ਸਾਵੀਂ ਪੱਧਰੀ ਜ਼ਿੰਦਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵਾਰਤਕ ਪੁਸਤਕ ਸਾਵੀਂ ਪੱਧਰੀ ਜ਼ਿੰਦਗੀ ਦੀ ਜਿਲਦ
ਸਾਵੀਂ ਪੱਧਰੀ ਜ਼ਿੰਦਗੀ ਪੁਸਤਕ ਦੀ ਜਿਲਦ

ਸਾਵੀਂ ਪੱਧਰੀ ਜ਼ਿੰਦਗੀ ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਪੰਜਵੀਂ ਵਾਰਤਕ ਪੁਸਤਕ ਹੈ। ਉਹਨਾਂ ਵੱਲੋਂ ਆਪਣੀ ਪੁੱਤਰੀ ਉਮਾ ਨੂੰ ਅਰਪਿਤ ਕੀਤੀ ਇਹ ਪੁਸਤਕ ਪਹਿਲੀ ਵਾਰ 1943 ਵਿੱਚ ਪ੍ਰਕਾਸ਼ਿਤ ਹੋਈ ਸੀ।

ਤਤਕਰਾ[ਸੋਧੋ]

ਇਸ ਪੁਸਤਕ ਵਿਚ 16 ਲੇਖ ਹਨ :-

  1. ਮੇਰਾ ਮਨੋਰਥ
  2. ਖ਼ੁਸ਼ੀ
  3. ਪੂਰਨ ਭਾਈਚਾਰਾ
  4. ਪਿਆਰ
  5. ਲਿੰਗ-ਗਿਆਨ
  6. ਵਿਆਹ
  7. ਜੀਵਨ ਜਾਚ
  8. ਰੋਟੀ ਵੇਲਾ
  9. ਈਰਖਾ
  10. ਬੋਲ-ਚਾਲ ਦਾ ਹੁਨਰ
  11. ਕਾਮਯਾਬੀ
  12. ਸਾਵੀਂ ਪੱਧਰੀ ਜ਼ਿੰਦਗੀ
  13. ਖ਼ੁਸ਼ੀ ਕੀ ਹੈ ?
  14. ਖ਼ੁਸ਼ੀ ਦਾ ਮਾਰਗ
  15. ਖ਼ੁਸ਼ੀ ਮਨੋਵਿਗਿਆਨਕ ਪ੍ਰਾਣ ਹੈ
  16. ਮੌਤ-ਦੇਵ

ਇਨ੍ਹਾਂ ਲੇਖਾਂ ਵਿੱਚੋਂ 'ਕਾਮਯਾਬੀ' ਸਭ ਤੋਂ ਲੰਬਾ ਲੇਖ ਹੈ। ਕਈਆਂ ਲੇਖਾਂ ਵਿੱਚ ਦੁਹਰਾਓ ਹੈ ਅਤੇ ਕਿਤੇ ਕਿਤੇ ਵਾਧੂ ਵਿਸਤਾਰ ਵੀ ਹੈ।

ਮਨੋਰਥ[ਸੋਧੋ]

ਪੁਸਤਕ ਦੇ ਆਰੰਭ ਵਿੱਚ ਲੇਖਕ ਨੇ 28 ਫ਼ਰਵਰੀ 1943 ਨੂੰ ਜੋ ਭੂਮਿਕਾ ਲਿਖੀ ਉਸ ਵਿਚ ਰਚਨਾ ਦੇ ਮਨੋਰਥ ਨੂੰ ਸਪਸ਼ਟ ਕੀਤਾ ਕਿ ਇਕ ਵਾਰ ਇਕ ਵਿਦਵਾਨ ਨਿਰਮਲੇ ਸੰਤ ਉਸ ਕੋਲ ਆਏ ਅਤੇ ਆਪਣੀਆਂ ਤਿੰਨ ਜਗਿਆਸਾਵਾਂ ਪ੍ਰਗਟ ਕੀਤੀਆਂ। ਇਨ੍ਹਾਂ ਵਿਚੋਂ ਤੀਜੀ ਸੀ – ‘ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਆਦਰਸ਼ ਕੀ ਹੋ ਸਕਦਾ ਹੈ।’ ਇਸ ਪੁੱਛ ਦੇ ਉੱਤਰ ਵਜੋਂ ਇਸ ਪੁਸਤਕ ਦੀ ਯੋਜਨਾ ਬਣਾਈ ਗਈ।ਲੇਖਕ ਦੀ ਸਥਾਪਨਾ ਹੈ ਕਿ “ਜੀਵਨ ਸਾਗਰ ਵਿੱਚ ਸਾਡੀ ਸ਼ਖਸੀਅਤ ਦੀ ਨਿੱਕੀ ਜਿਹੀ ਨੱਈਆ ਜੇ ਸਾਵੀਂ ਹੈ ਤਾਂ ਵੱਡੀਆਂ ਪ੍ਰਾਪਤੀਆਂ ਛੱਲਾਂ ਉੱਤੇ ਛੁਲ੍ਹਕ ਕੇ ਵੀ ਇਸ ਦਾ ਕੁਝ ਨਹੀਂ ਹੋ ਵਿਗੜੇਗਾ, ਭਾਵੇਂ ਇਸ ਉੱਤੇ ਕਿੰਨਾ ਸਾਰਾ ਭਾਰ ਵੀ ਲੱਦਿਆ ਜਾਏ; ਪਰ ਇਸ ਦਾ ਅੱਗਾ ਪਿੱਛਾ, ਸੱਜਾ ਖੱਬਾ ਜੇ ਜ਼ਰਾ ਵੀ ਉਲਾਰ ਹੋ ਜਾਏ, ਤਾਂ ਭਾਰ ਲੱਦਣਾ ਤੇ ਕਿਤੇ ਰਿਹਾ, ਇਹ ਖ਼ਾਲੀ ਉਲਟੂੰ ਉਲਟੂੰ ਕਰਦੀ ਰਹੇਗੀ ਤੇ ਚੱਪੇ ਚੱਪੇ ਉੱਤੇ ਸਾਡਾ ਤ੍ਰਾਹ ਨਿਕਲਦਾ ਰਹੇਗਾ।” ਫਿਰ ਸੱਤਵੀਂ ਐਡੀਸ਼ਨ ਦੇ ਛਪਣ ਵੇਲੇ 27 ਜੁਲਾਈ 1959 ਨੂੰ ਲਿਖੀ ਇਕ ਹੋਰ ਭੂਮਿਕਾ ਵਿੱਚ ਸਾਵੀਂ ਪੱਧਰੀ ਜ਼ਿੰਦਗੀ ਦੇ ਸਰੂਪ ਨੂੰ ਹੋਰ ਸਪੱਸ਼ਟ ਕੀਤਾ ਗਿਆ ਹੈ। ਇਸ ਉਪਰੰਤ 1964 ਵਿੱਚ ਛਪੀ ਐਡੀਸ਼ਨ ਦੇ ਆਰੰਭ ਵਿੱਚ ਲੇਖਕ ਨੇ 22 ਅਕਤੂਬਰ1964 ਦੀ ਲਿਖੀ ਇੱਕ ਵੱਖਰੀ ਭੂਮਿਕਾ ਲਗਾਈ ਜਿਸ ਵਿਚ ਸੰਤੁਲਿਤ ਜੀਵਨ ਢੰਗ ਦਾ ਵਿਸ਼ਲੇਸ਼ਣ ਕਰਦਿਆਂ ਦੱਸਿਆ ਕਿ "ਜ਼ਿੰਦਗੀ ਦਾ ਸਾਵਾਂ ਪੱਧਰਾ ਰਹਿਣਾ ਬਹੁਤ ਕਰਕੇ ਸਾਡੇ ਜੀਵਨ ਫ਼ਲਸਫ਼ੇ ਉੱਤੇ ਨਿਰਭਰ ਕਰਦਾ ਹੈ।ਜੇ ਅਸੀਂ ਗਿਣੀ ਮਿਥੀ ਕਿਸਮਤ ਤੇ ਅਗਲੇ ਪਿਛਲੇ ਜਨਮ ਵਿਚ ਵਿਸ਼ਵਾਸ ਰੱਖਦੇ ਹਾਂ ਤਾਂ ਮਾੜੀ ਕਿਸਮਤ ਦਾ ਗਿਲਾ ਭਵਿੱਖ ਦਾ ਤੌਖਲਾ ਸਾਨੂੰ ਸਾਵਾਂ ਪੱਧਰਾ ਨਹੀਂ ਰਹਿਣ ਦੇਵੇਗਾ। ਜੇ ਸਾਡਾ ਵਿਸ਼ਵਾਸ ਇਹ ਹੈ ਕਿ ਜੋ ਕੁੱਝ ਵੀ ਅਸੀਂ ਹਾਂ, ਤੇ ਜੋ ਕੁੱਝ ਵੀ ਸਾਡੇ ਨਾਲ ਵਾਪਰਦਾ ਹੈ, ਸਾਡੀਆਂ ਆਸਾਂ ਤੇ ਸਾਡੇ ਅਮਲਾਂ ਦਾ ਹੀ ਪ੍ਰਤਿਕਰਮ ਹੁੰਦਾ ਹੈ, ਤਾਂ ਅਸੀਂ ਆਪਣੀਆਂ ਆਸਾਂ ਤੇ ਅਮਲਾਂ ਦੀ ਸੁਧਾਈ ਕਰਕੇ ਆਪਣੀ ਤਕਦੀਰ ਦੇ ਵੱਡ-ਰਾਜ ਬਣ ਸਕਦੇ ਹਾਂ... ਤਕਦੀਰ ਕੀ ਹੈ? ਮਨੁੱਖ ਦਾ ਬਣਿਆ ਤਣਿਆ ਚਾਲਚਲਣ। ਜੇ ਇਹ ਸਾਵਾਂ ਪੱਧਰਾ ਹੈ, ਤਾਂ ਤਕਦੀਰ ਵੀ ਸਾਵੀਂ ਪੱਧਰੀ ਹੋਵੇਗੀ।[1]

ਹਵਾਲੇ[ਸੋਧੋ]

  1. ਜੱਗੀ, ਰਤਨ ਸਿੰਘ (ਸੰਪਾ.) (1996). ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪ੍ਰਤੀਨਿਧ ਲੇਖ (ਪਹਿਲੀ ਸੈਂਚੀ). ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 25. ISBN 81-7380-214-9. OCLC 36430501.