ਸਾਹਿਤ ਦਰਪਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਮਿਕਾ[ਸੋਧੋ]

(ਸੰਸਕ੍ਰਿਤ: साहित्यदर्पणम्) ਸੰਸਕ੍ਰਿਤ ਭਾਸ਼ਾ ਵਿੱਚ ਸਾਹਿਤ ਸੰਬੰਧੀ ਮਹਾਨ ਗਰੰਥ ਹੈ। ਇਸਦੇ ਰਚਣਹਾਰ ਵਿਸ਼ਵਨਾਥ ਹਨ। ਸਾਹਿਤ ਦਰਪਣ ਦੇ ਰਚਣਹਾਰ ਦਾ ਸਮਾਂ 14ਵੀਂ ਸ਼ਤਾਬਦੀ ਮੰਨਿਆ ਜਾਂਦਾ ਹੈ। ਮੰਮਟ ਦੇ ਕਾਵਿਪ੍ਰਕਾਸ਼ ਦੇ ਅਨੰਤਰ ਸਾਹਿਤ ਦਰਪਣ ਪ੍ਰਮੁੱਖ ਰਚਨਾ ਹੈ। ਕਵਿਤਾ ਦੇ ਸ਼ਰਵਣੀ ਅਤੇ ਦ੍ਰਿਸ਼ ਦੋਨਾਂ ਪ੍ਰਭੇਦਾਂ ਦੇ ਸੰਬੰਧ ਵਿੱਚ ਸੁਸਪਸ਼ਟ ਵਿਚਾਰਾਂ ਦਾ ਭਰਪੂਰ ਪਰਕਾਸ਼ਨ ਇਸ ਗਰੰਥ ਦੀ ਵਿਸ਼ੇਸ਼ਤਾ ਹੈ। ਕਵਿਤਾ ਪ੍ਰਕਾਸ਼ ਦੀ ਤਰ੍ਹਾਂ ਇਸਦਾ ਵਿਭਾਜਨ 10 ਪਰਿਛੇਦਾਂ ਵਿੱਚ ਹੈ ਅਤੇ ਆਮ ਤੌਰ ਤੇ ਉਸੀ ਕ੍ਰਮ ਨਾਲ ਵਿਸ਼ਾ-ਵਿਵੇਚਨ ਵੀ ਹੈ। ਸਾਹਿਤ ਰੂਪੀ ਦਰਪਣ ਵਿੱਚ ਜੀਵਨ ਦਾ ਸਰੂਪ ਦਿਖਦਾ ਹੈ ਅਤੇ ਇਹ 'ਸਾਹਿਤਯ ਦਰਪਣ' ਜਿਸਦਾ ਉਲਥਾ ਕੀਤਾ ਗਿਆ ਹੈ। ਇਸ ਦੇ ਕਰਤਾ ਵਿਸ਼ਵਨਾਥ ਅਨੁਸਾਰ ਸਾਹਿਤ ਦਾ ਠੀਕ ਸਰੂਪ ਦਿਖਾਉਣ ਵਾਲਾ ਸ਼ੀਸ਼ਾ ਹੈ। ਇੱਥੇ ਸਾਹਿਤ ਸ਼ਬਦ ਕਾਵਿ ਲਈ ਹੀ ਵਰਤਿਆ ਗਿਆ ਹੈ, ਕਿਉਂ ਕਿ ਇਹ ਕਿਰਤ ਕਾਵਿ-ਸ਼ਾਸਤਰ ਹੀ ਹੈ- ਇਸ ਵਿੱਚ ਕਾਵਿ ਦੇ ਭੇਦਾਂ ਦਾ ਹੀ ਵਰਨਣ ਹੈ।[1]

ਸਾਹਿਤਯ ਦਰਪਣ ਦੇ ਪਰਿਛੇਦ[ਸੋਧੋ]

ਸਾਹਿਤ ਦਰਪਣ 10 ਪਰਿਛੇਦਾਂ ਵਿੱਚ ਵੰਡਿਆ ਹੈ[2]:

ਪਹਿਲੇ ਪਰਿੱਛੇਦ ਵਿੱਚ ਕਾਵਿ ਪ੍ਰਯੋਜਨ, ਲੱਛਣ ਆਦਿ ਪੇਸ਼ ਕਰਦੇ ਹੋਏ ਗਰੰਥਕਾਰ ਨੇ ਮੰਮਟ ਦੇ ਕਵਿਤਾ ਲੱਛਣ "ਤਦਦੋਸ਼ੌ ਸ਼ਬਦਾਰਥੋਂ ਸਗੁਣਾਵਨਲੰਕ੍ਰਿਤੀ ਪੁੰਨ: ਕਵਾਪਿ" ਦਾ ਖੰਡਨ ਕੀਤਾ ਹੈ ਅਤੇ ਆਪਣੇ ਦੁਆਰਾ ਪੇਸ਼ ਲੱਛਣ "ਵਾਕਿਅਂ ਰਸਾਤਮਕਂ ਕਾਵਿਅੰ" ਨੂੰ ਹੀ ਸ਼ੁੱਧਤਮ ਕਵਿਤਾ ਲੱਛਣ ਪ੍ਰਤੀਪਾਦਿਤ ਕੀਤਾ ਹੈ। ਕਾਵਿ ਦੇ ਰਚਨ ਜਾਂ ਪੜ੍ਹਨ ਨਾਲ ਧਰਮ, ਅਰਥ, ਕਾਮ, ਮੋਕਸ਼ ਮਿਲਦਾ ਹੈ। 'ਥੋੜੇ ਦੋਸ਼ ਵਾਲੇ ਸ਼ਬਦਾਂ ਅਤੇ ਅਰਥਾਂ ਨੂੰ ਕਾਵਿ ਆਖਦੇ ਹਨ' ਅਤੇ ਰਸ ਤੋਂ ਬਿਨਾਂ ਕਾਵਿਕਤਾ ਨਹੀਂ ਹੁੰਦੀ, ਰਸਾਭਾਸ, ਭਾਵਭਸਾਦਿ ਵੀ ਇਸਦੇ ਅਰਥ ਲਏ ਜਾਂਦੇ ਹਨ। 'ਸ਼ੁਤ੍ਰੀਦੁਸ਼ਟ ਅਪੁਸ਼ਟਾਰਥਤਾ ਆਦਿ ਸ਼ਬਦ ਦੋਸ਼ ਹਨ'[3]

ਮਾਧੁਰਤਾ ਗੁਣ, ਉਪਮਾ ਆਦਿ ਅਲੰਕਾਰ ਅਤੇ ਵੈਦਰਭੀ ਆਦਿ ਰੀਤੀਆਂ ਸ਼ਬਦ ਅਤੇ ਅਰਥ ਨੂੰ ਵਧੀਆ ਬਣਾ ਕੇ ਕਾਵਿ ਦੀ ਆਤਮਾ ਰਸ ਨੂੰ ਉਚਿਆ ਕੇ ਕਾਵਿ ਦਾ ਸੁਹਜ ਵਧਾਉਂਦੇ ਹਨ।

ਦੂਸਰੇ ਪਰਿੱਛੇਦ ਵਿੱਚ ਵਾਚੀ ਅਤੇ ਪਦ ਦਾ ਲੱਛਣ ਕਹਿਣ ਦੇ ਬਾਅਦ ਸ਼ਬਦ ਦੀਆਂ ਸ਼ਕਤੀਆਂ - ਅਭਿਧਾ, ਲਕਸ਼ਣਾ, ਅਤੇ ਵਿਅੰਜਨਾ ਦਾ ਵਿਵੇਚਨ ਅਤੇ ਵਰਗੀਕਰਣ ਕੀਤਾ ਗਿਆ ਹੈ। ਯੋਗਤਾ, ਆਕਾਂਖਿਆ, ਆਸੱਤੀ ਵਾਲੇ ਪਦ ਸਮੂਹ ਨੂੰ ਵਾਕ ਆਖਦੇ ਹਨ। ਵਾਕ ਦੋ ਪ੍ਰਕਾਰ ਦੇ ਮੰਨੇ ਗਏ ਹਨ-ਵਾਕ ਅਤੇ ਮਹਾਵਾਕ। ਅਰਥ ਨੂੰ ਤਿੰਨ ਪ੍ਰਕਾਰ ਦਾ ਮੰਨਿਆ ਹੈ- ਵਾਚਿਆਰਥ, ਲਕਸ਼ਿਆਰਥ ਅਤੇ ਵਿਅੰਗਿਆਰਥ। ਜਿਸ ਸ਼ਬਦ ਸ਼ਕਤੀ ਦੁਆਰਾ ਸ਼ਬਦ ਦੇ ਮੁੱਖ ਅਰਥ ਦਾ ਬੋਧ ਹੁੰਦਾ ਹੈ ਅਤੇ ਜਿਹੜੀ ਰਚਨਾ ਸ਼ਬਦ ਦੀ ਪਹਿਲੀ ਸ਼ਕਤੀ ਹੈ, ਉਸ ਨੂੰ ਅਭਿਧਾ ਕਹਿੰਦੇ ਹਨ। ਕਿਸੇ ਸ਼ਬਦ ਦਾ ਮੁੱਖ ਅਰਥ (ਬਾਕੀ ਵਾਕ ਨਾਲ) ਢੁੱਕਦਾ ਫੱਬਦਾ ਨਾ ਹੋਵੇ ਜਾਂ ਕਿਸੇ ਹੋਰ ਉਦੇਸ਼ ਕਰਕੇ ਜਿਸ ਸ਼ਕਤੀ ਨਾਲ ਉਸ ਦਾ ਸੰਬੰਧੀ ਦੂਜਾ ਅਰਥ ਜਾਣਿਆ ਜਾਂਦਾ ਹੈ, ਉਸ ਨੂੰ ਲਕਸ਼ਣਾ ਸ਼ਕਤੀ ਕਹਿੰਦੇ ਹਨ। ਲਕਸ਼ਣਾ ਸੋਲਾਂ ਪ੍ਰਕਾਰ ਦੀ ਮੰਨੀ ਗਈ ਹੈ। 'ਫਲ ਲਕਸ਼ਣਾਵਾਂ' ਸਭ ਮਿਲ ਕੇ ਬੱਤੀ ਪ੍ਰਕਾਰ ਦੀ ਮੰਨੀ ਹੈ। ਰੂੜੀ ਲਕਸ਼ਣਾਵਾਂ ਅੱਠ, ਪ੍ਰਯੋਜਨ ਵਾਲੀਆਂ ਬੱਤੀ, ਐਵੇਂ ਸਾਰੇ ਚਾਲੀ ਭੇਦ ਦੱਸੇ ਗਏ ਹਨ। ਸ਼ਬਦ ਵਿੱਚ ਰਹਿਣ ਵਾਲੀ ਵਿਅੰਜਨਾ ਦੋ ਪ੍ਰਕਾਰ ਦੀ ਹੈ, ਇੱਕ ਅਭਿਧਾ ਮੂਲਾ ਅਤੇ ਦੂਜੀ ਲਕਸ਼ਣਾ ਮੂਲਾ।[4]

ਤੀਸਰੇ ਪਰਿੱਛੇਦ ਵਿੱਚ ਰਸ ਨਿਸਪਤੀ ਦਾ ਵਿਵੇਚਨ ਹੈ ਅਤੇ ਰਸ-ਨਿਰੂਪਣ ਦੇ ਨਾਲ ਨਾਲ ਇਸ ਪਰਿੱਛੇਦ ਵਿੱਚ ਨਾਇਕ/ਨਾਇਕਾ ਭੇਦ ਉੱਤੇ ਵੀ ਵਿਚਾਰ ਕੀਤਾ ਗਿਆ ਹੈ। 'ਜਿਹੜਾ ਭਾਵ ਰਸ ਦਾ ਰੂਪ ਧਾਰਨ ਕਰ ਲੈਂਦਾ ਹੈ, ਉਹ ਟਿਕਵਾਂ ਹੋ ਜਾਂਦਾ ਹੈ।[5] ਵਿਭਾਵ ਦੇ ਦੋ ਭੇਦ ਮੰਨੇ ਹਨ- ਆਲੰਬਨ ਅਤੇ ਉਦੀਪਨ। ਨਾਇਕ ਦੇ ਚਾਰ ਭੇਦ ਮੰਨੇ ਹਨ- ਧੀਰੋਦਾਤ, ਧੀਰੋਧੱਤ, ਧੀਰਲਲਿਤ ਅਤੇ ਧੀਰ ਪ੍ਰਸ਼ਾਂਤ। ਨਾਇਕਾ ਦੇ 48 ਭੇਦ ਕਹੇ ਗਏ ਹਨ। ਰਸਾਂ ਦਾ ਆਪੋ ਵਿਚਲੇ ਵਿਰੋਧ ਦਾ ਵਰਨਣ ਵੀ ਕੀਤਾ ਹੈ।

ਚੌਥੇ ਪਰਿੱਛੇਦ ਵਿੱਚ ਕਵਿਤਾ ਦੇ ਭੇਦ ਧੁਨੀਕਾਵਿ ਅਤੇ ਗੁਣੀਭੂਤ - ਵਿਅੰਗਕਾਵਿ ਆਦਿ ਦਾ ਵਿਵੇਚਨ ਹੈ। ਕਾਵਿ ਦੇ ਦੋ ਭੇਦ ਧੁਨੀ ਅਤੇ ਗੁਣੀ ਭੂਤ ਵਿਅੰਗ ਨੂੰ ਕਿਹਾ ਗਿਆ ਹੈ। ਧੁਨੀ ਦੇ ਵੀ ਦੋ ਭੇਦ ਕਹੇ ਗਏ ਹਨ- ਲਕਸ਼ਣਾ ਮੂਲਕ ਅਤੇ ਅਭਿਧਾ ਮੂਲਕ। ਅਭਿਧਾ ਮੂਲਕ ਧੁਨੀ ਦੇ ਦੋ ਭੇਦ ਅਸੰਲਕਸ਼ਯਕਰਮ ਵਿਅੰਗਯ ਅਤੇ ਲਕਸ਼ਯ ਕ੍ਰਮ ਵਿਅੰਗਯ ਕਹੇ ਗਏ ਹਨ ਪਰ ਇਹਨਾਂ ਵਿਚੋਂ ਪਹਿਲਾ ਅਰਥਾਤ ਅਸੰਲਕਸ਼ਯਕਰਮ ਰਸਭਾਵਾਦਿ ਇਸ (ਅਲੰਕਾਰ ਸ਼ਾਸਤਰ) ਵਿੱਚ ਇਕੋ ਪ੍ਰਕਾਰ ਦਾ ਗਿਣਿਆਂ ਜਾਂਦਾ ਹੈ, ਕਿਉਂ ਜੋ ਉਸ (ਵਿਅੰਗਯ) ਦਾ ਇੱਕ ਹੀ ਭੇਦ ਵੀ ਅਨੰਤ ਹੋਣ ਕਰਕੇ ਗਿਣਿਆ ਹੀ ਨਹੀਂ ਜਾ ਸਕਦਾ।[6]

ਲਕਸ਼ਯਕ੍ਰਮ ਵਿਅੰਗਯ ਧੁਨੀ ਦੇ ਤਿੰਨ ਭੇਦ ਕਹੇ ਹਨ-ਸ਼ਬਦ ਦੀ ਸ਼ਕਤੀ ਤੋਂ, ਅਰਥ ਦੀ ਸ਼ਕਤੀ ਤੋਂ ਜਾਂ ਸ਼ਬਦ ਤੋਂ ਪਰਮਦ ਹੋ ਸਕਦਾ ਹੈ। ਅਰਥ ਸ਼ਕਤੀ ਮੂਲਕ ਵਿਅੰਗਯ ਦੇ ਬਾਰਾਂ ਭੇਦ ਕਰੇ ਹਨ। ਧੁਨੀ ਕਾਵਿ ਦੇ 18 ਤਰ੍ਹਾਂ ਦੇ ਭੇਦ ਕਹੇ ਗਏ ਹਨ। ਅਭਿਧਾਮੂਲ ਵਿਵਕਸ਼ਿਤਾਨਿਅਮਰ ਵਾਚਯ 16 ਪ੍ਰਕਾਰ ਦਾ ਹੈ। ਗੁਣੀਭੂਤ ਵਿਅੰਗਯ ਦੇ ਅੱਠ ਭੇਦ ਕਹੇ ਹਨ।

ਪੰਜਵੇਂ ਪਰਿੱਛੇਦ ਵਿੱਚ ਧੁਨੀ-ਸਿਧਾਂਤ ਦੇ ਵਿਰੋਧੀ ਸਾਰੇ ਮਤਾਂ ਦਾ ਤਰਕਪੂਰਣ ਖੰਡਨ ਅਤੇ ਇਸਦਾ ਸਮਰਥਨ ਹੈ।

ਛੇਵੇਂ ਪਰਿੱਛੇਦ ਵਿੱਚ ਨਾਟ-ਸ਼ਾਸਤਰ ਨਾਲ ਸੰਬੰਧਿਤ ਮਜ਼ਮੂਨਾਂ ਦਾ ਪ੍ਰਤੀਪਾਦਨ ਹੈ। ਇਹ ਪਰਿੱਛੇਦ ਸਭ ਤੋਂ ਵੱਡਾ ਹੈ ਅਤੇ ਇਸ ਵਿੱਚ ਲੱਗਪੱਗ 300 ਕਾਰਿਕਾਵਾਂ ਹਨ, ਜਦੋਂ ਕਿ ਸੰਪੂਰਣ ਗਰੰਥ ਦੀ ਕਾਰਿਕਾ ਗਿਣਤੀ 760 ਹੈ। ਵਿੱਚ ਕਾਵਿ ਦੇ ਦੋ ਭੇਦ ਦ੍ਰਿਸ਼ਯ ਅਤੇ ਸ਼੍ਰਵਯ ਦੱਸੇ ਗਏ ਹਨ। ਅਵਸਥਾਵਾਂ ਦੀ ਨਕਲ ਕਰਨਾ ਹੀ ਅਭਿਨੈ ਹੈ। ਇਹ ਵਾਰ ਪ੍ਰਕਾਰ ਦਾ ਹੈ- ਆਂਗਿਕ, ਵਾਚਿਕ, ਆਹਾਰਯ ਅਤੇ ਸਾਤਵਿਕ। ਰੂਪਕ ਦੇ ਭੇਦ- ਨਾਟਕ, ਪ੍ਰਕਰਣ, ਭਾਵ, ਵਿਆਯੋਗ, ਸਮਵਕਾਰ, ਡਿਮ, ਈਹਾਮਿਰਗ, ਅੰਕ, ਵੀਥੀ ਅਤੇ ਪ੍ਰਹਸਨ ਇਹ ਦਸ ਦੱਸੇ ਹਨ। ਉਪਰੂਪਕ ਦੇ 18 ਭੇਦ ਹਨ।

ਨਾਟਕ ਦਾ ਲੱਛਣ- ਨਾਟਕ ਦੀ ਕਥਾ ਪ੍ਰਸਿੱਧ ਹੋਣੀ ਚਾਹੀਦੀ ਹੈ। ਇਸ ਦੀਆਂ ਪੰਜ ਸੰਧੀਆਂ ਹੋਣੀਆਂ ਚਾਹੀਦੀਆਂ ਹਨ, ਇਸ ਵਿੱਚ ਵਿਲਾਸ, ਰਿਧੀ ਆਦਿ ਗੁਣ ਹੋਣੇ ਚਾਹੀਦੇ ਹਨ। ਇਸ ਵਿੱਚ ਨਾਇਕ ਦੇ ਕਈ ਤਰ੍ਹਾਂ ਦੇ ਐਸ਼ਵਰਜਾਂ ਦਾ ਵਰਨਣ ਹੋਣਾ ਚਾਹੀਦਾ ਹੈ। ਇਹ ਸੁੱਖ ਅਤੇ ਦੁੱਖ ਦੇ ਭਾਵਾਂ ਦਾ ਭਰਪੂਰ ਅਤੇ ਅਨੇਕ ਰਸਾਂ ਵਾਲਾ ਹੋਣਾ ਚਾਹੀਦਾ ਹੈ। ਇਸ ਦੇ ਪੰਜ ਤੋਂ ਦਸ ਤੱਕ ਅੰਕ ਹੁੰਦੇ ਹਨ। ਇਸ ਦਾ ਨਾਇਕ ਉੱਘੀ ਕੁੱਲ ਦਾ ਰਾਜਰਿਖੀ, ਧੀਰੋਦਾਤ, ਪ੍ਰਤਾਪੀ ਭਾਵੇਂ ਦਿੱਬ ਹੋਵੇ ਅਤੇ ਭਾਵੇਂ ਦਿੱਬਿਆਦਯ, ਗੁਣਾਂ ਵਾਲਾ ਹੋਣਾ ਚਾਹੀਦਾ ਹੈ। ਇਸ ਦਾ ਪ੍ਰਧਾਨ ਰਸ ਇੱਕ ਹੋਣਾ ਚਾਹੀਦਾ ਹੈ, ਭਾਵੇਂ ਸ਼ਿੰਗਾਰ ਹੋਵੇ ਅਤੇ ਭਾਵੇਂ ਵੀਰ, ਹੋਰ ਸੱਭੇ ਰਸ ਉਸਦੇ ਅੰਗ ਹੁੰਦੇ ਹਨ। ਨਾਇਕ ਦੇ ਕੰਮ ਵਿੱਚ ਚਾਰ ਪੰਜ ਮੁੱਖ ਪਾਤਰ ਲੱਗੇ ਰਹਿਣੇ ਚਾਹੀਦੇ ਹਨ।[7]

ਪ੍ਰਸਤਾਵਨਾ ਦੇ ਪੰਜ ਭੇਦ-ਉਦਘਾਤਕ, ਕਥੋਦਘਾਤ, ਪ੍ਰਯੋਗਾਤਿਸ਼ੂ, ਪ੍ਰਵਰਤਕ ਅਤੇ ਅਵਲਗਿਤ ਮੰਨੇ ਹਨ। ਵਸਤੂ ਦੇ ਦੋ ਭੇਦ ਅਧਿਕਾਰਿਕ ਅਤੇ ਦੂਜਾ ਪ੍ਰਾਸੰਗਿਕ ਦੱਸੇ ਗਏ ਹਨ।

ਬਿੰਦੂ- ਜਦ ਨਾਟਕ ਦਾ ਕੋਈ ਭਾਗ ਸਮਾਪਤ ਹੋ ਜਾਂਦਾ ਹੈ, ਤਦ ਪ੍ਰਧਾਨ ਕਥਾ ਨੂੰ ਚਾਲੂ ਕਰਨ ਦੇ ਕਾਰਨ ਨੂੰ ਬਿੰਦੂ ਆਖਦੇ ਹਨ।

ਸੱਤਵੇਂ ਪਰਿੱਛੇਦ ਵਿੱਚ ਦੋਸ਼ ਨਿਰੂਪਣ। ਕਾਵਿ ਦੇ ਦੋਸ਼ਾਂ, ਗੁਣਾਂ, ਰੀਤੀਆਂ ਅਤੇ ਅਲੰਕਾਰਾਂ ਦਾ ਵਰਣਨ ਕ੍ਰਮ ਦੱਸਿਆ ਗਿਆ ਹੈ। ਕਾਵਿ ਦੇ ਰਸ ਦੀ ਚਮਤਕਾਰੀ ਨੂੰ ਘਟਾਉਣ ਵਾਲੇ ਦੋਸ਼ ਹੁੰਦੇ ਹਨ। ਦੋਸ਼ਾਂ ਦੇ ਭੇਦ 5 ਮੰਨੇ ਹਨ- ਪਦ, ਪਦ ਦੇ ਅੰਸ਼, ਵਾਕ, ਅਰਥ ਅਤੇ ਰਸ ਮੰਨੇ ਗਏ ਹਨ। ਵਾਕਾਂ ਦੇ 23 ਦੋਸ਼ ਮੰਨੇ ਗਏ ਹਨ। ਇਸ ਤਰ੍ਹਾਂ ਅਰਥ ਦੇ ਵੀ 23 ਦੋਸ਼  ਅਤੇ ਰਸ ਦੋਸ਼ 14 ਮੰਨੇ ਗਏ ਹਨ।

ਅਠਵੇਂ ਪਰਿੱਛੇਦ ਵਿੱਚ ਤਿੰਨ ਗੁਣਾਂ ਦਾ ਵਿਵੇਚਨ। ਗੁਣ ਤਿੰਨ ਪ੍ਰਕਾਰ ਦੇ ਹਨ- ਮਧੁਰਤਾ, ਓਜ, ਪ੍ਰਸਾਦ।

ਮਧੁਰਤਾ- ਹਿਰਦੇ ਦੇ ਪਿਘਰਨ ਕਰਕੇ ਜੋ ਆਨੰਦ ਆਉਂਦਾ ਹੈ ਉਸ ਨੂੰ ਮਧੁਰਤਾ ਆਖਦੇ ਹਨ। ਇਸ ਵਿੱਚ ਸ਼ਿੰਗਾਰ ਅਤੇ ਸ਼ਾਤ (ਕਰੁਣਾ) ਰਸ ਦੀ ਉਤਪੱਤੀ ਹੁੰਦੀ ਹੈ। ਮਧੁਰਤਾ ਨੂੰ ਪ੍ਰਗਟ ਕਰਨ ਵਾਲੇ ਵਰਣ- ਟ,ਠ,ਡ,ਢ ਨੂੰ ਛੱਡ ਕੇ ਇਸ ਵਿੱਚ 'ਣ', 'ਰ' ਉਸ ਮਧੁਰਤਾ ਨੂਮ ਪ੍ਰਗਟ ਕਰਨ ਦੇ ਕਾਰਨ ਹਨ।

ਓਜ- ਜਦੋਂ ਚਿੱਤ ਨੂੰ ਵਿਸਤਾਰ ਮਿਲੇ ਤੇ ਉਤਪੰਨ ਪੈਦਾ ਹੋਵੇ, ਜੋਸ਼ ਉਤਸ਼ਾਹ ਆਵੇ, ਉਸ ਨੂੰ ਓਜ ਆਖਦੇ ਹਨ। ਇਸ ਵਿੱਚ ਵੀਰ ਰਸ, ਰੌਦਰ ਰਸ ਹੁੰਦਾ ਹੈ। ਮਧੁਰਯ ਦੇ ਉਲਟ ਓਜ ਨੂੰ ਪ੍ਰਗਟ ਕਰਨ ਵਾਲੇ ਟ, ਠ, ਡ, ਢ ਵਰਨਾਂ ਦੀ ਵਰਤੋਂ ਹੁੰਦੀ ਹੈ।

ਪ੍ਰਸਾਦ- ਗੁਣ ਵਿੱਚ ਜਿਹੜੇ ਸ਼ਬਦ ਸੁਣਦੇ ਸਾਰ ਅਰਥ ਦਾ ਬੋਧ ਕਰਵਾ ਦਿੰਦੇ ਹਨ, ਉਸ ਨੂੰ ਪ੍ਰਸਾਦ ਗੁਣ ਕਹਿੰਦੇ ਹਨ।

ਨੌਵੇਂ ਪਰਿੱਛੇਦ ਵਿੱਚ ਵੈਦਰਭੀ, ਗੌੜੀ, ਪਾਂਚਾਲੀ ਆਦਿ ਰੀਤੀਆਂ ਉੱਤੇ ਵਿਚਾਰ ਕੀਤਾ ਗਿਆ ਹੈ। ਪਦਾਂ ਦਾ ਠੀਕ ਜੋੜ ਹੀ ਰੀਤੀ ਹੈ। ਇਹ ਵੀ ਸਰੀਰ ਦੇ ਗਠਨ ਵਾਂਗ ਹੁੰਦੀ ਹੈ ਅਤੇ ਰਸ, ਭਾਵ ਆਦਿ ਦੀ ਪੁਸ਼ਟੀ ਕਰਦੀ ਹੈ। ਸ਼ਬਦ ਅਤੇ ਅਰਥ ਦੋਵੇਂ ਕਾਵਿ ਦੇ ਸਰੀਰ ਹੁੰਦੇ ਹਨ। ਰੀਤੀ ਚਾਰ ਪ੍ਰਕਾਰ ਦੀ ਦੱਸੀ ਗਈ ਹੈ- ਵੈਦਰਭੀ, ਗੌੜੀ, ਪਾਂਚਾਲੀ ਅਤੇ ਲਾਟੀ।

ਵੈਦਰਵੀ- ਮਧੁਰਤਾ ਪ੍ਰਗਟ ਕਰਨ ਵਾਲਿਆਂ ਵਰਣਾ ਵਾਲੀ, ਸਮਾਸ ਰਹਿਤ ਜਾਂ ਥੋੜ੍ਹੇ ਸਮਾਸਾਂ ਵਾਲੀ ਸੋਹਣੀ ਰਚਨਾ ਵੈਦਰਵੀ ਕਹੀ ਜਾਂਦੀ ਹੈ।

ਗੌੜੀ- ਅਜਿਹੀ ਪ੍ਰਚੰਡ ਰਚਨਾ ਜਿਸ ਵਿੱਚ ਸਮਾਸਾਂ ਦੀ ਭਰਮਾਰ ਹੋਵੇ ਅਤੇ ਜਿਸ ਦੇ ਵਰਣ ਓਜ ਪ੍ਰਗਟ ਕਰਨ ਵਾਲੇ ਹੋਣ, ਉਸ ਨੂੰ ਗੌੜੀ ਕਿਹਾ ਜਾਂਦਾ ਹੈ।

ਪਾਂਚਾਲੀ- ਜਿਸ ਵਿੱਚ ਮਿੱਠੀ, ਸੋਹਲ, ਓਜ ਅਤੇ ਕੰਤੀ ਵਾਲੀ ਰਚਨਾ ਨੂੰ ਪਾਂਚਾਲੀ ਰੀਤੀ ਕਹਿੰਦੇ ਹਨ।

ਲਾਟੀ- ਜਿਹੜੀ ਰਚਨਾ ਸੋਹਲ ਪਦਾਂ ਦੇ ਸਮਾਸਾਂ ਨਾਲ ਸਜੀ ਹੋਵੇ ਅਤੇ ਜਿਸ ਵਿੱਚ ਸੰਯੁਕਤ ਵਰਣਾਂ ਦੀ ਭਰਮਾਰ ਨਾ ਹੋਵੇ। ਜਿਸ ਵਿੱਚ ਉਚਿਤ ਵਿਸ਼ੇਸ਼ਣਾਂ ਨਾਲ ਵਸਤੂ ਦਾ ਵਰਨਣ ਹੋਵੇ, ਉਸ ਨੂੰ ਲਾਟੀ ਰੀਤੀ ਆਖਦੇ ਹਨ।

ਦਸਵੇਂ ਪਰਿੱਛੇਦ ਵਿੱਚ ਅਲੰਕਾਰਾਂ ਦਾ ਉਦਾਹਰਣ-ਸਹਿਤ ਨਿਰੂਪਣ ਹੈ ਜਿਨ੍ਹਾਂ ਵਿੱਚ 12 ਸ਼ਬਦਾਲੰਕਾਰ, 70 ਅਰਥਾਲੰਕਾਰ ਅਤੇ ਰਸਵਤ ਆਦਿ ਕੁਲ 89 ਅਲੰਕਾਰ ਗਿਣੇ ਗਏ ਹਨ। ਅਲੰਕਾਰ ਸ਼ਬਦ ਅਤੇ ਅਰਥ ਦੇ ਨਾ ਟਿਕੇ ਰਹਿਣ ਵਾਲੇ ਧਰਮ, ਜੋ ਉਹਨਾਂ ਦੇ ਸੁਹਜ ਨੂੰ ਵਧਾਉਂਦੇ ਹਨ, ਅਤੇ ਰਸ ਆਦਿ ਦਾ ਉਪਕਾਰ ਕਰਦੇ ਹਨ, ਉਹ ਅਲੰਕਾਰ ਕਹੇ ਜਾਂਦੇ ਹਨ। ਜੋ ਸਰੀਰ ਨੂੰ ਸਜਾਉਣ ਵਾਲੇ ਗਹਿਣਿਆਂ ਵਾਂਗ ਹੁੰਦੇ ਹਨ।

ਹਵਾਲੇ[ਸੋਧੋ]

  1. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 1.
  2. http://www.sanskrit.nic.in/DigitalBook/S/Sahityadarpan.pdf
  3. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 8.
  4. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 18.
  5. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 24.
  6. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 106.
  7. ਵਿਸ਼ਵਨਾਥ, ਆਚਾਰੀਆ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ. p. 138.

ਬਾਹਰੀ ਲਿੰਕ[ਸੋਧੋ]

ਟੈਕਸਟ