ਖੰਡ ਮਿਸ਼ਰੀ ਦੀਆ ਡਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੰਡ ਮਿਸ਼ਰੀ ਦੀਆਂ ਡਾਲੀਆਂ
ਲੇਖਕਸੁਖਦੇਵ ਮਾਦਪੁਰੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਪ੍ਰਕਾਸ਼ਨ2003
ਪ੍ਰਕਾਸ਼ਕਲਾਹੌਰ ਬੁੱਕ ਸ਼ਾਪ 2 ਲਾਜਪਤ ਰਾਏ ਮਾਰਕੀਟ ਲੁਧਿਆਣਾ
ਮੀਡੀਆ ਕਿਸਮਪ੍ਰਿੰਟ

ਖੰਡ ਮਿਸ਼ਰੀ ਦੀਆਂ ਡਲੀਆਂ ਪੁਸਤਕ ਸੁਖਦੇਵ ਮਾਦਪੁਰੀ ਦੀ ਪੁਸਤਕ ਹੈ। ਇਹ ਕਿਤਾਬ ਪਹਿਲੀ ਵਾਰ 2003 ‘ਚ ਪ੍ਰਕਾਸ਼ਿਤ ਹੋਈ। ਇਹ ਕਿਤਾਬ ਲਾਹੌਰ ਬੁੱਕ ਸ਼ਾਪ 2 ਲਾਜਪਤ ਰਾਏ ਮਾਰਕੀਟ, ਲੁਧਿਆਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਪੁਸਤਕ ਤੋਂ ਇਲਾਵਾ ਸੁਖਦੇਵ ਮਾਦਪੁਰੀ ਨੇ ਲੋਕਗੀਤ, ਲੋਕ ਕਹਾਣੀਆ, ਲੋਕ ਬੁਝਾਰਤਾਂ, ਪੰਜਾਬੀ ਸੱਭਿਆਚਾਰ, ਜੀਵਨੀ, ਨਾਟਕ, ਬਾਲ ਸਾਹਿਤ, ਸੰਪਾਦਨਾ, ਅਨੁਵਾਦ ਬਾਰੇ ਪੁਸਤਕਾਂ ਲਿਖੀਆ ਹਨ ਅਤੇ ਉਹਨਾਂ ਵਿੱਚੋਂ ਕੁਝ ਨੂੰ ਐਵਾਰਡ ਵੀ ਮਿਲੇ ਹਨ। ਇਸ ਪੁਸਤਕ ‘ਚ ਗਿੱਧੇ ਦੀਆਂ ਬੋਲੀਆ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਲੰਮੀਆ ਬੋਲੀਆ ਹਨ ਤੇ ਦੂਜੇ ਭਾਗਾਂ ਵਿੱਚ ਇਕ- ਲੜੀ ਬੋਲੀਆ ਨੂੰ ਸ਼ਾਮਿਲ ਕੀਤਾ ਗਿਆ ਹੈ। ਇੱਕ ਲੜੀ ਬੋਲੀਆ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ- ਜੀਵਨ ਦਾ ਦਰਪਣ ਹਨ। ਜਿਸ ਵਿੱਚੋਂ ਪੰਜਾਬ ਦੀ ਨੱਚਦੀ ਗਾਉਂਦੀ ਅਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁੱਤੇ ਸਿੱਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿੱਚ ਸਮੋਇਆ ਪਿਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਅਜਿਹਾ ਕੋਈ ਪੱਖ ਜਾਂ ਵਿਸ਼ਾ ਹੋਵੇ, ਜਿਸ ਬਾਰੇ ਬੋਲੀਆ ਨਾ ਮਿਲਦੀਆਂ ਹੋਣ। ਇੱਕ- ਲੜੀ ਤਾਂ ਆਖਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜੀਆ ਹੋਈਆ ਹਨ। ਜਿਹਨਾਂ ਨੂੰ ਉਹ ਪਰਮਾਣ ਵਜੋਂ ਨਿੱਤ ਵਿਹਾਰ ਵਿੱਚ ਵਰਤਦੇ ਹਾਂ। ਇਹ ਬੋਲੀ ਜੀਵਨ ਦੇ ਤੱਤਾਂ ਨਾਲ ਓਤ-ਪੋਤ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਅਰਮਾਨਾਂ, ਖੁਸ਼ੀਆਂ, ਗਮੀਆਂ, ਭਾਵਨਾਵਾਂ ਅਤੇ ਜ਼ਜਬਿਆ ਦੀਆਂ ਕੂਲਾਂ ਵਹਿ ਰਹੀਆਂ ਹਨ। ਖੰਡ ਮਿਸ਼ਰੀ ਦੀਆਂ ਡਲੀਆਂ ਪੁਸਤਕ ਵਿੱਚ 2000(ਦੋ ਹਜ਼ਾਰ) ਬੋਲੀਆ ਹਨ। ਇਨ੍ਹਾਂ ਵਿੱਚ ਮਨੁੱਖੀ ਮਨਾਂ ਦੀਆਂ ਭਾਵਾਂ, ਗੱਭਰੂ- ਮੁਟਿਆਰਾਂ ਦੀਆਂ ਸੱਧਰਾਂ, ਰੀਜਾਂ, ਉਲਾਭੇ, ਵਿਛੋੜੇ ਦੇ ਪਲ, ਸੁਪਨੇ, ਵਲਵਲੇ, ਸਭ ਪਰੋਏ ਹੁੰਦੇ ਹਨ। ਇਹਨਾਂ ਵਿੱਚ ਸਮਕਾਲੀਨ ਸਮੇਂ ਦਾ ਸੱਭਿਆਚਾਰਕ, ਪਰਿਵਾਰਕ, ਸਮਾਜਿਕ, ਧਾਰਮਿਕ, ਰਾਜਨੀਤਿਕ ਹਰ ਪੱਖ ਰੂਪਮਾਨ ਹੁੰਦਾ ਹੈ। ਜਨਮ ਤੋਂ ਲੈ ਕੇ ਵਿਆਹ, ਸਹੁਰੇ, ਰਿਸ਼ਤੇ, ਮੇਲੇ, ਤਿਉਹਾਰ, ਸਾਉਣ, ਮਹੀਨਾ, ਵਿਸਾਖੀ, ਰਹਿਣੀ ਬਹਿਣੀ, ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ, ਖੇਤੀ ਪ੍ਰਬੰਧ, ਹੋਰ ਕਿੱਤਿਆ ਆਦਿ ਸਭ ਨੂੰ ਵਿਸਥਾਰ ਸਾਹਿਤ ਪੇਸ਼ ਕੀਤਾ ਹੈ। ਇਹਨਾਂ ਲੰਮੀਆ ਤੇ ਇੱਕ- ਲੜੀਆ ਬੋਲੀਆ ਵਿੱਚ ਸੱਭਿਆਚਾਰ ਦੇ ਭਰਪੂਰ ਦਰਸ਼ਨ ਹੁੰਦੇ ਹਨ। ਸੁਖਦੇਵ ਮਾਦਪੁਰੀ ਪਹਿਲੇ ਭਾਗ ਵਿੱਚ ਮੰਗਲਾਚਰਣ ਤੋਂ ਬੋਲੀਆ ਦੇ ਸੰਗ੍ਰਿਹ ਨੂੰ ਸ਼ਾਮਿਲ ਕੀਤਾ ਗਿਆ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਅਵਸਥਾ ਚਲੀ ਆ ਰਹੀ ਹੈ ਕਿ ਕੋਈ ਵੀ ਸ਼ੁਭ ਕੰਮ ਕਰਨ ਵੇਲੇ ਰੱਬ ਦਾ ਨਾਮ ਧਿਆਇਆ ਜਾਂਦਾ ਹੈ।

 
 ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
 ਸਭ ਨੂੰ ਇਹੋ ਮੁਹਾਏ
 ਗਿੱਧੇ ‘ਚ ਉਸ ਕੰਮ ਕੀ ਵੀਰਨੋ
 ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ।
 ਦੋਹਾਂ ਜਾਹਨਾਂ ਦਾ ਅੱਲਾ ਹੀ ਵਾਲੀ
 ਉਹਦੀ ਸਿਫ਼ਤ ਕਰੀ ਨਾ ਜਾਏ
 ਅੱਲ੍ਹਾ ਦਾ ਨਾਉਂ ਲੈ ਲਏ
 ਜਿਹੜਾ ਗਿੱਧਾ ਵਿੱਚ ਆਏ।

ਕੋਈ ਵੀ ਵਿਅਕਤੀ ਆਪਣਾ ਕੋਈ ਵੀ ਸ਼ੁੱਭ ਕੰਮ ਕਰਨ ਵੇਲੇ ਉਸ ਪ੍ਰਮਾਤਮਤਾ ਦਾ ਨਾਮ ਲੈਂਦਾ ਹੈ, ਉਹ ਦੋਹਾਂ ਜਾਹਨਾਂ ਦੇ ਉਸ ਮਾਲਿਕ ਦੇ ਘਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਮੰਗਲਾਚਰਣ ਵਿੱਚ ਸ਼ਾਮਿਲ ਕੀਤੀਆਂ ਬੋਲੀਆ ਨੂੰ ਮਾਦਪੁਰੀ ਨੇ ਇਸ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਰੱਬ ਚਾਹੇ ਇਕੋ ਹੈ, ਪਰ ਉਹਦੇ ਵੱਖਰੇ- ਵੱਖਰੇ ਰੂਪਾਂ ਨੂੰ ਗੁਰੂ, ਅੱਲ੍ਹਾ, ਦੇਵੀ, ਮਾਤਾ, ਹਰੀ, ਪੀਰ ਆਦਿ ਵੱਖ- ਵੱਖ ਬੋਲੀਆ ‘ਚ ਰੱਬ ਦੀ ਉਸਤਤ ‘ਚ ਪਾਈਆ ਜਾਂਦੀਆ ਬੋਲੀਆ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਬੋਲੀਆ ਨੂੰ ਪਾਉਣ ਸਮੇਂ ਭਾਸ਼ਾ ਦੀ ਸ਼ਬਦਾਵਲੀ ਵਿੱਚ ਵੀ ਫ਼ਰਕ ਉਪਜਦਾ ਹੈ। ਇਹ ਫ਼ਰਕ ਇਲਾਕਿਆ ਕਰਕੇ ਹੁੰਦਾ ਹੈ। ਇਸ ਤਰ੍ਹਾਂ ਗਿੱਧਾ ਗਿੱਧਾ ਕਰੇ ਮੇਲਣੇ ਵਿੱਚ ਬੋਲੀਆ ਹਨ। ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚੋਂ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆ ਹਨ। ਜਿਵੇਂ ਰੁੱਤਾਂ, ਮੇਲਿਆਂ, ਤਿੱਥਾਂ- ਤਿਉਹਾਰਾਂ ਤੋਂ ਛੁੱਟ ਤ੍ਰਿੰਝਣਾਂ ਵਿੱਚ ਪੂਣੀਆ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਮੰਗਣੀ ਜਾਂ ਵਿਆਹ ਦੇ ਅਵਸਰ ਸਮੇਂ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਤੇ ਇੱਕਠੀਆਂ ਹੋ ਕੇ ਅਜਿਹਾ ਸ਼ੌਕ ਪੂਰਾ ਕਰ ਲੈਂਦੀਆ ਹਨ। ਇਸ ਨਾਚ ਵਾਸਤੇ ਔਰਤਾਂ ਨੂੰ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲ੍ਹਾ ਕਮਰਾ, ਖੇਤਾਂ(ਖਾਸ ਕਰਕੇ ਤੀਆਂ ਦੇ ਦਿਨੀਂ) ਜਾਂ ਮੈਦਾਨ ਆਦਿ ਸਭ ਪ੍ਰਕਾਰ ਦੀਆਂ ਥਾਂਵਾਂ ਗਿੱਧੇ ਵਾਸਤੇ ਢੁੱਕਵੀਆਂ ਹੀ ਹੁੰਦੀਆ ਹਨ। ਧਰਮ, ਫਿਰਕਾਂ, ਜਾਤ- ਪਾਤ ਇਨ੍ਹਾਂ ਲਈ ਕੋਈ ਵਲਗਣ ਨਹੀਂ ਹੁੰਦੀ। ਇੱਕ ਦ੍ਰਿਸ਼ ਵੇਖੋ:-

 ਫਾਤਾਂ ਨਿਕਲੀ ਲੀੜੇ ਪਾ ਕੇ, ਹਾਰ ਹੁਕਮੀ ਨੇ ਮਾਰੀ।
 ਨਿੰਮ ਦੇ ਕੋਲ ਬਸੰਤੀ ਆਉਂਦੀ, ਬੋਤੀ ਵਾਂਗ ਸ਼ਿੰਗਾਰੀ,
 ਹੀਰ ਕੁੜੀ ਦਾ ਪਿੰਡ ਮੁਸ਼ਕੇ, ਨੂਰੀ ਸ਼ੁਕੀਨਣ ਭਾਰੀ,
 ਕਿਸ਼ਨੋ ਬਿਸ਼ਨੋ ਦੋਵੇਂ ਭੈਣਾਂ, ਕਿਸ਼ਨੋ ਹਾਲੇ ਕੁਆਰੀ,
 ਬਿਸ਼ਨੋ ਚੰਦ ਵਰਗੀ ਦੋਵੇਂ, ਉਹਦੀ ਗਿੱਧਿਆਂ ਵਿੱਚ ਸਰਦਾਰੀ।

ਇਸ ਤਰ੍ਹਾਂ ਲੋਕ- ਨਾਚ ਗਿੱਧਾ ਕਿਸੇ ਖਾਸ ਪਹਿਰਾਵੇ, ਮੁਦਰਾਵਾਂ ਦੇ ਸੰਚਾਰ- ਸਿਧਾਂਤ, ਨਾਚਾਰ ਦੀ ਗਿਣਤੀ ਅਤੇ ਖਾਸ ਸਮੇਂ ਸਥਾਨ ਦੇ ਬੰਧਨਾਂ ਤੋਂ ਮੁਕਤ ਹੈ। ਉਸ ਤਰ੍ਹਾਂ ਇਹ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ। ਸਾਜ਼ਾਂ ਦਾ ਮੁਥਾਜ ਵੀ ਨਹੀਂ ਹੈ, ਪ੍ਰਤੂੰ ਪਰਪੰਰਾ ਇੱਕ ਗਿੱਧਾ ਨਾਚ ਵਿੱਚ ਢੋਲਕੀ ਦੀ ਵਰਤੋਂ ਵੀ ਨਹੀਂ ਹੁੰਦੀ ਸੀ। ਮੂੰਹ ਦੁਆਰਾ ਬੁੱਲਾਂ ਨੂੰ ਘੱਟ ਵੱਧ ਖੋਲ ਕੇ ਫੂ- ਫੂ ਕਰਕੇ, ਬੱਲੇ- ਬੱਲੇ ਕਰਕੇ, ਅੱਡੀਆ ਭੋਇੰ ਤੇ ਮਾਰ ਕੇ ਜਾਂ ਚੀਕ- ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜਕੱਲ੍ਹ ਢੋਲਕੀ ਦੀ ਵਰਤੋਂ ਕਰ ਲਈ ਜਾਂਦੀ ਹੈ।

 ਬਾਰੀ ਬਾਰਸੀ ਖੱਟ ਕੇ ਲਿਆਇਆ
 ਖੱਟ ਕੇ ਲਿਆਂਦਾ ਫੀਤਾ
 ਤੇਰੇ ਘਰ ਕੀ ਵਸਣਾ
 ਤੂੰ ਮਿਡਲ ਪਾਸ ਵੀ ਨਾ ਕੀਤਾ।

ਪੰਜਾਬੀ ਬੋਲੀਆਂ ਵਿੱਚ ਸਹੁਰੇ ਤੇ ਪੇਕੇ ਪਰਿਵਾਰ ਦੇ ਰਿਸ਼ਤੇ ਬੜੇ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ ਇਨ੍ਹਾਂ ਵਿਚਲਾ ਪਿਆਰ, ਸਤਿਕਾਰ, ਗਿਲੇ- ਸ਼ਿਕਵੇ, ਮਿਹਣੇ- ਗਾਲ੍ਹਾਂ, ਰੁੱਸਣਾ ਮਨਾਉਣਾ, ਰੀਝਾਂ, ਸੱਧਰਾਂ ਸਭ ਖੁੱਲ ਕੇ ਪੇਸ਼ ਹੁੰਦਾ ਹੈ।

 
 ਸੱਸ ਮੇਰੀ ਨੇ ਬੜਾ ਸਤਾਇਆ, ਨਿੱਤ ਪੁਆ ਕੇ ਪਾਵੇ
 ਉਠਦੀ ਬਹਿੰਦੀ ਰਹੇ ਸਿਖਾਉਂਦੀ, ਜਦ ਮਾਹੀਂ ਘਰ ਆਵੇ
 ਮਾਹੀ ਮੇਰਾ ਲਾਈ ਲਗ ਨਾ, ਮੈਂਨੂੰ ਕਾਹਦੀ ਲੋੜ
 ਮੇਰਾ ਮਾਹੀ ਗੜਵਾ, ਮੈਂ ਗੜਵੇਂ ਦੀ ਡੋਰ।

ਪਹਿਲਾ- ਪਹਿਲ ਬਹੁਤੇ ਗਰੀਬ ਮਾਪੇ ਮੁੱਲ ਉਤਰਵਾ ਕੇ ਭਾਵ ਮੁੰਡੇ ਵਾਲਿਆ ਤੋਂ ਪੈਸੇ ਲੈ ਕੇ ਹੀ ਕੁੜੀ ਦਾ ਵਿਆਹ ਕਰਦੇ ਸਨ। ਕੋਈ ਚੰਗਾ ਘਰ ਅਜਿਹਾ ਨਾ ਕਰਦਾ ਤਾਂ ਉਸਦਾ ਵਿਆਹ ਪੁੰਨ ਦਾ ਵਿਆਹ ਮੰਨਿਆ ਜਾਂਦਾ ਸੀ। ਅਕਸਰ ਇਹੋ ਜਿਹੇ ਵਿਆਹ ਬੇ-ਮੇਲ ਵੀ ਨਿਕਲ ਜਾਂਦੇ, ਕਦੇ ਸੁਭਾਅ ਪੱਖੋਂ ਅਤੇ ਕਦੇ ਸਰੀਰ ਪੱਖੋਂ, ਇਹੋ ਜਿਹੇ ਪੱਖਾਂ ਨਾਲ ਸੰਬੰਧਿਤ ਇਸ ਕਿਤਾਬ ਵਿੱਚ ਕਈ ਬੋਲੀਆ ਹਨ। ਮਸਲਨ-


 
 ਕਾਲਾ ਭੂੰਡ ਨਾ ਸਹੇੜੀ ਮੇਰੇ ਬਾਬਲਾ
 ਘਰ ਦਾ ਮਾਲ ਡਰੂ।

 ਜਾਂ
 
 ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ

 ਬਾਪੂ ਦੇ ਪਸੰਦ ਆ ਗਿਆ।

ਧੀ ਦੇ ਸਹੁਰਿਆ ਵਿਚਲੇ ਗੁੱਸੇ- ਗਿੱਲੇ ਵੀ ਖੁੱਲ ਕੇ ਲੋਕ ਬੋਲੀਆ ‘ਚ ਸਾਹਮਣੇ ਆਉਂਦੇ ਹਨ।

 
 ਅੱਗੋਂ ਸੱਸ ਬਘਿਆੜੀ ਟੱਕਰੀ
 ਮਾਪਿਆਂ ਨੇ ਰੱਖੀ ਲਾਡਲੀ

 ਜਾਂ

 ਸੱਸ ਮੇਰੀ ਚੰਦਰੀ ਜਹੀ
 ਵੀਰ ਆਇਆ ਤੇ ਬੂਹਾ ਨਾ ਖੋਲ੍ਹੇ।

ਇਸ ਪੁਸਤਕ ਵਿੱਚ ਕਮਾਈ ਲਈ ਵਿਦੇਸ਼, ਵਿਉਪਾਰ ਖਾਤਰ ਬਾਹਰ ਚੱਲੇ ਗਏ ਜਾਂ ਫੌਜ ਵਿੱਚ ਭਰਤੀ ਹੋਏ ਗੱਭਰੂਆਂ ਦੇ ਵਿਛੋੜੇ ਵਿੱਚ ਕੁਮਲਾਈ ਮਟਿਆਰ ਦੇ ਮਨੋਭਾਵਾਂ, ਤੜਪ ਆਦਿ ਨਾਲ ਸੰਬੰਧਿਤ ਬੋਲੀਆ ਨੂੰ ਵੀ ਅੰਕਿਤ ਕੀਤਾ ਗਿਆ ਹੈ। ਉਦਾਹਰਨ ਲਈ-

 
 ਮਾਹੀ ਮੇਰਾ ਲਾਮ ਨੂੰ ਗਿਆ
 ਮੇਰੇ ਬੱਜਣ ਕਲੇਜੇ ਛੁਰੀਆ

 ਜਾਂ

 ਕਿਤੇ ਸੁਖ ਦਾ ਸੁਨੇਹਾ ਘਲਾਵੇ
 ਮੁਦੱਤਾਂ ਗੁਜ਼ਰ ਗੀਆਂ।

ਸਾਉਣ ਮਹੀਨੇ ਦੀ ਪੰਜਾਬਣਾ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਸਭ ਵਿਆਹੀਆਂ ਹੋਈਆਂ ਕੁੜੀਆਂ ਪੇਕੇ ਪਿੰਡ ਆਉਂਦੀਆ ਹਨ। ਕੁੜੀਆ ਇੱਕ ਥਾਂ ਇੱਕਠੀਆਂ ਹੋ ਗਿੱਧਾ ਪਾਉਂਦੀਆ, ਪੀਘਾਂ ਝੂਟਦੀਆ ਤੇ ਬੋਲੀਆਂ ਰਾਹੀਂ ਆਪਣੇ ਦਿਲੀ ਭਾਵਾਂ ਨੂੰ ਬਿਆਨ ਕਰਦੀਆਂ ਹਨ। ਇਸ ਮਹੀਨੇ ਨਾਲ ਸੰਬੰਧਿਤ ਬੋਲੀਆ ਦੀ ਭਰਮਾਰ ਹੈ, ਜਿੰਨ੍ਹਾਂ ਵਿੱਚੋਂ ਕੁਝ ਬੋਲੀਆ ਨੂਮ ਇਸ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ।

 
 ‘ਧੰਨ ਭਾਗ ਮੇਰੇ’ ਆਖੇ ਪਿੱਪਲ
 ਕੁੜੀਆਂ ਨੇ ਪੀਘਾਂ ਪਾਈਆਂ
 ਸਾਉਣ ਵਿੱਚ ਕੁੜੀਆ ਨੇ
 ਪੀਂਘਾ ਅਸਮਾਨ ਚੜਾਈਆ।

ਲੰਮੀਆਂ ਬੋਲੀਆਂ ਲੋਕ ਕਾਵਿ ਦਾ ਅਤਿ ਹਰਮਨ ਪਿਆਰਾ ਕਾਵਿ ਰੂਪ ਹੈ। ਇਸ ਪੁਸਤਕ ਵਿੱਚ ਲੰਮੀਆ ਬੋਲੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਵੰਨਗੀ ਦੀ ਇਸ ਪੁਸਤਕ ਵਿਚੋਂ ਬੋਲੀ-

 
 ਮਹਿੰਦੀ ਮਹਿੰਦੀ ਸਭ ਜਗ ਕਹਿੰਦਾ
 ਮੈਂ ਵੀ ਆਖ ਦਿਆਂ ਮਹਿੰਦੀ
 ਬਾਗਾਂ ਦੇ ਵਿੱਚ ਸਸਤੀ ਵਿਕਦੀ
 ਵਿੱਚ ਹੱਟੀਆਂ ਦੇ ਮਹਿੰਗੀ
 ਹੇਠਾਂ ਕੂੰਡੀ ਉੱਤੇ ਸੋਟਾ
 ਚੋਟ ਦੋਹਾਂ ਦੀ ਮਹਿੰਦੀ
 ਘੋਟ ਘਾਟ ਕੇ ਹੱਥਾਂ ਤੇ ਲਾਈ
 ਫੋਲਕ ਬਣ-ਬਣ ਲਹਿੰਦੀ।
 ਮਹਿੰਦੀ ਸ਼ਗਨਾਂ ਦੀ
 ਧੋਤਿਆਂ ਕਦੀ ਨਾ ਲਹਿੰਦੀ।

ਤ੍ਰਿੰਜਣ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ ਭਾਗ ਰਿਹਾ ਹੈ। ਸਿਆਲ ਦੀਆਂ ਦੀਆਂ ਲੰਬੀਆਂ ਰਾਤਾਂ ਨੂੰ ਗਲੀ- ਗੁਆਂਢ ਦੀਆਂ ਕੁੜੀਆਂ ਇੱਕਠੀਆਂ ਹੋ ਕੇ ਕੱਤਦੀਆਂ ਹਨ। ਸਾਰੀ-ਸਾਰੀ ਰਾਤ ਚਰਖੇ ਦੀ ਘੂਕਰ ਦੇ ਨਾਲ- ਨਾਲ ਹੇਕਾਂ ਵਾਲੇ ਗੀਤ ਗਾਉਂਦੀਆਂ ਹਨ। ਤ੍ਰਿੰਜਣ ਕੱਤਦੀਆਂ ਉਹ ਆਪਣੇ ਮਨ ਵਿੱਚ ਉਪਜਦੇ ਭਾਵਾਂ ਨੂੰ ਅੰਕਿਤ ਕਰਦੀਆਂ ਹਨ। ਜਿਵੇਂ – ਮਾਹੀਂ ਦਾ ਵਿਛੋੜਾ, ਸੱਸ ਨਣਦ ਅਤੇ ਜਠਾਣੀ ਦੇ ਰੜਕਵੇਂ ਮਿਹਣੇ, ਬੋਲਾਂ ਦਾ ਵਰਨਣ, ਵੀਰ ਦਾ ਪਿਆਰ ਅਤੇ ਦਿਲ ਦੇ ਮਹਿਰਮ ਦਾ ਜ਼ਿਕਰ ਵਧੇਰੇ ਕਰਦੀਆ ਸਨ। ਇਸ ਤਰ੍ਹਾਂ ਤ੍ਰਿੰਜਣ ਵਿੱਚ ਬੈਠੀ ਔਰਤ ਦੇ ਮਨੋਭਾਵਾਂ ਨੂੰ ਪੇਸ਼ ਕਰਦੀਆਂ ਬੋਲੀਆ ਦਾ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਗਿਆ ਹੈ।

 
 ਉਥੇ ਲੈ ਚੱਲ ਚਰਖਾ ਮੇਰਾ
 ਜਿੱਥੇ ਤੇਰਾ ਹੱਲ ਚਲਦਾ।

 ਜਾਂ

 ਵੇ ਮੈਂ ਤੇਰੀ ਆ ਨਣਦ ਦੀਆ ਵੀਰਾ
 ਜੁੱਤੀ ਉੱਤੋਂ ਜੱਗ ਵਾਰਿਆ।

ਸਮਾਜਿਕ ਰਿਸ਼ਤਿਆਂ ਤੋਂ ਬਿੰਨ੍ਹਾਂ ਦੇਸ਼ ਭਗਤਾ, ਗੁਰੂਆਂ ਅਤੇ ਪੀਰਾਂ- ਫ਼ਕੀਰਾਂ ਦਾ ਜ਼ਿਕਰ ਵੀ ਲੋਕ- ਕਾਵਿ ਵਿੱਚ ਆਉਂਦਾ ਹੈ। ਪੰਜਾਬ ਦੀਆਂ ਪ੍ਰੀਤ ਕਹਾਣੀਆਂ, ਹੀਰ- ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ- ਸਾਹਿਬਾਂ, ਸੱਸੀ-ਪੁਨੂੰ ਦੀ ਮੁੱਹਬਤ ਨੂੰ ਵੀ ਪੰਜਾਬੀ ਮੁਟਿਆਰਾਂ ਨੇ ਲੋਕ- ਕਾਵਿ ਦੇ ਕਈ ਰੂਪਾਂ ਜਿਵੇਂ- ਬੋਲੀਆਂ, ਲੋਕ- ਗੀਤਾਂ ਆਦਿ ਵਿੱਚ ਵਰਨਣ ਕੀਤਾ ਹੈ। ਸੁਖਦੇਵ ਮਾਦਪੁਰੀ ਦੀ ਚਰਚਾ ਅਧੀਨ ਇਸ ਪੁਸਤਕ ਵਿੱਚ ਇਹਨਾਂ ਪ੍ਰੀਤ- ਕਥਾਵਾਂ, ਪਾਤਰਾਂ ਨਾਲ ਸੰਬੰਧਿਤ ਬੋਲੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਰੂੜ ਤੁਕ ਵਾਲੀਆਂ ਬੋਲੀਆਂ ਵਿੱਚ ਤੁਕਾਂਤ ਮਿਲਾਉਣ ਲਈ ਰੂੜ ਤੁਕਾਂ ਅਤੇ ਰੂੜ ਤੁਕਾਂਤ ਵਰਤੇ ਜਾਂਦੇ ਹਨ, ਜਿਵੇਂ-

 
 ਗੇੜਾ ਦੇ ਨੀ ਮੇਲਣੇ
 ਗਾਜਰ ਵਰਗੀ ਤੂੰ

ਰੂੜ੍ਹ ਤੁਕਾਂ ਵਾਲੀਆਂ ਬੋਲੀਆਂ ਦੇ ਅੰਤਰਗਤ ਹੋਰ ਕਈ ਪ੍ਰਕਾਰ ਦੀਆਂ ਵੰਨਗੀਆਂ ਮਿਲਦੀਆ ਹਨ ਜਿਵੇਂ- ਸਥਿਰ ਰੂੜ੍ਹ ਤੁਕ ਵਾਲੀਆਂ ਅਤੇ ਗਤੀਸ਼ੀਲ ਤੁਕ ਵਾਲੀਆਂ ਬੋਲੀਆਂ ਵਿੱਚ ਪਹਿਲੀ ਤੁਕ ਨੂੰ ਤੋੜੇ ਨਾਲ ਸੰਬੰਧਿਤ ਕਰਨ ਸਮੇਂ ਕੋਈ ਤਬਦੀਲੀ ਨਹੀਂ ਕਰਨੀ ਪੈਂਦੀ। ਇਸ ਅੰਦਰ ਇੱਕੋ ਤੁਕਾਂਤ ਲੋੜ ਅਨੁਸਾਰ ਰੂੜ ਤੁਕ ਵਿੱਚੋਂ ਬਦਲਿਆ ਜਾਂਦਾ ਹੈ। ਜਿਵੇਂ-

 
 ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਗਾਨੀ,
 ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ।

ਪੰਜਾਬੀ ਮੇਲਿਆਂ ਵਿੱਚ ਨੱਚਦੇ, ਟੱਪਦੇ ਬੋਲੀਆ ਪਾਉਂਦੇ ਜਾਂਦੇ ਹਨ। ਵੱਖੋਂ- ਵੱਖ ਮੇਲਿਆਂ ਨਾਲ ਸੰਬੰਧਿਤ ਬੋਲੀਆਂ ਹਨ, ਜਿਹਨਾਂ ਦਾ ਜ਼ਿਕਰ ਇਸ ਪੁਸਤਕ ਵਿੱਚ ਵੀ ਕੀਤਾ ਗਿਆ ਹੈ। ਜਿਵੇਂ ਕਿ ਛਪਾਰ ਦਾ ਮੇਲਾ ਗੁੱਗੇ ਦੀ ਮਾੜੀ ’ਤੇ ਲੱਗਦਾ ਹੈ ਕਹਿੰਦੇ ਹਨ ਕਿ ਇਸ ਮਾੜੀ ’ਤੇ ਲੱਗੀਆਂ ਇੱਟਾਂ ਬੀਕਾਨੇਰ ਤੋਂ ਗੁੱਗੇ ਦੀ ਕਿਸੇ ਮਾੜੀ ਤੋਂ ਲਿਆ ਕੇ ਲਾਈਆਂ। ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੂਠੀਆਂ ਤਰਬਾਂ ਛੇੜ ਦਿੰਦਾ ਹੈ। ਕਈ ਪੁਰਾਣੀਆਂ ਯਾਂਦਾ ਆ ਝੁਰਮਟ ਪਾਉਂਦੀਆਂ ਹਨ। ਮੇਲੇ ਦੇ ਦ੍ਰਿਸ਼ਾਂ ਨੂੰ ਬੋਲੀ ਦੇ ਸ਼ਬਦਾਂ ਵਿੱਚ ਇਸ ਪ੍ਰਕਾਰ ਅੰਕਿਤ ਕੀਤਾ ਗਿਆ ਹੈ-

 
 ਆਰੀ ਆਰੀ ਆਰੀ
 ਮੇਲਾ ਛਪਾਰ ਲੱਗਦਾ
 ਜਿਹੜਾ ਲੱਗਦਾ ਜਰਗ ਤੋਂ ਭਾਰੀ
 ਕੱਠ ਮੁਸ਼ਟੰਡਿਆਂ ਦੇ
 ਉੱਥੇ ਬੋਤਲਾਂ ਮੰਗਾ ਲੀਆ ਚਾਲੀ
 ਤਿੰਨ ਸੇਰ ਸੋਨਾ ਲੁਟਿਆ।

ਪੁਸਤਕ ਦੇ ਅੰਤਿਕਾ ਵਿੱਚ ਮਾਦਪੁਰੀ ਨੇ ਬੋਲੀਆ ਤੇ ਸਮਕਾਲੀ ਸੱਭਿਆਚਾਰ ਦੇ ਨਾਲ-ਨਾਲ ਉਸ ਸਮੇਂ ਰਾਜਨੀਤਿਕ ਤੇ ਆਰਥਿਕ ਹਾਲਾਤ ਵੀ ਪ੍ਰਭਾਵ ਪਾਉਂਦੇ ਹਨ। ਇਹਨਾਂ ਵਿੱਚੋਂ ਇਤਿਹਾਸਕ ਜੀਵਨ ਦੀ ਵੀ ਜਾਣਕਾਰੀ ਮਿਲਦੀ ਹੈ। ਪੰਜਾਬ ਨੇ ਬਹੁਤ ਸਾਰੇ ਵਿਦੇਸ਼ੀ ਤੇ ਨਸਲੀ ਹਮਲਿਆਂ ਦਾ ਸਾਹਮਣਾ ਕੀਤਾ ਹੈ। ਇਹਨਾਂ ਦਾ ਵਰਨਣ ਬੋਲੀਆ ਵਿੱਚ ਇਸ ਪ੍ਰਕਾਰ ਕੀਤਾ ਹੈ- ਆਰਥਿਕ ਪੱਖਾਂ ਨਾਲ ਸੰਬੰਧਿਤ ਬੋਲੀ-

 
 ਰੇਸ਼ਮੀ ਦੁੱਪਟੇ ਵਿੱਚ ਤਿੰਨ ਧਾਰੀਆਂ
 ਪਹਿਨਣਨੇ ਨਾ ਦਿੰਦੀਆਂ ਕਬੀਲਦਾਰੀਆਂ।

ਰਾਜਨੀਤਿਕ ਹਾਲਤਾਂ ਨਾਲ ਸੰਬੰਧਿਤ ਬੋਲੀ-


 ਜਦੋਂ ਗੱਜਿਆ ਰਾਣੀ ਤੇ ਨਹਿਰੂ
 ਫਰੰਗੀਆਂ ਦਾ ਰਾਜ ਡੋਲਿਆ।

ਉਪਰੋਕਤ ਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਖੰਡ ਮਿਸ਼ਰੀ ਦੀਆਂ ਡਲੀਆਂ ਪੁਸਤਕ ਵਿੱਚ ਬਹੁਤ ਸਾਰੇ ਪੱਖਾਂ ਨਾਲ ਸੰਬੰਧਿਤ ਬੋਲੀਆ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਹਨਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਪਰ ਅਸੀਂ ਕੁਝ ਕੁ ਵਿਸ਼ਿਆ ਨਾਲ ਸੰਬੰਧਿਤ ਬੋਲੀਆਂ ਨੂੰ ਛੋਹਿਆ ਹੈ। ਇਹ ਬੋਲੀਆਂ ਬਦਲ ਰਹੇ ਪੰਜਾਬੀ ਲੋਕ ਜੀਵਨ ਦੀਆਂ ਬਾਤਾਂ ਪਾਉਂਦੀਆ ਹਨ। ਇਹ ਸੈਂਕੜੇ ਵਰ੍ਹਿਆਂ ਦੇ ਪੁਰਾਣੇ ਪੰਜਾਬ ਦੇ ਸੱਭਿਆਚਾਰਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਲਕੋਈ ਬੈਠੀਆਂ ਹਨ। ਬੋਲੀਆ ਪੰਜਾਬੀ ਆਤਮਾ ਦਾ ਲੋਕ ਵੇਦ ਹਨ। ਇਹ ਕਿਸੇ ਇੱਕ ਵਿਅਕਤੀ ਦੀ ਰਚਨਾ ਨਹੀਂ, ਬਲਕਿ ਸਮੂਹਿਕ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹੈ। ਲੇਖਕ ਨੇ ਪਾਠਕਾਂ ਦੀ ਸੌਖ ਅਨੁਸਾਰ ਬੋਲੀਆਂ ਨੂੰ ਤਰਤੀਬ ਵਿਸ਼ੇ ਅਨੁਸਾਰ ਹੀ ਦਿੱਤੀ ਹੈ।

ਹਵਾਲੇ[ਸੋਧੋ]

ਸੁਖਦੇਵ ਮਾਦਪੁਰੀ, ਖੰਡ ਮਿਸ਼ਰੀ ਦੀਆਂ ਡਲੀਆਂ, ਲਾਹੌਰ ਬੁੱਕ ਸ਼ਾਪ 2 ਲਾਜਪਤ ਰਾਏ ਮਾਰਕੀਟ, ਲੁਧਿਆਣਾ