ਸੇਮੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਖ਼ਤ ਗੁੰਨੇ ਮੈਦੇ ਵਿਚੋਂ ਕੱਢੀਆਂ ਪਤਲੀਆਂ ਗੋਲ ਤਾਰਾਂ ਨੂੰ, ਜਿਨ੍ਹਾਂ ਨੂੰ ਸੁੱਕਾ ਕੇ, ਭੁੰਨ ਕੇ, ਉਬਾਲ ਕੇ, ਮਿੱਠਾ ਪਾ ਕੇ, ਘਿਉ ਪਾ ਕੇ ਖਾਧਾ ਜਾਂਦਾ ਹੈ, ਸੋਮੀਆਂ ਕਹਿੰਦੇ ਹਨ। ਕਈ ਇਨ੍ਹਾਂ ਨੂੰ ਸੇਵੀਆਂ ਕਹਿੰਦੇ ਹਨ। ਸੇਮੀਆਂ ਨੂੰ ਦੁੱਧ ਵਿਚ ਉਬਾਲ ਕੇ ਵਿਚ ਮਿੱਠਾ ਪਾ ਕੇ ਵੀ ਖਾਧਾ ਜਾਂਦਾ ਹੈ। ਗੁੜ ਦੀ ਚਾਸ ਬਣਾ ਕੇ ਵੀ ਸੇਮੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਸੇਮੀਆਂ ਨੂੰ ਗਡਾਣੇ ਦੀਆਂ ਸੇਮੀਆਂ ਕਹਿੰਦੇ ਹਨ। ਫੋਕੇ ਪਾਣੀ ਵਿਚ ਸੇਮੀਆਂ ਉਬਾਲ ਕੇ ਵੀ ਸੇਮੀਆਂ ਬਣਦੀਆਂ ਹਨ। ਇਨ੍ਹਾਂ ਸੇਮੀਆਂ ਵਿਚ ਰਹੇ ਪਾਣੀ ਨੂੰ ਪੋਣੀ ਨਾਲ ਪੁਣ ਕੇ ਬਾਹਰ ਕੱਢਿਆ ਜਾਂਦਾ ਹੈ। ਇਸ ਪਾਣੀ ਨੂੰ ਪਿੱਛ ਕਹਿੰਦੇ ਹਨ। ਇਨ੍ਹਾਂ ਸੇਮੀਆਂ ਨੂੰ ਸ਼ੱਕਰ ਘਿਉ ਪਾ ਕੇ ਖਾਂਦੇ ਹਨ। ਇਨ੍ਹਾਂ ਨੂੰ ਸ਼ੱਕਰ ਸੇਮੀਆਂ ਕਹਿੰਦੇ ਹਨ।

ਸੇਮੀਆਂ ਹੱਥਾਂ ਨਾਲ ਦੋ ਤਰ੍ਹਾਂ ਦੀਆਂ ਵੱਟੀਆਂ ਜਾਂਦੀਆਂ ਸਨ/ਹਨ। ਇਕ ਸੋਮੀਆਂ ਚਾਟੀ/ਘੜੇ ਨੂੰ ਮੂਧਾ ਮਾਰ ਕੇ ਉਸ ਉੱਪਰ ਵੱਟੀਆਂ ਜਾਂਦੀਆਂ ਸਨ। ਇਕ ਸੇਮੀਆਂ ਕੱਲੇ ਹੱਥਾਂ ਨਾਲ ਹੀ ਵੱਟੀਆਂ ਜਾਂਦੀਆਂ ਸਨ। ਇਨ੍ਹਾਂ ਨੂੰ ਜੌਂ ਸੇਮੀਆਂ ਕਹਿੰਦੇ ਸਨ। ਸੇਮੀਆਂ ਵੱਟਣ ਲਈ ਮੈਦੇ ਨੂੰ ਥੋੜ੍ਹਾ ਸਖ਼ਤ ਗੁੰਨ੍ਹ ਕੇ ਬੜਾ ਸਾਰਾ ਪੇੜਾ ਬਣਾਇਆ ਜਾਂਦਾ ਸੀ। ਕਈ ਪਰਿਵਾਰ ਸੇਮੀਆਂ ਨੂੰ ਨਰਮ, ਪੋਲਾ ਬਣਾਉਣ ਲਈ ਮੈਦ ਵਿਚ ਥੋੜ੍ਹੀ ਜਿਹੀ ਸੂਜੀ ਪਾ ਲੈਂਦੇ ਸਨ। ਕਈ ਸ਼ੁਕੀਨ ਜਨਾਨੀਆਂ ਗੁਲਾਬੀ ਜਾਂ ਪੀਲਾ ਰੰਗ ਪਾ ਕੇ ਵੀ ਮੈਦਾ ਗੁੰਨ੍ਹ ਲੈਂਦੀਆਂ ਸਨ। ਬੜੇ ਪੇੜੇ ਨੂੰ ਸੁੱਕਣ ਤੋਂ ਬਚਾਉਣ ਲਈ ਉਸ ਨੂੰ ਸਰ੍ਹੋਂ ਦਾ ਤੇਲ ਲਾ ਕੇ ਪੋਣੇ ਵਿਚ ਵਲ੍ਹੇਟ ਕੇ ਰੱਖਿਆ ਜਾਂਦਾ ਸੀ। ਸੇਮੀਆਂ ਵੱਟਣ ਵਾਲੀਆਂ ਜਨਾਨੀਆਂ ਬੜੇ ਪੇੜੇ ਵਿਚੋਂ ਛੋਟੇ-ਛੋਟੇ ਪੇੜੇ ਲੈ ਕੇ ਹੱਥਾਂ ਦੀਆਂ ਹਥੇਲੀਆਂ ਨਾਲ ਮੂਧੇ ਮਾਰੇ ਘੜੇ/ਚਾਟੀਆਂ ਉੱਪਰ ਸੇਮੀਆਂ ਵੱਟਦੀਆਂ ਸਨ। ਫੇਰ ਵੱਟੀਆਂ ਸੇਮੀਆਂ ਦੇ ਗੁੱਛੇ ਨੂੰ ਤੋੜ ਕੇ ਸੁਕਾਉਣ ਲਈ ਧੁੱਪੇ ਰੱਖੀਆਂ ਕਰੀਰ ਦੀਆਂ ਝਿੰਗਾਂ ਉੱਪਰ ਪਾ ਦਿੱਤਾ ਜਾਂਦਾ ਸੀ। ਜਦ ਸੇਮੀਆਂ ਸੁੱਕ ਜਾਂਦੀਆਂ ਸਨ ਤਾਂ ਇਨ੍ਹਾਂ ਨੂੰ ਟੁੱਟੇ ਚਾਟੀ ਜਾਂ ਘੜੇ ਦੇ ਥੱਲੇ ਵਿਚ ਜਾਂ ਲੋਹੇ ਦੇ ਕੂੰਡੇ ਜਾਂ ਕੜਾਹੀ ਵਿਚ ਭੰਨਿਆ ਜਾਂਦਾ ਸੀ। ਇਸ ਤਰ੍ਹਾਂ ਸੇਮੀਆਂ ਤਿਆਰ ਹੁੰਦੀਆਂ ਸਨ।

ਜੌਂ ਸੇਮੀਆਂ ਦੋਵਾਂ ਹੱਥਾਂ ਵਿਚ ਥੋੜ੍ਹੀ-ਥੋੜ੍ਹੀ ਪੇੜੀ ਲੈ ਕੇ ਗੁਠੇ ਤੇ ਉਂਗਲਾਂ ਦੀ ਦਾਬ ਨਾਲ ਵੱਟੀਆਂ ਜਾਂਦੀਆਂ ਸਨ। ਇਹ ਸੇਮੀਆਂ ਥੋੜ੍ਹੀਆਂ ਜਿਹੀਆਂ ਹੀ ਲੰਮੀਆਂ ਹੁੰਦੀਆਂ ਸਨ। ਏਸੇ ਕਰਕੇ ਇਨ੍ਹਾਂ ਨੂੰ ਜੌਂ ਸੇਮੀਆਂ ਕਹਿੰਦੇ ਸਨ। ਇਨ੍ਹਾਂ ਨੂੰ ਵੀ ਝਿੰਗਾਂ ਤੇ ਸੁੱਕਾ ਕੇ ਕੜਾਹੀ ਵਿਚ ਭੁੰਨਿਆ ਜਾਂਦਾ ਸੀ।

ਫੇਰ ਸੇਮੀਆਂ ਵੱਟਣ ਵਾਲੀਆਂ ਮਸ਼ੀਨਾਂ ਚੱਲ ਪਈਆਂ। ਮਸ਼ੀਨ ਨੂੰ ਮੰਜੇ ਦੀ ਪੈਂਦ ਵਾਲੀ ਬਾਹੀ ਨਾਲ ਬੰਨ੍ਹ ਦਿੰਦੇ ਸਨ। ਇਕ ਜਨਾਨੀ ਮਸ਼ੀਨ ਵਿਚ ਪੇੜੇ ਤੁੰਨਦੀ ਸੀ। ਦੂਸਰੀ ਜਨਾਨੀ ਮੰਜੇ ਉੱਪਰ ਬੈਠ ਕੇ ਮਸ਼ੀਨ ਨੂੰ ਗੇੜਦੀ ਸੀ। ਗੇੜਣ ਨਾਲ ਪੇੜੇ ਵਿਚੋਂ ਸੇਮੀਆਂ ਬਣਦੀਆਂ ਸਨ। ਨਿਕਲੀਆਂ ਸੇਮੀਆਂ ਨੂੰ ਮਸ਼ੀਨ ਮੁੱਢੋਂ ਤੋੜ ਕੇ ਝਿੰਗਾਂ ਉੱਪਰ ਪਾ ਕੇ ਸੁਕਾ ਲੈਂਦੇ ਸਨ। ਇਨ੍ਹਾਂ ਸੇਮੀਆਂ ਨੂੰ ਜਿੰਦੇ/ਜਿੰਦੀ ਦੀਆਂ ਸੇਮੀਆਂ ਕਹਿੰਦੇ ਸਨ।

ਹੁਣ ਕੋਈ ਟਾਵਾਂ-ਟਾਵਾਂ ਘਰ ਹੀ ਚਾਟੀ/ਘੜੇ ਤੇ ਸੇਮੀਆਂ ਵੱਟਦਾ ਹੈ। ਜੌਂ ਸੇਮੀਆਂ ਹੁਣ ਕੋਈ ਨਹੀਂ ਵੱਟਦਾ। ਜਿੰਦੇ/ਜਿੰਦੀ ਦੀਆਂ ਸੇਮੀਆਂ ਵੀ ਬਹੁਤ ਘੱਟ ਪਰਿਵਾਰ ਵੱਟਦੇ ਹਨ। ਹੁਣ ਬਾਜ਼ਾਰ ਵਿਚੋਂ ਮਸ਼ੀਨਾਂ ਨਾਲ ਭਾਂਤ-ਭਾਂਤ ਕਿਸਮ ਦੀਆਂ ਵੱਟੀਆਂ ਸੇਮੀਆਂ ਆਮ ਮਿਲਦੀਆਂ ਹਨ। ਹੁਣ ਮਿੱਠੀਆਂ ਸੇਮੀਆਂ ਖਾਣ ਦਾ ਰਿਵਾਜ ਵੀ ਦਿਨੋਂ ਦਿਨ ਘੱਟ ਰਿਹਾ ਹੈ। ਅਸੀਂ ਇਕ ਸ਼ੁੱਧ ਸਵੀਟ ਡਿਸ਼ ਤੋਂ ਹੌਲੀ-ਹੌਲੀ ਵਾਂਝੇ ਹੋ ਰਹੇ ਹਾਂ।

ਹੁਣ ਲੂਣ ਵਾਲੀਆਂ ਸੇਮੀਆਂ ਖਾਣ ਦਾ ਰਿਵਾਜ ਚੱਲ ਪਿਆ ਹੈ, ਜਿਸ ਨੂੰ ਨੂਡਲਜ਼ ਕਹਿੰਦੇ ਹਨ। ਨੂਡਲਜ਼ ਬਾਜ਼ਾਰ ਵਿਚੋਂ ਆਮ ਮਿਲਦੇ ਹਨ।[1]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.