ਲੋਕਧਾਰਾ ਦੇ ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕਧਾਰਾ ਦੇ ਤੱਤ[ਸੋਧੋ]

ਮੌਖਿਕਤਾ[ਸੋਧੋ]

ਲੋਕਧਾਰਾ ਦੀ ਪਰਿਭਾਸ਼ਾ ਤੇ ਵਿਚਾਰ ਲਈ ਮੌਖਿਕਤਾ ਦਾ ਤੱਤ ਵਧੇਰੇ ਮਹੱਤਵਪੂਰਨ ਜਾਪਦਾ ਹੈ। ਜਿਸ ਸਭਿਆਚਾਰ ਵਿਚ ਭਾਸ਼ਾ ਦਾ ਕੋਈ ਲਿਖਤੀ ਰੂਪ ਨਹੀਂ ਹੈ, ਉਸ ਵਿਚ ਲਗਭਗ ਸਾਰਾ ਸੰਚਾਰ ਮੌਖਿਕ ਰੂਪ ਵਿਚ ਹੀ ਕੀਤਾ ਜਾਂਦਾ ਹੈ। ਪਰੰਤੂ ਐਲਨ ਡੰਡੀਜ਼ ਦਾ ਵਿਚਾਰ ਹੈ ਕਿ ਇਸ ਮਾਪ ਦੰਡ ਨੂੰ ਅਪਨਾਉਣ ਨਾਲ ਸਿਧਾਂਤਕ ਪੱਧਰ ਤੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਸ ਸਭਿਆਚਾਰ ਵਿਚ ਭਾਸ਼ਾ ਦਾ ਕੋਈ ਲਿਖਤੀ ਰੂਪ ਨਹੀਂ ਹੈ ਉਸ ਵਿਚ ਲਗਭਗ ਸਾਰਾ ਸੰਚਾਰ ਮੌਖਿਕ ਰੂਪ ਵਿਚ ਹੀ ਕੀਤਾ ਜਾਂਦਾ ਹੈ। ਅਜਿਹੇ ਸਭਿਆਚਾਰ ਵਿਚ ਭਾਸ਼ਾ, ਸ਼ਿਕਾਰ ਦੀਆਂ ਵਿਧੀਆਂ ਜਾਂ ਵਿਆਹ ਦੇ ਨੇਮ, ਆਦਿ ਪੁਸ਼ਤ ਦਰ ਪੁਸ਼ਤ ਮੌਖਿਕ ਰੂਪ ਵਿਚ ਹੀ ਤੁਰਦੇ ਹਨ। ਦੂਸਰੀ ਗੱਲ ਇਹ ਹੈ ਕਿ ਲੋਕਧਾਰਾ ਦੇ ਬਹੁਤ ਸਾਰੇ ਰੂਪ ਮੌਖਿਕ ਦੇ ਉਲਟ ਕੇਵਲ ਲਿਖਤੀ ਰੂਪ ਵਿਚ ਹੀ ਵਿਅਕਤ ਤੇ ਸੰਚਾਰਿਤ ਹੁੰਦੇ ਹਨ, ਜਿਵੇਂ ਆਟੋਗ੍ਰਾਫ਼ ਪੁਸਤਕ ਵਾਲੇ ਕਾਵਿ - ਬੰਦ, ਹਾਸ਼ੀਆ ਟਿੱਪਣੀਆਂ ਅਤੇ ਪਰੰਪਰਾਗਤ ਚਿੱਠੀਆਂ ਆਦਿ। ਮੌਖਿਕ ਸੰਚਾਰ ਵਾਲੇ ਮਾਪ - ਦੰਡ ਸੰਬੰਧੀ ਤੀਸਰੀ ਸਮੱਸਿਆ ਇਹ ਹੈ ਕਿ ਲੋਕਧਾਰਾ ਦੇ ਕੁਝ ਰੂਪ ਸਰੀਰਕ ਹਰਕਤਾਂ ਤੇ ਨਿਰਭਰ ਹੁੰਦੇ ਹਨ। ਭਾਵੇਂ ਮੌਖਿਕ ਨੂੰ ਲਿਖਿਤ ਪਰੰਪਰਾ ਦੇ ਸੰਕਲਪ ਨਾਲ ਹੀ ਸੰਬੰਧਤ ਕੀਤਾ ਗਿਆ ਹੈ। ਮੌਖਿਕ ਸੰਚਾਰ ਵਾਲੇ ਮਾਪ-ਦੰਡ ਸਬੰਧੀ ਤੀਸਰੀ ਸਮੱਸਿਆ ਇਹ ਹੈ ਕਿ ਲੋਕਧਾਰਾ ਦੇ ਕੁਝ ਰੂਪ ਸਰੀਰਕ ਹਰਕਤਾਂ ਤੇ ਨਿਰਭਰ ਹੁੰਦੇ ਹਨ, ਅਰਥਾਤ ਇਹ ਗੱਲ ਸਦੇਹ ਵਾਲੀ ਹੈ ਕਿ ਲੋਕ ਨਾਚ, ਖੇਡਾਂ ਤੇ ਇਸ਼ਾਰੇ ਮੌਖਿਕ ਰੂਪ ਵਿੱਚ ਅੱਗੇ ਤੁਰਦੇ ਹਨ।" ਭਾਵੇਂ ਮੌਖਿਕ ਨੂੰ ਲਿਖਿਤ ਪਰੰਪਰਾ ਦੇ ਸੰਕਲਪ ਨਾਲ਼ ਹੀ ਸਬੰਧਿਤ ਕੀਤਾ ਗਿਆ ਹੈ। ਲੋਕਧਾਰਾ ਦੀ ਸਾਮਗਰੀ ਮੁੱਖ ਤੌਰ ਤੇ ਲੋਕਾਂ ਦੇ ਬੋਲ ਅਤੇ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਤੋਂ ਇਕੱਠੀ ਕੀਤੀ ਜਾਂਦੀ ਹੈ। [1]

ਪਰੰਪਰਾ[ਸੋਧੋ]

           ਪਰੰਪਰਾ ਲੋਕਧਾਰਾ ਦਾ ਮਹੱਤਵਪੂਰਨ ਤੱਤ ਹੈ। ਪਰੰਪਰਾ ਨਾਲ ਮੇਲ ਤੋਂ ਬਿਨਾ ਲੋਕਧਾਰਾ ਜੀਵੰਤ ਹੀ ਨਹੀਂ ਰਹਿ ਸਕਦੀ। ਪਰੰਪਰਾ ਵਿਚ ਉਹੀ ਪੱਖ ਆਉਂਦੇ ਹਨ ਜੋ ਪੁਸ਼ਤ ਦਰ ਪੁਸ਼ਤ ਅਗੇ ਚਲੇ ਆਉਂਦੇ ਹਨ। ਪਰ ਟੀ. ਐਸ. ਏਲੀਅਟ ਇਸ ਗੱਲ ਨਾਲ ਸਹਿਮਤ ਨਹੀਂ ਹੈ। ਉਹ ਪਰੰਪਰਾ ਨੂੰ ਇਕ ਮਹੱਤਵਪੂਰਨ ਤੱਤ ਨਾ ਮੰਨਦਾ ਹੈ ਪਰ ਇਸ ਦੀ ਅੰਧਾ ਧੁੰਧ ਪੈਰਵੀ ਨੂੰ ਠੀਕ ਨਹੀਂ ਮੰਨਦਾ। ਉਸ ਅਨੁਸਾਰ, "ਪਰੰਪਰਾ ਇਕ ਬਹੁਤ ਹੀ ਵਿਆਪਕ ਮਹੱਤਤਾ ਦੀ ਚੀਜ਼ ਹੈ। ਇਹ ਵਿਰਾਸਤ ਵਿਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕਿਸੇ ਨੇ ਇਸ ਨੂੰ ਪ੍ਰਾਪਤ ਕਰਨਾ ਹੀ ਹੈ ਤਾਂ ਅਜਿਹਾ ਕਰਨ ਲਈ ਚੋਖੀ ਘਾਲਣਾ ਅਤੇ ਲਗਾਤਾਰ ਸਿਰੜ ਦੀ ਲੋੜ ਹੋਵੇਗੀ। ਇਤਿਹਾਸ ਗਵਾਹ ਹੈ ਕਿ ਕੋਈ ਵੀ ਸਮਾਜ ਆਪਣੀ ਪਰੰਪਰਾ ਨੂੰ ਭੁੱਲ ਨਹੀਂ ਸਕਦਾ। ਲੋਕ ਸਮੂਹ ਦੇ ਗਿਆਨ ਵਿਚ ਪਰੰਪਰਾ ਦੇ ਅੰਸ਼ਾਂ ਦੀ ਹੋਂਦ ਹੀ ਲੋਕਧਾਰਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ, "ਲੋਕ ਸੰਸਕ੍ਰਿਤੀ ਦੀ ਯਾਤਰਾ ਸਦਾ ਪਰੰਪਰਾ ਮੁਖ ਰਹੀ ਹੈ ਅਤੇ ਇਸ ਯਾਤਰਾ ਦਾ ਸਾਰਾ ਅਡੰਬਰ ਲੋਕ ਧਾਰਾ ਦਾ ਹੀ ਸਾਕਾਰ ਹੈ।" ਲੋਕਧਾਰਾ ਵਿਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾਂਦਾ ਹੈ।[2]

ਲੋਕਮਾਨਸ[ਸੋਧੋ]

               ਲੋਕਧਾਰਾ ਦਾ ਤੀਜਾ ਵਿਸ਼ੇਸ਼ ਤੱਤ ਲੋਕਮਾਨਸ ਹੈ ਜੋ ਲੋਕਧਾਰਾ ਵਾਂਗ ਹੀ ਸਮਾਜ ਤੇ ਵਿਅਕਤੀਆਂ ਨੂੰ ਪਰੰਪਰਾ ਵਾਂਗ ਪੁਸ਼ਤ ਪ੍ਰਾਪਤ ਹੁੰਦਾ ਹੈ। ਡਾ. ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ "ਲੋਕ ਸੰਸਕਿ੍ਤੀ ਦੀ ਹਰ ਮਾਨਸਿਕ ਤੇ ਭੌਤਿਕ ਪ੍ਕਿਰਿਆ ਦੇ ਵੇਗ ਦਾ ਮੂਲ ਸਰੋਤ ਸਾਮੂਹਿਕ ਚਿੱਤ ਹੁੰਦਾ ਹੈ। ਇਸੇ ਸਾਮੂਹਿਕ ਚਿੱਤ ਨੂੰ ਲੋਕ ਮਨ ਕਿਹਾ ਜਾਂਦਾ ਹੈ। ਲੋਕ ਮਨ ਦਾ ਮੁੱਖ ਲੱਛਣ ਇਸਦਾ ਤਰਕ ਰਹਿਤ ਹੋਣਾ ਦੂਜਾ ਇਸਦਾ ਰਹੱਸਮਈ ਹੋਣਾ ਹੈ।

1. ਅਨੋਖਾ ਕਲਪਨਾ ਚਿਤੰਨ

2.ਜਾਦੂ ਟੂਣਾ ਚਿਤੰਨ

3.ਚੇਟਨਵਾਦੀ ਚਿਤੰਨ

4.ਰੀਤ ਚਿਤੰਨ


ਪਹਿਲਾਂ, ਲੋਕ ਮਨ ਅਨੋਖਾ ਕਲਪਨਾ ਚਿੰਤਨ ਦਾ ਰੂਪ ਹੈ। ਲੋਕ ਮਨ ਨੂੰ ਕਲਪਨਾ ਅਤੇ ਵਾਸਤਵਿਕਤਾ ਵਿਚ ਕੋਈ ਅੰਤਰ ਦਿਖਾਈ ਨਹੀਂ ਦਿੰਦਾ ਹੈ। ਲੋਕ ਮਨ ਦਾ ਵਾਸਤਵਿਕਤਾ ਦਾ ਸੰਕਲਪ ਵਿਗਿਆਨੀ ਮਨ ਨਾਲੋਂ ਵੱਖਰਾ ਹੁੰਦਾ ਹੈ। ਲੋਕ ਮਨ ਲਈ ਉਹ ਸਭ ਕੁਝ ਵਾਸਤਵਿਕ ਹੈ ਜੋ ਕਲਪਿਆ ਜਾ ਸਕਦਾ ਹੈ। ਜੋ ਕਲਪਨਾ ਵਿਚ ਆ ਸਕਦਾ ਹੈ ਉਹ ਸੰਭਵ ਹੈ, ਜੋ ਸੰਭਵ ਹੈ ਉਹ ਅਸਲੀਅਤ ਹੈ। ਲੋਕ ਮਨ ਲਈ ਕਲਪਨਾ ਅਤੇ ਇਤਿਹਾਸ ਵਿੱਚ ਵੀ ਕੋਈ ਅੰਤਰ ਨਹੀਂ। ਕਿਸੇ ਵੀ ਇਤਿਹਾਸਕ ਵਿਅਕਤੀ ਨਾਲ ਕੋਈ ਵੀ ਕਰਾਮਤ ਜੋੜੀ ਜਾਂ ਸਕਦੀ ਹੈ। ਕੋਈ ਵੀ ਕਲਪਿਤ ਸਾਮਗਰੀ ਅਤੇ ਰੂੜੀ ਕਿਸੇ ਵੀ ਇਤਿਹਾਸਕ ਵਿਅਕਤੀ ਨਾਲ ਜੋੜ ਦਿੱਤੀ ਜਾਂਦੀ ਹੈ, ਜੈ ਉਹ ਪਰੰਪਰਾ ਨੇ ਅਪਣਾ ਲਈ ਤਾਂ ਉਹ ਲੋਕ ਸਤ ਹੈ। ਜਨਮ ਸਾਖੀਆਂ, ਮਸਲੇ ਆਦਿ ਭਾਵੇਂ ਇਤਿਹਾਸਿਕ ਵਿਅਕਤੀਆਂ ਦੇ ਜੀਵਨ ਨਾਲ ਸਬੰਧਤ ਪ੍ਰਸੰਗ ਹਨ।


ਦੂਜਾ, ਲੋਕ ਮਾਨਸ ਦਾ ਵਿਸ਼ਵਾਸ ਜਾਦੂ - ਟੂਣੇ, ਮੰਤਰ, ਜੰਤਰ ਨਾਲ ਅਸੰਭਵ ਕੰਮਾਂ ਨੂੰ ਸੰਭਵ ਬਣਾ ਸਕਦਾ ਹੈ। ਉਹ ਇਸ ਨੂੰ ਕੁਦਰਤੀ ਸ਼ਕਤੀ ਦੇ ਇਕ ਵਿਕਾਸ ਦੇ ਰੂਪ ਵਿੱਚ ਹੀ ਪ੍ਰਵਾਨ ਕਰਦਾ ਹੈ। ਜਾਦੂ ਟੂਣੇ ਦੇ ਮਾਹਰ ਵਿਅਕਤੀ ਨੂੰ ਸਿਆਣਾ ਜਾਂ ਚੇਲਾ ਆਖਿਆ ਜਾਂਦਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ ਜਾਦੂ ਇਕ ਕਲਾ ਹੈ, ਜੋਂ ਇਹ ਗੱਲ ਮਿੱਥ ਕੇ ਤੁਰਦੀ ਹੈ ਕਿ ਪ੍ਰਕਿਰਤੀ ਵਿੱਚ ਹਰੇਕ ਘਟਨਾ ਕਿਸੇ ਦੈਵੀ ਜਾਂ ਅਧਿਆਤਮਿਕ ਸ਼ਕਤੀ ਦੇ ਦਖਲ ਦੇਣ ਨਾਲ਼ ਆਪਣੇ ਆਪ ਸਹਿਜ ਰੂਪ ਵਿਚ ਵਾਪਰਦੀ ਹੈ। ਇਸ ਲਈ ਮੰਤਰਾ ਕਰਮ ਕਾਂਡ ਤੇ ਰੀਤਾ ਨਾਲ਼ ਉਹ ਵਸਤੂ ਜਾਂ ਸਥਿਤੀ ਉਤੇ ਕਾਬੂ ਪਾ ਲੈਣ ਦਾ ਕਰਮ ਪੈਦਾ ਕਰਨ ਨਾਲ਼ ਉਹ ਵਸਤੂ ਜਾਂ ਸਥਿਤੀ ਸੱਚਮੁੱਚ ਹੀ ਵੱਸ ਵਿੱਚ ਹੋ ਜਾਂਦੀ ਹੈ।


ਤੀਜਾ, ਲੋਕ ਮਾਨਸ ਚੇਤਨਾਵਾਦੀ ਚਿੰਤਨ ਹੈ। ਲੋਕ ਮਾਨਸ ਦਾ ਇਹ ਵਿਸ਼ਵਾਸ ਹੈ ਕਿ ਜਿਸ ਵਸਤੂ ਦਾ ਨਾਂ ਹੈ ਉਸ ਦੀ ਸ਼ਕਲ ਹੈ। ਜਿਸ ਦਾ ਸਰੀਰ ਹੈ ਉਸ ਵਿਚ ਜਾਨ ਵੀ ਹੈ ਕਿਉਂਕਿ ਆਤਮਸ਼ੀਲ ਚਿੰਤਕ ਅਨੁਸਾਰ ਜੜ੍ਹ ਵਿਚ ਚੇਤੰਨਤਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ ਨੀਤੀ ਕਥਾਵਾਂ ਵਿੱਚ ਤਾਂ ਜੜ ਚੇਤਨ ਅਤੇ ਭਾਵ ਵਾਚਕ ਸੱਭ ਵਸਤੂਆ ਕਾਈਆਧਾਰੀ ਹਨ। ਲੋਕ ਮਾਨਸ ਨਾ ਸਿਰਫ ਕਾਇਆ ਅਤੇ ਪ੍ਰਣ ਤੱਤ ਪ੍ਰਦਾਨ ਕਰਦਾ ਹੈ, ਸਗੋ ਉਸ ਵਿੱਚ ਮਨੁੱਖੀ ਵਿਅਕਤਿਤਵ ਅਤੇ ਨਿੱਜ ਦੀ ਪਰਛਾਈ ਵੇਖਦਾ ਹੈ।


ਚੌਥਾ, ਲੌਕਿਕ ਅਤੇ ਅਧਿਆਪਕ ਖੇਤਰ ਵਿਚ ਕਈ ਤਰ੍ਹਾਂ ਦੀਆਂ ਰੀਤਾਂ ਵਿਚ ਵਿਸ਼ਵਾਸ ਰੱਖਿਆ ਜਾਂਦਾ ਹੈ। ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ, ਬਿਮਾਰੀ ਦੂਰ ਕਰਨ ਲਈ ਅਨੇਕਾਂ ਰੀਤਾਂ ਕੀਤੀਆਂ ਜਾਂਦੀਆਂ ਹਨ। ਲੋਕ ਮਨ ਦਾ ਯਥਾਰਥ , ਵਿਗਿਆਨ ਦੇ ਯਥਾਰਥ ਨਾਲੋ ਵੱਖਰਾ ਹੁੰਦਾ ਹੈ। ਵਿਗਿਆਨਕ ਮਨ ਭਾਵੇਂ ਉਸ ਨੂੰ ਮਿੱਥ ਆਖੇ ਜਾਂ ਗੈਰ- ਸੱਭਿਅਕ ਆਖੇ ਪਰ ਲੋਕ ਮਨ ਉਸਨੂੰ ਯਥਾਰਥ ਨਹੀਂ ਮੰਨਦਾ ਹੈ। ਉਹ ਇਸ ਦੀਆ ਹੱਦਾ ਬਨੇ ਇਸ ਤਰਾਂ ਟੱਪ ਜਾਂਦਾ ਹੈ ਜਿਵੇਂ ਕਿਸੇ ਕੰਧ ਨੂੰ ਟੱਪ ਗਿਆ ਹੁੰਦਾ ਹੈ।

[3]



ਲੋਕ ਪ੍ਰਵਾਨਗੀ[ਸੋਧੋ]

ਲੋਕਧਾਰਾ ਦਾ ਇਕ ਪ੍ਮੁੱਖ ਤੱਤ ਲੋਕ ਪਰਵਾਨਗੀ ਹੈ। ਲੋਕਧਾਰਾ ਯਤਨਾਂ ਦੁਆਰਾ ਘੜੀ ਨਹੀਂ ਜਾਂਦੀ, ਇਸਦੀ ਉਪਜ ਸਹਿਜ ਸੁਭਾ ਹੁੰਦੀ ਹੈ। ਡੈਨਿਸ਼ ਭਾਸ਼ਾ ਵਿਗਿਆਨੀ ਜੈਸਪਰਸਨ ਦਾ ਵਿਚਾਰ ਹੈ ਕਿ ਕਿਸੇ ਵੀ ਪ੍ਕਾਰ ਦੇ ਲੋਕ ਸਾਹਿਤ ਦੀ ਰਚਨਾ ਕੇਵਲ ਇਕ ਵਿਅਕਤੀ ਹੀ ਕਰਦਾ ਹੈ, ਪਿੱਛੋਂ ਅਦਲਾ ਬਦਲੀ ਭਾਵੇਂ ਸਾਰਾ ਸਮਾਜ ਕਰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੋਈ ਲੋਕ ਗੀਤ, ਲੋਕ ਕਥਾ ਜਾਂ ਕੋਈ ਲੋਕ ਕਹਾਣੀ ਕਿਸੇ ਇਕ ਵਿਅਕਤੀ ਦੀ ਰਚਨਾ ਹੁੰਦੀ ਹੈ, ਪਿੱਛੋਂ ਲੋਕ ਉਸ ਵਿਚ ਸਮੇਂ ਸਮੇਂ ਬਦਲੀ ਕਰਦੇ ਰਹਿੰਦੇ ਹਨ ਅਤੇ ਉਸਨੂੰ ਪਰਵਾਨਗੀ ਦੇ ਕੇ ਤੋਰਦੇ ਰਹਿੰਦੇ ਹਨ। ਲੋਕਧਾਰਾ ਦੀ ਸਾਮਗ੍ਰੀ ਵਿਚ ਬਹੁਤ ਕੁਝ ਲੋਕ ਸਮੂਹ ਦੁਆਰਾ ਹੀ ਹੋਂਦ ਵਿਚ ਆਉਂਦਾ ਹੈ। ਕੋਈ ਰਚਨਾ ਜੋ ਭਾਵੇਂ ਕਿਸੇ ਇਕ ਵਿਅਕਤੀ ਦੀ ਹੈ ਜਾਂ ਕਿ ਸਾਮੂਹਿਕ ਮੰਡਲੀ ਦੀ ਹੈ, ਜਦੋਂ ਤਕ ਲੋਕ ਸਮੂਹ ਉਸਨੂੰ ਪਰਵਾਨਗੀ ਦੇ ਕੇ ਅਗੇ ਨਹੀਂ ਤੋਰਦਾ, ਉਹ ਪੁਸ਼ਤ ਦਰ ਪੁਸ਼ਤ ਅਗੇ ਜਾਣ ਵਾਲੀ ਚੀਜ਼ ਨਹੀਂ ਬਣੇਗੀ, ਨਾ ਹੀ ਉਸ ਵਿਚ ਪਰੰਪਰਾ ਦੇ ਅੰਸ਼ ਸ਼ਾਮਿਲ ਹੋ ਸਕਣਗੇ। ਇਹ ਗੱਲ ਪੱਕੀ ਹੋ ਚੁੱਕੀ ਹੈ ਕਿ ਲੋਕਧਾਰਾ ਦੇ ਬਹੁਤੇ ਤੱਤ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੌਖਿਕ ਰੂਪ ਵਿਚ ਚਲਦੇ ਆਏ ਹਨ।[ਸੋਧੋ]

ਲੋਕ ਸੰਸਕ੍ਰਿਤੀ[ਸੋਧੋ]

ਲੋਕ ਸੰਸਕ੍ਰਿਤੀ ਵੀ ਇਕ ਮਹਤਵਪੂਰਨ ਤੱਤ ਹੈ। ਲੋਕਧਾਰਾ ਵਿੱਚ ਲੋਕ ਸੱਭਿਆਚਾਰ ਸਬੰਧੀ ਪੱਖ ਮੌਜੂਦ ਹੁੰਦੇ ਹਨ। ਇਸ ਦੇ ਵਿਸ਼ਾ ਵਸਤੂ ਅਤੇ ਸਰੂਪ ਵਿੱਚ ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ਾ ਦੀ ਉਪਸਥਿਤੀ ਨੂੰ ਮੰਨਣਾ ਅਸੰਭਵ ਹੈ।[ਸੋਧੋ]

ਲੋਕ ਸੰਸਕ੍ਰਿਤੀ ਲੋਕ ਦੀ ਆਤਮਾ ਹੈ ਅਤੇ ਇਸੇ ਦੁਆਰਾ ਲੋਕ ਜੀਵਨ ਦੇ ਉਨ੍ਹਾਂ ਸਾਰੇ ਸੰਸਕਾਰਾ ਦਾ ਬੋਧ ਹੁੰਦਾ ਹੈ, ਜਿੰਨਾ ਰਾਹੀਂ 'ਲੋਕ' ਆਪਣੇ ਸਮੂਹਿਕ ਤੇ ਸਮਾਜਕ ਜੀਵਨ ਢੰਗ ਦਾ ਨਿਰਣਾ ਕਰਦੇ ਹਨ। ਲੋਕ ਸੰਸਕ੍ਰਿਤੀ ਦੀ ਉਪਜ ਸਹਿਜ ਸੁਭਾਅ ਹੁੰਦੀ ਹੈ। ਡਾ. ਵਣਜਾਰਾ ਬੇਦੀ ਅਨੁਸਾਰ ਲੋਕ ਸੰਸਕ੍ਰਿਤੀ ਕੁਝ ਜੀਵਨ ਵਿਧੀਆ, ਅਚਾਰਾ, ਵਿਵਹਾਰਾ, ਪੈਟਰਨਾਂ, ਚਰਿਤ੍ਰ ਲੱਛਣ, ਅਤੇ ਪਰਪ੍ਰਗਤ ਤੌਰ ਤਰੀਕਿਆਂ ਦਾ ਜੋੜ ਹੈ ਜੋਂ ਬੁਨਿਆਦੀ ਤੌਰ ਤੇ ਲੋਕਧਾਰਾ ਦੀਆਂ ਸਜੀਵ ਰੂੜੀਆਂ ਹਨ। ਜਿੱਥੇ ਮਾਨਵ ਵਿਗਿਆਨੀ ਲੋਕਧਾਰਾ-ਸ਼ਸਤਰੀਆ ਅਨੁਸਾਰ ਲੋਕ ਸੰਸਕ੍ਰਿਤੀ ਲੋਕਧਾਰਾ ਦਾ ਵਿਸ਼ੇਸ਼ ਤਤ ਹੈ। ਡਾ. ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ "ਭਾਰਤੀ ਲੋਕ ਜੀਵਨ ਦੀ ਆਪਣੀ ਇਕ ਵਿਸ਼ਾਲ ਤੇ ਵਿਸ਼ੇਸ਼ ਪ੍ਰਪਰਾ ਹੈ। ਇਥੋਂ ਦੀਆਂ ਲੋਕ ਕਥਾਵਾਂ, ਲੋਕ ਕਹਾਣੀਆਂ, ਤੀਰਥ ਅਸਥਾਨਾਂ, ਵਰਤਾ , ਉਤਸਵਾਂ ਆਦਿ ਰਾਹੀਂ ਲੋਕ ਸੰਸਕ੍ਰਿਤੀ ਪੂਰੀ ਤਰਾਂ ਪ੍ਰਤਿਬਦਿਤ ਹੁੰਦੀ ਹੈ। ਲੋਕਯਾਨ ਦੇ ਵੱਖ ਵੱਖ ਵਿਭਾਗਾਂ ਲੋਕ ਸਾਹਿਤ, ਲੋਕ ਕਲਾ, ਵਿਸ਼ਵਾਸ਼ਾ ਦੁਆਰਾ ਲੋਕ ਸੰਸਕ੍ਰਿਤੀ ਦੀ ਪੂਰੀ ਤਰਾਂ ਸੰਪਾਦਨਾ ਹੁੰਦੀ ਰਹੀ ਹੈ ਅਤੇ ਲੋਕ ਸੰਸਕ੍ਰਿਤੀ ਦੀ ਆਤਮਾ ਹਿਮਾਲਾ ਪਰਬਤ ਤੋਂ ਲੈ ਕੇ ਕੰਨਿਆਕੁਮਾਰੀ ਤਕ ਵੱਸ ਰਹੇ ਜੰਗਲੀ ਪੇਂਡੂ ਅਤੇ ਸ਼ਹਿਰੀ ਲੋਕਾਂ ਵਿੱਚ ਪੂਰੀ ਤਰ੍ਹਾਂ ਵਿਦਵਾਨ ਹੈ।"[4][ਸੋਧੋ]

  1. ਪੂੰਨੀ, ਬਲਬੀਰ ਸਿੰਘ (1991). ਲੋਕਧਾਰਾ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. p. 12.
  2. ਪੂੰਨੀ, ਬਲਬੀਰ ਸਿੰਘ (1991). ਲੋਕਧਾਰਾ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. p. 13.
  3. ਪੂੰਨੀ, ਬਲਬੀਰ ਸਿੰਘ (1991). ਲੋਕਧਾਰਾ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. p. 12.
  4. ਪੂੰਨੀ, ਬਲਬੀਰ ਸਿੰਘ (1991). ਲੋਕਧਾਰਾ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. p. 14.