦੀ ਹੈ ਜਿਸ ਵਿੱਚ ਮੁੰਡੇ ਵਾਲੇ ਕੁੜੀ ਦੇ ਕੱਪੜੇ ਤੇ ਗਹਿਣੇ ਬਣਾਉਦੇ ਹਨ ਵਰੀ ਬਣਾਉਣ ਲਈ ਆਮ ਤੌਰ ਤੇ ਨੇੜਲੇ ਰਿਸ਼ਤੇਦਾਰਾਂ ਨੂੰ ਲਿਜਾਇਆ ਜਾਂਦਾ ਹੈ, ਅੱਜ ਕੱਲ ਵਰੀ ਬਣਾਉਣ ਲਈ ਕੁੜੀ ਨੂੰ ਨਾਲ ਲਿਜਾਣ ਦਾ ਆਮ ਰਿਵਾਜ਼ ਹੋ ਗਿਆ ਹੈ। ਕੁੜੀ ਆਪਣੀ ਪਸੰਦ ਦੇ ਸੂਟ ਤੇ ਗਹਿਣੇ ਬਣਵਾ ਲੈਂਦੀ ਹੈ।

ਮੁੰਡੇ ਦੇ ਪਰਿਵਾਰ ਦੇ ਕੱਪੜੇ ਬਣਾਉਣਾ

[ਸੋਧੋ]

ਕੁੜੀ ਵਾਲੇ ਵੀ ਮੁੰਡੇ ਦੇ ਪਰਿਵਾਰ ਤੇ ਹੋਰ ਨੇੜਲੇ ਰਿਸ਼ਤੇਦਾਰਾ ਨੂੰ ਵਿਤ ਮੁਤਾਬਕ ਕੱਪੜੇ ਬਣਾ ਕੇ ਦਿੰਦੇ ਹਨ।ਜਿਸ ਨੂੰ ਨੌਂਗੇ ਬਣਾਉਣਾ ਕਹਿੰਦੇ ਹਨ। ਇਹ ਰਿਵਾਜ਼ ਲੋਕਾਂ ਨੇ ਆਮ ਕਰ ਦਿੱਤਾ ਹੈ ਹਾਲਾਂਕਿ ਕਿਸੇ ਵੀ ਧਾਰਮਿਕ ਗ੍ਰੰਥਾ ਵਿੱਚ ਇਹਨਾਂ ਰਿਵਾਜ਼ਾ ਨੂੰ ਕਰਨ ਬਾਰੇ ਨਹੀਂ ਕਿਹਾ ਗਿਆ।

ਗੰਢ ਭੇਜਣਾ

[ਸੋਧੋ]

ਸਕੇ ਸੰਬੰਧੀਆਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾਂਦਾ ਹੈ।ਜਿਸਨੂੰ ਗੰਢ ਭੇਜਣਾ ਕਿਹਾ ਜਾਂਦਾ ਹੈ। ਇਸ ਰਸਮ ਵੇਲੇ ਭਾਈਚਾਰੇ ਵਿੱਚ ਗੁੜ ਵੰਡਿਆਂ ਜਾਂਦਾ ਹੈ। ਪਹਿਲਾਂ ਜਦੋਂ ਲੋਕ ਅੱਖਰ ਵਿੱਦਿਆ ਤੋਂ ਅਣਜਾਣ ਸਨ ਤਾਂ ਮੌਲੀ ਦੇ ਧਾਗੇ ਨੂੰ ਖਾਸ ਤਰਾਂ ਦੀਆਂ ਸੱਤ ਗੰਢਾਂ ਮਾਰ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ ਇਹੋ ਮੌਲੀ ਸ਼ਗਨ ਦਾ ਪ੍ਰਤੀਕ ਬਣ ਗਈ ਉਸ ਤੋਂ ਇਸ ਰਸਮ ਦਾ ਨਾਂ ਗੰਢ ਭੇਜਣਾ ਪੈ ਗਿਆ।

ਸੱਤ ਸੁਹਾਗਣਾਂ ਦੀ ਰੀਤ

[ਸੋਧੋ]

ਵਿਆਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾਂ ਦੀ ਰੀਤ ਖਾਸ ਮਹੱਤਵ ਰੱਖਦੀ ਹੈ। ਵਿਆਹ ਦੇ ਦਿਨ ਤੋਂ ਪਹਿਲਾਂ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ, ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈ।ਸੱਤ ਵੱਸਦੇ ਘਰਾਂ ਵਿੱਚੋਂ ਚੱਕੀਆਂ ਮੰਗ ਕੇ ਕਿਸੇ ਇੱਕ ਕਮਰੇ ਵਿੱਚ ਲਾ ਦਿੱਤੀਆਂ ਜਾਂਦੀਆ ਹਨ,ਫਿਰ ਸੱਤ ਸੁਹਾਗਣਾਂ ਇਕੱਠੀਆਂ ਹੀ ਸੱਤ ਮੁੱਠਾਂ ਅੰਨ ਪਾਉਂਦੀਆਂ ਹਨ, ਪਹਿਲਾਂ ਮਾਂਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁੱਕੀਆਂ ਜਾਂਦੀਆਂ ਸੀ। ਇਹ ਰਸਮ ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਕੀਤੀ ਜਾਂਦੀ ਹੈ।

ਮਾਈਏ ਪੈਣਾ

[ਸੋਧੋ]

ਵਿਆਹ ਤੋਂ ਕੁੱਝ ਦਿਨ ਪਹਿਲਾਂ ਵਰ ਅਤੇ ਕੰਨਿਆਂ ਨੂੰ ਆਪਣੇ ਘਰ ਤੋਂ ਪੈਰ ਨਹੀਂ ਕੱਢਣ ਦਿੱਤਾ ਜਾਂਦਾ। ਘਰ ਵਿੱਚ ਉਹਨਾਂ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ। ਵਰ ਨਾਲ ਉਸਦਾ ਕੋਈ ਜਿਗਰੀ ਦੋਸਤ ਜਿਸਨੂੰ ਸਰਬਾਲਾ ਕਹਿੰਦੇ ਹਨ, ਕੰਨਿਆਂ ਨਾਲ ਉਸਦੀ ਕੋਈ ਸਹੇਲੀ ਜਿਸਨੂੰ ਸਰਵਾਲੀ ਕਹਿੰਦੇ ਹਨ, ਹਰ ਵੇਲੇ ਪਰਛਾਵੇਂ ਵਾਂਗ ਨਾਲ ਰਹਿੰਦੇ ਹਨ। ਇਸ ਰੀਤ ਨੂੰ ਮਾਈਏ ਪੈਣਾ ਕਹਿੰਦੇ ਹਨ। ਚਾਰ ਕੁੜੀਆਂ ਕਿਸੇ ਪੀਲੀ ਚਾਦਰ ਜਾਂ ਫੁਲਕਾਰੀ ਦੀਆਂ ਚਾਰ ਕੰਨੀਆਂ ਫੜ ਕੇ ਚੱਕੀ ਉਤੇ ਚੰਦੋਏ ਵਾਂਗ ਤਾਣ ਕੇ ਖਲੋ ਜਾਂਦੀਆਂ ਹਨ। ਇਸ ਮੌਕੇ ਤੇ ਵਿਆਂਦ੍ਹੜ ਨੂੰ ਵਟਣਾ ਮਲਿਆ ਜਾਂਦਾ ਹੈ। ਜੋ ਹਲਦੀ, ਦਹੀਂ ਤੇ ਸਰੋਂ ਦਾ ਤੇਲ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

ਜੰਡੀ ਕੱਟਣਾ

[ਸੋਧੋ]

ਜੰਡੀ ਕੱਟਣਾ ਇੱਕ ਹੋਰ ਰਸਮ ਹੁੰਦੀ ਹੈ। ‘ਜੰਡੀ ਕੱਟਣਾ’ ਉਹਨਾਂ ਕੁਦਰਤੀ ਆਫਤਾਂ ਦੇ ਸਫਾਇਆ ਕਰਨ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਹੜੀਆਂ ਲਾੜੇ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ। ਇਹ ਵਰਤਾਰੇ ਮਰਦ ਦੀ ਸ਼ਕਤੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਆਪਣੀ ਹੋਂਦ ਰੱਖਦੇ ਹਨ।

ਨਹਾਈ ਧੋਈ

[ਸੋਧੋ]

ਕੁੜੀ ਦੇ ਵਿਆਹ ਵਾਲੇ ਦਿਨ ਅਤੇ ਮੁੰਡੇ ਦੇ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਥਣ ਵੇਲੇ, ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ,ਕੁੜੀ ਨੂੰ ਰੰਗੀਲੇ ਪਟੜੇ ਤੇ ਬਿਠਾ ਕੇ ਵਟਣਾ ਮਲਿਆ ਜਾਂਦਾ ਹੈ। ਇਹ ਸਾਰਾ ਕਾਰਜ ਨਾਈ-ਨਾਇਣ ਵੱਲੋਂ ਨੇਪਰੇ ਚਾੜਿਆ ਜਾਂਦਾ ਹੈ।ਮਾਤਾ, ਭੈਣਾਂ,ਸੁਹਾਗਣਾਂ ਭਰਜਾਈਆਂ, ਚਾਚੀਆਂ ਤਾਈਆਂ ਨਹਾਈ ਧੋਈ ਲਈ ਸ਼ਗਨਾਂ ਦੇ ਗਾਨੇ ਬੰਨ ਕੇ, ਸਿਰ ਸੂਹੀਆਂ ਫੁਲਕਾਰੀਆਂ ਲੈ ਕੇ, ਵੱਟਣੇ ਦੇ ਬੰਨੇ ਲਾਉਂਦੀਆਂ ਤੇ ਦਹੀਂ-ਤੇਲ ਦੇ ਝੋਲ ਦੇ ਸ਼ਗਨ ਕਰਦੀਆਂ, ਨਾਲ ਨਾਲ ਹੇਕਾਂ ਵਾਲੇ ਗੀਤ ਗਾਉਂਦੀਆਂ ਹਨ।ਨਹਾਈ ਧੋਈ ਤੋਂ ਬਾਅਦ ਵਿੱਚ ਮਾਮੇ ਵੱਲੋਂ ਮੁੰਡੇ ਕੁੜੀ ਨੂੰ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ ਅਤੇ ਠੂਠੀਆਂ ਭੰਨੀਆਂ ਜਾਂਦੀਆਂ ਹਨ।ਮੁੰਡੇ ਦੇ ਬਨਣ ਵਾਲੇ ਸਰਬਾਲੇ ਦੀ ਵੀ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ।

ਸਿਹਰੇ ਬੰਨਾਈ

[ਸੋਧੋ]

ਸਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ ਅਤੇ ਕਲਗੀ ਬੰਨੇ ਜਾਂਦੇ ਹਨ ਅਤੇ ਗੁੱਟ ਤੇ ਸ਼ਗਨਾਂ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ ਅਤੇ ਨਾਲ ਨਾਲ ਸ਼ਗਨਾਂ ਦੇ ਗੀਤ ਵੀ ਗਾਏ ਜਾਂਦੇ ਹਨ। ਬਦਲੇ ਵਿੱਚ ਲਾੜੇ ਵੱਲੋਂ ਭੈਣਾਂ ਭਾਬੀਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ। ਗੀਤਾਂ ਦੀ ਵੰਨਗੀ-

ਬਾਗੀਂ ਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਆ ਕਲੀ ਵੇ ਕਲੀ,

ਸਿਹਰਾ ਬੰਨ ਮੇਰਿਆ ਵੀਰਾ, ਕੰਲਗੀ ਲਾਵਾਂ ਮੈਂ ਖੜੀ ਵੇ ਖੜੀ।

ਬਰਾਤ ਚੜ੍ਹਨ ਵੇਲੇ ਲਾੜੇ ਤੇ ਸਰਬਾਲੇ ਦਾ ਮਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਜਾਂਦਾ ਤੇ ਉਸਦੀਆਂ ਭੈਣਾਂ ਭਰਜਾਈਆਂ ਵੱਲੋਂ ਨਾਲ ਦੀ ਨਾਲ ਗੀਤ ਵੀ ਗਾਏ ਜਾਂਦੇ ਹਨ। ਜਿੰਨੀ ਰਾਹੀਂ ਮੇਰਾ ਵੀਰ ਜੰਨ ਚੜ੍ਹਿਆ, ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ ਵੇ ਲਹੌਂਰੋਂ ਮਾਲਣ ਆਈ ਵੀਰਾ, ਤੇਰਾ ਸਿਹਰਾ ਗੁੰਦ ਲਿਆਈ ਵੀਰਾ

ਪੰਜਾਬੀ ਲੋਕਧਾਰਾ ਵਿੱਚ

[ਸੋਧੋ]

ਤੇਰਾ ਲੱਖਾਂ ਦਾ ਚੀਰਾ ਵੇ, ਸੇਹਰੇ ਦੀ ਚਮਕ ਬੜੀ, ਬੜੀ ਵੇ, ਭੈਣਾਂ ਦੇ ਵੀਰਿਆ, ਤੇਰੇ ਸੇਹਰੇ ਦੀ ਚਮਕ ਬੜੀ ਵੇ ਰਾਜਿਆ.........

ਪਹਿਲੀ ਸਿਲਾਈ ਦਿਉਰਾ,ਰਸ ਭਰੀ, ਕੋਈ ਦੂਜੀ ਗੁੱਲ ਅਨਾਰ, ਤੀਜੀ ਸਿਲਾਈ ਤਾਂ ਪਾਵਾਂ, ਜੇ ਮੋਹਰਾਂ ਦੇਵੇ,ਵੇ ਜਿਉਣ ਜੋਗਿਆ ਚਾਰ,

ਘੋੜੀ

[ਸੋਧੋ]

ਘੋੜੀ ਚੜਾਉਣ ਦੀ ਰਸਮ ਅਹਿਮ ਹੁੰਦੀ ਹੈ। ਪਿੰਡ ਵਿੱਚ ਵਿਆਹ ਵਾਲੇ ਦਿਨ ਜੰਝ ਤੁਰਨ ਤੋਂ ਪਹਿਲਾਂ ਘੋੜੀ ਫੇਰਨ ਦਾ ਰਿਵਾਜ ਹੈ। ਘੋੜੀ ਤੋਂ ਉਤਰਨ ਸਮੇਂ ਉਹ ਭੈਣ ਨੂੰ ਵਾਗ ਫੜਾਈ ਵਜੋਂ ਰੁਪਏ ਦਿੰਦਾ ਹੈ ਅਤੇ ਫਿਰ ਬਾਰਾਤ ਨੂੰ ਵਿਦਾ ਕੀਤਾ ਜਾਂਦਾ ਹੈ।

ਕਵਿਤਾ ਵਿਆਹ ਦੀ

[ਸੋਧੋ]

ਵੇ ਤੂੰ ਕਿਹੜਾ ਵੀਰਾ, ਘੋੜਾ ਭਜਾਈ ਜਾਂਦਾ ......... ਨੀ ਮੈ ਰਾਜਾ ਭੈਣੇ,ਬੰਨੋ ਵਿਆਹਵਣ ਜਾਂਦਾ,.....

ਵੇ ਤੂੰ ਕਿਹੜਾ ਵੀਰਾ,ਘੋੜਾ ਭਜਾਈ ਜਾਂਦਾ .... ਨੀ ਮੈ ਰਾਮ ਭੈਣੇ,ਭਾਬੋ ਵਿਆਹਵਣ ਜਾਂਦਾ ..

ਬਰਾਤ ਢੁੱਕਣ ਤੇ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ। ਮਿਲਣੀ ਢੁਕਾਅ ਵੇਲੇ ਦੀ ਰਸਮ ਹੈ। ਇਸ ਵਿੱਚ ਲੜਕੇ ਦੇ ਸੰਬੰਧੀ ਕੁੜੀ ਦੇ ਸੰਬੰਧੀਆਂ ਨਾਲ ਮਿਲਦੇ ਹਨ ਅਤੇ ਮੁੱਖ ਤੌਰ ਤੇ ਕੁੜੀ ਦੇ ਬਾਪ ਅਤੇ ਮਾਮੇ ਵੱਲੋਂ ਮਿਲਣੀ ਵੇਲੇ ਮੁੰਡੇ ਦੇ ਬਾਪ ਤੇ ਮਾਮੇ ਨੂੰ ਸ਼ਗਨ ਵਜੋਂ ਰੁਪਏ ਅਤੇ ਕੰਬਲ ਦਿੱਤੇ ਜਾਂਦੇ ਹਨ।

ਬਾਰ ਰੁਕਾਈ

[ਸੋਧੋ]

ਮਿਲਣੀ ਦੀ ਰਸਮ ਤੋਂ ਬਾਦ ਲਾੜੇ ਦੀਆਂ ਸਾਲੀਆਂ ਵੱਲੋਂ ਰਿਬਨ ਲਗਾ ਕੇ ਬਾਰ ਰੋਕਿਆ ਜਾਂਦਾ,ਤੇ ਅੰਦਰ ਲੰਘਣ ਲਈ ਸ਼ਗਨ ਦੀ ਮੰਗ ਕੀਤੀ ਜਾਂਦੀ ਹੈ,ਤੇ ਇਸ ਮੌਕੇ ਤੇ ਲਾੜੇ ਦੇ ਭਰਾਵਾਂ ਤੇ ਦੋਸਤਾਂ ਵੱਲੋਂ ਵੀ ਹਾਸੇ ਠੱਠੇ ਤੇ ਪੂਰੇ ਜੋਸ਼ ਨਾਲ ਲਾੜੇ ਦਾ ਪੱਖ ਪੂਰਿਆ ਜਾਂਦਾ ਤੇ ਅਖੀਰ ਸਾਲੀਆਂ ਵੱਲੋਂ ਸ਼ਗਨ ਲੈ ਕੇ ਰਿਬਨ ਕੱਟਣ ਲਈ ਕੈਂਚੀ ਦੇ ਦਿੱਤੀ ਜਾਂਦੀ ਹੈ ਤੇ ਬਰਾਤ ਨੂੰ ਪੰਡਾਲ ਵਿੱਚ ਜਾਣ ਦਿੱਤਾ ਜਾਂਦਾ ਹੈ। ਇਸ ਰਸਮ ਦੀ ਸ਼ੂਰੂਆਤ ਅਨੁਰਾਗ ਭੁੱਲਰ ਅਤੇ ਸੁਖਪਾਲ ਮਰਾਹੜ ਦੇ ਰਾਜ ਕਾਲ ਸਮੇ ਕੀਤੀ ਗਈ|

ਆਨੰਦ ਕਾਰਜ

[ਸੋਧੋ]

ਆਨੰਦ ਕਾਰਜ ਦੀ ਰਸਮ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਇਸ ਰਸਮ ਵਿੱਚ ‘ਲਾਵਾਂ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਰ, ਕੰਨਿਆ ਅਤੇ ਦੋਵਾਂ ਧਿਰਾਂ ਦੀ ਮੌਜੂਦਗੀ ਵਿੱਚ ਹੁੰਦੀਆਂ ਹਨ। ਸ਼ਬਦ ਦਾ ਗਾਇਨ ਕਰਕੇ ਲਾੜਾ-ਲਾੜੀ ਨੂੰ ਸੁਚੱਜੀ ਗ੍ਰਹਿਸਥੀ ਜੀਵਨ ਜਾਰ ਸਿਖਾਉਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਇਥੇ ਇੱਕ ਗੱਲ ਬਹੁਤ ਜਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਉਤੇ ਦੱਸੀਆਂ ਗਈਆਂ ਸਭ ਰੀਤੀ-ਰਿਵਾਜ਼ ਅਤੇ ਜਾਤ-ਪਾਤ ਵਰਜਿਤ ਹਨ, ਅੰਮ੍ਰਿਤਧਾਰੀ ਗੁਰਸਿਖ ਇਹ ਸਭ ਰਸਮਾਂ ਰਿਵਾਜ਼ਾ ਅਤੇ ਜਾਤ ਪਾਤ ਨੂੰ ਨਹੀਂ ਮੰਨਦੇ ਕਿਉਂਕੀ ਗੁਰੂ ਸਾਹਿਬਾਨਾਂ ਨੇ ਇਹਨਾਂ ਸਭ ਰਸਮਾਂ ਜਾਤ ਪਾਤ ਰਿਵਾਜ਼ਾਂ ਨੂੰ ਕਰਨ ਲਈ ਮਨਾਂ ਕੀਤਾ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੀ ਕਰਨ ਲਈ ਕਿਹਾ ਹੈ, ਦਾਜ ਲੈਣ ਦੇਣ ਦੀ ਵੀ ਮਨਾਹੀ ਹੈ ਪਰ ਲੋਕ ਫਿਰ ਵੀ ਆਪਣੀਆਂ ਬਣਾਈਆਂ ਰੀਤਾਂ ਨੂੰ ਹੀ ਮੰਨਦੇ, ਸਿਰਫ ਆਪਣੇ ਲੋਕਾਂ ਨੂੰ ਦਿਖਾਉਣ ਲਈ। ”[3] ਡੋਲੀ ਤੋਰਨ ਸਮੇਂ ਕੁੜੀ ਨੂੰ ਫਿਰ ਸੰਵਾਰਿਆ ਸ਼ਿੰਗਾਰਿਆ ਜਾਂਦਾ ਹੈ। ਲਾੜੇ ਦੀ ਸੱਸ ਜਵਾਈ ਨੂੰ ਸ਼ਗਨ ਦਿੰਦੀ ਹੈ ਤੇ ਉਸਦਾ ਮੂੰਹ ਮਿੱਠਾ ਕਰਾਉਂਦੀ ਹੈ ਤੇ ਫਿਰ ਕੁੜੀ ਨੂੰ ਵਿਦਾ ਕੀਤਾ ਜਾਂਦਾ ਹੈ।

ਪਾਣੀ ਵਾਰਨਾ

[ਸੋਧੋ]

ਪਾਣੀ ਵਾਰਨ ਦੀ ਰਸਮ ਅਹਿਮ ਹੁੰਦੀ ਹੈ। ਮਾਂ ਵੱਲੋਂ ਜੋੜੀ ਦੇ ਸਿਰ ਉਤੋਂ ਗੜਵੀ ਵਾਲਾ ਮਿੱਠਾ ਪਾਣੀ ਸੱਤ ਵਾਰੀ ਵਾਰ ਕੇ ਪੀਤਾ ਜਾਂਦਾ ਹੈ, ਜੇ ਹਰ ਵਾਰ ਮਾਂ ਪਾਣੀ ਪੀ ਲਵੇ ਤਾਂ ਨਵੀਂ ਵਹੁਟੀ ਦਾ ਸਾਰਾ ਪਿਆਰ ਸੱਸ ਨਾਲ ਪੈ ਜਾਂਦਾ ਹੈ। ਉਸ ਤੋਂ ਬਾਅਦ ਪਿਆਲੇ ਦੀ ਰਸਮ ਨਿਭਾਈ ਜਾਂਦੀ ਹੈ, ਸੱਸ ਵਲੋਂ ਦੇਸੀ ਘਿਉ ਵਿੱਚ ਖੰਡ ਰਲਾ ਕੇ ਨੂੰਹ ਦੇ ਮੂੰਹ ਵਿੱਚ ਸੱਤ ਬੁਰਕੀਆਂ ਪਾਈਆਂ ਜਾਂਦੀਆਂ ਹਨ।”[4]

ਹੋਰ ਰਸਮਾਂ

[ਸੋਧੋ]

ਜੰਞ ਬੰਨ੍ਹਣਾ, ਜੰਞ ਛੁਡਾਉਣੀ, ਸਿੱਠਣੀਆਂ ਦੇਣੀਆਂ, ਪੱਤਲ ਦੇਣੀ, ਜੁੱਤੀ ਚੁੱਕਣਾ, ਛੰਦ ਸੁਣਨੇ, ਖੱਟ ਵਿਖਾਉਣੀ, ਸੱਸ ਦੇ ਜਲੇਬ, ਸੱਸ ਦੇ ਲੱਡੂ, ਡੋਲੀ ਤੋਰਨਾ, ਨੈਣ ਦੀ ਮਾਣਤਾ, ਦਰ ਚੁਕਵਾਈ, ਤੇਲ ਚੋਣਾ, ਪਾਣੀ ਵਾਰਨਾ, ਪਿਆਲਾ ਦੇਣਾ, ਬੁਰਕੀਆਂ ਦੇਣਾ, ਥਾਲ਼ੀਆਂ ਵਿਛਾਉਣੀਆਂ, ਜਾਗੋ ਕੱਢਣੀ, ਛੱਜ ਭੰਨਣਾ, ਗਿੱਧਾ ਪਾਉਣਾ, ਘੁੰਡ ਕੱਢਣਾ, ਘੁੰਡ ਉਤਾਰਨਾ, ਮੂੰਹ ਵਿਖਾਈ, ਪੁੜੀ ਪਾਉਣਾ, ਸੰਦੂਕ ਖੁਲ੍ਹਵਾਈ, ਛਿਟੀਆਂ ਖੇਡਣਾ, ਜਠੇਰਿਆਂ ਦੇ ਮੱਥਾ ਟੇਕਣਾ, ਬੇਰੀ ਪੂਜਾ, ਛੰਨਾ ਖੇਡਣਾ, ਪਰੋਸਾ ਦੇਣਾ, ਵਟਣਾ ਮਲਣਾ, ਨਿਉਂਦਾ ਪਾਉਣਾ, ਚੂਲੀ ਛਕਣਾ, ਮਹਿੰਦੀ ਲਾਉਣੀ, ਚੱਪਣੀਆਂ ਭੰਨਣਾ, ਸੁਰਮਾ ਪਾਉਣਾ, ਸੱਗੀ ਫੁੱਲ ਗੁੰਦਣੇ, ਗਈ ਰਾਤ ਤਕ ਸੁਹਾਗ, ਘੋੜੀਆਂ ਗਾਉਣਾ, ਗਾਨਾ ਖੇਡਣਾ, ਕੋਠੀ ਝਾੜ, ਸਾਹੇ ਬੰਨ੍ਹਣਾ, ਗਾਨਾ ਬੰਨ੍ਹਣਾ, ਭੇਲੀ ਦੇਣਾ, ਗੱਠਾ ਦੇਣਾ, ਮੇਚਾ ਭੇਜਣਾ, ਵਰੀ ਬਣਾਉਣਾ, ਤਵੀ ਬੰਨ੍ਹਣਾ, ਦਾਲਾਂ ਚੁਗਣੀਆਂ, ਚੱਕੀਆਂ ਲਾਉਣੀਆਂ, ਮਾਈਆਂ, ਦੁੱਧ ਇਕੱਠਾ ਕਰਨਾ, ਕੜਾਹੀ ਚਾੜ੍ਹਨਾ, ਮੰਜੇ-ਬਿਸਤਰੇ ਇਕੱਠੇ ਕਰਕੇ, ਭਾਂਡਿਆਂ ਦੀ ਵੇਲ ਲਿਆਉਣੀ ਆਦਿ ਅਜਿਹੀਆਂ ਰਸਮਾਂ ਸਨ। ਸਿੱਠਣੀਆਂ ਵਿੱਚ ਕੁੜਮ-ਕੁੜਮਣੀ, ਲਾੜਾ-ਲਾੜੀ ਦੀ ਭੈਣ, ਜੀਜਾ, ਭਾਈ, ਤਾਈ, ਤਾਇਆ, ਚਾਚੀਆਂ, ਚਾਚੇ, ਭੂਆ, ਫੁੱਫੜ, ਮਾਮੇ, ਮਾਮੀਆਂ, ਮਾਸੀਆਂ, ਮਾਸੜ ਤੇ ਬਰਾਤ ਵਿੱਚ ਆਏ ਬਰਾਤੀਆਂ ਦੇ ਬਾਰੇ ਅਜਿਹੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ।

ਜੰਞ ਬੰਨ੍ਹਣੀ

[ਸੋਧੋ]

ਵਿਆਹ ਵਿੱਚ ਆਏ ਬਰਾਤੀਆਂ ਨੂੰ ਜਦੋਂ ਰੋਟੀ ਪਰੋਸੀ ਜਾਂਦੀ ਹੈ ਤਾਂ ਕੁੜੀ ਦੀਆਂ ਸਹੇਲੀਆਂ ਜਾਂ ਪਿੰਡ ਦੀਆਂ ਔਰਤਾਂ ਵੱਲੋਂ ਜੰਞ ਬੰਨ੍ਹੀ ਜਾਂਦੀ ਹੈ। ਜੰਞ ਬੰਨ੍ਹਣ ਦੀ ਰੀਤ ਕੁੜੀ ਵਾਲ਼ਿਆਂ ਤੇ ਬਰਾਤੀਆਂ ਵਿਚਕਾਰ ਇੱਕ ਤਕਰਾਰ ਹੈ ਜਿਸ ਵਿੱਚ ਕੋਰੜਾ ਛੰਦ ਤੇ ਦੋਹਰਾ ਗਾ ਕੇ ਜੰਞ ਬੰਨ੍ਹੀ ਤੇ ਛੁਡਾਈ ਜਾਂਦੀ ਹੈ। ਇਸ ਸਮੇਂ ਹੋਰ ਵੀ ਨਿੱਕੇ ਮੋਟੇ ਹਾਸੇ ਠੱਠੇ ਹੁੰਦੇ ਹਨ। ਕੁੜੀਆਂ ਬਰਾਤੀਆਂ ਨੂੰ ਗੀਤ ਗਾ ਕੇ ਨਹੋਰੇ ਮਾਰਦੀਆਂ ਹਨ ਅਤੇ ਬਰਾਤੀ ਵੀ ਗਾ ਕੇ ਉਹਨਾਂ ਨੂੰ ਮੋੜਵੇਂ ਰੂਪ ਵਿੱਚ ਜਵਾਬ ਦਿੰਦੇ ਹਨ। ਜੰਞ ਬੰਨ੍ਹਣ ਦਾ ਰਿਵਾਜ ਪੁਰਾਣੇ ਸਮਿਆਂ ਵਿੱਚ ਆਮ ਪ੍ਰਚੱਲਿਤ ਰਿਹਾ ਹੈ। ਆਮ ਕਰ ਕੇ ਪਹਿਲਾਂ ਵਿਆਹ ਕਈ ਦਿਨਾਂ ਤੱਕ ਚੱਲਦੇ ਸਨ ਤੇ ਹਰ ਰੋਜ਼ ਨਵੀਆਂ ਰੀਤਾਂ ਨਿਭਾਈਆਂ ਜਾਂਦੀਆਂ ਸਨ ਜਿਨ੍ਹਾਂ ਵਿੱਚੋਂ ਜੰਞ ਬੰਨ੍ਹਣਾ ਵੀ ਇੱਕ ਰੀਤ ਰਹੀ ਹੈ। ਜੰਞ ਬੰਨ੍ਹਣ ਦਾ ਅਸਲ ਮਕਸਦ ਬਰਾਤੀਆਂ ਨੂੰ ਰੋਟੀ ਖਾਣ ਤੋਂ ਵਰਜਣਾ ਹੁੰਦਾ ਹੈ। ਪ੍ਰਾਹੁਣਿਆ ਦੇ 'ਹਰੀ ਹਰ ਕਰੋ ਜੀ' ਤੋਂ ਪਹਿਲਾਂ ਹੀ ਕੋਈ ਕੁੜੀ ਆਪਣੇ ਗੀਤ ਦੇ ਬੋਲਾਂ ਨਾਲ ਉਹਨਾਂ ਨੂੰ ਬੰਨ੍ਹ ਦਿੰਦੀ ਹੈ। ਇਹਨਾਂ ਗੀਤਾਂ ਦੀ ਵੰਨਗੀ ਹੇਠ ਲਿਖੇ ਅਨੁਸਾਰ ਹੈ:

ਲੈ ਕੇ ਨਾਮ ਗੋਪਾਲ ਦਾ ਬੰਨ੍ਹਾਂ ਜੰਞ ਮੈਂ ਆਪ।
ਖੋਲੇ ਬਿਨਾਂ ਜੇ ਖਾਓਗੇ ਖਾਣਾ ਦੇਊ ਸਰਾਪ।
ਤੁਲਸੀ ਪੂਜਣ ਮੈਂ ਚੱਲੀ ਸੱਠ ਸਹੇਲੀਆਂ ਨਾਲ।
ਜਾਂਞੀਓ ਤੁਹਾਨੂੰ ਬੰਨ੍ਹ ਦਿੱਤਾ ਬੰਨ੍ਹ ਤੇ ਥੋਡੇ ਥਾਲ।

ਫਿਰ ਕੋਰੜਾ ਛੰਦ ਬੋਲਿਆ ਜਾਂਦਾ ਹੈ:

ਪਿੱਪਲਾਂ ਦੇ ਪੱਤ ਬੰਨ੍ਹਾਂ, ਜਾਂਝੀਆਂ ਦੇ ਹੱਥ ਬੰਨ੍ਹਾ,
ਬੰਨ੍ਹਾ ਸਾਰੀ ਜੰਞ ਜੀ।
ਹੁਣ ਕਿਉ ਨਹੀਂ ਬੋਲਦੇ ਕਿਉ ਹੋ ਗਏ ਬੰਦ ਜੀ।
ਕਿੱਕਰਾਂ ਦੇ ਟਾਹਣੇ ਬੰਨ੍ਹਾਂ, ਜਾਂਞੀਆਂ ਦੇ ਖਾਣੇ ਬੰਨ੍ਹਾ,
ਬੰਨ੍ਹਾ ਸਾਰੀ ਜੰਞ ਜੀ।
ਹੁਣ ਕਿਉ ਨਹੀਂ ਬੋਲਦੇ ਕਿਉ ਹੋ ਗਏ ਬੰਦ ਜੀ।
ਗਲੀਆਂ ਦਾ ਮੈਂ ਕੂੜਾ ਬੰਨ੍ਹਾ, ਜਾਂਞੀਆਂ ਦਾ ਜੂੜਾ ਬੰਨ੍ਹਾ,
ਬੰਨ੍ਹਾ ਸਾਰੀ ਜੰਝ ਜੀ।
ਹੁਣ ਕਿਉਂ ਨਹੀਂ ਬੋਲਦੇ ਕਿਉਂ ਹੋ ਗਏ ਬੰਦ ਜੀ।
ਦੀਵੇ ਦੀ ਮੈ ਲਾਟ ਬੰਨ੍ਹਾ,ਜਾਂਞੀਆਂ ਦੀ ਜਾਤ ਬੰਨ੍ਹਾ,
ਬੰਨ੍ਹਾ ਸਾਰੀ ਜੰਝ ਜੀ।
ਹੁਣ ਕਿਉਂ ਨਹੀਂ ਬੋਲਦੇ ਕਿਉਂ ਹੋ ਗਏ ਬੰਦ ਜੀ।

ਇਹਨਾਂ ਗੀਤਾਂ ਤੋਂ ਬਾਅਦ ਮੁਟਿਆਰਾਂ ਅਖੀਰਲੀਆਂ ਤੁਕਾਂ ਗਾ ਕੇ ਜੰਞ ਦੇ ਥਾਲਾਂ ਵਿੱਚ ਪਾਈ ਰੋਟੀ ਆਪਣੇ ਬੋਲਾਂ ਨਾਲ ਬੰਨ੍ਹੀ ਹੋਈ ਸਮਝ ਲੈਦੀਆਂ ਹਨ।

ਬੰਨ੍ਹ ਦਿੱਤੇ ਸੱਜਣੋ ਬੰਨ੍ਹ ਦਿੱਤੇ ਪੱਕੇ ਰੱਸੇ ਦੇ ਨਾਲ।
ਅੱਜ ਦੇ ਬੰਨ੍ਹੇ ਨਾ ਛੁਟੋ ਭਾਵੇਂ ਦੇ ਜਾਉ ਭੈਣ ਦੇ ਸਾਕ।

ਜੰਞ ਖੋਲ੍ਹਣੀ

[ਸੋਧੋ]

ਜੰਞ ਬੰਨ੍ਹਣ ਤੋਂ ਬਾਅਦ ਜਾਂਝੀਆਂ ਦੁਆਰਾ ਜੰਞ ਛੁਡਵਾਈ ਜਾਂਦੀ ਹੈ। ਕਿਸੇ ਇੱਕ ਜਾਂਝੀ ਵੱਲੋਂ ਆਪਣੀ ਥਾਲੀ ਵਿੱਚ ਪਰੋਸੇ ਗਏ ਪਕਵਾਨਾਂ ਨੂੰ ਰੇਸ਼ਮੀ ਰੁਮਾਲ ਨਾਲ ਢੱਕ ਕੇ ਖਾਣੇ ਦੀ ਆਰਤੀ ਉਤਾਰ ਕੇ ਇੱਕ 'ਮਹਾਂਕਵੀ 'ਜੰਝ ਖੋਲਣੀ ਆਰੰਭ ਦਿੰਦਾ ਹੈ:- ਪਹਿਲਾਂ ਈਸ਼ਵਰ ਦਾ ਮੰਗਲ ਗਾਉਂਦਾ ਹੈ ਜਿਵੇਂ ਕਿਸੇ ਭਗਤੀ ਭਾਵ ਦਾ ਪ੍ਰਸ਼ੰਗ ਸੁਣਾਉਣਾ ਹੋਵੇ:ਜਾ ਰੱਬੀ ਸੋਭਾ ਦਾ ਅਖਾੜਾ ਲਾਉਣਾ ਹੋਵੇ:-

ਈਸ਼ਵਰ ਰਿਦ੍ਹੇ ਧਿਆਏ ਕੇ, ਗੰਗਾ-ਜਲੀ ਉਠਾਏ,
ਬੱਧੀ ਖੋਲ੍ਹਾਂ ਜੰਞ ਮੈਂ, ਆਦਿ ਗਣੇਸ਼ ਮਨਾਏ,
ਖੁੱਲੇ ਜਾਂਞੀ ਬੈਠ ਕੇ, ਖੁੱਲਾਂ ਸ਼ਕਲ ਸਰੀਰ,
ਖੁੱਲ੍ਹ ਗਈਆਂ ਸਭ ਥਾਲ਼ੀਆਂ, ਖੁੱਲ ਗਿਆ ਜੇ ਨੀਰ।

ਬਰਫ਼ੀ ਪੇੜਾ ਅੰਮ੍ਰਿਤੀ, ਖੁੱਲੇ ਚੌਲ ਕੜ੍ਹਾ,
ਪੂੜੀ ਤਾਜ਼ੀ ਖੁੱਲ ਗਈ, ਖੁੱਲਾ ਜ਼ਰਦ ਪੁਲਾਅ।

ਰੋਟੀ ਖਾਓ ਪ੍ਰੇਮ ਸੇ ਖੁੱਲੇ ਅਸੀਂ ਤਮਾਮ,
 ਸੱਚੇ ਈਸ਼ਵਰ ਸਾਡੜੇ ਆਣ ਸਵਾਰੇ ਕਾਮ।

“ਜੰਞ ਖੋਲਣ ਸਮੇਂ ਕਈ ਹੋਰ ਤਰ੍ਹਾਂ ਦੀਆਂ ਹਾਸੇ ਠੱਠੇ ਦੀਆਂ ਤੁਕਾਂ ਵੀ ਉਚਾਰਦਾ ਹੈ ਅਤੇ ਕੁੜੀਆਂ ਦਾ ਮਖ਼ੌਲ ਵੀ ਉਡਾਂਦਾ ਹੈ। ਕਈ ਵਾਰ ਉਹ ਆਪਣਾ ਭੋਜਨ ਛੁਡਾਂਦਾ ਹੋਇਆ, ਕੁੜੀਆਂ ਦੇ ਰੂਪ ਨੂੰ ਬੰਨ੍ਹ ਦੇਂਦਾ ਹੈ। ”

ਛੁੱਟੇ ਪ੍ਰਸ਼ਾਦ ਅਤੇ ਥਾਲ਼ ਥਾਲੀਆਂ,
ਬੰਨ੍ਹਾਂ ਦੇਵਾਂ ਨਾਰਾਂ ਗੋਰੀਆਂ ਤੇ ਕਾਲੀਆਂ,
ਛੁੱਟ ਗਏ ਲੱਡੂ ਮਠਿਆਈ ਕੁੱਲ ਨੀ,
ਬੰਨ੍ਹਾਂ ਤੇਰਾ ਰੂਪ ਜੋ ਪਰੀ ਦੇ ਤੁਲ ਨੀ।
ਸੁਣ ਲੈ ਗੋਰੀਏ ਲਗਾ ਕੇ ਕੰਨ ਨੀ,
ਛੁੱਟ ਗਈ ਜੰਞ ਤੈਨੂੰ ਦਿੱਤਾ ਬੰਨ੍ਹ ਨੀ।
ਆਲੂ ਤੇਕਚਾਲੂ ਛੁਟੀ ਕਲਾਕੰਦ ਨੀ,
ਬੰਨ੍ਹ ਦਿੱਤਾ ਮੇਲਨਾਂ ਦੇ ਪਰੀ ਬੰਦ ਨੀ।

ਇਸ ਤਰ੍ਹਾਂ ਕੁੜਮ ਪਰੋਸੀ ਰੋਟੀ ਵਿੱਚੋਂ ਕੁਆਰੀ ਰੋਟੀ ਥਾਲ਼ ਵਿੱਚ ਕੱਢ ਕੇ ਕੁੜੀਆਂ ਵੱਲ ਭੇਜ ਦਿੰਦਾ ਹੈ ਤੇ ਰੋਟੀ ਖਾਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਜੰਞ ਛੁਡਾਉਣ ਵਾਲ਼ੇ ਵਿਅਕਤੀ ਨੂੰ ਬਿਠਾ ਦਿੱਤਾ ਜਾਂਦਾ ਸੀ ਕਿ ਇਹ ਕੁੜੀਆਂ ਦਾ ਰਾਮ ਰੌਲ਼ਾ ਹੈ ਰੋਟੀ ਖਾਓ। ਜਦੋਂ ਜੰਞ ਰੋਟੀ ਖਾਣ ਲਗਦੀ ਤਾਂ ਕੁੜੀਆਂ ਗਾਉਣ ਛੇੜ ਦਿੰਦੀਆਂ ਹਨ:

ਤੈਨੂੰ ਜੰਞ ਛੁਡਾਉਣੀ ਨਾ ਆਈ, ਕੱਚਾ ਹੁੰਦਾ ਬਹਿ ਵੇ ਗਿਆ
ਤੈਨੂੰ ਜੰਝ ਛੁਡਾਉਣੀ ਨਾ ਆਈ ਬੱਧੀ ਰੋਟੀ ਖਾ ਵੀ ਗਿਆ।

ਇਹ ਰੀਤ ਕਿਸੇ ਆਦਮ ਭਰਮ, ਵਿਚਾਰ ਤੇ ਮਨੌਤ ਦੀ ਰਹਿੰਦ ਜਾਪਦੀ ਹੈ। ਪ੍ਰਾਚੀਨ ਕਾਲ ਵਿੱਚ ਵਿਆਹ ਸਮੇਂ ਜਦੋਂ ਜਾਂਞੀ ਪ੍ਰਸ਼ਾਦ ਛਕਣ ਲਈ ਭੈਠਦੇ ਸਨ ਤਾਂ ਦੁਸ਼ਮਣ ਕਬੀਲੇ ਖਾਣ ਦੇ ਪਦਾਰਥਾਂ ਨੂੰ ਮੰਤਰਾਂ ਨਾਲ਼ ਬੰਨ੍ਹ ਦਿੰਦੇ ਸਨ ਤੇ ਜਦੋਂ ਤੱਕ ਜਾਂਞੀਆਂ ਦੇ ਨਾਲ ਆਏ ਚੇਲੇ ਅਥਵਾ ਸਾਓਰੀ ਮੰਤਰ ਪੜ੍ਹ ਕੇ ਖਾਣ ਦੇ ਪਦਾਰਥਾਂ ਨੂੰ ਟੂਣੇ ਤੋਂ ਮੁਕਤ ਨਹੀਂ ਸਨ ਕਰ ਲੈਂਦੇ ਉਦੋਂ ਤਕ ਉਹ ਖਾਣਾ ਵਰਜਿਤ ਹੁੰਦਾ ਸੀ। ਪੋਠੋਹਾਰੀ ਵਿੱਚ ਇਸ ਰੀਤ ਨੂੰ ‘ਮੁੰਦਾਵਣੀ’ ਕਹਿੰਦੇ ਹਨ।”

ਕੰਗਣਾ ਖੇਡਣ ਦੀ ਰਸਮ

[ਸੋਧੋ]

ਪੰਜਾਬੀ ਵਿਆਹਾਂ ਵਿੱਚ ਕੰਗਣਾ ਖੇਡਣ ਦੀ ਰਸਮ ਵੀ ਕੀਤੀ ਜਾਂਦੀ ਹੈ। ਆਨੰਦ ਕਾਰਜ ਵਾਲੇ ਦਿਨ ਤੋਂ ਅਗਲੇ ਦਿਨ ਕੀਤੀ ਕੰਗਣਾ ਖੇਡਣ ਦੀ ਰਸਮ ਕੀਤੀ ਜਾਂਦੀ ਹੈ।ਕੰਗਣਾ ਖੇਡਣ ਦੀ ਰਸਮ ਵਿੱਚ ਵੱਟਣਾ ਮਲਣ ਵਾਲੇ ਦਿਨ ਜਿਹੜੇ ਗਾਨੇ ਬੰਨੇ ਹੁੰਦੇ ਹਨ,ਇਸ ਰਸਮ ਵਿੱਚ ਲਾੜਾ-ਲਾੜੀ ਇੱਕ-ਦੂਜੇ ਦੇ ਗੁੱਟਾਂ ਤੇ ਬੰਨੇ ਗਾਨੇ ਖੋਲਦੇ ਹਨ।ਨੈਣ ਪਰਾਂਤ ਵਿੱਚ ਪਾਣੀ ਪਾ ਕੇ ਵਿੱਚ ਥੋੜਾ ਜਿਹਾ ਦੁੱਧ ਪਾ ਦਿੰਦੀ ਹੈ,ਜਿਸਨੂੰ ਕੱਚੀ ਲੱਸੀ ਕਿਹਾ ਜਾਂਦਾ ਹੈ। ਕਈ ਥਾਵਾਂ ਤੇ ਪਰਾਂਤ ਵਿੱਚ ਕੱਚੀ ਲੱਸੀ ਦੀ ਜਗ੍ਹਾ ਚੌਲ ਤੇ ਹਲਦੀ ਵੀ ਪਾਣੀ ਵਿੱਚ ਘੋਲ ਦਿੱਤੇ ਜਾਂਦੇ ਹਨ। ਪਹਿਲਾਂ ਲਾੜਾ-ਲਾੜੀ ਦਾ ਕੰਗਣਾ ਖੋਲਦਾ ਹੈ,ਫਿਰ ਲਾੜੀ-ਲਾੜੇ ਦੇ ਗਾਨੇ ਦੀਆਂ ਗੰਢਾਂ ਖੋਲਦੀ ਹੈ।ਫਿਰ ਨੈਣ ਵਹੁਟੀ ਦੀ ਛਾਂਪ ਲੈ ਕੇ ਜਾਂ ਇੱਕ ਚਾਂਦੀ ਦਾ ਸਿੱਕਾ ਪਰਾਂਤ ਵਿੱਚ ਸੁੱਟ ਦਿੰਦੀ ਹੈ। ਲਾੜਾ-ਲਾੜੀ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਹੈ।ਦੋਹ੍ਨਾਂ ਦੇ ਵਿਚਕਾਰ ਪਰਾਂਤ ਰੱਖ ਦਿੱਤੀ ਜਾਂਦੀ ਹੈ। ਫਿਰ ਦੋਹਾਂ ਨੂੰ ਪਰਾਂਤ ਵਿੱਚੋਂ ਸਿੱਕਾ ਜਾਂ ਛਾਂਪ ਲੱਭਣ ਲਈ ਕਿਹਾ ਜਾਂਦਾ ਹੈ। ਸਿੱਕਾ ਜਾਂ ਛਾਂਪ ਸੱਤ ਵਾਰੀ ਪਰਾਂਤ ਵਿੱਚ ਸੁੱਟਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਹੜਾ ਸੱਤਵੀਂ ਵਾਰ ਛਾਂਪ ਜਾਂ ਸਿੱਕਾ ਪਹਿਲਾ ਲੱਭਦਾ ਹੈ,ਉਸਦਾ ਰੋਹਬ ਦੂਜੇ ਤੇ ਸਾਰੀ ਉਮਰ ਰਹਿੰਦਾ ਹੈ ਅਤੇ ਸਿੱਕਾ ਲਭਣ ਵਾਲੇ ਨੂੰ ਚੁਸਤ ਵੀ ਸਮਝਿਆਂ ਜਾਂਦਾ ਹੈ।

ਇਸ ਰਸਮ ਪਿੱਛੇ ਅਸਲ ਕਾਰਨ ਇਹ ਵੀ ਹੈ ਕਿ ਪੁਰਾਣੇ ਸਮੇਂ ਵਿੱਚ ਮੁੰਡੇ ਕੁੜੀ ਨੇ ਵਿਆਹ ਤੋਂ ਪਹਿਲਾਂ ਇੱਕ-ਦੂਜੇ ਨੂੰ ਵੇਖਿਆ ਨਹੀਂ ਹੁੰਦਾ ਸੀ,ਜਦੋਂ ਉਹ ਪਾਣੀ ਵਿੱਚ ਇੱਕ ਦੂਸਰੇ ਦੇ ਹੱਥਾਂ ਨੂੰ ਛੂੰਹਦੇ ਸਨ ਤਾਂ,ਇਹ ਉਹਨਾਂ ਦਾ ਪਹਿਲਾ ਸਰੀਰਕ ਸਬੰਧ ਹੁੰਦਾ ਸੀ,ਜੋ ਉਹਨਾਂ ਦੀ ਇੱਕ ਦੂਜੇ ਤੋਂ ਸੰਗ ਨੂੰ ਕੁਝ ਘੱਟ ਕਰ ਦਿੰਦਾ ਹੈ।ਉਹਨਾਂ ਨੂੰ ਸ਼ਰਮਾਉਣ ਤੋਂ ਬਚਾਉਣ ਲਈ ਪਰਾਂਤ ਵਿੱਚ ਕੱਚੀ ਲੱਸੀ ਜਾਂ ਹਲਦੀ ਪਾਈ ਜਾਂਦੀ ਹੈ,ਤਾਂ ਜੋ ਉਹਨਾਂ ਦੇ ਹੱਥ ਕੋਲ ਖੜੇ ਲੋਕਾਂ ਨੂੰ ਨਜ਼ਰ ਨਾ ਆਉਣ।ਇਸ ਤਰਾਂ ਇਹ ਰਸਮ ਨਵੀਂ ਜੋੜੀ ਦੀ ਇੱਕ ਦੂਜੇ ਤੋਂ ਸੰਗ ਖਤਮ ਕਰਨ ਦੇ ਉਦੇਸ਼ ਨਾਲ ਵੀ ਹੋਂਦ ਵਿੱਚ ਆਈ।ਇਸ ਤੋਂ ਇਲਾਵਾ ਇਹ ਰਸਮ ਦੋਹਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀ ਹੈ,ਕਿ ਕੌਣ ਵਧੇਰੇ ਸਫਲਤਾ ਨਾਲ ਗ੍ਰਹਿਸਥ ਜੀਵਨ ਦੇ ਕਾਰਜ ਨਿਭਾਏਗਾ।[5],[6]

ਵਿਆਹ ਦੀਆਂ ਰਸਮਾਂ ਦੀ ਸਾਰਥਕਤਾ

[ਸੋਧੋ]

ਵਿਆਹ ਵਿੱਚ ਨਿਭਾਉਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਹਨ।
“ਵਿਆਹ ਨਾਲ ਸੰਬੰਧਿਤ ਰਸਮਾਂ ਦੀ ਪੂਰਤੀ ਵਧੇਰੇ ਕਰਕੇ ਸਮਾਜਿਕ ਕਦਰਾਂ ਦੀ ਪੂਰਤੀ ਹਿੱਤ ਕੀਤੀ ਜਾਂਦੀ ਹੈ ਜਦੋਂ ਕਿ ਜਨਮ ਅਤੇ ਮੌਤ ਨਾਲ ਸੰਬੰਧਿਤ ਰਸਮਾਂ ਵਿੱਚ ਦੈਵੀ-ਸ਼ਕਤੀਆਂ ਦੀ ਹੋਂਦ ਅਕਸਰ ਸ਼ਾਮਿਲ ਹਨ। ਵਿਆਹ ਸਮੇਂ ਦੀਆ ਰਸਮਾਂ ਦਾ ਮੁੱਖ ਟੀਚਾ ਵਿਆਹ ਸੰਬੰਧਾਂ ਨੂੰ ਸੁਖਾਵਾਂ ਤੇ ਮਨੋਰੰਜਨ ਭਰਪੂਰ ਬਣਾਉਣਾ ਤੇ ਸੰਤਾਨ ਉਤਪਾਦਨ ਕਰਨਾ ਹੁੰਦਾ ਹੈ।”[7]
ਪਰ ਅਜੋਕੇ ਸਮੇਂ ਵਿੱਚ ਵਿਆਹ ਦੀਆਂ ਇਹਨਾਂ ਰਸਮਾਂ ਨੂੰ ਨਿਭਾਉਣ ਦੀ ਪਰੰਪਰਾ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਇਹਨਾਂ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ।

ਪੰਜਾਬੀ ਵਿਆਹ ਪ੍ਰਬੰਧ ਵਿੱਚ ਪਰਿਵਰਤਨ

[ਸੋਧੋ]

ਵਿਆਹ ਪ੍ਰਬੰਧ ਇੱਕ ਅਜਿਹਾ ਪ੍ਰਬੰਧ ਹੈ ਜਿਸ ਵਿੱਚ ਬਹੁਤ ਸਾਰੀਆਂ ਰਹੁ-ਰੀਤਾਂ ਸ਼ਾਮਿਲ ਹੁੰਦੀਆਂ ਹਨ। ਜੋ ਵਿਆਹ ਦੇ ਨੇਪਰੇ ਚੜ੍ਹਨ ਤੋਂ ਬਾਅਦ ਤੱਕ ਵੀ ਨਿਭਾਈਆਂ ਜਾਂਦੀਆ ਹਨ। ਪਰ ਅਜੋਕਾ ਸਮਾਂ 21ਵੀਂ ਸਦੀ ਤੇ ਗਲੋਬਲਾਈਜੇਸ਼ਨ ਦਾ ਹੈ ਜਿਸ ਦੇ ਪ੍ਰਭਾਵ ਸਦਕਾ ਇਸ ਵਿੱਚ ਹੁਣ ਤੱਕ ਬਹੁਤ ਸਾਰੀਆਂ ਤਬਦਲੀਆਂ ਵਾਪਰਦੀਆਂ ਦਿਖਾਈ ਦੇ ਰਹੀਆਂ ਹਨ। ਨਿਰੰਤਰ ਪਰਿਵਰਤਨ ਪ੍ਰਕਿਰਤੀ ਦਾ ਅਟੱਲ ਨਿਯਮ ਹੈ। ਇਹ ਨਿਯਮ ਮਨੁੱਖੀ ਸਮਾਜ ਤੇ ਵੀ ਪੂਰਾ ਢੁੱਕਦਾ ਹੈ। “ਰਸਮ ਰਿਵਾਜ ਸਮਾਜਿਕ ਅਤੇ ਭਾਈਚਾਰਕ ਕਾਰਜ ਨਾਲ ਸੰਬੰਧਿਤ ਹੁੰਦੇ ਹਨ। ਪ੍ਰਕਿਰਤੀ ਦੇ ਵਿਰੋਧ ਵਿੱਚ ਅੱਜ ਦਾ ਮਨੁੱਖ ਆਪਣੇ ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ ਇਸ ਲਈ ਰਸਮ-ਰਿਵਾਜਾਂ ਦਾ ਰੂਪ ਰਹਿ ਕੇ ਸੈਕੂਲਰ ਹੁੰਦਾ ਜਾ ਰਿਹਾ ਹੈ। ਅੱਜ ਪੁਰਾਣੇ ਰਸਮ-ਰਿਵਾਜਾਂ ਨੂੰ ਵਹਿਮ-ਭਰਮ ਦਰਸਾ ਕੇ ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਅੱਜ ਸਿੱਖਿਆ ਦੇ ਪ੍ਰਭਾਵ ਅਤੇ ਇਸਤ੍ਰੀ ਦੀ ਆਜ਼ਾਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ।"[8]

‘ਜਿਸ ਤਰ੍ਹਾਂ ਅੱਜ ਵਿਆਹ ਲਈ ਨਾਈ ਰਿਸ਼ਤਾ ਨਹੀਂ ਲੱਭਦਾ ਕਈ ਵਾਰ ਆਪਸੀ ਸਹਿਯੋਗ ਨਾਲ ਮਿਲਦੇ ਹੀ ਵਿਆਹ ਤਹਿ ਕਰ ਲਏ ਜਾਂਦੇ ਹਨ। ਗੋਤ ਛੱਡਣ ਦਾ ਰਿਵਾਜ ਵੀ ਘੱਟਦਾ ਜਾ ਰਿਹਾ ਹੈ। ਪੰਜਾਬ ਵਿੱਚ ਵਿਆਹ ਸੰਬੰਧੀ ਸਮਾਜਿਕ ਰੋਕਾਂ ਸਨ ਉਹ ਕਮਜ਼ੋਰ ਪੈ ਗਈਆਂ ਹਨ। ਰੀਤਾਂ-ਰਸਮਾਂ ਨਿਯਮਾਂ ਤੇ ਲੋਕਗੀਤਾਂ ਵਿੱਚ ਵੀ ਬਦਲਾ ਤੋਂ ਆਇਆ ਹੈ। ਪੰਜਾਬ ਵਿੱਚ ਵਿਆਹ ਮੁੰਡੇ-ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ/ਗੋਤ ਪਰਖ ਕੇ ਜਾਇਦਾਦ ਸ਼ੁੱਭ ਦਿਨ ਦਾ ਧਿਆਨ ਰੱਖ ਕੇ ਕੀਤੇ ਜਾਂਦੇ ਰਹੇ ਹਨ। ਪਰ ਅੱਜਕੱਲ ਜ਼ਿਆਦਾਤਰ ਲੋਕ ਮੁੰਡੇ ਕੁੜੀ ਦੀ ਵਿਆਪਕ ਪੜ੍ਹਾਈ ਸੁਹੱਪਣ ਉਮਰ ਅਤੇ ਗੁਣ ਆਦਿ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਬੱਚਿਆਂ ਦੇ ਵਿਆਹ ਕਰਨ ਲੱਗ ਪਏ ਹਨ।` “ਕੁਝ ਦਹਾਕੇ ਪਹਿਲਾਂ ਮਾਪੇ ਆਪਣੀ ਔਲਾਦ ਦਾ ਵਿਆਹ ਨਾਈ ਜਾਂ ਬਾਮਣ ਦੁਆਰਾ ਪਈ ਦੱਸ ਮੁਤਾਬਕ ਕਰ ਦਿੰਦੇ ਹਨ। ਨਤੀਜੇ ਵਜੋਂ ਨਾ ਤਾਂ ਨਾਈਆਂ ਦੁਆਰਾ ਕੀਤੇ, ਬਹੁਤੇ ਰਿਸ਼ਤੇ ਮਿਲਦੇ ਹਨ ਤੇ ਨਾ ਹੀ ਉਨ੍ਹਾਂ ਸੰਬੰਧੀ ਗੀਤ ਗਾਏ ਜਾਂਦੇ ਹਨ ਜਿਵੇਂ: “ਨਾਈਆ ਤੇ ਬੱਚੇ ਮਰਨ ਬਾਮਣ ਦੀ ਜੜ ਜਾ। ਪੰਜ ਦਰਿਆ ਦਾ ਛੋਕਰਾ ਦਿੱਤਾ ਝੋਲੀ ਪਾ।"[9]

‘ਸਮੇਂ ਦੇ ਪਰਿਵਰਤਨ ਕਾਰਨ ਨਾਈ ਦਾ ਕਾਰਜ ਹੁਣ ਖਤਮ ਹੋ ਗਿਆ ਹੈ। ਪੂਰਵ ਆਧੁਨਿਕਤਾ ਕਾਲ ਵਿੱਚ ਕੁੜੀ ਅਤੇ ਮੁੰਡੇ ਦੇ ਵਿਆਹ ਸੰਬੰਧੀ ਰਾਏ ਨਹੀਂ ਸੀ ਲਈ ਜਾਂਦੀ ਪਰ ਅੱਜ ਸਥਿਤੀ ਬਿਲਕੁਲ ਵੱਖਰੀ ਹੈ ਦੋਵੇਂ ਇੱਕ ਦੂਜੇ ਨੂੰ ਜਾਣ ਸਕਦੇ ਹਨ ਕਿਉਂਕਿ ਸਾਰੀ ਉਮਰ ਉਨ੍ਹਾਂ ਨੇ ਇਕੱਠਿਆਂ ਬਿਤਾਉਣੀ ਹੁੰਦੀ ਹੈ। ਆਵਾਜਾਈ ਦੇ ਸਾਧਨਾਂ ਦੇ ਵਿਕਸਤ ਹੋਣ ਤੋਂ ਪਹਿਲਾਂ ਕੁੜੀ ਦਾ ਵਿਆਹ ਬਹੁਤੀ ਦੂਰ ਨਹੀਂ ਸੀ ਕੀਤਾ ਜਾਂਦਾ ਨਾ ਹੀ ਉਸ ਪਿੰਡ ਵਿੱਚ ਕੀਤਾ ਜਾਂਦਾ ਸੀ ਜਿਥੋਂ ਦੀ ਉਹ ਪਹਿਲਾਂ ਰਹਿਣ ਵਾਲੀ ਹੁੰਦੀ ਸੀ। ਪਰ ਹੁਣ ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ ਗਲੀ-ਮੁਹੱਲੇ ਵਿੱਚ ਵੀ ਵਿਆਹ ਕਰ ਦਿੱਤੇ ਜਾਂਦੇ ਹਨ। ਦੂਜੇ ਪਾਸੇ ਪਰਵਾਸ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੀਆ ਆਦਿ ਯੂਰਪੀ ਦੇਸ਼ਾਂ ਵਿੱਚ ਵਿਆਹ ਕਰਨ ਤੋਂ ਗੁਰੇਜ਼ ਨਹੀਂ ਕਰਦੇ ਸਗੋਂ ਚਾਅ ਨਾਲ ਕਰਦੇ ਹਨ।`

“ਵਿਆਹ ਤੋਂ ਪਹਿਲਾਂ ਸ਼ਗਨ ਕਰਨ ਸਮੇਂ ਵਿਚੋਂ ਪਰੋਖੇ ਹੋ ਕੇ ਮਹਿੰਗੀਆਂ ਸੁਗਾਤਾਂ ਦੇ ਰਿਵਾਜ ਪੈਂਦੇ ਜਾ ਰਹੇ ਹਨ। ਸੁਗਾਤਾਂ ਦੇਣ ਉਪਰੰਤ ਮੁੰਡੇ ਨੂੰ ਮੁੰਦਰੀ, ਕੜਾ ਵੀ ਪਾਇਆ ਜਾਣ ਲੱਗ ਪਿਆ ਹੈ। ਇਸ ਰਸਮ ਦੀ ਪੂਰਤੀ ਜਿਥੇ ਪਹਿਲਾਂ ਗੂੜ ਦੀ ਰੋੜੀ ਨਾਲ ਕੀਤੀ ਜਾਂਦੀ ਸੀ ਉਥੇ ਹੁਣ ਮਠਿਆਈ ਵੰਡੀ ਜਾਂਦੀ। ਵਿਆਹ ਦੀ ਸੂਚਨਾ ਘਰ ਵਿੱਚ ਜਾਂ ਸੱਦਾ ਪੱਤਰ ਦੇਣ ਲਈ ਗੰਢਾ ਫੇਰਨ ਦਾ ਰਿਵਾਜ ਖਤਮ ਹੋ ਗਿਆ ਹੈ ਅਤੇ ਭੇਲੀ ਦੇਣ ਦਾ ਰਿਵਾਜ ਘੱਟ ਰਿਹਾ ਹੈ। ਅੱਜ ਗੂੜ ਦੀ ਭੇਲੀ ਦੀ ਥਾਂ ਮਠਿਆਈ ਨੇ ਲੈ ਲਈ ਹੈ। ਮਸ਼ੀਨੀ ਯੁੱਗ ਦੀ ਆਮਦ ਤੋਂ ਪਹਿਲਾ ਵਿਆਹ ਦਾ ਕਾਰਜ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਣਕ ਪੀਹਣੀ, ਦਾਣਾ ਪੀਹਣਾ, ਬੇਸਣ ਬਣਾਉਣਾ, ਗੋਟੇ ਲਾਉਣਾ, ਕਸੀਦੇ ਕੱਢਣੇ ਆਦਿ ਸਭ ਕਾਰਜ ਘਰਾਂ ਵਿੱਚ ਹੀ ਕੀਤੇ ਜਾਂਦੇ ਹਨ ਪਰ ਅੱਜ ਇਹ ਕਾਰਜ ਮਸ਼ੀਨੀ ਚੱਕੀਆਂ ਕਰਦੀਆਂ ਹਨ ਵਿਆਹ ਸੰਬੰਧੀ ਰਸਮਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਗੀਤ ਆਪਣੇ ਫਲਸਫੇ ਦਾ ਸੰਚਾਰ ਕਰਦੇ ਆ ਰਹੇ ਹਨ। ਵਿਆਹ ਦੇ ਮੌਕੇ ਤੇ ਨਿਭਾਈਆਂ ਜਾਂਦੀਆਂ ਰਸਮਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਲੋਕਗੀਤ ਢੁੱਕਵਾਂ ਮੌਕਾ ਮੇਲ ਸਿਰਜਦੇ ਹੋਏ ਵਾਤਾਵਰਣ ਨੂੰ ਸਜੀਵ ਬਣਾ ਦਿੰਦੇ ਹਨ।"[10]

“ਵਿਆਹ ਸੰਬੰਧੀ ਰਹੁ-ਰੀਤਾਂ ਅਤੇ ਰਸਮ ਵਿੱਚ ਇੱਕ ਅਹਿਮ ਰਸਮ ਨਾਨਕਾ ਹੁੰਦਾ ਹੈ। ਨਾਨਕ ਛੱਕ ਕੰਨਿਆਂ ਦੇ ਦਾਜ ਦਾ ਅਹਿਮ ਹਿੱਸਾ ਹੈ ਜਿਹੜਾ ਕਿ ਉਸਦੇ ਨਾਨਕਿਆਂ ਵਲੋਂ ਦਿੱਤਾ ਜਾਂਦਾ ਹੈ। ਇਸ ਲਈ ਨਵੇਂ ਪਰਿਵਾਰ ਦਾ ਘਰ ਵਸਾਉਣ ਦੀ ਲੋੜ ਦੀਆਂ ਮੁਢਲੀਆਂ ਵਸਤਾਂ ਮੰਜੇ, ਭਾਂਡੇ, ਕੱਪੜੇ ਆਦਿ ਰਲ-ਮਿਲ ਕੇ ਇਕੱਠੇ ਕੀਤੇ ਜਾਂਦੇ ਸਨ। ਭਾਵੇਂ ਪੁਰਾਣੇ ਸਮੇਂ ਵਿੱਚ ਮੱਝਾਂ-ਗਾਵਾਂ ਜਾਂ ਊਂਠ, ਘੋੜੇ ਆਦਿ ਵੀ ਦਿੰਦੇ ਰਹੇ ਹਨ ਪਰ ਅੱਜਕੱਲ ਇਸਦਾ ਰਿਵਾਜ ਨਹੀਂ ਰਿਹਾ।"[11]

ਪਰ ਅੱਜਕਲ ਇਸਦੀ ਜਗ੍ਹਾ ਮੋਟਰਾਂ-ਗੱਡੀਆਂ ਨੇ ਲੈ ਲਈ ਹੈ ਵਿਆਹ ਵਿੱਚ ਗੱਡੀਆਂ ਦੇਣ ਦਾ ਰਿਵਾਜ ਚਲ ਪਿਆ ਹੈ। ਕੁੜੀਆਂ ਆਪਣੇ ਪਸੰਦ ਦਾ ਸਮਾਨ ਖਰੀਦਣ ਲੱਗ ਪਈਆਂ ਹਨ। ਉਹ ਨਾਨਕਿਆਂ ਵਾਲਾ ਚੂੜਾ ਪਹਿਲੀ ਹੀ ਆਪਣੀ ਪਸੰਦ ਦਾ ਬਣਾ ਲੈਂਦੀ ਹੈ। ਪਹਿਲਾਂ ਨਾਨਕਿਆਂ ਦਾ ਕਈ ਦਿਨ ਪਹਿਲਾਂ ਆਉਣ ਦਾ ਰਿਵਾਜ ਪ੍ਰਚਲਿਤ ਸੀ। ਪਰ ਅੱਜ ਆਪੋ-ਆਪਣੇ ਦੇਸ਼ਾਂ ਤੋਂ ਵਿਹਲ ਨਾ ਹੋਣ ਕਾਰਨ ਨਾਨਕੇ ਵਿਆਹ ਸਮੇਂ ਆਉਣ ਲੱਗ ਪਏ ਹਨ।"[12]

‘ਅੱਜਕੱਲ ਮਹਿੰਦੀ ਲਾਉਣ ਦਾ ਕਾਰਜ ਬਿਊਟੀ-ਪਾਰਲਰਾਂ ਤੇ ਨਿਭਾਇਆ ਜਾਂਦਾ ਹੈ ਇਸ ਸੰਬੰਧੀ ਗਾਏ ਜਾਣ ਵਾਲੇ ਗੀਤਾਂ ਦਾ ਰੁਝਾਨ ਘੱਟ ਰਿਹਾ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਜੰਝ ਚੜ੍ਹਨ ਤੋਂ ਪਹਿਲਾਂ ਨਾਈ ਜਾਂ ਨਾਇਣ ਵਲੋਂ ਮੁੰਡੇ-ਕੁੜੀ ਨੂੰ ਇਸਨਾਨ ਕਰਵਾਇਆ ਜਾਂਦਾ ਸੀ। ਵਟਣਾ ਮਲਦੇ ਹੋਏ ਅਨੇਕਾਂ ਰਹੁ-ਰੀਤਾਂ ਦੀ ਪਾਲਣਾ ਕੀਤੀ ਜਾਂਦੀ ਸੀ। ਅੱਜ ਵਿਆਹ ਦੀ ਰਸਮ ਇੱਕ ਦਿਨ ਵਿੱਚ ਹੀ ਨੇਪਰੇ ਚੜ੍ਹ ਜਾਂਦੀ ਹੈ। ਪਰ ਕੁਝ ਦਹਾਕੇ ਪਹਿਲਾਂ ਬਰਾਤ ਮੁੰਡੇ ਦੇ ਸਹੁਰੇ ਦੋ ਰਾਤਾਂ ਰਹਿੰਦੀ। ਪਹਿਲਾਂ ਵਿਆਹ ਪਿੰਡ ਵਿੱਚ ਕਨਾਤਾਂ ਲਾ ਕੇ ਕੀਤੇ ਜਾਂਦੇ ਸਨ ਜਾਂ ਧਰਮਸ਼ਾਲਾ ਵਿੱਚ ਬਰਾਤ ਦੇ ਰਹਿਣ ਦਾ ਇੰਤਜਾਮ ਕੀਤਾ ਜਾਂਦਾ ਸੀ। ਉਸ ਸਮੇਂ ਦੁਪਹਿਰੇ ਜੰਝ ਚੜਦੀ ਸੀ ਜਿਸਦਾ ਜ਼ਿਕਰ ਲੋਕਗੀਤਾਂ ਵਿੱਚ ਆਉਂਦਾ ਹੈ: :ਹੱਥ ਕੰਗਣਾ ਮੁੱਖ ਮੋਹਿੜਾ। :ਛੋਲੇ ਬਾਜੂ ਬੰਦ :ਸਿਖਰ ਦੁਪਹਿਰੇ ਜੰਝ ਚੜਿਆ :ਤੇਰਾ ਚੋ ਚੋ ਪੈਂਦਾ :ਏ ਵੀਰਨਾ ਮੇਰਿਆ ਏ ਰੰਗ। ਪਰ ਅੱਜਕੱਲ ਜੰਝ ਗੱਡੀਆਂ ਕਾਰਾਂ ਜਾਂ ਬੱਸਾਂ ਵਿੱਚ ਜਾਣ ਲੱਗੀ ਹੈ ਕਈ ਥਾਈਂ ਵਿਆਹ ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ। ਜੰਝ ਦੂਰੋਂ ਆਉਣ ਕਰਕੇ ਸਵੇਰੇ ਹੀ ਚੜਦੀ ਤੇ ਸ਼ਾਮ ਤੱਕ ਆਪਣੇ ਘਰ ਵਾਪਿਸ ਮੁੜ ਪੈਂਦੀ ਹੈ। ਬਰਾਤ ਵਿਦਾ ਹੋਣ ਉਪਰੰਤ ਛੱਜ ਤੋੜਨ ਦੀ ਰਸਮ ਕੀਤੀ ਜਾਂਦੀ ਸੀ ਇਸ ਰਸਮ ਦੌਰਾਨ ਸਿੱਠਣੀਆਂ ਦੇਣ ਅਤੇ ਸਵਾਂਗ ਕਰਨ ਦਾ ਦੌਰ ਵੀ ਹੁਣ ਘੱਟ ਗਿਆ। ਮੂਵੀ ਬਣਾਉਣ ਲਈ ਬਸ ਥੋੜਾ ਜਿਹਾ ਸ਼ਗਨ ਕਰ ਲਿੱਤਾ ਜਾਂਦਾ ਹੈ।`

“ਅੱਜ ਦੇ ਦੌਰ ਵਿੱਚ ਮਿਲਣੀਆਂ ਦੀ ਗਿਣਤੀ ਵਧ ਗਈ ਹੈ, ਇਸ ਲਈ ਕੁੜੀ ਵਾਲਿਆਂ ਦਾ ਖਰਚ ਵਧਣ ਲੱਗ ਪਿਆ ਹੈ। ਅੱਜਕੱਲ ਰੀਬਨ ਕੱਟਣ ਸਮੇਂ ਦੋਵੇਂ ਧਿਰ ਸਿੱਠਣੀਆਂ ਦੇਣ ਦੀ ਬਜਾਇ ਇਤਰ ਦਾ ਛਿੜਕਾਅ ਦਾ ਮਨੋ ਫਾਲ ਕਰਨ ਲੱਗ ਪਏ ਹਨ। ਪਹਿਲਾ ਫੇਰਿਆਂ ਦੌਰਾਨ ਕੁੜੀ ਵਲੋਂ ਦੋਸੜਾ ਲਿਆ ਜਾਂਦਾ ਹੈ। ਵਿਆਹ ਮੰਡਪ ਬੈਠੀ ਕੁੜੀ ਦੇ ਉਪਰ ਖੱਦਰ ਦਾ ਚਿੜੀਆਂ ਦਾ ਚੋਪ ਦਿੱਤਾ ਜਾਂਦਾ ਸੀ। ਪਹਿਲਾਂ ਸਮੇਂ ਵਿੱਚ ਜੰਝ ਨੂੰ ਬੰਨਿਆਂ ਜਾਂਦਾ ਸੀ। ਦੋ ਕੁ ਦਹਾਕੇ ਪਹਿਲਾਂ ਲਾੜਾ ਸਾਲੀਆਂ ਨੂੰ ਸੁਗਾਤ ਦੇਣ ਲਈ ਚਾਂਦੀ ਦੇ ਛੱਲੇ ਲਿਆਉਂਦਾ ਸੀ। ਪਰ ਅੱਜ ਛੱਲੇ ਦੀ ਜਗ੍ਹਾ ਕਲੀਚੜੀਆਂ ਵੀ ਪਾਈਆਂ ਜਾਂਦੀਆਂ ਹਨ।"[13]

ਅੱਜਕੱਲ ਸਭ ਕੁਝ ਬਦਲ ਰਿਹਾ ਹੈ। ਕੁੜੀ ਨੂੰ ਬਜ਼ਾਰੋਂ ਤਿਆਰ ਕੀਤੀ ਪੁਸ਼ਾਕ ਪੁਆਈ ਜਾਂਦੀ ਹੈ। ਸਾਰਾ ਸਮਾਨ ਬਾਜ਼ਾਰੋਂ ਜਾਣ ਕਰਕੇ ਵਿਆਹ ਦੇ ਬਹੁਤ ਗੀਤ ਆਲੋਪ ਹੁੰਦੇ ਜਾ ਰਹੇ ਹਨ। ਪਹਿਲਾਂ ਡੋਲੀ ਨੂੰ ਕਹਾਰ ਛੱਡ ਕੇ ਆਉਂਦੇ ਸਨ। ਡੋਲੀ ਬੱਸ ਵਿੱਚ ਲਿਆਂਦੀ ਜਾਣ ਲੱਗ ਪਈ ਹੈ। ਪਰ ਹੁਣ ਮਹਿੰਗੀ ਤੋਂ ਮਹਿੰਗੀ ਗੱਡੀ ਜਾਂ ਕਈ ਥਾਂ ਹਵਾਈ ਜਹਾਜ਼ ਵਿੱਚ ਡੋਲੀ ਆਉਣ ਦੀਆਂ ਗੱਲਾਂ ਵੀ ਸੁਣੀਦੀਆਂ ਹਨ। ਡੋਲੀ ਕਿਸੇ ਵਿੱਚ ਵੀ ਆਵੇ ਪਰ ਗੀਤ ਡੋਲੀ ਸੰਬੰਧੀ ਹੀ ਗਾਏ ਜਾਂਦੇ ਹਨ। “ਅਣਵੰਡੇ ਪੰਜਾਬ ਦੇ ਲੋਕਗੀਤ ਹਿੰਦੂ ਮੁਸਲਮਾਨ ਅਤੇ ਸਿੱਖ ਇਸਾਈ ਸਾਰੇ ਫਿਰਕਿਆਂ ਦੀ ਸਾਂਝੀ ਸੰਪਤੀ ਰਹੇ ਹਨ। ਪਰ ਭਾਵੇਂ ਇਨ੍ਹਾਂ ਫਿਰਕਿਆਂ ਵਿੱਚ ਵਿਆਹ ਸੰਬੰਧੀ ਕੁੱਝ ਰਸਮਾਂ ਵੱਖੋ-ਵੱਖਰੀਆਂ ਪਰ ਘੋੜੀਆਂ ਸੁਹਾਗ ਸਿੱਠਣੀਆਂ ਅਤੇ ਛੰਦ ਆਦਿ ਲੋਕਗੀਤ ਸਭ ਫਿਰਕਿਆਂ ਵਿੱਚ ਇਕੋ ਜਿਹੇ ਹਨ। ਮਸ਼ੀਨੀ ਦੌਰ ਤੋਂ ਪਹਿਲਾਂ ਰੀਤਾਂ ਅਤੇ ਗੀਤਾਂ ਦਾ ਦੌਰ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਸੀ। ਪੱਛਮੀ ਸਭਿਅਤਾ ਤੇ ਪ੍ਰਭਾਵ ਸਦਕਾ ਪੰਜਾਬੀਆਂ ਦੇ ਪੁਸ਼ਾਕ ਵਿੱਚ ਵੀ ਢੇਰ ਅੰਤਰ ਆਇਆ ਹੈ।

:ਅੱਜਕੱਲ ਦੀਆਂ ਕੁੜੀਆਂ ਫੈਸ਼ਨਦਾਰ :ਮੇਰੀ ਮਾਂ ਤੋਬਾ ਤੋਬਾ :ਸਾੜੀ ਨਾ ਪਾਉਂਦੀਆ ਸੂਟ ਨਾ ਪਾਉਂਦੀਆਂ :ਪੈਂਟ ਸਜਾਉਂਦੀਆਂ ਮੁੰਡਿਆਂ ਨਾਲ। “ਅੱਜ ਜਿਥੇ ਲੋਕਗੀਤ ਗਾਏ ਨਹੀਂ ਗਾਇਕ ਬੁਲਾਏ ਜਾਂਦੇ ਹਨ। ਪਰਿਵਰਤਨ ਨਾਲ ਖੁਦ ਨਈਆਂ ਧੁਨਾਂ ਬਣਾਉਣ ਵਾਲੇ ਕਲਾਕਾਰਾਂ ਵਲੋਂ ਲੋਕਗੀਤਾਂ ਨੂੰ ਕਲਾਸੀਕਲ ਛੋਹ ਪ੍ਰਦਾਨ ਕੀਤਾ ਜਾਂਦਾ ਹੀ ਹੈ।"[13]

ਇਸ ਤਰ੍ਹਾਂ ਅੱਜ ਲੋਕਗੀਤਾਂ ਦੀ ਜਗ੍ਹਾ ਡੀ.ਜੇ. ਸਿਸਟਮ ਨੇ ਲੈ ਲਈ ਹੈ। ਜੋ ਪੰਜਾਬੀਅਤ ਨੁੂੰ ਛੱਕੇ ਤੇ ਟੰਗਦੇ ਹੋਣੇ ਲੱਚਰਤਾ ਸੰਬੰਧੀ ਗੀਤ ਵੀ ਉਚੀ-ਉਚੀ ਧੁਨਾ ਵਿੱਚ ਬਜਾਏ ਜਾਂਦੇ ਹਨ। ਲੋਕ ਆਪਣੇ ਮਨ ਪਸੰਦ ਦਾ ਪਹਿਰਾਵਾ ਪਾਉਂਦੇ ਹਨ। ਅੰਗਰੇਜ਼ਾਂ ਨੇ ਕਈ ਵਰ੍ਹੇ ਰਾਜ ਕੀਤਾ। ਪੰਜਾਬੀ ਸਭਿਆਚਾਰ ਤੇ ਕਈ ਪੱਖੋਂ ਉਨ੍ਹਾਂ ਦਾ ਪ੍ਰਭਾਵ ਪਿਆ ਹੈ। ਸਿੱਖਿਆ ਦੇ ਪ੍ਰਭਾਵ ਅਧੀਨ ਜਾਂ ਬਦਲਦੇ ਦੌਰ ਨਾਲ ਟਾਟਾਂ ਪਲੜਾ, ਤੱਪੜਾਂ ਤੇ ਬੈਠ ਕੇ ਖਾਣ ਦੇ ਰਿਵਾਜ ਦੀ ਜਗ੍ਹਾ ਹੁਣ ਪੰਜਾਬੀਆਂ ਨੇ ਕੁਰਸੀਆ ਮੇਜਾਂ ਉਤੇ ਬੈਠ ਕੇ ਖਾਣਾ ਖਾਣ ਦਾ ਪ੍ਰਭਾਵ ਕਬੂਲਿਆ ਹੈ। ਖਾਣ-ਪੀਣ ਦਾ ਪ੍ਰਬੰਧ ਵੀ ਕੁਝ ਵੱਖਰੇ ਕਿਸਮ ਦਾ ਹੋਣ ਲੱਗਿਆ ਹੈ। ਜੋ ਘਰੇਲੂ ਨਾਲੋਂ ਬਾਜ਼ਾਰੂ ਜ਼ਿਆਦਾ। ਵਿਆਹ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਹਨ। ਇਸ ਨਾਲ ਹੁਣ ਸਾਰੀਆਂ ਰਸਮਾਂ ਖਤਮ ਹੋ ਰਹੀਆਂ ਹਨ। ਸਮੇਂ ਦੀ ਲੋੜ ਮੁਤਾਬਕ ਆਏ ਇਨ੍ਹਾਂ ਪਰਿਵਰਤਨਾਂ ਨੂੰ ਤਿਲਾਂਜਲੀ ਦੇ ਕੇ ਵਿਆਹ ਦੀਆਂ ਰਸਮਾਂ ਵੀ ਬਹੁਗਤ ਨੂੰ ਸੰਖੇਪਤਾ ਕੀਤਾ ਹੈ ਪਰ ਫਿਰ ਵੀ ਲੋੜ ਤੋਂ ਵੱਧ ਖਰਚਾ ਵਧਿਆ ਹੈ। ਇਸ ਤਰ੍ਹਾਂ ਪੰਜਾਬੀ ਵਿਆਹ ਦੀਆਂ ਰਸਮਾਂ ਵਿੱਚ ਸਮੇਂ ਦੌਰ ਨਾਲ ਚੱਲਦੇ-ਚੱਲਦੇ ਤਬਦੀਲੀਆਂ ਆਈਆਂ ਹਨ।

ਸਹਾਇਕ ਪੁਸਤਕ ਸੂਚੀ

[ਸੋਧੋ]
  1. ਡਾ. ਰਾਜੰਵਤ ਕੌਰ ਪੰਜਾਬੀ, ਪਾਣੀ ਵਾਰ ਬੰਨੇ ਦੀਏ ਮਾਏ, 16 ਪੰਨਾ 17,19,26 ਤੋਂ 29
  2. ਭੁਪਿੰਦਰ ਸਿੰਘ ਖਹਿਰਾ, ਲੋਕਧਾਰ ਤੇ ਸਭਿਆਚਾਰ, 219 ਤੋਂ220
  3. ਬਲਵੀਰ ਸਿੰਘ ਪੂੰਨੀ, ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, 65 ਤੋਂ 67 ਪੰਨਾ

ਹਵਾਲੇ

[ਸੋਧੋ]
  1. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰਕ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2- ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ, ਪੰਨਾ-340
  2. ਉਹੀ, ਪੰਨਾ-340
  3. ਡਾ. ਰਾਜਵੰਤ ਕੌਰ ਪੰਜਾਬੀ, ਪਾਣੀ ਵਾਰ ਬੰਨ੍ਹੇ ਦੀਏ ਮਾਏ, ਲੋਕਗੀਤ ਪ੍ਰਕਾਸ਼ਨ, ਸੈਕਟਰ-34ਏ, ਚੰਡੀਗੜ੍ਹ, ਪੰਨਾ 65
  4. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰਕ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2- ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ, ਪੰਨਾ-344
  5. ਵਿਆਹ ਰਸਮਾਂ ਅਤੇ ਲੋਕ ਗੀਤ-ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ,ਡਾ:ਰੁਪਿੰਦਰਜੀਤ ਗਿੱਲ,ਪੰਨਾ ਨੰ:93
  6. ਮੇਰਾ ਪਿੰਡ,ਗਿਆਨੀ ਗੁਰਦਿੱਤ ਸਿੰਘ,ਸਾਹਿਤ ਪ੍ਰਕਾਸ਼ਨ,ਚੰਡੀਗੜ੍ਹ,ਪੰਨਾ ਨੰ:409
  7. ਡਾ. ਜੀਤ ਸਿੰਘ ਜੋਸ਼ੀ, ਸੱਭਿਆਚਾਰਕ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਤੇਜਿੰਦਰਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2- ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ, ਲੁਧਿਆਣਾ, ਪੰਨਾ-345
  8. ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 106
  9. ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 107
  10. ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 110
  11. ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 111
  12. ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 113
  13. 13.0 13.1 ਰਾਜਵੰਤ ਕੌਰ ਪੰਜਾਬੀ (ਡਾ.), ਪੰਜਾਬੀ ਵਿਆਹ ਵਿੱਚ ਆਏ ਪਰਿਵਰਤਨ, (ਮੇਰਾ ਰੰਗਲਾ ਪੰਜਾਬ 2005) ਪੰਜਾਬੀ ਲੋਕ ਜੀਵਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 117