ਸਮੱਗਰੀ 'ਤੇ ਜਾਓ

ਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੱਭਿਆਚਾਰ ਤੇ ਲੋਕਧਾਰਾ ਇੱਕ ਜਟਿਲ ਪ੍ਰਕਿਰਿਆ ਹੈ। ਲੋਕਧਾਰਾ ਸੱਭਿਆਚਾਰ ਦਾ ਨਿਸ਼ਚਿਤ ਭਾਗ ਹੈ ਜਿਸ ਵਿੱਚ ਪ੍ਰੰਪਰਕ ਸਮੱਗਰੀ ਸ਼ਾਮਿਲ ਹੈ, ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤੀ ਹੁੰਦੀ ਹੈ। ਸੱਭਿਆਚਾਰ ਦਾ ਸੱਚ ਹੀ ਲੋਕਧਾਰਾ ਦਾ ਸੱਚ ਹੈ ਤੇ ਸੱਭਿਆਚਾਰ ਲੋਕਧਾਰਾ ਦੀ ਸਿਰਜਣਾ ਤੇ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਲੋਕਧਾਰਾ ਸੱਭਿਆਚਾਰ ਦੇ ਵਿਸ਼ਾਲ ਖੇਤਰ ਵਿੱਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ। ਇਨ੍ਹਾਂ ਦੇ ਅੰਤਰ ਸਬੰਧਾਂ ਨੂੰ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈ।

ਸੱਭਿਆਚਾਰ

[ਸੋਧੋ]

ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।[1]

ਸੱਭਿਆਚਾਰ ਦੇ ਅੰਗ

[ਸੋਧੋ]

ਵੱਖ-ਵੱਖ ਵਿਦਵਾਨਾਂ ਨੇ ਸੱਭਿਆਚਾਰ ਦੇ ਅੰਗਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਵੰਡਿਆ ਹੈ। ਭੁਪਿੰਦਰ ਸਿੰਘ ਖਹਿਰਾ ਨੇ ਸੱਭਿਆਚਾਰ ਦੇ 5 ਅੰਗ ਮੰਨੇ ਹਨ; ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਤ ਅੰਗ, ਧਾਰਮਕ ਅੰਗ ਅਤੇ ਰਾਜਨੀਤੀ।ਪੰਜਾਬੀ ਚਿੰਤਨ ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਦੁਆਰਾ, ਰੀਸ ਮੈਕਗੀ ਦੀ ਵੰਡ ਦੇ ਆਧਾਰ ਉੱਤੇ, ਸੱਭਿਆਚਾਰ ਨੂੰ 3 ਅੰਗਾਂ ਵਿੱਚ ਵੰਡਿਆ ਗਿਆ ਹੈ; ਪਦਾਰਥਕ ਸੱਭਿਆਚਾਰ, ਪ੍ਰਤਿਮਾਨਕ ਸੱਭਿਆਚਾਰ ਅਤੇ ਬੋਧਾਤਮਿਕ ਸੱਭਿਆਚਾਰ।।

ਪਰਿਭਾਸ਼ਾਵਾਂ

[ਸੋਧੋ]

ਪ੍ਰੋ ਗੁਰਬਖਸ਼ ਸਿੰਘ ਅਨੁਸਾਰ:

"ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ,ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸਾਮਿਲ ਹੁੰਦੇ ਹਨ।"

ਡਾ ਰਾਮ ਚੰਦਰ ਵਰਮਾ ਅਨੁਸਾਰ:

"ਸੱਭਿਆਚਾਰ ਮਾਨਸਿਕ ਤੱਤ ਹੈ ਜੋ ਲੋਕਾਂ ਦੇ ਅੰਦਰੂਨੀ ਤੇ ਮਾਨਸਿਕ ਵਰਤਾਰੇ ਦੀ ਜਾਣਕਾਰੀ ਦਿੰਦਾ ਹੈ। "

ਲੋਕਧਾਰਾ

[ਸੋਧੋ]

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ 'ਵਿਲੀਅਮ ਜਾਨ ਥਾਮਸ' ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ। ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ "ਕਹਾਣੀ" ਕੀਤਾ।[2]

"ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ। ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[3]

ਪਰਿਭਾਸ਼ਾਵਾਂ

[ਸੋਧੋ]

ਮਾਰੀਓਮ ਬਾਰਬੋਂ ਅਨੁਸਾਰ

"ਲੋਕਧਾਰਾ ਦਾ ਅਰਥ ਉਹ ਸਾਰਾ ਕੁਝ ਹੈ ਜਿਹੜਾ ਕੇ ਪੁਰਾਤਨ ਸਮਿਆਂ ਤੋਂ ਅੱਜ ਤਕ ਮਨੁੱਖੀ ਸੱਭਿਆਚਾਰ ਦਾ ਹਿੱਸਾ ਬਣਦਾ ਰਿਹਾ ਹੈ ਇਸ ਦਾ ਸੰਚਾਰ ਪੁਰਾਣੀ ਪੀੜ੍ਹੀ ਤੋਂ ਨਵੀਂ ਪੀੜ੍ਹੀ ਤੱਕ ਬਿਨਾਂ ਕਿਸੇ ਪੁਸਤਕ ਪ੍ਰਕਾਸ਼ਨ ਜਾਂ ਸਕੂਲ ਅਧਿਆਪਕ ਤੋਂ ਹੁੰਦਾ ਹੈ "

ਡਾ. ਕਰਨੈਲ ਸਿੰਘ ਥਿੰਦ ਅਨੁਸਾਰ:

"ਲੋਕਧਾਰਾ ਦੇ ਪ੍ਰਮੁੱਖ ਤੱਤਾਂ ਵਿੱਚ ਪਰੰਪਰਾ ਲੋਕ ਮਾਨਸ ਲੋਕ ਸੰਸਕ੍ਰਿਤੀ ਅਥਵਾ ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ ਅਤੇ ਲੋਕ ਪ੍ਰਵਾਨਗੀ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ"।

ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।" ਲੋਕ ਮਨੋਰੰਜਨ ਲੋਕ ਸਾਹਿਤ ਲੋਕ ਮਨੋਵਿਗਿਆਨ ਲੋਕ ਸਮੱਗਰੀ ਲੋਕ ਕਲਾਵਾਂ ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

ਜਾਦੂ ਦਾ ਕਾਲੀਨ ਇੱਕ ਦੰਦਕਥਾਈ ਕਾਲੀਨ ਹੈ, ਜਿਹੜਾ ਲੋਕਾਂ ਨੂੰ ਤੁਰਤ ਅਤੇ ਤੇਜ਼ੀ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਲਿਜਾਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀਲੋਕਧਾਰਾ ਦੀ ਪਰਿਭਾਸ਼ਾ

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਦੇ ਲੱਛਣ

[ਸੋਧੋ]

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ:

ਪਰੰਪਰਾ

[ਸੋਧੋ]

ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀ

[ਸੋਧੋ]

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀ

[ਸੋਧੋ]

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨ

[ਸੋਧੋ]

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾ

[ਸੋਧੋ]

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾ

[ਸੋਧੋ]

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।[4]

ਲੋਕਧਾਰਾ ਦਾ ਖੇਤਰ

[ਸੋਧੋ]

ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।"

  • ਲੋਕ ਸਾਹਿਤ
  • ਲੋਕ ਮਨੋਵਿਗਿਆਨ
  • ਲੋਕ ਸਮੱਗਰੀ
  • ਲੋਕ ਕਲਾਵਾਂ

ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

“ਲੋਕਧਾਰਾ ਦੀ ਸਮੱਗਰੀ ਵਿੱਚ ਵੰੰਨ-ਸੁਵੰਨੇ ਵਿਚਾਰ ਵਿਅਕਤ ਕਲਾਵਾਂ, ਲੋਕ ਵਿਸ਼ਵਾਸ, ਵਹਿਮ ਭਰਮ, ਜਾਦੂ ਟੂਣੇ ਅਤੇ ਮੰਤਰ ਵੀ ਆ ਜਾਂਦੇ ਹਨ।” “ਲੋਕਧਾਰਾ ਵਿੱਚ ਮਨੁੱਖ ਦੀ ਸਾਰੀ ਸੋਚ, ਕਲਾ, ਸਾਹਿਤ ਤੇ ਦਰਸ਼ਨ ਆਦਿ ਦੀਆਂ ਰੂੜੀਆਂ ਸਮਾਈਆਂ ਹੋਈਆਂ ਹਨ। ਧਰਮ ਦੇ ਅਨੇਕਾਂ ਸਿਧਾਂਤ ਤੇ ਰੀਤਾਂ ਲੋਕਧਾਰਾ ਦੇ ਬੀਜਾਂ ਵਿਚੋਂ ਵਿਕਸੀਆਂ ਹਨ। ਕਲ ਦੇ ਮੁੱਢਲੇ ਪੈਟਰਨਾਂ ਦੀ ਜਨਮਦਾਤੀ ਲੋਕਧਾਰਾ ਹੈ: ਸਾਹਿਤ ਦੇ ਭਿੰਨ ਰੂਪ ਅਤੇ ਮੁਢਲੀਆਂ ਕਾਵਿ ਸ਼ੈਲੀਆਂ ਦੇ ਬੁਨਿਆਦੀ ਤੱਤਾਂ ਲੈ ਅ, ਤਾਲ, ਛੰਦ, ਅਲੰਕਾਰ ਆਦਿ ਦੀ ਲੋਕਧਾਰਾ ਦੇ ਗਰਭ ਵਿੱਚ ਪੈ ਕੇ ਨਿੰਮੇ ਹਨ। ਮੁੱਢਲੇ ਨ੍ਰਿਤ ਤੇ ਨਾਟ ਲੋਕਧਾਰਾ ਦੀਆਂ ਕੁਝ ਰਹੁ ਰੀਤਾਂ ਦਾ ਹੀ ਭਾਵੁਕ ਸਮੂਹਤੀਕਰਣ ਹਨ। ਅਜੋਕੀ ਕਥਾ ਕਹਾਣੀ ਦੀ ਵਡਿਕੀ, ਸਿਖਿਕ ਕਥਾ ਲੋਕਧਾਰਾ ਦੀ ਦਾਦੀ ਅੰਮਾ ਹੈ। ਸ਼ਿਲਪ ਕਲਾ, ਮੂਰਤੀਕਲਾ ਤੇ ਬੁੱਤਕਾਰੀ ਦਾ ਮੁੱਢ ਵੀ ਲੋਕਧਾਰਾ ਦੀ ਕੁੱਖੋਂ ਹੀ ਹੋਇਆ ਹੈ। ਚਕਿਤਸਾ ਤੇ ਵਿਗਿਆਨ ਦਾ ਸੱਚ ਵੀ ਲੋਕਧਾਰਾ ਵਿੱਚ ਵੇਖਿਆ ਜਾ ਸਕਦਾ।” “ਲੋਕਧਾਰਾ ਦਾ ਘੇਰਾ ਬੜਾ ਵਿਸ਼ਾਲ ਤੇ ਸਮੁੰਦਰ ਵਾਂਗ ਡੂੰਘਾ ਹੈ। ਮੁੱਠੀ ਭਰ ਭਰਮਾਂ, ਵਹਿਮਾਂ,ਰੀਤਾਂ-ਮਨੋਤਾਂ ਤੇ ਰਿਵਾਇਤਾਂ ਨੂੰ ਹੀ ਲੋਕਧਾਰਾ ਮੰਨ ਲੈਣਾ ਇਸ ਅਖੁਟ ਕੋਸ਼ ਨਾਲ ਅਨਿਆਂ ਕਰਨਾ ਹੈ। ਇਸ ਦਾ ਕਿਧਰੇ ਹੱਦਬੰਨਾ ਨਹੀਂ ਇਹ ਅਥਾਹ ਭੰਡਾਰ ਹੈ।”ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੇ ਕੀਤੇ ਵਰਗੀਕਰਨ ਵਿੱਚ ਜੀਵਨ ਦੇ ਹਰ ਪੱਖ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵਰਗੀਕਰਨ ਵਧੇਰੇ ਵਿਗਿਆਨਕ ਹੈ। ਉਹਨਾਂ ਲੋਕਯਾਨਿਕ ਸਮੱਗਰੀ ਦਾ ਵਰਗੀਕਰਨ ਇਸ ਤਰਾਂ ਕੀਤਾ ਹੈ।[5]

ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ

[ਸੋਧੋ]

ਸੱਭਿਆਚਾਰ ਅਤੇ ਲੋਕਧਾਰਾ ਇਸ ਕਦਰ ਰਚੇ ਮਿਚੇ ਹਨ,ਕਿ ਇਨ੍ਹਾਂ ਦੇ ਅੱਡਰੀ ਨਿਰੋਲ ਖਾਲਸ ਸੁਤੰਤਰ ਹੋਂਦ ਨਿਸ਼ਚਿਤ ਕਰਨਾ ਅਤਿਅੰਤ ਕਠਿਨ ਕਾਰਜ ਹੈ।ਮਨੁੱਖ ਚੇਤਨ ਤੌਰ ਤੇ ਉਤਪਾਦਨ ਕਰਨ ਵਾਲਾ ਪ੍ਰਾਣੀ ਹੈ। ਇਸ ਸ਼ਕਤੀ ਦੇ ਸਹਾਰੇ ੳਸਨੇ ਪ੍ਰਕਿਰਤੀ ਦੇ ਵਿਰੋਧ ਵਿੱਚ ਸੰਘਰਸ਼ ਦਾ ਅਮਲ ਸ਼ੁਰੂ ਕਰ ਦਿੱਤਾ। ਮਨੁੱਖ ਨੂੰ ਵੀ ਦੂਜੇ ਜੀਵ ਜੰਤੂਆਂ ਵਾਂਗ ਭੁੱਖ ਲੱਗਦੀ ਸੀ। ਮਨੁੱਖ ਨੇ ਇਸ ਪ੍ਰਕਿਰਤਕ ਲੋੜ ਦੀ ਪੂਰਤੀ ਲਈ ਮਾਸ ਆਦਿ ਖਾਣ ਦੇ ਨਾਲ ਨਾਲ ਫੁੱਲ ਫਲਾਂ ਦਾ ਪ੍ਰਯੋਗ ਕੀਤਾ। ਪਸ਼ੂ ਪਾਲੇ ਖੇਤੀਬਾੜੀ ਦਾ ਧੰਦਾ ਅਪਣਾਇਆ।ਇਸ ਤਰ੍ਹਾਂ ਉਸ ਨੇ ਨਾ ਕੇਵਲ ਭੁੱਖ ਵਰਗੀ ਬੁਨਿਆਦੀ ਲੋੜ ਦੀ ਪੂਰਤੀ ਹੀ ਕਰ ਲਈ ਸਗੋਂ ਛੱਤੀ ਪਕਵਾਨਾਂ ਤੱਕ ਦੇ ਜ਼ਾਇਕੇਦਾਰ ਭੋਜਨ ਤਿਆਰ ਕਰਕੇ ਆਪਣੀ ਸੁਹਜ ਭੁੱਖ ਨੂੰ ਵੀ ਤ੍ਰਿਪਤ ਕਰ ਲਿਆ। ਪ੍ਰਕਿਰਤੀ ਦੇ ਖੁੱਲੇ ਵਿਹੜੇ ਵਿੱਚ ਮਨੁੱਖ ਨੂੰ ਗਰਮੀ ਸਰਦੀ ਮੀਂਹ ਹਨੇਰੀ ਤੂਫ਼ਾਨ ਝੱਖੜ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਕੁਦਰਤੀ ਆਫ਼ਤਾਂ ਦੇ ਬਚਾਓ ਲਈ ਉਸ ਨੇ ਖੁੱਡਾ ਗੁਫ਼ਾਵਾਂ ਤੋਂ ਲੈ ਕੇ ਕਈ ਕਈ ਮੰਜ਼ਿਲ੍ਹਾਂ ਤੱਕ ਦੇ ਏਅਰ ਕੰਡੀਸ਼ਨਰ ਬੰਗਲੇ ਤਿਆਰ ਕਰਕੇ ਪ੍ਰਕਿਰਤੀ ਦੇ ਵਿਰੋਧ ਵਿੱਚ ਆਪਣੇ ਆਪ ਨੂੰ ਖੜ੍ਹਾ ਕਰਨ ਦੇ ਸਮਰੱਥ ਬਣਾ ਲਿਆ। ਇਹ ਇਤਿਹਾਸਕ ਵਿਕਾਸ ਦੂਜੇ ਸ਼ਬਦਾਂ ਵਿੱਚ ਸੱਭਿਆਚਾਰ ਹੈ।

ਮਨੁੱਖ ਮੂਲ ਰੂਪ ਵਿੱਚ ਦੂਜੇ ਜੀਵ ਜੰਤੂਆਂ ਵਾਂਗ ਹੀ ਪ੍ਰਕਿਰਤਕ ਲੋੜਾਂ ਅਕਾਂਖਿਆਵਾਂ ਰੱਖਦਾ ਹੈ,ਪਰ ਇਨ੍ਹਾਂ ਦੀ ਪੂਰਤੀ ਮਨੁੱਖ ਦੂਜੇ ਜੀਵ ਜੰਤੂਆਂ ਵਾਂਗ ਨਹੀਂ ਕਰਦਾ,ਜਿਵੇਂ ਕਾਮ ਮਨੁੱਖ ਦੇ ਬੁਨਿਆਦੀ ਪ੍ਰਕਿਰਤਕ ਜਜ਼ਬਿਆਂ ਵਿਚੋਂ ਹੈ। ਪਰ ਮਨੁੱਖ ਪਸ਼ੂ ਵਾਂਗ ਕਾਮ ਅੱਗੇ ਗੋਡੇ ਨਹੀਂ ਟਿਕਦਾ, ਸਗੋਂ ਆਪਣੀਆਂ ਸਮਰੱਥਾਵਾਂ ਹੰਢਾਉਦਾ ਹੈ। ਵਿਵਹਾਰ ਦੇ ਇਸ ਅਮਲ ਵਿੱਚ ਮਨੁੱਖ ਦਾ ਪ੍ਰਤਿਮਾਨਕ ਸੱਭਿਆਚਾਰ ਜਨਮ ਲੈਂਦਾ ਹੈ। ਸਮਾਜ ਵਿੱਚ ਰਹਿੰਦਾ ਵਿਅਕਤੀ ਵਿਆਹ ਸ਼ਾਦੀ ਜਨਮ ਅਤੇ ਮੌਤ ਆਦਿ ਕਾਰਜ ਆਪਣੇ ਸੱਭਿਆਚਾਰ ਦੇ ਅਨੁਕੂਲ ਹੀ ਕਰਦਾ ਹੈ,ਪਰ ਇਸ ਕਿਸਮ ਦੇ ਕਾਰਜ ਦੇ ਵਿਵਹਾਰਕ ਅਮਲ ਵਿੱਚੋਂ ਪੈਦਾ ਹੋਇਆ। ਪਰਪੰਚ ਲੋਕਧਾਰਾ ਦੇ ਖੇਤਰ ਦੀ ਚੀਜ਼ ਬਣ ਜਾਂਦਾ ਹੈ,ਪਰ ਵਿਆਹ ਸਮੇਂ ਨਿਭਾਈਆਂ ਜਾਣ ਵਾਲੀਆਂ ਰੀਤਾਂ ਰਸਮਾਂ ਸ਼ਗਨ ਅਪਸ਼ਗਨ ਅਤੇ ਲੋਕਧਾਰਾ ਦੇ ਅੰਤਰਗਤ ਆਉਂਦੇ ਹਨ।ਵਿਆਹ ਨਾਲ ਸੰਬੰਧਤ ਗੀਤ ਲੋਕਗੀਤ ਦੀਆਂ ਵੱਖ ਵੱਖ ਵਨਗੀਆਂ ਲੋਕਧਾਰਾ ਦਾ ਹਿੱਸਾ ਹਨ,ਜਦੋਂ ਕਿ ਗੀਤਾਂ ਰਾਹੀਂ ਪੇਸ਼ ਹੋਏ ਕਾਵਿ ਬਿੰਬ ਅਕਸਰ ਸੱਭਿਆਚਾਰ ਦੀ ਤਸਵੀਰ ਸਾਕਾਰ ਕਰਦੇ ਹਨ।

ਕਦੇ ਕਦੇ ਮਨੁੱਖ ਆਪਣੇ ਆਪ ਨਾਲ ਸੰਵਾਦ ਰਚਾਉਂਦਾ ਹੈ।ਉਹ ਪ੍ਰਕਿਰਤੀ ਦੇ ਰਹੱਸ ਨੂੰ ਸਮਝਣਾ ਚਾਹੁੰਦਾ ਹੈ।ਸੂਰਜ ਦੀ ਰੌਸ਼ਨੀ ਚੰਨ ਦੀ ਚਾਨਣੀ ਹਵਾ ਦਾ ਹੁਲਾਰਾ ਬੱਦਲਾਂ ਦੀ ਬਾਰਿਸ਼ ਜਲ ਦਾ ਪ੍ਰਵੇਸ਼ ਅਨਾਜ ਦੀ ਤਾਕਤ ਇਹ ਪ੍ਰਕ੍ਰਿਤਕ ਰੂਪ ਮਨੁੱਖ ਨੂੰ ਜੀਵਨ ਦਾਨ ਦਿੰਦੇ ਹਨ।ਪਵਨ ਦੇਵਤਾ ਇੰਦਰ ਦੇਵਤਾ ਅੰਨ ਦੇਵਤਾ ਦਿ ਇਸੇ ਵੰਨਗੀ ਦੇ ਦੇਵਤੇ ਹਨ।ਅੱਗ ਵੀ ਦੇਵਤਿਆਂ ਦੀ ਇਸੇ ਲੜੀ ਵਿੱਚ ਸ਼ਾਮਿਲ ਹੈ,ਪਰ ਜਦੋਂ ਪ੍ਰਕਿਰਤੀ ਮਨੁੱਖ ਲਈ ਮਾਰੂ ਪ੍ਰਭਾਵ ਵਾਲੀ ਬਣ ਜਾਂਦੀ ਹੈ,ਤਾਂ ਉਹ ਇਸੇ ਵਿੱਚ ਬਦਰੂਹਾਂ ਦੀ ਸ਼ਮੂਲੀਅਤ ਪ੍ਰਵਾਨ ਕਰਦਾ ਹੈ। ਇਸ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।ਇਉਂ ਜਾਦੂ ਟੂਣੇ ਤੇ ਧਰਮ ਦਾ ਆਰੰਭ ਹੋਇਆ। ਜਿਸ ਦਾ ਬਹੁਤ ਵੱਡਾ ਭਾਗ ਲੋਕਧਾਰਾ ਨਾਲ ਜੁੜਿਆ ਹੈ,ਜੇ ਇਹ ਸਾਰਾ ਸਿਲਸਿਲਾ ਸਭਿਆਚਾਰ ਕਾਰਨਾ ਸਦਕਾ ਵਾਪਰਦਾ ਹੈ, ਤਿੱਥ ਤਿਉਹਾਰ ਅਤੇ ਇਨ੍ਹਾਂ ਨਾਲ ਜੁੜੇ ਕਰਮ ਕਾਂਡ ਵੀ ਸੱਭਿਆਚਾਰ ਅਤੇ ਲੋਕਧਾਰਾ ਦੇ ਆਪਸੀ ਸੰਬੰਧਾਂ ਨੂੰ ਸਪਸ਼ਟ ਕਰਦੇ ਹਨ। ਤਿੱਥਾਂ ਤਿਉਹਾਰਾਂ ਵਿੱਚ ਮਾਘੀ ਲੋਹੜੀ ਦੁਸਹਿਰਾ ਦੀਵਾਲੀ ਆਦਿ ਵਿਸ਼ੇਸ਼ ਮਹੱਤਵ ਰੱਖਦੇ ਹਨ।ਇਨ੍ਹਾਂ ਤਿਉਹਾਰਾਂ ਨਾਲ ਲੋਕ ਉਕਤੀਆਂ ਵੀ ਜੋੜੀਆਂ ਹੁੰਦੀਆਂ ਹਨ,ਜਿਵੇਂ ਮਾਘੀ ਨੂੰ ਸਵੇਰੇ ਉਠ ਕੇ ਕੇਸ਼ੀ ਇਸ਼ਨਾਨ ਕਰਨ ਨਾਲ ਸੋਨੇ ਦੇ ਬਾਲ ਹੋ ਜਾਂਦੇ ਹਨ।ਲੋਹੜੀ ਸਮੇਂ ਅੱਗ ਬਾਲ ਕੇ ਵਿੱਚ ਤਿੱਲ ਸੁੱਟਣ ਅਤੇ ਈਸ਼ਰ ਆਏ ਦਲਿੱਦਰ ਜਾਏ ਦੀ ਜੜ੍ਹ ਚੁੱਲ੍ਹੇ ਪਾਏ ਉਚਾਰੀ ਜਾਂਦੀ ਹੈ।ਦੁਸਹਿਰੇ ਨੂੰ ਖੇਤਰੀ ਬੀਜ ਵੀ ਰਾਵਣ ਦਾ ਬੁੱਤ ਲਾਉਣਾ ਦੀਵਾਲੀ ਨੂੰ ਦੀਪਮਾਲਾ ਹੁੰਦੀ ਹੈ।ਇਹ ਸਾਰਾ ਪ੍ਰਪੰਚ ਲੋਕਧਾਰਾਈ ਰੰਗ ਵਾਲਾ ਹੈ, ਜਦੋਂ ਕਿ ਤਿਉਹਾਰ ਤੇ ਇਨ੍ਹਾਂ ਨਾਲ ਜੁੜੇ ਭਾਵ ਸੱਭਿਆਚਾਰਕ ਹੁੰਦੇ ਹਨ।ਸੱਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਾਨਵੀ ਜੀਵਨ ਵਾਂਗ ਹੀ ਸਰਵ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ, ਜਦੋਂ ਕਿ ਲੋਕਧਾਰਾਈ ਵਰਤਾਰੇ ਕੇਵਲ ਲੋਕ ਮਨ ਦੀ ਸ਼ਮੂਲੀਅਤ ਸਦਕਾ ਪ੍ਰੰਪਰਾਗਤ ਹੋਣ ਸਦਕਾ ਲੋਕ ਧਾਰਾਈ ਬਣਦੇ ਹਨ ਸੱਭਿਆਚਾਰ ਅੰਦਰ ਵਿਸ਼ਿਸ਼ਟ ਨਿੱਜੀ ਸਮੂਹਕ ਤੇ ਲੋਕ ਰੰਗਤ ਵਾਲੇ ਸਾਰੇ ਹੀ ਵਰਤਾਰੇ ਸ਼ਾਮਿਲ ਹਨ।ਵਰਤਮਾਨ ਸਮੇਂ ਵਿੱਚ ਡਿਸਕੋ ਡਾਂਸ ਸ਼ਾਸਤਰੀ ਨਾਚ ਕਥਕ ਭੰਗੜਾ ਗਿੱਧਾ ਆਦਿ ਸ਼ਾਮਿਲ ਹਨ, ਪਰ ਲੋਕਧਾਰਾ ਦੇ ਅੰਸ਼ ਵਾਲੇ ਨਾਚ ਕੇਵਲ ਗਿੱਧਾ ਅਤੇ ਭੰਗੜਾ ਹੀ ਮੰਨੇ ਜਾਦੇ ਹਨ।

ਸੱਭਿਆਚਾਰ ਵਧੇਰੇ ਵਿਸ਼ਾਲ ਪੱਧਰ ਤੇ ਮਾਨਵੀ ਵਿਵਹਾਰ ਨੂੰ ਪ੍ਰਦਰਸ਼ਿਤ ਕਰਦਾ ਹੈ,ਜਦੋਂ ਕਿ ਲੋਕ ਧਾਰਾ ਦੇ ਅੰਤਰਗਤ ਨਿਸਚਿਤ ਲੱਛਣਾਂ ਵਾਲੇ ਵਰਤਾਰੇ ਹੀ ਸ਼ਾਮਿਲ ਹੁੰਦੇ ਹਨ।ਵਰਤਮਾਨ ਸਮੇਂ ਦੀ ਸਿਰਜਣਾ ਲੋਕਧਾਰਾ ਦੀ ਚੀਜ਼ ਨਹੀਂ,ਜਦੋਂਕਿ ਤੁਰੰਤ ਲਿਖੀ ਜਾਂ ਬੋਲੀ ਕਵਿਤਾ ਸਭਿਆਚਾਰ ਦੇ ਖੇਤਰ ਦੀ ਚੀਜ਼ ਹੈ।ਅਸਲ ਵਿੱਚ ਸੱਭਿਆਚਾਰ ਅਤੇ ਲੋਕਧਾਰਾ ਇੱਕੋ ਵਰਤਾਰੇ ਦੇ ਦੋ ਪਹਿਲੂ ਹਨ।ਵਰਤਾਰੇ ਦੀ ਹੋਂਦ ਇੱਕੋ ਹੈ। ਇਸ ਤੇ ਦੇਖਣ ਪਰਖਣ ਦੇ ਅੰਦਾਜ਼ ਵੱਖਰੇ ਹਨ।ਮਾਨਵ ਵਿਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਲੋਕਧਾਰਾ ਮਨੁੱਖੀ ਸੱਭਿਆਚਾਰ ਦਾ ਅੰਗ ਮਾਤਰ ਹੈ।ਪੰਜਾਬੀ ਸੱਭਿਆਚਾਰ ਦਾ ਸੁਭਾਅ ਵਧੇਰੇ ਕਰਕੇ ਲੋਕ ਰੰਗਤ ਵਾਲਾ ਹੀ ਰਿਹਾ ਹੈ,ਇਸ ਲਈ ਇਸ ਅੰਦਰ ਲੋਕਧਾਰਾਈ ਅੰਸ਼ ਕਿਸੇ ਹੋਰ ਸੱਭਿਆਚਾਰ ਦੇ ਮੁਕਾਬਲੇ ਵਧੇਰੇ ਪਾਏ ਜਾਂਦੇ ਹਨ ਸੱਭਿਆਚਾਰ ਦੇ ਸਰਬਵਿਆਪਕ ਤੱਤ ਜਦੋਂ ਸਬੰਧਤ ਸਮਾਜ ਦੀ ਪ੍ਰਵਾਨਗੀ ਦਾ ਅੰਗ ਬਣਦੇ ਹਨ, ਤਾਂ ਉਹ ਅਕਸਰ ਸਥਾਨਕ ਰੰਗਣ ਧਾਰਨ ਕਰ ਲੈਂਦੇ ਹਨ। ਜਿਸ ਦਾ ਫਲ ਸਰੂਪ ਲੋਕਧਾਰਾ ਵਾਲੇ ਲੱਛਣ ਵਧੇਰੇ ਅਪਣਾ ਲੈਂਦੇ ਹਨ ਲੋਕ ਧਾਰਾ ਉਨ੍ਹਾਂ ਅਹਿਸਾਸਾਂ ਨੂੰ ਦੁਬਾਰਾ ਪ੍ਰਗਟਾਅ ਕਰਨ ਪਰ ਲੁਕਾ ਕੇ ਪ੍ਰਗਟ ਕਰਦੀਆਂ ਹਨ।ਸੱਭਿਆਚਾਰ ਅਨੁਸ਼ਾਸਨ ਧਾਰੀ ਵਿਧਾਨ ਹੈ।ਫੋਕਲੋਰ ਮੌਕਾ ਪ੍ਰਦਾਨ ਕਰਦੀ ਹੈ।ਲੋਕਧਾਰਾ ਅਤੇ ਸੱਭਿਆਚਾਰ ਇੱਕ ਦੂਜੇ ਵਰਗੇ ਹੁੰਦੇ ਹੋਏ ਵੀ ਇੱਕ ਦੂਜੇ ਵਰਗੇ ਨਹੀਂ ਹੁੰਦੇ ਹਨ। ਸੱਭਿਆਚਾਰ ਇੱਕ ਵਰਤਾਰਾ ਹੈ।ਉਸ ਦੇ ਅੰਦਰ ਜੋ ਰਸਮ ਰਿਵਾਜ ਰੀਤਾਂ ਰਸਮਾਂ ਜਿਨ੍ਹਾਂ ਨੂੰ ਲੋਕ ਪ੍ਰਵਾਨਗੀ ਮਾਨਤਾ ਮਿਲੀ ਹੈ।ਉਹ ਲੋਕਧਾਰਾ ਚ ਸ਼ਾਮਿਲ ਹਨ।

ਸਭਿਆਚਾਰ ਤੇ ਲੋਕਧਾਰਾ ਵਿੱਚ ਸੰਬੰਧ

[ਸੋਧੋ]

ਲੋਕਧਾਰਾ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਲੋਕਧਾਰਾ ਦਾ ਸ਼ੀਸ਼ਾ ਹੈ। ਇਹ ਕਹਿਣ ਦਾ ਮਤਲਬ ਹੈ ਕਿ ਲੋਕਧਾਰਾ ਵਿੱਚ ਜੋ ਕੁਝ ਵੀ ਮੌਜੂਦ ਹੈ ਉਹ ਸਭਿਆਚਾਰ ਵਿੱਚ ਸਾਫ-ਸਾਫ ਦਿਖਾਈ ਦਿੰਦਾ ਹੈ। ਲੋਕਧਾਰਾ ਵਿੱਚ ਮੌਜੂਦ ਰਸਮਾਂ-ਰਿਵਾਜਾਂ, ਮੁਹਾਵਰਿਆਂ, ਅਖੌਤਾਂ, ਕਲਾਵਾਂ, ਲੋਕ-ਨਾਚ, ਲੋਕ-ਨਾਟ, ਵਹਿਮਾਂ ਭਰਮਾਂ ਤੇ ਵਿਸ਼ਵਾਸਾਂ ਆਦਿ ਤੋਂ ਸਭਿਆਚਾਰਕ ਜੀਵਨ ਦੀ ਪੂਰੀ ਝਲਕ ਨਜ਼ਰ ਆ ਜਾਂਦੀ ਹੈ।ਇਹ ਮਨੁੱਖੀ ਜੀਵਨ ਦੇ ਹਰ ਪੜਾਅ, ਅੰਗ ਅਤੇ ਹਰ ਸਮੇਂ ਨਾਲ ਸੰਬੰਧ ਰੱਖਦੇ ਹਨ। ਕੋਈ ਅਜਿਹਾ ਮੌਕਾ ਜਾਂ ਘਟਨਾ ਨਹੀਂ ਹੁੰਦੀ, ਜਿਸ ਨਾਲ ਸੰਬੰਧਿਤ ਵੱਖੋ-ਵੱਖਰੇ ਵਹਿਮ-ਭਰਮ ਅਤੇ ਵਿਸ਼ਵਾਸ ਨਾ ਪਾਏ ਜਾਂਦੇ ਹੋਣ।ਇਸ ਤਰ੍ਹਾਂ ਲੋਕਧਾਰਾ ਦਾ ਇੱਕ ਜ਼ਰੂਰੀ ਪੱਖ ਸਭਿਆਚਾਰਕ ਜੀਵਨ ਢੰਗ ਦੀ ਤਸਵੀਰ ਨੂੰ ਪੇਸ਼ ਕਰਦਾ ਹੈ। ਲੋਕਧਾਰਾ ਤੋਂ ਸਾਨੂੰ ਪੁਰਾਣੀਆਂ ਘਟਨਾਵਾਂ ਤੇ ਰਿਵਾਜਾਂ ਦਾ ਪਤਾ ਚਲਦਾ ਹੈ ਅਤੇ ਸਭਿਆਚਾਰ ਤੋਂ ਕਿ ਲੋਕ ਕਿਹੜੇ ਜੀਵਨ ਢੰਗਾਂ ਨੂੰ ਅਪਣਾ ਰਹੇ ਹਨ। ਇਸ ਪ੍ਰਕਾਰ ਸਪੱਸ਼ਟ ਹੈ ਕਿ ਜੋ ਕੁਝ ਵੀ ਲੋਕ ਜੀਵਨ ਵਿੱਚ ਹੁੰਦਾ ਹੈ। ਸਭਿਆਚਾਰ ਉਸਦੀ ਪੇਸ਼ਕਾਰੀ ਕਰਦਾ ਹੈ।

ਲੋਕਧਾਰਾ ਅਤੇ ਸੱਭਿਆਚਾਰ ਮਨੁੱਖੀ ਜੀਵਨ ਨਾਲ ਸਬੰਧਿਤ ਵਿਸ਼ੇਸ਼ ਤੇ ਮਹੱਤਵਪੂਰਨ ਵਰਤਾਰੇ ਹਨ , ਜਿਨ੍ਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ । ਇਹ ਦੋਵੇਂ ਵਰਤਾਰੇ ਕਿਸੇ ਖਿੱਤੇ ਦੇ ਲੋਕਾਂ ਨਾਲ , ਉਨ੍ਹਾਂ ਦੇ ਸਮੁੱਚੇ ਜੀਵਨ ਸਫ਼ਰ ਨਾਲ , ਲੋਕ ਵਿਸ਼ਵਾਸਾਂ ਨਾਲ , ਲੋਕ ਮਨ ਤੇ ਪਰੰਪਰਾ ਨਾਲ ਨਿਰੰਤਰ ਗਤੀਸ਼ੀਲ ਰਹਿੰਦੇ ਹਨ ਅਤੇ ਸਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਸਹਿਯੋਗੀ ਬਣਦੇ ਹਨ । ਸਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਨੁੱਖੀ ਜੀਵਨ ਵਾਂਗ ਹੀ ਸਰਵ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ , ਜਿਸ ਵਿੱਚ ਮਨੁੱਖੀ ਜੀਵਨ ਦੇ ਬਹੁ ਪੱਖੀ ਪਹਿਲੂ ਸਮਾਏ ਹੋਏ ਹਨ ਅਤੇ ਲੋਕਧਾਰਾ ਸੱਭਿਆਚਾਰ ਨੂੰ ਪੇਸ਼ ਕਰਨ ਦਾ ਮਹੱਤਵਪੂਰਨ ਮਾਧਿਅਮ ਹੈ ।

ਲੋਕਧਾਰਾ ਸੱਭਿਆਚਾਰ ਦਾ ਇੱਕ ਭਾਗ ਵੀ ਹੈ ਅਤੇ ਪ੍ਰਗਟਾਅ ਮਾਧਿਅਮ ਵੀ । ਇਸ ਲਈ ਕਿਸੇ ਵੀ ਸਮਾਜ ਨੂੰ ਉਸਦੀ ਸਮਾਜਿਕਤਾ ਨੂੰ ਜਾਂ ਸੱਭਿਆਚਾਰ ਅਸਲੀਅਤ ਨੂੰ ਉਸਦੀ ਲੋਕਧਾਰਾ ਰਾਹੀਂ ਹੀ ਸਮਝਿਆ ਜਾ ਸਕਦਾ ਹੈ । ਡਾ. ਵਣਜਾਰਾ ਬੇਦੀ ਨੇ ਆਪਣੀ ਸੰਪਾਦਕ ਕੀਤੀ ਪੁਸਤਕ ਲੋਕ ਪਰੰਪਰਾ ਅਤੇ ਸਾਹਿਤ ਵਿੱਚ ਲੋਕਧਾਰਾ ਅਤੇ ਸੱਭਿਆਚਾਰ ਦੇ ਅੰਤਰ-ਸਬੰਧਾਂ ਬਾਰੇ ਚਰਚਾ ਕੀਤੀ ਹੈ।

ਲੋਕ ਵਿਅਕਤੀ ਪਰੰਪਰਾ ਨਾਲ ਬਝਿਆ , ਲੋਕਧਾਰਾ ਦੀਆਂ ਰੂੜ੍ਹੀਆਂ ਦਾ ਉਹ ਪੁਨਰ ਸਿਰਜਕ ਹੈ ਜਿਸ ਦੇ ਬਹੁਤੇ ਸੰਸਕ੍ਰਿਤਕ ਕਰਮ ਲੋਕ ਮਨ ਦੀ ਹੀ ਅਭਿਵਿਅਕਤੀ ਹਨ ਅਤੇ ਜਿਸ ਦੇ ਜੀਵਨ ਦਾ ਸਾਰਾ ਪ੍ਰਵਾਹ ਲੋਕ ਸੰਸਕਿਤੀ ਵਿਚੋਂ ਦੀ ਫੁੱਟਦਾ ਹੋਇਆ ਉਸੇ ਵਿੱਚ ਜਾ ਸਮਾਂਦਾ ਹੈ ।[6]

ਲੋਕਧਾਰਾ ਅਤੇ ਸੱਭਿਆਚਾਰ ਦੋਵੇਂ ਵਰਤਾਰੇ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ । ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਸਦੀਆਂ ਬੱਧੀ ਪਿੰਡ ਕੇਂਦਰਿਤ ਤੇ ਕਿਸਾਨੀ ਮਾਨਸਿਕਤਾ ਵਾਲਾ ਰਿਹਾ ਹੈ ਤਾਂ ਇੱਥੋਂ ਦੀ ਲੋਕਧਾਰਾ ਵਿੱਚ ਵੀ ਖੇਤੀਬਾੜੀ ਦਾ ਜ਼ਿਕਰ ਵਧੇਰੇ ਹੈ । ਲੋਕਧਾਰਾ ਦੇ ਬਾਕੀ ਪੱਖਾਂ ਨਾਲੋਂ ਪੰਜਾਬੀ ਲੋਕ ਗੀਤਾਂ ਵਿੱਚ ਸਭਿਆਚਾਰ ਦਾ ਪ੍ਰਗਟਾਵਾ ਸਭ ਤੋਂ ਜ਼ਿਆਦਾ ਹੋਇਆ ਹੈ । ਡਾ. ਵਣਜਾਰਾ ਬੇਦੀ ਨੇ ਡਾ. ਨਾਹਰ ਸਿੰਘ ਰਚਿਤ ਪੁਸਤਕ ' ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ ' ਦੀ ਭੂਮਿਕਾ ਵਿਚ ਲਿਖਿਆ ਹੈ :

ਲੋਕਗੀਤ ਕਿਸੇ ਸਭਿਆਚਾਰ ਦੀ ਮੂਲ ਨੁਹਾਰ ਦੀ ਪਛਾਣ ਹੁੰਦੇ ਹਨ । ਕਿਸੇ ਜਾਤੀ ਦੇ ਸਭਿਆਚਾਰ ਦੇ ਨੈਣ-ਨਕਸ਼ , ਉਸਦੀ ਰਹਿਤ-ਬਹਿਤ , ਸੋਚ , ਮਨੌਤਾਂ ਅਤੇ ਵਿਵਹਾਰ ਆਪਣੇ ਸੁੱਚੇ-ਸੁੱਚੇ ਰੂਪ ਵਿੱਚ ਲੋਕਗੀਤਾਂ ਵਿੱਚ ਹੀ ਸੁਰੱਖਿਅਤ ਹੁੰਦੇ ਹਨ । ਇਸ ਪੱਖੋਂ , ਕਿਸੇ ਸਭਿਆਚਾਰ ਵਿਚ ਬਿਖਰੇ ਹਰ ਤਰ੍ਹਾਂ ਦੇ ਲੋਕਗੀਤ ਭਾਵੇਂ ਉਨ੍ਹਾਂ ਵਿੱਚ ਸਾਹਿਤਕ ਰੰਗ ਪੇਤਲਾ ਹੋਵੇ ਜਾਂ ਸੰਘਣਾ ਮਹੱਵਪੂਰਨ ਭੂਮਿਕਾ ਨਿਭਾ ਰਹੇ ਹੁੰਦੇ ਹਨ । ਇਹ ਕਿਸੇ ਸਭਿਆਚਾਰ ਦੀ ਰੂੜ੍ਹੀ ਨੂੰ ਆਪਣੇ ਅੰਦਰ ਸਮੋਈ ਰੱਖਦੇ ਹਨ।[7]

ਲੋਕਧਾਰਾ ਸਭਿਆਚਾਰ ਦਾ ਅਜਿਹਾ ਪ੍ਰਗਟਾ ਮਾਧਿਅਮ ਹੈ , ਜਿਸ ਦੇ ਗਹਿਰੇ ਅਧਿਐਨ ਬਗੈਰ ਸਭਿਆਚਾਰ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ । ਇਹ ਇੱਕ ਪ੍ਰਵਾਹ ਵਾਂਗ ਪਰੰਪਰਾ ਤੋਂ ਚਲਦਾ , ਯੁੱਗਾਂ ਨਾਲ ਕਦਮ ਮੇਚ ਕੇ ਤੁਰਦਾ , ਹਰੇਕ ਸਭਿਆਚਾਰਕ ਵਰਤਾਰੇ ਅਤੇ ਮਨੁੱਖੀ ਸੋਚ ਵਿੱਚ ਆਪਣੀ ਅਹਿਮੀਅਤ ਦਰਸਾਉਂਦਾ ਹੈ । ਲੋਕਧਾਰਾ ਵਾਂਗ ਹੀ ਸਭਿਆਚਾਰ ਦਾ ਮਹੱਵਪੂਰਨ ਪ੍ਰਗਟਾ ਮਾਧਿਅਮ ਭਾਸ਼ਾ ਵੀ ਹੈ । ਭਾਸ਼ਾ ਨੂੰ ਲੋਕਧਾਰਾ ਅਤੇ ਸਭਿਆਚਾਰ ਵਿਚਕਾਰ ਸਬੰਧਾਂ ਦੀ ਕੜੀ ਮੰਨਦੇ ਹੋਏ ਡਾ. ਨਾਹਰ ਸਿੰਘ ਨੇ ਵਿਚਾਰ ਪ੍ਰਗਟਾਏ ਹਨ :

ਸਭਿਆਚਾਰ ਨੂੰ ਮਨੁੱਖੀ ਸਮੂਹ ਵਲੋਂ ਪ੍ਰਕ੍ਰਿਤੀ ਉੱਤੇ ਮਾਨਵੀ ਅਮਲ ਰਾਹੀਂ ਕੀਤੀਆਂ ਗਈਆਂ ਸਮੂਹਕ ਸਿਰਜਨਾਵਾਂ ਦੇ ਸਮੁੱਚੇ ਪ੍ਰਬੰਧ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ । ਲੋਕਧਾਰਾ ਅਤੇ ਭਾਸ਼ਾ ਇਸੇ ਅਮਲ ਵਿਚੋਂ ਸਹਿਜ ਰੂਪ ਵਿੱਚ ਉਪਜ ਕੇ ਇਸ ਸਮੁੱਚੇ ਅਮਲ ਦੇ ਪ੍ਰਗਟਾ ਮਾਧਿਅਮ ਵਜੋਂ ਕਾਰਜਸ਼ੀਲ ਰਹਿੰਦੇ ਹਨ ।[8]

ਇਸ ਤਰ੍ਹਾਂ ਸਭਿਆਚਾਰ ਇੱਕ ਤਰ੍ਹਾਂ ਨਾਲ ਸਮੂਹਿਕ ਮਨੁੱਖੀ ਸਿਰਜਨਾ ਦਾ ਸਮੁੱਚ ਹੁੰਦਾ ਹੈ ਅਤੇ ਲੋਕਧਾਰਾ ਇਸ ਨੂੰ ਭਾਸ਼ਾ ਰਾਹੀਂ ਪ੍ਰਗਟਾਉਣ ਦਾ ਕਾਰਜ ਕਰਦੀ ਹੈ । ਸਭਿਆਚਾਰ ਨੂੰ ਜ਼ੁਬਾਨ ਲੋਕਧਾਰਾ ਦੁਆਰਾ ਪ੍ਰਾਪਤ ਹੁੰਦੀ ਹੈ ਪਰ ਇਸ ਦਾ ਮਾਧਿਅਮ ਭਾਸ਼ਾ ਬਣਦੀ ਹੈ ।

  1. ਫਰੈਂਕ, ਪ੍ਰੋ. ਗੁਰਬਖਸ਼ ਸਿੰਘ (2015). ਸਭਿਆਚਾਰ ਤੇ ਪੰਜਾਬੀ ਸਭਿਆਚਾਰ. ਵਾਰਿਸ ਸ਼ਾਹ ਫਾਊਂਡੇਸ਼ਨ. p. 26.
  2. ਡਾ. ਸੋਹਿੰਦਰ ਸਿੰਘ, ਬੇਦੀ (1986). ਲੋਕਧਾਰਾ ਤੇ ਸਾਹਿਤ. ਲਾਹੌਰ ਬੁੱਕ ਸ਼ਾਪ, ਲੁਧਿਆਣਾ. pp. 28–29.
  3. ਖਹਿਰਾ, ਡਾ. ਭੁਪਿੰਦਰ ਸਿੰਘ. ਲੋਕਧਾਰਾ ਭਾਸ਼ਾ ਤੇ ਸਭਿਆਚਾਰ. ਲਾਹੌਰ ਬੁੱਕ ਸ਼ਾਪ, ਲੁਧਿਆਣਾ. p. 5.
  4. ਜੋਸ਼ੀ, ਜੀਤ ਸਿੰਘ. ਲੋਕਧਾਰਾ ਤੇ ਪੰਜਾਬੀ ਲੋਕਧਾਰਾ. ਵਾਰਿਸ ਸ਼ਾਹ ਫਾਊਂਡੇਸ਼ਨ.
  5. ਬੇਦੀ, ਡਾ. ਸੋਹਿੰਦਰ ਸਿੰਘ. ਲੋਕਧਾਰਾ ਤੇ ਸਾਹਿਤ. p. 14.
  6. ਬੇਦੀ, ਡਾ.ਵਣਜਾਰਾ (1978). ਲੋਕ-ਪ੍ਰੰਪਰਾ ਤੇ ਸਾਹਿਤ. ਨਵੀਂ ਦਿੱਲੀ: ਪ੍ਰੰਪਰਾ ਪ੍ਰਕਾਸ਼ਨ. p. 5.
  7. ਨਾਹਰ ਸਿੰਘ, ਡਾ. (2008). ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ. ਲੋਕ-ਗੀਤ ਪ੍ਰਕਾਸ਼ਨ ਚੰਡੀਗੜ੍ਹ. p. 11.
  8. ਨਾਹਰ ਸਿੰਘ, ਡਾ. ਨਾਹਰ ਸਿੰਘ (1986). ਪੰਜਾਬੀ ਲੋਕ ਧਾਰਾ ਅਧਿਐਨ. ਪੰਜਾਬੀ ਅਕਾਦਮੀ ਦਿੱਲੀ. p. 88.