ਸਮੱਗਰੀ 'ਤੇ ਜਾਓ

ਅਰਸਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਸਤੂ

ਅਰਸਤੂ (ਪੁਰਾਤਨ ਯੂਨਾਨੀ: Ἀριστοτέλης; 384 ਈਸਾ ਤੋਂ ਪਹਿਲਾਂ – 322 ਈਸਾ ਤੋਂ ਪਹਿਲਾਂ)[1] ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲ ਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ। ਭੌਤਿਕ ਵਿਗਿਆਨ ਵਿੱਚ ਅਰਸਤੂ ਦੇ ਚਿੰਤਨ ਨੇ ਮਧਯੁੱਗੀ ਸਿੱਖਿਆ ਉੱਤੇ ਵਿਆਪਕ ਪ੍ਰਭਾਵ ਪਾਇਆ ਅਤੇ ਇਸ ਦਾ ਪ੍ਰਭਾਵ ਪੁਨਰਜਾਗਰਣ ਉੱਤੇ ਵੀ ਪਿਆ। ਅੰਤਮ ਤੌਰ 'ਤੇ ਨਿਊਟਨ ਦੇ ਭੌਤਿਕ ਵਿਗਿਆਨ ਨੇ ਇਸ ਦੀ ਜਗ੍ਹਾ ਲੈ ਲਈ। ਜੀਵ ਵਿਗਿਆਨ ਸੰਬੰਧੀ ਉਹਨਾਂ ਦੇ ਕੁੱਝ ਸੰਕਲਪਾਂ ਦੀ ਪੁਸ਼ਟੀ ਉਂਨੀਵੀਂ ਸਦੀ ਵਿੱਚ ਹੋਈ। ਉਸ ਦਾ ਤਰਕ ਸ਼ਾਸਤਰ ਅੱਜ ਵੀ ਪ੍ਰਸੰਗਿਕ ਹੈ। ਉਹਨਾਂ ਦੀ ਅਧਿਆਤਮਕ ਰਚਨਾਵਾਂ ਨੇ ਮਧਯੁੱਗ ਵਿੱਚ ਇਸਲਾਮਕ ਅਤੇ ਯਹੂਦੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਅੱਜ ਵੀ ਈਸਾਈ, ਖਾਸਕਰ ਰੋਮਨ ਕੈਥੋਲਿਕ ਗਿਰਜਾ ਘਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਸ ਦਾ ਦਰਸ਼ਨ ਅੱਜ ਵੀ ਉੱਚ ਜਮਾਤਾਂ ਵਿੱਚ ਪੜਾਇਆ ਜਾਂਦਾ ਹੈ।

ਜੀਵਨੀ[ਸੋਧੋ]

ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸੂਬਾ ਥਰੇਸ ਦੇ ਨਗਰ ਅਸਟਾਗਰਾ ਵਿੱਚ ਹੋਇਆ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ ਸਿਕੰਦਰ ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ। ਆਪਣੀ ਕਿਤਾਬ ਪੌਲੇਟਿਕਸ ਚ ਅਰਸਤੂ ਲਿਖ਼ਦਾ ਹੈ ਸਿਰਫ਼ ਇੱਕ ਸਥਿਤੀ ਵਿੱਚ ਬਾਦਸ਼ਾਹੀ ਜ਼ਾਇਜ਼ ਹੈ ਜਦੋਂ ਬਾਦਸ਼ਾਹ ਤੇ ਸ਼ਾਹੀ ਖ਼ਾਨਦਾਨ ਦੀਆਂ ਨੇਕੀਆਂ ਆਮ ਲੋਕਾਂ ਤੋਂ ਵਧ ਹੋਣ। ਬੜੀ ਜ਼ਹਾਨਤ ਨਾਲ਼ ਉਸਨੇ ਬਾਦਸ਼ਾਹ ਤੇ ਉਹਦੇ ਪੁੱਤਰ ਨੂੰ ਏਸ ਕੈਟਾਗਰੀ ਵਿੱਚ ਰਲਾਇਆ। ਅਰਸਤੂ ਨੇ ਸਿਕੰਦਰ ਨੂੰ ਚੜ੍ਹਦੇ ਪਾਸੇ ਵੱਲ ਹੱਲਾ ਬੋਲਣ ਦੀ ਸਲਾਹ ਦਿੱਤੀ।

ਅਰਸਤੂ ਦਾ ਪੁਰਾਤਨ ਇਸਲਾਮੀ ਚਿਤਰ

ਬਚਪਨ[ਸੋਧੋ]

ਅਰਸਤੂ ਦਾ ਪਿਤਾ ਨਿਕੋਮੇਕਸ (ਉਸਨੇ ਚਕਿਤਸਾ ਦੀਆਂ ਕਈ ਕਿਤਾਬਾਂ ਵੀ ਲਿਖੀਆਂ ਸੀ) ਮਕਦੂਨੀਆਂ ਦੇ ਰਾਜੇ ਸਿਕੰਦਰ ਮਹਾਨ ਦੇ ਦਾਦੇ ਅਮਿਤੰਗ ਦੂਜੇ ਦੇ ਦਰਬਾਰ ਵਿੱਚ ਚਕਿਤਸਕ ਸੀ।। ਇਸ ਲਈ ਰਾਜਦਰਬਰ ਵਿੱਚ ਅਰਸਤੂ ਦਾ ਬਚਪਨ ਸੁਖਮਈ ਸੀ। ਪਰ ਇਹ ਸਭ ਚਿਰਸਥਾਈ ਨਹੀਂ ਰਿਹਾ। ਉਸਦੇ ਮਾਤਾ ਪਿਤਾ ਦੀ ਮੌਤ ਉਸਦੇ ਬਚਪਨ ਵਿੱਚ ਹੀ ਹੋ ਗਈ ਸੀ। ਇਸ ਤੋਂ ਬਾਅਦ ਓਹ ਆਪਣੇ ਕਿਸੇ ਰਿਸ਼ਤੇਦਾਰ ਪ੍ਰਾਕਜੇਨਸ ਕੋਲ ਰਹਿਣ ਲੱਗਿਆ। ਪ੍ਰਾਕਜੇਨਸ ਨਾਲ ਅਰਸਤੂ ਨੇ 18 ਸਾਲ ਬਿਤਾਏ।[2]

ਸਿੱਖਿਆ/ਵਿੱਦਿਆ[ਸੋਧੋ]

ਅਠਾਰਾਂ ਉੱਨੀ ਸਾਲ ਦੀ ਉਮਰ ਵਿੱਚ ਅਰਸਤੂ ਯੂਨਾਨ ਦੇ ਮੁੱਖ ਨਗਰ ਏਥਨਜ਼ ਪੜ੍ਹਨ ਲਈ ਚਲਾ ਗਿਆ। ਏਥਨਜ਼ ਵਿੱਚ ਓਹ ਪਲੈਟੋ (ਅਫਲਾਤੂਨ) ਦੀ ਅਕੈਡਮੀ ਚ ਪੜ੍ਹਨ ਲਈ ਗਿਆ ਸੀ। ਜਦ ਓਹ ਅਫਲਾਤੂਨ ਦੀ ਅਕੈਡਮੀ ਚ ਪਹੁੰਚਿਆ ਤਾਂ ਅਫਲਾਤੂਨ ਕਿਸੇ ਹੋਰ ਨੂੰ ਸਿੱਖਿਆ ਦੇਣ ਲਈ ਕਿਤੇ ਬਾਹਰ ਗਿਆ ਹੋਇਆ ਸੀ। ਜਿਸਨੇ ਕਿ ਤਿੰਨ ਸਾਲਾਂ ਬਾਅਦ ਪਰਤਣਾ ਸੀ। ਪਰ ਫੇਰ ਵੀ ਅਰਸਤੂ ਨੇ ਓਥੇ ਰਹਿਣਾ ਹੀ ਠੀਕ ਸਮਝਿਆ ਤਾਂ ਕਿ ਜਦੋਂ ਅਫਲਾਤੂਨ ਵਾਪਸ ਆਵੇ ਤਾਂ ਓਹ ਉਸਨੂੰ ਗਿਆਨ ਦੇਣ ਤੋਂ ਇਨਕਾਰ ਨਾ ਕਰ ਸਕੇ। ਜਦ ਅਫਲਾਤੂਨ ਨੇ ਵਾਪਸ ਆ ਕੇ ਸੋਥਾ ਦਾ ਸਿਲਸਿਲਾ ਆਰੰਭ ਕੀਤਾ ਤਾਂ ਉਸਨੇ ਕੁਝ ਕੁ ਦਿਨਾਂ ਵਿੱਚ ਹੀ ਕਹਿ ਦਿੱਤਾ ਕਿ "ਅਰਸਤੂ ਮੇਰੇ ਮਦਰੱਸੇ ਦੀ ਰੂਹ ਹੈ"  [3] ਉਸ ਸਮੇਂ ਅਫਲਾਤੂਨ ਦੀ ਅਕੈਡਮੀ ਵਿੱਚ ਪੰਜ ਸੌ ਤੋਂ ਵੱਧ ਸ਼ਾਗਿਰਦ ਸਿੱਖਿਆ ਲੈ ਰਹੇ ਸਨ। ਇਹਨਾਂ ਸਾਰਿਆਂ ਚੋਂ ਐਨੀ ਛੇਤੀ ਅਰਸਤੂ ਦਾ ਅਫਲਾਤੂਨ ਦੀ ਨਿਗ੍ਹਾ ਵਿੱਚ ਆ ਜਾਣਾ ਵੱਡੀ ਗੱਲ ਸੀ। ਓਥੇ ਉਹ 20 ਵਰ੍ਹੇ (348/47 ਈ ਪੂ) ਤੱਕ ਰਿਹਾ।

ਅਰਸਤੂ ਅਫਲਾਤੂਨ ਸੰਬੰਧ[ਸੋਧੋ]

ਕੁਝ ਸਾਹਿਤਕਾਰਾਂ ਅਨੁਸਾਰ ਅਰਸਤੂ ਤੇ ਅਫਲਾਤੂਨ ਦਾ ਸੰਬੰਧ ਕੋਈ ਬਹੁਤੇ ਚੰਗੇ ਨਹੀਂ ਸਨ। ਇਸ ਪਿੱਛੇ ਉਹ ਇਹ ਧਾਰਨਾ ਦਿੰਦੇ ਹਨ ਕਿ ਅਫਲਾਤੂਨ ਨੇ ਆਪਣੇ ਮਰਨ ਤੋਂ ਪਹਿਲਾਂ ਸਪਿਊਸੀਪਸ ਨੂੰ ਜਾਂ ਨਸ਼ੀਨ ਬਣਾ ਦਿੱਤਾ ਸੀ। ਪਰ ਸਟੇਸ ਇਸ ਗੱਲ ਨੂੰ ਰੱਦਦਾ ਹੈ। ਓਹ ਕਹਿੰਦਾ ਹੈ ਕਿ ਜੇ ਉਹਨਾਂ ਦੀ ਆਪਸ ਵਿੱਚ ਸਾਂਝ ਨਾ ਹੁੰਦੀ ਤਾਂ ਅਰਸਤੂ ਕਿਵੇਂ ਵੀਹ ਸਾਲ ਅਫਲਾਤੂਨ ਦਾ ਸ਼ਾਗਿਰਦ ਜਾਂ ਨਾਲ ਰਹਿੰਦਾ ?[4] ਓਹਦੇ ਅਨੁਸਾਰ ਅਕੈਡਮੀ ਅਫਲਾਤੂਨ ਦੀ ਨਿਜੀ ਸੰਪਤੀ ਸੀ। ਉਸਦਾ ਕਾਨੂੰਨੀ ਤੌਰ ਤੇ ਉੱਤਰਾਧਿਕਾਰੀ ਸਪਿਊਸੀਪਸ ਹੀ ਸੀ। ਅਫਲਾਤੂਨ ਦੀ ਮੌਤ ਤੋਂ ਬਾਅਦ ਅਰਸਤੂ ਨੇ ਏਥਨਜ਼ ਛੱਡ ਦਿੱਤਾ ਸੀ।

ਅਰਸਤੂ ਤੇ ਸਿਕੰਦਰ[ਸੋਧੋ]

ਏਥਨਜ਼ ਛੱਡਣ ਤੋਂ ਬਾਅਦ ਅਰਸਤੂ ਨੇ ਬਾਰਾਂ ਸਾਲ ਕਈ ਕੰਮ ਕੀਤੇ। ਸੇਬਾਈਨ ਅਨੁਸਾਰ 346 ਈ ਪੂਰਬ ਓਹ ਮਕਦੂਨੀਆਂ ਦੇ ਰਾਜਕੁਮਾਰ ਸਿਕੰਦਰ ਦਾ ਸਿਖਿਅਕ ਨਿਯੁਕਤ ਹੋਇਆ। ਓਹ ਸਿਕੰਦਰ ਦਾ ਸਲਾਹਕਾਰ ਤੇ ਚਿਕਿਤਸਕ ਵੀ ਸੀ। ਕਈ ਇਤਿਹਾਸਕਾਰ ਮੰਨਦੇ ਨੇ ਕਿ ਸਿਕੰਦਰ ਦੀ ਵਿਸ਼ਵ ਵਿਜੈ ਦੀ ਮੁਹਿੰਮ ਦੌਰਾਨ ਅਰਸਤੂ ਵੀ ਓਹਦੇ ਨਾਲ ਹੀ ਸੀ। ਤੇ ਅਰਸਤੂ ਨੇ ਭਾਰਤੀ ਵੈਭਵ ਦੇ ਦਰਸ਼ਨ ਵੀ ਕੀਤੇ। 342ਈ ਪੂਰਬ ਉਸਦੇ ਮਿੱਤਰ ਹਰਮੀਅਸ ਨੂੰ ਇੱਕ ਇਰਾਨੀ ਸੈਨਾਪਤੀ ਨੇ ਧੋਖੇ ਨਾਲ ਪਕੜ ਲਿਆ ਅਤੇ ਸੂਸਾ ਲਿਜਾ ਕੇ ਉਸਦੀ ਹੱਤਿਆ ਕਰ ਦਿੱਤੀ। ਆਪਣੇ ਮਿੱਤਰ ਦੀ ਮੌਤ ਦਾ ਅਰਸਤੂ ਨੂੰ ਬਹੁਤ ਦੁੱਖ ਹੋਇਆ। ਉਸਨੇ ਹਰਮੀਅਸ ਉੱਪਰ ਇੱਕ ਗੀਤ ਕਾਵਿ ਦੀ ਰਚਨਾ ਕੀਤੀ। ਹਰਮੀਅਸ ਦੀ ਹੱਤਿਆ ਤੋਂ ਬਾਅਦ ਉਸਨੂੰ ਵਿਸ਼ਵਾਸ ਹੋ ਗਿਆ ਕਿ ਵਿਦੇਸ਼ੀ ਬਰਬਰ ਜਾਤੀਆਂ ਨੂੰ ਯੂਨਾਨੀਆਂ ਢੇ ਸ਼ਾਸਨ ਵਿੱਚ ਹੀ ਰਹਿਣਾ ਚਾਹੀਦਾ ਹੈ। ਆਪਣੇ ਗ੍ਰੰਥ 'ਪਾਲਿਟਿਕਸ' ਵਿੱਚ ਉਸਨੇ ਇਸੇ ਸਿਧਾਂਤ ਦਾ ਹੀ ਪ੍ਰੀਤਪਾਦਨ ਕੀਤਾ। ਅਰਸਤੂ ਨੇ ਸਿਕੰਦਰ ਨੂੰ ਯੂਨਾਨੀਆਂ ੜਾ ਨੇਤਾ ਤੇ ਬਰਬਰ ਜਾਤੀਆਂ ਦਾ ਸੁਆਮੀ ਬਣਨ ਦੀ ਸਿੱਖਿਆ ਦਿੱਤੀ ਤੇ ਸਿਕੰਦਰ ਨੇ ਵੀ ਉਸਨੂੰ 'ਪਿਤਾ' ਕਹਿ ਕੇ ਆਦਰ ਦਿੱਤਾ।[5]

ਵਿਆਹ[ਸੋਧੋ]

ਗਿਆਨ ਵਰਧਨ ਕਰਨ ਪਿੱਛੋਂ 335 ਈ ਪੂਰਬ ਨੂੰ ਓਹ ਏਥਨਜ਼ ਵਾਪਸ ਪਰਤਿਆ ਜਿੱਥੇ ਓਹਨੇ ਵਿਦਿਆਲਿਆ ਸਥਾਪਿਤ ਕੀਤਾ। ਜਿਹੜਾ ਲਾਈਸੀਮ ਦੇ ਨਾਂ ਨਾਲ ਮਸ਼ਹੂਰ ਸੀ। ਅਰਸਤੂ ਨੇ ਅਗਲੇ 12 ਸਾਲਾਂ ਤੱਕ ਓਥੇ ਪੜ੍ਹਾਇਆ। ਏਥੇ ਹੀ ਉਸਨੇ ਆਪਣੇ ਦੋਸਤ ਹਰਮੀਅਸ ਦੀ ਭਤੀਜੀ ਕਈ ਇਤਿਹਾਸਕਾਰਾਂ ਅਨੁਸਾਰ ਭਣੇਵੀ ਨਾਲ ਅਟਾਰਨੀਅਸ ਵਿਖੇ ਵਿਆਹ ਕਰਵਾ ਲਿਆ। ਉਸਦੀ ਪਤਨੀ ਦਾ ਨਾਮ ਪੀਥੀਆਸ ਸੀ।[6] ਉਸਨੇ ਆਪਣੀ ਪਤਨੀ ਨਾਲ ਦੰਪਤੀ ਤੇ ਸੁਖਮਈ ਜੀਵਨ ਬਿਤਾਇਆ।

ਅਰਸਤੂ ਦੇ ਭਾਸ਼ਾ ਬਾਰੇ ਵਿਚਾਰ[ਸੋਧੋ]

ਅਰਸਤੂ ਕਾਵ੍ਯ ਦੇ ਮੂਲ ਤੱਤ ਭਾਸ਼ਾ ਤੋਂ ਲੈ ਕੇ ਉਸਦੇ ਇੱਕ ਇੱਕ ਸੂਖਮ ਅੰਗ ਤੇ ਭਾਵਾਂ ਬਾਰੇ ਵਿਚਾਰ ਵਿਮਰਸ਼ ਕਰਦਾ ਹੈ। ਭਾਸ਼ਾ ਹੀ ਮਾਧਿਅਮ ਹੈ ਅਤੇ ਇਸ ਬਿਨਾਂ ਸਮੂਹ ਸੰਸਾਰ ਗੂੰਗਾ ਹੈ। ਭਾਸ਼ਾ ਦੇ ਦੋ ਮੋਟੇ ਭੇਦ ਹਨ- ਗਦ ਅਤੇ ਪਦ ਜਾਂ ਛੰਦ। ਅਰਸਤੂ ਅਨੁਸਾਰ ਪਦ ਜਾਂ ਛੰਦ ਕਾਵਿ ਦਾ ਲਾਜ਼ਮੀ ਮਾਧਿਅਮ ਨਹੀਂ ਹੈ। ਕਾਵਿ ਰਚਨਾ ਗਦ ਅਤੇ ਪਦ ਦੋਵਾਂ ਵਿੱਚ ਹੋ ਸਕਦੀ ਹੈ। ਓਹ ਇਹ ਵੀ ਕਹਿੰਦਾ ਹੈ ਕਿ ਕੇਵਲ ਛੰਦ ਦੇ ਕਾਰਨ ਕੋਈ ਕਿਰਤ ਕਾਵਿ ਨਹੀਂ ਹੋ ਸਕਦੀ। ਕਾਵਿ ਸ਼ਾਸਤਰ ਵਿੱਚ ਕਾਵਿ ਸੰਬੰਧੀ ਥਾਂ-ਪੁਰ-ਥਾਂ ਖਿੱਲਰੀਆਂ ਅਰਸਤੂ ਦੀਆਂ ਉਕਤੀਆਂ ਦੇ ਵਰਗੀਕਰਨ ਉਪਰੰਤ ਅਸੀਂ ਕਾਵਿ ਸੰਬੰਧੀ ਉਸਦੀ ਪਰਿਭਾਸ਼ਾ ਤਿਆਰ ਕਰ ਸਕਦੇ ਹਾਂ। ਉਸ ਅਨੁਸਾਰ 'ਕਾਵਿ ਭਾਸ਼ਾ ਦੇ ਮਾਧਿਅਮ ਨਾਲ (ਜੋ ਗਦ ਅਤੇ ਪਦ ਦੋਵੇਂ ਹੋ ਸਕਦੇ ਹਨ) ਪ੍ਰਕ੍ਰਿਤੀ ਦਾ ਅਨੁਕਰਣ ਹੈ।" ਇਸ ਉਕਤੀ ਨੂੰ ਅਸੀਂ ਆਧੁਨਿਕ ਸ਼ਬਦਾਬਲੀ ਵਿੱਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, "ਕਾਵਿ ਭਾਸ਼ਾ ਦੇ ਮਾਧਿਅਮ ਨਾਲ ਅਨੁਭੂਤੀ ਅਤੇ ਕਲਪਨਾ ਦੁਆਰਾ ਜੀਵਨ ਦੀ ਪੁਨਰ ਸਿਰਜਣਾ ਹੈ।

ਚਿੰਤਨ[ਸੋਧੋ]

ਤਰਕ[ਸੋਧੋ]

ਪ੍ਰਾਇਰ ਐਨਾਲੀਟਿਕਸ ਪੁਸਤਕ ਦੇ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਤਰਕ ਦਾ ਸਭ ਤੋਂ ਪਹਿਲਾਂ ਅਧਿਐਨ ਅਰਸਤੂ ਨੇ ਕੀਤਾ ਸੀ।

[7] ਪੱਛਮੀ ਤਰਕ ਵਿੱਚ 19ਵੀਂ ਸਦੀ ਵਿੱਚ ਗਣਿਤੀ ਤਰਕ ਵਿੱਚ ਵਿਕਾਸ ਹੋਣ ਤੋਂ ਪਹਿਲਾਂ ਤੱਕ ਅਰਸਤੂ ਦੀ ਤਰਕ ਦੀ ਧਾਰਨਾ ਦਾ ਮਹੱਤਵਪੂਰਨ ਸਥਾਨ ਸੀ।

ਵਿਗਿਆਨ[ਸੋਧੋ]

ਅਰਸਤੂ ਦੀਆਂ ਵਿਗਿਆਨ ਨਾਲ ਸੰਬੰਧਿਤ ਧਾਰਨਾਵਾਂ ਨੇ ਲੰਬਾ ਸਮਾਂ ਆਪਣਾ ਅਸਰ ਰੱਖਿਆ। ਹਾਲਾਂਕਿ ਉਸਦੇ ਕਈ ਸਿਧਾਂਤ 16 ਵੀਂ ਸਦੀ 'ਚ ਕਲਾਸੀਕਲ ਭੌਤਿਕ ਵਿਗਿਆਨ ਦੇ ਸਾਹਮਣੇ ਆਉਣ ਨਾਲ ਗਲਤ ਸਾਬਤ ਹੋਏ। ਅਰਸਤੂ ਧਰਤੀ ਨੂੰ ਬਰਹਿਮੰਡ ਦਾ ਕੇਂਦਰ ਮੰਨਦਾ ਸੀ। ਅਰਸਤੂ ਦਾ ਮੰਨਣਾ ਸੀ ਕਿ ਉਚਾਈ ਤੋਂ ਸੁੱਟਣ ਉੱਤੇ ਭਾਰੀਆਂ ਵਸਤਾਂ ਤੇਜ ਗਤੀ ਨਾਲ ਡਿੱਗਦੀਆਂ ਹਨ, ਜੋ ਕਿ ਗੈਲੀਲੀਓ ਦੇ ਪੀਸਾ ਦੇ ਟੇਡੇ ਮਿਨਾਰ ਵਾਲੇ ਤਜਰਬੇ ਨੇ ਗਲਤ ਸਾਬਤ ਕਰ ਦਿੱਤਾ। ਫਿਰ ਵੀ ਅਰਸਤੂ ਦੀ ਤਰਕ, ਭੌਤਿਕ, ਪਰਾ-ਭੌਤਿਕ, ਜੀਵ ਵਿਗਿਆਨ ਵਿੱਚ ਚੰਗੀ ਦੇਣ ਸੀ। ਪੱਛਮੀਂ ਮੱਤਾਂ (ਯਹੂਦੀ, ਇਸਾਈ, ਇਸਲਾਮ) ਦੇ ਸਿਧਾਂਤ ਕਾਫੀ ਹੱਦ ਅਰਸਤੂ ਦੇ ਦਿੱਤੇ ਵਿਚਾਰਾਂ ਤੋਂ ਪਰਭਾਵਿਤ ਸਨ।

ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ[ਸੋਧੋ]

ਅਰਸਤੂ ਭਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਹੈ। ਪਰ ਜੋ ਵਿਸ਼ੇ ਓਹਨੇ ਛੋਹੇ ਓਹ ਅੱਜ ਵੀ ਖਿੱਚ ਦਾ ਖੋਜ ਦਾ ਕੇਂਦਰ ਬਣ ਰਹੇ ਹਨ। ਅਰਸਤੂ ਤੇ ਜਾਂ ਉਸਦੀਆਂ ਲਿਖਤਾਂ ਦੇ ਬਹੁਤ ਖੋਜ ਕਾਰਜ ਹੋਏ ਹਨ ਤੇ ਹੋ ਰਹੇ ਹਨ। ਇਸੇ ਲੜੀ ਵਿੱਚ "ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ"-ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਰਾਜਿੰਦਰ ਲਹਿਰੀ ਦੀ ਮਹੱਤਵਪੂਰਨ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਨਵੇਂ ਸਿਰੇ ਤੋਂ ਅਰਸਤੂ ਦੇ ਕਾਵਿ ਸ਼ਾਸਤਰ ਨੂੰ ਵਾਚਦਿਆਂ ਕੁਝ ਨਵੀਆਂ ਧਾਰਨਾਵਾਂ ਵੀ ਪੇਸ਼ ਕੀਤੀਆਂ ਹਨ। ਲੇਖਕ ਨੇ ਇਸ ਪੁਸਤਕ ਨੂੰ ਦੋ ਭਾਗਾਂ "ਤ੍ਰਾਸਦੀ: ਇੱਕ ਲਿਖਤ ਅਤੇ "ਤ੍ਰਾਸਦੀ: ਇੱਕ ਸਾਹਿਤ ਰੂਪ" ਵਿੱਚ ਵੰਡਿਆ ਹੈ। ਇਹਨਾਂ ਤੋਂ ਉਤਪੰਨ ਧਾਰਨਾਵਾਂ ਨੂੰ ਪੁਸਤਕ ਦੇ ਤੀਜੇ ਭਾਗ "ਸਿੱਟੇ ਅਤੇ ਸਥਾਪਨਾਵਾਂ" ਵਿੱਚ ਵਿਅਕਤ ਕੀਤਾ ਹੈ। ਤ੍ਰਾਸਦੀ ਦੀ ਵਿਧੀ ਬਾਰੇ ਓਹ ਲਿਖਦਾ ਹੈ ਕਿ, "ਅਰਸਤੂ ਦੇ ਨਾਟ-ਚਿੰਤਨ ਵਿੱਚ 'ਕਾਰਜ ਵਪਾਰ (FORM OF ACTION)

ਤ੍ਰਾਸਦੀ ਦੀ ਵਿਧੀ ਹੈ।[8]

ਅਰਸਤੂ ਦੀ ਪੋਇਟਿਕਸ[ਸੋਧੋ]

ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲਾਂ ਬਾਕੀ ਬਚਣ ਵਾਲੀਆਂ ਲਿਖਤਾਂ ਵਿਚੋਂ ਇੱਕ ਹੈ। ਇਸ ਵਿੱਚ ਅਰਸਤੂ ਆਪਣੇ ਕਥਿਤ 'ਕਾਵਿ' (ਇਸ ਪਦ ਦਾ ਯੂਨਾਨੀ ਵਿੱਚ ਸ਼ਾਬਦਿਕ ਅਰਥ 'ਨਿਰਮਾਣ' ਹੈ ਅਤੇ ਇਸ ਪ੍ਰਸੰਗ ਵਿੱਚ ਡਰਾਮਾ - ਤ੍ਰਾਸਦੀ, ਕਾਮੇਡੀ, ਸਤਿਯਰ ਨਾਟਕ- ਪ੍ਰਗੀਤ ਕਾਵਿ,ਮਹਾਂਕਾਵਿ ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸਨੇ ਇਸਦੇ 'ਪਹਿਲੇ ਸਿਧਾਂਤਾਂ' ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤ੍ਰਾਸਦੀ ਦਾ ਉਸਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ। ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> ਇਮੈਨੁਏਲ ਕਾਂਤ ਨੇ ਆਪਣੀ ਪੁਸਤਕ ਕ੍ਰਿਟੀਕ ਆਫ਼ ਪਿਉਰ ਰੀਜ਼ਨ ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ ਨਿਗਨਾਤਮਿਕ ਤਰਕ ਦਾ ਕੇਂਦਰ ਬਿੰਦੂ ਹੈ।

ਮੌੌੌਤ ਅਤੇ ਅੰੰਤਿਮ ਇੱਛਾ[ਸੋਧੋ]

ਕੈਲਕੀਸ ਵਿੱਚ ਰਹਿੰਦਿਆਂ ਹੀ ਅਰਸਤੂ ਦੀ 322ਈ ਪੂ ਨੂੰ ਮੌਤ ਹੋ ਗਈ।[9] ਉਸਦੀ ਅੰਤਿਮ ਇੱਛਾ ਦਾ ਪਤਾ ਇੱਕ ਪੱਤਰ ਤੋਂ ਲੱਗਦਾ ਹੈ ਜੀਹਦੇ ਵਿੱਚ ਲਿਖਿਆ ਸੀ ਕਿ ਪੀਥੀਆ, ਹੋਰਪੀਲੀਸ(ਪ੍ਰੇਮਿਕਾ),ਨਿਕੋਮੇਕਸ ਤੋਂ ਛੁਟ ਬਹੁਤ ਸਾਰੇ ਦਾਸ ਦਾਸੀਆਂ ਨੂੰ ਵੀ ਵੱਡੀ ਸੰਪਤੀ ਛੱਡ ਗਿਆ ਸੀ। ਪ੍ਰਾਕਜੇਨਸ (ਜਿਸਨੇ ਉਸਨੂੰ ਬਚਪਨ ਵਿੱਚ ਸੰਭਾਲਿਆ ਸੀ) ਦੇ ਪੁੱਤਰ ਨਾਈਕੇਰ ਨੂੰ ਵੀ ਆਪਣੀ ਸੰਪਤੀ ਦਾ ਬਹੁਤ ਵੱਡਾ ਹਿੱਸਾ ਦੇ ਗਿਆ ਸੀ। ਪਹਿਲੀ ਪਤਨੀ ਪੀਥੀਆਸ ਦੀਆਂ ਅਸਥੀਆਂ ਨੂੰ ਆਪਣੀਆਂ ਅਸਥੀਆਂ ਦੇ ਨਾਲ ਇੱਕੋ ਸਮਾਧੀ ਵਿੱਚ ਰੱਖਣ ਦਾ ਆਦੇਸ਼ ਦੇ ਗਿਆ ਸੀ।

ਹਵਾਲੇ[ਸੋਧੋ]

  1. That these undisputed dates (the first half of the Olympiad year 384/383 BC, and in 322 shortly before the death of Demosthenes) are correct was shown already by August Boeckh (Kleine Schriften VI 195); for further discussion, see Felix Jacoby on FGrHist 244 F 38. Ingemar Düring, Aristotle in the Ancient Biographical Tradition, Göteborg, 1957, p. 253.
  2. ਯੂਨਾਨੀ ਦਰਸ਼ਨ, ਡਾ ਮਨਮੋਹਨ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ 184
  3. ਫੁਲਵਾੜੀ,ਸ੍ਰ. ਮੂਲਾ ਸਿੰਘ ਜੀ,ਪੰਨਾ 164
  4. ਯੂਨਾਨੀ ਦਰਸ਼ਨ,ਡਾ ਮਨਮੋਹਨ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ  ਯੂਨੀਵਰਸਿਟੀ ਪਟਿਆਲਾ,ਪੰਨਾ184
  5. ਯੂਨਾਨੀ ਦਰਸ਼ਨ, ਡਾ ਮਨਮੋਹਨ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ185
  6. ਯੂਨਾਨੀ ਦਰਸ਼ਨ,ਡਾ ਮਨਮੋਹਨ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 185
  7. MICHAEL DEGNAN, 1994. Recent Work in Aristotle's Logic. Philosophical Books 35.2 (April 1994): 81–89.
  8. ਲਹਿਰੀ,ਰਾਜਿੰਦਰ(2018),ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ,ਪਟਿਆਲਾ ਗਰੇਸ਼ੀਅਸ ਬੁੱਕਸ, ਪੰਨਾ39,ISBN978-93-8727-6-66-6
  9. ਡਾ ਮਨਮੋਹਨ ਸਿੰਘ,ਯੂਨਾਨੀ ਦਰਸ਼ਨ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ISBN 81-7380-389-7