ਸਮੱਗਰੀ 'ਤੇ ਜਾਓ

ਸ਼ਾਂਤਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਵੀ ਵਰਮਾ ਦਾ ਚਿੱਤਰ - ਸ਼ਾਂਤਨੂ ਸਤਿਆਵਤੀ ਨੂੰ ਮਿਲ ਰਹੇ

ਸ਼ਾਂਤਨੂ ਮਹਾਂਭਾਰਤ ਦੇ ਇੱਕ ਪ੍ਰਮੁੱਖ ਪਾਤਰ ਹੈ। ਉਹ ਹਸਿਤਨਾਪੁਰ ਦੇ ਮਹਾਰਾਜ ਪ੍ਰਤੀਪ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਭਰਤ ਕੁੱਲ ਵਿੱਚੋਂ ਕੁਰੂ ਵੰਸ਼ ਦਾ ਵਡਾਰੂ ਸੀ।[1] ਉਸ ਦਾ ਵਿਆਹ ਗੰਗਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦਾ ਭੀਸ਼ਮ ਪਿਤਾਮਾ ਨਾਮ ਦਾ ਪੁੱਤਰ ਹੋਇਆ।

ਸ਼ਾਂਤਨੂ ਨੂੰ ਗੰਗਾ ਕਿਨਾਰੇ ਟਹਿਲਦਿਆਂ ਇੱਕ ਸੁੰਦਰੀ ਮਿਲੀ ਤੇ ਉਹ ਉਸ ਤੇ ਮੋਹਿਤ ਹੋ ਗਿਆ। ਉਹ ਇਸ ਸ਼ਰਤ ਤੇ ਰਾਜੇ ਦੀ ਰਾਣੀ ਬਣਨਾ ਮੰਨ ਗਈ ਕਿ ਉਹ ਉਸਨੂੰ ਕਦੀ ਨਹੀਂ ਪੁੱਛੇਗਾ ਕਿ ਉਹ ਕੌਣ ਹੈ। ਅਗਰ ਸ਼ਰਤ ਤੋੜੀ ਤਾਂ ਰਿਸ਼ਤਾ ਨਹੀਂ ਰਹੇਗਾ। ਰਾਣੀ ਨੇ ਸੱਤ ਪੁੱਤਰਾਂ ਨੂੰ ਜਨਮ ਦਿੱਤਾ ਤੇ ਉਹ ਗੰਗਾ ਵਿੱਚ ਡੋਬ ਕੇ ਮਾਰ ਦਿੱਤੇ। ਜਦੋਂ ਅੱਠਵੇਂ ਨੂੰ ਡੋਬਣ ਲੱਗੀ ਤਾਂ ਸ਼ਾਂਤਨੂ ਨੇ ਉਸਨੂੰ ਰੋਕ ਲਿਆ ਅਤੇ ਪੁੱਛ ਲਿਆ ਕਿ ਉਹ ਕੌਣ ਹੈਂ, ਰਾਣੀ ਨੇ ਦੱਸਿਆ ਕਿ ਉਹ ਗੰਗਾ ਹੈ। ਇਹ ਅੱਠ ਰਾਜਕੁਮਾਰ ਵਾਸੂ ਭਰਾ ਹਨ ਜੋ ਸਵਰਗ ਦੇ ਵਾਸੀ ਸਨ। ਇਨ੍ਹਾਂ ਨੇ ਵਸ਼ਿਸ਼ਟ ਰਿਸ਼ੀ ਦੀ ਕਪਿਲਾ ਗਊ ਨੰਦਿਨੀ ਚੁਰਾ ਲਈ ਸੀ। ਰਿਸ਼ੀ ਨੇ ਇਨ੍ਹਾਂ ਨੂੰ ਮਾਤਲੋਕ ਵਿੱਚ ਜਨਮ ਲੈਣ ਦਾ ਸਰਾਪ ਦੇ ਦਿੱਤਾ। ਪਹਿਲੇ ਸੱਤ ਭਰਾਵਾਂ ਨੇ ਕੇਵਲ ਗਊ ਚੁਰਾਉਣ ਦੀ ਸਲਾਹ ਹੀ ਕੀਤੀ ਸੀ ਪਰ ਸਭ ਤੋਂ ਛੋਟਾ ਅੱਠਵਾਂ ਭਰਾ ਪ੍ਰਭਾਸ ਸੱਚ-ਮੁੱਚ ਹੀ ਗਊ ਚੁਰਾ ਲਿਆਇਆ। ਰਿਸ਼ੀ ਨੇ ਕਿਹਾ ਕਿ ਪਹਿਲੇ ਸੱਤੇ ਤਾਂ ਧਰਤੀ ਉੱਤੇ ਕੁਝ ਘੰਟੇ ਬਿਤਾ ਕੇ ਹੀ ਵਾਪਸ ਸਵਰਗ ਵਿੱਚ ਆ ਜਾਣਗੇ ਪਰ ਪ੍ਰਭਾਸ ਨੂੰ ਇੱਕ ਪੂਰੀ ਜ਼ਿੰਦਗੀ ਧਰਤੀ ’ਤੇ ਗੁਜ਼ਾਰਨੀ ਪਏਗੀ। ਇਹ ਦੱਸ ਕੇ ਰਾਣੀ ਗੰਗਾ ਵਿੱਚ ਲੀਨ ਹੋ ਗਈ। ਭੀਸ਼ਮ ਦਾ ਪਹਿਲਾ ਨਾਂ ਦੇਵਵਰਤ ਸੀ। ਜਦੋਂ ਉਸ ਨੇ ਸਾਰੀ ਉਮਰ ਕੁਆਰਾ ਰਹਿਣ ਤੇ ਰਾਜ ਸਿੰਘਾਸਣ ਨੂੰ ਤਿਆਗਣ ਦੀ ਕਸਮ ਖਾਧੀ ਤਾਂ ਉਸ ਦਾ ਨਾਂ ਭੀਸ਼ਮ ਪਿਤਾਮਾ ਪੈ ਗਿਆ। ਇਹੀ ਅੱਗੇ ਚਲਕੇ ਮਹਾਂਭਾਰਤ ਦਾ ਕੇਂਦਰੀ ਪਾਤਰ ਹੈ। ਸ਼ਾਂਤਨੂ ਦਾ ਦੂਜਾ ਵਿਆਹ ਨਿਸ਼ਾਦ ਕੰਨਿਆ ਸਤਿਆਵਤੀ ਨਾਲ ਹੋਇਆ ਸੀ। ਇਸ ਵਿਆਹ ਨੂੰ ਕਰਾਉਣ ਲਈ ਹੀ ਭੀਸ਼ਮ ਪਿਤਾਮਾ ਨੇ ਰਾਜਗੱਦੀ ਉੱਤੇ ਨਾ ਬੈਠਣ ਅਤੇ ਸਦਾ ਕੁੰਵਾਰਾ ਰਹਿਣ ਦੀ ਭੀਸ਼ਮ ਪ੍ਰਤਿਗਿਆ ਕੀਤੀ ਸੀ। ਸਤਿਆਵਤੀ ਦੇ ਚਿਤਰਾਂਗਦ ਅਤੇ ਵਿਚਿਤ੍ਰਵੀਰਯ ਨਾਮਕ ਦੋ ਪੁੱਤਰ ਹੋਏ।

ਹਵਾਲੇ[ਸੋਧੋ]

  1. Misra, V.S. (2007). Ancient Indian Dynasties, Mumbai: Bharatiya Vidya Bhavan, ISBN 81-7276-413-8, p.84