ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਜਨਵਰੀ
ਚੇਲੀਆਂਵਾਲਾ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾ ਵਿੱਚ 13 ਜਨਵਰੀ 1849 ਨੂੰ ਲੜੀ ਗਈ। ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ। ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ ਕਰਨ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀਵਾਲਾ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ 'ਚ ਪਹਿਲੀ ਲੜਾਈ ਰਾਮਨਗਰ ਦੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ 'ਚ ਹੋਈ ਸੀ ਜਿਸ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ, ਉਨ੍ਹਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ। ਸੱਤ ਹਫ਼ਤੇ ਦੀ ਚੁੱਪ ਮਗਰੋਂ ਬਿ੍ਟਿਸ਼ ਫ਼ੌਜਾਂ ਇਕ ਵਾਰ ਫਿਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ ਵਿੱਚ ਹੋਈ। ਸਿੱਖ ਫ਼ੌਜੀ ਇਸ ਲੜਾਈ ਵਿਚ ਜੀਅ-ਜਾਨ ਨਾਲ ਲੜੇ। ਉਨ੍ਹਾਂ ਦੇ ਦਿਲਾਂ 'ਚ ਪੰਜਾਬ 'ਤੇ ਅੰਗਰੇਜ਼ੀ ਕਬਜ਼ੇ ਖ਼ਿਲਾਫ਼ ਰੋਹ ਫੈਲ ਚੁਕਾ ਸੀ। ਉਹ ਅੰਗਰੇਜ਼ਾਂ ਨੂੰ ਤਾਰੇ ਦਿਖਾਉਣਾ ਚਾਹੁੰਦੇ ਸੀ। ਉਧਰ ਅੰਗਰੇਜ਼ ਫ਼ੌਜੀਆਂ ਨੂੰ ਮੁਦਕੀ ਦੀ ਲੜਾਈ ਅਤੇ ਫ਼ਿਰੋਜ਼ਸ਼ਾਹ ਦੀ ਲੜਾਈ ਦੋਨਾਂ ਦਾ ਭੁਲੇਖਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ 'ਚ ਲਾਲ ਸਿੰਘ ਡੋਗਰਾ, ਕਨਈਆ ਲਾਲ, ਅਯੁਧਿਆ ਪ੍ਰਸਾਦ ਤੇ ਅਮਰ ਨਾਥ ਵਰਗੇ ਗ਼ਦਾਰ ਅਗਵਾਈ ਨਹੀਂ ਸਨ ਕਰ ਰਹੇ ਬਲਕਿ ਇਹ ਸ਼ੇਰਾਂ ਦੀ ਫ਼ੌਜ ਸੀ, ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ। ਇਸ ਲੜਾਈ ਵਿਚ ਬਿ੍ਟਿਸ਼ ਫ਼ੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ ਵਿਚ 2446 ਅੰਗਰੇਜ਼ ਫ਼ੌਜੀ ਅਤੇ 132 ਅਫ਼ਸਰ ਮਾਰੇ ਗਏ ਤੇ ਅੰਗਰੇਜ਼ਾਂ ਨੇ ਚਾਰ ਤੋਪਾਂ ਵੀ ਗੁਆ ਲਈਆਂ।