ਸ਼ਾਤ ਦੀ ਰਸਮ
ਸ਼ਾਂਤ, ਵਿਆਹ ਦੀ ਇਕ ਰਸਮ ਹੈ ਜੋ ਮਾਮੇ ਵੱਲੋਂ ਆਪਣੇ ਭਾਣਜੇ/ਭਾਣਜੀਆਂ ਦੇ ਵਿਆਹ ਤੋਂ ਪਹਿਲਾਂ ਨੌਂ ਗ੍ਰਹਾਂ ਦੀ ਪੂਜਾ ਕਰਕੇ, ਪੁੰਨ-ਦਾਨ ਕਰਕੇ ਕਰਾਈ ਜਾਂਦੀ ਹੈ ਤਾਂ ਜੋ ਵਿਆਹ ਨਿਰਵਿਘਨ ਮੁਕੰਮਲ ਹੋ ਜਾਵੇ। ਸ਼ਾਂਤ, ਅਮਨ, ਚੈਨ ਤੇ ਸ਼ਾਂਤੀ ਨੂੰ ਵੀ ਕਹਿੰਦੇ ਹਨ। ਵਿਆਹ ਸਮੇਂ ਗ੍ਰਹਿ ਸ਼ਾਂਤ ਰਹਿਣ, ਸ਼ਾਇਦ ਏਸੇ ਕਰਕੇ ਇਸ ਰਸਮ ਨੂੰ ਸ਼ਾਂਤ ਦਾ ਨਾਂ ਦਿੱਤਾ ਗਿਆ ਹੈ। ਪਹਿਲੇ ਸਮਿਆਂ ਵਿਚ ਵਿਆਹ ਪੰਡਤਾਂ ਤੋਂ ਜੰਤਰੀ ਵਿਖਾ ਕੇ ਰੱਖੇ ਜਾਂਦੇ ਸਨ। ਵਿਆਹ ਨਿਰਵਿਘਨ ਸਿਰੇ ਚੜ੍ਹ ਜਾਵੇ, ਏਸੇ ਲਈ ਪੰਡਤ ਵੱਲੋਂ ਦੱਸੇ ਪੁੰਨ-ਦਾਨ, ਉਪਾਅ ਕੀਤੇ ਜਾਂਦੇ ਸਨ। ਜਿਹੜੇ ਪਰਿਵਾਰ ਪੈਸੇ ਵਾਲੇ ਹੁੰਦੇ ਸਨ, ਪੰਡਤ ਉਨ੍ਹਾਂ ਤੋਂ ਗਊ ਪੁੰਨ ਕਰਵਾਉਂਦੇ ਸਨ। ਪੁੰਨ ਕਰਨ ਵਾਲੀ ਗਊ ਦੇ ਗਲ ਵਿਚ ਖੰਮਣੀ/ਮੌਲੀ ਬੰਨ੍ਹੀ ਜਾਂਦੀ ਸੀ। ਗਊ ਦੇ ਪੈਰ ਤੇ ਪੂਛ ਨੂੰ ਧੋਤਾ ਜਾਂਦਾ ਸੀ। ਜਿਹੜੇ ਪਰਿਵਾਰ ਗਊ ਪੁੰਨ ਕਰਨ ਦੀ ਸਮਰੱਥਾ ਨਹੀਂ ਰੱਖਦੇ ਸਨ, ਉਨ੍ਹਾਂ ਤੋਂ ਪੈਸੇ ਪੁੰਨ ਕਰਵਾਏ ਜਾਂਦੇ ਸਨ। ਆਮ ਤੌਰ ਤੇ ਗਊ ਤੇ ਪੈਸੇ ਉਪਾਅ ਦੱਸਣ ਵਾਲੇ ਪੰਡਤ ਨੂੰ ਹੀ ਦਿੱਤੇ ਜਾਂਦੇ ਸਨ। ਸ਼ਾਂਤ ਦੀ ਰਸਮ ਸਮੇਂ ਗੀਤ ਵੀ ਗਾਏ ਜਾਂਦੇ ਸਨ।
ਗ੍ਰਹਾਂ ਨੂੰ ਸ਼ਾਂਤ ਕਰਨ ਲਈ, ਗਹਾਂ ਦੀ ਕਰੋਪੀ ਤੋਂ ਬਚਨ ਲਈ ਪੰਡਤਾਂ ਨੂੰ ਗਊ ਪੁੰਨ ਕਰਨਾ, ਪੈਸੇ ਦੇਣੇ ਪੰਡਤਾਂ ਨੇ ਆਪਣੀ ਆਮਦਨ ਲਈ ਇਕ ਬੜਾ ਵਧੀਆ ਢਕਵੰਜ ਬਣਾਇਆ ਹੋਇਆ ਸੀ। ਭਲਾ, ਗਊ ਪੁੰਨ ਕਰਨ ਤੇ ਪੈਸੇ ਦਾਨ ਕਰਨ ਨਾਲ ਪਰਿਵਾਰ ਕੋਲ ਕਿਹੜਾ ਬ੍ਰਹਮ ਸ਼ਾਸਤਰ ਆ ਜਾਂਦਾ ਸੀ ਜਿਹੜਾ ਗ੍ਰਹਾਂ ਦੀ ਕਰੋਪੀ ਤੇ ਭੈੜੇ ਅਸਰ ਨੂੰ ਰੋਕਦਾ ਸੀ ? ਇਹ ਵਹਿਮ-ਭਰਮ ਪੰਡਤਾਂ ਨੇ ਦਾਨ ਲੈਣ ਲਈ ਬਣਾਏ ਹੋਏ ਸਨ ਕਿਉਂ ਜੋ ਲੋਕ ਪਹਿਲਾਂ ਅਨਪੜ੍ਹ ਸਨ। ਹੁਣ ਲੋਕ ਪੜ੍ਹ ਗਏ ਹਨ। ਜਾਗਰਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਪੰਡਤਾਂ ਦੇ ਪਾਏ ਇਨ੍ਹਾਂ ਅੰਧ-ਵਿਸ਼ਵਾਸਾਂ ਵਿਚ ਵਿਸ਼ਵਾਸ ਨਹੀਂ ਕਰਦੇ। ਇਹ ਹੀ ਕਾਰਨ ਹੈ ਕਿ ਹੁਣ ਸ਼ਾਂਤ ਦੀ ਰਸਮ ਕੋਈ ਨਹੀਂ ਕਰਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.