ਸਮੱਗਰੀ 'ਤੇ ਜਾਓ

ਸਾਕਾ ਗੁਰਦੁਆਰਾ ਪਾਉਂਟਾ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਉਂਟਾ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤੱਕ ਲਗਭਗ ਚਾਰ ਸਾਲ ਨਿਵਾਸ ਕੀਤਾ। ਇਹ ਰਮਣੀਕ ਥਾਂ ਜਮਨਾ ਦੇ ਕੰਡੇ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ। ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਚਾਰ ਬੇਟੇ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਤੋਂ ਕੰਘੇ ਵਿੱਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਆਰ ਦੂਨ ਵਿੱਚ ਜ਼ਮੀਨ ਲੈ ਕੇ ਸੰਮਤ 1742 ਵਿੱਚ ਜਮਨਾ ਦੇ ਕਿਨਾਰੇ ਤੇ ਇੱਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ਪਾਂਵਟਾ ਰੱਖਿਆ। ਭੰਗਾਣੀ ਦਾ ਜੰਗ ਇਸ ਕਿਲ੍ਹੇ ਵਿੱਚ ਰਹਿਣ ਸਮੇਂ ਹੀ ਹੋਇਆ ਸੀ, ਜਿਸ ਦਾ ਜਿਕਰ ਭਾਈ ਸੰਤੋਖ ਸਿੰਘ ਇਸ ਤਰ੍ਹਾਂ ਕਰਦੇ ਹਨ:

ਪਾਂਵ ਟਿਕਯੋ ਸਤਿਗੁਰੂ ਕੋ ਆਨੰਦਪੁਰਿ ਤੇ ਆਇ। ਨਾਮ ਧਰ੍ਯੋ ਇਮ ਪਾਂਵਟਾ ਸਭਿ ਦੇਸ਼ਨਿ ਪ੍ਰਗਟਾਇ। (ਗੁਰ ਪ੍ਰਤਾਪ ਸੂਰਜ, ਰਿਤੁ 1, ਅੰਸੂ 48)

ਗੁਰੂ ਗੋਬਿੰਦ ਸਿੰਘ ਜੀ ਪਿਛੋਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣੇ ਅਤੇ ਗੁਰੂ ਦਾ ਨਿਵਾਸ ਸਥਾਨ ਗੁਰਦੁਆਰਾ ਸਾਹਿਬ ਬਣ ਗਿਆ। ਸੰਗਤ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਨੂੰ ਹਰ ਸਮੇਂ ਤਿਆਰ ਰਹਿੰਦੀ ਹੈ। ਗੁਰਦੁਆਰਿਆਂ ਦੀ ਅਜ਼ਾਦੀ ਲਈ ਜੂਝੇ ਸਿੱਖਾਂ ਲਈ ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਹੀ ਹੈ।

"ਮਰਉ ਤ ਹਰਿ ਕੈ ਦੁਆਰ" ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਾਮਾ ਪਹਿਨਾ ਕੇ ਸਿੱਧ ਕੀਤਾ। ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਹੋ ਰਹੀ ਬੇ-ਅਦਬੀ ਨੂੰ ਰੋਕਣ ਲਈ ਸਿੱਖਾਂ ਨੇ ਕਦੀ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਬਾ ਦੀਪ ਸਿੰਘ ਤੇ ਕਦੀ ਸ. ਜੱਸਾ ਸਿੰਘ ਆਹਲੂਵਾਲੀਆ ਬਣ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਰਹੱਸ ਨੂੰ ਸਮਝ ਲਿਆ ਸੀ। ਉਸ ਨੇ ਵੀ ਸਿੱਖੀ ਦੇ ਸੋਮਿਆਂ ਨੂੰ ਨਰੋਆ ਕਰਨ ਲਈ ਪੂਰਾ ਜ਼ੋਰ ਲਗਾਇਆ। ਗੁਰਦੁਆਰਿਆਂ ਨੂੰ ਜਾਗੀਰਾਂ ਲਗਵਾਈਆਂ ਅਤੇ ਉਸ ਨੇ ਕਦੀ ਵੀ ਆਪਣੀ ਹਕੂਮਤ ਦਾ ਜ਼ੋਰ ਸ੍ਰੀ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਨਹੀਂ ਆਉਣ ਦਿੱਤਾ, ਸਗੋਂ ਇੱਕ ਵਾਰ ਉਹ ਅਕਾਲ ਤਖ਼ਤ ਸਾਹਿਬ ਤੇ ਦੋਸ਼ੀਆਂ ਵਾਂਗ ਪੇਸ਼ ਵੀ ਹੋਏ।

ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ ਤੋਂ ਮਸੰਦ, ਉਦਾਸੀ ਤੇ ਨਿਰਮਲੇ ਕਰਦੇ ਸਨ। ਉਹ ਸਭ ਗੁਰੂ ਦੁਆਰਾ ਦੱਸੀ ਰਹਿਤ-ਬਹਿਤ ਉੱਪਰ ਹੀ ਜ਼ੋਰ ਦਿੰਦੇ ਸਨ। 1716 ਤੋਂ 1799 ਤਕ ਤਕਰੀਬਨ ਸਭ ਗੁਰਦੁਆਰਿਆਂ ਦੀ ਸੇਵਾ ਸੰਭਾਲ ਇਨ੍ਹਾਂ ਹੱਥਾਂ ਵਿੱਚ ਆ ਗਈ। ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਇਨ੍ਹਾਂ ਵਿੱਚ ਕੁਰੀਤੀਆਂ ਆਈਆਂ ਅਤੇ ਅੰਧੇਰ-ਗਰਦੀ ਸ਼ੁਰੂ ਹੋ ਗਈ, ਜਿਸ ਕਾਰਨ ਰਹਿਤ-ਬਹਿਤ ਵਿੱਚ ਪੱਕੇ ਅਤੇ ਸੂਝਵਾਨ ਸਿੰਘਾਂ ਦੀ ਲੋੜ ਮਹਿਸੂਸ ਕੀਤੀ ਗਈ ਤਾਂ ਜੋ ਗੁਰਦੁਆਰਿਆਂ ਨੂੰ ਬੇ-ਅਦਬੀ ਤੋਂ ਬਚਾਇਆ ਜਾ ਸਕੇ। ਸਿੱਖ ਰਾਜ ਸਮੇਂ ਵੀ ਹਰਿਮੰਦਰ ਸਾਹਿਬ ਤੇ ਹੋਰ ਪ੍ਰਸਿੱਧ ਇਤਿਹਾਸਕ ਥਾਵਾਂ ਤੋਂ ਉਦਾਸੀਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਖਾਲਸਾ, ਰਾਜ-ਭਾਗ ਦੇ ਨਸ਼ੇ ਵਿੱਚ ਪੈ ਕੇ ਗੁਰਦੁਆਰਿਆਂ ਵੱਲੋਂ ਅਵੇਸਲਾ ਹੋ ਗਿਆ ਅਤੇ ਜਲਦੀ ਹੀ ਸਾਰੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਆ ਗਏ। ਸਿੱਖ ਰਾਜ ਉਪਰੰਤ ਉਨ੍ਹਾਂ ਨੇ ਆਪਣੀਆਂ ਮਨਮਾਨੀਆਂ ਕਰਨੀਆਂ ਆਰੰਭ ਦਿੱਤੀਆਂ। ਮਨਮੱਤ ਪ੍ਰਧਾਨ ਹੋ ਗਈ, ਗੁਰਦੁਆਰਿਆਂ ਨੂੰ ਆਪਣੀਆਂ ਜਾਇਦਾਦਾਂ ਬਣਾ ਕੇ ਕੁਰੀਤੀਆਂ ਆਰੰਭ ਦਿੱਤੀਆਂ। ਵੀਹਵੀਂ ਸਦੀ ਦੇ ਆਰੰਭ ਵਿੱਚ ਤਾਂ ਅਤਿ ਦੀ ਹੱਦ ਹੀ ਟੱਪ ਗਈ ਸੀ।

ਸ੍ਰੀ ਦਰਬਾਰ ਸਾਹਿਬ ਸਰਕਾਰੀ ਪਿੱਠੂਆਂ ਦਾ ਟਿਕਾਣਾ ਬਣ ਗਿਆ। ਕਾਮਾਗਾਟਾ ਮਾਰੂ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ਰਮਾਨ ਜਾਰੀ ਕੀਤਾ ਗਿਆ। ਜਲ੍ਹਿਆਂ ਵਾਲਾ ਬਾਗ਼ ਦੇ ਖੂਨੀ ਸਾਕੇ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਨੇ ਸਿਰੋਪਾ ਦਿੱਤਾ। ਤਰਨ ਤਾਰਨ ਦੇ ਪਵਿੱਤਰ ਸਰੋਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੀਆਂ ਜਾਂਦੀਆਂ ਸਨ, ਜਿਸ ਦਰਬਾਰ ਤੋਂ ਮਾਂ, ਭੈਣ, ਧੀ ਦੀ ਰਾਖੀ ਲਈ ਸਿੱਖ ਜੂਝਦੇ ਸਨ, ਉਥੇ ਹੀ ਮਾਂ, ਭੈਣ ਦੀ ਪਤਿ ਦਿਨ-ਦਿਹਾੜੇ ਲਾਹੀ ਜਾਣ ਲੱਗ ਪਈ। ਸ. ਹਜ਼ਾਰਾ ਸਿੰਘ ਨੇ ਇਸ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦੇ 31 ਜਨਵਰੀ 1921 ਨੂੰ ਟਕੂਏ ਨਾਲ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਪੰਥਕ ਹੱਥਾਂ ਵਿੱਚ ਆ ਗਿਆ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਇਸ ਘਟਨਾ ਤੋਂ 20 ਦਿਨ ਬਾਅਦ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਹੱਥੋਂ 19 ਫਰਵਰੀ 1921 ਨੂੰ ਜੰਡ ਨਾਲ ਬੰਨ੍ਹ ਕੇ ਪੁੱਠਾ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਨਨਕਾਣਾ ਸਾਹਿਬ ਮਹੰਤਾਂ ਹੱਥੋਂ ਅਜ਼ਾਦ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ ਅਤੇ ਵਿਸਾਖੀ ਵਾਲੇ ਦਿਨ ਸਾਰੇ ਗੁਰਦੁਆਰੇ ਪੰਥਕ ਹੱਥਾਂ ਵਿੱਚ ਆ ਗਏ।

ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ, ਜੋ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਆਪ ਜੀ ਦਾ ਬਹੁਤ ਸਤਕਾਰ ਸੀ। ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜੇ। ਪੰਥ ਨੇ ਮਹੰਤ ਜੀ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਦਾ ਕੰਮ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ ਸੀ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਸੀ, ਜਿਸ ਕਰਕੇ ਉਹ ਸਰਕਾਰ ਦੀ ਸ਼ਹਿ ਤੇ ਮਨਮੱਤੀਆਂ ਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਸੀ। ਸੰਗਤਾਂ ਨੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਹੁਕਮ ਸਿੰਘ ਅਤੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਅਤੇ ਸਾਬਕਾ ਪ੍ਰਧਾਨ ਸੰਤਾ ਸਿੰਘ ਨੂੰ ਆਪਣੇ ਪ੍ਰਤੀਨਿਧ ਮੰਡਲ ਨਾਲ ਮਿਲ ਕੇ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ, ਪਰ ਇਹ ਮਹੰਤ ਵਿਰੁੱਧ ਐਕਸ਼ਨ ਨਾ ਲੈ ਸਕੇ। ਗੁਰਦਿਆਲ ਸਿੰਘ ਨੇ ਬੁੱਢਾ ਦਲ ਦੇ ਮੁਖੀ ਬਾਬਾ ਚੇਤ ਸਿੰਘ ਪਾਸੋਂ ਆਪਣੀਆਂ ਭੁੱਲਾਂ ਦੀ ਖਿਮਾਂ ਮੰਗ ਕੇ ਅੰਮ੍ਰਿਤ ਛਕ ਲਿਆ।

ਜਦੋਂ ਬਾਬਾ ਜੀ ਪੰਜਾਬ ਵਾਪਸ ਆ ਗਏ ਤਾਂ ਮਹੰਤ ਪਹਿਲੀ ਚਾਲ ਤੇ ਫਿਰ ਉਸੇ ਤਰ੍ਹਾਂ ਮਨਮੱਤੀਆਂ ਕਰਨ ਲੱਗ ਪਿਆ, ਜਿਸ ਦੀ ਚਰਚਾ ਆਮ ਹੋਣ ਲੱਗ ਪਈ। ਇਸ ਕਾਰਨ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇੱਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਪਿੰਡ ਗੁਰਦੁਆਰਾ ਹਰੀਆਂ ਬੇਲਾਂ (ਹੁਸ਼ਿਆਰਪੁਰ) ਪਹੁੰਚਿਆ ਤੇ ਤਰੁਨਾ ਦਲ ਹਰੀਆਂ ਬੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ, ਜਿਸ ਨੂੰ ਦੇਖ ਕੇ ਮਹੰਤ ਘਬਰਾ ਗਿਆ ਅਤੇ ਉਸ ਨੇ ਭਾੜੇ ਦੇ ਬਦਮਾਸ਼ ਆਪਣੇ ਪਾਸ ਬੁਲਾ ਲਏ ਅਤੇ ਪੁਲਿਸ ਦਾ ਪ੍ਰਬੰਧ ਆਪਣੀ ਪਹੁੰਚ ਨਾਲ ਕਰ ਲਿਆ। ਇਹ ਮਹੰਤ ਬਹੁਤ ਚਤੁਰ ਚਲਾਕ ਸੀ।

ਇਧਰ ਗੁਰੂ ਕੇ ਸਿੰਘਾਂ ਨੇ ਪੁਰਾਤਨ ਮਰਯਾਦਾ ਅਨੁਸਾਰ ਸੰਗਤਾਂ ਵੱਲੋਂ ਰਸਦਾਂ ਇਕੱਠੀਆਂ ਹੋਣ ਤੇ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ। ਦਲ ਦੇ ਆਉਣ ਕਾਰਨ ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਗੈਸਟ ਹਾਊਸ ਬੁਲਾ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਆਰ. ਕੇ. ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਅਖੰਡ ਪਾਠ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਾ ਆਇਆ। ਆਖਿਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।

ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1964 ਸ਼ੁਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ, ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫ ਉਠਦੀ ਹੈ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਗਿਆ ਹੈ। ਦਿਨ ਦਿਹਾੜੇ ਨਿਹੱਥੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਸ਼ਰ੍ਹੇਆਮ ਗੋਲੀ ਚਲਾਈ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਅਖੰਡ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਵੀ ਨੀਚ ਕੰਮ ਉਸ ਸਮੇਂ ਕੀਤਾ ਗਿਆ, ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਦਾਗ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ, ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਤੇ ਡਿੱਗ ਪਿਆ।

ਕੋਲ ਖੜ੍ਹੇ ਸਿੰਘ ਬਾਬਾ ਨਿਹਾਲ ਸਿੰਘ ਜੀ, ਜੋ ਚੌਰ ਕਰ ਰਹੇ ਸਨ ਨੇ ਡਿਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਸ ਨੂੰ ਵੀ ਥਾਂ ਉਤੇ ਹੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਮੌਕੇ ਗੁਰਦੁਆਰਾ ਸਾਹਿਬ ਅੰਦਰ ਸਿਰਫ 9 ਸਿੰਘ ਸਨ, ਜਿਨ੍ਹਾਂ ਵਿਚੋਂ 8 ਸ਼ਹੀਦ ਹੋ ਗਏ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕਾਂ ਵਿੱਚ ਸੁੱਟ ਕੇ ਜੰਗਲ ਵਿੱਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਿਰਫ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ, ਜੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨ੍ਹਾਂ ਤਿੰਨਾਂ ਦਾ ਸਸਕਾਰ ਜਮਨਾ ਦੇ ਕਿਨਾਰੇ, ਪੂਰਨ ਮਰਯਾਦਾ ਅਨੁਸਾਰ 24 ਮਈ 1964 ਨੂੰ ਕੀਤਾ ਗਿਆ। ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਦਸਮ ਗ੍ਰੰਥ ਸਾਹਿਬ ਦੀ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਹੂ-ਲੁਹਾਨ ਹੋ ਗਿਆ ਸੀ, ਜੋ ਨਾਲ ਲੱਗਦੇ ਪਾਣੀ ਦੇ ਚੁਬੱਚੇ ਵਿੱਚ ਪੈ ਕੇ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਸੀ। ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਸ ਚੁਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ। ਗੁਰਦੁਆਰਾ ਸਾਹਿਬ ਦੀਆਂ ਚਾਰੇ ਦੀਵਾਰਾਂ ਗੋਲੀਆਂ ਨਾਲ ਛਲਣੀ ਛਲਣੀ ਹੋ ਗਈਆਂ ਸਨ। ਦੀਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਿੰਟ ਨਾਲ ਮਿਟਾਉਣ ਤੇ ਭਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਚੇਚਕ ਦੇ ਦਾਗ ਓਪਰੇ ਲੇਪਾਂ ਨਾਲ ਕਦੋਂ ਲੁਕਦੇ ਹਨ!

47 ਨਿਸ਼ਾਨ ਉਨ੍ਹਾਂ ਦੀ ਕੀਤੀ ਕਾਰੀਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ। ਇੱਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਪਹੁੰਚਾ ਰਿਹਾ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਖਤਮ ਕਰ ਦਿੱਤਾ ਗਿਆ। ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ। ਇਸ ਮੌਕੇ ਤੇ 11 ਨਿਹੰਗ ਸਿੰਘ ਸ਼ਹੀਦੀਆਂ ਪਾ ਗਏ ਸਨ। ਦਰੀਆਂ, ਚਾਦਰਾਂ ਜਿਨ੍ਹਾਂ ਉੱਪਰ ਖੂਨ ਡੁੱਲ੍ਹਾ ਹੋਇਆ ਸੀ, ਪੁਲਿਸ ਨਾਲ ਲੈ ਗਈ, ਪਰ ਜਿਸ ਕੱਪੜੇ ਨਾਲ ਖੂਨ ਦੇ ਧੱਬੇ ਫਰਸ਼ ਤੋਂ ਸਾਫ ਕੀਤੇ ਗਏ ਸਨ, ਉਹ ਉਥੇ ਹੀ ਛੱਡ ਗਏ, ਜੋ ਖੂਨੀ ਦਾਸਤਾਨ ਦੀ ਕਹਾਣੀ ਸੁਣਾ ਰਿਹਾ ਸੀ। ਇਸ ਮੌਕੇ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰੁਨਾ ਦਲ ਹਰੀਆਂ ਬੇਲਾਂ ਦੇ ਨਿਹੰਗ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਮੁੱਖ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੌਕੇ ਤੇ ਸਖ਼ਤ ਜ਼ਖਮੀ ਹੋਏ ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰੁਨਾ ਦਲ ਹਰੀਆਂ ਬੇਲਾਂ ਦੇ ਮੁੱਖ ਜਥੇਦਾਰ ਹਨ।