ਸੰਚਾਰ ਪ੍ਰਕਿਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਚਾਰ ਪ੍ਰਕਿਰਿਆ ਤੋਂ ਭਾਵ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚਕਾਰ ਹੋਣ ਵਾਲੀ ਗੱਲਬਾਤ ਤੋਂ ਹੈ। ਇਸ ਪ੍ਰਕਿਰਿਆ ਵਿੱਚ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਆਪਣੇ ਦਿਮਾਗ਼ ਵਿੱਚ ਵਿਚਾਰ ਉਪਜਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਨੂੰ ਸ਼ਬਦੀ ਰੂਪ ਦੇ ਕੇ ਦੂਜਿਆਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਫ਼ਿਰ ਅਖੀਰ 'ਤੇ ਦੂਜੇ ਵਿਅਕਤੀ ਵੱਲੋਂ ਦਿੱਤਾ ਜਾਣ ਵਾਲਾ ਹੁੰਗਾਰਾ ਸ਼ਾਮਿਲ ਹੁੰਦਾ ਹੈ। ਇਹ ਪ੍ਰਕਿਰਿਆ 6 ਹਿੱਸਿਆਂ ਵਿੱਚ ਵਾਪਰਦੀ ਹੈ।

ਕਾਰਜਵਿਧੀ[ਸੋਧੋ]

ਸੰਚਾਰ ਪ੍ਰਕਿਰਿਆ ਦੀ ਕਾਰਜਵਿਧੀ ਦੇ ਛੇ ਮੁੱਖ ਹਿੱਸੇ ਹੁੰਦੇ ਹਨ- ਵਿਚਾਰ ਉਤਪਤੀ, ਵਿਚਾਰਾਂ ਦਾ ਸ਼ਬਦੀਕਰਨ, ਵਿਚਾਰ ਲਈ ਮਾਧਿਅਮ, ਵਿਚਾਰ ਪ੍ਰਾਪਤੀਕਰਨ, ਸ਼ਬਦੀਕਰਨ ਦਾ ਵਿਚਾਰੀਕਰਨ, ਹੁੰਗਾਰਾ ਭਰਣਾ। ਇਹਨਾਂ ਹਿੱਸਿਆਂ ਦਾ ਵਿਸਥਾਰਪੂਰਵਕ ਵਰਨਣ ਹੇਠਾਂ ਦਿੱਤੇ ਅਨੁਸਾਰ ਹੈ।

ਵਿਚਾਰ ਉਤਪਤੀ[ਸੋਧੋ]

ਸੰਚਾਰ ਪ੍ਰਕਿਰਿਆ ਦਾ ਸਭ ਤੋਂ ਪਹਿਲਾ ਭਾਗ ਵਿਚਾਰ ਦੀ ਉਤਪਤੀ ਹੈ। ਜਦੋਂ ਕਿਤੇ ਦੋ ਜਾਂ ਦੋ ਤੋਂ ਵੱਧ ਲੋਕ ਸੰਚਾਰ ਪ੍ਰਕਿਰਿਆ ਸ਼ੁਰੂ ਕਰਨ ਲੱਗਦੇ ਹਨ ਤਾਂ ਇਸਦੀ ਸ਼ੁਰੂਆਤ ਬੋਲਣ ਵਾਲੇ ਦੇ ਦਿਮਾਗ਼ ਵਿੱਚ ਵਿਚਾਰਾਂ ਦੀ ਉਤਪਤੀ ਤੋਂ ਹੁੰਦਾ ਹੈ। ਜਦੋਂ ਵੀ ਆਪਾਂ ਕਿਸੇ ਨੂੰ ਕੋਈ ਗੱਲ ਕਹਿਣੀ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਗੱਲ ਦਾ ਵਿਚਾਰ ਆਪਣੇ ਦਿਮਾਗ਼ ਵਿੱਚ ਉਤਪੰਨ ਹੁੰਦਾ ਹੈ। ਇਸੇ ਨੂੰ ਵਿਚਾਰ ਉਤਪਤੀ ਕਹਿੰਦੇ ਹਨ। ਸੰਚਾਰ ਪ੍ਰਕਿਰਿਆ ਦਾ ਮੁੱਢ ਇਹ ਹੀ ਹੈ।

ਵਿਚਾਰਾਂ ਦਾ ਸ਼ਬਦੀਕਰਨ[ਸੋਧੋ]

ਸੰਚਾਰ ਪ੍ਰਕਿਰਿਆ ਦੇ ਦੂਜੇ ਭਾਗ ਵਿੱਚ ਦਿਮਾਗ਼ ਵਿੱਚ ਉਪਜੇ ਵਿਚਾਰਾਂ ਨੂੰ ਦਿਮਾਗ਼ ਰਾਹੀਂ ਬੜੀ ਹੀ ਤੇਜ਼ ਗਤੀ ਨਾਲ ਸ਼ਬਦੀ ਰੂਪ ਦਿੱਤਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਵਿਚਾਰਾਂ ਦਾ ਸ਼ਬਦੀਕਰਨ ਕਿਹਾ ਜਾਂਦਾ ਹੈ। ਇਹ ਸ਼ਬਦੀਕਰਨ ਦਿਮਾਗ਼ ਵੱਲੋਂ ਕੀਤਾ ਜਾਂਦਾ ਹੈ ਅਤੇ 95% ਇਹ ਸ਼ਬਦੀਕਰਨ ਸਭ ਤੋਂ ਪਹਿਲਾਂ ਮਾਂ-ਬੋਲੀ ਵਿੱਚ ਹੀ ਹੁੰਦਾ ਹੈ। ਜੇਕਰ ਬੋਲਣ ਵਾਲੇ ਨੇ ਇਹ ਗੱਲ ਕਿਸੇ ਨੂੰ ਮਾਂ-ਬੋਲੀ ਤੋਂ ਇਲਾਵਾ ਹੋਰ ਬੋਲੀ ਵਿੱਚ ਵੀ ਬੋਲਣੀ ਹੋਵੇ ਤਾਂ ਫ਼ਿਰ ਇਹ ਪ੍ਰਕਿਰਿਆ ਹੀ ਇੱਕ ਕਦਮ ਅੱਗੇ ਚੱਲਦੀ ਹੈ।

ਵਿਚਾਰ ਲਈ ਮਾਧਿਅਮ[ਸੋਧੋ]

ਸੰਚਾਰ ਪ੍ਰਕਿਰਿਆ ਵਿੱਚ ਮਾਧਿਅਮ ਤੋਂ ਭਾਵ ਇਹ ਹੈ ਕਿ ਆਪਾਂ ਆਪਣੀ ਗੱਲ ਦੂਜੇ ਸਾਹਮਣੇ ਕਿਸ ਤਰ੍ਹਾਂ ਰੱਖਦੇ ਹਾਂ। ਇਸਦੇ ਅੱਗੋਂ ਮੁੱਖ ਤਿੰਨ ਹਿੱਸੇ ਹੁੰਦੇ ਹਨ- ਬੋਲ ਕੇ, ਲਿਖ ਕੇ ਅਤੇ ਇਸ਼ਾਰਿਆਂ ਰਾਹੀਂ। ਇਹ ਗੱਲ ਸੰਚਾਰ ਕਰਨ ਵਾਲੇ ਵਿਅਕਤੀ ਉੱਪਰ ਨਿਰਭਰ ਕਰਦੀ ਹੈ ਕਿ ਉਸਨੇ ਆਪਣੀ ਗੱਲ ਜਾਂ ਵਿਚਾਰ ਦੱਸਣ ਲਈ ਉਪਰੋਕਤ ਵਿੱਚੋਂ ਕਿਸ ਮਾਧਿਅਮ ਦੀ ਚੋਣ ਕਰਨੀ ਹੈ। ਬੋਲ ਕੇ ਕਹੀ ਗੱਲ ਨੂੰ ਗੌਰ ਨਾਲ ਸੁਣਿਆ ਜਾਂਦਾ ਹੈ ਅਤੇ ਲਿਖੀ ਗੱਲ ਨੂੰ ਧਿਆਨ ਨਾਲ ਪੜ੍ਹ ਕੇ ਉਸਦਾ ਮਤਲਬ ਸਪਸ਼ਟ ਹੁੰਦਾ ਹੈ। ਇਸ਼ਾਰਿਆਂ ਰਾਹੀਂ ਹੋਈ ਗੱਲਬਾਤ ਵੀ ਇਸੇ ਤਰ੍ਹਾਂ ਹੀ ਧਿਆਨ ਲਗਾ ਕੇ ਸਮਝੀ ਜਾਂਦੀ ਹੈ।

ਵਿਚਾਰ ਪ੍ਰਾਪਤੀਕਰਨ[ਸੋਧੋ]

ਇੱਕ ਵਿਅਕਤੀ ਜਦੋਂ ਦੂਜੇ ਵਿਅਕਤੀ ਜਾਂ ਵਿਅਕਤੀਆਂ ਤੱਕ ਸਹੀ ਮਾਧਿਅਮ ਦੀ ਚੋਣ ਕਰਕੇ ਆਪਣੇ ਵਿਚਾਰ ਪੇਸ਼ ਕਰਦਾ ਹੈ ਤਾਂ ਦੂਜੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਇਸ ਵਿਚਾਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਇਸ ਢੰਗ ਨੂੰ ਵਿਚਾਰ ਪ੍ਰਾਪਤੀਕਰਨ ਕਿਹਾ ਜਾਂਦਾ ਹੈ। ਇਸ ਹਿੱਸੇ ਵਿੱਚ ਸੁਣਨ ਵਾਲੇ ਵਿਅਕਤੀ ਦੇ ਦਿਮਾਗ਼ ਵਿੱਚ ਉਹ ਸਾਰੇ ਅੱਖਰ ਪ੍ਰਵੇਸ਼ ਕਰਦੇ ਹਨ ਜੋ ਉਸਨੇ ਬੋਲਣ ਵਾਲੇ ਕੋਲੋਂ ਸੁਣੇ ਹੁੰਦੇ ਹਨ।

ਸ਼ਬਦੀਕਰਨ ਦਾ ਵਿਚਾਰੀਕਰਨ[ਸੋਧੋ]

ਇਸ ਪ੍ਰਕਿਰਿਆ ਦੇ ਇਸ ਹਿੱਸੇ ਵਿੱਚ ਸੁਣਨ ਵਾਲੇ ਦੇ ਦਿਮਾਗ਼ ਵਿੱਚ ਅੱਖਰਾਂ, ਇਸ਼ਾਰਿਆਂ ਅਤੇ ਧੁਨੀਆਂ ਦੇ ਪ੍ਰਵੇਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿਮਾਗ਼ ਦੁਆਰਾ ਵਿਚਾਰਾਂ ਵਿੱਚ ਪਲਟਿਆ ਜਾਂਦਾ ਹੈ। ਇਸ ਨੂੰ ਸ਼ਬਦੀਕਰਨ ਦਾ ਵਿਚਾਰੀਕਰਨ ਕਿਹਾ ਜਾਂਦਾ ਹੈ। ਸ਼ਬਦਾਂ ਨੂੰ ਦਿਮਾਗ਼ ਦੁਆਰਾ ਪਲਟਣ ਦਾ ਕਾਰਨ ਇਹ ਹੈ ਕਿ ਦਿਮਾਗ਼ ਕੇਵਲ ਭਾਵਨਾਵਾਂ ਜਾਂ ਵਿਚਾਰ ਹੀ ਸਮਝਦਾ ਹੈ ਇਸ ਲਈ ਵਕਤ ਦੇ ਕਈ ਗੁਣਾ ਛੋਟੇ ਹਿੱਸੇ ਦੇ ਦੌਰਾਨ ਹੀ ਦਿਮਾਗ਼ ਵੱਲੋਂ ਸ਼ਬਦਾਂ ਤੋਂ ਵਿਚਾਰਾਂ ਦਾ ਉਲੱਥਾ ਕਰ ਲਿਆ ਜਾਂਦਾ ਹੈ।

ਹੁੰਗਾਰਾ[ਸੋਧੋ]

ਹੁੰਗਾਰਾ ਆਖਰੀ ਅਤੇ ਵਾਪਸੀ ਦੀ ਪ੍ਰਕਿਰਿਆ ਹੈ। ਇਸ ਵਿੱਚ ਸੁਣਨ ਵਾਲਾ ਬੋਲਣ ਵਾਲੇ ਦੀ ਗੱਲ ਸੁਣ ਕੇ ਕੋਈ ਹੁੰਗਾਰਾ ਭਰਦਾ ਹੈ। ਹੁੰਗਾਰੇ ਤੋਂ ਬਿਨ੍ਹਾਂ ਸੰਚਾਰ ਪ੍ਰਕਿਰਿਆ ਅਧੂਰੀ ਸਮਝੀ ਜਾਂਦੀ ਹੈ। ਸੁਣਨ ਵਾਲਾ ਜਦੋਂ ਹੰਗਾਰਾ ਭਰਦਾ ਭਾਵ ਜਵਾਬ ਦਿੰਦਾ ਹੈ ਤਾਂ ਉਹ ਸੁਣਨ ਵਾਲੇ ਤੋਂ ਬੋਲਣ ਵਾਲਾ ਬਣ ਜਾਂਦਾ ਹੈ ਅਤੇ ਉਪਰੋਕਤ ਦੱਸੇ ਪੰਜੇ ਹਿੱਸੇ ਫਿਰ ਤੋਂ ਸੰਚਾਰ ਦੌਰਾਨ ਲਾਗੂ ਹੋ ਜਾਂਦੇ ਹਨ।