ਸਮੱਗਰੀ 'ਤੇ ਜਾਓ

ਗੱਠਾਂ ਦੇਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦ ਮੁੰਡੇ/ਕੁੜੀ ਦੇ ਵਿਆਹ ਦਾ ਦਿਨ ਨਿਯਤ ਹੋ ਜਾਂਦਾ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਵਿਚ ਆਉਣ ਲਈ ਲਾਗੀ ਰਾਹੀਂ ਵਿਸ਼ੇਸ਼ ਤੌਰ ਤੇ ਨਾਈ ਰਾਹੀਂ ਸੱਦਾ ਭੇਜਿਆ ਜਾਂਦਾ ਸੀ। ਵਿਆਹ ਦੇ ਏਸ ਸੱਦੇ ਨੂੰ ਗੱਠਾਂ ਦੇਣਾ ਕਿਹਾ ਜਾਂਦਾ ਸੀ। ਕਈ ਇਲਾਕਿਆਂ ਵਿਚ ਗੱਠ ਨੂੰ ਗੰਢ ਕਹਿੰਦੇ ਹਨ। ਇਸ ਲਈ ਵਿਆਹ ਦੇ ਸੱਦੇ ਨੂੰ ਉਸ ਇਲਾਕੇ ਵਿਚ ਗੰਢ ਘੁਲਣਾ ਜਾਂ ਗੰਢ ਦੇਣਾ ਕਿਹਾ ਜਾਂਦਾ ਸੀ। ਗੱਠ/ਗੰਢ ਦਾ ਸ਼ਬਦੀ ਅਰਥ ਹੈ ਵਿਆਹ ਦਾ ਗੱਠਾਂ/ਗੰਢਾਂ ਵਾਲਾ ਧਾਗਾ। ਪਹਿਲਾਂ ਲੋਕਾਂ ਦੀ ਸੂਝ ਘੱਟ ਸੀ। ਗਿਣਤੀ ਵੀ ਸਾਰੇ ਲੋਕ ਨਹੀਂ ਜਾਣਦੇ ਸਨ। ਇਸ ਲਈ ਵਿਆਹ ਵਿਚ ਜਿੰਨੇ ਦਿਨ ਰਹਿੰਦੇ ਹੁੰਦੇ ਸਨ, ਉਨ੍ਹੀਆਂ ਹੀ ਖੋਮਣੀ/ਮੌਲੀ ਨੂੰ ਗੰਢਾਂ ਦਿੱਤੀਆਂ ਜਾਂਦੀਆਂ ਸਨ। ਨਾਈ ਰਿਸ਼ਤੇਦਾਰਾਂ ਨੂੰ ਉਹ ਗੰਢ ਵਾਲੀ ਖੰਮਣੀ ਦੇ ਕੇ ਵਿਆਹ ਬਾਰੇ ਦੱਸਦਾ ਹੁੰਦਾ ਸੀ। ਰਿਸ਼ਤੇਦਾਰ ਰੋਜ ਉਸ ਗੰਢ ਵਾਲੀ ਖੰਮਣੀ ਦੀ ਇਕ ਗੰਢ ਖੋਲ੍ਹਦੇ ਰਹਿੰਦੇ ਸਨ। ਏਸੇ ਕਰਕੇ ਇਸ ਰਸਮ ਦਾ ਨਾਂ ਗੰਢਾਂ ਦੇਣਾ ਪਿਆ। ਇਸ ਤੋਂ ਪਿੱਛੋਂ ਫੇਰ ਸਾਦੇ ਕਾਗਜ ਤੇ ਵਿਆਹ ਦਾ ਸਾਰਾ ਵੇਰਵਾ ਲਿਖ ਕੇ ਉੱਪਰ ਗੱਠਾਂ ਵਾਲੀ ਖੰਮ੍ਹਣੀ ਬੰਨ੍ਹ ਕੇ ਗੱਠ ਭੇਜੀ ਜਾਣ ਲੱਗੀ। ਗੱਠ ਦੇਣ ਆਏ ਲਾਗੀ ਨੂੰ ਖੇਸ/ਦੁਪੱਟਾ ਲਾਗ ਵਜੋਂ ਦਿੱਤਾ ਜਾਂਦਾ ਸੀ।

ਪਹਿਲੇ ਸਮਿਆਂ ਵਿਚ ਸਫਰ ਪੈਦਲ ਕੀਤਾ ਜਾਂਦਾ ਸੀ। ਇਸ ਲਈ ਵਿਆਹ ਦੀ ਗੱਠਾਂ ਵਿਆਹ ਤੋਂ ਕਾਫੀ ਸਮਾਂ ਪਹਿਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸਨ। ਫੇਰ ਸਾਈਕਲ ਦੀ ਕਾਢ ਨਿਕਲਣ ਤੇ ਨਾਈ/ਲਾਗੀ ਗੱਠਾਂ ਸਾਈਕਲ ਤੇ ਦੇਣ ਲੱਗੇ। ਫੇਰ ਬੱਸਾਂ ਦੀ ਵਾਰੀ ਆਈ। ਅੱਜ ਕਲ੍ਹ ਵਿਆਹ ਦੀ ਗੱਠ ਨੇ ਸਾਦੇ ਕਾਗਜ ਦੀ ਥਾਂ ਵਿਆਹ ਦੇ ਕਾਰਡਾਂ ਦਾ ਰੂਪ ਧਾਰ ਲਿਆ ਹੈ। ਅੱਜਕਲ੍ਹ ਬਹੁਤੀਆਂ ਗੱਠਾਂ ਲਾਗੀਆਂ ਦੀ ਥਾਂ ਮੁੰਡੇ/ਕੁੜੀ ਦੇ ਪਰਿਵਾਰ ਵਾਲੇ ਜਾਂ ਤਾਂ ਕਾਰਾਂ ਰਾਹੀਂ ਜਾਂ ਜਾਣ ਆਉਣ ਦੇ ਹੋਰ ਸਾਧਨਾਂ ਰਾਹੀਂ ਆਪ ਹੀ ਦੇ ਆਉਂਦੇ ਹਨ। ਹੁਣ ਤਾਂ ਵਿਆਹ ਦਾ ਸੱਦਾ ਟੈਲੀਫੂਨ ਅਤੇ ਮੁਬਾਇਲ ਫੂਨਾਂ ਤੇ ਵੀ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਹਰ ਰਸਮ ਵਿਚ ਬਦਲਾਵ ਆ ਹੀ ਜਾਂਦਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.