ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਗਮੰਡ ਫ਼ਰਾਇਡ
ਸਿਗਮੰਡ ਫ਼ਰਾਇਡ

ਸਿਗਮੰਡ ਫ਼ਰਾਇਡ (6 ਮਈ 1856-23 ਸਤੰਬਰ 1939) ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਮਨੋਰੋਗਾਂ ਦਾ ਡਾਕਟਰ ਸੀ ਜਿਸਨੇ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ। ਇਸਨੂੰ ਮਨੋਵਿਸ਼ਲੇਸ਼ਣ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਸ ਨੇ ਦਿਮਾਗੀ ਬਿਮਾਰੀਆਂ ਨੂੰ ਸਮਝਣ ਅਤੇ ਹੱਲ ਲੱਭਣ ਲਈ ਇੱਕ ਨਵੀਂ ਵਿਧੀ ਦਿੱਤੀ। ਸਿਗਮੰਡ ਫ਼ਰਾਇਡ 6 ਮਈ 1856 ਨੂੰ ਆਸਟਰੀ ਸਲਤਨਤ ਦੇ ਇੱਕ ਨਗਰ ਪਰੀਬੋਰ (ਹੁਣ ਚੈੱਕ ਲੋਕਰਾਜ) ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ। ਇਹਦਾ ਪਿਤਾ ਜੈਕਬ ਫ਼ਰਾਇਡ (1815-1896) ਉਂਨ ਦਾ ਵਪਾਰ ਕਰਦਾ ਸੀ ਤੇ ਉਹ ਸਿਗਮੰਡ ਦੇ ਜਨਮ ਵੇਲੇ 41 ਵਰੇ ਦਾ ਸੀ ਤੇ 2 ਵਿਆਹ ਪਹਿਲਾਂ ਵੀ ਕਰ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਸਨ। ਇਸ ਦੀ ਮਾਂ ਦਾ ਨਾਂ ਮਾਲੀਆ ਸੀ। ਉਹ ਇਸਦੇ ਪਿਤਾ ਤੋਂ 20 ਵਰੇ ਛੋਟੀ ਸੀ। ਸਿਗਮੰਡ ਫ਼ਰਾਇਡ 8 ਭੈਣ ਭਰਾਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਅਤੇ ਇਹ ਪਰਿਵਾਰ ਵਿਆਨਾ ਵਿੱਚ ਵਸਣ ਤੋਂ ਪਹਿਲਾਂ ਲੀਪਜ਼ਗ ਆ ਗਿਆ। 1865 ਵਿੱਚ ਜਦੋਂ ਇਹ 9 ਵਰਿਆਂ ਦਾ ਸੀ ਇਹ ਇੱਕ ਪ੍ਰਸਿਧ ਹਾਈ ਸਕੂਲ ਵਿੱਚ ਦਾਖਲ ਹੋ ਗਿਆ। 1873 ਵਿੱਚ ਇਸ ਨੇ ਗ੍ਰੇਜੁਏਸ਼ਨ ਕੀਤੀ। 17 ਵਰੇ ਦੀ ਉਮਰ ਵਿੱਚ ਇਹ ਵਿਆਨਾ ਯੂਨੀਵਰਸਿਟੀ ਗਿਆ। ਇਸਨੇ ਯੂਨੀਵਰਸਿਟੀ ਵਿੱਚ ਕਨੂੰਨ ਪੜ੍ਹਨ ਦਾ ਸੋਚਿਆ ਸੀ ਪਰ ਇੱਥੇ ਇਹ ਮੈਡੀਕਲ ਵੱਲ ਚਲਾ ਗਿਆ। ਫਿਲਾਸਫੀ ਫਰਾਂਜ਼ ਬਰਨਟੀਨੋ ਕੋਲੋਂ, ਫ਼ਿਜ਼ਿਆਲੋਜ਼ੀ ਅਰਨੈਸਟ ਬਰਕ ਕੋਲੋਂ ਤੇ ਜ਼ੂਆਲੋਜ਼ੀ ਡਾਰਵਿਨ ਨੂੰ ਪਸੰਦ ਕਰਨ ਵਾਲੇ ਕਾਰਲ ਕਲਾਸ ਕੋਲੋਂ ਪੜ੍ਹੀ। ਫ਼ਰਾਇਡ ਨੂੰ ਸਾਹਿਤ ਦਾ ਚਸਕਾ ਸੀ ਸ਼ੇਕਸਪੀਅਰ ਇਸਨੂੰ ਬੜਾ ਪਸੰਦ ਸੀ। ਇਸਨੂੰ ਜਰਮਨ, ਫ਼ਰਾਂਸੀਸੀ, ਇਤਾਲਵੀ, ਸਪੇਨੀ, ਅੰਗਰੇਜ਼ੀ, ਇਬਰਾਨੀ, ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਦਾ ਗਿਆਨ ਸੀ।