ਸ਼ਬਦ ਅਲੰਕਾਰ
ਸ਼ਬਦ ਅਲੰਕਾਰ
[ਸੋਧੋ]ਕਾਵਿ ਸਤਰਾਂ ਦੇ ਦੋ ਆਧਾਰ ਸ਼ਬਦ ਅਤੇ ਅਰਥ ਹਨ। ਇਸ ਵਰਗੀਕਰਨ ਵਿੱਚ ਇਹ ਦੇਖਿਆ ਗਿਆ ਹੈ ਕਿ ਅਲੰਕਾਰ ਦੀ ਸਥਾਪਤੀ ਦਾ ਆਧਾਰ ਸ਼ਬਦ ਹਨ, ਅਰਥ ਹਨ ਜਾਂ ਫਿਰ ਸ਼ਬਦ ਤੇ ਅਰਥ ਦੋਵੇਂ ਹਨ।[1] ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਸ਼ਬਦ ਨੂੰ ਬੁੱਧੀ ਗ੍ਰਹਿਣ ਕਰਦੀ ਹੈ।[2] ਜਿਹੜੇ ਅਲੰਕਾਰ ਵਿਸ਼ੇਸ਼ ਸ਼ਬਦਾਂ ਉੱਪਰ ਹੀ ਅਧਾਰਿਤ ਹੁੰਦੇ ਉਹਨਾਂ ਨੂੰ ਸ਼ਬਦ ਕਿਹਾ ਜਾਂਦਾ ਹੈ। ਅਜਿਹੇ ਅਲੰਕਾਰ ਕੁਝ ਵਿਸ਼ੇਸ਼ ਕਿਸਮ ਦੇ ਚੁਣੀਦਾ ਸ਼ਬਦਾਂ ਉਪਰ ਹੀ ਨਿਰਭਰ ਹੁੰਦੇ ਹਨ।[3]
ਸ਼ਬਦ ਅਲੰਕਾਰ ਅਤੇ ਅਰਥ ਅਲੰਕਾਰਾਂ ਦਾ ਭੇਦ, ਸ਼ਬਦ ਦੇ ਪਰਿਵਰਤਣ ਨੂੰ ਸਹਿਣ ਜਾਂ ਸ਼ਬਦ ਦੇ ਪਰਿਵਰਤਣ ਨੂੰ ਨਾ ਸਹਿਣ ਦੇ ਉਪਰ ਹੀ ਨਿਰਭਰ ਕਰਦਾ ਹੈ। ਕਾਵਿ ਸਤਰਾਂ ਵਿੱਚ ਸ਼ਬਦ ਦੇ ਪਰਿਵਰਤਣ ਕਰਨ ਤੇ ਉਸਦੇ ਸਮਾਨ ਅਰਥੀ ਦੂਜੇ ਸ਼ਬਦ ਦੇ ਰੱਖ ਦੇਣ ਤੇ, ਉਹ ਅਲੰਕਾਰ ਨਹੀਂ ਰਹਿੰਦਾ, ਉੱਥੇ ਇਹ ਸਮਝਣਾ ਚਾਹੀਦਾ ਹੈ ਕਿ ਉਸ ਅਲੰਕਾਰ ਦੀ ਹੋਂਦ ਵਿਸ਼ੇਸ਼ ਰੂਪ ਨਾਲ ਉਸ ਸ਼ਬਦ ਦੇ ਕਾਰਣ ਹੀ ਸੀ। ਇਸ ਤਰਾਂ ਜਿਹੜੇ ਸ਼ਬਦ ਦੇ ਪਰਿਵਰਤਣ ਨੂੰ ਸਹਿਣ ਨਹੀਂ ਕਰਦੇ ਉਸ ਨੂੰ ਸ਼ਬਦ ਅਲੰਕਾਰ ਕਿਹਾ ਜਾਂਦਾ ਹੈ।[4] ਸ਼ਬਦ ਅਲੰਕਾਰ ਤਿੰਨ ਕਿਸਮ ਦੇ ਹਨ।
ਅਨਪ੍ਰਾਸ ਅਲੰਕਾਰ
[ਸੋਧੋ]ਅਨੁਪ੍ਰਾਸ ਦਾ ਅਰਥ ਉਤਪੱਤੀ ਅਨੁਸਾਰ ਹੈ ਰਸ ਆਦਿ ਦੇ ਅਨੁਕੂਲ ਵਧੀਆ ਢੰਗ ਨਾਲ (ਸ਼ਬਦਾਂ ਨੂੰ) ਜੋੜ ਕੇ ਰੱਖਣਾ।[5] ਸ੍ਵਰਾਂ ਦੇ ਭਿੰਨ ਹੁੰਦੇ ਹੋਏ ਵੀ ਵਿਅੰਜਨਾਂ ਦੀਆਂ ਅਵਾਜਾਂ ਦੇ ਇਕੋ ਜਿਹੇ ਹੋਣ ਨੂੰ ਅਨੁਪ੍ਰਾਸ ਕਹਿੰਦੇ ਹਨ। ਅਨੁਪ੍ਰਾਸ ਅਲੰਕਾਰ ਇੱਕ ਸ਼ਬਦ ਅਲੰਕਾਰ ਹੈ ਇਸ ਅਲੰਕਾਰ ਵਿੱਚ ਕੁੱਝ ਧੁਨੀਆਂ ਦੀ ਸਮਾਨਤਾ ਨਾਲ ਕਾਵਿ ਉਕਤੀ ਵਿੱਚ ਅਨੋਖਾ ਆਨੰਦ ਪੈਦਾ ਹੁੰਦਾ ਹੈ। ਕੁਝ ਕੁ ਧੁਨੀਆਂ ਦਾ ਦੁਹਰਾਉ ਕਾਵਿ ਵਿੱਚ ਅਲੌਕਿਕ ਵਿਸਮਾਦ ਭਰ ਦਿੰਦਾ ਹੈ।[1] ਵਰਣਾਂ ਦੀ ਸਮਾਨਤਾ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ। ਸ੍ਵਰਾਂ ਦੇ ਅਸਮਾਨ ਹੋਣ ਤੇ ਵੀ ਵਿਅੰਜਨਾ ਦੀ ਸਮਾਨਤਾ ਰਸ ਆਦਿ ਦੇ ਅਨੁਕੂਲ ਵਧੇਰੇ ਫਰਕ ਤੋਂ ਰਹਿਤ ਚਮਤਕਾਰ ਯੋਜਨਾ ਨੂੰ ਹੀ ਅਨੁਪ੍ਰਾਸ ਕਹਿੰਦੇ ਹਨ।[6]
1. ਦੁਨੀਆ ਦਾ ਦੁੱਖ ਦੇਖ ਦੇਖ
ਦਿਲ ਡੁੱਬਦਾ ਡੁੱਬਦਾ ਜਾਂਦਾ।
2. ਦਰਸਨ ਪਰਸਨ ਹਰਸਨ ਸਰਸਨ
ਰੰਗ ਰੰਗੀ ਕਰਤਾਰੀ ਰੇ।
ਪਹਿਲੀ ਕਾਵਿ ਉਕਤੀ ਵਿੱਚ ‘ਦ’ ਧੁਨੀ ਦੇ ਦੁਹਰਾਉ ਨਾਲ ਅਨੋਖਾ ਕਾਵਿਕ ਆਨੰਦ ਪੈਦਾ ਹੋਇਆ ਹੈ। ਇਥੇ ਇਹ ਗੱਲ ਵਰਨਣ ਯੋਘ ਹੈ ਕਿ ਕਾਵਿ ਵਿੱਚ ਧੁਨੀਆਂ ਦਾ ਸਿਰਫ ਦੁਹਰਾਉ ਹੀ ਨਾ ਹੋਵੇ ਸਗੋਂ ਇਹ ਦੁਹਰਾਉ ਅਰਥਪੂਰਨ ਹੋਣਾ ਚਾਹੀਦਾ ਹੈ।[1]
ਯਮਕ ਅਲੰਕਾਰ
[ਸੋਧੋ]ਸ੍ਵਰਾਂ ਅਤੇ ਵਿਅੰਜਨਾ ਦੇ ਸਮੂਹ ਦਾ ਉਸੇ ਕ੍ਰਮ ਵਿੱਚ ਦੁਹਰਾਇਆ ਜਾਣਾ ਯਮਕ ਕਿਹਾ ਜਾਂਦਾ ਹੈ; ਪਰ ਜੋ ਉਹਨਾ (ਦੋਹਾਂ ਸਮੂਹਾਂ) ਦੇ ਅਰਥ ਹੋਣ, ਤਾਂ ਉਹ ਅਰਥ ਭਿੰਨ ਹੋਣੇ ਚਾਹੀਦੇ ਹਨ।[7] ਯਮਕ ਅਲੰਕਾਰ ਵੀ ਇੱਕ ਸ਼ਬਦ ਅਲੰਕਾਰ ਹੈ। ਜਿਥੇ ਨਿਰਾਰਥਕ ਅੱਖਰਾਂ ਜਾਂ ਭਿੰਨ-ਭਿੰਨ ਅਰਥਾਂ ਵਾਲੇ ਸਾਰਥਕ ਅੱਖਰਾਂ ਦਾ ਦੁਹਰਾਉ ਹੋਵੇ, ਉਥੇ ਯਮਕ ਅਲੰਕਾਰ ਹੁੰਦਾ ਹੈ।
ਵਲ਼ਾਂ ਵਾਲ਼ੀਆਂ ਤੇਰੀਆਂ ਵਾਲੀਆਂ ਨੇ
ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ
ਉਪਰੋਕਤ ਕਾਵਿ ਉਕਤੀ ਵਿੱਚ ਕਿੱਸਾਕਾਰ ਨੇ ‘ਵਲ਼’ ਧਾਤੂ ਨਾਲ ਸ਼ਬਦ ਚਮਤਕਾਰ ਪੈਦਾ ਕੀਤਾ ਹੈ।[1]
ਸਲੇਸ਼ ਅਲੰਕਾਰ
[ਸੋਧੋ]ਜਦ ਸਲਿਸ਼ਟ (ਜੁੜੇ ਹੋਏ ਅਰਥਾਤ ਇੱਕ ਹੋਏ) ਪਦ ਇੱਕ ਤੋਂ ਵੱਧ ਅਰਥ ਦਿੰਦੇ ਹਨ, ਤਦ ਸਲੇਸ਼ ਅਲੰਕਾਰ ਹੁੰਦਾ ਹੈ।[8] ਸਲੇਸ਼ ਵੀ ਇੱਕ ਸ਼ਬਦ ਅਲੰਕਾਰ ਹੈ। ਇਸ ਵਿੱਚ ਇੱਕੋ ਸ਼ਬਦ ਦੇ ਅਨੇਕ ਅਰਥ ਹੁੰਦੇ ਹਨ। ਜਿਵੇਂ-
ਉਸਦੀਆਂ ਅੱਖਾਂ ਦਾ ਪਾਣੀ
ਖਤਮ ਹੋ ਗਿਆ ਹੈ।
ਇਥੇ ਪਾਣੀ ਦੇ ਦੋ ਅਰਥ ਹਨ- ਅੱਥਰੂ ਅਤੇ ਸ਼ਰਮ-ਹਯਾ।
ਹਵਾਲੇ
[ਸੋਧੋ]
- ↑ 1.0 1.1 1.2 1.3 ਸੇਖੋਂ, ਰਾਜਿੰਦਰ ਸਿੰਘ. ਆਲੋਚਨਾ ਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ. p. 46.
- ↑ ਪ੍ਰੋ., ਦੁਨੀ ਚੰਦ. ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ. p. 284.
- ↑ ਸੇਖੋਂ, ਰਾਜਿੰਦਰ ਸਿੰਘ. ਆਲੋਚਨਾ ਤੇ ਪੰਜਾਬੀ ਆਲੇੋਚਨਾ. ਲੁਧਿਆਣਾ: ਲਾਹੌਰ ਬੁੱਕ. p. 46.
- ↑ ਸ਼ਾਸਤਰੀ, ਰਾਜਿੰਦਰ ਸਿੰਘ. ਕਾਵਯ ਪ੍ਰਕਾਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. p. 402.
- ↑ ਪ੍ਰੋ., ਦੁਨੀ ਚੰਦ. ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ. p. 285.
- ↑ ਸ਼ਾਸਤਰੀ, ਰਾਜਿੰਦਰ ਸਿੰਘ. ਕਾਵਯ ਪ੍ਰਕਾਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ. p. 404.
- ↑ ਪ੍ਰੋ., ਦੁਨੀ ਚੰਦ. ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ. p. 289.
- ↑ ਪ੍ਰੋ., ਦੁਨੀ ਚੰਦ. ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ. p. 291.