ਦਿਮਾਗ਼
ਦਿੱਖ
ਜਾਤੀ ਦਾ ਨਾਮ | ਬੁੱਧੀ ਜਾਂ EQ[1] |
---|---|
ਮਨੁੱਖ | 7.4–7.8 |
ਚਿੰਪੈਨਜ਼ੀ | 2.2–2.5 |
ਬੰਦਰ | 2.1 |
ਡੋਲਫਿਨ | 4.14[2] |
ਹਾਥੀ | 1.13–2.36[3] |
ਕੁੱਤਾ | 1.2 |
ਘੋੜਾ | 0.9 |
ਚੁਹਾ | 0.4 |
ਦਿਮਾਗ਼ ਸਾਰੇ ਰੀੜ੍ਹ ਦੀ ਹੱਡੀ ਵਾਲੇ ਅਤੇ ਬਹੁਤੇ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਵਿੱਚ ਨਸ ਪ੍ਰਬੰਧ ਦਾ ਕੇਂਦਰ ਹੁੰਦਾ ਹੈ—ਸਿਰਫ਼ ਕੁਝ ਬਿਨਰੀੜ੍ਹੇ ਜੀਵ ਜਿਵੇਂ ਕਿ ਸਪੰਜ, ਜੈਲੀਫ਼ਿਸ਼, ਸਮੁੰਦਰੀ ਤਤੀਰ੍ਹੀ ਅਤੇ ਤਾਰਾ ਮੱਛੀ ਆਦਿ ਵਿੱਚ ਹੀ ਦਿਮਾਗ਼ ਨਹੀਂ ਹੁੰਦਾ ਭਾਵੇਂ ਇਹਨਾਂ ਵਿੱਚ ਖਿੱਲਰਵਾਂ ਨਸ-ਪ੍ਰਬੰਧ ਹੁੰਦਾ ਹੈ। ਇਹ ਸਿਰ ਵਿੱਚ ਮੂਲ ਸੰਵੇਦਨਾਵਾਂ ਜਿਵੇਂ ਕਿ ਨਿਗ੍ਹਾ, ਸੁਆਦ, ਛੋਹ, ਸੁਣਵਾਈ ਅਤੇ ਗੰਧ ਆਦਿ ਦੇ ਅੰਗਾਂ ਕੋਲ ਸਥਿਤ ਹੁੰਦਾ ਹੈ। ਕਿਸੇ ਰੀੜ੍ਹਦਾਰ ਜੀਵ ਦਾ ਦਿਮਾਗ਼ ਉਹਦੇ ਸਰੀਰ ਦਾ ਸਭ ਤੋਂ ਜਟਿਲ ਅੰਗ ਹੁੰਦਾ ਹੈ।
- ਕੈਂਬਰਿਜ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਮੁਤਾਬਕ ਮਨੁੱਖੀ ਦਿਮਾਗ ਲਗਾਤਾਰ ਸੁੰਗੜ ਰਿਹਾ ਹੈ। ਆਪਣੇ ਪੁਰਖਿਆਂ ਦੇ ਮੁਕਾਬਲੇ ਅੱਜ ਦੇ ਮਨੁੱਖ ਦਾ ਦਿਮਾਗ 10 ਗੁਣਾ ਛੋਟਾ ਹੋ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਪਿਛਲੇ 10 ਕੁ ਹਜ਼ਾਰ ਸਾਲਾਂ ਵਿੱਚ ਸਪਸ਼ਟ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ। ਪੱਥਰ ਯੁੱਗ ਤੋਂ ਵੀ ਪਹਿਲਾਂ ਮਨੁੱਖੀ ਦਿਮਾਗ ਦੇ ਮਿਲੇ ਪਥਰਾਟ (ਫਾਸਿਲਜ਼) ਦੀ ਖੋਜ ਤੋਂ ਬਾਅਦ ਇਹ ਦਾਅਵੇ ਹੋਰ ਵੀ ਪੁਖ਼ਤਾ ਹੋਏ ਹਨ। ਮਨੁੱਖ ਦੇ ਜੁੱਸੇ ਅਤੇ ਉਸ ਦੇ ਦਿਮਾਗ ਦੇ ਆਕਾਰ ਦੇ ਲਗਾਤਾਰ ਛੋਟੇ ਹੋਣ ਦੇ ਠੋਸ ਕਾਰਨ ਹਨ। ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਪੇਟ ਦੀ ਭੁੱਖ ਮਿਟਾਉਣ ਲਈ ਆਪਣਾ ਸ਼ਿਕਾਰ ਖੁਦ ਕਰਿਆ ਕਰਦਾ ਸੀ। ਮੌਤ ਦਰ ਵੀ ਵੱਧ ਸੀ ਜਿਸ ਕਰਕੇ ਸਿਰਫ਼ ਰਿਸ਼ਟ-ਪੁਸ਼ਟ ਹੀ ਬਚਦੇ ਸਨ। ਨਰੋਏ ਜਿਸਮਾਂ ਵਿੱਚ ਨਰੋਏ ਦਿਲ-ਦਿਮਾਗ ਹੁੰਦੇ ਸਨ। ਖੁਰਾਕਾਂ ਸੀਮਤ ਹੋਣ ਤੇ ਕਸਰਤ ਦੀ ਘਾਟ ਕਾਰਨ ਮਨੁੱਖਾ ਨਸਲ ਬੌਣੇਪਣ ਦੇ ਰਾਹ ਤੁਰ ਪਈ ਹੈ। ਸ਼ਹਿਰੀਕਰਨ ਨੇ ਵੀ ਮਨੁੱਖ ਦੇ ਦਿਲ ਤੇ ਦਿਮਾਗ ’ਤੇ ਉਲਟ ਅਸਰ ਪਾਇਆ ਹੈ। ਮਨੁੱਖੀ ਦਿਮਾਗ ਦੇ ਲਗਾਤਾਰ ਸੁੰਗੜਣ ਦੀ ਖੋਜ, ਅਫ਼ਰੀਕਾ, ਯੂਰਪ ਅਤੇ ਏਸ਼ੀਆ ਵਿੱਚ ਮਿਲੇ ਮਾਨਵੀ ਪਥਰਾਟ (ਫਾਸਿਲਜ਼) ਦੇ ਅਧਿਐਨ ਤੋਂ ਸਾਹਮਣੇ ਆਈ ਹੈ। ਮਾਨਵੀ ਵਿਕਾਸ ਦੇ ਮਾਹਿਰ ਡਾ.ਮਾਰਟਾ ਲਾਹਰ ਅਨੁਸਾਰ ਸਭ ਤੋਂ ਪੁਰਾਣੇ ਮਾਨਵੀ ਫਾਸਿਲਜ਼ ਦੋ ਲੱਖ ਸਾਲ ਪੁਰਾਣੇ ਹਨ ਜਦੋਂਕਿ ਇਸਰਾਈਲੀ ਗੁਫ਼ਾਵਾਂ ਵਿੱਚੋਂ ਮਿਲੇ ਪਥਾਰਟ 1.20 ਲੱਖ ਸਾਲ ਪੁਰਾਣੇ ਹਨ, ਜਿਸ ਤੋਂ ਸਪਸ਼ਟ ਹੈ ਕਿ ਅੱਜ ਦੇ ਮੁਕਾਬਲੇ ਆਦਿ ਮਨੁੱਖ ਦੇ ਦਿਮਾਗ ਦਾ ਆਕਾਰ ਕਾਫ਼ੀ ਵੱਡਾ ਸੀ। ਖੋਜ ਤੋਂ ਮਨੁੱਖ ਦੇ ਪੁਰਖ਼ਿਆਂ ਦਾ ਲੰਮ-ਸੁਲੰਮੇ ਤੇ ਪੱਠੇਦਾਰ ਸਰੀਰਾਂ ਦੇ ਮਾਲਕ ਹੋਣ ਦਾ ਵੀ ਪਤਾ ਲੱਗਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਨੇ ਉਦੋਂ ਤੋਂ ਸੁੰਗੜਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਸ਼ਿਕਾਰ ਛੱਡ ਕੇ ਇੱਕੋ ਥਾਏਂ ਬੈਠ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਆਹਾਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਆ ਗਈ। ਵੀਹ ਹਜ਼ਾਰ ਸਾਲ ਪਹਿਲਾਂ ਮਨੁੱਖੀ ਦਿਮਾਗ 1500 ਘਣ ਸੈਂਟੀਮੀਟਰ ਸੀ ਜਦੋਂਕਿ ਅਜੋਕੇ ਮਨੁੱਖ ਦੇ ਦਿਮਾਗ ਦਾ ਔਸਤਨ ਆਕਾਰ ਕੇਵਲ 1380 ਘਣ ਸੈਂਟੀਮੀਟਰ ਰਹਿ ਗਿਆ ਹੈ।