ਸਮੱਗਰੀ 'ਤੇ ਜਾਓ

ਕੈਂਠਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੈਂਠਾ ਪੰਜਾਬੀ ਰਹਿਤਲ ਦਾ ਗਲ਼ ਵਿੱਚ ਪਹਿਨਣ ਵਾਲਾ ਇੱਕ ਮਰਦਾਨਾ ਗਹਿਣਾ ਹੈ। ਇਹ ਲੜੀ ਵਿੱਚ ਪਰੋਤੇ ਮੋਟੇ ਮਣਕਿਆਂ ਵਿਚਕਾਰ ਪੱਤੇ ਦਾ ਨਮੂਨੇ ਵਾਲਾ ਇੱਕ ਹਾਰ ਹੈ। ਇਸ ਵਿਚ ਬਾਰਾਂ ਸੋਨੇ ਦੇ ਸੁੰਦਰ ਨਮੂਨੇ ਦੀ ਘਾੜਤ ਦੇ ਮਣਕੇ ਹੁੰਦੇ ਸਨ, ਜਿਨ੍ਹਾਂ ਵਿਚੋਂ ਕੈਂਠੇ ਦੀਆਂ ਦੋ ਪਿਛਲੀਆਂ ਲੜੀਆਂ ਨੂੰ ਵਧਾਉਣ ਘਟਾਉਣ ਲਈ ਦੋ ਮਣਕੇ ਸੁਰਾਹੀ ਵਰਗੇ ਹੁੰਦੇ ਸਨ, ਨੂੰ ਸੁਰਾਹੀਆਂ ਕਿਹਾ ਜਾਂਦਾ ਹੈ।

ਪੁਰਸ਼ਾਂ ਦੇ ਗਲ ਦੇ ਸੋਨੇ ਦੇ ਇਕ ਗਹਿਣੇ ਨੂੰ, ਜਿਸ ਵਿਚ ਲੜੀ ਵਿਚ ਮੋਟੇ ਮਣਗੇ ਪਰੋਏ ਹੁੰਦੇ ਹਨ ਤੇ ਮਣਕਿਆਂ ਦੇ ਵਿਚਾਲੇ ਅਨਾਮ ਹੁੰਦੇ ਹਨ, ਕੈਂਠਾ ਕਹਿੰਦੇ ਹਨ। ਕੈਂਠਾ ਸ਼ਕੀਨੀ ਲਾਉਣ ਲਈ ਤੇ ਟੋਅਰ ਵਿਖਾਉਣ ਲਈ ਪਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਪੈਸੇ ਵਾਲੇ ਪਰਿਵਾਰ ਵਿਆਹ ਸਮੇਂ ਆਪਣੇ ਜੁਆਈ ਨੂੰ ਕੈਂਠਾ ਪਾਉਂਦੇ ਸਨ। ਕਈ ਪਰਿਵਾਰ ਆਪ ਹੀ ਆਪਣੇ ਲੜਕੇ ਨੂੰ ਕੈਂਠਾ ਬਣਾ ਦਿੰਦੇ ਸਨ। ਕੈਂਠਾ ਸਹੁਰੇ ਜਾਣ ਸਮੇਂ, ਵਿਆਹਾਂ ਵਿਚ, ਬਰਾਤਾਂ ਵਿਚ, ਰਿਸ਼ਤੇਦਾਰੀਆਂ ਦੇ ਖੁਸ਼ੀ ਦੇ ਸਮਾਗਮਾਂ ਵਿਚ, ਮੇਲਿਆਂ ਵਿਚ ਪਾਇਆ ਜਾਂਦਾ ਸੀ।

ਕੈਂਠਾ ਮਣਕਿਆਂ ਦਾ ਹਾਰ ਹੁੰਦਾ ਸੀ। ਵਿਚਾਲੇ ਅਨਾਮ ਪਰੋਇਆ ਹੁੰਦਾ ਸੀ। ਕੈਂਠੇ ਦੇ ਮਣਕੇ ਖਰਬੂਜੇ ਦੀਆਂ ਧਾਰੀਆਂ ਵਰਗੇ ਹੁੰਦੇ ਸਨ। ਮਣਕਿਆਂ ਹੇਠਲਾਂ ਹਿੱਸਾ ਚਾਂਦੀ ਦਾ ਬਣਿਆ ਹੁੰਦਾ ਸੀ। ਉੱਪਰ ਸੋਨੇ ਦੇ ਪੱਤਰੇ ਚਾੜ੍ਹੇ ਹੁੰਦੇ ਸਨ। ਮਣਕਿਆਂ ਨੂੰ ਡੋਰੀ ਵਿਚ ਪਰੋਇਆ ਜਾਂਦਾ ਸੀ। ਹੁਣ ਕੋਈ ਵੀ ਗਭਰੂ ਕੈਂਠਾ ਨਹੀਂ ਪਾਉਂਦਾ। ਹਾਂ! ਸਟੇਜ ਉੱਪਰ ਭੰਗੜਾ ਪਾਉਂਦੇ ਕਲਾਕਾਰਾਂ ਦੇ ਗਲਾਂ ਵਿਚ ਨਕਲੀ ਕੈਂਠੇ ਪਾਏ ਜਰੂਰ ਵੇਖੇ ਜਾ ਸਕਦੇ ਹਨ।[1]

ਲੋਕ ਗੀਤਾਂ ਵਿੱਚ

[ਸੋਧੋ]

ਦੁੱਧ ਰਿੜਕੇ ਝਾਂਜਰਾਂ ਵਾਲੀ, ਨੀ ਕੈਂਠੇ ਵਾਲਾ ਧਾਰ ਕੱਢਦਾ।
~~~~~~~~
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ, ਚੱਲੀਏ ਸ਼ੁਕੀਨੀ ਲਾ,
~~~~~~~~
ਕੰਨ ਵਿਚ ਮੁੰਦਰਾਂ ਸਿਰ ’ਤੇ ਸ਼ਮਲ੍ਹਾ, ਗਲ਼ ਵਿਚ ਕੈਂਠਾ ਪਾ।
~~~~~~~~
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ, ਨੀ ਕੈਂਠੇ ਵਾਲਾ ਤਿਲਕ ਗਿਆ।
~~~~~~~~
ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰੇ ਕੰਮ ਨਾ ਮੁੱਕੇ।
~~~~~~~~
ਮੁੰਡਾ ਸਾਨੂੰ ਲੈਣ ਆ ਗਿਆ, ਪਾ ਕੇ ਕੈਂਠਾ ਜੁਗਨੀਆਂ ਵਾਲਾ।
~~~~~~~~
ਮੁੰਡਿਆ ਤੂੰ ਕੈਂਠਾ ਘੜਾਉਣਾ, ਮੈਨੂੰ ਵੀ ਕਰਾ ਦੇ ਕੋਕਾ ਮੁੰਡਿਆਂ,
ਉੱਤੋਂ ਮਿੱਠਾ ਦਿਲਾਂ ਦਾ ਖੋਟਾ ਮੁੰਡਿਆ, ਵੇ ਉੱਤੋਂ ਮਿੱਠਾ...।
~~~~~~~~
ਚੌੜੀਆਂ ਹਿੱਕਾਂ ਕੁੰਢੀਆਂ ਮੁੱਛਾਂ, ਭੰਗੜਾ ਪਾਉਣ ਗੱਭੂਰ ਆਏ,
ਗਲ਼ ਵਿਚ ਕੈਂਠੇ, ਕੰਨੀ ਮੁੰਦਰਾਂ, ਪੂਰੇ ਰੂਪ ਸਜਾਏ, ਨੀ,
ਭੰਗੜਾ ਪਾਉਂਦਿਆਂ ਦੀ, ਸਿਫ਼ਤ ਕਰੀ ਨਾ ਜਾਏ,
ਭੰਗੜਾ ਪਾਉਂਦਿਆਂ ਦੀ...।
~~~~~~~~
ਘੋੜੀ ਚੜਿਢਆ ਸੋਹਣਾ ਦੇਵਰ,
ਹੱਥ ਵਿਚ ਸੋਂਹਦਾ ਛਾਂਟਾ।
ਪੰਜ ਸੌ ਪੱਚੀਆਂ ਦਾ,
ਛੋਟੇ ਦਿਓਰ ਦਾ ਕੈਂਠਾ।
~~~~~~~~
ਪਤੀ ਟੋਲਤਾ ਭੰਗੀ।
ਦਿਓਰ ਵੇ ਕੈਂਠੇ ਵਾਲਿਆ,
ਮੈਂ ਤੈਨੂੰ ਕਿਉਂ ਨਾ ਮੰਗੀ।
~~~~~~~~
ਸੁਣ ਵੇ ਮੁੰਡਿਆ ਕੈਂਠੇ ਵਾਲਿਆਂ,
ਦੂਰੋਂ ਪੈਣ ਚਮਕਾਰੇ।
ਇਕ ਚਿੱਤ ਕਰਦਾ ਵਿਆਹ ਕਰਵਾ ਲਾਂ,
ਦੂਜਾ ਡਰ ਦੁਨੀਆਂ ਦਾ ਮਾਰੇ।
~~~~~~~~
ਸੁਣ ਵੇ ਮੁੰਡਿਆ ਕੈਂਠੇ ਵਾਲਿਆਂ
ਤੇਰਾ ਕੈਂਠਾ ਰੋਗਨ ਕੀਤਾ।
ਮੈਂ ਤਾਂ ਤੈਨੂੰ ਖੜੀ ਉਡੀਕਾਂ,
ਤੂੰ ਲੰਘ ਗਿਆ ਚੁੱਪ ਕੀਤਾ।
ਸੱਸੀ ਵਾਂਗਰ ਹੋ ਗਈ ਭੁੜਥਾ,
ਲਾ’ਤਾ ਜਿਗਰ ਪਲੀਤਾ।
ਜੋੜੀ ਨਹੀਂ ਬਣਦੀ,
ਪਾਪ ਜਿਨ੍ਹਾਂ ਦਾ ਕੀਤਾ..।
~~~~~~~~
ਰੜਕੇ, ਰੜਕੇ, ਰੜਕੇ,
ਤੂੰ ਚੰਨਾ ਪੱਟ ਦਾ ਲੱਛਾ,
ਮੈਂ ਵੀ ਨਿਕਲੀ ਕਬੂਤਰੀ ਬਣਕੇ।
ਕੈਂਠੇ ਦੀ ਦਮਕ ਪਵੇ,
ਜਦ ਤੁਰਦਾ ਤੂੰ ਹਿੱਕ ਤਣ ਕੇ।
ਮਾਹੀਏ ਦੇ ਕੈਂਠੇ ਵਿਚ,
ਮੋਗੇ ਸ਼ਹਿਰ ਦੇ ਮਣਕੇ।
~~~~~~~~

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.