ਸਮੱਗਰੀ 'ਤੇ ਜਾਓ

ਲੋਕ ਦੇਵਤੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਕ ਧਰਮ ਵਿੱਚ ਜਿਹਨਾਂ ਸਕਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਉਹ ਲੋਕ ਦੇਵਤੇ ਹੁੰਦੇ ਹਨ। ਇਹ ਸਾਰੇ ਲੋਕਾਂ ਦੇ ਸਰਬ-ਸਾਂਝੇ ਹੁੰਦੇ ਹਨ, ਇਹਨਾ ਦਾ ਵਿਸ਼ਸ਼ਟ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਲੋਕ ਦੇਵਤੇ ਕਿਵੇਂ ਪੈਦਾ ਹੁੰਦੇ ਹਨ

[ਸੋਧੋ]

ਲੋਕ ਦੇਵਤੇ ਲੋਕਾਂ ਦੁਆਰਾ ਬਣਾਏ ਜਾਂਦੇ ਹਨ । ਇਹ ਲੋਕਾਂ ਦੇ ਡਰ ਅਤੇ ਸਰਧਾ ਭਾਵਨਾ ਵਿਚੋਂ ਪੈਦਾ ਹੁੰਦੇ ਹਨ। "ਮਨੁੱਖ ਕੁਦਰਤੀ ਸਕਤੀਆਂ ਸੂਰਜ, ਅੱਗ, ਚੰਦ ਤੋ ਬੜਾ ਭੈ-ਭੀਤ ਰਹਿੰਦਾ ਸੀ । ਉਸਨੂੰ ਹਮੇਸ਼ਾ ਇਸ ਗੱਲ ਦਾ ਤੋਖਲਾ ਰਹਿੰਦਾ ਸੀ ਕਿ ਕੁਦਰਤੀ ਸ਼ਕਤੀਆਂ ਉਸ ਨੂੰ ਕਿਧਰੇ ਨੁਕਸਾਨ ਨਾ ਪਹੁੰਚਾ ਦੇਣ । ਲੋਕ ਮਾਨਸ ਨੇ ਇਹਨਾ ਦੀ ਵਾਸਤਵਿਕ ਹੋਂਦ ਨੂੰ ਮੰਨ ਲਿਆ ਅਤੇ ਫਿਰ ਉਸ ਨੇ ਇਨੵਾਂ ਦੀ ਕਰੋਪੀ ਤੋਂ ਡਰਦੇ ਉਹਨਾਂ ਸਕਤੀਆਂ ਦੀ ਪੂਜਾ ਆਰੰਭ ਕਰ ਦਿੱਤੀ।"[1]

ਲੋਕ ਦੇਵਤਿਆਂ ਦੇ ਪੈਦਾ ਹੋਣ ਦੇ ਤਿੰਨ ਆਧਾਰ ਹਨ :-
[ਸੋਧੋ]

1. ਨਿਰੋਲ ਡਰ ਦੀ ਉਪਜ ਜਿਵੇਂ ਨਾਗ ਦੇਵਤਾ , ਬਦਰੂਹਾ ਦੀ ਪੂਜਾ । 2. ਨਿਰੋਲ ਸਰਧਾ ਭਾਵਨਾ ਦੀ ਉਪਜ ਜਿਵੇਂ ਧਰਤੀ ਮਾਤਾ, ਗਊ , ਰੁੱਖ। 3. ਡਰ ਅਤੇ ਸਰਧਾ ਦੋਹਾਂ ਦੀ ਉਪਜ ਜਿਵੇਂ ਅੱਗ, ਪਾਣੀ, ਪਿੱਤਰ ।[2]

ਲੋਕ ਦੇਵਤੇ

[ਸੋਧੋ]

ਧਰਤੀ ਮਾਤਾ

[ਸੋਧੋ]

ਧਰਤੀ ਮਾਤਾ ਨੂੰ ਧਰਨੀ ਦੇਵੀ ਵੀ ਕਹਿੰਦੇ ਹਨ । ਪੰਜਾਬੀ ਮਨ ਨੇ ਧਰਤੀ ਦਾ ਵੀ ਦੈਵੀਕਰਨ ਕੀਤਾ ਹੈ ।ਧਰਤੀ ਮਾਤਾ ਭੂਮੀ ਦੇ ਰੂਪ ਵਿੱਚ ਸਰਵਵਿਆਪਕ ਹੈ, ਇਸ ਲਈ ਧਰਤੀ ਦੀ ਕੋਈ ਮਾੜੀ ਜ਼ਾਂ ਪੂਜਾ ਸਥਾਨ ਨਹੀਂ ਬਣਾਇਆ ਜਾਂਦਾ । ਪੰਜਾਬੀ ਕਿਸਾਨ ਹਰ ਕੰਮ ਕਰਨ ਲੱਗਿਆ ਧਰਤੀ ਨੂੰ ਪੂਜਦਾ ਹੈ । ਹੱਲ ਵਾਹੁਣ ਅਤੇ ਬੀਜ਼ ਬੀਜਣ ਵੇਲੇ , ਫਸਲ ਦੀ ਕਟਾਈ ਵੇਲੇ ,ਨਵੇ ਮਕਾਨ ਦੀ ਉਸਾਰੀ ਵੇਲੇ, ਗਊ/ਮੱਝ ਚੌਣ ਸਮੇਂ ਆਦਿ ਸਮਿਆਂ ਤੇ ਧਰਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭੇਟਾਂ ਦਿੱਤੀਆਂ ਜਾਂਦੀਆਂ ਹਨ ।

ਸੂਰਜ ਦੇਵਤਾ

[ਸੋਧੋ]

ਸੂਰਜ ਪੰਜਾਬੀ ਲੋਕ ਧਰਮ ਦੇ ਪੑਮੁੱਖ ਦੇਵਤਿਆ ਵਿੱਚੋਂ ਇਕ ਹੈ । ਬਾਰਵੀ ਸਦੀ ਤੋਂ ਪਹਿਲਾਂ ਉਤਰੀ ਭਾਰਤ ਵਿੱਚ ਸਭ ਤੋਂ ਵੱਧ ਪੂਜਿਆ ਜਾਣ ਵਾਲਾ ਦੇਵਤਾ ਸੀ । ਲੋਕ ਧਰਮ ਵਿੱਚ ਸੂਰਜ ਦੀ ਪੂਜਾ ਲਈ ਕੋਈ ਵਿਸ਼ੇਸ਼ ਸਥਾਨ ਨਹੀਂ ਉਸਾਰਿਆ ਜਾਂਦਾ । ਚੜਦੇ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਹੈ ਤੇ ਨਮਸਕਾਰ ਕੀਤਾ ਜਾਂਦਾ ਹੈ । " ਸੂਰਜ ਉਤਪਾਦਨ ਦਾ ਵੀ ਦੇਵਤਾ ਹੈ । ਅੈਤਵਾਰ ਨੂੰ ਸੂਰਜ ਦੇ ਉਪਾਸਕ ਵਰਤ ਵੀ ਰੱਖਦੇ ਹਨ ।"[3]

ਖਵਾਜਾ

[ਸੋਧੋ]

ਖਵਾਜਾ ਪਾਣੀ ਦੀ ਸ਼ਕਤੀ ਦਾ ਪੑਤੀਨਿਧ ਹੈ ਇਸ ਨੂੰ ਪੰਜਾ ਪੀਰਾਂ ਵਿਚੋਂ ਇੱਕ ਮੰਨਿਆ ਗਿਆ ਹੈ । ਇਸਦਾ ਸਥਾਨ ਖੂਹ , ਦਰਿਆ , ਟਿਊਬਵੈੱਲ ਜਾਂ ਪਾਣੀ ਦਾ ਕੋਈ ਹੋਰ ਸੋਮਾਂ ਕਿਆਸ ਕੀਤਾ ਜਾਂਦਾ ਹੈ । ਪਾਣੀ ਲਈ ਖੂਹ ਪੁੱਟਣ , ਨਲਕਾ ਜਾਂ ਟਿਊਬਵੈੱਲ ਲਾਉਣ ਸਮੇਂ ਇਸਦੀ ਪੂਜਾ ਕੀਤੀ ਜਾਂਦੀ ਹੈ । ਇਸਨੂੰ ਖੁਸ ਕਰਨ ਲਈ ਮਿੱਠਾ ਦਲੀਆ ਚੜਾਇਆ ਜਾਂਦਾ ਹੈ ਤਾਂ ਕਿ ਪਾਣੀ ਮਿੱਠਾ ਅਤੇ ਵਧੇਰੇ ਨਿਕਲੇ । ਹੜ੍ਹ ਦੇ ਦਿਨ੍ਹਾਂ ਵਿੱਚ ਖਵਾਜਾ ਪੀਰ ਨੂੰ ਖੁਸ ਰੱਖਣ ਲਈ ਉਚੇਚੀਆਂ ਭੇਟਾਂ ਕਰਵਾਈਆ (ਚੜਾਈਆਂ) ਜਾਂਦੀਆਂ ਹਨ

ਗੁੱਗਾ

[ਸੋਧੋ]

ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਗਿਆ ਹੈ । ਹਰੇਕ ਪਿੰਡ ਵਿੱਚ ਇਸਦੀ ਮਾੜੀ ਹੁੰਦੀ ਹੈ । ਭਾਦੌਂ ਦੇ ਮਹੀਨੇ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ । ਗੁੱਗਾ ਨੌਮੀ ਵਾਲੇ ਦਿਨ ਹਰੇਕ ਮਾੜੀ ਉੱਤੇ ਮੇਲਾ ਲੱਗਦਾ ਹੈ । ਔਰਤਾਂ ਸੇਵੀਆਂ ਅਤੇ ਦੁੱਧ ਨਾਲ ਮੱਥਾ ਟੇਕਦੀਆ ਹਨ । ਇਸ ਦਿਨ ਗੁੱਗੇ ਦੀ ਮਿੱਟੀ ਵੀ ਕੱਢੀ ਜਾਂਦੀ ਹੈ ।

ਪਿੱਪਲ

[ਸੋਧੋ]

ਪੰਜਾਬੀ ਸਮਾਜ ਵਿੱਚ ਪਿੱਪਲ ਦਾ ਵਿਸ਼ੇਸ਼ ਸਥਾਨ ਹੈ ਪਿੱਪਲ ਨੂੰ ਬ੍ਰਹਮਾ ਦਾ ਰੂਪ ਕਿਆਸ ਕੀਤਾ ਜਾਂਦਾ ਹੈ ਅਤੇ ਇਸਦੀ ਪੂਜਾ ਕੀਤੀ ਜਾਂਦੀ ਹੈ ।

ਗਊ ਮਾਤਾ

[ਸੋਧੋ]

ਪੰਜਾਬੀ ਸਮਾਜ ਖੇਤੀ ਪ੍ਰਧਾਨ ਸਮਾਜ ਹੈ । ਖੇਤੀ ਪ੍ਰਧਾਨ ਸਮਾਜ ਵਿੱਚ ਗਊ ਦੀ ਵਿਸ਼ਸ਼ ਮੱਹਤਤਾ ਹੈ । ਬਲਦ ਗਊ ਦਾ ਜਾਇਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ :-

     ਧਨ ਗਊ ਦਾ ਜਾਇਆ , 
     ਜਿਸ ਨੇ ਸਾਰਾ ਜੱਗ ਵਸਾਇਆ ।

ਇਸ ਤੋ ਇਲਾਵਾ ਗਊ ਦੁੱਧ ਦੇਣ ਕਰਕੇ ਵਿਸ਼ੇਸ਼ ਮਹੱਤਵ ਰੱਖਦੀ ਹੈ ।ਗਾਂ ਦੇ ਦੁੱਧ ਨੂੰ ਪੱਵਿਤਰ ਮੰਨਿਆ ਜਾਂਦਾ ਹੈ ਅਤੇ ਇਸਦੀ ਪੂਜਾ ਕੀਤੀ ਜਾਂਦੀ ਹੈ ।

ਸੀਤਲਾ ਦੇਵੀ

[ਸੋਧੋ]

ਪੰਜਾਬ ਵਿੱਚ ਸਭ ਤੋਂ ਭੈ ਦਾਇਕ ਦੇਵੀ ਸੀਤਲਾ ਮਾਈ ਹੈ ਜਿਸ ਨੂੰ ਮਾਤਾ ਵੀ ਕਹਿੰਦੇ ਹਨ । ਇਹ ਦੇਵੀ ਬੱਚਿਆਂ ਵਿੱਚ ਚੇਚਕ ਰੋਗ ਫੈਲਾਂਦੀ ਹੈ । ਜਦੋਂ ਕਿਸੇ ਬੱਚੇ ਨੂੰ ਚੇਚਕ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਵਿੱਚ ਦੇਵੀ ਪ੍ਰਵੇਸ਼ ਕਰ ਗਈ ਹੈ । ਇਸ ਦੇਵੀ ਦੇ ਪ੍ਰਕੋਪ ਤੋ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ । ਸਾਉਣ ਦੇ ਮਹੀਨੇ ਸੀਤਲਾ ਸਪਤਮੀ ਵਾਲੇ ਦਿਨ ਕਈ ਤੀਵੀਆਂ ਸੀਤਲਾ ਦੇਵੀ ਦੀ ਉਚੇਚੀ ਪੂਜਾ ਕਰਦੀਆ ਹਨ । ਇਸ ਤਿੱਥ ਨੂੰ ਜਰਗ ਵਿੱਚ ਭਾਰੀ ਮੇਲਾ ਲੱਗਦਾ ਹੈ ,ਜਿਸ ਵਿੱਚ ਬੇਹੇ ਗੁਲਗੁਲੇ ਖੋਤਿਆਂ ਨੂੰ ਖੁਆਏ ਜਾਂਦੇ ਹਨ ਅਤੇ ਮਾਈ ਨੂੰ ਭੇਟਾ ਕੀਤੇ ਜਾਂਦੇ ਹਨ ।

ਭੂਮੀਆ

[ਸੋਧੋ]

ਪਿੰਡ ਦੇ ਦੇਵਤਿਆ ਵਿੱਚ ਭੂਮੀਏ ਦਾ ਮੁੱਖ ਸਥਾਨ ਹੈ । ਭੂਮੀਆ ਪਿੰਡ ਦੀ ਭੂਮੀ ਦਾ ਹੀ ਮਾਨਵੀਕਰਣ ਅਤੇ ਦੈਵੀਕਰਣ ਹਾ । ਭੂਮੀਆ ਧਰਤੀ ਮਾਤਾ ਨਾਲ ਮਿਲਦਾ ਜੁਲਦਾ ਦੇਵਤਾ ਹੈ ਪਰ ਧਰਤੀ ਮਾਤਾ ਕਰੂਰ ਤਾਕਤਾਂ ਅਤੇ ਬਦਰੂਹਾਂ ਤੋਂ ਰਖਿਆ ਨਹੀਂ ਕਰ ਸਕਦੀ ।ਇਹ ਦੁੱਖ ਨਹੀਂ ਹਰ ਸਕਦੀ । ਭੂਮੀਆ ਇਕ ਨਰ ਦੇਵਤਾ ਇਸਦਾ ਅਧਿਕਾਰ ਉਸੇ ਖੇਤਰ ਉਤੇ ਹੁੰਦਾ ਹੈ , ਜਿਸ ਉੱਤੇ ਕੋਈ ਪਿੰਡ ਵਸਿਆ ਹੋਇਆ ਹੁੰਦਾ ਹੈ । ਭੂਮੀਆ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹੁੰਦਾ ਹੈ , ਇਸ ਲਈ ਇਸ ਦੀ ਕੋਈ ਮੂਰਤੀ ਨਹੀਂ ਬਣਾਈ ਜਾਂਦੀ ਪਰ ਇਸਦਾ ਅਸਥਾਨ ਪਿੰਡ ਦੇ ਬਾਹਰ ਬਣਾਇਆ ਜਾਂਦਾ ਹੈ । ਭੂਮੀਆ ਕਲਿਆਣੀ ਰੂਹ ਹੈ ਜੋ ਲੋਕਾਂ ਦੀਆ ਪ੍ਰਾਰਥਨਾਵਾਂ ਸੁਣਦਾ ਅਤੇ ਰਖਿਆ ਕਰਦਾ ਹੈ ।[4]

ਸੀਮਾ ਦੇਵਤਾ

[ਸੋਧੋ]

ਗ੍ਰਾਮ ਦੇਵਤਿਆ ਵਿੱਚ ਇਸਦਾ ਸਥਾਨ ਵੀ ਮਹੱਤਵਪੂਰ ਹੈ । ਇਸਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ ਤੇ ਬਦਰੂਹਾਂ, ਰੋਗ , ਅਤੇ ਬਿਮਾਰੀਆ ਫੈਲਾਣ ਵਾਲੀਆ ਸਕਤੀਆਂ ਨੂੰ ਸੀਮਾ ਤੋਂ ਦੂਰ ਰੱਖਦਾ ਹੈ । ਜਦੋਂ ਕਿਧਰੇ ਨਾਲ ਦੇ ਪਿੰਡ ਵਿੱਚ ਕੋਈ ਬਿਮਾਰੀ ਫੈਲ ਗਈ ਹੋਵੇ ਤਾਂ ਪਿੰਡ ਦੇ ਵਸਦੇ ਲੋਕਾਂ ਤੇ ਪਸ਼ੂਆ ਦੀ ਰਖਿਆ ਲਈ ਸੀਮਾ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ।

ਹਵਾਲੇ

[ਸੋਧੋ]
  1. ਬਲਬੀਰ ਸਿੰਘ ਪੂਨੀ, ਲੋਕਧਾਰਾ , ਵਾਰਿਸ਼ ਸ਼ਾਹ ਫਾਉਂਡੇਸਨ ਅੰਮ੍ਰਿਤਸਰ , ਪੰਨਾ 118
  2. ਬਲਬੀਰ ਸਿੰਘ ਪੂਨੀ, ਲੋਕਧਾਰਾ , ਵਾਰਿਸ਼ ਸ਼ਾਹ ਫਾਉਂਡੇਸਨ ਅੰਮ੍ਰਿਤਸਰ , ਪੰਨਾ 121
  3. ਡਾ਼ ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ, ਨੈਸ਼ਨਲ ਬੁੱਕ ਸ਼ਪ ਦਿੱਲੀ , ਪੰਨਾ 43
  4. ਡਾ਼ ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ, ਨੈਸ਼ਨਲ ਬੁੱਕ ਸ਼ਪ ਦਿੱਲੀ , ਪੰਨਾ 106