ਵਿਰਾਸਤ
ਵਿਰਾਸਤ ਸ਼ਬਦ ਅੰਗਰੇਜ਼ੀ ਸ਼ਬਦ ਹੈਰੀਟੇਜ਼ ਦਾ ਸਮਾਨਾਰਥਕ ਹੈ। ਵਿਰਾਸਤ ਦੇ ਮੂਲ ਵਿੱਚ ਵਿਰਸਾ ਹੈ। ਵੰਸ਼ ਹੈ, ਹੈਰੀਟੇਜ ਦਾ ਮੂਲ ਵੀ ਹੈਰੇਡਿਟੀ ਹੈ। ਮੁਢਲੇ ਤੌਰ ਤੇ ਇਹ ਸ਼ਬਦ ਸੰਤਾਨ ਨੂੰ ਮਾਪਿਆਂ ਤੋਂ ਮਿਲਣ ਵਾਲੇ ਜੈਵਿਕ ਗੁਣ ਜਿਵੇਂ ਕੱਦ, ਰੰਗ, ਡੀਲ ਡੌਲ ਆਦਿ ਲਈ ਵਰਤਿਆ ਜਾਂਦਾ ਹੈ। ਹੌਲੀ ਹੌਲੀ ਇਸਦਾ ਅਰਥ ਵਿਸਤਾਰ ਹੁੰਦਾ ਗਿਆ। ਇਸ ਦਾ ਇੱਕ ਪਸਾਰ ਭੌਤਿਕਤਾ ਵੱਲ ਭਾਵ ਮਾਪਿਆਂ ਤੋਂ ਮਿਲਣ ਵਾਲੀ ਜ਼ਮੀਨ,ਜਾਇਦਾਦ, ਚੀਜ਼ਾਂ,ਵਸਤਾਂ ਹੋ ਗਿਆ। ਦੂਜੇ ਪਾਸੇ ਇਸਦਾ ਬੌਧਿਕ ਅਰਥ ਮਾਪਿਆਂ ਤੋਂ ਮਿਲਣ ਵਾਲੇ ਸੰਸਕਾਰ,ਸੁਭਾਅ,ਕਦਰਾਂ ਕੀਮਤਾਂ ਹੋ ਗਿਆ। ਸੋ ਵਿਅਕਤੀਗਤ ਪੱਧਰ ਤੇ ਜੋ ਕੁਝ ਵੀ ਕਿਸੇ ਵਿਅਕਤੀ ਨੂੰ ਆਪਣੇ ਮਾਪਿਆਂ ਪੜਮਾਪਿਆਂ ਤੋਂ ਮਿਲਦਾ ਹੈ, ਉਹ ਉਸ ਦੀ ਵਿਰਾਸਤ ਹੈ। ਵਿਰਾਸਤ ਵਿਅਕਤੀ ਦੀ ਆਪਣੀ ਨਹੀਂ ਸਗੋਂ ਪਹਿਲੀ ਪੀੜ੍ਹੀ ਦੀ ਕਮਾਈ ਹੁੰਦੀ ਹੈ। ਅੱਗੋਂ ਇਹ ਪਹਿਲੀ ਪੀੜ੍ਹੀ ਨੂੰ ਵੀ ਆਪਣੇ ਮਾਪਿਆਂ ਤੋਂ ਮਿਲੀ ਹੁੰਦੀ ਹੈ। ਇਸ ਵਿੱਚ ਹਰ ਪੀੜ੍ਹੀ ਆਪਣੇ ਵੱਲੋਂ ਕੁਝ ਜੋੜ ਕੇ ਜਾਂ ਘੱਟੋ ਘੱਟ ਪਿਛਲੀ ਪੀੜ੍ਹੀ ਤੋਂ ਮਿਲੇ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ। ਜਦੋਂ ਵਿਰਾਸਤੀ ਸ਼ਬਦ ਦਾ ਪ੍ਰਯੋਗ ਸਮੂਹਿਕ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਕਿਸੇ ਖਿੱਤੇ, ਨਸਲ, ਭਾਸ਼ਾ, ਧਰਮ, ਕੌਮ ਦੀਆਂ ਉਨ੍ਹਾਂ ਸਭ ਪਦਾਰਥਕ ਵਸਤਾਂ ਜਿਨ੍ਹਾਂ ਵਿੱਚ ਇਮਾਰਤਾਂ ਤੋਂ ਲੈ ਕੇ ਬਰਤਨਾਂ ਤਕ ਅਤੇ ਬੌਧਿਕ ਤੌਰ ਤੇ ਗਿਆਨ ਵਿਗਿਆਨ ਤੋਂ ਲੈ ਕੇ ਕਦਰਾਂ ਕੀਮਤਾਂ ਤਕ ਸਭ ਕੁਝ ਸ਼ਾਮਲ ਹੁੰਦਾ ਹੈ। ਪੰਜਾਬੀ ਵਿਰਾਸਤ ਭਾਵ ਉਹ ਸਭ ਕੁਝ ਜੋ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤੀ ਤੇ ਵਸਣ ਵਾਲਿਆਂ ਨੇ ਸਦੀਆਂ ਦੇ ਵਸੇਬੇ ਦੌਰਾਨ ਆਪਣੀ ਮਿਹਨਤ ਨਾਲ ਪੈਦਾ ਕੀਤਾ, ਜੋ ਕੁਝ ਉਸ ਨੇ ਆਪਣੀ ਅਗਲੀ ਪੀੜ੍ਹੀ ਭਾਵ ਅੱਜ ਜ਼ਿੰਦਗੀ ਜੀਅ ਰਹੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਤੋਂ ਮਿਲਿਆ ਹੈ, ਉਹ ਸਭ ਕੁਝ ਵਿਰਾਸਤ ਹੈ। ਇਸ ਵਿੱਚ ਭਾਸ਼ਾ, ਇਤਿਹਾਸ, ਇਮਾਰਤਾਂ, ਸਾਹਿਤ, ਸਭਿਆਚਾਰਕ ਕਦਰਾਂ–ਕੀਮਤਾਂ, ਕਲਾਤਮਿਕ ਹੁਨਰੀ ਵਸਤਾਂ, ਜਿਵੇਂ ਬਾਗ ਫੁਲਕਾਰੀਆਂ, ਦਰੀਆਂ, ਮੰਜੇ ਪੀੜ੍ਹੇ, ਚਾਟੀਆਂ,ਮਧਾਣੀਆਂ ਸਭ ਕੁਝ ਸ਼ਾਮਲ ਹੈ। ਇਸ ਵਿੱਚ ਕੇਵਲ ਵਸਤਾਂ ਹੀ ਨਹੀਂ ਸਗੋਂ ਇਨ੍ਹਾਂ ਨੂੰ ਬਣਾਉਣ ਦਾ ਹੁਨਰ ਵੀ ਸ਼ਾਮਲ ਹੈ।