ਸ਼ਿੰਤੋਵਾਦ
ਸ਼ਿੰਤੋਵਾਦ (神道) ਜਾਪਾਨ ਦਾ ਸਭ ਤੋਂ ਪੁਰਾਣਾ ਧਰਮ ਹੈ ਜਿਸ ਦਾ ਅਰਥ ਹੈ ਪਰਮਾਤਮਾ ਦੀ ਰਾਹ। ਕੁਦਰਤ ਦੇ ਵੱਖ ਵੱਖ ਸਰੂਪਾਂ ਵਿੱਚ ਜਾਪਾਨੀਆਂ ਨੇ ਪਰਮਾਤਮਾ ਅਤੇ ਆਤਮਾ ਦੀ ਕਲਪਨਾ ਕੀਤੀ ਹੈ। ਜਾਪਾਨੀਆਂ ਦਾ ਵਿਸ਼ਵਾਸ ਸੀ ਕਿ ਰੁੱਖਾਂ, ਚਟਾਨਾਂ ਪਰਬਤ-ਲੜੀਆਂ ਆਦਿ ਵਿੱਚ ਆਤਮਾਵਾਂ ਦਾ ਵਾਸਾ ਹੈ। ਇਹਨਾਂ ਆਤਮਾਵਾਂ ਨੂੰ ਅਨੇਕਾ ਮੰਦਰਾਂ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹਨਾਂ ਮੰਦਰਾਂ ਵਿੱਚ ਜਾਪਾਨੀਆਂ ਨੇ ਆਪਣੀਆਂ ਪ੍ਰਥਾਵਾਂ ਅਤੇ ਪੂਜਾ-ਫ਼ੁਲਾਂ ਨੂੰ ਚੜਾਉਣਾ ਸ਼ੁਰੂ ਕੀਤਾ।[1]
ਸ਼ਿੰਤੋ ਧਰਮ ਵਿੱਚ ਕੁਦਰਤ ਪੂਜਾ ਦੇ ਨਾਲ-ਨਾਲ ਮਿੱਤਰ-ਪੂਜਾ ਵੀ ਕੀਤੀ ਜਾਣ ਲੱਗ ਪਈ। ਮ੍ਰਿਤ ਵੀਰਾਂ ਤੇ ਸ਼ਾਹੀ ਪਰਿਵਾਰਾਂ ਦੇ ਮ੍ਰਿਤਕਾਂ ਦੀ ਪੂਜਾ ਪਿਛੇ ਜਾਪਾਨੀ ਦੇਸ਼ ਭਾਗਤੀ ਦੀ ਭਾਵਨਾ ਛੁਪੀ ਹੋਈ ਸੀ। ਇਹਨਾਂ ਮ੍ਰਿਤ ਵੱਡ-ਵਰੇਰਿਆਂ ਦੀ ਪੂਜਾ ਦਾ ਧਾਰਮਿਕ ਦੇ ਨਾਲ-ਨਾਲ ਰਾਜਨੀਤਿਕ ਭਾਵ ਵੀ ਸੀ। ਇਸ ਪੂਜਾ ਨੇ ਜਿਥੇ ਇੱਕ ਪਾਸੇ ਜਾਪਾਨੀ ਰਾਸ਼ਟਰਵਾਦ ਨੂੰ ਮਜ਼ਬੂਤ ਬਣਾਇਆ, ਉੱਥੇ ਦੂਜੇ ਪਾਸੇ ਸਮਰਾਟ ਦੇ ਦੈਵੀ ਉਤਪੱਤੀ ਦੇ ਸਿਧਾਂਤ ਨੂੰ ਵੀ ਦ੍ਰਿੜ੍ਹ ਕੀਤਾ। ਜਾਪਾਨ ਦੇ ਸ਼ਾਸਨ ਵਿੱਚ ਸ਼ੋਗੁਨਾਂ ਦੀ ਲੰਬੀ ਪ੍ਰੰਪਰਾ ਮਗਰੋਂ ਵੀ ਦੇਵੀ ਰਾਜਤੰਤਰ ਦੀ ਹੋਂਦ ਦਾ ਬਣਿਆ ਰਹਿਣਾ ਸ਼ਿੰਤੋ ਧਰਮ ਦਾ ਕਾਰਨ ਹੀ ਸੀ।
“ਜਾਪਾਨ ਦੇ ਜੀਵਨ ਵਿੱਚ ਅੱਜ ਜੋ ਉਦਾਰਤਾ ਅਤੇ ਕੋਮਲ ਭਾਵ ਹੈ, ਉਸ ਦਾ ਸੋਮਾ ਉਹਨਾਂ ਭਾਵਨਾਵਾਂ ਵਿੱਚ ਹੈ, ਜਿਹਨਾਂ ਕਾਰਨ ਉਹਨਾਂ ਦੇ ਵੱਡ-ਵਡੇਰਿਆਂ ਨੇ ਰੱਬੀ ਸ਼ਕਤੀ ਸੂਰਜ, ਚੰਨ, ਤੂਫ਼ਾਨ ਵਰਗੀ ਸ਼ਕਤੀਸ਼ਾਲੀ ਅਤੇ ਭੈਅ-ਉਤਪਾਦਕ ਵਸਤਾਂ ਜਾਂ ਖੂਹਾਂ ਅਤੇ ਭੋਜਨ-ਪਾਤਰ ਵਰਗੀਆਂ ਉਪਯੋਗੀ ਵਸਤਾਂ, ਚੱਟਾਨਾਂ, ਝਰਨਿਆਂ, ਰੁੱਖਾਂ ਅਤੇ ਫੁੱਲਾਂ ਦੇ ਸਮਾਨ ਅਤੇ ਮਨਮੋਹਕ ਵਸਤਾਂ ਵਿੱਚ ਪ੍ਰਤੀਬਿੰਬਤ ਦੇਖੀ ਸੀ। ”
ਜਾਪਾਨ ਦੇ ਉੱਨਤ ਧਾਰਮਿਕ ਅਤੇ ਸਮਾਜਿਕ ਜੀਵਨ ਦਾ ਅਧਾਰ ਵੀ ਸ਼ਿੰਤੋ ਧਰਮ ਸੀ। ਇਸ ਧਰਮ ਵਿੱਚ ਭੈਅ ਦੀ ਥਾਂ 'ਤੇ ਸਦਭਾਵਨਾ ਦੀ ਪ੍ਰਧਾਨਤਾ ਹੈ। ਇਸ ਭੈਅ ਦੀ ਥਾਂ 'ਤੇ ਪ੍ਰੇਮ ਅਤੇ ਭਾਈਚਾਰੇ 'ਤੇ ਆਧਾਰਿਤ ਧਰਮ ਵਿੱਚ ਮਨੁੱਖ ਦਾ ਧਾਰਮਿਕ ਸੁਭਾਅ ਦਾ ਪ੍ਰਗਟਾਵਾ ਕੁਦਰਤ ਦੇ ਅਸਚਰਜ ਦੀ ਭਾਵਨਾ ਨੂੰ ਜਾਗ੍ਰਿਤ ਕਰਨ ਵਾਲੇ ਕਿਸੇ ਵੀ ਦ੍ਰਿਸ਼ ਨੂੰ ਕਾਮੀ ਕਿਹਾ ਜਾਣ ਲੱਗ ਪਿਆ। ਇਸ ਧਰਮ ਵਿੱਚ ਕਾਮੀ ਦੇਵਤੇ ਦੀ ਕਲਪਨਾ ਹੈ ਅਤੇ ਆਧੁਨਿਕ ਜਾਪਾਨ ਵਿੱਚ ਇਸ ਦਾ ਸੰਬੰਧ ਜੀਵਿਤ ਸਮਰਾਟਾਂ ਅਤੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਾਪਾਨੀ ਸੈਨਿਕਾਂ ਨੂੰ ਦੇਵਤੇ ਸਮਾਨ ਮੰਨਣ ਤੋਂ ਹੈ। ਇਹੀ ਕਾਰਨ ਹੈ ਕਿ ਜਾਪਾਨ ਵਿੱਚ ਹਰ ਪਾਸੇ ਮੰਦਿਰਾਂ ਅਤੇ ਸਮਾਧੀਆਂ ਦਾ ਜਾਲ ਵਿੱਛਿਆ ਹੋਇਆ ਹੈ।
ਹਵਾਲੇ
[ਸੋਧੋ]- ↑ John Nelson. A Year in the Life of a Shinto Shrine. 1996. pp. 7–8