ਸਮੱਗਰੀ 'ਤੇ ਜਾਓ

ਪ੍ਰਤਿਮਾਨਿਕ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਤਿਮਾਨਿਕ ਸਭਿਆਚਾਰ, ਸਭਿਆਚਾਰ ਦਾ ਦੂਸਰਾ ਅੰਗ ਹੈ। ਇਹ ਸਭਿਆਚਾਰ ਸਮਾਜ ਅਤੇ ਵਿਅਕਤੀ ਦੇ ਦਵੰਦਾਤਮਕ ਸੰਬੰਧਾਂ ਵਿੱਚੋਂ ਪੈਦਾ ਹੁੰਦਾ ਹੈ। ਪ੍ਰਤਿਮਾਨ ਮਨੁੱਖੀ ਵਿਹਾਰ ਦੀ ਨਿਮਨਤਮ ਨਿਰਦੇਸ਼ਮੂਲਕ ਇਕਾਈ ਹੈ, ਜਿਸ ਅਨੁਸਾਰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਇਸ ਵਿੱਚ ਮਨੁੱਖੀ ਵਿਹਾਰ ਦੇ ਚਿਹਨ ਸ਼ਾਮਿਲ ਹੁੰਦੇ ਹਨ। ਸਮਾਜ ਵਿੱਚ ਹਮੇਸ਼ਾ ਦੋ ਧਿਰਾਂ ਸ਼ਾਮਿਲ ਹੁੰਦੀਆਂ ਹਨ ਇੱਕ ਧਿਰ ਨਿਯਮਾਂ ਨੂੰ ਪਰਵਾਨ ਕਰਦੀ ਹੈ ਅਤੇ ਦੂਸਰੀ ਅਪਰਵਾਨ। ਪਰ ਸਮਾਜ ਦਾ ਹਰ ਇੱਕ ਵਿਅਕਤੀ ਇੰਨ੍ਹਾਂ ਨਿਯਮਾਂ ਤੋਂ ਜਾਣੂ ਹੁੰਦਾ ਹੈ ਅਤੇ ਲੋੜ ਅਨੁਸਾਰ ਇੰਨ੍ਹਾਂ ਦੀ ਵਰਤੋਂ ਕਰਦਾ ਹੈ। ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਦੇ ਅਨੁਸਾਰ, “ਪ੍ਰਤਿਮਾਨਿਕ ਸਭਿਆਚਾਰ, ਸਭਿਆਚਾਰ ਦਾ ਉਹ ਅੰਗ ਹੈ, ਜਿਹੜਾ ਮਨੁੱਖੀ ਵਿਹਾਰ ਲਈ ਪ੍ਰਤਿਮਾਨਿਕ ਜਾਂ ਨਿਯਮ ਸਥਾਪਤ ਕਰਦਾ ਹੈ ਅਤੇ ਇਸ ਤਰ੍ਹਾਂ ਮਨੁੱਖੀ ਵਿਹਾਰ ਨੂੰ ਨਿਯਮਿਤ ਕਰਦਾ ਹੈ ਅਤੇ ਅਗਵਾਈ ਦੇਂਦਾ ਹੈ।``1

ਪ੍ਰਤਿਮਾਨਾ ਦਾ ਵਰਗੀਕਰਨ

[ਸੋਧੋ]

ਪ੍ਰਤਿਮਾਨ ਸਭਿਆਚਾਰ ਮਨੁੱਖੀ ਵਿਹਾਰ ਲਈ ਨਿਯਮ ਸਥਾਪਤ ਕਰਦਾ ਹੈ। ਨਿਯਮ ਸਮਾਜ ਦਾ ਅਧਾਰ ਹੁੰਦੇ ਹਨ। ਪ੍ਰਤਿਮਾਨ ਦੇ ਵਰਗੀਕਰਨ ਵਿੱਚ ਵੱਖ-ਵੱਖ ਨਿਯਮਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਵੇਂ ਨਿਰਦੇਸ਼ਾਤਮਕ ਤੇ ਨਿਸ਼ੇਧਾਤਮਕ ਨਿਯਮ, ਆਦਰਸ਼ਕ ਤੇ ਵਿਆਪਕ ਨਿਯਮ, ਲੋਕਾਚਾਰ, ਸਦਾਚਾਰ, ਟੈਬੂ ਅਤੇ ਕਾਨੂੰਨ। ਇਹਨਾਂ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਹੇਠ ਲਿਖੇ ਅਨੁਸਾਰ ਹੈ:

ਨਿਰਦੇਸ਼ਾਤਮਕ ਨਿਯਮ ਤੇ ਨਿਸ਼ੇਧਾਤਮਕ ਨਿਯਮ

[ਸੋਧੋ]

ਨਿਰਦੇਸ਼ਾਤਮਕ ਤੋਂ ਭਾਵ ‘ਇਹ ਕਰੋ` ਅਤੇ ਨਿਸ਼ੇਧਾਤਮਕ ਤੋਂ ਭਾਵ ‘ਇਹ ਨਾ ਕਰੋ` ਇਹ ਨਿਯਮ ‘ਪ੍ਰਤੱਖ` ਵੀ ਹੋ ਸਕਦੇ ਹਨ ਤੇ ‘ਪ੍ਰੋਖ` ਵੀ। ਪ੍ਰਤੱਖ ਨਿਯਮ ਉਹ ਨਿਯਮ ਹਨ ਜੋ ਸਿਖਾਏ ਜਾਂਦੇ ਹਨ ਜਿਵੇਂ: ਹੱਥ ਜੋੜ ਕੇ ਨਮਸਤੇ ਕਰੋ, ਸੰਗਤ ਵਿੱਚ ਉਦਾਸੀ ਨਾ ਲਵੋ ਜਾਂ ਉਬਾਸੀ ਲੈਣ ਲੱਗਿਆ ਮੂੰਹ ਅੱਗੇ ਹੱਥ ਰੱਖ ਲੋਵ। ਪ੍ਰੋਖ ਨਿਯਮ ਉਹ ਨਿਯਮ ਹੰੁਦੇ ਹਨ ਜੋ ਸਿਖਾਏ ਨਹੀਂ ਜਾਂਦੇ ਸਗੋਂ ਉਨ੍ਹਾਂ ਨੂੰ ਮਨੁੱਖ ਸਮਾਜ ਵਿੱਚ ਵਿਚਰਦਾ ਆਪਣੇ ਆਪ ਗ੍ਰਹਿਣ ਕਰ ਲੈਂਦਾ ਹੈ। ਜਿਵੇਂ ਸਤਿਕਾਰ ਵਜੋਂ ਸਿਰ ਕੱਢ ਲੈਣ, ਹੱਸਦਿਆਂ ਤਾੜੀ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਅ ਕਰਨਾ ਆਦਿ।

ਆਦਰਸ਼ਕ ਅਤੇ ਵਿਆਪਕ ਨਿਯਮ

[ਸੋਧੋ]

ਨਿਯਮ ਆਦਰਸ਼ਕ ਵੀ ਹੁੰਦੇ ਹਨ ਅਤੇ ਵਿਆਪਕ ਵੀ। ਆਦਰਸ਼ਕ ਨਿਯਮ ਉਹ ਹੁੰਦੇ ਹਨ, ਜਿੰਨ੍ਹਾਂ ਨੂੰ ਸਮਾਜ ਨੇ ਉਦਾਹਰਣੀ ਮੰਨ ਲਿਆ ਹੈ, ਪਰ ਜ਼ਰੂਰੀ ਨਹੀਂ ਸਮਾਜ ਵਿੱਚ ਸਾਰੇ ਵਿਅਕਤੀਆਂ ਦਾ ਵਿਹਾਰ ਹੀ ਆਦਰਸ਼ਕ ਹੋਵੇ। ਆਦਰਸ਼ ਕਦੇ ਵਿਆਪਕ ਨਹੀਂ ਹੁੰਦਾ, ਨਹੀਂ ਤਾਂ ਇਹ ਆਦਰਸ਼ਕ ਨਾ ਰਹੇ। ਜੇਕਰ ਆਦਰਸ਼ਕ ਅਤੇ ਵਿਆਪਕ ਦਾ ਪਾੜਾ ਵਧ ਜਾਏ ਤਾਂ ਸਮਾਜ ਦੀ ਏਕਤਾ, ਸੰਗਠਨ ਹੋਂਦ ਖ਼ਤਰੇ ਵਿੱਚ ਪੈ ਜਾਂਦੀ ਹੈ। ਇਸ ਲਈ ਸਮਾਜ ਲਈ ਜ਼ਰੂਰੀ ਹੈ ਉਹ ਨਿਯਮਾਂ ਦੀ ਪਾਲਣਾ ਕਰਵਾਏ, ਜਿਹੜੇ ਨਿਯਮ ਸਮਾਜ ਦਾ ਆਧਾਰ ਹੰੁਦੇ ਹਨ।

ਲੋਕਾਚਾਰ

[ਸੋਧੋ]

ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, “ਅਮਰੀਕੀ ਸਮਾਜ ਵਿੱਚ ਵਿਗਿਆਨੀ ਸਮਨਰ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸਨੇ ਨਿਯਮਾਂ ਨੂੰ ‘ਫ਼ੋਕਵੇਜ਼` ਅਤੇ ‘ਮੋਰਜ਼` ਦੋ ਕਿਸਮਾਂ ਵਿੱਚ ਵੰਡਿਆ ਹੈ ਪੰਜਾਬੀ ਵਿੱਚ ਉਨ੍ਹਾਂ ਨੇ ਇਸ ਦਾ ਨਾਮਕਰਣ ‘ਲੋਕਾਚਾਰ` ਅਤੇ ‘ਸਦਾਚਾਰ` ਕੀਤਾ ਹੈ।``2 ਲੋਕਾਚਾਰ ਪ੍ਰਤਿਮਾਨਾਂ ਦਾ ਸਮੂਹ ਹੈ। ਇਹ ਰਵਾਇਤੀ ਕਿਸਮ ਦੇ ਨਿਯਮ ਹੁੰਦੇ ਹਨ। ਜੇਕਰ ਕੋਈ ਵਿਅਕਤੀ ਇੰਨ੍ਹਾਂ ਨਿਯਮਾਂ ਦੀ ਉਲੰਘਣਾ ਕਰੇ ਤਾਂ ਉਸਨੂੰ ਕੋਈ ਸਖ਼ਤ ਸਜਾ ਨਹੀਂ ਦਿੱਤੀ ਜਾਂਦੀ ਜਿਵੇਂ:- ਪਚਾਕੇ ਮਾਰ ਕੇ ਖਾਣ ਵਾਲੇ ਨੂੰ ਤੁਸੀਂ ਜੇਲ ਨਹੀਂ ਭਿਜਵਾ ਸਕਦੇ ਜਾਂ ਵਿਅਕਤੀ ਆਪਣੀ ਮਰਜੀ ਅਨੁਸਾਰ ਕੋਈ ਵੀ ਪਹਿਰਾਵਾ ਪਹਿਨ ਸਕਦਾ ਹੈ। ਇੰਨ੍ਹਾਂ ਨਿਯਮਾਂ ਦੀ ਪਾਲਣਾ ਜਿਆਦਾਤਰ ਮਨ ਦੀ ਸ਼ਾਂਤੀ ਲਈ ਕੀਤੀ ਜਾਂਦੀ ਹੈ।

ਸਦਾਚਾਰ

[ਸੋਧੋ]

ਇਹ ਨਿਯਮ ਸਮਾਜਕ ਸਦਾਚਾਰ ਜਾਂ ਕਦਰਾਂ-ਕੀਮਤਾਂ ਦੇ ਰੂਪ ਵਿੱਚ ਕਾਰਜ਼ਸ਼ੀਲ ਸਮਾਜਕ ਮੁੱਲ ਹੰੁਦੇ ਹਨ। “ਸਮਾਜਕ ਕਦਰਾਂ-ਕੀਮਤਾਂ ਲਾਜ਼ਮੀ ਤੌਰ ਸਮਾਜਿਕ ਲੋੜਾਂ ਅਨੁਸਾਰ ਅਤੇ ਲੋਕ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਹੀ ਸਥਾਪਤ ਹੁੰਦੀਆਂ ਹਨ ਅਤੇ ਇੰਨ੍ਹਾਂ ਦਾ ਸੁਭਾਅ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ।``3 ਜਿਵੇਂ ਕਿਸੇ ਵੇਲੇ ਧੀਆਂ ਪੁੱਤਰਾਂ ਲਈ ਮਾਪਿਆਂ ਦੀ ਰਜ਼ਾ ਵਿੱਚ ਰਹਿਣਾ ਅਤੇ ਉਹਨਾਂ ਦੇ ਫ਼ੈਸਲਿਆਂ ਦੀ ਪਾਲਣਾ ਕਰਨਾ ਆਦਰਸ਼ਕ ਵਤੀਰਾ ਸਮਝਿਆ ਜਾਂਦਾ ਸੀ, ਤਾਂ ਅੱਜ ਪਹਿਲ ਇਸ ਗੱਲ ਨੂੰ ਨਹੀਂ ਦਿੱਤੀ ਜਾਂਦੀ ਸਗੋਂ ਵੇਖਿਆ ਜਾਂਦਾ ਹੈ ਕਿ ਫੈਸਲਾ ਤਰਕ-ਸੰਗਤ ਹੈ ਜਾਂ ਨਹੀਂ। ਇਹਨਾਂ ਨਿਯਮਾਂ ਦਾ ਰੂਪ ਜਾਂ ਇਹਨਾਂ ਦੀ ਪਾਲਣਾ ਅਤੇ ਉਲੰਘਣਾ ਵੱਲ ਸਮਾਜ ਦਾ ਵਤੀਰਾ ਹਮੇਸ਼ਾ ਹੀ ਇਕੋ ਜਿਹਾ ਨਹੀਂ ਰਹਿੰਦਾ। ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਰੋਟੀ ਖਾਂਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਗਾਹਲਾ ਕੱਢੇ ਤਾਂ ਉਸਨੂੰ ਕੁਝ ਵਧੇਰੇ ਸਜਾ ਦਿੱਤੀ ਜਾਂਦੀ ਹੈ। ਉਸਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਪੁਲਿਸ ਕੋਲ ਫੜਾਇਆ ਜਾਂਦਾ ਹੈ।

ਟੈਬੂ

[ਸੋਧੋ]

ਇਹ ਉਹ ਨਿਯਮ ਹੁੰਦੇ ਹਨ, ਜਿੰਨ੍ਹਾਂ ਬਾਰੇ ਕੋਈ ਸਮਾਜ ਇਹ ਕਿਆਸ ਹੀ ਨਹੀਂ ਕਰਦਾ ਕਿ ਇਹਨਾਂ ਦੀ ਉਲੰਘਣਾ ਵੀ ਕੀਤੀ ਜਾ ਸਕਦੀ ਹੈ। “ਅੰਗਰੇਜ਼ੀ ਭਾਸ਼ਾ ਦਾ ਸ਼ਬਦ ਟੈਬੂ ‘ਪੋਲੀਨੇਸ਼ੀਆ` ਦੇ ਸ਼ਬਦ ‘ਟਾਬੂ` ਤੋਂ ਲਿਆ ਗਿਆ ਹੈ। ਇਸ ਸ਼ਬਦਾਂ ਨੂੰ ਕਿਸੇ ਵਿਸ਼ੇਸ਼ ਪ੍ਰਕਾਰ ਦੀ ਮਨਾਹੀ ਦੇ ਅਰਥਾਂ ਵਿੱਚੋਂ ਲਿਆ ਜਾਂਦਾ ਹੈ।``4 ਹਰੇਕ ਸਮਾਜ ਦੇ ਤਾਬੂ ਵੱਖੋ-ਵੱਖਰੇ ਹੋ ਸਕਦੇ ਹਨ ਜਿਵੇਂ ਪਤੀ-ਪਤਨੀ ਤੋਂ ਇਲਾਵਾ ਮੂਲ ਪਰਿਵਾਰ ਦੇ ਮੈਬਰਾਂ ਵਿੱਚ ਜਿਨਸੀ ਸਬੰਧ ਰੱਖਣਾ, ਯੂਨਾਨੀ ਈਡੀਪਸ ਮਿੱਥ ਟੈਬੂ ਦੀ ਅਵਤੇਲਨਾ ਅਤੇ ਉਪਜੇ ਭਿਆਨਕ ਪਰਿਵਾਰ ਦੀ ਗਾਥਾ ਹੈ। ਹਿੰਦੂ ਸਮਾਜ ਵਿੱਚ ਗਊ ਹੱਤਿਆ ਆਦਿ। “ਟੈਬੂ ਦੀ ਪ੍ਰਾਕਿਤੀ ਵਿੱਚ ਸਮਾਜਿਕ ਕੀਮਤਾਂ ਤੇ ਸੰਸਕਾਰਕ ਕੀਮਤਾਂ ਸ਼ਾਮਿਲ ਹੁੰਦੀਆਂ ਹਨ। ਸੰਸਾਕਾਰਕ ਕੀਮਤਾਂ ਦਾ ਸਬੰਧ ਲੋਕ ਸਮੂਹ ਦੀ ਸਾਂਝੀ ਜੀਵਨ ਸ਼ੈਲੀ ਦੇ ਪੈਟਰਨ ਤੇ ਪ੍ਰਤਿਮਾਨ ਨਿਸ਼ਚਤ ਕਰਨਾ ਹੁੰਦਾ ਹੈ। ਜੀਵਨ ਦੇ ਵੱਡੇ ਸੰਕਟਸ਼ੀਲ ਮੌਕਿਆਂ ਖਾਸ ਕਰਕੇ ਜਨਮ, ਵਿਆਹ ਅਤੇ ਮੌਤ ਬਾਰੇ ਜ਼ਿਆਦਾ ਟੈਬੂ ਪ੍ਰਚਲਿਤ ਹਨ। ਪ੍ਰਸੂਤ, ਨਵਜਨਮ ਬਾਲ ਤੇ ਇਸ ਨਾਲ ਸਬੰਧਤ ਕਿਰਿਆਵਾਂ ਬਾਰੇ ਟੈਬੂ ਵਿਆਹੰਦੜ ਮੁੰਡੇ-ਕੁੜੀ ਬਾਰੇ ਟੈਬੂ, ਮ੍ਰਿਤਕ ਸਰੀਰ ਬਾਰੇ ਸਾਡੇ ਸਭਿਆਚਾਰ ਦਾ ਹਿੱਸਾ ਹਨ।``5 ਟੈਬੂ ਦਾ ਸੰਬੰਧ ਸੰਸਕਾਰਕ ਕੀਮਤਾਂ ਨਾਲ ਵੀ ਹੁੰਦਾ ਹੈ। ਟੈਬੂ ਮੰਨਣ ਵਾਲੇ ਲੋਕ ਹਰ ਟੈਬੂ ਦੀ ਆਪਣੀ ਤਰ੍ਹਾਂ ਵਿਆਖਿਆ ਕਰਦੇ ਹਨ। ਉਨ੍ਹਾਂ ਟੈਬੂਆਂ ਪਿੱਛੇ ਲੁਪਤ ਮਨੋਰਥ ਛੁਪੇ ਹੰੁਦੇ ਹਨ। “ਟੈਬੂ ਨਾਲ ਸਬੰਧਿਤ ਸੰਸਾਕਾਰਕ ਕਾਰਜ ਤਕਨੀਕੀ ਕਾਰਜ ਤੋਂ ਵੱਖਰੇ ਹੁੰਦੇ ਹਨ। ਇਹ ਪ੍ਰਤੀਕਮਈ ਕਾਰਜ ਹੰੁਦੇ ਹਨ। ਜਿਵੇਂ:- ਕੁਝ ਵਿਅਕਤੀ ਮੰਗਲਵਾਰ ਨੂੰ ਮੀਟ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ, ਕੁਝ ਲੋਕ ਸਨਿੱਚਰਵਾਰ ਲੋਹਾ ਖਰੀਦਣ ਨੂੰ ਟੈਬੂ ਮੰਨਦੇ ਹਨ। ਇਸ ਤਰ੍ਹਾਂ ਖ਼ਾਸ ਸਭਿਆਚਾਰ ਕੁਝ ਖਾਸ ਅੰਕਾਂ ਨੂੰ ਟੈਬੂ ਮੰਨਦੇ ਹਨ।``6

ਕਾਨੂੰਨ

[ਸੋਧੋ]

ਸਭਿਆਚਾਰ ਨਿਆਂ ਸੰਸਥਾਵਾਂ ਦੀ ਆਪਣੀ ਨਿਵੇਕਲੀ ਨਿਆਂ ਵਿਧੀ ਸਜ਼ਾਵਾਂ ਅਤੇ ਅਨੁਸ਼ਾਸ਼ਨ ਹੁੰਦਾ ਹੈ। ਜਿਸਨੂੰ ਸਹਿਜ ਸਮੂਹਿਕ ਪ੍ਰਵਾਨਗੀ ਮਿਲੀ ਹੁੰਦੀ ਹੈ। ਪੰਜਾਬੀ ਸਭਿਆਚਾਰ ਵਿੱਚ ਪੰਚ ਜਾਂ ਬਰਾਦਰੀ ਦੇ ਮੁਖੀਏ ਇਸ ਦੇ ਕਾਰਮੁਖਤਾਰ ਹੁੰਦੇ ਹਨ। ਚੋਰੀ, ਗਲਤ ਵਿਹਾਰ, ਅਣ-ਵੰਚਿਤ ਕੰਮਾਂ ਵਿਹਾਰਾਂ ਲਈ ਮੁਆਫੀ ਮੰਗਣਾ ਭਾਈਚਾਰਕ ਬਾਈਕਾਟ ਆਦਿ ਸਜਾ ਦੇ ਰੂਪ ਪ੍ਰਚੱਲਿਤ ਸਨ। ਕਾਨੂੰਨ ਪ੍ਰਤਿਮਾਨਿਕ ਸਭਿਆਚਾਰ ਨੂੰ ਨਾ ਸਿਰਫ ਠੋਸ ਅਤੇ ਸਪਸ਼ਟ ਰੂਪ ਦੇਂਦਾ ਹੈ ਸਗੋਂ ਵੇਲੇ ਦੀਆਂ ਪ੍ਰਧਾਨ ਕਦਰਾਂ-ਕੀਮਤਾਂ ਨੂੰ ਮੁਖ ਰੱਖਦਿਆਂ ਉਹਨਾਂ ਵਿੱਚ ਤਬਦੀਲੀ ਲਿਆਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਪਰ ਅਜੋਕੇ ਸਮੇਂ ਵਿੱਚ ਇਹ ਸਭਿਆਚਾਰ ਨਿਆਂ ਪ੍ਰਣਾਲੀ ਗਾਇਬ ਹੋ ਰਹੀ ਹੈ, ਇਸਦੀ ਥਾਂ ਜੱਜ, ਵਕੀਲਾਂ ਅਤੇ ਕਾਨੂੰਨ ਦੀ ਸ਼ਕਤੀ ਦਾ ਪ੍ਰਭਾਵ ਵੱਧ ਰਿਹਾ ਹੈ, ਕਾਨੂੰਨੀ ਨਿਯਮਾਂ ਦੀ ਉਲੰਘਣ ਲਈ ਸਜ਼ਾ ਹਮੇਸ਼ਾ ਨਿਸ਼ਚਿਤ ਹੁੰਦੀ ਹੈ। ਇਹਨਾਂ ਵਿੱਚ ਲੋਕਾਚਾਰ ਜਾਂ ਸਦਾਚਾਰ ਦੇ ਨਿਯਮਾਂ ਵਾਲੀ ਅਨਿਸਚਿਤਤਾ ਨਹੀਂ ਹੁੰਦੀ।

ਹਵਾਲੇ

[ਸੋਧੋ]
  1. ਗੁਰਬਖ਼ਸ਼ ਸਿੰਘ ਫ਼ਰੈਂਕ (ਪੋ੍ਰ.), ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ-27
  2. ਗੁਰਬਖ਼ਸ਼ ਸਿੰਘ ਫ਼ਰੈਂਕ (ਪੋ੍ਰ.), ਸਭਿਆਚਾਰ: ਮੁੱਢਲੀ ਜਾਣ-ਪਛਾਣ, ਵਾਰਿਸ਼ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, ਪੰਨਾ-31
  3. ਜੀਤ ਸਿੰਘ ਜੋਸ਼ੀ (ਡਾ.), ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਹਿਚਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-20
  4. ਬਲਦੇਵ ਸਿੰਘ (ਅਨੁ.), ਪ੍ਰਾਚੀਨ ਸਮਾਜ: ਬਣਤਰ ਤੇ ਕਿਰਿਆ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ੍ਹ, ਪੰਨਾ-129
  5. ਜਸਵਿੰਦਰ ਸਿੰਘ (ਡਾ.), ਪੰਜਾਬੀ ਸਭਿਆਚਾਰ: ਪਛਾਣ ਚਿੰਨ੍ਹ, ਪੰਨਾ-72.
  6. ਉਹੀ, ਪੰਨਾ-72.