ਅਨੁਕਰਣ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੁਕਰਣ ਸਿਧਾਂਤ[ਸੋਧੋ]

ਪੁਰਾਤਨ ਯੂਨਾਨੀਆਂ ਕੋਲ ਪਲੈਟੋ ਤੋਂ ਪਹਿਲਾਂ ਵੀ ਸਾਹਿਤ ਸੀ, ਪਰੰਤੂ ਸਾਹਿਤਕ ਸਿਧਾਂਤ ਨਹੀਂ ਸੀ। ਪੁਰਾਤਨ ਯੂਨਾਨੀ ਸਾਹਿਤ ਵਿੱਚ ਮਹਾਂ-ਕਾਵਿ, ਨਾਟਕੀ-ਕਵਿਤਾ, ਹਾਸ-ਵਿਅੰਗ ਅਤੇ ਦੁਖਾਂਤਕ ਰੂਪ ਪ੍ਰਚਲਿਤ ਸਨ, ਜਿਹਨਾਂ ਰਾਹੀਂ ਲੋਕਾਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ। ਇਹ ਸਾਰੇ ਰੂਪ ਲਗਭਗ ਜ਼ੁਬਾਨੀ ਭਾਵ ਸੀਨਾ-ਬ-ਸੀਨਾ, ਪਾਤਰਾਂ ਅਤੇ ਉਹਨਾਂ ਵੱਲੋਂ ਪੇਸ਼ ਮਾਨਵੀ ਸਥਿਤੀਆਂ ਅਨੁਸਾਰ ਨਮੂਨੇ ਦੇ ਵਿਵਹਾਰ ਅਤੇ ਆਪਸੀ ਸੰਬੰਧਾਂ ਦਾ ਜ਼ਿਕਰ ਬਾਖ਼ੂਬੀ ਚਿਤਰਿਆ ਮਿਲਦਾ ਹੈ। ਇਹ ਪਰੰਪਰਾ, ਪੁਰਾਤਨ ਗਰੀਸ ਦੇਸ਼ ਦੇ ਸੱਭਿਆਚਾਰਕ ਗਿਆਨ ਦੇ ਰਾਹੀਂ ਪਰੰਪਰਾ ਦੀ ਪੇਸ਼ਕਾਰੀ ਰਾਹੀਂ ਪ੍ਰਚਲਿਤ ਹੋਈ। ਇਸੇ ਕਰਕੇ ਅਜਿਹੀਆਂ ਕਹਾਣੀਆਂ ਵਿੱਚ ਇਤਿਹਾਸ, ਮਿਥਿਹਾਸ, ਜੀਵਨੀ ਅਤੇ ਗਲਪ ਵਿਚਲੇ ਭੇਦਾਂ ਨੂੰ ਨਿਖੇੜਨਾ ਮੁਸ਼ਕਿਲ ਮੰਨਿਆ ਜਾਂਦਾ ਹੈ।‌

ਪਲੈਟੋ[ਸੋਧੋ]

ਪੱਛਮੀ ਸੰਸਕ੍ਰਿਤੀ, ਸਾਹਿਤ ਅਤੇ ਸਮੁੱਚੀ ਜੀਵਨ ਧਾਰਾ ਵਿੱਚ ਪਲੈਟੋ ਦੀ ਥਾਂ ਗੌਰਵਮਈ ਰਹੀ ਹੈ। ਇਸ ਇਕੱਲੇ ਵਿਅਕਤੀ ਨੇ ਆਪਣੇ ਸਮੇਂ ਦੀ ਯੂਨਾਨੀ ਰਾਜਨੀਤੀ, ਸਾਹਿਤ, ਸੰਸਕ੍ਰਿਤੀ ਅਤੇ ਆਰਥਿਕ ਨੀਤੀ ਸਭ ਉੱਤੇ ਡੂੰਘਾ ਪ੍ਰਭਾਵ ਪਾਇਆ। ਪਲੈਟੋ ਦਾ ਸਮਾਂ 428 ਈ ਪੂ ਤੋਂ 347 ਈ ਪੂ ਮੰਨਿਆ ਜਾਂਦਾ ਹੈ। ਉਸਦਾ ਜਨਮ 427 ਈ ਪੂ ਵਿੱਚ ਏਥਨਜ਼ ਦੇ ਇੱਕ ਆਮ ਪਰਿਵਾਰ ਵਿੱਚ ਹੋਇਆ। ਪਲੈਟੋ ਯੂਨਾਨ ਦੇ ਸੁਪ੍ਰਸਿੱਧ ਦਾਰਸ਼ਨਿਕ ਸੁਕਰਾਤ ਦਾ ਸ਼ਿਸ਼ ਸੀ। ਆਪਣੇ ਗੁਰੂ ਦੀ ਮੌਤ ਉਸਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਤਬਦੀਲੀ ਲੈ ਆਈ। ਉਸਦਾ ਲੋਕਤੰਤਰ ਤੋਂ ਵਿਸ਼ਵਾਸ ਜਾਂਦਾ ਰਿਹਾ ਅਤੇ ਰਾਜਨੀਤੀ ਸਦਾ ਲਈ ਅਲਵਿਦਾ ਕਹਿ ਦਿੱਤਾ। ਪਲੈਟੋ ਨੇ ਆਪਣਾ ਜੀਵਨ ਇੱਕ ਕਵੀ ਅਤੇ ਨਾਟਕਕਾਰ ਦੇ ਤੌਰ 'ਤੇ ਸ਼ੁਰੂ ਕੀਤਾ। ਬਾਅਦ ਵਿੱਚ ਉਸਨੇ ਰਾਜਨੀਤੀ, ਸਮਾਜ-ਸਾਸ਼ਤਰ ਆਦਿ ਵਿਸ਼ਿਆਂ ਦਾ ਡੂੰਘਾ ਅਧਿਐਨ ਕੀਤਾ ਜੋ ਉਸ ਦੀਆਂ ਰਚਨਾਵਾਂ ਵਿੱਚੋਂ ਝਲਕਦਾ ਹੈ। ਇਨ੍ਹਾਂ ਦਿਨਾਂ ਵਿੱਚ ਹੀ ਉਸ ਨੇ ਆਪਣੇ ਜਗਤ ਪ੍ਰਸਿੱਧ ਗ੍ਰੰਥਾਂ ਦੀ ਰਚਨਾ ਕੀਤੀ। ਜਿਹਨਾਂ ਵਿੱਚ ਰਾਜਨੀਤੀ, ਨੀਤੀ-ਸਾਸ਼ਤਰ, ਦਰਸ਼ਨ-ਸਾਸਤਰ, ਸਿੱਖਿਆ-ਸਾਸ਼ਤਰ ਅਤੇ ਨਿਆਂ-ਸਾਸ਼ਤਰ ਨਾਲ ਸਬੰਧਤ ਅਨੇਕਾਂ ਸਿਧਾਂਤਾ ਬਾਰੇ ਬਹਿਸ ਕੀਤੀ ਗਈ ਹੈ। ਉਸਨੇ ਕੁੱਲ ਤੀਹ ਗ੍ਰੰਥਾਂ ਦੀ ਰਚਨਾ ਕੀਤੀ। ਕਾਵਿ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਫਾਇਦ੍ਰਸ (Phaedress), ਆਯੋਨ (Ion), ਰੀਪਬਲਿਕ (Republic) ਗ੍ਰੰਥ ਖ਼ਾਸ ਤੌਰ 'ਤੇ ਵਰਣਨਯੋਗ ਹਨ। ਪਲੈਟੋ ਇੱਕ ਦੂਰਦਰਸ਼ੀ ਰਾਜਨੀਤੀਵਾਨ ਅਤੇ ਦਾਰਸ਼ਨਿਕ ਸੀ।

ਪਲੈਟੋ ਤੋਂ ਪਹਿਲਾਂ ਯੂਨਾਨ ਦੇ ਚਿੰਤਕਾਂ ਨੇ ਕਾਵਿ ਨੂੰ ਅਨੁਕਰਣਮੂਲਕ ਮੰਨਿਆ ਹੈ ਅਤੇ ਪਲੈਟੋ ਦੇ ਕਾਵਿ ਸਿਧਾਂਤ ਦਾ ਆਧਾਰ ਇਹੋ ਮਾਨਤਾ ਰਹੀ ਹੈ। ਉਸਨੇ ਵੀ ਆਪਣੇ ਤੋਂ ਪੂਰਬਲੇ ਚਿੰਤਕਾਂ ਵਾਂਗ ਕਾਵਿ ਨੂੰ ਅਨੁਕਰਣਮੂਲਕ ਕਲਾ ਮੰਨਿਆ ਹੈ। ਉਸਨੇ ਲਲਿਤ ਅਤੇ ਉਪਯੋਗੀ ਕਲਾਵਾਂ ਵਿਚਕਾਰ ਕਿਸੇ ਕਿਸਮ ਦੀ ਮੌਲਿਕ ਵੱਖਰਤਾ ਨੂੰ ਨਹੀਂ ਮੰਨਿਆ। ਕਿਉਂਕਿ ਉਹ ਇਹ ਮੰਨ ਕੇ ਚੱਲਦਾ ਹੈ ਕਿ ਸੱਚ ਪ੍ਰਗਟਾਇਆ ਨਹੀਂ ਜਾ ਸਕਦਾ ਅਤੇ ਕਾਵਿ ਵਿੱਚ ਜਿਸ ਸੱਚ ਦੇ ਸਾਨੂੰ ਦੀਦਾਰ ਹੁੰਦੇ ਹਨ ਉਹ ਸੱਚ ਨਹੀਂ ਹੁੰਦਾ, ਸਗੋਂ ਸੱਚ ਦਾ ਵਿਗੜਿਆ ਹੋਇਆ ਰੂਪ ਹੁੰਦਾ ਹੈ। ਇਸ ਤਰ੍ਹਾਂ ਕਲਾਵਾਂ ਵਿੱਚ ਨਿਖੇੜਾ ਕਰਨ ਸਮੇਂ ਪਲੈਟੋ ਪੱਧਰਾਂ ਦੀ ਭਿੰਨਤਾ ਨੂੰ ਸਵੀਕਾਰ ਕਰਦਾ ਹੈ। ਉਸ ਅਨੁਸਾਰ ਕਲਾਵਾਂ ਤਿੰਨ ਕਿਸਮ ਦੀਆਂ ਹੋ ਸਕਦੀਆਂ ਹਨ- ਕਿਸੇ ਪਦਾਰਥ ਦੇ ਉਪਯੋਗ ਦੀ ਕਲਾ, ਉਸ ਦੇ ਨਿਰਮਾਣ ਦੀ ਕਲਾ ਅਤੇ ਉਸ ਦੀ ਨਕਲ ਦੀ ਕਲਾ। ਨਕਲ ਦੀ ਕਲਾ ਬਿਨ੍ਹਾਂ ਕਿਸੇ ਸੱਚ ਦੇ ਹੋਰਨਾਂ ਦੋ ਕਲਾਵਾਂ ਦੀ ਤੁਲਨਾ ਵਿੱਚ ਹੇਠਲੇ ਪੱਧਰ ਦੀ ਹੁੰਦੀ ਹੈ ਕਿਉਂਕਿ ਉਹ ਮੁਕਾਬਲਤਨ ਸੱਚ ਤੋਂ ਵਧੇਰੇ ਦੂਰ ਹੁੰਦੀ ਹੈ। ਕਾਵਿ-ਕਲਾ ਇਸੇ ਸ਼੍ਰੇਣੀ ਵਿੱਚ ਆਉਂਦੀ ਹੈ।

ਪਲੈਟੋ ਇਹ ਵੀ ਮੰਨਦਾ ਹੈ ਕਿ ਕਾਵਿ ਮਨੁੱਖੀ ਮਨ ਵਿੱਚ ਜਜ਼ਬਿਆਂ ਅਤੇ ਵਾਸ਼ਨਾਵਾ ਨੂੰ ਜਗਾ ਕੇ ਉਸ ਦੀ ਬੁੱਧੀ ਨੂੰ ਭ੍ਰਸ਼ਟ ਕਰਦਾ ਹੈ, ਉਸ ਦੇ ਵਿਗਠਨ ਅਤੇ ਅਨਾਚਾਰ ਵਿੱਚ ਵਾਧਾ ਕਰਦਾ ਹੈ। ਪਲੈਟੋ ਦੇ ਮੂਲ ਇਤਰਾਜ ਦੀ ਸ਼ੁਰੂਆਤ ਇਥੋਂ ਹੀ ਹੁੰਦੀ ਹੈ। ਧਰਮ ਦੇ ਖੇਤਰ ਵਿੱਚ ਜਿੰਨ੍ਹਾਂ ਆਦਰਯੋਗ ਪਾਤਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਦੋਂ ਇਸ ਦੇ ਉਲਟ ਕਾਵਿ ਵਿੱਚ ਗ਼ੈਰ-ਸਮਾਜਿਕ ਤੱਤਾਂ ਨੂੰ ਸੁਖੀ ਜਾ ਸੁਖ-ਸਾਧਨਾਂ ਨਾਲ ਭਰੇ ਹੋਏ ਚਿਤਰਿਆ ਜਾਂਦਾ ਹੈ ਤਾਂ ਕਵਿਤਾ ਵਿਚਲਾ ਖੋਟ ਉਭਾਰ ਕੇ ਸਾਹਮਣੇ ਆਉਂਦਾ ਹੈ। ਕਾਵਿ ਦਾ ਇਹ ਵਿਗੜਿਆ ਰੂਪ ਪਲੈਟੋ ਨੂੰ ਨਾਪਸੰਦ ਸੀ। ਇਸ ਤਰ੍ਹਾਂ, ਪਲੈਟੋ ਕਾਵਿ ਨੂੰ ਇੱਕ ਕਲਾ ਮੰਨਦਾ ਹੈ ਪਰ ਉਸਦੇ ਮਤ ਅਨੁਸਾਰ ਕਾਵਿ ਕਲਾ ਚਿੱਤਰਕਲਾ ਆਦਿ ਦੇ ਵਾਂਗ ਅਨੁਕਰਣ ਕਲਾ ਹੈ। ਇਸ ਲਿਹਾਜ਼ ਨਾਲ ਕਵੀ ਨਿਮਨ ਪੱਧਰ ਦਾ ਕਲਾਕਾਰ ਹੈ, ਕਿਉਂਕਿ ਉਸਦੀ ਕਿਰਤ ਵਿੱਚ ਸੱਚ ਤੇ ਗਿਆਨ ਦੇ ਮੂਲ ਤੱਤ ਦੀ ਅਣਹੋਂਦ ਹੁੰਦੀ ਹੈ। ਉਸ ਦੀਆ ਕਵਿਤਾਵਾਂ ਸੱਚ ਨੂੰ ਪ੍ਰਕਾਸ਼ਮਾਨ ਨਹੀਂ ਕਰਦੀਆਂ, ਸਗੋਂ ਮਾਨਵ-ਮਨ ਦੇ ਪਾਸ਼ਵਿਕ ਅੰਸ਼ ਨੂੰ ਭੜਕਾਉਂਦੀਆਂ ਹਨ। ਆਪਣੀ ਪ੍ਰਸਿੱਧ ਕਿਰਤ "ਰਿਪਬਲਿਕ" ਵਿੱਚ ਪਲੈਟੋ ਨੇ ਕਾਵਿ-ਸੱਚ ਦਾ ਅਧਿਐਨ ਕੀਤਾ ਹੈ। ਉਸ ਨੇ ਮੂਲ ਸੱਚ ਦਾ ਕਰਤਾ ਰੱਬ ਨੂੰ ਤੇ ਉਸ ਦੀ ਸ੍ਰਿਸ਼ਟੀ ਦਾ ਅਨੁਕਰਣ ਕਵਿਤਾ ਮੰਨਿਆ ਹੈ। ਇਸ ਤਰ੍ਹਾਂ ਕਾਵਿ-ਸੱਚ ਤੋਂ ਤਿੰਨ ਗੁਣਾ ਦੂਰ ਹੋ ਗਿਆ। ਪਲੈਟੋ ਦੇ ਇਸ ਕਥਨ ਤੋਂ ਤਿੰਨ ਮਹਤਵਪੂਰਣ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ-

1.      ਮੂਲ ਸੱਚ ਦਾ ਕਰਤਾ ਰੱਬ ਹੈ ਅਤੇ ਮੂਲ ਸੱਚ ਅਕੱਟ, ਅਖੰਡ ਤੇ ਪਰਮ ਸੱਚ ਹੈ।

2.      ਇਹ ਸਮੁੱਚੀ ਸ੍ਰਿਸ਼ਟੀ ਉਸੇ ਮੂਲ ਸੱਚ ਦਾ ਅਨੁਕਰਣ ਹੈ।

3.      ਕਵੀ ਅਤੇ ਕਲਾਕਾਰ ਉਸ ਅਨੁਕਰਣ ਦੇ ਅਨੁਕਰਤਾ ਹਨ। ਇਸ ਲਈ ਸੁਭਾਵਿਕ ਤੌਰ 'ਤੇ ਉਹਨਾਂ ਦੀਆਂ ਕਿਰਤਾਂ ਅਤੇ ਉਹ ਆਪ ਪਰਮ ਸੱਚ ਤੋਂ ਤਿੰਨ ਗੁਣਾ ਦੂਰ ਹਨ।

ਪਲੈਟੋ ਅਨੁਸਾਰ ਸੱਚ ਉਹ ਹੈ ਜਿਸ ਦੇ ਪ੍ਰਗਟਾਓ ਲਈ ਮਨੁੱਖ ਦੇ ਅੰਦਰ ਨੈਤਿਕ ਮੁੱਲਾਂ ਤੇ ਸਮਾਜਿਕ ਸਿਧਾਂਤਾਂ ਦੇ ਪ੍ਰਤੀ ਜ਼ਿਆਦਾ ਵਿਸ਼ਵਾਸ ਪੈਦਾ ਹੋ ਸਕੇ ਤੇ ਜਿਸ ਨਾਲ ਮਨੁੱਖ ਦਾ ਅਸਲ ਵਿਕਾਸ ਹੋ ਸਕੇ।

ਪਲੈਟੋ ਅਨੁਸਾਰ ਕਵੀ ਆਪਣੇ ਪਾਠਕਾਂ ਦੀ ਪ੍ਰਸੰਸਾ ਦਾ ਪਾਤਰ ਬਣਨਾ ਚਾਹੁੰਦਾ ਹੈ। ਇਸ ਲਈ ਇੱਕ ਚੁਸਤ ਵੇਚਣ ਵਾਲੇ ਦੁਕਾਨਦਾਰ ਵਾਂਗ ਆਪਣੇ ਗਾਹਕਾਂ ਦੀਆ ਲੋੜਾਂ ਪੂਰੀਆਂ ਕਰਨ ਦੇ ਢੰਗ ਜਾਣਦਾ ਹੈ। ਇਸੇ ਕਾਰਨ ਉਹ ਸਸਤੇ ਦਿਲ ਪਰਚਾਵੇ ਵਾਲੇ ਸਾਹਿਤ ਦੀ ਸਿਰਜਣਾ ਕਰਨ ਵਿੱਚ ਜ਼ਰਾ ਵੀਂ ਨਹੀਂ ਝਿਜਕਦਾ। ਤ੍ਰਾਸਦੀ ਦਾ ਕਵੀ ਸਾਡੀ ਬੁੱਧੀ ਨੂੰ ਭ੍ਰਸ਼ਟ ਕਰਕੇ ਸਾਡੀਆਂ ਵਾਸ਼ਨਾਵਾਂ ਨੂੰ ਜਗਾਉਂਦਾ ਹੈ, ਉਹਨਾਂ ਦੀ ਪਾਲਣਾ ਕਰਦਾ ਹੈ ਤੇ ਉਹਨਾਂ ਨੂੰ ਰਿਸ਼ਟ ਪੁਸ਼ਟ ਬਣਾਉਂਦਾ ਹੈ। ਇਸੇ ਪ੍ਰਸੰਗ ਵਿੱਚ ਇੱਕ ਮਾਅਨੀਖੇਜ਼ ਸਵਾਲ ਇਹ ਉੱਠਦਾ ਹੈ ਕਿ ਅਨੁਕਰਣਕਰਤਾ ਕਵੀ ਦੇ ਲਈ ਮੂਲ ਵਿਸ਼ੇ ਦੇ ਅੰਤਰੀਵ ਪੱਖ ਦਾ ਜਾਣਕਾਰ ਹੋਣਾ ਲਾਜ਼ਮੀ ਹੈ।

ਪਲੈਟੋ ਅਨੁਸਾਰ ਮੂਲ ਸੱਚ ਤੋਂ ਅਣਜਾਣ ਕਲਾਕਾਰ ਵੀ ਅਨੁਕਰਣ ਕਰ ਸਕਦਾ ਹੈ ਤੇ ਇਸ ਵਿੱਚ ਪੂਰੀ ਤਰ੍ਹਾਂ ਸਫ਼ਲ ਵੀ ਹੋ ਸਕਦਾ ਹੈ। ਪਲੈਟੋ ਦੀ ਇਹ ਧਾਰਨਾ ਪੂਰੀ ਤਰ੍ਹਾਂ ਠੀਕ ਨਹੀਂ। ਭੌਤਿਕ ਵਸਤਾਂ ਦੇ ਦ੍ਰਿਸ਼ਟੀਮਾਨ ਰੂਪ ਤੇ ਆਕਾਰ ਦੇ ਵਰਣਨ ਲਈ ਓਪਰਾ ਗਿਆਨ ਕਾਫੀ ਹੋ ਸਕਦਾ ਹੈ, ਪਰ ਮਾਨਵੀ ਮਨ ਦੀਆਂ ਬਾਰੀਕੀਆਂ ਦੇ ਵਰਣਨ ਲਈ ਮਾਨਵੀ ਹਿਰਦੇ ਦੀਆਂ ਧੜਕਣਾਂ ਨੂੰ ਸੁਣਨਾ ਲਾਜ਼ਮੀ ਹੋਵੇਗਾ। ਪਲੈਟੋ ਦਾ ਕਾਵਿ ਬਾਰੇ ਨਜ਼ਰੀਆ ਬੁਨਿਆਦੀ ਤੌਰ ਫ਼ਲਸਫ਼ਾਨਾ ਸੀ। ਉਸ ਨੇ ਹੀ ਸਭ ਤੋਂ ਪਹਿਲਾਂ ਕਲਾ ਨੂੰ ਲੋਕ ਕਲਿਆਣ ਅਤੇ ਨੈਤਿਕ ਸੁਧਾਰ ਦਾ ਸਾਧਨ ਮੰਨਿਆ ਸੀ। ਪੱਛਮੀ ਚਿੰਤਨ ਧਾਰਾ ਵਿੱਚ ਪਲੈਟੋ ਸਭ ਤੋਂ ਪਹਿਲਾਂ ਫ਼ਿਲਾਸਫਰ ਹੈ, ਜਿਸ ਕਾਵਿ ਵਿੱਚ ਨੈਤਿਕ ਮੁੱਲਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਲੈਟੋ ਨੇ ਕਾਵਿ ਅਤੇ ਕਵੀ ਨੂੰ ਨਕਾਰਨ ਦੇ ਬਾਵਜੂਦ ਅਜਿਹੇ ਕਾਵਿ ਨੂੰ ਸਵੀਕਾਰ ਕੀਤਾ ਜਿਸ ਵਿੱਚ ਰੱਬ ਦੀ ਉਸਤਤ ਹੋਵੇ।

ਪਲੈਟੋ ਦੇ ਪੂਰਵਵਰਤੀ ਚਿੰਤਕਾਂ ਨੇ ਕਾਵਿ ਦਾ ਮੂਲ ਸੋਮਾ ਰੱਬੀ ਪ੍ਰੇਰਣਾ ਨੂੰ ਮੰਨਿਆ ਹੈ। ਉਸ ਦਾ ਵਿਚਾਰ ਹੈ ਕਿ ਜਦੋਂ ਤੱਕ ਕਲਾਕਾਰ ਦੈਵੀ ਪ੍ਰੇਰਣਾ ਤੋਂ ਪ੍ਰੇਰਿਆ ਨਹੀਂ ਜਾਂਦਾ, ਉਦੋਂ ਤੱਕ ਕਵੀ ਉੱਚ ਪੱਧਰ ਦੀ ਰਚਨਾ ਨਹੀਂ ਕਰ ਸਕਦਾ। ਸਿਰਫ਼ ਕਵੀ ਹੀ ਨਹੀਂ, ਸਗੋਂ ਕਵਿ-ਪਾਠ ਕਰਨ ਵਾਲਾ ਢਾਡੀ ਵੀ ਰੱਬੀ ਸ਼ਕਤੀ ਦਾ ਪ੍ਰੇਰਿਆ ਹੁੰਦਾ ਹੈ।

ਪਲੈਟੋ ਤੇ ਉਸ ਤੋਂ ਪਹਿਲੇ ਇੱਕ ਪੱਛਮੀ ਚਿੰਤਕ ਵੀ ਕਾਵਿ ਦੀ ਮੂਲ ਪ੍ਰਵਿਰਤੀ ਨੂੰ ਅਨੁਕਰਣਾਤਮਕ ਮੰਨਦੇ ਹਨ। ਆਪਣੇ ਗ੍ਰੰਥ ਰੀਪਬਲਿਕ ਵਿੱਚ ਪਲੈਟੋ ਨੇ ਸਭ ਤੋਂ ਪਹਿਲਾਂ ਕਵੀਆਂ ਤੇ ਝੂਠੇ ਹੋਣ ਦਾ ਇਲਜ਼ਾਮ ਲਗਾਇਆ। ਉਸ ਨੇ ਕਿਹਾ ਕਿ ਜੇ ਅਜਿਹੇ ਮਹਾਰਥੀ ਸਾਡੇ ਕੋਲ ਆਉਂਦੇ ਹਨ ਤੇ ਆਪਣੇ ਕਾਵਿ ਦਿਖਾਵੇ ਦਾ ਸੁਝਾਉ ਪੇਸ਼ ਕਰਦੇ ਹਨ ਤਾਂ ਅਸੀਂ ਉਹਨਾਂ ਵਿਅਕਤੀਆਂ ਨੂੰ ਮੂੰਹ ਨਹੀਂ ਲਗਾਵਾਂਗੇ। ਨਾਲ ਹੀ ਇਹ ਵੀ ਕਹਾਂਗੇ ਕਿ ਉਹਨਾਂ ਲਈ ਸਾਡੇ ਰਾਜ ਵਿੱਚ ਕੋਈ ਥਾਂ ਨਹੀਂ। ਉਹ ਕਾਵਿ ਵਿੱਚ ਉਹਨਾਂ ਗੁਣਾਂ ਨੂੰ ਦੇਖਣ ਦਾ ਹੀ ਚਾਹਵਾਨ ਸੀ ਜੋ ਨਾਗਰਿਕਾਂ ਨੂੰ ਸ੍ਰੇਸ਼ਟ ਨੈਤਿਕ ਗੁਣਾਂ ਨਾਲ ਭਰਪੂਰ ਕਰਨ।

ਪਲੈਟੋ ਸਮੁੱਚੀ ਕਲਾ ਉੱਤੇ ਮਿੱਥਿਆ ਹੋਣ ਦਾ ਦੋਸ਼ ਮੜ੍ਹਦਾ ਹੈ। ਉਸ ਅਨੁਸਾਰ ਕਲਾ ਮੂਲ ਸੱਚ ਤੋਂ ਤਿੰਨ ਗੁਣਾ ਦੂਰ ਹੁੰਦੀ ਹੈ। ਇੱਥੋਂ ਹੀ ਉਸ ਦਾ ਅਨੁਕਰਨ ਸਿਧਾਂਤ ਜਨਮਦਾ ਹੈ। ਉਸਦਾ ਮੰਨਣਾ ਹੈ ਕਿ ਮੂਲ ਸੱਚ ਇੱਕ ਪਾਸੇ ਅਖੰਡ ਹੁੰਦਾ ਹੈ। ਇਸੇ ਆਧਾਰ ਤੇ ਉਸ ਨੇ ਆਪਣੇ ਸਿਧਾਂਤ ਦੀ ਨੀਂਹ ਰੱਖੀ। ਇਸ ਸਿਧਾਂਤ ਅਨੁਸਾਰ ਅਸੀਂ ਜੋ ਮੇਜ਼, ਕੁਰਸੀ ਆਦਿ ਨੂੰ ਦੇਖਦੇ ਹਾਂ, ਉਸ ਦੇ ਮੂਲ ਰੂਪ ਵਿੱਚ ਇੱਕ ਸਰਬ-ਵਿਆਪਕ ਵਿਚਾਰ ਹੁੰਦਾ ਹੈ ਅਤੇ ਉਸ ਵਿਚਾਰ ਕਰਕੇ ਹੀ ਅਸੀਂ ਰੂਪ-ਆਕਾਰ ਨੂੰ ਪਛਾਣ ਕੇ ਕੁਰਸੀ ਨੂੰ ਕੁਰਸੀ ਤੇ ਮੇਜ਼ ਨੂੰ ਮੇਜ਼ ਆਖਦੇ ਹਾਂ। ਇਹ ਸਰਬ ਵਿਆਪਕ ਵਿਚਾਰ ਇੱਕ ਹੁੰਦਾ ਹੈ।

ਪਲੈਟੋ ਨੇ ਕਾਵਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ-ਪ੍ਰਕਥਨਾਤਮਕ, ਅਨੁਕਰਣਾਤਮਕ ਅਤੇ ਮਿਸ਼ਰਤ। ਇਨ੍ਹਾਂ ਤਿੰਨਾਂ ਭੇਦਾਂ ਅਧੀਨ ਉਸ ਨੇ ਗੀਤ ਨਾਟਕ ਅਤੇ ਮਹਾਂਕਾਵਿ ਦਾ ਵਰਗੀਕਰਨ ਵੀ ਪੇਸ਼ ਕੀਤਾ ਹੈ। ਉਸ ਅਨੁਸਾਰ ਪਹਿਲੇ ਹਿੱਸੇ ਵਿੱਚ ਗੀਤ ਆਉਂਦੇ ਹਨ। ਅਨੁਕਰਣਾਤਮਕ ਕਾਵਿ ਅਧੀਨ ਵੱਖ ਵੱਖ ਨਾਟਕ ਵਿਧਾਵਾਂ ਆਉਂਦੀਆਂ ਹਨ। ਤੀਜੇ ਹਿੱਸੇ ਵਿੱਚ ਦੋਵੇਂ ਤਰ੍ਹਾਂ ਦੀਆਂ ਸ਼ੈਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਪਲੈਟੋ ਨੇ ਨਾਟਕਾਂ ਦੀ ਆਲੋਚਨਾ ਕਰਨ ਸਮੇਂ ਤ੍ਰਾਸਦੀ ਤੇ ਕਾਮਦੀ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਸ ਅਨੁਸਾਰ ਤ੍ਰਾਸਦੀਕਾਰ ਉਦਾਤ ਜੀਵਨ ਦੇ ਵਰਣਨ ਰਾਹੀਂ ਦੁਖਾਂਤ ਦ੍ਰਿਸ਼ਾਂ ਨੂੰ ਪੇਸ਼ ਕਰਕੇ ਵੀ ਪਾਠਕਾਂ ਨੂੰ ਦੈਵੀ ਆਨੰਦ ਦਿੰਦਾ ਹੈ। ਪਲੈਟੋ ਨੇ ਕਾਮਦੀ ਵਿੱਚ ਬੇਢੰਗੇ ਕੰਮਾਂ, ਊਟਪਟਾਂਗ ਲਿਬਾਸ ਨੂੰ ਅਹਿਮੀਅਤ ਨਾ ਦੇ ਕੇ ਕਿਸੇ ਦੇ ਹੰਕਾਰ ਤੇ ਪਾਖੰਡ ਨੂੰ ਹਾਸ ਵਿਅੰਗ ਦੇ ਅੰਦਾਜ਼ ਵਿੱਚ ਪੇਸ਼ ਕਰਨ ਵਿੱਚ ਕਾਮਦੀ ਸਫ਼ਲਤਾ ਸਮਝੀ।

ਇਤਿਹਾਸਿਕਤਾ ਦੇ ਨਜ਼ਰੀਏ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਲੈਟੋ ਨੇ ਸਭ ਤੋਂ ਪਹਿਲਾਂ ਇੱਕ ਦਾਰਸ਼ਨਿਕ ਦ੍ਰਿਸ਼ਟੀ ਤੋਂ ਕਾਵਿ ਦਾ ਅਧਿਐਨ ਕੀਤਾ। ਕਾਵਿ ਦੇ ਖੇਤਰ ਵਿੱਚ ਉਸ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਨੇ ਸਾਹਿਤਕ ਸਿਧਾਂਤਾਂ ਨੂੰ ਦਾਰਸ਼ਨਿਕ ਰੂਪ ਦਿੱਤਾ। ਉਸ ਦੀ ਨਜ਼ਰ ਵਿੱਚ ਉਹ ਕਾਵਿ ਸ੍ਰੇਸ਼ਟ ਹੈ ਜੋ ਮਨੁੱਖ ਦੇ ਅੰਦਰ ਨੈਤਿਕ ਮੁੱਲਾਂ ਤੇ ਸਮਾਜਿਕ ਮਾਨਤਾਵਾਂ ਤੇ ਭਰੋਸਾ ਪੈਦਾ ਕਰੇ। ਇਹ ਉਸ ਦੇ ਅਧਿਐਨ ਦੀ ਸੀਮਾ ਹੈ। ਪਲੈਟੋ ਦੀ ਨੁਕਤਾ-ਇ-ਨਜ਼ਰ ਤੱਥਮੂਲਕ ਸੀ, ਇਸ ਲਈ ਸੁਭਾਵਿਕ ਤੌਰ 'ਤੇ ਉਸ ਨੇ ਕਾਵਿ ਦਾ ਮੁਲਾਂਕਣ ਵੀ ਉਸੇ ਅਨੁਸਾਰ ਹੀ ਕੀਤਾ। ਦੂਜੇ ਸ਼ਬਦਾਂ ਵਿੱਚ, ਉਸ ਨੇ ਕਾਵਿ ਦੀ ਸਿਰਫ਼ ਵਸਤੂਪੂਰਕ ਆਲੋਚਨਾ ਹੀ ਕੀਤੀ। ਕਾਵਿ ਦੇ ਪ੍ਰਤੀ ਉਪਯੋਗਤਾਵਾਦੀ ਦ੍ਰਿਸ਼ਟੀਕੋਣ  ਵੀ ਉਸ ਦੇ ਸਾਹਮਣੇ ਲਿਆਂਦਾ। ਉਸ ਨੇ ਹੀ ਸਭ ਤੋਂ ਪਹਿਲਾਂ ਕਾਵਿ ਵਿੱਚ ਨੈਤਿਕ ਮੁੱਲਾਂ ਦੀ ਮਹੱਤਤਾ ਕਾਇਮ ਕਰਕੇ ਸਾਹਿਤ ਅਤੇ ਜ਼ਿੰਦਗੀ ਦੇ ਨਜ਼ਦੀਕੀ ਰਿਸ਼ਤੇ ਦੀ ਗੱਲ ਕੀਤੀ। ਪਰ ਇਹ ਵੀ ਦਰੁਸਤ ਹੈ ਕਿ ਪਲੈਟੋ ਨੇ ਕਾਵਿ ਪ੍ਰਤੀ ਨਕਾਰਾਤਮਕ ਨਜ਼ਰੀਆ ਵੀ ਰੱਖਿਆ ਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਨੇ ਅਨੁਕਰਣ ਸਿਧਾਂਤ ਦਾ ਸਹਾਰਾ ਲਿਆ। ਬੇਸ਼ੱਕ ਉਸ ਨੇ ਕਾਵਿ ਆਲੋਚਨਾ ਦੇ ਖੇਤਰ ਵਿੱਚ ਇੱਕ ਮਾਇਨੇਖੇਜ਼ ਭੂਮਿਕਾ ਨਿਭਾਈ, ਪਰ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਕਵੀ ਨੂੰ ਮਹਿਜ਼ ਅਨੁਕ੍ਰਿਤੀ ਦਾ ਅਨੁਕਰਣਾਕਾਰ ਜਾਂ ਨਕਲਚੀ ਆਖ ਕੇ ਪਲੈਟੋ ਨੇ ਵੀ ਕਵੀ ਦੇ ਸਾਰੇ ਗੌਰਵ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਇਸੇ ਲਈ ਉਸ ਨੇ ਨਾ ਤਾਂ ਕਾਵਿ ਦੀਆਂ ਵੱਖੋ ਵੱਖਰੀਆਂ ਕਿਸਮਾਂ, ਸ਼ੈਲੀ ਦੇ ਤੱਤਾਂ, ਉਪਅੰਗਾਂ ਦਾ ਡੂੰਘਾ ਮੁਤਾਲਿਆ ਕੀਤਾ ਅਤੇ ਨਾ ਹੀ ਕਾਵਿਕ ਮੌਲਿਕ ਸਵਾਲਾਂ ਉੱਤੇ ਸਾਇੰਸੀ ਢੰਗ ਨਾਲ ਗੌਰ ਕੀਤਾ। ਇਸ ਸਭ ਕੁੱਝ ਦੇ ਬਾਵਜੂਦ ਪਲੈਟੋ ਦੇ ਕਾਵਿ-ਸ਼ਾਸਤਰੀ ਚਿੰਤਨ ਦੀ ਇਤਿਹਾਸਕ ਅਹਿਮੀਅਤ ਕਿਸੇ ਬਹਿਸ ਦੀ ਮੁਹਤਾਜ ਨਹੀਂ। ਉਸ ਨੇ ਪੱਛਮ ਦੇ ਪੂਰਵਵਰਤੀ ਕਾਵਿ-ਸ਼ਾਸਤਰੀਆਂ ਦੇ ਵਿਵੇਚਨ ਨੂੰ ਇੱਕ ਨਵਾਂ ਰਾਹ ਨਵਾਂ ਰਾਹ ਦਿਖਾਇਆ ਤੇ ਅਸਲੋਂ ਨਵੀਂ ਤੇ ਮੌਲਿਕ ਬੁਨਿਆਦ ਪੇਸ਼ ਕੀਤੀ।

ਅਰਸਤੂ[ਸੋਧੋ]

ਅਰਸਤੂ ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲ ਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ।

ਅਰਸਤੂ ਦਾ ਜਨਮ ਈਸਵੀ ਪੂਰਬ 384 ਵਿੱਚ ਸੱਤਗਿਆ ਨਗਰ ਵਿੱਚ ਹੋਇਆ। ਇਸ ਦਾ ਅਸਲੀ ਨਾਂ ਅਰਿਸਤੋਤੋਲੈਸ ਸੀ। ਇਸ ਦਾ ਪਿਤਾ ਨਿਕੋਮੈਕਸ ਅਭਿਯੁੰਤਸ ਨਾਂ ਦੇ ਰਾਜੇ ਦਾ ਰਾਜਵੈਦ ਸੀ ਅਤੇ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਵੀ ਡਾਕਟਰ ਬਣੇ। ਅਰਸਤੂ ਛੋਟੀ ਉਮਰੇ ਹੀ ਅਧਿਐਨ ਵਿੱਚ ਕੁੱਝ ਰੁੱਝ ਗਿਆ ਤੇ ਈਸਵੀ ਪੂਰਬ 368 ਵਿੱਚ ਉਸ ਨੇ ਪਲੈਟੋ ਦੁਆਰਾ ਕਾਇਮ ਕੀਤੇ ਵਿੱਦਿਆ ਪੀਠ ਵਿੱਚ ਵਿਧੀਪੂਰਵਕ ਅਧਿਐਨ ਸ਼ੁਰੂ ਕਰ ਦਿੱਤਾ। ਪਲੈਟੋ ਦੀ ਮੌਤ ਤੋਂ ਬਾਅਦ ਵੀ ਅਰਸਤੂ ਨੇ ਉਸਦਾ ਉਵੇਂ ਹੀ ਆਦਰ ਕੀਤਾ ਜਿਵੇਂ ਕਿਸੇ ਦੇ ਦੈਵੀ ਪੁਰਖ ਦਾ ਕੀਤਾ ਜਾਂਦਾ ਹੈ। ਈਸਵੀ ਪੂਰਬ 343 ਵਿੱਚ ਅਰਸਤੂ ਜਗਤ ਪ੍ਰਸਿੱਧ ਸਿਕੰਦਰ ਦਾ ਗੁਰੂ ਨਿਯੁਕਤ ਹੋ ਗਿਆ। ਤਖ਼ਤ ਦੇ ਬੈਠਣ ਤੋਂ ਮਗਰੋਂ ਵੀ ਸਿਕੰਦਰ ਤੇ ਅਰਸਤੂ ਦਾ ਗੁਰੂ ਚੇਲੇ ਦਾ ਰਿਸ਼ਤਾ ਕਾਇਮ ਰਿਹਾ। ਅਰਸਤੂ ਨੇ ਆਪਣੇ 62 ਸਾਲਾਂ ਦੇ ਜੀਵਨ ਵਿੱਚ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਤੇ ਤਰਕ ਸ਼ਾਸਤਰ, ਰਾਜਨੀਤੀ ਸ਼ਾਸਤਰ, ਨੀਤੀ ਸ਼ਾਸਤਰ ਆਦਿ ਵਿਸ਼ਿਆਂ ਬਾਰੇ ਲਗਭਗ 400 ਗ੍ਰੰਥਾਂ ਦੀ ਰਚਨਾ ਕੀਤੀ। ਉਸ ਨੇ ਸਭ ਤੋਂ ਪਹਿਲਾਂ ਵਿਧੀਪੂਰਵਕ ਤੇ ਸਿਲਸਿਲੇਵਾਰ ਢੰਗ ਨਾਲ ਕਾਵਿਸ਼ਾਸਤਰ ਬਾਰੇ ਚਰਚਾ ਕੀਤੀ। ਇਸ ਨਾਲ ਸਬੰਧਤ ਉਸ ਦੇ ਦੋ ਗ੍ਰੰਥ Phetoric ਤੇ Poetics (ਪੋਇਟਿਕਸ) ਖ਼ਾਸ ਤੌਰ 'ਤੇ ਵਰਣਯੋਗ ਹਨ।

ਅਰਸਤੂ ਦੇ ਸਮੁੁੱਚੇ ਗਿਆਨ ਚਿੰਤਨ ਦੀ ਵਿਸ਼ੇਸ਼ਤਾ ਉਸਦਾ ਵਿਸ਼ੇਸ਼ ਪ੍ਰਬੰੰਧ ਹੈ, ਜਿਸ ਦੇ ਅਧੀਨ ਉਹ ਵਿਭਿੰਨ ਅਨੁੁੁਸ਼ਾਸਨਾ ਸੰੰਬੰਧੀ ਆਪਣਾ ਚਿੰਤਨ ਪੇੇੇਸ਼ ਕਰਦਾ ਹੈ। ਅਰਸਤੂ ਦੇ ਇਸ ਵਡੇਰੇ ਗਿਆਨ ਚਿੰਤਨ ਪ੍ਰਬੰਧ ਬਾਰੇ ਨਵ ਅਰਸਤੂਵਾਦੀ ਮੈਕਿਓਨ ਦੇ ਵਿਚਾਰ ਮਹੱਤਵਪੂਰਨ ਹਨ। ਉਸ ਦਾ ਵਿਸ਼ਵਾਸ ਹੈ ਕਿ ਅਰਸਤੂ ਨੇ ਗਿਆਨ ਨਾਲ ਸੰਬੰਧਤ ਸਾਰੀਆਂ ਰਚਨਾਵਾਂ ਨੂੰ ਤਿੰਨ ਮੂੂਲ ਵਿਗਿਆਨਾ ਵਿੱਚ ਵੰਡਿਆ ਹੈ:-

1 ਸਿਧਾਂਤਕ ਵਿਗਿਆਨ ( ਗਣਿਤ ਸ਼ਾਸਤਰ, ਮੈਟਾਫਿਜ਼ਿਕਸ, ਆਸਟ੍ਰਾਨੋਮੀ, ਭੌਤਿਕੀ ਆਦਿ ਨਾਲ ਸੰਬੰਧਤ ਪੁਸਤਕਾਂ)

2 ਵਿਵਹਾਰਿਕ ਵਿਗਿਆਨ ( ਪ੍ਰਮੁੱਖ ਰੂਪ ਵਿੱਚ ਰਾਜਨੀਤੀ ਅਤੇ ਨੈਤਿਕ ਸ਼ਾਸਤਰ ਨਾਲ ਸੰਬੰਧਤ ਪੁਸਤਕਾਂ)

3 ਉਤਪਾਦਕ ਵਿਗਿਆਨ[1]

ਇਸ ਅੰਤਲੇ ਵਿਗਿਆਨ ਨੂੰ ਅਰਸਤੂ ਅੱਗੇ ਦੋ ਹੋਰ ਉਪਭਾਗਾਂ ਵਿੱਚ ਵੰਡਦਾ ਹੈ-

ਉਪਯੋਗੀ ਕਲਾਵਾਂ ਅਤੇ ਲਲਿਤ ਕਲਾਵਾਂ

ਲਲਿਤ ਕਲਾਵਾਂ ਦਾ ਸੰਬੰਧ ਅਨੁਕਰਨ ਨਾਲ ਹੈ।[2]

ਅਰਸਤੂ ਦਾ ‘ਅਨੁਕਰਨ’   ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਮਿਮੇਸਿਸ ( mimesis) ਦੇ ਸਮਾਨਾਰਥੀ ਰੂਪ ਵਿੱਚ ਵਰਤਿਆ ਜਾਂਦਾ ਹੈ। ਪੰਜਾਬੀ ਦਾ ‘ਅਨੁਕਰਨ ’ ਸ਼ਬਦ ਅੰਗਰੇਜੀ ਦੇ   immitation ਦਾ ਅਨੁਵਾਦ ਹੈ। ਜਿਸ ਦਾ ਸ਼ਬਦ ਅਰਥ ‘ ਨਕਲ’ ਹੈ।[3] ਅਰਸਤੂ ਨੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਦਰਅਸਲ ਪਲੈਟੋ ਨੇ ਕਾਵਿ ਨੂੰ ਇਸ ਸੰਕਲਪੀ ਸ਼ਬਦ ਦੇ ਅਧਾਰ ਤੇ ਰੱਦ ਕਰ ਦਿੱਤਾ ਸੀ।ਉਸ ਦਾ ਤਰਕ ਸੀ ਕਿ ਇੱਕ ਤਾਂ ਭੌਤਿਕ ਜਗਤ ਦੀ ਅਨੁਕ੍ਰਿਤੀ ਹੈ ਫ਼ਿਰ ਕਾਵਿ ਇਹੀ ਭੌਤਿਕ ਜਗਤ ਦੀ ਅਨੁਕ੍ਰਿਤਿ ਹੈ। ਇਸ ਪ੍ਰਕਾਰ ਸਾਹਿਤ ਜਾਂ ਕਾਵਿ ਨਕਲ ਦੀ ਨਕਲ  ਹੈ। ਸੱਚ ਦੇ  ਅਨੁਕਰਨ ਦਾ  ਅਨੁਕਰਨ ਹੋਣ ਕਰਕੇ ਕਾਵਿ ਤਿਆਗਣ ਯੋਗ ਹੈ।ਇਸ ਕਰਕੇ ਕਲਾ ਦਾ ਦਰਜਾ ਨੀਵਾਂ ਹੋ ਜਾਂਦਾ ਹੈ ਅਤੇ ਇਸ ਨਜ਼ਰੀਏ ਤੋਂ ਕਲਾ ਦਾ ਸਰੋਤੇ ਉੱਪਰ ਚੰਗਾ ਪ੍ਰਭਾਵ ਹੋ ਹੀ ਨਹੀਂ ਸਕਦਾ। ਪਲੈਟੋ ਅਨੁਸਾਰ ਸਾਹਿਤ ਸੱਚ ਤੋਂ ਦੁੱਗਣਾ ਦੂਰ ਹੈ( it is twice away from the reality) ਇਸ ਪ੍ਰਕਾਰ ਪਲੈਟੋ ਨੇ ਅਨੁਕਰਨ ਦਾ ਅਰਥ –ਸੱਚ  ਦੀ ਇੰਨ ਬਿੰਨ ਨਕਲ ਦੇ ਰੂਪ ਵਿੱਚ ਲਿਆ ਹੈ। ਉਸ ਅਨੁਸਾਰ ਵਿਭਿੰਨ ਕਲਾਕਾਰ ਵਿਭਿੰਨ ਵਿਧੀਆਂ ਰਾਹੀਂ ਭੌਤਿਕ ਜਗਤ ਦਾ ਅਨੁਕਰਨ ਹੀ ਕਰਦੇ ਹਨ। ਜਿਵੇਂ ਚਿੱਤਰਕਾਰ ਰੰਗਾਂ ਨਾਲ, ਸੰਗੀਤਕਾਰ ਧੁਨਾਂ ਰਾਹੀਂ, ਅਭਿਨੇਤਾ ਵੇਸ਼– ਭੂਸ਼ਾ, ਅੰਗ ਚੇਸ਼ਟਾ ਆਵਾਜ਼ ( ਸੰਵਾਦ ) ਰਾਹੀਂ ਅਤੇ ਸਾਹਿਤਕਾਰ ਲਿਖਤ ਦੇ ਮਾਧਿਅਮ ਨਾਲ।

       ਪਰ ਅਰਸਤੂ  ਨੇ ਇਸ ਸ਼ਬਦ ਅਨੁਕਰਨ  ਨੂੰ ਅਪਣਾ ਕੇ ਇਸ ਵਿੱਚ ਨਵੇਂ ਅਰਥ ਭਰ ਦਿੱਤੇ ਹਨ। ਉਸ ਅਨੁਸਾਰ ਕਲਾਕਾਰ ਕਿਸੇ ਵੀ ਕਲਾਕ੍ਰਿਤੀ ਵਿੱਚ ਭੌਤਿਕ ਜਗਤ ਦਾ ਅਨੁਕਰਨ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਉਹ ਵਸਤੂ ਹੁੰਦੀ ਹੈ ਬਲਕਿ ਜਿਸ ਤਰ੍ਹਾਂ ਦਾ ਉਸ ਦੀਆਂ ਇੰਦਰੀਆਂ ਨੂੰ ਪ੍ਰਾਪਤ ਹੁੰਦਾ ਹੈ, ਓਹੋ ਜਿਹਾ ਹੀ ਕਰਦਾ ਹੈਂ ਇਸ ਅਨੁਕਰਨ ਵਿੱਚ ਉਸ ਦੀ ਸਿਰਜਣਾਮਕਤਾ ਸ਼ਾਮਿਲ ਹੁੰਦੀ ਹੈ। ਇਸ ਲਈ ਕਲਾ ਨਕਲ ਨਹੀਂ ਬਲਕਿ ਉਸਦੀ ਪੁਨਰਸਿਰਜਨਾ ਕਰਨਾ ਹੈ ਤੇ ਉਸਨੂੰ ਆਪਣੇ ਅਨੁਸਾਰ ਢਾਲਣਾ ਹੈ।ਇਸੇ ਕਰਕੇ ਹੀ ਸਾਹਿਤਕਾਰ ਦੀ ਕਿਰਤ ਵਸਤੂ –ਸੰਸਾਰ ਵਰਗੀ ਲੱਗਦੀ ਹੋਈ ਵੀ ਉਸ ਦੀ ਨਕਲ ਨਹੀਂ ਹੁੰਦੀ ਕਿਉਂਕਿ ਸਾਹਿਤਕਾਰ ਉਸ ਨੂੰ ਆਪਣੇ ਨਿੱਜ ਦੀ ਛੋਹ ਦੇ ਕੇ ਮੌਲਿਕ ਬਣਾ ਦਿੰਦਾ ਹੈ। ਇੱਕ ਮਿਸਾਲ ਵਜੋਂ:—

   ਅੱਗ ਦਾ ਸਫ਼ਾ ਹੈ, ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ

    ਓਹ ਬਹਿਸ ਕਰ ਰਹੇ ਨੇ, ਗ਼ਲਤ ਹਾਂ ਕੇ ਠੀਕ ਹਾਂ[4]

    ਵਸਤੂ–ਸੰਸਾਰ ਵਿੱਚ ਅਸੀਂ ਅੱਗ, ਸਫ਼ਾ ਅਤੇ ਫੁੱਲ ਦੇਖਦੇ ਹਾਂ ਇਹ ਚਾਰੇ ਵਸਤੂ ਸੰਸਾਰ ਦੀਆਂ ਵਸਤਾਂ ਹਨ। ਪਰ ਕਵੀ  ਨੇ ਇਹਨਾਂ ਵਸਤਾਂ ਦੀ ਆਪਣੀ ਕਵਿਤਾ ਵਿੱਚ ਬਦਲਵੇਂ ਰੂਪ ਵਿੱਚ ਇਸ ਪ੍ਰਕਾਰ ਦੀ ਵਰਤੋਂ ਕੀਤੀ ਹੈ ਕਿ ਇਹ ਭੌਤਿਕ ਜਗਤ ਵਾਂਗ ਪ੍ਰਤੀਤ ਹੁੰਦੇ ਹੋਏ ਵੀ ਉਸ ਤੋਂ ਵੱਖਰੇ ਅਤੇ ਮੌਲਿਕ ਹਨ। ਇਸੇ ਕਰਕੇ ਹੀ ਅਨੁਕਰਨ ਬਾਰੇ ਕਿਹਾ ਗਿਆ  ਹੈ :—

  Immitation is a process of creative philosophy  ਅਰਥਾਤ ਅਨੁਕਰਨ ਸਿਰਜਣਾਤਮਕ ਦਰਸ਼ਨ ਪ੍ਰਕਿਰਿਆ ਹੈ[5]। ਇਓਂ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਨ ਦਾ ਅਰਥ ਹੈ — ਸਾਹਿਤ ਵਿੱਚ ਜੀਵਨ ਦਾ ਵਸਤੂਮੂਲਕ –ਅੰਕਨ, ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਜੀਵਨ ਦੀ ਕਲਪਨਾਤਮਕ ਮੁੜ ਉਸਾਰੀ ਕਹਿ ਸਕਦੇ ਹਾਂ।

ਪਲੈਟੋ ਅਤੇ ਅਰਸਤੂ ਦੋਹਾਂ ਨੇ ਹੀ ਕਾਵਿ ਨੂੰ ਅਨੁਕਰਣਾਤਮਕ ਕਲਾ ਮੰਨਿਆ ਹੈ ਪਰ ਦੋਹਾਂ ਦੇ ਵਿਵੇਚਨ ਵਿੱਚ ਨਜ਼ਰੀਏ ਦਾ ਫ਼ਰਕ ਸਾਫ਼ ਦਿੱਸਦਾ ਹੈ। ਪਲੈਟੋ ਦਾ ਇਹ ਮੰਨਣਾ ਹੈ ਕਿ ਕਾਵਿ ਸਰਵਵਿਆਪਕ ਸੱਚ ਦੇ ਅਨੁਕਰਣ ਦਾ ਅਨੁਕਰਣ ਹੈ। ਅਰਸਤੂ ਨੇ ਇਸੇ ਅਨੁਕਰਣਾਤਮਕ ਪ੍ਰਵਿਰਤੀ ਨੂੰ ਇੱਕ ਅਸਲੋਂ ਨਵੇਂ ਪਰਿਪੇਖ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਤੇ ਇਸੇ ਆਧਾਰ ਤੇ ਉਸ ਨੇ ਕਾਵਿ ਦੀ ਸਮੁੱਚੀ ਪਰਿਭਾਸ਼ਾ ਹੀ ਬਦਲ ਦਿੱਤੀ। ਉਸ ਦੇ ਮੱਤ ਅਨੁਸਾਰ ਅਨੁਕਰਣ ਕੋਈ ਨੁਕਸ ਨਹੀਂ, ਸਗੋਂ ਇਹ ਮਨੁੱਖੀ ਮਨ ਦੀ ਸਹਿਜ ਸੁਭਾਵਿਕ ਰੁਚੀ ਹੈ। ਇਹ ਰੁਚੀ ਦੋ ਖ਼ਾਸ ਕਾਰਨਾਂ ਕਰਕੇ ਪੈਦਾ ਹੋਈ ਤੇ ਇਹ ਦੋਵੇਂ ਕਾਰਨ ਸੁਭਾਵਿਕ ਹਨ। ਪਹਿਲਾ ਕਾਰਨ ਤਾਂ ਅਨੁਕਰਣ ਦੀ ਸਹਿਜ ਪ੍ਰਵਿਰਤੀ ਹੈ ਜੋ ਮਨੁੱਖ ਵਿੱਚ ਆਦਿਮ ਕਾਲ ਤੋਂ ਮਿਲਦੀ ਹੈ। ਮਨੁੱਖ ਸਭ ਕੁਝ ਅਨੁਕਰਣ ਨਾਲ ਸਿੱਖਦਾ ਹੈ ਤੇ ਮਾਣਦਾ ਹੈ। ਦੂਜੀ ਸਹਿਜ ਪ੍ਰਵਿਰਤੀ ਸੁਮੇਲ ਤੇ ਲੈਅ ਦੀ ਹੈ ਤੇ ਇਸ ਦਾ ਮਾਲਕ ਮਨੁੱਖ ਹੌਲੀ-ਹੌਲੀ ਆਪਣੀਆਂ ਖ਼ਾਸ ਰੁਚੀਆਂ ਦਾ ਵਿਕਾਸ ਕਰਦਾ ਹੈ। ਜਿਸ ਨਾਲ ਉਸ ਦੀਆਂ ਰਚਨਾਵਾਂ ਕਵਿਤਾ ਦਾ ਰੂਪ ਧਾਰਦੀਆਂ ਹਨ। ਅਰਸਤੂ ਕਾਵਿ ਨੂੰ ਇੱਕ ਕਲਾ ਮੰਨਦਾ ਹੈ। ਅਰਸਤੂ ਨੇ ਅਨੁਕਰਣ ਸ਼ਬਦ ਨੂੰ ਅਸਲੋਂ ਨਵੇਂ ਅਰਥਾਂ ਵਿੱਚ ਗ੍ਰਹਿਣ ਕੀਤਾ ਤੇ ਉਸ ਦੀ ਸੁਤੰਤਰ ਹੋਂਦ ਕਾਇਮ ਕੀਤੀ। ਉਸ ਅਨੁਸਾਰ ਅਨੁਕਰਣ ਪੁਨਰਸਿਰਜਣਾ ਦੀ ਇੱਕ ਕਿਰਿਆ ਹੈ, ਜਿਸ ਰਾਹੀਂ ਕਵੀ ਜ਼ਿੰਦਗੀ ਬਾਰੇ ਘਟਨਾ-ਸਮੱਗਰੀ ਦੀ ਚੋਣ ਕਰਨ ਵੇਲੇ ਯਥਾਰਥਕ ਤੇ ਵਾਸਤਵਿਕ ਜਗਤ ਵਿੱਚੋਂ ਕਿਸੇ ਅਦੁੱਤੀ ਸ਼ੈ ਦਾ ਨਿਰਮਾਣ ਕਰਨ ਦੇ ਸਮਰੱਥ ਹੁੰਦਾ ਹੈ।

ਅਰਸਤੂ ਇਹ ਮੰਨਦਾ ਹੈ ਕਿ ਕਵੀ ਵੀ ਚਿੱਤਰਕਾਰ ਜਾਂ ਸੰਗੀਤਕਾਰ ਵਾਂਗ ਹੀ ਅਨੁਕਰਣਕਾਰ ਹੈ। ਕਵੀ ਜਿਸ ਵਸਤੂ ਦਾ ਅਨੁਕਰਣ ਕਰਦਾ ਹੈ ਉਹ ਤਿੰਨ ਕਿਸਮ ਦੀਆਂ ਹੋ ਸਕਦੀਆਂ ਹਨ-

1.     ਜਿਹੋ ਜਿਹੀਆਂ ਵਸਤੂਆਂ ਉਹ ਸਨ ਜਾਂ ਉਹੋ ਜਿਹੀਆਂ ਉਹ ਹਨ।

2.     ਜਿਹੋ ਜਿਹੀਆਂ ਉਹ ਵਸਤਾਂ ਆਖੀਆਂ ਜਾਂ ਮੰਨੀਆਂ ਜਾਂਦੀਆਂ ਹਨ।

3.     ਜਿਹੋ ਜਿਹੀਆਂ ਉਹ ਵਸਤਾਂ ਹੋਣੀਆਂ ਚਾਹੀਦੀਆਂ ਹਨ, ਭਾਵ ਕਿ ਵਸਤਾਂ ਦਾ ਆਦਰਸ਼ਕ ਰੂਪ।

ਜਿਵੇਂ ਕਿ ਇੱਕ ਤਰਖਾਣ ਨੇ ਇੱਕ ਪਲੰਘ ਬਣਾ ਲਿਆ ਤੇ ਇੱਕ ਚਿੱਤਰਕਾਰ ਨੇ ਉਸ ਪਲੰਘ ਦੀ ਤਸਵੀਰ ਬਣਾਈ। ਪਲੰਘ ਦਾ ਇੱਕ ਆਦਰਸ਼ਕ ਰੂਪ ਤਾਂ ਹੋਏਗਾ ਹੀ। ਇਸ ਤਰ੍ਹਾਂ ਪਲੰਘ ਦੇ ਤਿੰਨ ਰੂਪ ਹੋਏ। ਪਹਿਲਾ, ਤਰਖਾਣ ਦਾ ਬਣਾਇਆ ਪਲੰਘ। ਦੂਜਾ, ਚਿੱਤਰਕਾਰ ਦਾ ਬਣਾਇਆ ਪਲੰਘ ਅਤੇ ਤੀਜਾ, ਆਦਰਸ਼ਕ ( Ideally) ਪਲੰਘ। ਅਰਸਤੂ ਅਨੁਸਾਰ ਪਹਿਲਾ ਠੋਸ, ਦੂਜਾ ਸੰਭਾਵੀ ਤੇ ਤੀਜਾ ਆਦਰਸ਼ਕ ਰੂਪ ਅਖਵਾਏਗਾ।

ਇਹ ਸੱਚ ਹੈ ਕਿ ਅਰਸਤੂ ਨੇ ਅਨੁਕਰ ਨੂੰ ਅਸਲੋਂ ਨਵੇਂ ਤੇ ਮੌਲਿਕ ਅਰਥ ਦੇ ਕੇ ਕਵੀ ਅਤੇ ਉਸ ਦੇ ਕਾਵਿ ਨੂੰ ਗੌਰਵਮਈ ਅਹਿਮੀਅਤ ਦਿਵਾਈ, ਤਾਂਵੀ ਅਰਸਤੂ ਦਾ ਅਨੁਕਰਨ ਸਿਧਾਂਤ ਬਿਲਕੁਲ ਦੋਸ਼ ਰਹਿਤ ਨਹੀਂ। ਭਾਵੇਂ ਅਰਸਤੂ ਭਾਵ ਤੱਤ ਤੇ ਕਲਪਨਾ ਤੱਤ ਦੀ ਹੋਂਦ ਨੂੰ ਮੰਨਦਾ ਹੈ ਪਰ ਤਾਂ ਵੀ ਉਹ ਵਸਤੂ ਤੱਤ ਨੂੰ ਬਹੁਤ ਅਹਿਮੀਅਤ ਦਿੰਦਾ ਹੈ।

ਅਰਸਤੂ ਨੇ ਕਾਵਿ ਦੇ ਦੋ ਮੁੱਖ ਪ੍ਰਯੋਜਨ ਮੰਨੇ ਹਨ- ਸਿੱਖਿਆ ਤੇ ਆਨੰਦ। ਸਿੱਖਿਆ ਦਾ ਮਤਲਬ ਗਿਆਨ ਹਾਸਿਲ ਕਰਨਾ ਹੈ। ਗਿਆਨ ਪ੍ਰਾਪਤੀ ਜਾਂ ਸਿੱਖਿਆ ਆਖਰਕਾਰ ਆਨੰਦ ਪ੍ਰਾਪਤੀ ਦਾ ਜ਼ਰੀਆ ਬਣ ਜਾਂਦੀ ਹੈ। ਅਰਸਤੂ ਦੇ ਲਫ਼ਜ਼ਾਂ ਵਿੱਚ ਇਹ ਅਨੁਕਰਣ ਦੀ ਵਜ੍ਹਾ ਨਾਲ ਮਿਲਣ ਵਾਲਾ ਆਨੰਦ ਹੈ, ਕਿਉਂਕਿ ਅਨੁਕਰਣ ਤਾਂ ਕਲਪਨਾ ਤੇ ਭਾਵਾਂ ਦੇ ਆਸਰੇ ਕੀਤਾ ਗਿਆ ਪੁਨਰ ਨਿਰਮਾਣ ਹੈ।

ਕਾਵਿ ਸੱਚ ਬਾਰੇ ਪਲੈਟੋ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਵਿ ਸੱਚ ਤੋਂ ਤਿੰਨ ਗੁਣਾ ਦੂਰ ਹੁੰਦਾ ਹੈ। ਪਰ, ਅਰਸਤੂ ਨੇ ਕਾਵਿ ਸੱਚ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹਿਆ ਹੈ ਕਿ ਕਾਵਿ ਸੱਚ ਤੇ ਵਸਤੂ ਸੱਚ ਬਿਲਕੁੱਲ ਵੱਖਰੇ ਵੱਖਰੇ ਸੰਕਲਪ ਹਨ। ਕਾਵਿ ਸੱਚ ਅਤੇ ਇਤਿਹਾਸਕ ਸੱਚ ਵਿਚਕਾਰ ਨਿਖੇੜਾ ਕਰਦਿਆਂ ਅਰਸਤੂ ਕਹਿੰਦਾ ਹੈ ਕਿ ਕਵੀ ਦਾ ਫਰਜ਼ ਹੈ ਕਿ ਜੋ ਕੁਝ ਹੋ ਚੁੱਕਾ ਹੈ ਉਸ ਦਾ ਵਰਣਨ ਕਰਨਾ। ਇਤਿਹਾਸਕਾਰ ਵਾਪਰੀਆਂ ਹੋਈਆਂ ਘਟਨਾਵਾਂ ਸਿਲਸਿਲੇਵਾਰ ਇਕੱਠੀਆਂ ਕਰਦਾ ਹੈ, ਜਦਕਿ ਕਵੀ ਉਹਨਾਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜੋ ਵਾਪਰ ਸਕਦੀਆਂ ਹਨ। ਅਰਸਤੂ ਅਨੁਸਾਰ ਸੱਚ ਦੋ ਤਰ੍ਹਾਂ ਦਾ ਹੁੰਦਾ ਹੈ- ਸਭ ਵਿਆਪਕ(ਆਮ) ਸੱਚ ਅਤੇ ਖਾਸ ਸੱਚ। ਸਰਬ ਵਿਆਪਕ ਸੱਚ ਦਾ ਸੁਭਾਅ ਕਲਾਸਕੀ ਦੇ ਅਬਦਲ ਹੁੰਦਾ ਹੈ। ਵਾਪਰ ਚੁੱਕੀਆਂ ਘਟਨਾਵਾਂ ਜਦੋਂ ਦੇਸ਼ ਕਾਲ ਤੇ ਜੁਗ-ਸੰਦਰਭ ਵਿੱਚ ਵਰਨਣ ਕੀਤੀਆਂ ਜਾਂਦੀਆਂ ਹਨ ਤਾਂ ਉਹ ਖ਼ਾਸ ਬਣ ਜਾਂਦੀਆਂ ਹਨ। ਕਾਵਿ ਸੱਚ ਖ਼ਾਸ ਸੱਚ ਦੀ ਤੁਲਨਾ ਵਿੱਚ ਜ਼ਿਆਦਾ ਸੁੰਦਰ ਤੇ ਉਤਕ੍ਰਿਸ਼ਟ ਹੁੰਦਾ ਹੈ। ਸਥੂਲ ਅਤੇ ਭੌਤਿਕ ਸੱਚ ਤੋਂ ਦੂਰ ਕਾਵਿ ਸੱਚ ਮਾਨਵ ਜੀਵਨ ਦੀ ਵਿਆਪਕਤਾ ਦਾ ਸੱਚ ਹੁੰਦਾ ਹੈ।

ਤ੍ਰਾਸਦੀ ਦੀ ਪਰਿਭਾਸ਼ਾ ਦਿੰਦਾ ਹੋਇਆ ਅਰਸਤੂ ਕਹਿੰਦਾ ਹੈ ਕਿ ਤ੍ਰਾਸਦੀ ਕਿਸੇ ਗੰਭੀਰ, ਆਪਣੇ ਆਪ ਵਿੱਚ ਪੂਰੇ ਤੇ ਨਿਸਚਿਤ ਆਯਾਮ ਵਾਲੇ ਕਾਰਜ ਦੇ ਅਨੁਕਰਨ ਦਾ ਨਾਮ ਹੈ ਜਿਸ ਦਾ ਮਾਧਿਅਮ ਨਾਟਕ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਕਈ ਢੰਗਾਂ ਨਾਲ ਵਰਤੀ ਗਈ ਹਰ ਤਰ੍ਹਾਂ ਦੇ ਅਲੰਕਾਰਾਂ ਨਾਲ ਸਜੀ ਭਾਸ਼ਾ ਹੁੰਦੀ ਹੈ ਜਿਸ ਵਿੱਚ ਕਰੁਣਾ ਤੇ ਤ੍ਰਾਸ ਭਰਕੇ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ। ਤ੍ਰਾਸਦੀ ਬਾਰੇ ਯੂਨਾਨ ਵਿੱਚ ਅਰਸਤੂ ਤੋਂ ਪਹਿਲੇ ਵਿਚਾਰਵਾਨਾਂ ਨੇ ਵੀ ਸੋਚਿਆ ਹੈ, ਪਰ ਸਭ ਤੋਂ ਪਹਿਲਾਂ ਅਰਸਤੂ ਨੇ ਹੀ ਸਿਲਸਿਲੇਵਾਰ ਢੰਗ ਨਾਲ ਤ੍ਰਾਸਦੀ ਬਾਰੇ ਚਰਚਾ ਕੀਤੀ ਹੈ। ਉਸਨੇ ਤ੍ਰਾਸਦੀ ਦੀ ਪਰਿਭਾਸ਼ਾ ਦੇਣ ਦੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਤ੍ਰਾਸਦੀ ਦਾ ਆਦਰਸ਼ਕ ਰੂਪ ਜ਼ਿੰਦਗੀ ਦੇ ਬੇਹਤਰੀਨ ਤੇ ਉਦਾਰ ਰੂਪ ਦਾ ਪ੍ਰਗਟਾਵਾ ਹੁੰਦਾ ਹੈ ਤੇ ਇਸੇ ਤਰ੍ਹਾਂ ਤ੍ਰਾਸਦੀਕਾਰ ਆਪਣੀ ਤ੍ਰਾਸਦੀ ਰਾਹੀਂ ਸਮਾਜ ਦਾ ਕਲਿਆਣ ਕਰਦਾ ਹੈ। ਅਰਸਤੂ ਅਨੁਸਾਰ ਤਰਾਸਦੀ ਦਾ ਅੰਤ ਦੁਖਾਂਤਕ ਹੋਣਾ ਜ਼ਰੂਰੀ ਨਹੀਂ। ਉਸ ਦੀ ਪਰਿਭਾਸ਼ਾ ਵਿੱਚ ਤ੍ਰਾਸਦੀ ਨੂੰ ਕਿਸੇ ਗੰਭੀਰ, ਆਪਣੇ ਆਪ ਵਿੱਚ ਪੂਰੇ ਤੇ ਨਿਸਚਿਤ ਆਯਾਮ(ਵਿਸਤਾਰ) ਕਰਕੇ ਕਾਰਜ ਦਾ ਅਨੁਕਰਣ ਮੰਨਿਆ ਗਿਆ ਹੈ। ਤ੍ਰਾਸਦੀ ਵਿੱਚ ਆਪਣੇ ਆਪ ਵਿੱਚ ਪੂਰੇ ਕਾਰਜ ਦੀ ਪੇਸ਼ਕਾਰੀ ਹੁੰਦੀ ਹੈ। ਅਰਸਤੂ ਨੇ ਕਾਰਜ ਦੀ ਪ੍ਰਕਿਰਤੀ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਗੰਭੀਰ ਕਿਹਾ ਹੈ। ਗੰਭੀਰ ਤੋਂ ਉਸ ਦਾ ਮਨੋਰਥ ਮਹਾਨ, ਉਦਾਤ ਤੇ ਅਹਿਮ ਕਾਰਜ ਤੋਂ ਹੈ।

ਤ੍ਰਾਸਦੀ ਦੀ ਪਰਿਭਾਸ਼ਾ ਦੇਣ ਵੇਲੇ ਅਰਸਤੂ ਨੇ ਤ੍ਰਾਸਦੀ ਦੇ ਉਦੇਸ਼ ਦਾ ਜ਼ਿਕਰ ਵੀ ਕੀਤਾ ਹੈ। ਤ੍ਰਾਸਦੀ ਤੇ ਕਰੁਣਾ ਦੇ ਭਾਵ ਜਗਾ ਕੇ ਇਨ੍ਹਾਂ ਮਨੋਵਿਕਾਰਾਂ ਦਾ ਵਿਰੇਚਨ ਕਰਨਾ ਤਰਾਸਦੀ ਦਾ ਉਦੇਸ਼ ਹੁੰਦਾ ਹੈ। ਅਰਸਤੂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਵਿ ਸਮਾਜ ਲਈ ਕਲਿਆਣਕਾਰੀ ਹੈ ਕਿਉਂਕਿ ਇਹ ਆਤਮਾ ਲਈ ਨੁਕਸਾਨਦੇਹ ਕਰੁਣਾ ਤੇ ਭੈਅ ਵਰਗੇ ਮਨੋਭਾਵਾਂ ਨੂੰ ਜਗਾ ਕੇ ਉਹਨਾਂ ਦਾ ਵਿਰੇਚਨ ਕਰਦਾ ਹੈ ਜਿਸ ਤਰ੍ਹਾਂ ਸਾਡੇ ਮਨੋਭਾਵਾਂ ਵਿੱਚ ਸੰਤੁਲਿਤ ਪੈਦਾ ਹੋ ਜਾਂਦਾ ਹੈ। ਤ੍ਰਾਸਦੀ ਦੀ ਇਸ ਪਰਿਭਾਸ਼ਾ ਵਿੱਚ ਮੁੱਖ ਤੌਰ 'ਤੇ ਪੰਜ ਗੱਲਾਂ ਆਖੀਆਂ ਜਾਂਦੀਆਂ ਹਨ-

1.      ਤ੍ਰਾਸਦੀ ਕਾਰਜ ਦਾ ਅਨੁਕਰਨ ਹੈ।

2.      ਇਹ ਕਾਰਜ ਆਪਣੇ ਆਪ ਵਿੱਚ ਪੂਰਾ, ਗੰਭੀਰ, ਉਦਾਤ ਤੇ ਤ੍ਰਾਸਦੀ ਦੀ ਗੌਰਵਮਈ ਅਹਿਮੀਤ ਦੇ ਨਾਲ ਢੁੱਕਵਾਂ ਹੁੰਦਾ ਹੈ।

3.      ਤ੍ਰਾਸਦੀ ਵਿੱਚ ਇਸ ਕਾਰਜ ਦਾ ਸਿੱਧਾ ਵਰਣਨ ਨਹੀਂ ਹੁੰਦਾ, ਸਗੋਂ ਅਦਾਕਾਰੀ ਤੇ ਪ੍ਰਦਰਸ਼ਨ ਰਾਹੀਂ ਹੁੰਦਾ ਹੈ।

4.      ਤ੍ਰਾਸਦੀ ਦੀ ਭਾਸ਼ਾ ਛੰਦ, ਲੈਅ ਤੇ ਗੀਤਾਂ ਨਾਲ ਅਲੰਕ੍ਰਿਤ ਹੁੰਦੀ ਹੈ।

5.      ਤ੍ਰਾਸਦੀ ਦਾ ਮਕਸਦ ਤ੍ਰਾਸ, ਕਰੁਣਾ ਭੈ ਆਦਿ ਭਾਵਾਂ ਨੂੰ ਜਗਾ ਕੇ ਉਹਨਾਂ ਦਾ ਵਿਰੇਚਨ ਕਰਕੇ ਇਨ੍ਹਾਂ ਮਨੋਭਾਵਾਂ ਵਿੱਚ ਸੰਤੁਲਨ ਪੈਦਾ ਕਰਨਾ ਹੈ।

ਅਰਸਤੂ ਅਨੁਸਾਰ ਹਰ ਤਰਾ ਦੇ ਛੇ ਅੰਗ ਲਾਜ਼ਮੀ ਹੁੰਦੇ ਹਨ ਜੋ ਉਸ ਦੇ ਗੌਰਵ ਨੂੰ ਉਘਾੜਦੇ ਹਨ-

1.      ਚਰਿੱਤਰ ਚਿੱਤਰਣ

2.      ਕਥਾਨਕ

3.      ਪਦ ਰਚਨਾ

4.      ਵਿਚਾਰ ਤੱਤ

5.      ਦ੍ਰਿਸ਼ ਵਿਧਾਨ ਅਤੇ

6.      ਗੀਤ

ਕਥਾਨਕ ਤੋਂ ਭਾਵ ਘਟਨਾਕ੍ਰਮ ਤੋਂ ਹੁੰਦਾ ਹੈ। ਤ੍ਰਾਸਦੀ ਦੇ ਸੰਦਰਭ ਵਿੱਚ ਅਰਸਤੂ ਨੇ ਕਥਾਨਕ ਨੂੰ ਸਭ ਤੋਂ ਜ਼ਿਆਦਾ ਮਹੱਤਵਪੂਰਨ ਦੱਸਿਆ ਹੈ ਉਸ ਨੇ ਕਿਹਾ ਹੈ ਕਿ ਕਥਾਨਕ ਹੀ ਤ੍ਰਾਸਦੀ ਦੀ ਆਤਮਾ ਹੈ। ਤਰਾਸਦੀ ਕਿਸੇ ਸ਼ਖ਼ਸ ਦਾ ਅਨੁਕਰਣ ਨਹੀਂ ਹੁੰਦੀ, ਸਗੋਂ ਉਸ ਦੇ ਕੰਮਾਂ-ਕਾਰਾਂ ਤੇ ਜ਼ਿੰਦਗੀ ਦੀ ਪੇਸ਼ਕਾਰੀ ਹੁੰਦੀ ਹੈ। ਜ਼ਿੰਦਗੀ ਤੋਂ ਭਾਵ ਰੋਜ਼ਾਨਾ ਜੀਵਨ ਦੇ ਵੰਨ-ਸੁਵੰਨੇ ਕਾਰੋਬਾਰ ਹਨ ਤੇ ਤ੍ਰਾਸਦੀ ਇਨ੍ਹਾਂ ਦਾ ਅਨੁਕਰਨ ਹੈ। ਪਰਵਰਤੀ ਪੱਛਮੀ ਨਾਟ ਸਾਹਿਤ ਦੇ ਮਹਾਂਰਥੀਆਂ ਨੇ ਅਰਸਤੂ ਦੀ ਇਸ ਧਾਰਨਾ ਦੇ ਉਲਟ ਚਰਿੱਤਰ ਚਿਤਰਣ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਅਰਸਤੂ ਕਥਾਨਕ ਤੇ ਚਰਿੱਤਰ ਚਿਤਰਨ ਨੂੰ ਅੱਡੋ ਅੱਡ ਨਾ ਮੰਨਦਾ ਹੋਇਆ ਉਨ੍ਹਾਂ ਨੂੰ ਅਟੁੱਟ ਸਮਝਦਾ ਸੀ। ਉਸ ਦੀ ਨਜ਼ਰ ਵਿੱਚ ਕਥਾਨਕ ਕਾਰਜਸ਼ੀਲ ਜ਼ਿੰਦਗੀ ਦਾ ਪਰਿਆਏ ਸੀ ਤੇ ਕਾਰਜ ਤੋਂ ਉਸ ਦਾ ਮਤਲਬ ਸਿਰਫ਼ ਪ੍ਰਤੱਖ ਦਿਸਣ ਵਾਲੀਆਂ ਬਾਹਰੀ ਕਿਰਿਆਵਾਂ ਹੀ ਨਹੀਂ, ਸਗੋਂ ਮਨੁੱਖੀ ਮਨ ਦੇ ਅੰਦਰ ਦੀਆਂ ਕਿਰਿਆਵਾਂ ਤੋਂ ਸੀ ਜੋ ਜੋ ਤ੍ਰਾਸਦੀ ਵਿੱਚ ਪੇਸ਼ ਹੁੰਦੀਆਂ ਹਨ ਦੂਜੀ ਗੱਲ ਇਹ ਹੈ ਕਿ ਅਰਸਤੂ ਚਰਿੱਤਰ ਦੀ ਸਾਰਥਿਕਤਾ ਵੀ ਬਾਹਰੀ ਹਰਕਤਾਂ ਵਿੱਚ ਹੀ ਸਮਝਦਾ ਸੀ।

ਅਰਸਤੂ ਨੇ ਤਿੰਨ ਤਰ੍ਹਾਂ ਦੇ ਕਥਾਨਕਾਂ ਦਾ ਜ਼ਿਕਰ ਕੀਤਾ ਹੈ। ਦੰਦ ਕਥਾਮੂਲਕ, ਕਲਪਨਾਮੂਲਕ ਤੇ ਇਤਿਹਾਸਕਮੂਲਕ। ਇਨ੍ਹਾਂ ਤਿੰਨਾਂ ਕਿਸਮਾਂ ਵਿਚੋਂ ਉਹ ਦੰਦ ਕਥਾਮੂਲਕ ਕਥਾਨਕ ਨੂੰ ਸਭ ਤੋਂ ਵਧੀਆ ਮੰਨਦਾ ਹੈ। ਅਰਸਤੂ ਅਨੁਸਾਰ ਕਥਾਨਕ ਦੀਆਂ ਬਾਕੀ ਦੋ ਕਿਸਮਾਂ ਵੀ ਕੰਮ ਆ ਸਕਦੀਆਂ ਹਨ, ਪਰ ਉਹ ਦੰਦ ਮੂਲਕ ਕਥਾਨਕ ਵਾਂਗ ਭਰਪੂਰ ਨਹੀਂ ਹੋ ਸਕਦੀਆਂ। ਅਰਸਤੂ ਨੇ ਸਫ਼ਲ ਕਥਾਨਕ ਦੇ ਛੇ ਮੁੱਖ ਗੁਣ ਦੱਸੇ ਹਨ-

1.     ਏਕਤਾ

2.     ਪੂਰਨਤਾ

3.     ਸੁਭਾਵਿਕਤਾ

4.     ਸਹਿਜ ਵਿਕਾਸ .

5.     ਹੈਰਤ ਤੇ

6.     ਸਧਾਰਨੀਕਰਣ

ਇਥੇ ਏਕਤਾ ਦਾ ਮਤਲਬ ਕਾਰਜ ਦੀ ਏਕਤਾ ਤੋਂ ਹੈ। ਕਥਾਨਕ ਤਾਂ ਹੀ ਪੂਰਨ ਹੈ ਜੇ ਉਸ ਵਿੱਚ ਆਦਿ, ਮੱਧ ਤੇ ਅੰਤ ਹੈ। ਆਰਸਤੁ ਅਨੁਸਾਰ ਨਾਟਕ ਵਿੱਚ ਸਿਰਫ਼ ਵਾਪਰ ਚੁੱਕੀਆਂ ਘਟਨਾਵਾਂ ਦਾ ਹੀ ਵਰਣਨ ਨਹੀਂ ਹੋਣਾ ਚਾਹੀਦਾ, ਸਗੋਂ ਇਸ ਵਿੱਚ  ਅਜਿਹੀਆਂ ਘਟਨਾਵਾਂ ਦੀ ਪੇਸ਼ਕਾਰੀ ਵੀ ਹੋਣੀ ਚਾਹੀਦੀ ਹੈ ਜਿਹੜੀਆਂ ਵਾਪਰ ਸਕਦੀਆਂ ਹੋਣ। ਸੁਭਾਵਕਤਾ ਤੇ ਲੋੜ ਮੁਤਾਬਿਕ ਘਟਨਾਕ੍ਰਮ ਪੇਸ਼ ਹੋਣਾ ਚਾਹੀਦਾ ਹੈ। ਕਥਾਨਕ ਦੇ ਸਹਿਜ ਵਿਕਾਸ ਦਾ ਮਤਲਬ ਇਹ ਹੈ ਕਿ ਮੂਲ ਕਥਾਨਕ ਸਹਿਜੇ ਸਹਿਜੇ ਅਗਾਂਹ ਵਧੇ ਅਤੇ ਹਰ ਘਟਨਾ ਦੇ ਕਾਰਜ ਪਰਸਪਰ ਅਟੁੱਟ ਰਿਸ਼ਤੇ ਵਿੱਚ ਬੱਝੇ ਹੋਣ। ਕਥਾਨਕ ਆਪਣੇ ਆਪ ਵਿੱਚ ਇੰਨਾ ਸਮਰੱਥ ਹੋਣਾ ਚਾਹੀਦਾ ਹੈ ਕਿ ਉਹ ਦਰਸ਼ਕ ਦੀ ਹੈਰਤ ਅੰਗੇਜ਼ ਨੂੰ ਕਾਇਮ ਰੱਖ ਸਕੇ। ਸਧਾਰਨੀਕਰਣ ਬਾਰੇ ਗੱਲ ਕਰਦਿਆਂ ਹੋਇਆਂ ਅਰਸਤੂ ਨੇ ਕਿਹਾ ਹੈ ਕਿ ਨਾਟਕ ਵਿੱਚ ਪੇਸ਼ ਘਟਨਾਵਾਂ ਅਤੇ ਕਾਰਜਾਂ ਵਿੱਚ ਸਰਬਸਧਾਰਨਤਾ ਹੋਣੀ ਚਾਹੀਦੀ ਹੈ ਤਾਂ ਕਿ ਹਰ ਦਰਸ਼ਕ ਉਸ ਘਟਨਾਵਾਂ ਦੇ ਸਿਲਸਿਲੇ ਦਾ ਲੁਫ਼ਤ ਉਠਾ ਸਕੇ।

ਤ੍ਰਾਸਦੀ ਦਾ ਦੂਜਾ ਮਹੱਤਵਪੂਰਨ ਤੱਤ ਪਾਤਰਾਂ ਦਾ ਚਰਿੱਤਰ ਚਿਤਰਨ ਹੈ। ਚਰਿੱਤਰ ਚਿੱਤਰਣ ਲਈ ਅਰਸਤੂ ਨੇ ਏਬੋਸ ਲਫਜ਼ ਵਰਤਿਆ ਹੈ। ਪੁਰਖ ਪਾਤਰਾਂ ਪਾਤਰਾਂ ਦੇ ਚਰਿੱਤਰ ਨੂੰ ਚਿਤਰਨ ਵੇਲੇ ਉਹਨਾਂ ਦੀ ਸੂਰਬੀਰਤਾ, ਦਲੇਰੀ ਤੇ ਪ੍ਰਾਕਰਮ ਨੂੰ ਦਿਖਾਉਣਾ ਚਾਹੀਦਾ ਹੈ ਅਤੇ ਨਾਰੀ ਪਾਤਰਾਂ ਦੇ ਚਰਿੱਤਰ ਚਿਤਰਨ ਸਮੇਂ ਕੋਮਲਤਾ ਅਤੇ ਸਾਇਸਤਗੀ ਤੇ ਹਯਾ ਆਦਿ ਦਿਖਾਉਣੇ ਚਾਹੀਦੇ ਹਨ। ਪਰ ਸ਼ਰਤ ਇਹ ਵੀ ਹੈ ਕਿ ਇਹ ਪਾਤਰ ਕਠਪੁਤਲੀਆਂ ਵਰਗੇ ਨਾ ਹੋਣ। ਚਰਿੱਤਰ ਚਿਤਰਨ ਵਿੱਚ ਨਾਟਕਕਾਰ ਨੂੰ ਯਥਾਰਥ ਦੇ ਆਦਰਸ਼ ਦਾ ਕਲਾਤਮਕ ਸੁਮੇਲ ਕਰਨਾ ਚਾਹੀਦਾ ਹੈ ਪਰ ਨਾਲ ਹੀ ਕਲਾਕਾਰ ਨੂੰ ਕਲਪਨਾ ਦੇ ਭਾਵਨਾ ਦੇ ਰੰਗਾਂ ਨਾਲ ਉਸ ਵਿੱਚ ਇੱਕ ਅਜਿਹਾ ਸੌਂਦਰਯ ਪੈਦਾ ਕਰਨਾ ਚਾਹੀਦਾ ਹੈ ਜੋ ਯਥਾਰਥ ਵਰਗਾ ਹੁੰਦਾ ਹੋਇਆ ਵੀ ਇੱਕ ਨਵੀਂ ਖਿੱਚ ਪੈਦਾ ਕਰ ਸਕੇ।

ਤ੍ਰਾਸਦੀ ਦਾ ਤੀਜਾ ਅਹਿਮ ਤੱਤ ਪਦ ਰਚਨਾ ਹੈ, ਜਿਸ ਦਾ ਭਾਵ ਸ਼ਬਦਾਂ ਦੇ ਜ਼ਰੀਏ ਮਨੁੱਖੀ ਭਾਵਾਂ ਨੂੰ ਪ੍ਰਗਟਾਉਣਾ ਹੈ। ਇੱਥੇ ਅਰਸਤੂ ਦਾ ਮਤਲਬ ਨਾਟਕਾਂ ਵਿੱਚ ਵਰਦੀ ਜਾਣ ਵਾਲੀ ਭਾਸ਼ਾ ਹੈ। ਅਲੰਕਾਰਮਈ ਭਾਸ਼ਾ ਦੀ ਵਿਆਖਿਆ ਕਰਦਾ ਹੋਇਆ ਅਰਸਤੂ ਕਹਿੰਦਾ ਹੈ ਕਿ ਅਲੰਕਾਰਮਈ ਭਾਸ਼ਾ ਤੋਂ ਮੇਰਾ ਮਕਸਦ ਅਜਿਹੀ ਭਾਸ਼ਾ ਤੋਂ ਹੈ ਜਿਸ ਵਿੱਚ ਲੈਅ ਰਾਗਾਤਮਕਤਾ ਤੇ ਗੀਤ ਦੇ ਅੰਸ਼ ਸਮੇਂ ਹੋਣ।

ਭਾਸ਼ਾ ਤੇ ਸ਼ੈਲੀ ਦੋਵੇਂ ਅਟੁੱਟ ਰੂਪ ਵਿੱਚ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਪ੍ਰਸੰਗ ਵਿੱਚ ਅਰਸਤੂ ਦੋ ਗੱਲਾਂ ਨੂੰ ਬੜੀ ਅਹਿਮੀਅਤ ਦਿੰਦਾ ਹੈ। ਉਸ ਦੇ ਮੱਤ ਅਨੁਸਾਰ ਤ੍ਰਾਸਦੀ ਦੀ ਭਾਸ਼ਾ ਸ਼ੈਲੀ ਪੂਰੀ ਤਰ੍ਹਾਂ ਗੁਣ ਸੰਪੰਨ ਹੋਣੀ ਚਾਹੀਦੀ ਹੈ, ਛਿਦਰੀ ਨਾ ਹੋਵੇ। ਭਰਪੂਰ ਤੇ ਉਦਾਤ ਤਾਂ ਹੋਵੇ, ਪਰ ਸ਼ਬਦ ਅਡੰਬਰ ਤੋਂ ਮੁਕਤ ਹੋਵੇ ਅਤੇ ਇਸ ਵਿੱਚ ਅਲੰਕਾਰਾਂ ਦੀ ਖੂਬਸੂਰਤੀ ਤੇ ਕਮਾਲ ਹੋਵੇ।

ਅਰਸਤੂ ਤ੍ਰਾਸਦੀ ਦੇ ਪ੍ਰਸੰਗ ਵਿੱਚ ਕਥਾਨਕ ਤੇ ਚਰਿੱਤਰ ਚਿੱਤਰਣ ਤੋਂ ਮਗਰੋਂ ਵਿਚਾਰ ਤੱਤ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ ਹੈ। ਇਸ ਅਨੁਸਾਰ ਵਿਚਾਰ ਉੱਥੇ ਮੌਜੂਦ ਹੁੰਦਾ ਹੈ ਜਿੱਥੇ ਕਿਤੇ ਵਸਤੂ ਦੀ ਹੋਂਦ ਜਾਂ ਅਣਹੋਂਦ ਨੂੰ ਸਿੱਧ ਕੀਤਾ ਜਾਂਦਾ ਹੈ ਜਾਂ ਕਿਸੇ ਆਮ ਸੱਚ ਦੀ ਵਿਅੰਜਕ ਸ਼ਕਤੀ ਦਾ ਜ਼ਿਕਰ ਹੁੰਦਾ ਹੈ। ਇਸ ਤਰ੍ਹਾਂ ਤ੍ਰਾਸਦੀ ਵਿਚਲੇ ਵਿਚਾਰ ਦੋ ਮਾਧਿਅਮ ਰਾਹੀਂ ਵਿਸਤਾਰੇ ਜਾਂਦੇ ਹਨ। ਇੱਕ ਤਾਂ ਤ੍ਰਾਸਦੀ ਦੇ ਪਾਤਰਾਂ ਦੇ ਵਿਚਾਰਾਂ ਰਾਹੀਂ ਅਤੇ ਦੂਜਾ, ਲੇਖਕਾਂ ਦੇ ਆਪਣੇ ਵਿਚਾਰਾਂ ਰਾਹੀਂ। ਲੇਖਕ ਦੇ ਆਪਣੇ ਵਿਚਾਰ ਤ੍ਰਾਸਦੀ ਦੇ ਆਰਪਾਰ ਫੈਲੇ ਹੁੰਦੇ ਹਨ। ਅਰਸਤੂ ਗੀਤ ਨੂੰ ਵੀ ਤ੍ਰਾਸਦੀ ਦਾ ਇੱਕ ਜ਼ਰੂਰੀ ਤੱਤ ਮੰਨਦਾ ਹੈ। ਗੀਤ ਦੀ ਵਰਤੋਂ ਨਾਲ ਤ੍ਰਾਸਦੀ ਦੀ ਅਸਰਦਾਇਕਤਾ ਵਿੱਚ ਵਾਧਾ ਹੁੰਦਾ ਹੈ ਤੇ ਸਾਰਾ ਵਾਤਾਵਰਣ ਸ਼ਾਨਦਾਰ ਤੇ ਉਦਾਤ ਹੋ ਨਿੱਬੜਦਾ ਹੈ।

ਇਸ ਵਿਚਾਰ ਚਰਚਾ ਤੋਂ ਮਗਰੋਂ ਅਰਸਤੂ ਦੇ ਵਿਰੇਚਣ ਸਿਧਾਂਤ ਦਾ ਜ਼ਿਕਰ ਕਰਨਾ ਮੁਨਾਸਿਬ ਜਾਪਦਾ ਹੈ ਅਰਸਤੂ ਨੇ ਵਿਰੇਚਨ ਸ਼ਬਦ ਦੀ ਵਰਤੋਂ ਰਾਜਨੀਤੀ ਤੇ ਕਾਵਿ ਸ਼ਾਸਤਰ ਦੇ ਪੁਸਤਕਾਂ ਵਿੱਚ ਕੀਤੀ ਹੈ। ਪਲੈਟੋ ਇਹ ਮੰਨਦਾ ਸੀ ਕਿ ਕਵਿਤਾ ਸਾਡੀਆਂ ਵਾਸ਼ਨਾਵਾਂ ਦਾ ਦਮਨ ਕਰਨ ਦੀ ਥਾਂ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਉਹਨਾਂ ਨੂੰ ਭੜਕਾਉਣਦੀ ਹੈ। ਅਰਸਤੂ ਨੇ ਆਪਣੇ ਗੁਰੂ ਪਲੈਟੋ ਦੀ ਇਸ ਮਾਨਤਾ ਦਾ ਖੰਡਨ ਕਰਦਿਆਂ ਹੋਇਆਂ ਇਹ ਧਾਰਨਾ ਪੇਸ਼ ਕੀਤੀ ਹੈ ਕਿ ਕਾਵਿ ਤਾਂ ਆਨੰਦ ਪ੍ਰਾਪਤੀ ਦਾ ਸਾਧਨ ਹੈ। ਇਸੇ ਪ੍ਰਸੰਗ ਵਿੱਚ ਹੀ ਉਸਨੇ ਵਿਰੇਚਨ ਸ਼ਬਦ ਵਰਤਿਆ। ਬੁਨਿਆਦੀ ਤੌਰ 'ਤੇ ਇਹ ਚਿਕਿਤਸਾ ਸ਼ਾਸਤਰ ਦਾ ਸ਼ਬਦ ਹੈ। ਅਰਸਤੂ ਨੂੰ ਇਹ ਸ਼ਬਦ ਪਰੰਪਰਾ ਰੂਪ ਵਿੱਚ ਮਿਲਿਆ ਹੈ। ਚਿਕਿਤਸਾ ਸ਼ਾਸਤਰ ਵਿੱਚ ਵਿਰੇਚਨ ਦਾ ਭਾਵ ਹੈ ਰੋਗਨਾਸ਼ਕ ਦਵਾਈ ਨਾਲ ਸਰੀਰ ਦੇ ਵਿਕਾਰਾਂ ਦੀ ਸ਼ੁੱਧੀ। ਅਰਸਤੂ ਅਨੁਸਾਰ ਤ੍ਰਾਸਦੀ ਕਿਸੇ ਗੰਭੀਰ, ਆਪਣੇ ਆਪ ਵਿੱਚ ਪੂਰੀ ਤੇ ਨਿਸਚਿਤ ਫੈਲਾਉ ਵਾਲੇ ਕਾਰਜ ਦੇ ਅਨੁਕਰਨ ਦਾ ਨਾਮ ਹੈ ਜਿਸ ਵਿੱਚ ਕਰੁਣਾ ਤੇ ਤ੍ਰਾਸ ਦੇ ਭਾਵ ਜਗਾ ਕੇ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਹੈ।

ਵਿਰੇਚਨ ਦੀਆਂ ਮੁੱਖ ਤੌਰ 'ਤੇ ਤਿੰਨ ਕਿਸਮਾਂ ਤੇ ਵਿਆਖਿਆਵਾਂ ਕੀਤੀਆਂ ਹਨ- ਨੀਤੀਪਰਕ, ਪਰਮਪਰਕ ਤੇ ਕਲਾਪਾਰਕ। ਤ੍ਰਾਸਦੀ ਜਾਂ ਸੁਖਾਂਤਕ ਨਾਟਕ ਦਾ ਜਨਮ ਯੂਨਾਨ ਦੇ ਸੱਭਿਆਚਾਰ ਪੁਰਬਾਂ ਵਿੱਚ ਲੱਭਿਆ ਜਾ ਸਕਦਾ ਹੈ। ਯੂਨਾਨ ਵਿੱਚ ਲੋਕ ਇੱਕ ਜਲੂਸ ਕੱਢਦੇ ਸਨ ਜਿਸ ਵਿੱਚ ਡਿਯੋਨਿਸਿਅਸ ਦੀ ਸਿਫ਼ਤ ਵਿੱਚ ਗੀਤ ਕਾਵਿ ਪੜ੍ਹੇ ਜਾਂਦੇ ਸਨ। ਕਦੇ ਕਦੇ ਜਲੂਸ ਵਿੱਚ ਸ਼ਾਮਿਲ ਹੋਣ ਵਾਲੇ ਇਹ ਪਾਤਰ ਆਪਣਾ ਅੱਧਾ ਹਿੱਸਾ ਮਨੁੱਖਤਾ ਅਤੇ ਬਾਕੀ ਹਿੱਸਾ ਬੱਕਰੇ ਦਾ ਬਣਾ ਲੈਂਦੇ ਸਨ ਅਤੇ ਲਾਲ ਚਮੜੇ ਦਾ ਵੱਡਆਕਾਰੀ ਲਿੰਗ ਧਾਰਨ ਕਰਦੇ ਸਨ। ਅਰਸਤੂ ਨੇ ਕਾਮਦੀ ਬਾਰੇ ਚਰਚਾ ਤਾਂ ਕੀਤੀ ਹੈ ਪਰ ਕਾਵਿ ਸ਼ਾਸਤਰ ਦਾ ਦੂਜਾ ਭਾਗ ਜਿਸ ਵਿੱਚ ਕਾਮਦੀ ਨੂੰ ਵਿਚਾਰਿਆ ਗਿਆ ਹੈ, ਪ੍ਰਾਪਤ ਨਹੀਂ ਹੁੰਦਾ। ਇਸੇ ਲਈ ਕਾਮ ਦੀ ਬਾਰੇ ਅਰਸਤੂ ਦੇ ਕੁਝ ਫੁਟਕਲ ਵਿਚਾਰ ਮਿਲ ਜਾਂਦੇ ਹਨ। ਉਸ ਦੇ ਮੱਤ ਅਨੁਸਾਰ ਕਾਮਦੀ ਕਾਵਿ ਦਾ ਤੀਜਾ ਮੁੱਖ ਰੂਪ ਹੈ ਜਿਸ ਵਿੱਚ ਯਥਾਰਥਕ ਜੀਵਨ ਨਾਲੋਂ ਹੀਣਤਰ ਤੇ ਘਟੀਆ ਪੱਧਰ ਦੀ ਜ਼ਿੰਦਗੀ ਪੇਸ਼ ਕੀਤੀ ਹੁੰਦੀ ਹੈ। ਕਾਮਦੀ ਬੁਨਿਆਦੀ ਤੌਰ 'ਤੇ ਹਾਸਾ ਪੈਦਾ ਕਰਦੀ ਹੈ, ਖੁਸ਼ੀ ਨਹੀਂ।

ਤ੍ਰਾਸਦੀ ਵਿੱਚ ਨਾਟਕਕਾਰ ਕਿਸੇ ਸਰੀਰਕ ਜਾਂ ਚਰਿੱਤਰਿਕ ਨੁਕਸ ਦੇ ਸਹਾਰੇ ਜ਼ਿੰਦਗੀ ਦੇ ਹੀਣਤਰ ਅੰਸ਼ ਨੂੰ ਚਿੱਤਰਦਾ ਹੈ ਤਾਂ ਵੀ ਇਹ ਸਰੀਰ ਇੱਕ ਜਾਂਜਾਂ ਚਰਿੱਤਰਕ ਨੁਕਸ ਦੁਖਦਾਇਕ ਨਹੀਂ ਹੁੰਦਾ ਕਿ ਦੇਖਣ ਵਾਲੇ ਦਾ ਮਨ ਘ੍ਰਿਣਾ ਨਾਲ ਭਰ ਜਾਵੇ। ਤ੍ਰਾਸਦੀ ਦੇ ਵਿਸ਼ੇ ਵੀ ਕਿਸੇ ਖਾਸ ਸ਼ਖਸ ਜਾਂ ਵਰਗ ਨਾਲ ਸਬੰਧਿਤ ਨਹੀਂ ਹੁੰਦੇ। ਪੱਛਮੀ ਕਾਵਿ ਸ਼ਾਸਤਰ ਵਿੱਚ ਅਰਸਤੂ ਨੂੰ ਉਹੋ ਆਦਰਯੋਗ ਥਾਂ ਹਾਸਿਲ ਹੈ ਜਿਹੜੀ ਭਾਰਤੀ ਕਾਵਿ ਸ਼ਾਸਤਰ ਵਿੱਚ ਭਰਤ ਮੁਨੀ ਦੀ ਹੈ। ਅਰਸਤੂ ਨੇ ਸਭ ਤੋਂ ਪਹਿਲਾਂ ਕਵੀ ਤੇ ਕਵਿਤਾ ਆਦਿ ਵਿਸ਼ਿਆਂ ਬਾਰੇ ਗੰਭੀਰ ਚਿੰਤਨ ਵਿੱਚ ਦਿਲਚਸਪੀ ਦਿਖਾਈ। ਭਾਵੇਂ ਉਸ ਤੋਂ ਪਹਿਲਾਂ ਪਲੈਟੋ ਅਤੇ ਕੁਝ ਹੋਰ ਵਿਦਵਾਨਾਂ ਨੇ ਕਾਵਿ ਸ਼ਾਸਤਰੀ ਵਿਸ਼ਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ, ਪਰ ਇਸ ਦਿਸ਼ਾ ਵਿੱਚ ਇੱਕ ਸਿਲਸਿਲੇਵਾਰ ਤੇ ਵਿਧੀ ਪੂਰਵਕ ਰੂਪ ਵਿੱਚ ਅਰਸਤੂ ਨੇ ਹੀ ਸਭ ਤੋਂ ਪਹਿਲਾਂ ਵਿਚਾਰ ਚਰਚਾ ਕੀਤੀ ਹੈ। ਅਰਸਤੂ ਕਾਵਿ ਸੱਚ ਨੂੰ ਇੱਕ ਦ੍ਰਿੜ੍ਹ ਆਧਾਰ ਦਿੱਤਾ। ਅਨੁਕਰਨ ਸਿਧਾਂਤ ਦੀ ਅਮਲ ਨਵੀਂ ਵਿਆਖਿਆ ਕੀਤੀ। ਕਾਵਿ ਸ਼ਾਸਤਰੀ ਚਿੰਤਨ ਵਿੱਚ ਉਸ ਦੀ ਦੂਜੀ ਅਹਿਮ ਦੇਣ ਉਸ ਦਾ ਵਿਰੇਚਨ ਸਿਧਾਂਤ ਹੈ। ਇਸ ਸਿਧਾਂਤ ਦੀ ਸਥਾਪਨਾ ਉਸ ਨੇ ਅਤਿਅੰਤ ਮਨੋਵਿਗਿਆਨਕ ਆਧਾਰ ਉੱਤੇ ਕਰੁਣਾ, ਤ੍ਰਾਸ ਆਦਿ ਭਾਵਾਂ ਦੇ ਅੰਤਰ ਬਿਰਤੀਆਂ ਨੂੰ ਨਸ਼ਟ ਹੁੰਦਿਆਂ ਦਿਖਾਇਆ ਹੈ ਜਿਸ ਨਾਲ ਪਾਠਕ ਦੇ ਹਿਰਦੇ ਦਾ ਵਿਰੇਚਨ ਹੋ ਜਾਂਦਾ ਹੈ। ਇਹ ਇੱਕ ਅਜੀਬ ਸੰਯੋਗ ਹੈ ਕਿ ਪਲੈਟੋ ਕਾਵਿ ਦਾ ਵੈਰੀ ਹੋ ਕੇ ਆਪਣੀ ਸ਼ੈਲੀ ਵਿੱਚ ਕਾਵਿਮਈ ਹੈ ਅਤੇ ਅਰਸਤੂ ਕਾਵਿ ਦਾ ਪੱਕਾ ਹਮਾਇਤੀ ਹੋਣ ਦੇ ਬਾਵਜੂਦ ਕਾਵਿਕ ਹੀ ਰਹਿੰਦਾ ਹੈ।