ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਮਾਰਚ
ਐਮ ਐਨ ਰਾਏ ਵਜੋਂ ਪ੍ਰਸਿੱਧ ਮਾਨਵੇਂਦਰਨਾਥ ਰਾਏ (21 ਮਾਰਚ, 1887–26 ਜਨਵਰੀ, 1954) ਇੱਕ ਭਾਰਤੀ ਕ੍ਰਾਂਤੀਕਾਰੀ ਆਗੂ, ਅੰਤਰਰਾਸ਼ਟਰੀ ਰੈਡੀਕਲ ਕਾਰਕੁਨ ਅਤੇ ਰਾਜਨੀਤਕ ਸਿਧਾਂਤਕਾਰ ਸਨ। ਉਨ੍ਹਾਂ ਦਾ ਦਾ ਜਨਮ ਬੰਗਾਲ ਵਿੱਚ ਹੋਇਆ ਸੀ। ਡਾ. ਭਾਸਕਰ ਭੋਲੇ ਅਨੁਸਾਰ ਉਨ੍ਹਾਂ ਦਾ ਜਨਮ 1893 ਵਿੱਚ ਹੋਇਆ ਸੀ। ਡਾ. ਭਾਸਕਰ ਭੋਲੇ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਇੱਕ ਸਾਥੀ ਅਵਿਨਾਸ਼ ਭੱਟਾਚਾਰੀਆ ਅਨੁਸਾਰ ਐਮ ਐਨ ਰਾਏ ਦਾ ਜਨਮ ਬੰਗਾਲੀ ਸਾਲ 1293 (ਯਾਨੀ 1886–87)ਵਿੱਚ ਹੋਇਆ। ਵੀ ਬੀ ਕਾਰਨਿਕ ਨੇ ਉਨ੍ਹਾਂ ਦੀ ਜਨਮ ਤਾਰੀਖ 21 ਮਾਰਚ 1887 ਦਿੱਤੀ ਹੈ। ਵਿਦਿਆਰਥੀ ਜੀਵਨ ਵਿੱਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿੱਚ ਰੁਚੀ ਲੈਣ ਲੱਗੇ ਸਨ। ਇਹੀ ਕਾਰਨ ਹੈ ਕਿ ਉਹ ਮੈਟਰਿਕ ਪਰੀਖਿਆ ਪਾਸ ਕਰਨ ਤੋਂ ਪਹਿਲਾਂ ਹੀ ਕ੍ਰਾਂਤੀਕਾਰੀ ਅੰਦੋਲਨ ਵਿੱਚ ਕੁੱਦ ਪਏ। ਉਨ੍ਹਾਂ ਦਾ ਅਸਲੀ ਨਾਮ ਨਰੇਂਦਰਨਾਥ ਭੱਟਾਚਾਰੀਆ ਸੀ, ਜਿਸ ਨੂੰ ਬਾਅਦ ਵਿੱਚ ਬਦਲਕੇ ਉਨ੍ਹਾਂ ਨੇ ਮਾਨਵੇਂਦਰ ਰਾਏ ਰੱਖਿਆ। ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਹੀ ਰਹੀ ਸੀ ਕਿ ਉਹ ਦੱਖਣ-ਪੂਰਬੀ ਏਸ਼ੀਆ ਦੇ ਵੱਲ ਨਿਕਲ ਗਏ। ਜਾਵਾ ਸੁਮਾਤਰਾ ਤੋਂ ਅਮਰੀਕਾ ਪਹੁੰਚ ਗਏ ਅਤੇ ਉੱਥੇ ਆਤੰਕਵਾਦੀ ਸੋਚ ਦਾ ਤਿਆਗ ਕਰ ਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ ਬਣ ਗਏ। ਮੈਕਸੀਕੋ ਦੀ ਕ੍ਰਾਂਤੀ ਵਿੱਚ ਉਨ੍ਹਾਂ ਨੇ ਇਤਿਹਾਸਕ ਯੋਗਦਾਨ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਗਈ। ਉਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਤੀਜੀ ਇੰਟਰਨੈਸ਼ਨਲ ਵਿੱਚ ਉਨ੍ਹਾਂ ਨੂੰ ਸੱਦਿਆ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਦੇ ਪ੍ਰਧਾਨਗੀ ਮੰਡਲ ਵਿੱਚ ਸਥਾਨ ਦਿੱਤਾ ਗਿਆ। 1921 ਵਿੱਚ ਉਹ ਮਾਸਕੋ ਵਿਖੇ ਪੂਰਬ ਦੀ ਯੂਨੀਵਰਸਿਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ।