ਵਿਸ਼ਵੀਕਰਨ ਅਤੇ ਸਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸ਼ਵੀਕਰਨ ਦੀ ਪ੍ਰਕ੍ਰਿਆ ਨੇ 1980 ਤੋਂ ਬਾਅਦ ਜ਼ੋਰ ਫੜਿਆ ਹੈ। ਅਸਲ ਵਿੱਚ ਇਹ ਤਿੰਨ ਸੰਕਲਪ ਹਨ, ਜੋ ਇੱਕਠੇ ਹੋਂਦ ਵਿੱਚ ਆਏ। ਇਹਨਾਂ ਨੂੰ ਸੰਯੁਕਤ ਰੂਪ ਵਿੱਚ ਐੱਲ.ਪੀ.ਜੀ. (:ਸ਼ਭ) ਕਿਹਾ ਜਾਂਦਾ ਹੈ। ਇਹਨਾਂ ਦਾ ਪੂਰਾ ਨਾਮ ਹੈ ਲਿਬਰਲਾਈਜ਼ੇਸ਼ਨ ਪਰਾਈਵਟਾਈਜ਼ੇਸ਼ਨ ਅਤੇ ਗਲੋਬਲਾਈਜੇਸ਼ਨ। ਇਹ ਤਿੰਨੋਂ ਇੱਕ ਦੂਸਰੇ ਦੇ ਪੂਰਕ ਹਨ ਅਤੇ ਨਾਲ-ਨਾਲ ਚੱਲਦੇ ਹਨ।

ਭਾਰਤ ਵਿੱਚ ਵਿਸ਼ਵੀਕਰਨ ਦੇ ਸੰਕਲਪ ਨੇ 1991 ਵਿੱਚ ਜ਼ੋਰ ਫੜਿਆ ਜਦੋਂ ਭਾਰਤ ਵਿੱਚ ਸ੍ਰੀ ਨਰਸਿਮਾ ਰਾਓ ਦੀ ਸਰਕਾਰ ਸੀ ਅਤੇ ਭਾਰਤ ਆਰਥਿਕ ਮੰਦਹਾਲੀ ਵਿਚੋਂ ਲੰਘ ਰਿਹਾ ਸੀ। ਵਿਸ਼ਵੀਕਰਨ ਇੱਕ ਅਜਿਹੀ ਪ੍ਰਕ੍ਰਿਆ ਹੈ, ਜਿਸਨੇ ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪ੍ਰਕ੍ਰਿਆ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਦੁਨੀਆ ਦੇ ਅਮੀਰ ਦੇਸ਼ ਜਿਵੇਂ ਅਮਰੀਕਾ, ਜਪਾਨ ਆਦਿ ਵਰਗੇ ਦੇਸ਼ ਵਿਕਾਸਸ਼ੀਲ ਦੇਸ਼ਾ ਨੂੰ ਬਸਤੀਆਂ ਦੀ ਤਰ੍ਹਾਂ ਵਰਤਦੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ “ਆਦਰਸ਼ਕ ਰੂਪ ਵਿੱਚ ਗਲੋਬਕਾਰੀ ਦਾ ਸੰਬੰਧ ਦੇਸ਼ਾਂ ਵਿੱਚ ਵੱਧ ਰਹੇ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਸਰਮਾਏ, ਤਕਨਾਲੋਜੀ, ਗਿਆਨ, ਸੂਚਨਾ ਅਤੇ ਲੋਕਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਨਾਲ ਹੈ।”1 ਡਾ. ਗੁਰਭਗਤ ਅਨੁਸਾਰ, “ਵਿਸ਼ਵੀਕਰਨ ਬਿਨਾਂ ਪ੍ਰਭੂਸੱਤਾ ਖੋਹਣ ਦੇ ਦੇਸ਼ਾਂ ਜਾਂ ਰਾਜਾਂ ਨੂੰ ਪੂੰਜੀ ਆਧਾਰਿਤ ਮਹਾਂ ਆਰਥਿਕਤਾ ਵਿੱਚ ਬੰਨ੍ਹਣ ਦਾ ਯਤਨ ਹੈ।”2 ਸੋ ਇੱਥੇ ਅਸੀਂ ਗੱਲ ਕਰਾਂਗੇ ਕਿ ਵਿਸ਼ਵੀਕਰਨ ਨੇ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ:

ਸਿੱਖਿਆ ਪ੍ਰਣਾਲੀ[ਸੋਧੋ]

ਵਿਸ਼ਵੀਕਰਨ ਦੇ ਅਸਰ ਤੋਂ ਬਾਅਦ ਖਾਸ ਕਰ ਕੇ ਭਾਰਤ ਵਿਚੋਂ 1991 ਤੋਂ ਬਾਅਦ ਸਿੱਖਿਆ ਦਾ ਨਿੱਜੀਕਰਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸਰਕਾਰੀ ਵਿਦਿਅਕ ਅਦਾਰਿਆ ਦੀ ਥਾਂ ਨਿੱਜੀ ਵਿਦਿਅਕ ਅਦਾਰਿਆਂ ਦਾ ਪਸਾਰਾ ਹੋ ਰਿਹਾ ਹੈ ਅਤੇ ਸਿੱਖਿਆ ਮਹਿੰਗੀ ਹੋ ਗਈ ਹੈ ਅਤੇ ਸਿੱਖਿਆ ਦਾ ਵਪਾਰੀਕਰਨ ਹੋਇਆ ਹੈ।

ਭਾਰਤੀ ਲੋਕਾਂ ਦਾ ਪ੍ਰਵਾਸ[ਸੋਧੋ]

ਵਿਸ਼ਵੀਕਰਨ ਦੀ ਪ੍ਰਕ੍ਰਿਆ ਤੋਂ ਬਾਅਦ ਸਾਰਾ ਵਿਸ਼ਵ ਇੱਕ ਪਿੰਡ ਬਣ ਗਿਆ ਹੈ, ਜਿਸ ਕਾਰਨ ਲੋਕਾਂ ਦੀ ਦੂਸਰੇ ਦੇਸ਼ਾਂ ਵਿੱਚ ਜਾਣ ਦੀ ਪ੍ਰਕ੍ਰਿਆ ਤੇਜ਼ ਹੋਈ ਹੈ। ਇਸ ਸੰਬੰਧੀ ਪੰਜਾਬੀ ਸੱਭਿਆਚਾਰ ਤੇ ਟਿੱਪਣੀ ਕਰਦਿਆਂ ਡਾ. ਸਤਿੰਦਰ ਸਿੰਘ ਨੂਰ ਲਿਖਦੇ ਹਨ, “ਉਹ ਦੌਰ ਵੀ ਖ਼ਤਮ ਹੋ ਚੁੱਕਾ ਹੈ ਜਦੋਂ ਪੰਜਾਬੀ ਸੱਭਿਆਚਾਰ ਕੇਵਲ ਪੰਜਾਬ ਦੇ ਪਿੰਡ ਭਾਰਤ ਦੇ ਨਗਰ ਜਾਂ ਮਹਾਂਨਗਰ ਤੱਕ ਸੀਮਤ ਰਹਿ ਗਿਆ ਹੋਵੇ, ਇਸ ਦਾ ਵਿਸ਼ਵ ਦੇ ਅੰਤਰਰਾਸ਼ਟਰੀ ਮਹਾਂਨਗਰਾਂ ਤੱਕ ਫੈਲਾਅ, ਪੰਜਾਬੀਆਂ ਦਾ ਵਿਸ਼ਵ ਦੇ ਕੋਨਿਆਂ ਤੱਕ ਜਾਂ ਪਹੁੰਚਣਾ ਅਜਿਹਾ ਯਥਾਰਥ ਹੈ ਜਿਸ ਦਾ ਪ੍ਰਭਾਵ ਉਸ ਦੀ ਸਭਿਆਚਾਰਕ ਪਹਿਚਾਣ ਤੇ ਪਿਆ ਹੈ।”3

ਆਪਸੀ ਮੇਲ ਮਿਲਾਪ ਵਿੱਚ ਕਮੀ[ਸੋਧੋ]

ਵਿਸ਼ਵੀਕਰਨ ਦੇ ਪਸਾਰ ਨਾਲ ਤਕਨਾਲਜੀ ਵਿੱਚ ਵਾਧਾ ਹੋਇਆ ਹੈ, ਜਿਸ ਦਾ ਅਸਰ ਲੋਕਾਂ ਦੇ ਆਪਸੀ ਮੇਲ ਮਿਲਾਪ ਤੇ ਪਿਆ ਹੈ। ਹੁਣ ਸੱਥਾਂ ਨਹੀਂ ਜੁੜਦੀਆਂ ਅਤੇ ਨਾਂ ਹੀ ਮੇਲੇ ਲੱਗਦੇ ਹਨ। ਹੁਣ ਲੋਕ ਇੰਟਰਨੈੱਟ ਰਾਹੀਂ ਆਪਸ ਵਿੱਚ ਰਾਬਤਾ ਕਾਇਮ ਕਰਦੇ ਹਨ। ਇੰਟਰਨੈੱਟ ਜ਼ਰੀਏ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਇੱਕ ਦੂਸਰੇ ਨਾਲ ਸੰਪਰਕ ਕਾਇਮ ਕਰ ਸਕਦੇ ਹਨ।

ਦੂਸਰੇ ਸੱਭਿਆਚਾਰਾਂ ਦਾ ਪ੍ਰਭਾਵ ਕਬੂਲਣਾ[ਸੋਧੋ]

ਵਿਸ਼ਵੀਕਰਨ ਨਾਲ ਇੱਕ ਦੇਸ਼ ਦੇ ਲੋਕਾ ਦੀ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਨੇੜਤਾ ਵੱਧਦੀ ਹੈ। ਜਿਸ ਨਾਲ ਉਹ ਦੂਸਰੇ ਦੇਸ਼ ਦੇ ਲੋਕਾਂ ਦੇ ਸੱਭਿਆਚਾਰ ਦਾ ਪ੍ਰਭਾਵ ਕਬੂਲਦੇ ਹਨ। ਡਾ. ਸੁੱਚਾ ਸਿਘ ਗਿੱਲ ਅਨੁਸਾਰ, “ਇਸ ਨਾਲ ਵੱਖ-ਵੱਖ ਕਿਸਮ ਦੇ ਸੱਭਿਆਚਾਰਾਂ ਕਦਰਾਂ-ਕੀਮਤਾਂ, ਵਿਚਾਰ ਅਤੇ ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਕਾਫ਼ੀ ਨੇੜਤਾ ਆਈ ਹੈ। ਟੈਲੀਵਿਜ਼ਨ ਅਤੇ ਦੂਰ ਸੰਚਾਰ ਦੇ ਸਾਧਨਾਂ ਨੇ ਇਸ ਮੇਲ ਜੋਲ ਨੂੰ ਕਾਫ਼ੀ ਵਧਾਇਆ ਹੈ।”4

ਲੋਕ ਕਲਾਵਾਂ[ਸੋਧੋ]

ਜਿਥੇ ਵਿਸ਼ਵੀਕਰਨ ਦੇ ਦੌਰ ਵਿੱਚ ਮਲਟੀਨੈਸ਼ਨਲ ਕੰਪਨੀਆਂ ਦੇ ਆਉਣ ਨਾਲ ‘ਬਰੈਂਡਡ’ ਵਸਤਾਂ ਦਾ ਰੁਝਾਨ ਵਧਿਆ ਹੈ, ਉਥੇ ਸਾਡੀਆਂ ਸਥਾਨਕ ਲੋਕ ਕਲਾਵਾਂ ਨੂੰ ਵੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਹੁਣ ਹੱਥ ਦੀਆਂ ਬਣੀਆਂ ਵਸਤਾਂ ਦੀਆਂ ਪ੍ਰਦਰਸ਼ਣੀਆਂ ਲੱਗਦੀਆਂ ਹਨ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਫੁਲਕਾਰੀ, ਦਰੀਆਂ ਅਤੇ ਹੋਰ ਹੱਥ ਦੀਆਂ ਬਣੀਆਂ ਵਸਤਾਂ ਲੱਖਾਂ ਦੀ ਕੀਮਤ ਵਿੱਚ ਵਿਕ ਰਹੀਆਂ ਹਨ।

ਖਾਣ-ਪੀਣ[ਸੋਧੋ]

ਵਿਸ਼ਵੀਕਰਨ ਦੇ ਅਸਰ ਨਾਲ ਅਸੀਂ ਆਪਣੇ ਸਥਾਨਕ ਖਾਣੇ ਦੇ ਨਾਲ-ਨਾਲ ਵਿਦੇਸ਼ੀ ਖਾਣੇ ਨੂੰ ਵੀ ਤਰਜੀਹ ਦੇਣ ਲੱਗੇ ਹਾਂ। ਹੁਣ ‘ਜੰਕ ਫੂਡ’ ਦਾ ਦੌਰ ਆ ਗਿਆ ਹੈ। ਹੁਣ ਅਸੀਂ ਸਥਾਨਕ ਸੰਕੀਰਨ ਸੋਚ ਨੂੰ ਤਿਆਗ ਕੇ ਵਿਸ਼ਵ ਵਿਆਪੀ ਸੱਚ ਨੂੰ ਆਪਣਾ ਰਹੇ ਹਾਂ।

ਮਨੋਰੰਜਨ ਦੇ ਸਾਧਨ[ਸੋਧੋ]

ਹੁਣ ਬੱਚੇ ਬਾਂਦਰ ਕਿੱਲਾ, ਗੁੱਲੀ ਡੰਡਾ, ਪੀਚੋ ਵਰਗੀਆਂ ਖੇਡਾਂ ਨਹੀਂ ਖੇਡਦੇ ਸਗੋਂ ਉਹਨਾਂ ਦਾ ਜ਼ਿਆਦਾ ਸਮਾਂ ਟੀ.ਵੀ. ਅਤੇ ਇੰਟਰਨੈੱਟ ਤੇ ਗੁਜਰਦਾ ਹੈ। ਜਿਸ ਕਾਰਨ ਬੱਚਿਆਂ ਵਿੱਚ ਜਿਥੇ ਆਪਸੀ ਮੇਲ ਮਿਲਾਪ ਘਟਿਆ ਹੈ ਉਥੇ ਸਰੀਰਕ ਕਿਰਿਆਵਾਂ ਵੀ ਘੱਟੀਆਂ ਹਨ। ਪ੍ਰੋ. ਰਤਨਾ ਸ਼ਰਮਾ ਅਨੁਸਾਰ, “ਸਮੂਹਿਕ ਅਤੇ ਖੁੱਲੇ ਮਨ ਪ੍ਰਚਾਵਿਆਂ ਦੀ ਥਾਂ ਬੰਦ ਕਮਰਿਆਂ ਦੇ ਵਿਅਕਤੀਗਤ ਮਨੋਰੰਜਨ ਵਸੀਲੇ ਵੀਡੀਓ ਫ਼ਿਲਮਾਂ, ਟੀ.ਵੀ. ਟੇਪ ਰਿਕਾਰਡ ਆਦਿ ਵਧੇਰੇ ਲੋਕ ਪ੍ਰਿਯ ਹੋ ਗਏ ਹਨ।”5

ਇਸ ਪ੍ਰਕਾਰ ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਅਮਰੀਕਾ ਇੰਗਲੈਂਡ ਅਤੇ ਜਪਾਨ ਵਰਗੇ ਵਿਕਸਿਤ ਦੇਸ਼ ਆਪਣੇ ਪੂੰਜੀ ਦੇ ਫੈਲਾਅ ਰਾਹੀਂ ਵਿਕਾਸਸ਼ੀਲ ਦੇਸ਼ਾਂ ਤੇ ਆਪਣਾ ਪ੍ਰਭਾਵ ਜਮਾ ਰਹੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ, “ਬਹੁ-ਕੌਮੀ ਪੂੰਜੀਪਤੀ ਕੰਪਨੀਆਂ ਦੇ ਇਰਾਦੇ ਤੀਜੀ ਦੁਨੀਆ ਦੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਸਮਝਣਾ, ਵਿਕਸਿਤ ਕਰਨਾ ਅਤੇ ਅਜੋਕੇ ਸਮੇਂ ਦੇ ਹਾਣ ਦਾ ਬਣਾਉਣਾ ਨਹੀਂ ਸਗੋਂ ਵਿਸ਼ਵੀਕਰਨ ਦੇ ਟੀਚੇ, ਕਲਾ ਅਤੇ ਸੱਭਿਆਚਾਰ ਦਾ ਉਦਯੋਗੀਕਰਨ ਕਰਨਾ ਅਤੇ ਲੋਕਾਂ ਦੇ ਮਨ ਵਿੱਚ ਵਸੇ ਇਸ ਭਰਪੂਰ ਖ਼ਜਾਨੇ ਨੂੰ ਆਪਣਾ ਮਾਲ ਵੇਚਣ ਲਈ ਵਰਤਣਾ ਹੈ।”6

ਹਵਾਲੇ[ਸੋਧੋ]

  1. ਡਾ. ਸੁਰਜੀਤ ਸਿੰਘ, ਗਲੋਬਕਾਰੀ ਅਤੇ ਪੰਜਾਬੀ ਚੇਤਨਾ, ਵਿਸ਼ਵੀਕਰਨ ਦਾ ਪ੍ਰਵਚਨ, ਆਰਥਿਕ, ਰਾਜਸੀ ਅਤੇ ਸੱਭਿਆਚਾਰਕ ਪਰਿਪੇਖ (ਅਨੁਵਾਦਨ ਅਤੇ ਸੰਪਾਦਕ-ਗੁਰ ਜਸਵਿੰਦਰ ਸਿੰਘ), ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2006, ਪੰਨਾ 190
  2. ਡਾ. ਗੁਰਭਗਤ ਸਿੰਘ, ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2003, ਪੰਨਾ 36
  3. ਡਾ. ਸਤਿੰਦਰ ਸਿੰਘ ਨੂਰ, ਸੰਯੁਕਤ ਵਿਸ਼ਵ ਪੰਜਾਬੀ ਸੱਭਿਆਚਾਰ ਦਾ ਮੁਹਾਂਦਰਾ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਗਲੋਬਲ ਪਰਿਪੇਖ (ਸੰਪਾਦਕ ਡਾ. ਧਨਵੰਤ ਕੌਰ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ 31
  4. ਸੁੱਚਾ ਸਿੰਘ ਗਿੱਲ, ਵਿਸ਼ਵੀਕਰਨ, ਪੰਜਾਬੀ ਦੀ ਆਰਥਿਕਤਾ ਅਤੇੇ ਸਮਾਜ ਵਿਸ਼ਵੀਕਰਨ ਦਾ ਪ੍ਰਵਚਨ, ਆਰਥਿਕ, ਰਾਜਸੀ ਅਤੇ ਸੱਭਿਆਚਾਰਕ ਪਰਿਪੇਖ (ਅਨੁਵਾਦਕ ਅਤੇ ਸੰਪਾਦਕ-ਗੁਰਜਸਵਿੰਦਰ ਸਿੰਘ), ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ, 2006, ਪੰਨਾ 36
  5. ਸ਼ਰਮਾ ਰਤਨਾ, ਵਿਸ਼ਵੀਰਕਨ ਦੇ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੀ ਸਥਿਤੀ, ਗਲੋਬਲੀ ਪਰਿਪੇਖ ਵਿੱਚ ਲੋਕਧਾਰਾ ਅਤੇ ਸੱਭਿਆਚਾਰ ਅਧਿਐਨ, ਵਿਸ਼ੇਸ਼ ਅੰਕ (ਸੰਪਾਦਕ ਡਾ. ਅਮਰਜੀਤ ਕੌਰ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ 94
  6. ਡਾ. ਸੁਰਜੀਤ ਸਿੰਘ, ਲੋਕਧਾਰਾ, ਸੱਭਿਆਚਾਰ ਅਤੇ ਵਿਸ਼ਵੀਕਰਨ, ਗਲੋਬਲੀ ਪਰਿਪੇਖ ਵਿੱਚ ਲੋਕਧਾਰਾ ਅਤੇ ਸੱਭਿਆਚਾਰ ਅਧਿਐਨ (ਸੰਪਾਦਕ ਡਾ. ਅਮਰਜੀਤ ਕੌਰ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ 1