ਸਾਈਂ ਮੁਹੰਮਦ ਹਯਾਤ ਪਸਰੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਈਂ ਮੁਹੰਮਦ ਹਯਾਤ ਪਸਰੂਰੀ ਪੰਜਾਬੀ ਦੇ ਸ਼ਾਇਰ ਸਨ।

ਹਯਾਤ ਪਸਰੂਰੀ ਦਾ ਜਨਮ ਪਿੰਡ ਦਾਦੂ ਬਾਜਵਾ ਤਹਿਸੀਲ ਪਸਰੂਰ ਵਿੱਚ 17 ਮਾਰਚ 1917 ਨੂੰ ਮੁਹੰਮਦ ਜੀਵਨ ਦੇ ਘਰ ਹੋਇਆ। ਆਪਣੇ ਦੌਰਦੇ ਉਹ ਇਕ ਹੱਕ ਪ੍ਰਸਤ ਕਲਮਕਾਰ ਸਨ ਜਿਨ੍ਹਾਂ ਨੇ ਵੇਲੇ ਦੇ ਹਾਕਮਾਂ ਨੂੰ ਵੀ ਕਦੀ ਖ਼ਾਤਿਰ ਵਿਚ ਨਹੀਂ ਸੀ ਲਿਆਂਦਾ। ਅੰਗਰੇਜ਼ੀ ਦੌਰ ਵਿਚ ਉਨ੍ਹਾਂ ਨੂੰ ਹਕੂਮਤ ਵਿਰੁੱਧ ਨਜ਼ਮਾਂ ਲਿਖਣ ਕਰਕੇ ਤਿੰਨ ਮਹੀਨੇ ਜੇਲ੍ਹ ਵਿਚ ਵੀ ਰਹਿਣਾ ਪਿਆ। ਉਨ੍ਹਾਂ ਨੂੰ ਅਮੀਰ-ਏ-ਸ਼ਰੀਅਤ ਸੱਯਦ ਅਤਾ-ਏ-ਅੱਲ੍ਹਾ ਸ਼ਾਹ ਬੁਖ਼ਾਰੀ ਨੇ ਸ਼ਾਇਰ-ਏ-ਖ਼ਤਮ ਨਬੂੱਵਤ ਦਾ ਖ਼ਿਤਾਬ ਉਨ੍ਹਾਂ ਦੀਆਂ ਇਲਮੀ ਤੇ ਅਦਬੀ ਖ਼ਿਦਮਤਾਂ ਲਈ ਦਿੱਤਾ ਸੀ। ਉਨ੍ਹਾਂ ਦੇ ਦੌਰ ਵਿਚ ਪਸਰੂਰ ਤੇ ਸਿਆਲਕੋਟ ਅਹਰਾਰ ਤੇ ਤਹਿਰੀਕ-ਏ-ਖ਼ਤਮ ਨਬੂੱਵਤ ਦਾ ਗੜ੍ਹ ਬਣ ਚੁੱਕਿਆ ਸੀ। ਤਹਿਰੀਕ-ਏ-ਅਜ਼ਾਦੀ, ਤਹਿਰੀਕ-ਏ ਕਸ਼ਮੀਰ, ਤਹਿਰੀਕਤਰਕ-ਏ-ਮਵਾਲਾਤ,ਤਹਿਰੀਕ ਖ਼ਿਲਾਫ਼ਤ,ਤਹਿਰੀਕ ਖ਼ਤਮ ਨਬੂੱਵਤ ਤੇ ਤਹਿਰੀਕ ਨਫ਼ਾਜ਼-ਏ-ਸ਼ਰੀਅਤ ਵਿਚ ਭਰਵਾਂ ਭਾਗ ਲੈਣ ਵਾਲੇ ਏਸ ਕਲਮਕਾਰ ਨੇ ਆਲ ਇੰਡੀਆ ਮੁਸਲਿਮ ਲੀਗ ਦੇ ਝੰਡੇ ਥੱਲੇ ਪਾਕਿਸਤਾਨ ਹਾਸਲ ਕਰਨ ਲਈ ਭਰਵੀਂ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਪੌਣੀ ਦਰਜਨ ਕਿਤਾਬਾਂ ਇਲਮ ਤੇ ਅਦਬ ਨਾਲ਼ ਉਨ੍ਹਾਂ ਦੀ ਮੁਹੱਬਤ ਦਾ ਜਿਊਂਦਾ ਜਾਗਦਾ ਸਬੂਤ ਬਣ ਕੇ ਅੱਜ ਵੀ ਸਾਡੇ ਸਾਮ੍ਹਣੇ ਮੌਜੂਦ ਹਨ।

ਸਾਈਂ ਜੀ ਕਰਤਾਰ ਸਿੰਘ ਬਲੱਗਣ, ਬਰਕਤ ਰਾਮ ਯੁਮਨ, ਮੋਹਨ ਸਿੰਘ ਦਿਵਾਨਾ, ਦਰਸ਼ਨ ਸਿੰਘ ਆਵਾਰਾ, ਤੇ ਹੋਰ ਬਹੁਤ ਸਾਰੇ ਸ਼ਾਇਰਾਂ ਦੇ ਸਮਕਾਲੀ ਸਨ।

ਸ਼ਾਇਰੀ ਦਾ ਨਮੂਨਾ[ਸੋਧੋ]

ਵਿਸਾਖੀ ਉੱਤੇ ਉਡੀਕਾਂ

ਵਿਹੜੇ ਵਿਚ ਮੈਂ ਔਂਸੀਆਂ ਰਹੀ ਪਾਂਦੀ ਕਈ ਕਾਂ ਗਿਝਾਏ ਨੀ ਚੋਰੀਆਂ ਤੇ।
ਅੱਥਰੂ ਚੰਬੜੇ ਨੇ ਝਿੰਮਣੀਆਂ ਨਾਲ਼ ਏਦਾਂ ਤੁਬਕੇ ਤ੍ਰੇਲ ਦੇ ਜਿਵੇਂ ਅੰਗੂਰੀਆਂ ਤੇ।

ਬੂਹੇ ਬੰਦ ਕਰ ਸਾਰਾ ਜਹਾਨ ਸੁੱਤਾ ਖੋਲ੍ਹ ਰੱਖੀਆਂ ਅੱਖੀਆਂ ਬਾਰੀਆਂ ਮੈਂ।
ਕਿਧਰੋਂ ਤੇਰੇ ਪ੍ਰਛਾਂਵੇਂ ਦਾ ਪਵੇ ਝੌਲ਼ਾ ਝੀਤਾਂ ਵਿਚੋਂ ਵੀ ਝਾਤੀਆਂ ਮਾਰੀਆਂ ਮੈਂ।

ਸਰਘੀ ਵੇਲੇ ਜਦ ਮਾਰਦੀ ਚੀਕ ਗੱਡੀ ਤੇਰੀ ਲਾਡਲੀ ਇਹ ਅੱਭੜਵਾਹੇ ਉੱਠੇ।
ਟੇਸ਼ਣ ਵੱਲ ਮੈਂ ਕੋਠੇ ਤੇ ਚੜ੍ਹ ਵੇਖਾਂ ਹੋਵਾਂ ਉਸ ਗੁੱਠੇ ਕਦੀ ਉਸ ਗੁੱਠੇ।

ਅਜੇ ਤੀਕ ਨਈਂ ਪਰਤ ਜਵਾਬ ਆਇਆ ਪਾਈ ਤਾਰ ਮੈਂ ਤਿੰਨ ਤਰੀਕ ਦੀ ਏ।
ਏਡਾ ਕੌਣ ਦਰਦੀ ਜਿਹੜਾ ਜਾ ਆਖੇ ਸਾਹਿਬਾ ਘਰ ਪਈ ਮੇਮ ਉਡੀਕਦੀ ਏ।

ਜਿਹੜਾ ਸੂਟ ਮੰਗੀਵੇ ਤੇ ਤੁਸਾਂ ਪਾਇਆ ਉਹ ਵੀ ਖੋਹ ਕੇ ਛੋਟੀ ਨਨਾਣ ਲੈ ਗਈ।
ਫ਼ੋਟੋ ਪਰੂੰ ਵਿਸਾਖੀ ਤੇ ਘੱਲਿਆ ਜੋ ਚੋਰੀ ਮਾਂ ਤੋਂ ਉਹ ਵੀ ਨਾਦਾਨ ਲੈ ਗਈ।

ਤਾਰਾ ਚੜ੍ਹਦਿਆਂ ਸਾਰ ਪ੍ਰਭਾਤ ਵੇਲੇ ਧੱਦਾਂ ਵਿਚ ਮਧਾਣੀਆਂ ਪੈਂਦੀਆਂ ਨੇ।
ਤੇਰੇ ਬੂਟ ਦਾ ਮਾਹੀਆ ਖੜਾਕ ਆ ਜਾਏ ਕੰਨਾਂ ਵਿਚ ਸੂਹਾਂ ਸੂਹਾਂ ਲੈਂਦੀਆਂ ਨੇ।

ਧਦ ਦੇ ਸ਼ੌਂਕੀਆ ਆਪ ਮੈਂ ਮੁੱਲ ਆਂਦਾ ਤੇਰੇ ਲਈ ਬਲੌਰੀ ਗਲਾਸ ਮਾਹੀਆ।
ਕਣਕਾਂ ਪੱਕੀਆਂ ਸੂ ਪਈ ਮਝ ਬੂਰੀ ਸਾਰੇ ਕੰਮ ਹੋ ਗਏ ਨੇ ਰਾਸ ਮਾਹੀਆ।

ਪਿਛਲੇ ਵਰ੍ਹੇ ਪਰਦੇਸੀਆ ਲੈ ਛੁੱਟੀ ਅਚਨਚੇਤ ਵਿਸਾਖੀ ਤੇ ਆ ਗਿਆ ਸੀ।
ਹੱਥੀਂ ਸਾਂਭ ਸੰਦੂਕੜੀ ਵਿਚ ਰੱਖੀ ਆਉਂਦੇ ਵਰ੍ਹੇ ਲਈ ਪੱਗ ਰੰਗਵਾ ਗਿਆ ਸੀ।

ਘਰ ਦਾ ਘਿਓ ਮੈਂ ਜੋੜ ਕੇ ਭਰੀ ਚਾਟੀ ਮੱਖਣ ਗਰਮ ਕੀਤਾ ਮੇਰੇ ਮੱਖਣਾ ਵੇ।
ਟੱਬਰ ਖਾਏ ਤੇ ਪਿਆ ਨਿਸ਼ੰਗ ਖਾਏ ਤੇਰੇ ਬਿਨਾਂ ਮੈਂ ਰੱਤੀ ਨਹੀਂ ਚੱਖਣਾ ਵੇ

ਧਾਗਾ ਰੇਸ਼ਮੀ ਚਾੜ੍ਹ ਕਰੋਸ਼ੀਏ ਤੇ ਤੇਰੇ ਹੱਥ ਦਾ ਸੁੱਚਾ ਰੁਮਾਲ ਪੁੰਣਿਆਂ।
ਵੱਡਾ ਤੌਲੀਆ ਤੇਰੀਆਂ ਮੋਢਿਆਂ ਦਾ ਪਾ ਕੇ ਫੁੱਲ ਬੂਟੇ ਰੀਝਾਂ ਨਾਲ਼ ਉਣਿਆਂ।

ਹੱਥ ਕੰਨ ਤੇ ਬਾਂਹ ਉਤਾਂਹ ਕਰ ਕੇ ਹੇਕਾਂ ਕੱਢ ਉੱਚੀ ਸੱਦਾਂ ਲਾਣਿਆਂ ਵੇ।
ਬੰਨ੍ਹ ਘੁੰਘਰੂ ਡਗੇ ਦੀ ਵਾਜ ਉੱਤੇ ਮੂਹਰੇ ਹਾਠ ਦੇ ਭੰਗੜੇ ਪਾਣਿਆਂ ਵੇ।

ਛੁੱਟੀ ਬਿਨਾਂ ਤਨਖ਼ਾਹ ਦੇ ਲੈ ਆਜਾ ਸਹੁੰ ਰੱਬ ਦੀ ਗ਼ੁੱਸੇ ਭੁੱਲਾਂ ਦਿਆਂਗੀ।
ਪਾਈਆਂ ਮਾਂ ਮੁਕਲਾਵੇ ਤੇ ਚੂੜੀਆਂ ਜੋ ਹੱਥੋਂ ਵੇਚ ਕੇ ਭਾੜਾ ਬਣਾ ਦਿਆਂਗੀ।

ਸ਼ਾਹੀਆਂ ਬਦਲੀਆਂ ਬਦਲ ਗਏ ਰਾਜ ਮਾਹੀਆ ਸਦਾ ਵਸਦੀਆਂ ਰਹਿੰਦੀਆਂ ਛਾਉਣੀਆਂ ਨੇ।
ਸੱਚ ਪੁੱਛੇਂ ਤੇ ਉਮਰ ਦੇ ਬਾਗ਼ ਅੰਦਰ ਇਹੋ ਜਿਹੀਆਂ ਬਹਾਰਾਂ ਨਾ ਆਉਣੀਆਂ ਨੇ।

ਮੇਰੇ ਚਿੱਤ ਨੂੰ ਚੈਨ ਨਹੀਂ ਲੈਣ ਦਿੰਦੇ ਵੱਜਣ ਲੱਗ ਪਏ ਵਿਸਾਖੀ ਦੇ ਢੋਲ ਮਾਹੀਆ।
ਬੰਤੋ ਮਹਾਸ਼ਿਆਂ ਦੀ ਤਾਹਨੇ ਮਾਰਦੀ ਨਾ ਜੇ ਕਰ ਅੱਜ ਹੋਂਦੋਂ ਮੇਰੇ ਕੋਲ਼ ਮਾਹੀਆ।

ਤੇਰੀ ਚਾਨਣੀ ਦਾ ਚੰਨਾਂ ਚਾਅ ਮੈਨੂੰ ਆਜਾ ਮਸਿੱਆ ਦੀ ਪਹਿਲੀ ਰਾਤ ਕੋਲੋਂ।
ਮੇਰੇ ਹਉਕਿਆਂ ਦੀ ਦਾਸਤਾਨ ਲੰਮੀ ਨਹੀਂ ਇਤਬਾਰ ਤੇ ਸੁਣ ਜਾ ਹਯਾਤ ਕੋਲੋਂ।