ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਧੌਲਾ
ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਇਤਿਹਾਸਕ ਕਸਬਾ ਹੈ। ਇਸ ਪਿੰਡ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸੋਹੀਆਣਾ ਬਣਿਆ ਹੋਇਆ ਹੈ। ਇਹ ਗੁਰੂਘਰ ਬਰਨਾਲਾ-ਬਠਿੰਡਾ ਸੜਕ ਤੇ ਸਸੋਬਤ ਹੈ। ਆਪਣੀ ਮਾਲਵਾ ਫੇਰੀ ਸਮੇਂ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਹੰਡਿਆਇਆ ਪਿੰਡ ਤੋਂ ਚੱਲ ਕੇ ਇੱਥੇ ਆਏ ਸਨ।[1] ਜਦੋਂ ਗੁਰੂ ਤੇਗ ਬਹਾਦਰ ਜੀ 1665 ਈ: ਵਿੱਚ ਇਥੇ ਪਹੁੰਚੇ ਤਾਂ ਗੁਰੂ ਸਾਹਿਬ ਨੇੜਲੇ ਪਿੰਡ ਸੋਹੀਵਾਲ ਦੇ ਬਾਹਰ ਰੁਕ ਗਏ ਅਤੇ ਆਪਣੇ ਘੋੜੇ ਨੂੰ ਕਰੀਰ ਦੇ ਰੁੱਖ ਨਾਲ ਬੰਨ੍ਹ ਦਿੱਤਾ। ਕਰੀਰ ਦਾ ਇਹ ਰੁੱਖ ਅਜੇ ਵੀ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਹੈ। ਬਾਅਦ ਵਿੱਚ ਪਿੰਡ ਸੋਹੀਵਾਲ ਕਿਸੇ ਕਾਰਨ ਉੱਜੜ ਗਿਆ। ਇਸੇ ਪਿੰਡ ਦੇ ਨਾਮ ਤੇ ਇਸ ਗੁਰੂਘਰ ਦਾ ਨਾਮ ਰੱਖਿਆ ਗਿਆ ਹੈ। ਭਾਈ ਸੰਤੋਖ ਸਿੰਘ ਜੀ ਵਾਲੇ ਸੂਰਜ ਪ੍ਰਕਾਸ਼ ਗਰੰਥ ਅਨੁਸਾਰ ਜਦੋਂ ਗੁਰੂ ਜੀ ਇਥੇ ਆਏ ਤਾਂ ਇਥੇ ਇੱਕ ਪਾਣੀ ਵਾਲੀ ਛੱਪੜੀ ਸੀ ਜਿੱਥੋਂ ਗੁਰੂ ਜੀ ਨੇ ਪਾਣੀ ਪੀਤਾ ਅਤੇ ਮੂੰਹ ਧੋਤਾ। ਇਥੋਂ ਗੁਰੂ ਜੀ ਅਗਲੇ ਪਿੰਡ ਢਿਲਵਾਂ ਵਿਖੇ ਚਲੇ ਗਏ। ਮਹਾਰਾਜਾ ਹੀਰਾ ਸਿੰਘ ਨਾਭਾ ਨੇ 70 ਘੁੰਮਾ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਲਾਈ ਸੀ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਿਹੜੀ ਅੱਗੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ ਕਰਦੀ ਹੈ।
- ↑ "ਧੌਲਾ - ਪੰਜਾਬੀ ਪੀਡੀਆ". punjabipedia.org. Retrieved 2020-08-21.