ਜ਼ਿੰਕ-ਕਾਰਬਨ ਬੈਟਰੀ
ਜ਼ਿੰਕ-ਕਾਰਬਨ ਬੈਟਰੀ ਇੱਕ ਖ਼ੁਸ਼ਕ ਸੈੱਲ ਪ੍ਰਾਇਮਰੀ ਬੈਟਰੀ ਹੁੰਦੀ ਹੈ ਜਿਹੜੀ ਡੀ.ਸੀ. ਦੇ 1.5 ਵੋਲਟ ਬਿਜਲੀ ਦਿੰਦੀ ਹੈ। ਇਹ ਜ਼ਿੰਕ ਅਤੇ ਮੈਂਗਨੀਜ਼ ਡਾਈਆਕਸਾਈਡ ਦੀ ਇਲੈੱਕਟ੍ਰੋਕੈਮੀਕਲ ਪ੍ਰਤਿਕਿਰਿਆ ਤੋਂ ਡੀ.ਸੀ. ਪੈਦਾ ਕਰਦੀ ਹੈ। ਕਾਰਬਨ ਦੀ ਇੱਕ ਰਾਡ ਮੈਂਗਨੀਜ਼ ਡਾਈਆਕਸਾਈਡ ਇਲੈੱਕਟ੍ਰੋਡ ਤੋਂ ਕਰੰਟ ਲੈਂਦੀ ਹੈ, ਜਿਸ ਕਰਕੇ ਇਸਦਾ ਇਹ ਨਾਂ ਰੱਖਿਆ ਗਿਆ ਹੈ। ਇੱਕ ਖ਼ੁਸ਼ਕ ਸੈੱਲ ਆਮ ਤੌਰ 'ਤੇ ਜ਼ਿੰਕ ਦੇ ਬਣੇ ਇੱਕ ਡੱਬੇ ਦਾ ਬਣਿਆ ਹੁੰਦਾ ਹੈ ਜਿਹੜਾ ਕਿ ਨੈਗੇਟਿਵ ਪੋਟੈਂਸ਼ਲ ਨਾਲ ਐਨੋਡ ਦਾ ਕੰਮ ਕਰਦਾ ਹੈ, ਜਦਕਿ ਕਾਰਬਨ ਦੀ ਰਾਡ ਪੌਜ਼ੀਟਿਵ ਕੈਥੋਡ ਦਾ ਕੰਮ ਕਰਦੀ ਹੈ। ਆਮ ਵਰਤੀਆਂ ਜਾਂਦੀਆਂ ਬੈਟਰੀਆਂ ਵਿੱਚ ਇਲੈੱਕਟ੍ਰੋਲਾਈਟ ਦੇ ਤੌਰ 'ਤੇ ਅਮੋਨੀਅਮ ਕਲੋਰਾਈਡ ਦਾ ਲੇਪ ਵਰਤਿਆ ਜਾਂਦਾ ਹੈ, ਜਿਸਨੂੰ ਕਿ ਜ਼ਿੰਕ ਕਲੋਰਾਈਡ ਦੇ ਘੋਲ ਨਾਲ ਵੀ ਮਿਲਾਇਆ ਜਾਂਦਾ ਹੈ। ਜ਼ਿਆਦਾ ਤਾਕਤ ਵਾਲੀਆਂ ਕਿਸਮਾਂ ਵਿੱਚ ਮੁੱਖ ਤੌਰ 'ਤੇ ਜ਼ਿੰਕ ਕਲੋਰਾਈਡ ਵਰਤਿਆ ਜਾਂਦਾ ਹੈ।
ਬਣਤਰ
[ਸੋਧੋ]ਜ਼ਿੰਕ-ਕਾਰਬਨ ਖ਼ੁਸ਼ਕ ਸੈੱਲ ਦਾ ਡੱਬਾ ਜ਼ਿੰਕ ਤੋਂ ਬਣਿਆ ਹੋਇਆ ਹੁੰਦਾ ਹੈ। ਇਸ ਡੱਬੇ ਵਿੱਚ NH4Cl ਜਾਂ ZnCl2 ਦੇ ਪੇਸਟ ਦੀ ਪਰਤ ਹੁੰਦੀ ਹੈ। ਇਸ ਤੋਂ ਇਲਾਵਾ ਇੱਕ ਪਤਲੀ ਤਹਿ ਹੁੰਦੀ ਹੈ ਜਿਹੜੀ ਕਿ ਜ਼ਿੰਕ ਦੇ ਡੱਬੇ ਤੋਂ ਕਾਰਬਨ ਪਾਊਡਰ (ਆਮ ਤੌਰ 'ਤੇ ਗਰੇਫ਼ਾਈਟ ਪਾਊਡਰ) ਅਤੇ ਮੈਂਗਨੀਜ਼ ਆਕਸਾਈਡ (MnO2) ਜਿਹੜੇ ਕਿ ਕਾਰਬਨ ਦੀ ਰਾਡ ਦੇ ਆਸੇ-ਪਾਸੇ ਜੰਮੇ ਹੁੰਦੇ ਹਨ, ਨੂੰ ਵੱਖ ਕਰਦੀ ਹੈ। ਕਾਰਬਨ ਹੀ ਇੱਕ ਅਜਿਹਾ ਚਾਲਕ ਹੈ ਜਿਸਨੂੰ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ। ਹੋਰ ਧਾਤਾਂ ਇਸ ਲੂਣੇ ਇਲੈੱਕਟ੍ਰੋਲਾਈਟ ਵਿੱਚ ਬਹੁਤ ਛੇਤੀ ਜ਼ੰਗ ਨਾਲ ਗਲ ਜਾਂਦੀਆਂ ਹਨ।