ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਸਤੰਬਰ
ਰਸੂਲ ਹਮਜ਼ਾਤੋਵ (8 ਸਤੰਬਰ 1923–3 ਨਵੰਬਰ 2003) ਅਵਾਰ ਭਾਸ਼ਾ ਵਿੱਚ ਲਿਖਣ ਵਾਲੇ ਸਾਰੇ ਕਵੀਆਂ ਵਿੱਚੋਂ ਸਭ ਤੋਂ ਸਿਰਕੱਢ ਗਿਣੇ ਜਾਂਦੇ ਹਨ। ਉਨ੍ਹਾਂ ਦੀ ਪੁਸਤਕ ਮੇਰਾ ਦਾਗਿਸਤਾਨ ਰੂਸੀ ਦੀ ਉਪਭਾਸ਼ਾ ਅਵਾਰ ਵਿੱਚ ਲਿਖੀ ਹੋਈ ਸੀ। ਰਸੂਲ ਹਮਜ਼ਾਤੋਵ ਦਾ ਜਨਮ ਸੋਵੀਅਤ ਯੂਨੀਅਨ ਦੇ ਦਾਗਿਸਤਾਨ (ਉੱਤਰ-ਪੂਰਬੀ ਕਾਕੇਸਸ) ਦੇ ਇੱਕ ਅਵਾਰ ਪਿੰਡ ਤਸਾਦਾ ਵਿੱਚ 1923 ਵਿੱਚ ਹੋਇਆ। ਉਹ ਗਿਆਰਾਂ ਸਾਲਾਂ ਦਾ ਸੀ ਜਦੋਂ ਉਸਨੇ ਆਪਣੀ ਪਹਿਲੀ ਕਵਿਤਾ ਲਿਖੀ। ਇਹ ਉਨ੍ਹਾਂ ਮੁਕਾਮੀ ਮੁੰਡਿਆਂ ਬਾਰੇ ਸੀ ਜਿਹੜੇ ਹੇਠਾਂ ਸਾਫ਼ ਕੀਤੇ ਜੰਗਲ ਵਾਲੀ ਥਾਂ ਪਹਿਲੀ ਵਾਰ ਉੱਤਰੇ ਹਵਾਈ ਜਹਾਜ਼ ਨੂੰ ਦੇਖਣ ਲਈ ਦੌੜੇ ਗਏ ਸਨ। ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇੱਕ ਅਵਾਰ ਲੋਕ ਕਵੀ ਸਨ। ਉਹੀ ਰਸੂਲ ਦੇ ਪਹਿਲੇ ਉਸਤਾਦ ਸਨ ਜਿਨ੍ਹਾਂ ਨੇ ਉਸਨੂੰ ਆਪਣੇ ਸਭਿਆਚਾਰ ਦੇ ਅਮੀਰ ਸੋਮੇ ਵਿੱਚੋਂ ਮਿੱਠੀ ਕਵਿਤਾ ਲਿਖਣੀ ਸਿਖਾਈ। ਉਸਦਾ ਪਹਿਲਾ ਕਾਵਿ ਸੰਗ੍ਰਹਿ 1937 ਵਿੱਚ ਪ੍ਰਕਾਸ਼ਤ ਹੋਇਆ ਸੀ। ਅਵਾਰ ਵਿੱਚ ਆਪਣੀਆਂ ਕੁੱਝ ਕਿਤਾਬਾਂ ਕੱਛੇ ਮਾਰਕੇ ਉਹ ਸਾਹਿਤ ਦੇ ਗੋਰਕੀ ਸੰਸਥਾਨ ਵਿੱਚ ਪਰਵੇਸ਼ ਲਈ 1945 ਵਿੱਚ ਮਾਸਕੋ ਵਿੱਚ ਪੁੱਜ ਗਿਆ। ਸੰਸਥਾਨ ਵਿੱਚ ਉਸ ਦਾ ਪਰਵੇਸ਼ ਉਨ੍ਹਾਂ ਦੇ ਕੈਰੀਅਰ ਦਾ ਮਹੱਤਵਪੂਰਣ ਮੋੜ ਸੀ।