ਮੋਹਨ ਸਿੰਘ ਦੀਵਾਨਾ
ਮੋਹਨ ਸਿੰਘ ਦੀਵਾਨਾ | |
---|---|
ਜਨਮ | 17 ਮਾਰਚ 1899 ਜਿਲਾ ਰਾਵਲਪਿੰਡੀ, ਬਰਤਾਨਵੀ ਪੰਜਾਬ |
ਮੌਤ | 1984 (85 ਸਾਲ) |
ਕਿੱਤਾ | ਲੇਖਕ, ਕਵੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਸਾਹਿਤ |
ਵਿਸ਼ਾ | ਪੰਜਾਬੀ ਸਾਹਿਤ |
ਪ੍ਰਮੁੱਖ ਕੰਮ | History of Panjabi Literature |
Literature portal |
ਮੋਹਨ ਸਿੰਘ ਦੀਵਾਨਾ (17 ਮਾਰਚ 1899 - 1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ[1][2](1933) ਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇਟ ਤੇ ਪੰਜਾਬੀ ਦੀ ਡੀ.ਲਿਟ ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦਾ ਸੀ। ਉਹ ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿੱਚ 225 ਪੁਸਤਕਾਂ ਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰਈਆਂ ਵਿੱਚ ਸ਼ਾਮਿਲ ਕੀਤਾ ਹੈ।[3]
ਜੀਵਨ ਵੇਰਵਾ
[ਸੋਧੋ]ਮੋਹਨ ਸਿੰਘ ਦੀਵਾਨਾ ਦਾ ਜਨਮ 17 ਮਾਰਚ 1899 ਨੂੰ ਜਿਲਾ ਰਾਵਲਪਿੰਡੀ ਵਿੱਚ ਹੋਇਆ। 1912 ਵਿੱਚ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰ ਲਈ।[4]
ਸਾਹਿਤ ਇਤਿਹਾਸਕਾਰੀ
[ਸੋਧੋ]"ਡਾ. ਮੋਹਨ ਸਿੰਘ ਦੀਵਾਨਾ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਇਤਿਹਾਸਕਾਰ ਸੀ।"[5] ਡਾ. ਮੋਹਨ ਸਿੰਘ ਦੀਵਾਨਾ ਪ੍ਰਮਾਣਿਕ ਇਸ ਲਈ ਸੀ ਕਿਉਂਕਿ ਇਸ ਤੋਂ ਬਾਵਾ ਬੁੱਧ ਸਿੰਘ, ਮੀਰ ਕਿਰਾਮਤੁੱਲਾ ਅਤੇ ਮੌਲਾ ਬਖ਼ਸ਼ ਕੁਸ਼ਤਾ ਆਦਿ ਨੇ ਕੁੱਝ ਵਿਸ਼ੇਸ਼ ਕਾਰਜ ਕੀਤੇ ਸਨ। ਪਰੰਤੂ ਇਨ੍ਹਾਂ ਸਭ ਵਿਚ ਨਾਂ ਤਾਂ ਉਹ ਸੰਪੂਰਨਤਾ ਸੀ ਨਾ ਗੋਲਾਈ ਸੀ, ਜੋ ਡਾ. ਮੋਹਨ ਸਿੰਘ ਦੇ ਰਚੇ ਪੰਜਾਬੀ ਸਾਹਿਤ ਵਿਚ ਸੀ ਅਤੇ ਨਾ ਹੀ ਉਹ ਕਾਰਜ ਇਕ ਸੰਪੂਰਨ ਇਕਾਈ ਵਜੋਂ ਦੀਰਘ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ ਪਰੰਤੂ ਡਾ. ਮੋਹਨ ਸਿੰਘ ਨੇ ਇਨ੍ਹਾਂ ਦੀਆਂ ਪੁਸਤਕਾਂ ਵਿਚ ਅਸਾਧਾਰਨ ਪ੍ਰਬੁੱਧਤਾ ਅਤੇ ਇਕ ਪਰਪੱਕ ਤੇ ਪ੍ਰਮਾਣਿਕ ਦ੍ਰਿਸ਼ਟੀਕੋਣ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। "ਡਾ. ਮੋਹਨ ਸਿੰਘ ਦੀਵਾਨਾ ਨੇ ਨਾ ਕੇਵਲ ਤੱਥਾਂ ਨੂੰ ਕਾਲ ਕ੍ਰਮ ਸਜੀਵ ਵਰਤਾਰੇ ਵਿਚ ਸੰਗਠਿਤ ਕੀਤਾ ਹੈ, ਸਗੋਂ ਪ੍ਰਮੁੱਖ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ, ਉਨ੍ਹਾਂ ਦੇ ਉਥਾਨ ਤੇ ਵਿਕਾਸ ਸੰਬੰਧੀ ਲੋੜੀਂਦੇ ਸਮਾਜਿਕ, ਇਤਿਹਾਸਕ ਤੇ ਸਾਂਸਕ੍ਰਿਤਿਕ ਪਿਛੋਕੜ ਵਿਚ ਆਪਣੀਆਂ ਵਡਮੁੱਲੀਆਂ ਟਿੱਪਣੀਆਂ ਵੀ ਕੀਤੀਆਂ ਹਨ ਅਤੇ ਉਨ੍ਹਾਂ ਵਿਚ ਤੁਲਨਾਤਮਿਕ ਗਿਆਨ ਤੇ ਅਧਿਐਨ ਨੂੰ ਵੀ ਸਨਮੁੱਖ ਰੱਖਿਆ ਹੈ। ਇਨ੍ਹਾਂ ਰਚਨਾਵਾਂ ਦਾ ਮਹੱਤਵ ਜਿੱਥੇ ਇਤਿਹਾਸਕ ਹੈ ਉੱਥੇ ਚਿਰ-ਚਾਲਕ ਵੀ ਹੈ।"[6] ਡਾ. ਮੋਹਨ ਸਿੰਘ ਦੀਵਾਨਾ ਨੇ ਪਹਿਲੀ ਵਾਰ ਪੰਜਾਬੀ ਸਾਹਿਤ ਦੀ ਇਤਿਹਾਸਕ ਵਿਕਾਸ ਗਤੀ ਨੂੰ ਸਮਝਣ ਦਾ ਉੱਦਮ ਕੀਤਾ ਅਤੇ ਇਤਿਹਾਸਕਾਰੀ ਦਾ ਮਾਡਲ ਪੇਸ਼ ਕੀਤਾ ਹੈ। ਡਾ. ਹਰਿਭਜਨ ਸਿੰਘ ਭਾਟੀਆ ਦੇ ਅਨੁਸਾਰ, “ਉਸ ਪਾਸ ਸਾਹਿਤ ਇਤਿਹਾਸਕਾਰੀ ਦਾ ਸਿਧਾਂਤਕ ਚੌਖਟਾ ਮੌਜੂਦ ਸੀ, ਜਿਸ ਦੀ ਸਹਾਇਤਾ ਨਾਲ ਉਸ ਪੰਜਾਬੀ ਸਾਹਿਤ ਪ੍ਰਵਾਹ ਦੀ ਪਛਾਣ ਕਰਦੇ ਹੋਏ ਪੰਜਾਬੀ ਸਾਹਿਤ ਦੇ ਮਹਾਂ ਦ੍ਰਿਸ਼ ਨੂੰ ਉਲੀਕਿਆ। ਉਸ ਦੇ ਯਤਨਾਂ ਸਦਕਾ ਇਤਿਹਾਸਕਾਰੀ ਦੇ ਅਨੁਸ਼ਾਸਨ ਨੂੰ ਪਹਿਲੀ ਵਾਰ ਇਕ ਖ਼ੁਦਮੁਖ਼ਤਾਰ ਜਾਂ ਸੁਤੰਤਰ ਅਨੁਸ਼ਾਸਨ ਦਾ ਰੁਤਬਾ ਹਾਸਲ ਕੀਤਾ।”[7] ਉਸ ਨੇ ਆਪਣੇ ਸਾਹਿਤ ਅਧਿਐਨ ਕਾਰਜ ਵਿਚ ਬੇਸ਼ੱਕ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਦਿ, ਮੱਧ ਅਤੇ ਵਰਤਮਾਨ ਨੂੰ ਇਕ ਨਿਰੰਤਰਤਾ ਜਾਂ ਇਕਾਈ ਵਜੋਂ ਗ੍ਰਹਿਣ ਕਰਨ ਦਾ ਉੱਦਮ ਕੀਤਾ, ਪਰੰਤੂ ਆਦਿ ਕਾਲੀਨ ਪੰਜਾਬੀ ਸਾਹਿਤ ਦੇ ਵਿਭਿੰਨ ਪੱਖਾਂ ਦਾ ਅਧਿਐਨ ਉਸ ਦੀ ਗਿਣਨ ਯੋਗ ਪ੍ਰਾਪਤੀ ਹੈ। ਡਾ. ਮੋਹਨ ਸਿੰਘ ਦੀਵਾਨਾ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਨੂੰ ਆਪਣੇ ਇਤਿਹਾਸਾਂ ਵਿਚ ਹੇਠ ਲਿਖੇ ਅਨੁਸਾਰ ਸਮੋਇਆ ਹੈ:-
ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ
[ਸੋਧੋ]- ਪੂਰਵ ਨਾਨਕ ਕਾਲ:- 1450 ਈ. ਤੋਂ ਪਹਿਲਾਂ
- ਨਾਨਕ ਕਾਲ:- 1450 ਈ. ਤੋਂ 1750 ਈ. ਤਕ
- ਪਿਛਲਾ ਮੁਗ਼ਲ ਕਾਲ:- 1700 ਈ. ਤੋਂ 1800 ਈ. ਤਕ
- ਰਣਜੀਤ ਸਿੰਘ ਕਾਲ:- 1800 ਈ. ਤੋਂ 1850 ਈ. ਤਕ
- ਬਰਤਾਨਵੀ ਕਾਲ:- 1850 ਈ. ਅੱਗੇ।[8]
ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ
[ਸੋਧੋ]ਇਸ ਪੁਸਤਕ ਵਿਚ ਮੋਹਨ ਸਿੰਘ ਦੀਵਾਨਾ ਨੇ ਕਾਲ ਵਕਫ਼ਾ ਤਾਂ ਉਹੀ ਰੱਖਿਆ ਹੈ ਪਰੰਤੂ ਨਾਮਕਰਨ ਤਬਦੀਲ ਕਰ ਦਿੱਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ:-
- ਗੋਰਖ ਨਾਥ ਕਾਲ:- 1450 ਈ. ਤੋਂ ਪਹਿਲਾਂ
- ਨਾਨਕ ਕਾਲ :- 1450 ਈ. ਤੋਂ 1700 ਈ. ਤਕ
- ਪ੍ਰੇਮ ਸੁਮਾਰਗ ਕਾਲ:- 1700 ਈ. ਤੋਂ 1800 ਈ. ਤਕ
- ਕਾਦਰਯਾਰ ਕਾਲ:- 1800ਈ. ਤੋਂ 1850 ਈ. ਤਕ
- ਪਰਿਵਰਤਨ ਕਾਲ:- 1850 ਈ. ਤੋਂ ਅੱਗੇ।[9]
ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼
[ਸੋਧੋ]ਇਸ ਪੁਸਤਕ ਵਿਚ ਡਾ. ਮੋਹਨ ਸਿੰਘ ਦੀਵਾਨਾ ਨੇ ਨਾਮਕਰਨ ਅਤੇ ਕਾਲ ਵੰਡ ਵਿਚ ਕੁੱਝ ਤਬਦੀਲੀ ਕੀਤੀ ਹੈ ਜੋ ਹੇਠ ਲਿਖੇ ਅਨੁਸਾਰ ਹੈ:-
- ਨਾਥਾਂ ਜੋਗੀਆਂ ਦਾ ਕਾਲ:- 850 ਈ. ਤੋਂ 1540 ਈ. ਤਕ
- ਜਗਤ ਗੁਰੂ ਨਾਨਕ ਦਾ ਅਹਿਦ:- 1540 ਈ. ਤੋਂ 1708 ਈ. ਤਕ
- ਦੂਜਾ ਮੁਗ਼ਲਈ ਕਾਲ ਜਾਂ ਵਾਰਿਸ ਸ਼ਾਹ ਕਾਲ:- 1708 ਈ. ਤੋਂ 1800 ਈ. ਤਕ
- ਰਣਜੀਤ ਸਿੰਘ ਕਾਲ:- 1800 ਈ. ਤੋਂ 1850 ਈ. ਤਕ
- ਬਰਤਾਨਵੀ ਕਾਲ ਜਾਂ ਆਧੁਨਿਕ ਕਾਲ ਜਾਂ ਭਾਈ ਵੀਰ ਕਾਲ:-1850 ਈ. ਤੋਂ ਅੱਗੇ।[10]
ਡਾ. ਮੋਹਨ ਸਿੰਘ ਦੀਵਾਨਾ ਦੀ ਸਾਹਿਤ ਇਤਿਹਾਸਕਾਰੀ ਦੀ ਸਾਰਥਿਕਤਾ
[ਸੋਧੋ]- ਤੱਥ ਮੂਲਕ ਸਮਗਰੀ ਪੱਖੋਂ ਡਾ. ਮੋਹਨ ਸਿੰਘ ਦੀਵਾਨਾ ਦੇ ਅਗਲੇ ਇਤਿਹਾਸਕਾਰ ਉਸੇ ਦਾ ਹੀ ਅਨੁਕਰਨ ਕਰਦੇ ਦਿਖਾਈ ਦਿੰਦੇ ਹਨ। ਵਿਆਪਕ ਤੱਥ ਮੂਲਕ ਸਮਗਰੀ ਹੋਣ ਕਰਕੇ ਉਸ ਦੁਆਰਾ ਕੀਤਾ ਕਾਰਜ ਇਤਿਹਾਸਕ ਮਹੱਤਵ ਦਾ ਧਾਰਨੀ ਹੈ।
- ਬਰਤਾਨਵੀ ਸਾਮਰਾਜ ਜਾਂ ਗ਼ੁਲਾਮੀ ਦੇ ਦੌਰ ਵਿਚ ਉਸ ਦੁਆਰਾ ਅੰਗਰੇਜ਼ੀ ਭਾਸ਼ਾ ਵਿਚ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣਾ ਅਸਾਧਾਰਨ ਅਤੇ ਇਤਿਹਾਸਕ ਮੁੱਲ ਦੀ ਧਾਰਨੀ ਘਟਨਾ ਹੈ।
- ਆਪਣੇ ਇਨ੍ਹਾਂ ਕਾਰਜਾਂ ਵਿਚ ਉਹ ਇਤਿਹਾਸਕਾਰੀ ਲਈ ਇਕ ਵੱਖਰਾ, ਤਕਨੀਕੀ ਅਤੇ ਸੰਕਲਪੀ ਮੁਹਾਵਰਾ ਸਿਰਜਦਾ ਹੈ।
- ਆਪਣੀਆਂ ਬਹੁਤ ਸਾਰੀਆਂ ਪਹਿਲ ਕਦਮੀਆਂ ਅਤੇ ਇਤਿਹਾਸਕ ਪ੍ਰਾਪਤੀਆਂ ਦੇ ਨਾਲ-ਨਾਲ ਉਸ ਦੁਆਰਾ ਕੀਤਾ ਕਾਰਜ ਆਪਣੀਆਂ ਸੀਮਾਵਾਂ ਨੂੰ ਵੀ ਸਿਰਜਦਾ ਹੈ।[11]
ਮੋਹਨ ਸਿੰਘ ਦੀਵਾਨਾ ਦੀ ਸਾਹਿਤ ਸਿਧਾਂਤਕਾਰੀ ਅਤੇ ਆਲੋਚਨਾ:
[ਸੋਧੋ]ਦੀਵਾਨਾ ਦੀ ਖੋਜ, ਸੰਪਾਦਨ ਅਤੇ ਇਤਿਹਾਸਕਾਰੀ ਨਾਲ ਸੰਬਧਤ ਕਾਰਜ਼ ਮਹਤੱਵਪੂਰਨ ਹਨ ਓਥੇ ਇਸ ਪ੍ਰਭਾਵਸ਼ਾਲੀ ਵਿਦਵਾਨ ਚਿੰਤਕ ਦੁਆਰਾ ਸਿਧਾਂਤਕਾਰੀ ਅਤੇ ਆਲੋਚਨਾ ਦੇ ਖੇਤਰ ਵਿੱਚ ਕੀਤਾ ਗਿਆ ਕਾਰਜ਼ ਵੀ ਇਤਿਹਾਸਕ ਮਹੱਤਵ ਦਾ ਧਾਰਨੀ ਹੈ। ਅਸਲ ਵਿੱਚ ਇਹਨਾਂ ਦੋਵਾਂ ਖੇਤਰਾਂ ਵਿੱਚ ਉਸ ਦੁਆਰਾ ਕੀਤੇ ਕਾਰਜ਼ ਨਾਲ ਸੰਵਾਦ ਸਿਰਜ ਕੇ ਹੀ ਅਗਲਾ ਕਾਰਜ਼ ਆਪਣਾ ਵਜੂਦ ਹਾਸਲ ਕਰ ਸਕਿਆ। ਉਸ ਦੇ ਕਾਰਜ਼ ਵਿੱਚ ਸਾਹਿਤ ਅਧਿਐਨ ਦੇ ਵਿਭਿੰਨ ਅਨੁਸ਼ਾਸਨਾਂ ਵਿੱਚੋ ਕੋਈ ਇਕ (ਖੋਜ, ਸਿਧਾਂਤ, ਇਤਿਹਾਸ ਅਤੇ ਆਲੋਚਨਾ) ਅਧਿਐਨ ਦੇ ਕੇਂਦਰ ਵਿਚ ਟਿਕਦਾ ਅਤੇ ਬਾਕੀ ਉਸ ਦੀ ਸਹਾਇਕ ਸ਼ਕਤੀ ਬਣ ਕੇ ਉਸ ਦੇ ਕਾਰਜ਼ ਨੂੰ ਮੁਲਵਾਨ ਬਣਾਉਂਦੇ ਹਨ। ਖੋਜ ਅਤੇ ਇਤਿਹਾਸ-ਲੇਖਣ ਦੇ ਕਾਰਜ਼ਾ ਵਾਂਗ ਉਹ ਸਿਧਾਂਤਕਾਰੀ ਦੇ ਖੇਤਰ ਵਿੱਚ ਵੀ ਕਈ ਪਹਿਲਕਦਮੀਆਂ ਕਰਕੇ ਆਪਣੀ ਵਿਗਿਆਨਕ ਅਤੇ ਵਸਤੂਭਾਵੀ ਬਿਰਤੀ ਦਾ ਪ੍ਰਮਾਣ ਪ੍ਰਸਤੁਤ ਕਰਦਾ ਹੈ। ਇਸ ਦਾ ਪ੍ਰਮਾਣ ਉਸ ਦੁਆਰਾ ਸੰਕਲਪਾਂ ਦੇ ਅਰਥ ਘੇਰਿਆਂ ਨੂੰ ਨਿਸ਼ਚਿਤ ਕਰਨ ਅਤੇ ਸਾਹਿਤ ਦੇ ਕਈ ਰੂਪਾਂ ਵਿਸ਼ੇਸ਼ਕਰ ਕਵਿਤਾ, ਨਾਟਕ ਅਤੇ ਕਹਾਣੀ ਸੰਬੰਧੀ ਸਿਧਾਂਤਕ ਚਰਚਾ ਕਰਨ ਵਿੱਚੋਂ ਮਿਲ ਜਾਂਦੇ ਹਨ। ਪੂਰਵ ਨਾਨਕ ਕਾਲ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਸੰਬੰਧੀ ਉਸ ਦੀਆ ਧਾਰਨਾਵਾਂ ਨਿਰਸੰਦੇਹ ਇਸ ਕਾਲ ਦੀ ਸਾਹਿਤ ਅਧਿਐਨ ਦੀ ਇਤਿਹਾਸਕਾਰੀ ਦਾ ਮੁਲਵਾਨ ਅਤੇ ਮਹਤੱਵਪੂਰਨ ਹਿੱਸਾ ਹਨ। ਇਨਾਂ ਧਾਰਨਾਵਾਂ ਨਾਲ ਸੰਵਾਦ ਸਿਰਜੇ ਬਗੈਰ ਅਗਾਂਹ ਨਹੀਂ ਸਰਕਿਆ ਜਾ ਸਕਦਾ। ਉਹ ਕਈ ਕਠਿਨ ਕਾਰਜ਼ਾ (ਰਚਨਾਵਾਂ ਦੀ ਢੂੰਢ-ਭਾਲ ਕਰਨ ਅਤੇ ਉਨ੍ਹਾਂ ਨੂੰ ਪ੍ਰਮਾਣਕ ਰੂਪ ਵਿੱਚ ਪ੍ਰਸਤੁਤ ਕਰਨ) ਨੂੰ ਪਹਿਲੀ ਵਾਰ ਪੂਰੀ ਸਮਰਥਾ ਨਾਲ ਹੱਥ ਪਾਉਂਦਾ ਹੈ। ਕੋਈ ਸ਼ੱਕ ਨਹੀਂ ਕਿ ਉਹ ਇਕ ਸ਼ਰਧਾਲੂ ਵਿਦਵਾਨ ਹੈ ਅਤੇ ਇਸ ਸਾਹਿਤ (ਗੁਰਮਤਿ ਸਾਹਿਤ) ਪ੍ਰਤੀ ਉਸ ਦੀ ਪਹੁੰਚ ਉੱਪਰ ਸ਼ਰਧਾ ਅਤੇ ਪ੍ਰਸੰਸਾ ਦਾ ਲੇਪ ਦਿਖਾਈ ਦਿੰਦਾ ਹੈ। ਪ੍ਰੰਤੂ, ਉਸ ਦੀ ਨਿਰਲੇਪਤਾ ਵੀ ਛੁਪੀ ਹੋਈ ਹੈ। ਆਧੁਨਿਕ ਸਾਹਿਤ ਨੂੰ ਉਸ ਦਾ ਪੂਰੀ ਕਰੜਾਈ ਨਾਲ ਮੂਲੋਂ ਰੱਦ ਕਰ ਦੇਣਾ ਉਸ ਦੀ ਅਲੋਚਨਾ ਦ੍ਰਿਸ਼ਟੀ ਦੀਆਂ ਸੀਮਾਵਾਂ ਨੂੰ ਵੀ ਉਜਾਗਰ ਕਰਦਾ ਹੈ।ਉਸ ਪਾਸ ਜਪੁ ਦੇ( ਜਪੁ ਦਾ ਸਭ ਤੋਂ ਪੁਰਾਣਾ ਟੀਕਾ 1701 ਈ. ਵਿੱਚ ਨਿਕਲਿਆ, ਸਿਭੂ ਨਾਥ ਬ੍ਰਾਹਮਣ ਦੀ ਹੱਥੀਂ) ਅਤੇ ਸਿਧ ਗੋਸ਼ਟਿ ਦੇ ਪੁਰਾਣੇ ਟੀਕਿਆਂ (ਸਿਧ ਗੋਸ਼ਟਿ ਦਾ ਪੁਰਾਣਾ ਟੀਕਾ ਜਸਵੰਤ ਰਾਇ ਸਿਆਲਕੋਟ ਹੱਥੀਂ 1713 ਈ. ਵਿੱਚ ਰਚਿਆ ਗਿਆ) ਦੀ ਇਤਿਹਾਸਕ ਵਾਕਫੀ ਮੌਜੂਦ ਸੀ।
[12][13]ਮੋਹਨ[14] ਸਿੰਘ ਦੀਵਾਨਾ ਦੀ ਸਾਹਿਤ ਸਿਧਾਂਤਕਾਰੀ ਅਤੇ ਆਲੋਚਨਾ ਦੀਆਂ ਪੁਸਤਕਾਂ, :
1. ਪੰਜਾਬੀ ਭਾਖਾ ਅਤੇ ਛੰਦਾਂਬੰਦੀ (1937)
[ਸੋਧੋ]ਇਸ ਪੁਸਤਕ ਵਿਚ ਉਸ ਜਪੁਜੀ ਰਚਨਾ ਦੀ ਭਾਸ਼ਾ ਦੇ ਸਰੂਪ ਉੱਪਰ ਧਿਆਨ ਟਿਕਾਉਣ ਦੇ ਨਾਲ ਨਾਲ ਇਸ ਵਿਚਲੀ ਛੰਦਾਂਬੰਦੀ ਦੇ ਸੁਭਾਅ ਨੂੰ ਵੀ ਪਛਾਣਿਆ। ਉਸ ਨੇ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਛੰਦਾਂਬੰਦੀ ਨੂੰ ਪੂਰੀ ਨਿਪੁੰਨਤਾ ਨਾਲ ਨਿਭਾਇਆ ਹੈ।
2 ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ (1952)
[ਸੋਧੋ]ਇਸ ਵਿਚ ਨਾ ਸਿਰਫ ਜਪੁਜੀ ਸਾਹਿਬ ਦਾ ਟੀਕਾ ਲਿਖਿਆ ਗਿਆ ਬਲਕਿ ਇਸ ਕ੍ਰਿਤ ਦੇ ਪਹਿਲਾਂ ਹੋ ਚੁੱਕੇ ਟੀਕਿਆਂ ਵਿਚਲੀਆਂ ਅਸ਼ੁੱਧਆਂ ਅਤੇ ਗ਼ਲਤ ਬਿਆਨੀਆਂ ਸੰਬੰਧੀ ਵੀ ਗੰਭੀਰ ਸਵਾਲ ਖੜੇ ਕੀਤੇ। ਇਸ ਪੁਸਤਕ ਵਿੱਚ ਉਸ ਜਪੁਜੀ ਦਾ ਮੂਲ ਪਾਠ ਅਤੇ ਟੀਕਾ ਪੇਸ਼ ਕਰਨ ਤੋਂ ਇਲਾਵਾ ਪਰਮਾਰਥ, ਪ੍ਰਸੰਗ, ਵਿਆਖਿਆ, ਗੁਰਬਾਣੀ ਪ੍ਰਮਾਣ, ਭਾਸ਼ਾ ਵਿਗਿਆਨ, ਸ਼ਬਦ ਕੋਸ਼, ਸ਼ਾਬਦਾਰਥ, ਦਰਸ਼ਨਾਰਥ, ਸਾਹਿਤਾਰਥ ਆਦਿ ਕਈ ਪ੍ਰਸੰਗ ਖੋਲੇ।
ਮੋਹਨ ਸਿੰਘ ਦੀਵਾਨਾ ਦੀ ਆਲੋਚਨਾ ਦ੍ਰਿਸ਼ਟੀ
[ਸੋਧੋ]ਮੋਹਨ ਸਿੰਘ ਦੀਵਾਨਾ ਪੱਛਮੀ ਅਧਿਐਨ ਅਤੇ ਖੋਜ ਮਾਡਲਾਂ ਅਨੁਸਾਰ ਸਾਹਿਤ ਦਾ ਅਧਿਐਨ ਕਰਨ ਵਾਲਾ ਪਹਿਲਾ ਵਿਦਵਾਨ ਆਲੋਚਕ ਸੀ। "ਮੋਹਨ ਸਿੰਘ ਦੀਵਾਨਾ ਪ੍ਰਮੁੱਖ ਰੂਪ ਵਿਚ ਇੱਕ ਸਾਹਿਤ ਖੋਜੀ ਅਤੇ ਪ੍ਰਮਾਣਿਕ ਇਤਿਹਾਸਕਾਰ ਸਨ। ਖੋਜ ਦਾ ਕਾਰਜ ਕਰਦੇ ਹੋਏ ਉਨ੍ਹਾਂ ਸਿਰਫ਼ ਸਾਹਿਤ ਤੱਥਾਂ ਦੀ ਢੂੰਡ ਭਾਲ ਤੇ ਸੰਭਾਲ ਤਕ ਹੀ ਆਪਣੇ ਕਾਰਜ ਨੂੰ ਸੀਮਿਤ ਨਹੀਂ ਰੱਖਿਆ ਬਲਕਿ ਨਾਲ ਹੀ ਤੱਥਾਂ ਦੀ ਵਿਆਖਿਆ ਅਤੇ ਵਿਵੇਚਨ ਦਾ ਕਾਰਜ ਵੀ ਕੀਤਾ। ਇਸ ਦੂਸਰੇ ਕਾਰਜ ਦਾ ਸੁਭਾਅ ਵਿਆਖਿਆ ਮੂਲਕ ਖੋਜ ਵਾਲਾ ਸੀ ਅਤੇ ਇਸ ਕਾਰਜ ਨੂੰ ਸਾਹਿਤ ਸਿਧਾਂਤ ਅਤੇ ਸਾਹਿਤ ਆਲੋਚਨਾ ਦੀ ਬੁਨਿਆਦੀ ਸੂਝ ਤੋਂ ਬਗ਼ੈਰ ਨੇਪਰੇ ਨਹੀਂ ਸੀ ਚਾੜ੍ਹਿਆ ਜਾ ਸਕਦਾ। ਇੰਝ ਹੀ ਸਾਹਿਤ ਇਤਿਹਾਸ ਲੇਖਣ ਲਈ ਉਹਨਾਂ ਨੇ ਨਾ ਸਿਰਫ਼ ਆਪਣੀ ਖੋਜ ਬਿਰਤੀ ਦੀ ਸਹਾਇਤਾ ਲਈ ਬਲਕਿ ਸਾਹਿਤ ਅਤੇ ਅਣਸਾਹਿਤ ਦੇ ਨਿਖੇੜੇ ਤੋਂ ਅਗਾਂਹ ਸਾਹਿਤ ਤੱਥਾਂ ਦੀ ਵਰਗਤਾ ਅਤੇ ਵੱਖਰਤਾ ਦੀ ਪਛਾਣ ਲਈ ਵੀ ਸਾਹਿਤ ਸਿਧਾਂਤ ਅਤੇ ਸਾਹਿਤ ਆਲੋਚਨਾ ਦੇ ਅਨੁਸ਼ਾਸਨ ਨੂੰ ਸਹਾਇਕ ਸ਼ਕਤੀ ਵਜੋਂ ਵਰਤਿਆ"।
ਇੰਝ ਮੋਹਨ ਸਿੰਘ ਦੀਵਾਨਾ ਸਿਰਫ਼ ਇਕ ਸਾਹਿਤ ਇਤਿਹਾਸਕਾਰ ਹੀ ਨਹੀਂ ਸਨ ਸਗੋਂ ਇਕ ਪ੍ਰਬੁੱਧ ਆਲੋਚਕ ਵੀ ਸਨ ।
ਮੋਹਨ ਸਿੰਘ ਦੀਵਾਨਾ ਨੇ "ਸਾਹਿਤ ਦੀ ਵਿਆਖਿਆ ਅਤੇ ਵਿਵੇਚਨ ਸਮੇਂ , ਇਤਿਹਾਸ ਨੂੰ ਸਾਹਿਤ ਦੇ ਸੰਦਰਭ ਵਜੋਂ ਗ੍ਰਹਿਣ ਕਰਦੇ ਹੋਏ, ਉਸ ਵਿਚੋਂ ਇਕੋ ਸਮੇਂ ਇਤਿਹਾਸ ਦੀ ਸਾਰਥਕਤਾ ਦੇ ਦੀਦਾਰ ਵੀ ਕੀਤੇ ਅਤੇ ਨਾਲ ਹੀ ਸਾਹਿਤ ਦੀ , ਉਸ ਦੀ ਆਪਣੀ ਸਰੰਚਨਾ ਅਤੇ ਇਤਿਹਾਸ ਤੋਂ, ਪਾਰ ਜਾਣ ਦੀ ਸਮਰੱਥਾ ਅਤੇ ਸ਼ਕਤੀ ਦਾ ਲੇਖਾ ਜੋਖਾ ਵੀ ਕੀਤਾ। ਉਸ ਕੋਲ ਇਸ ਗੱਲ ਦੀ ਬੁਨਿਆਦੀ ਸਮਝ ਸੀ ਕਿ ਸਾਹਿਤ ਇਤਿਹਾਸ ਵਿੱਚੋਂ ਜਨਮ ਲੈਂਦਾ ਹੈ , ਉਸ ਨਾਲ ਸੰਵਾਦ ਸਿਰਜਦਾ ਅਤੇ ਉਸ ਉੱਪਰ ਜਿੱਤ ਜਾਂ ਵਿਜੈ ਹਾਸਿਲ ਕਰ ਲੈਂਦਾ ਹੈ"।
ਮੋਹਨ ਸਿੰਘ ਦੀਵਾਨਾ ਦੀ "ਸਾਹਿਤ ਸਿੱਧਾਂਤਕਾਰੀ ਅਤੇ ਸਾਹਿਤ ਆਲੋਚਨਾ ਦੀ ਸਮਰੱਥਾ ਉਸ ਦੁਆਰਾ ਸਿਰਜੇ ਸਾਹਿਤ ਦੇ ਇਤਿਹਾਸਾਂ ਵਿਚ ਤਾਂ ਮੌਜੂਦ ਹੈ ਹੀ ਨਾਲ ਹੀ ਨਾਲ ਉਸ ਦੁਆਰਾ ਰਚੀਆਂ ਪੁਸਤਕਾਂ ' ਪੰਜਾਬੀ ਭਾਖਾ ਦੀ ਛੰਦਾਬੰਦੀ (1937), ਬੁਲ੍ਹੇ ਸ਼ਾਹ (1939), ਸੂਫ਼ੀਆਂ ਦਾ ਕਲਾਮ (1941), ਆਧੁਨਿਕ ਪੰਜਾਬੀ ਕਵਿਤਾ (1941), ਸ਼ਾਹ ਹੁਸੈਨ, ਜਤਿੰਦਰ ਸਾਹਿਤ ਸਰੋਵਰ (1950) ਅਤੇ ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ (1952) ਵਿੱਚੋਂ ਵੀ ਸਪਸ਼ਟ ਭਾਤ ਪਛਾਣੀ ਜਾ ਸਕਦੀ ਹੈ "।
' ਉਨ੍ਹਾਂ ਆਪਣੀਆਂ ਪੁਸਤਕਾਂ ਬੁਲ੍ਹੇ ਸ਼ਾਹ , ਸੂਫ਼ੀਆਂ ਦਾ ਕਲਾਮ ਅਤੇ ਸ਼ਾਹ ਹੁਸੈਨ ਵਿਚ ਉਹਨਾਂ ਹੱਥ- ਲਿਖਤ ਵਿਗਿਆਨ ਦੀ ਸੋਝੀ ਨੂੰ ਅਮਲੀ ਪ੍ਰਕਿਰਿਆ ਥਾਣੀਂ ਲੰਘਾਇਆ। ਇਨ੍ਹਾਂ ਕਿਤਾਬਾਂ ਵਿਚ ਉਨ੍ਹਾਂ ਦੁਆਰਾ ਸੂਫ਼ੀ ਕਵੀਆਂ ਦੀ ਰਚਨਾ ਦੇ ਕਰਤਿਤਵ ( ਕਰਤਾ ਦੀ ਪਛਾਣ ) , ਕਾਲ ਨਿਰਧਾਰਣ ਅਤੇ ਪ੍ਰਮਾਣਿਕ ਪਾਠਾਂ ਦੀ ਤਿਆਰੀ ਵਿਚੋਂ ਉਸ ਦੀ ਇਸ ਸੋਝੀ ਦੀ ਝਲਕ ਮਿਲਦੀ ਹੈ । ਇਨ੍ਹਾਂ ਕਿਤਾਬਾਂ ਰਾਹੀਂ ਉਹ ਸੂਫ਼ੀ ਕਾਵਿ ਧਾਰਾ ਨਾਲ ਸਬੰਧਿਤ ਬਹੁਤ ਸਾਰੀ ਸਮੱਗਰੀ ਨੂੰ ਇਕੱਤਰ ਕਰਦਾ ਅਤੇ ਸੰਭਾਲਦਾ ਤਾਂ ਹੈ ਨਾਲ ਹੀ ਨਾਲ ਇਸ ਦੇ ਨਮੂਨੇ ਪ੍ਰਸਤੁਤ ਕਰਦਾ , ਸੂਫ਼ੀ ਮੱਤ ਦੇ ਪਿਛੋਕੜ ਤੇ ਨਿਕਾਸ ਨਾਲ ਜੋੜ ਕੇ ਵਿਆਖਿਆ ਕਰਦਾ , ਹਰੇਕ ਸੂਫ਼ੀ ਕਵੀ ਦੇ ਕਲਾਮ ਦੀਆਂ ਖੂਬੀਆਂ ਨੂੰ ਉਭਾਰਦਾ, ਉਨ੍ਹਾਂ ਦੇ ਕਲਾਮ ਵਿਚ ਆਏ ਹਵਾਲਿਆ ਨੂੰ ਤਸ਼ਰੀਹ ਕਰਦਾ , ਇਤਿਹਾਸਕ ਵਿਅਕਤੀਆਂ ਦੇ ਜੀਵਨੀਮੂਲਕ ਵੇਰਵਿਆਂ ਨੂੰ ਦਰਜ ਕਰਦਾ ਅਤੇ ਤਿਆਰ ਕੀਤੇ ਗਏ ਪਾਠਾਂ ਨੂੰ ਸਮਝਣਯੋਗ ਬਣਾਉਣ ਲਈ ' ਅਰਥਾਵਲੀ ' ਵੀ ਦੇਂਦਾ ਹੈ '।
ਮੋਹਨ ਸਿੰਘ ਦੀਵਾਨਾ ਨੇ ਆਪਣੀ ਕਿਤਾਬ ' ਆਧੁਨਿਕ ਪੰਜਾਬੀ ਕਵਿਤਾ ' ਵਿਚ 1860 ਤੋਂ ਲੈ ਕੇ 1940 ਈ: ਤੱਕ ਦੀ ਨਵੀਂ ਪੰਜਾਬੀ ਕਵਿਤਾ ਦਾ ਸੰਪਾਦਨ ਕੀਤਾ ਹੈ। ਇਸ ਵਿਚ ਉਨ੍ਹਾਂ ਇਸ ਦੌਰ ਦੀਆਂ ਕਵਿਤਾਵਾਂ ਦਾ ਸਿਰਫ਼ ਸੰਪਾਦਨ ਹੀ ਨਹੀਂ ਕੀਤਾ ਸਗੋਂ ਇਸ ਕਵਿਤਾ ਦੇ ਵਿਸ਼ਿਆਂ , ਸ਼ੈਲੀ , ਵਿਸ਼ੇਸ਼ਤਾਵਾਂ ਅਤੇ ਗੁਣ ਤੇ ਦੋਸ਼ਾਂ ਨੂੰ ਵੀ ਉਭਾਰਿਆ ਹੈ। ਉਹ ਇਸ ਕਵਿਤਾ ਬਾਰੇ ਕਹਿੰਦਾ ਹੈ ਕਿ ਨਵੀਂ ਕਵਿਤਾ ਦਾ ਰਚੇਤਾ ਵਿਅਕਤੀਗਤ , ਸਮਾਜਿਕ ਅਤੇ ਕੌਮੀ ਜੀਵਨ ਦੇ ਮਸਲਿਆਂ ਵਿੱਚ ਵਧੇਰੇ ਤਵੱਜੋ ਦਿੰਦੀ ਹੈ , ਕੁਦਰਤ ਦੇ ਵਰਤਾਰਿਆਂ ਵੱਲ ਵਧੇਰੇ ਗਹੁ ਨਾਲ ਦੇਖਦਾ - ਬਿਆਨਦਾ ਹੈ ਅਤੇ ਪੁਰਾਤਨ ਨੂੰ ਨਵੇਂ ਜਾਵੀਏ ਤੋਂ ਮੁੜ ਸਿਰਜਦਾ ਹੈ
ਮੋਹਨ ਸਿੰਘ ਦੀਵਾਨਾ ਦੀ ਕਾਵਿ ਸੁਹਜ ਦੀ ਦ੍ਰਿਸ਼ਟੀ ਆਪਣੇ ਤੋਂ ਪੂਰਬਲੇ ਸਾਹਿਤ ਚਿੰਤਨ ਨਾਲੋਂ ਮੂਲੋ ਹੀ ਵੱਖ ਨਹੀਂ , ਉਹ ਪਵਿੱਤਰਤਾ, ਗਿਆਨ ਰਸ ਵਾਲੀ ਰਚਨਾ ਨੂੰ ਸਰਵੋਤਮ ਅਤੇ ਇਨ੍ਹਾਂ ਗੁਣਾਂ ਤੋਂ ਸੱਖਣੀ ਕਵਿਤਾ ਨੂੰ ਤੁੱਛ ਮੰਨਦਾ ਹੈ ।
ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਮੋਹਨ ਸਿੰਘ ਦੀਵਾਨਾ ਦੁਆਰਾ ਕੀਤਾ ਗਿਆ ਸਾਹਿਤ ਵਿਸ਼ਲੇਸ਼ਣ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਦੀ ਦ੍ਰਿਸ਼ਟੀ ਮੱਧਕਾਲਵਾਦੀ ਹੈ । ਉਹ 850 ਤੋਂ 1708 ਤੱਕ ਦੇ ਪੰਜਾਬੀ ਸਾਹਿਤ ਨੂੰ ਤਾਜ਼ਾ , ਤਾਕਤਵਰ , ਸਮਕਾਲੀਨ ਅਤੇ ਪ੍ਰੇਰਣਾਮਈ ਮੰਨਦਾ ਹੈ ਜਦਕਿ ਉਸ ਤੋਂ ਬਾਅਦ ਦੇ ਸਾਹਿਤ ਨੂੰ ' ਮਹਿਜ ਇਕ ਦਿਲਚਸਪੀ ਦਾ ਸਮਾਨ , ਰਸ -ਰਹਿਤ , ਬਲ - ਰਹਿਤ ਅਤੇ ਪ੍ਰਭਾਵ-ਰਹਿਤ ਸਮਝਦਾ ਹੈ । ਇਥੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਦੀਆਂ ਧਾਰਨਾਵਾਂ ਦਾ ਆਧਾਰ ਉਸ ਦੀ ਨਿੱਜੀ ਪਸੰਦ/ ਨਾਪਸੰਦ ਅਤੇ ਪ੍ਰਭਾਵਵਾਦੀ-ਪ੍ਰੰਸ਼ਸਾਵਾਦੀ ਬਿਰਤੀ ਹੀ ਹੈ ।
ਮੋਹਨ ਸਿੰਘ ਦੀਵਾਨਾ ਧਾਰਮਿਕ ਬਿਰਤੀ ਵਾਲਾ ਸਨਾਤਨੀ ਵਿਦਵਾਨ ਸੀ । ਉਸ ਦੀ ਸਾਹਿਤ ਇਤਿਹਾਸਕਾਰੀ ਅਤੇ ਸਾਹਿਤ ਅਧਿਐਨ ਦੀ ਵਿਧੀ ਇਤਿਹਾਸਵਾਦੀ ਹੈ ।
ਮੋਹਨ ਸਿੰਘ ਦੀਵਾਨਾ ਨੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਇਸ ਦੇ ਸੱਭਿਆਚਾਰਕ ਪਿਛੋਕੜ, ਪੰਜਾਬੀ ਮਾਨਸਿਕਤਾ ਅਤੇ ਇਸ ਦੇ ਅਨੂਠੇ ਸੁਭਾਅ ਦੇ ਪ੍ਰਸੰਗ ਵਿਚ ਪਛਾਣਨ ਦਾ ਉੱਦਮ ਕੀਤਾ ਹੈ ।
ਸਮੁੱਚੇ ਮੱਧਕਾਲੀ ਸਾਹਿਤ ਦੇ ਪਿਛੋਕੜ ਤੇ ਪਰਿਪੇਖ ਆਧਾਰਿਤ ਅਧਿਐਨ , ਇਤਿਹਾਸਵਾਦੀ ਦ੍ਰਿਸ਼ਟੀ , ਭਾਸ਼ਾਵਾਦੀ ਅਧਿਐਨ ਅਤੇ ਤੱਥਿਕ ਖੋਜ - ਮੂਲਕ ਬਿਰਤਿ ਕਰਕੇ ਜਿੱਥੇ ਉਹ ਆਪਣੀ ਅਧਿਐਨ ਵਿਧੀ ਅਤੇ ਆਲੋਚਨਾ ਦ੍ਰਿਸ਼ਟੀ ਦੀ ਵਿਲੱਖਣਤਾ ਸਿਰਜਦਾ ਹੈ ਉੱਥੇ ਪ੍ਰਭਾਵ- ਮੂਲਕ ਤੇ ਨਿੱਜੀ ਪ੍ਰਤਿਕਰਮ , ਰਉ ਆਧਾਰਿਤ ਸੂਤਰ ਅਤੇ ਵਿਚਾਰੀ ਕਿਸਮ ਦੀਆਂ ਧਾਰਨਾਵਾਂ ਆਦਿ ਉਸ ਦੀ ਆਲੋਚਨਾ ਦ੍ਰਿਸ਼ਟੀ ਦੀ ਸੀਮਾ ਵੀ ਉਭਾਰਦੇ ਹਨ ।
ਰਚਨਾਵਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਧੁੱਪ ਛਾਂ (1935)
- ਨੀਲ ਧਾਰਾ (1932)
- ਜਗਤ ਤਮਾਸ਼ਾ (1942)
- ਨਿਰੰਕਾਰੀ ਸਾਖੀਆਂ[15](1943)
- ਪਤਝੜ[16] (1944)
- ਮਸਤੀ (ਪਹਿਲਾ ਭਾਗ 1946)
- ਮਸਤੀ (1949)
- ਸੋਮਰਸ (1954)
ਕਹਾਣੀ ਸੰਗ੍ਰਹਿ
[ਸੋਧੋ]- ਦਵਿੰਦਰ ਬਤੀਸੀ
- ਪਰਾਂਦੀ
- ਰੰਗ ਤਮਾਸੇ
ਹੋਰ
[ਸੋਧੋ]ਹਵਾਲੇ
[ਸੋਧੋ]- ↑ Encyclopaedia of Indian Literature: page 811
- ↑ http://books.google.co.in/books/about/A_History_of_Punjabi_literature.html?id=srBjAAAAMAAJ
- ↑ 'ਨਿੱਕ ਸੁੱਕ, ਖੂੰਜੇ ਲੱਗਿਆ ਦੀਵਾਨਾ
- ↑ "Dr. Mohan Singh Uberoi Diwana: Bibliography, Brief Chronological ..." Archived from the original on 2013-01-02. Retrieved 2013-12-01.
{{cite web}}
: Unknown parameter|dead-url=
ignored (|url-status=
suggested) (help) - ↑ ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 238
- ↑ ਬਿਕਰਮ ਸਿੰਘ ਘੁੰਮਣ ਤੇ ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਜਿਲਦ ਦੂਜੀ), ਪੰਨਾ 44
- ↑ ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 238
- ↑ ਡਾ. ਮੋਹਨ ਸਿੰਘ ਦੀਵਾਨਾ, ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ
- ↑ ਡਾ. ਮੋਹਨ ਸਿੰਘ ਦੀਵਾਨਾ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ
- ↑ ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼
- ↑ ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 246
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ http://webopac.puchd.ac.in/w27/Result/Dtl/w21OneItem.aspx?xC=288848
- ↑ http://webopac.puchd.ac.in/w27/Result/Dtl/w21OneItem.aspx?xC=290470
- ↑ http://webopac.puchd.ac.in/w27/Result/w27AcptRslt.aspx?AID=854282&xF=T&xD=0&nS=2
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).