ਵਿਕਟ-ਕੀਪਰ
ਕ੍ਰਿਕਟ ਦੀ ਖੇਡ ਵਿੱਚ ਵਿਕਟ-ਕੀਪਰ (ਵਿਕਟਕੀਪਰ ਜਾਂ ਕੀਪਰ ਵੀ ਕਹਿ ਲਿਆ ਜਾਂਦਾ ਹੈ) ਫੀਲਡਿੰਗ ਜਾਂ ਖੇਤਰ-ਰੱਖਿਆ ਕਰਨ ਵਾਲੀ ਟੀਮ ਦਾ ਉਹ ਖਿਡਾਰੀ ਹੁੰਦਾ ਹੈ ਜਿਹੜਾ ਵਿਕਟਾਂ ਦੇ ਪਿੱਛੇ ਸਟ੍ਰਾਈਕ ਤੇ ਮੌਜੂਦ ਬੱਲੇਬਾਜ਼ ਦੇ ਪਿੱਛੇ ਖੜ੍ਹਾ ਹੁੰਦਾ ਹੈ। ਫੀਲਡਿੰਗ ਟੀਮ ਵਿੱਚ ਸਿਰਫ਼ ਵਿਕਟ-ਕੀਪਰ ਨੂੰ ਦਸਤਾਨੇ ਪਾਉਣ ਦੀ ਇਜਾਜ਼ਤ ਹੁੰਦੀ ਹੈ।[1]
ਮੁੱਖ ਤੌਰ ਤੇ ਇਹ ਇੱਕ ਮਾਹਿਰ ਖਿਡਾਰੀ ਦੀ ਭੂਮਿਕਾ ਹੁੰਦੀ ਹੈ ਅਤੇ ਕਾਫ਼ੀ ਤਜਰਬੇ ਦੀ ਜ਼ਰੂਰਤ ਹੁੰਦੀ ਹੈ। ਵਿਕਟ-ਕੀਪਰ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵੀ ਕਰ ਸਕਦਾ ਹੈ, ਅਜਿਹਾ ਹੋਣ ਤੇ ਫ਼ੀਲਡਿੰਗ ਟੀਮ ਦੇ ਹੋਰ ਕਿਸੇ ਖਿਡਾਰੀ ਨੂੰ ਕੁਝ ਸਮੇਂ ਲਈ ਵਿਕਟ-ਕੀਪਰ ਖੜ੍ਹਾ ਹੋਣਾ ਪੈਂਦਾ ਹੈ। ਕ੍ਰਿਕਟ ਦੇ ਨਿਯਮਾਂ ਵਿੱਚ ਵਿਕਟ-ਕੀਪਰ ਦੀ ਭੂਮਿਕਾ ਲਈ ਨਿਯਮ ਅੰਕ 40 ਵਿੱਚ ਦਰਜ ਹੈ।[1]
ਮਕਸਦ
[ਸੋਧੋ]ਕੀਪਰ ਦਾ ਮੁੱਖ ਕੰਮ ਉਹਨਾਂ ਗੇਂਦਾਂ ਨੂੰ ਫੜ੍ਹਨਾ ਹੁੰਦਾ ਹੈ, ਜਿਹੜੀਆਂ ਬੱਲੇਬਾਜ਼ ਕੋਲੋਂ ਲੰਘ ਕੇ ਵਿਕਟਾਂ ਦੀ ਪਿੱਛੇ ਆ ਜਾਂਦੀ ਹੈ (ਜਿਸ ਨਾਲ ਉਸਨੂੰ ਰਨ ਬਣਾਉਣ ਤੋਂ ਰੋਕਿਆ ਜਾ ਸਕੇ), ਪਰ ਉਹ ਵੱਖ-ਵੱਖ ਤਰੀਕਿਆਂ ਨਾਲ ਬੱਲੇਬਾਜ਼ ਨੂੰ ਆਊਟ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।
- ਕੀਪਰ ਦੁਆਰਾ ਬੱਲੇਬਾਜ਼ ਨੂੰ ਆਊਟ ਕਰਨ ਦਾ ਸਭ ਤੋਂ ਆਮ ਤਰੀਕਾ ਹੈ ਬੱਲੇ ਦੇ ਕਿਨਾਰੇ ਲੱਗ ਕੇ ਆ ਰਹੀ ਗੇਂਦ ਨੂੰ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਲਪਕ ਲੈਣਾ। ਕਈ ਵਾਰ ਕੀਪਰ ਉਹਨਾਂ ਗੇਂਦਾਂ ਨੂੰ ਫੜ੍ਹਨ ਦੀ ਸਥਿਤੀ ਵਿੱਚ ਆ ਜਾਂਦਾ ਹੈ, ਜਦੋਂ ਗੇਂਦ ਨੂੰ ਬੱਲੇਬਾਜ਼ ਦੁਆਰਾ ਬੱਲਾ ਮਾਰ ਕੇ ਉਚਾਈ ਉੱਤੇ ਉਡਾ ਦਿੱਤਾ ਹੋਵੇ। ਕਿਸੇ ਹੋਰ ਥਾਂ ਤੇ ਫ਼ੀਲਡਿੰਗ ਕਰਨ ਵਾਲੇ ਖਿਡਾਰੀਆਂ ਨਾਲੋਂ ਵਿਕਟ-ਕੀਪਰ ਹੀ ਵਧੇਰੇ ਕੈਚ ਫੜ੍ਹਦੇ ਹਨ।
- ਗੇਂਦ ਸੁੱਟੇ ਜਾਣ ਤੋਂ ਬਾਅਦ ਜੇਕਰ ਬੱਲੇਬਾਜ਼ ਆਪਣੀ ਕ੍ਰੀਜ਼ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਗੇਂਦ ਕੀਪਰ ਦੇ ਕੋਲ ਆ ਜਾਂਦੀ ਹੈ ਤਾਂ ਉਹ ਸਟੰਪ ਦੀਆਂ ਗੁੱਲੀਆਂ ਉਡਾ ਕੇ ਬੱਲੇਬਾਜ਼ ਨੂੰ ਸਟੰਪ ਆਊਟ ਕਰ ਸਕਦਾ ਹੈ।
- ਜਦੋਂ ਗੇਂਦ ਨੂੰ ਬੱਲੇਬਾਜ਼ ਦੁਆਰਾ ਦੂਰ ਮੈਦਾਨ ਵਿੱਚ ਖੇਡਿਆ ਜਾਂਦਾ ਹੈ ਤਾਂ ਉਹ ਸਟੰਪ ਦੇ ਕੋਲ ਪਹੁੰਚ ਜਾਂਦਾ ਹੈ ਜਿਸ ਨਾਲ ਉਹ ਫ਼ੀਲਡਰ ਦੁਆਰਾ ਸੁੱਟੀ ਗਈ ਗੇਂਦ ਨੂੰ ਫੜ੍ਹ ਸਕੇ, ਨਾਲ ਹੀ ਜੇ ਸੰਭਵ ਹੋ ਸਕੇ ਤਾਂ ਰਨ ਆਊਟ ਵੀ ਕਰ ਸਕੇ।