ਸਣਕੁੱਕੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਣ ਦੀ ਕਿਸਮ ਦਾ ਪਰ ਸਣ ਤੋਂ ਵੱਡੇ ਕੱਦ ਵਾਲੇ ਇਕ ਬੂਟੇ ਨੂੰ, ਜਿਸ ਦਾ ਛਿਲਕਾ ਸਣ ਵਰਗਾ ਹੀ ਹੁੰਦਾ ਹੈ, ਜੋ ਰੱਸੇ, ਰੱਸੀਆਂ, ਵਾਣ ਆਦਿ ਵੱਟਣ ਲਈ ਵਰਤਿਆ ਜਾਂਦਾ ਹੈ, ਸਣਕੁੱਕੜਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਸਨੁਕੜਾ ਕਹਿੰਦੇ ਹਨ। ਇਹ ਸੌਣੀ ਦੀ ਫਸਲ ਵਿਚ ਬੀਜਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਸਣਕੁੱਕੜਾ ਜਾਂ ਸਣ ਜ਼ਰੂਰ ਬੀਜਦਾ ਸੀ। ਕਿਉਂ ਜੋ ਉਸ ਸਮੇਂ ਖੇਤੀ ਲਈ ਰੱਸੇ, ਪਸ਼ੂਆਂ ਲਈ ਰੱਸੇ, ਮੰਜੇ ਪੀੜ੍ਹੀਆਂ ਲਈ ਵਾਣ ਜਿਮੀਂਦਾਰ ਆਪ ਹੀ ਘਰ ਵੱਟ ਕੇ ਤਿਆਰ ਕਰਦੇ ਸਨ। ਜਦ ਸਣਕੁੱਕੜਾ ਪੱਕ ਜਾਂਦਾ ਜਾਂਦਾ ਸੀ ਤਾਂ ਉਸ ਨੂੰ ਵੱਢ ਕੇ ਪੁਲੀਆਂ ਬੰਨ੍ਹੀਆਂ ਜਾਂਦੀਆਂ ਸਨ। ਫਿਰ ਇਨ੍ਹਾਂ ਪੁਲੀਆਂ ਦੇ ਛਿਲਕੇ ਨੂੰ ਲਾਹੁਣਯੋਗ ਬਣਾਉਣ ਲਈ ਟੋਭੇ ਦੇ ਪਾਣੀ ਵਿਚ ਦੱਬਿਆ ਜਾਂਦਾ ਸੀ। ਜਦ ਛਿਲਕਾ ਨਰਮ ਹੋ ਜਾਂਦਾ ਸੀ ਤਾਂ ਪੂਲੀਆਂ ਨੂੰ ਟੋਭੇ ਵਿਚੋਂ ਕੱਢ ਕੇ ਸੁੱਕਣ ਲਈ ਮੁਹਾਰੀਆਂ ਲਾ ਦਿੱਤੀਆਂ ਜਾਂਦੀਆਂ ਸਨ। ਜਦ ਮੁਹਾਰੀਆਂ ਸੁੱਕ ਜਾਂਦੀਆਂ ਸਨ ਤਾਂ ਕੱਲੀ-ਕੱਲੀ ਛਿਟੀ ਦੀ ਹੱਥਾਂ ਨਾਲ ਛਿੱਲ ਲਾਹੀ ਜਾਂਦੀ ਸੀ। ਜਦ ਲਾਹੀ ਛਿੱਲ ਕਾਫੀ ਮਿਕਦਾਰ ਵਿਚ ਕੱਠੀ ਹੋ ਜਾਂਦੀ ਸੀ ਤਾਂ ਉਸ ਦੀ ਜੂੜੀ ਬਣਾ ਲਈ ਜਾਂਦੀ ਸੀ। ਜੂੜੀ ਵਿਚੋਂ ਫੇਰ ਲੋੜ ਅਨੁਸਾਰ ਰੱਸੇ, ਰੱਸੀਆਂ, ਵਾਣ ਆਦਿ ਵੱਟਦੇ ਸਨ। ਹੁਣ ਖੇਤੀ ਵਪਾਰਕ ਨਜ਼ਰੀਏ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਰੱਸੇ, ਰੱਸੀਆਂ, ਵਾਣ ਹੁਣ ਜਿਮੀਂਦਾਰ ਮੰਡੀ ਵਿਚੋਂ ਖਰੀਦਦਾ ਹੈ। ਇਸ ਲਈ ਹੁਣ ਕੋਈ ਹੀ ਜਿਮੀਂਦਾਰ ਸਣਕੁੱਕੜਾ ਬੀਜਦਾ ਹੋਵੇਗਾ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.