ਸਮੱਗਰੀ 'ਤੇ ਜਾਓ

ਸਦਾ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦਾ ਕੌਰ ਦੀ ਤਸਵੀਰ

ਸਦਾ ਕੌਰ (1762–1832) ਪੰਜਾਬੀ ਸਿੰਘਣੀ ਸੀ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ ਤੇ ਬਿਠਾਇਆ। ਉਹ ਰਣਜੀਤ ਸਿੰਘ ਦੀ ਸੱਸ ਅਤੇ ਕਨਹਈਆ ਮਿਸਲ ਦੀ ਮਹਾਰਾਣੀ ਸੀ।

ਜੀਵਨ ਅਤੇ ਪ੍ਰਾਪਤੀਆਂ[ਸੋਧੋ]

ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿੱਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ।[1] ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜ਼ਿਲ੍ਹਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇੱਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦੀ ਸ਼ਾਦੀ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ, ਜਿਸਦੀ ਉਮਰ ਉਦੋਂ ਨੌਂ ਸਾਲ ਸੀ, ਨਾਲ ਹੋਈ ਹੋਈ ਸੀ। ਸਦਾ ਕੌਰ ਵੀ ਉਮਰ ਦੀ ਨਿਆਣੀ ਹੀ ਸੀ। 25 ਕੁ ਸਾਲ ਦੀ ਉਮਰ ਵਿੱਚ ਗੁਰਬਖਸ਼ ਸਿੰਘ ਬਟਾਲੇ ਕੋਲ ਜਾਹਦਪੁਰ ਵਿਖੇ ਰਾਮਗੜ੍ਹੀਆਂ ਅਤੇ ਸ਼ੁਕਰਚੱਕੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਸਰਦਾਰਨੀ ਜਵਾਨ ਉਮਰੇ ਵਿਧਵਾ ਹੋ ਗਈ ਸੀ। ਉਨ੍ਹਾਂ ਦੀ ਇੱਕ ਲੜਕੀ ਸੀ, ਮਹਿਤਾਬ ਕੌਰ। 1785 ਵਿੱਚ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਮਿਸਲਦਾਰ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਨਾਲ ਕੀਤੀ।[2] ਉਸਦੇ ਸਹੁਰੇ ਜੈ ਸਿੰਘ ਦੀ 1789 ਵਿੱਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ। ਕਨਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਕੋਲ ਚਲਾ ਗਿਆ ਅਤੇ ਉਹ 8,000 ਦੀ ਤਾਕਤ ਵਾਲੀ ਘੋੜ ਸਵਾਰ ਫੌਜ਼ ਦੀ ਵੀ ਕਮਾਂਡਰ ਬਣ ਗਈ।[1][2] ਆਪਣੇ ਪਿਤਾ ਸਰਦਾਰ ਮਹਾ ਸਿੰਘ ਦੀ ਮੌਤ ਦੇ ਬਾਅਦ ਰਣਜੀਤ ਸਿੰਘ 1792 ਵਿੱਚ ਸ਼ੁਕਰਚਕੀਆ ਮਿਸਲ ਦਾ ਮੁਖੀ ਬਣਿਆ। ਸਦਾ ਕੌਰ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ।[1] ਕਨਹੀਆ ਤੇ ਸ਼ੁਕਰਚੱਕੀਆ ਦੋਨਾਂ ਮਿਸਲਾਂ ਨੂੰ ਸਦਾ ਕੌਰ ਨੇ ਰਣਜੀਤ ਸਿੰਘ ਦੀ ਸੱਤਾ ਨੂੰ ਅੱਗੇ ਵਧਾਉਣ ਲਈ ਵਰਤਿਆ। 1796 ਵਿੱਚ ਅਫ਼ਗ਼ਾਨਿਸਤਾਨ ਦੇ ਸ਼ਾਹ ਜ਼ਮਾਨ ਨੇ 30000 ਫ਼ੌਜ ਨਾਲ਼ ਪੰਜਾਬ ਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿੱਚ ਖੜ੍ਹਾ ਨਹੀਂ ਹੋਇਆ ਪਰ ਸਦਾ ਕੌਰ ਨੇ ਸਰਬੱਤ ਖ਼ਾਲਸਾ ਸੱਦ ਕੇ ਅਫ਼ਗ਼ਾਨ ਡਾਕੂਆਂ ਤੋਂ ਪੰਜਾਬ ਨੂੰ ਬਚਾਣ ਦਾ ਐਲਾਨ ਕੀਤਾ। ਉਸਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਜਿਹੜਾ ਅਜੇ 17 ਸਾਲਾਂ ਦਾ ਸੀ ਉਨ੍ਹਾਂ ਅਫ਼ਗ਼ਾਨੀਆਂ ਨਾਲ਼ ਲੜਾ ਦਿੱਤਾ। ਅਫ਼ਗ਼ਾਨੀਆਂ ਨੂੰ ਨੱਸਣਾ ਪਿਆ।

ਲਹੌਰ ਦੇ ਵਾਸੀਆਂ ਨੇ ਜਦੋਂ ਭੰਗੀ ਮਿਸਲ ਤੋਂ ਤੰਗ ਆ ਕੇ ਰਣਜੀਤ ਸਿੰਘ ਤੇ ਸਦਾ ਕੌਰ ਨੂੰ ਲਹੌਰ ਤੇ ਮੱਲ ਮਾਰਨ ਲਈ ਸਦਾ ਭੇਜਿਆ ਤਾਂ ਸਦਾ ਕੌਰ ਨੇ ਰਣਜੀਤ ਨੂੰ ਕਿਹਾ ਕਿ ਜਿਹੜਾ ਲਹੌਰ ਦਾ ਮਾਲਿਕ ਹੁੰਦਾ ਏ ਉਹ ਫ਼ਿਰ ਸਾਰੇ ਪੰਜਾਬ ਦਾ ਮਾਲਿਕ ਹੋ ਜਾਂਦਾ ਹੈ। 7 ਜੁਲਾਈ 1799 ਨੂੰ 25 ਹਜ਼ਾਰ ਫ਼ੌਜ ਨਾਲ਼ ਰਣਜੀਤ ਸਿੰਘ ਤੇ ਸਦਾ ਕੌਰ ਨੇ ਲਹੌਰ ਤੇ ਹੱਲਾ ਬੋਲਿਆ। ਲਹੌਰੀਆਂ ਨੇ ਉਨ੍ਹਾਂ ਲਈ ਸ਼ਹਿਰ ਦੇ ਬੂਹੇ ਖੋਲ ਦਿੱਤੇ। ਰਣਜੀਤ ਸਿੰਘ ਲੁਹਾਰੀ ਗੇਟ ਵੱਲੋਂ ਅਤੇ ਸਦਾ ਕੌਰ ਦਿੱਲੀ ਗੇਟ ਵੱਲੋਂ ਅੰਦਰ ਦਾਖਲ ਹੋਈ। ਸਦਾ ਕੌਰ ਨੇ 1801 ਵਿੱਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। ਅੰਮ੍ਰਿਤਸਰ, ਚਨਿਓਟ, ਕਸੂਰ, ਅਟਕ ਹਜ਼ਾਰਾ ਦੀਆਂ ਲੜਾਈਆਂ ਸਮੇਂ ਉਹ ਰਣਜੀਤ ਸਿੰਘ ਨਾਲ਼ ਸੀ। 1807 ਵਿੱਚ ਜਦੋਂ ਰਣਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਇਹ ਗੱਲ ਸਦਾ ਕੌਰ ਨੂੰ ਚੰਗੀ ਨਾਂ ਲੱਗੀ। ਉਨ੍ਹਾਂ ਦੇ ਸੰਬੰਧ ਟੁੱਟਣ ਤੇ ਆ ਗਏ। ਸਦਾ ਕੌਰ ਆਪਣੀ ਮਿਸਲ ਦੀ ਆਪ ਰਾਣੀ ਬਣਨ ਦਾ ਸੋਚਣ ਲੱਗ ਗਈ। ਮਹਾਰਾਜਾ ਨੇ ਉਸਨੂੰ ਨਜ਼ਰਬੰਦ ਕਰ ਦਿੱਤਾ। ਸਦਾ ਕੌਰ 1832 ਚ ਲਹੌਰ ਵਿੱਚ ਮਰੀ।

ਹਵਾਲੇ[ਸੋਧੋ]

  1. 1.0 1.1 1.2 Kakshi, S.R.; Pathak, Rashmi; Pathak, S.R.Bakshi R. (1 January 2007). Punjab Through the Ages. Sarup & Sons. pp. 272–274. ISBN 978-81-7625-738-1. {{cite book}}: C1 control character in |pages= at position 5 (help)
  2. 2.0 2.1 Griffin, Sir Lepel Henry; Massy, Charles Francis (1890). The Panjab chiefs: historical and biographical notices of the principal families in the Lahore and Rawalpindi divisions of the Panjab. Civil and Military Gazette press. pp. 161–162.