ਸਮੱਗਰੀ 'ਤੇ ਜਾਓ

ਸਿੱਠਣੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿੱਠਣੀਆਂਸਿੱਠਣੀ, ਵਿਆਹ ਨਾਲ ਸਬੰਧਿਤ ਪੰਜਾਬੀ ਲੋਕਗੀਤਾਂ ਦਾ ਅਜਿਹਾ ਰੂਪ ਹੈ, ਜਿਸ ਦਾ ਮਨੋਰਥ ਵਿਅੰਗ, ਕਟਾਖਸ਼ ਜਾਂ ਮਖੌਲੀਆ ਅੰਦਾਜ਼ ਵਿੱਚ ਤਨਜ਼ ਰਾਹੀਂ ਸਰੋਤਿਆਂ ਦਾ ਦਿਲ ਪ੍ਰਚਾਉਣਾ ਹੈ। ਪੁਰਾਣੇ ਸਮਿਆਂ ਵਿੱਚ ਜਦ ਮਨ ਪ੍ਰਚਾਵੇ ਦੇ ਸਾਧਨ ਬਹੁਤ ਹੀ ਸੀਮਿਤ ਸਨ ਤਾਂ ਵਿਆਹ ਦੇ ਸ਼ਗਨਾਂ ਵਿੱਚ ਸਿੱਠਣੀਆਂ ਮਨੋਰੰਜਨ ਦੇ ਪੱਖ ਤੋਂ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਸਨ। ਜਦੋਂ ਕਦੇ ਭੰਡਾਂ ਤੇ ਮਰਾਸੀਆਂ ਨੂੰ ਉਮੀਦ ਨਾਲੋਂ ਘੱਟ ਦਾਨ ਦਿੱਤਾ ਜਾਂਦਾ ਤਾਂ ਉਹ ਸਿੱਠਣੀਆਂ ਜੋੜ ਕੇ ਅਗਲੇ ਨੂੰ ਸ਼ਰਮਿੰਦਾ ਕਰਨ ਤੀਕ ਜਾਂਦੇ ਸਨ। ਸਿੱਠਣੀਆਂ ਨੈਤਿਕਤਾ-ਅਨੈਤਿਕਤਾ ਦੀ ਪਰਖ ਪੜਚੋਲ ਵਿੱਚ ਨਹੀਂ ਪੈਂਦੀਆਂ। ਪਹਿਲਾਂ ਹੀ ਬਣੀਆਂ ਬਣਾਈਆਂ ਜਾਂ ਜਿਹੋ ਜਿਹੋ ਮੌਕਾ ਹੋਵੇ, ਉਦੋਂ ਹੀ ਜੋੜ ਕੇ ਸੁਣਾ ਦਿੱਤੀਆਂ ਜਾਂਦੀਆਂ ਹਨ। ਸਿੱਠਣੀਆਂ ਦੇਣ ਦਾ ਰਿਵਾਜ਼ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਪ੍ਰਦੇਸ਼ਾਂ ਵਿੱਚ ਵੀ ਪ੍ਰਚੱਲਿਤ ਰਿਹਾ ਹੈ।

ਸਿੱਠਣੀ ਦਾ ਅਰਥ

[ਸੋਧੋ]

ਸਿੱਠਣੀ ਦਾ ਨਿਕਾਸ 'ਸਿੱਠ' ਤੋਂ ਹੋਇਆ ਹੈ, ਜਿਸ ਦੇ ਅਰਥ ਹਨ ਅਯੋਗ ਬਚਨ ਜਾਂ ਅਸ਼ਿਸ਼ਠ ਬਾਣੀ, ਗਾਲ੍ਹ ਅਤੇ ਵਿਅੰਗ ਨਾਲ ਕਹੀ ਹੋਈ ਬਾਣੀ'2 ਸਿੱਠ ਦਾ ਸ਼ਾਬਦਿਕ ਅਰਥ ਅਯੋਗ ਵਚਨ, ਨਿੰਦਿਆ, ਅਪਵਾਦ ਅਥਵਾ ਭੰਡੀ ਦੇ ਹਨ। ਸਿੱਠ, ਅਸਲ ਵਿੱਚ ਅੰਗਰੇਜ਼ੀ ਸ਼ਬਦ Satire ਦਾ ਹੀ ਢੁੱਕਵਾ ਪੰਜਾਬੀ ਪਰਿਆਇਵਾਚੀ ਸ਼ਬਦ ਹੈ।'

ਪਰਿਭਾਸ਼ਾ

[ਸੋਧੋ]

ਸਿੱਠਣੀਆਂ ਲੋਕ ਗੀਤ ਸਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਮੁਤਬਿਕ ਪਰਿਭਾਸ਼ਾ ਦਿੱਤੀ ਹੈ।

ਡਾ. ਨਾਹਰ ਸਿੰਘ ਅਨੁਸਾਰ- "ਸਿੱਠਣੀ ਵਿਆਹ ਵੇਲੇ ਧੀ ਵਾਲੀ ਧਿਰ ਵਲੋਂ ਪੁੱਤ ਵਾਲੀ ਧਿਰ ਨੂੰ ਸਿੱਧਾ ਸੰਬੋਧਨ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰਿਆ ਪ੍ਰਕਾਰਜ ਗੀਤ ਹੈ ਜਿਸ ਵਿੱਚ ਅਸਾਧਾਰਨ ਬਿੰਬ ਸਿਰਜ ਕੇ ਨੈਤਿਕ ਜੀਵਨ ਮੁੱਲਾਂ ਨੂੰ ਅਨੈਤਿਕ ਬਣਾ ਕੇ ਪੁੱਤ ਵਾਲੀ ਧਿਰ ਨਾਲ ਸਬੰਧਿਤ ਕਰਕੇ ਚੋਟ ਮਾਰੀ ਜਾਂਦੀ ਹੈ ਤੇ ਦੂਜੀ ਧਿਰ ਨੂੰ ਨੈਤਿਕ ਪੱਧਰ ਤੇ ਠਿੱਠ ਕਰਕੇ ਹੱਸਿਆ ਜਾਂਦਾ ਹੈ।"4 ਡਾ. ਵਣਜਾਰਾ ਬੇਦੀ ਦਾ ਕਹਿਣਾ ਹੈ ਕੀ,"ਸਿੱਠਣੀਆਂ ਵਿੱਚ ਕੰਨਿਆ ਪੱਖ ਦੀਆਂ ਤੀਵੀਆਂ ਵਰ ਪੱਖ ਦਾ ਮਜ਼ਾਕ ਉਡਾਉਦੀਆਂ, ਵਿਚਕਰਾਂ ਅਤੇ ਉਨ੍ਹਾਂ ਦੀਆਂ ਤਰੁਟੀਆਂ ਦੀ ਭੰਡੀ ਪਾਉਂਦੀਆਂ ਹਨ।"5

ਆਰੰਭ ਅਤੇ ਇਤਿਹਾਸ

[ਸੋਧੋ]

ਸਿੱਠਣੀਆਂ ਦੇ ਆਰੰਭ ਸਬੰਧੀ ਦੋ ਪਰੰਪਰਾਵਾਂ ਪ੍ਰਚਲਿਤ ਹਨ। ਇਹਨਾਂ ਪਰੰਪਰਾਵਾਂ ਦੇ ਕਾਰਨ ਹੀ ਸਿੱਠਣੀਆਂ ਦਾ ਆਰੰਭ ਹੋਇਆ। 1. ਪਹਿਲੀ ਪਰੰਪਰਾ ਅਨੁਸਾਰ-ਪ੍ਰਾਚੀਨ ਕਾਲ ਵਿੱਚ ਪੰਜਾਬ ਦੇ ਕੁਝ ਕਬੀਲਿਆਂ ਵਿੱਚ ਉਧਾਲੇ ਵੇਲੇ ਜਦੋਂ ਇੱਕ ਕਬੀਲੇ ਦੇ ਲੋਕ ਦੂਜੇ ਕਬੀਲੇ ਦੀ ਧੀ, ਭੈਣ ਨੂੰ ਉਧਾਲ ਕੇ ਲੈ ਜਾਂਦੇ ਤਦੋਂ ਦੂਜੇ ਕਬੀਲੇ ਦੇ ਗੱਭਰੂ ਤਾਂ ਵਾਹਰ ਲੈ ਕੇ ਉਹਨਾਂ ਦਾ ਪਿੱਛਾ ਕਰਦੇ ਅਤੇ ਤੀਵੀਆਂ ਘਰਾਂ ਵਿੱਚ ਬੈੇਠੀਆਂ ਉਧਾਲਣ ਵਾਲੇ ਕਬੀਲੇ ਦੇ ਵਡਿਆਂ ਨੂੰ ਕੋਸਦੀਆਂ ਰਹਿੰਦੀਆਂ। ਇਸ ਤਰ੍ਹਾਂ ਸਿੱਠਣੀਆਂ ਉਨ੍ਹਾਂ ਅਯੋਗ ਬਚਨਾਂ, ਭੰਡੀ ਭਰੇ ਬੋਲਾਂ ਅਤੇ ਠਿੱਠ ਦੀ ਕਾਵਿ ਮਾਧਿਆਮ ਰਾਹੀਂ ਪੇਸ਼ਕਾਰੀ ਕਹੀ ਜਾ ਸਕਦੀ ਹੈ। 2. ਦੂਜੀ ਪਰੰਪਰਾ ਅਨੁਸਾਰ-ਪੁਰਾਣੇ ਸਮਿਆਂ ਵਿੱਚ ਲੋਕਾਂ ਦੀ ਧਾਰਨਾ ਸੀ ਕਿ ਪ੍ਰੇਤ ਰੂਹਾਂ ਖੁਸ਼ੀ ਨੂੰ ਖੰਡਤ ਕਰਨ ਦੇ ਯਤਨ ਵਿੱਚ ਤਤਪਰ ਰਹਿੰਦੀਆਂ ਸਨ। ਪ੍ਰੇਤ ਰੂਹਾਂ ਦੇ ਕਰੂਰ ਪ੍ਰਭਾਵ ਤੋਂ ਬਚਣ ਲਈ ਜੰਵ ਦੇ ਢੁਕਾਅ ਵੇਲੇ ਗਾਲੀ, ਗਲੋਚ, ਅਯੋਗ ਵਚਨ, ਜਾਂ ਭੰਡੀ ਭਰੇ ਬੋਲਾਂ ਨੂੰ ਪ੍ਰਯੋਗ ਕਰਨ ਦਾ ਰਿਵਾਜ਼ ਸੀ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਮਾਤਾ ਬੱਚੇ ਦੀ ਅਖੰਡ ਸੁੰਦਰਤਾ ਦਾ ਪ੍ਰਭਾਵ ਖੰਡਤ ਕਰਨ ਲਈ ਉਸ ਦੇ ਮੱਥੇ ਉੱਤੇ ਕਾਲਾ ਦਾਗ ਲਗਾ ਦਿੰਦੀ ਹੈ। 5 ਸਿੱਠਣੀਆਂ ਦੇ ਵਿਸ਼ੇਸ਼ ਗੁਣ 1. ਗਾਉਣ ਦੀ ਪ੍ਰਵਿਰਤੀ ਬਨਾਮ ਦੇਣ ਦੀ ਪ੍ਰਵਿਰਤੀ: ਸਿੱਠਣੀ ਕਾਵਿ ਰੂਪ ਅੰਦਰ ਗਾਉਣ ਦੀ ਪ੍ਰਵਿਰਤੀ ਤਾਂ ਹੁੰਦੀ ਹੀ ਹੈ ਪਰ 'ਦੇਣ' ਦੀ ਪ੍ਰਵਿਰਤੀ ਵੀ ਹੁੰਦੀ ਹੈ, ਗਾਉਂਦੀਆਂ ਦੀਆਂ ਸਿੱਠਣੀਆਂ ਲੜਦੀਆਂ ਦੇ ਮੇਹਣੇ'6

ਦੋ ਧਿਰਾਂ ਦਾ ਪ੍ਰਤੀਕਰਮ ਜ਼ਰੂਰੀ

[ਸੋਧੋ]

ਸਿੱਠਣੀਆਂ ਵਿੱਚ ਸੰਬੋਧਤ ਧਿਰ ਦੀ ਨਿਰੀ ਸਰੋਤਾ ਮੂਲਕ ਹਾਜ਼ਰੀ ਹੀ ਨਹੀਂ ਲੋੜੀਦੀ ਹੁੰਦੀ ਸਗੋਂ ਉਸਦਾ ਮੋੜਵਾਂ ਜਵਾਬੀ ਹੁੰਗਾਰਾ ਵੀ ਹੁੰਦਾ ਹੈ। ਹੁਣ ਕਿਧਰ ਗਈਆਂ ਨੀ ਸੀਤੋ ਤੇਰੀਆਂ ਨਾਨਕੀਆਂ (ਇੱਕ ਧਿਰ ਦੇ ਬੋਲ) ਅਸੀ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ ਨੀ ਸੀਤੋ ਤੇਰੀਆਂ ਨਾਨਕੀਆਂ (ਦੂਜੀ ਧਿਰ ਦੇ ਬੋਲ)

ਨਿਯਮ ਮੁਕਤ ਕਾਵਿ

[ਸੋਧੋ]

ਸਿੱਠਣੀਆਂ ਦੇ ਸੰਦਰਭ ਵਿੱਚ ਕੋਈ ਖਾਸ਼ ਨਿਯਮ ਨਹੀਂ ਹੁੰਦੇ। ਡਾ. ਨਾਹਰ ਸਿੰਘ ਅਨੁਸਾਰ ਸਿੱਠਣੀ ਦੇ ਬਾਹਰੀ ਰੂਪ ਉੱਤੇ ਕੋਈ ਕਰੜੇ ਨੇਮ ਲਾਗੂ ਨਹੀਂ ਹੁੰਦੇ। ਬਾਹਰੀ ਰੂਪ ਦੇ ਪੱਖੋਂ ਇਹ ਕਿਸੇ ਵੀ ਗੀਤ ਦੇ ਟੋਟੇ ਵਰਗੀ ਹੋ ਸਕਦੀ ਹੈ ਵਿੱਚ ਨਿਸ਼ਚਿਤ ਹੁੰਦਾ ਹੈ। ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸ੍ਰਿਸਟਾਚਾਰਕ ਮਨੌਤਾਂ ਦੀ ਅਣਹੋਂਦ-ਸਿੱਠਣੀਆਂ ਵਿੱਚ ਕਦਰਾਂ ਕੀਮਤਾਂ ਅਤੇ ਸ੍ਰਿਸਟਾਚਾਰਕ ਮਨੋਤਾਂ ਨੂੰ ਇੱਕ ਪਾਸੇ ਰੱਖ ਕੇ ਬਿੰਬ ਸਭਿਆਚਾਰ ਨੂੰ ਪੇਸ਼ ਕੀਤਾ ਜਾਂਦਾ ਹੈ ਸਿੱਠਣੀਕਾਰ, ਸੁਭਾਵਕ ਸਾਸਤ੍ਰਿਤਕ ਵਰਤਿਆਂ ਤੋਂ ਪਰੇ ਹਟ ਕੇ ਆਪਣੇ ਬਿੰਬ ਨੂੰ ਸਿਰਜਨ ਦੇ ਯਤਨ ਵਿੱਚ ਹੁੰਦੀ ਹੈ। ਸਿੱਠਣੀ ਵਿਚਲੇ ਬਿੰਬ ਨੂੰ ਨੈਤਿਕਤਾ ਦੁਆਲੇ ਬੁਣ ਕੇ ਸਭਿਅਕ ਅੰਦਾਜ਼ ਵਿੱਚ ਰਹਿੰਦੀਆ ਅਨੈਤਿਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।

   *ਲਾੜੇ ਭੈਣਾਂ ਤਾਂ ਉਧਲ ਚੱਲੀ ਫਡਕੇ ਮਸਾਂ ਬਠਾਲੀ
   ਨੀ ਚਰਚਾ ਤੋਂ ਡਰ ਡਾਰੀਏ 
   ਤੈਨੂੰ ਕਿਧਰ ਦੀ ਆਖਰ ਦੱਸ ਆਈ 
   ਨੀ ਚਰਚਾ ਤੋਂ ਡਰ ਡਾਰੀਏ।

ਸਮਾਜਿਕ ਬੁਰਾਈਆਂ ਨੂੰ ਅਚੇਤ ਰੂਪ ਚ ਕਹਿਣ ਦੀ ਸਮਰੱਥਾ

[ਸੋਧੋ]

ਅਚੇਤ ਜਾਂ ਸੁਚੇਤ ਰੂਪ ਵਿੱਚ ਸਿਠਣੀਕਾਰਾ ਸਮਾਜਿਕ ਬੁਰਾਈਆ ਤੋਂ ਜਾਣੂ ਹੋ ਕੇ ਅਛੋਪਲੇ ਹੀ ਉਸ ਬੁਰਾਈ ਪ੍ਰਤੀ ਆਪਣਾ ਪ੍ਰੀਤਕਮ ਦਿੰਦੀ ਹੈ।

   *ਇੱਕ ਗੱਲ ਪੁੱਛਾ ਲਾੜਿਆਂ ਇੱਕ ਗੱਲ ਦੱਸਾਂ ਵੇ 
   ਮਾਂ ਤੇਰੀ ਤਾਂ ਚੰਬੋਚਾਲੀ ਕੀ ਰੋਵਾਂ ਕੀ ਹੱਸਾਂ ਵੇ
   ਕਰਦੀ ਧੀਆਂ ਦੀ ਉਹ ਦਲਾਲੀ ਕੀ ਬੈਠਾਂ ਕੀ ਨੱਸਾਂ ਵੇ 
   ਧਾੜਵੀਆਂ ਦਾ ਉਹਦਾ ਪਿਛੋਕਾ ਹੋਰ ਮੈਂ ਕੀ ਕੀ ਦੱਸਾਂ ਵੇ

ਸਿੱਠਣੀਆਂ ਦਾ ਨਿਭਾਉ ਸੰਦਰਭ

[ਸੋਧੋ]

ਸਿੱਠਣੀਆਂ ਦਾ ਨਿਭਾਉ ਸੰਦਰਭ ਸਿਰਫ ਲੜਕੇ ਦੇ ਘਰ ਹੀ ਨਹੀਂ ਸਗੋਂ ਲੜਕੀ ਦੇ ਘਰ ਵੀ ਅੱਲਗ-ਅੱਲਗ ਮੌਕਿਆਂ ਤੇ ਹੁੰਦਾ ਹੈ। ਜਿਵੇਂ ਨਾਨਕੇ ਮੇਲ ਦੀ ਆਮਦ ਸਮੇਂ, ਜੰਝ ਦੇ ਆਉਣ ਸਮੇਂ, ਰੋਟੀ ਦੇ ਮੁੱਖ ਅਵਸਰਾਂ ਦੇ ਸਮੇਂ, ਜਾਗੋ ਕੱਢਣ ਸਮੇ, ਛਟੀਆਂ ਦੀ ਰਸਮ ਸਮੇਂ, ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਸਮੇਂ, ਵਰੀ ਵਿਖਾਣ ਸਮੇਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ।

   *ਹੁਣ ਕਿੱਧਰ ਗਈਆ ਨੀ 
   ਬੀਬੀ ਤੇਰੀਆਂ ਦਾਦਕੀਆ 
   ਅਸੀਂ ਹਾਜਰ ਨਾਜਰ ਖੜੀਆ ਨੀ 
   ਬੀਬੀ ਤੇਰੀਆਂ ਨਾਨਕੀਆ
   *ਛੱਜ ੳਹਲੇ ਛਾਨਣੀ 
   ਪਰਾਤ ਉਹਲੇ ਤਵਾ ਓਏ
   ਨਾਨਕੀਆਂ ਦਾ ਮੇਲ ਆਇਆ 
   ਸੂਰੀਆ ਦਾ ਰਵਾ ੳਏ (ਨਾਨਕੇ ਮੇਲ ਦੀ ਆਮਦ ਸਮੇਂ)
   *ਛੇ ਮਹੀਨੇ ਅਸਾਂ ਤੱਕਣ ਤੱਕਿਆ, 
   ਅਜੇ ਵੀ ਨੱਢਾ ਤੁਸਾਂ ਕਾਲਾ ਚਾ ਰੱਖਿਆ, 
   ਸਾਬਣ ਦੀ ਟਿੱਕੀ ਮਲਾਵੋ ਆ ਸਹੀ 
   ਨਿਲਜਿਓ ਲੱਜ ਤੁਹਾਨੂੰ ਨਹੀਂ। (ਜੰਝ ਦੇ ਢੁਕਾਅ ਸਮੇਂ)

   *ਜਾਵੀਓ ਮਾਜੀਓ ਕਿਹੜੇ ਵੇਲੇ ਹੋਏ ਨੇ, 
   ਖਾ ਖਾ ਕੇ ਰੱਜ ਨਾ, ਢਿੱਡ ਨੇ ਕਿ ਟੋਏ ਨੇ, 
   ਨਿੱਕੇ-ਨਿੱਕੇ ਮੂੰਹ ਨੇ ਢਿੱਡ ਨੇ ਕਿ ਖੂਹ ਨੇ, 
   ਖਾ ਰਹੇ ਹੋ ਤਾਂ ਉਠੋ ਸੀ।7 (ਰੋਟੀ ਦੇ ਅਵਸਰ ਸਮੇ)

ਸਿੱਠਣੀਆਂ ਚ ਰਿਸ਼ਤਾ ਨਾਤਾ ਪ੍ਰਬੰਧ

[ਸੋਧੋ]

ਸਿੱਠਣੀਆਂ ਵਿੱਚ ਅਨੇਕਾਂ ਰਿਸ਼ਤਿਆਂ ਦੀ ਹੋਂਦ ਮੌਜੂਦ ਹੁੰਦੀ ਹੈ ਜਿਵੇਂ ਕੁੜਮ, ਕੁੜਮਣੀ, ਲਾੜਾ, ਲਾੜੇ ਦੀ ਭੈਣ, ਮਾਮੇ ਮਾਮੀਆਂ, ਭੂਆ ਫੁਫੜ ਮਾਸੀ, ਜਨੇਤੀ, ਸਰਬਾਲਾ, ਵਿਚੋਲਾ ਆਦਿ। ਸਿੱਠਣੀਆਂ ਇਹਨਾਂ ਰਿਸ਼ਤਿਆਂ ਨੂੰ ਦਿੱਤਿਆਂ ਜਾਂਦੀਆ ਹਨ ਇਹ ਲਹੂ ਦੇ ਰਿਸ਼ਤੇ ਵਿੱਚ ਨਹੀਂ ਦਿੱਤਿਆਂ ਜਾਂਦੀਆਂ, ਸਿੱਠਣੀਆਂ ਵਿੱਚ ਇਹਨਾਂ ਰਿਸ਼ਤਿਆਂ ਦੀ ਨਿੱਠ ਕੇ ਨਿੰਦਾ ਕੀਤੀ ਜਾਂਦੀ ਹੈ ਪਰ ਇਹ ਸਾਰੇ ਰਿਸ਼ਤੇ ਖਿੜੇ ਮੱਥੇ ਆਪਣੀ ਨਿੰਦਾ ਨੂੰ ਸਾਹਿਣ ਕਰ ਜਾਂਦੇ ਹਨ ਇਹੀ ਸਾਡੀ ਰਿਸ਼ਤਾ ਨਾਤਾ ਪ੍ਰਣਾਲੀ ਦਾ ਸਾਕਰਾਤਮਕ ਪਹਿਲੂ ਹੈ। ਨਮੂਨੇ-

   ਹੋਰ ਤਾਂ ਜਾਨੀ ਊਟਾਂ ਤੇ ਆਏ 
   ਕੁੜਮ ਲਿਆਇਆ ਟੱਟੂ 
   ਨੀ ਮੰਨੋ ਦੇ ਜਾਣਾ
   ਵਿਹੜੇ ਦੀ ਜੜ ਪੱਟੂ ਨੀ (ਕੁੜਮ)
   ਮੱਕੀ ਦਾ ਦਾਣਾ ਰਾਹ ਵਿੱਚ ਬੇ 
   ਬੋਚਲਾ ਨੀ ਰੱਖਣਾ ਬਿਆਹ ਵਿੱਚ ਬੇ 
   ਮੱਕੀ ਦਾ ਦਾਣਾ ਟਿੰਡ ਵਿੱਚ ਬੇ 
   ਬਚੋਲਾ ਨੀ ਰੱਖਣਾ ਪਿੰਡ ਵਿੱਚ ਬੇ (ਵਿਚੋਲਾ)
   ਕਾਮਨ ਪਾਨੀਆਂ ਊੜੀਏ ਤੇ ਘੂੜੇ 
   ਸਾਲੀਆਂ ਮੰਗਦੀਆਂ ਰਾਂਗਲੇ ਚੂੜੇ
   ਤੂੰ ਦੇ ਦੇ ਕਨਈਆ ਰਾਂਗਲੇ ਚੁੜੇ (ਲਾੜਾ) 

ਲਾੜੇ ਨੂੰ ਪਲੰਘ ਤੇ ਬਿਠਾ ਕੇ ਜੋ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ 'ਕਾਮਨ' ਕਿਹਾ ਜਾਂਦਾ ਹੈ।8

ਸਿੱਠਣੀਆਂ ਦੇ ਕਾਵਿਕ ਗੁਣ

[ਸੋਧੋ]

ਸਿੱਠਣੀਆਂ ਵਿੱਚ ਛੰਦ, ਗਾਇਨ ਸ਼ੈਲੀ, ਉਚਾਰਨ ਵਿਧੀ, ਸੁਰ ਤਾਲ ਦਾ ਗਿਆਨ, ਮਾਤਰਾਵਾਂ (ਘੱਟ ਜਾਂ ਵੱਧ) ਆਦਿ ਕਾਵਿਕ ਗੁਣਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਸਿੱਠਣੀ ਪੂਰਨ ਰੂਪ ਵਿੱਚ ਗਾਏ ਜਾਣ ਦੀ ਵਿਧਾ ਹੈ। ਇੱਕ ਬਾਂਹ ਜਾਂ ਦੋਵੇ ਬਾਹਾਂ ਅੱਗੇ ਕਰਕੇ ਸਿੱਠਣੀ ਦੇਣੀ ਲੜਾਈ ਦਾ ਭੁਲੇਖਾ ਪਾਉਂਦੀ ਹੈ, ਇਸ ਕਰਕੇ ਬੋਲ ਤੇ ਸਰੀਰਕ ਮੁਦਰਾਂਵਾਂ ਇਸ ਦੇ ਨਿਭਾਉ ਸਮੇਂ ਨਾਲੋ ਨਾਲ ਚੱਲਦੀਆਂ ਹਨ। ਕਈ ਸਿੱਠਣੀਆਂ ਦੇ ਗਾਉਣ ਸਮੇਂ ਲੰਮੀ ਹੇਕ ਦੀ ਵਿਸ਼ੇਸ਼ ਤੌਰ ਤੇ ਅਦਾਇਗੀ ਹੁੰਦੀ ਹੈ। ਸਿੱਠਣੀ ਦੇ ਮੱਧ ਤੇ ਅੰਤ ਵਿੱਚ ਸੰਗੀਤਕ ਲਮਕਾਅ ਜਰੂਰ ਹੁੰਦਾ ਹੈ, ਜਿਵੇ-

   ਸਿੱਠਣੀਆਂ ਦੀ ਪੰਡ ਬੰਨ੍ਹ ਦਿਆਂ ਜੀਜਾ 
   ਬੇ ਕੋਈ ਦੋਹਿਆਂ ਨਾਲ ਭਰ ਦਿਆਂ ਖੂਹ 
   ਤੂੰ ਬੀ ਕੋਈ ਦੋਹ ਜੋੜ ਲੈ 
   ਨਹੀਂ ਤਾਂ ਛੱਡ ਜਾ ਪਿੰਡ ਦੀ 
   ਬੇ ਸੁਣਦਿਆਂ ਕੰਨ ਕਰੀਂ ਬੇ-ਜੂਹ 
   ਢਿੱਡ ਤਾਂ ਥੋਡਾ ਟੋਕਣਾ ਜਨੇਤੀਓ
   ਅਸੀਂ ਨੌ ਮਣ ਰਿੰਨੇ ਚੌਲ 
   ਕੜਛਾ ਕੜਛਾ ਵੰਡ ਕੇ 
   ਥੋੜੀ ਅਜੇ ਨਾ ਰੱਜੀ
   ਵੇ ਜਰਮਾਂ ਦਿਓ ਭੁਖੜੋ ਵੇ----- ਸਤੌਲ'9

ਹਵਾਲੇ

[ਸੋਧੋ]
  1. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਨਾ ਨੰ: 146)
  2. ਭਾਈ ਕਾਨ੍ਹ ਸਿੰਘ ਨਾਭਾ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਪੰਨਾ ਨੰ: 195)
  3. ਡਾ. ਚਰਨਜੀਤ, ਸਿੱਠਣੀਆਂ-ਵਿਆਹ ਦੇ ਗੀਤ, ਲੋਕਗੀਤ ਪ੍ਰਕਾਸ਼ਨ, (ਪੰਨਾ ਨੰ: 43)
  4. ਡਾ. ਨਾਹਰ ਸਿੰਘ, ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ (ਪੰਨਾ ਨੰ: 20)
  5. ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਪੰਨਾ ਨੰ: 361)
  6. ਡਾ. ਚਰਨਜੀਤ, ਸਿੱਠਣੀਆਂ-ਵਿਆਹ ਦੇ ਗੀਤ, ਲੋਕ ਗੀਤ ਪ੍ਰਾਕਸ਼ਨ
  7. ਡਾ. ਸੋਹਿੰਦਰ ਸਿੰਘ ਬੇਦੀ, ਪੰਜਾਬ ਦਾ ਲੋਕ ਸਾਹਿਤ, ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਂਕ, ਦਿੱਲੀ, ਪੰਨਾ ਨੰ: 468.
  8. ਡਾ. ਚਰਨਜੀਤ, ਸਿੱਠਣੀਆਂ-ਵਿਆਹ ਦੇ ਗੀਤ, ਲੋਕ ਗੀਤ ਪ੍ਰਕਾਸ਼ਨ
  9. ਡਾ. ਰਾਜਵੰਤ ਕੌਰ ਪੰਜਾਬੀ-ਵਿਆਹ ਦੇ ਲੋਕਗੀਤ, ਵਿਭਿੰਨ ਪਰਿਪੇਖ, ਲੋਕਗੀਤ ਪ੍ਰਕਾਸ਼ਨ