ਨਿਹੰਗ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਹੰਗ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ; ਜਿਸ ਦਾ ਅਰਥ ਹੈ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਪਿਤਾ ਜੀ ਦੇ ਰਾਜਸੀ ਭਾਵ ਮੀਰੀ ਦੇ ਵੰਸ਼ਜ ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ- ਰਾਜ ਮੁਕੁਟ ਨਾਲ ਕਰਦੇ ਹਨ। ਉਹ ਰਾਜੇ ਦੇ ਮੁਕੁਟ 'ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ।[1]

ਨਿਹੰਗ ਸਿੰਘਾਂ ਦਾ ਬਾਣਾ[ਸੋਧੋ]

ਨਿਹੰਗ ਸਿੰਘ

"ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ, ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।"[2] ਇੱਕ ਵਾਰ ਬਾਬਾ ਫਤਹ ਸਿੰਘ ਜੀ ਸੀਸ ਤੇ ਦੁਮਾਲਾ ਸਜਾ ਕੇ ਦਸਮੇਸ਼ ਜੀ ਦੇ ਹਜ਼ੂਰ ਆਏ, ਜਿਸ ਪੁਰ ਪਿਤਾ ਜੀ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇਹ ਵੀ ਆਖਿਆ ਜਾਂਦਾ ਹੈ ਕਿ ਜਦ ਉੱਚ ਦੇ ਪੀਰ ਵਾਲਾ ਨੀਲਾ ਬਾਣਾ ਕਲਗੀਧਰ ਨੇ ਅੱਗ ਵਿੱਚ ਸਾੜਿਆ ਤਾਂ ਉਸ ਵੇਲੇ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰ ਸੰਪ੍ਰਦਾਇ ਚੱਲੀ।[3] ਭਾਈ ਮਾਨ ਸਿੰਘ ਜੀ ਨਿਹੰਗ ਬਾਣਾ ਰੱਖਦੇ ਹੁੰਦੇ ਸਨ। ਭਾਈ ਕੌਲਾ ਜੋ ਪ੍ਰਿਥਵੀ ਚੰਦ ਦੀ ਔਲਾਦ ਵਿੱਚੋਂ ਸਨ, ਚਿੱਟੇ ਬਸਤਰ ਲੈ ਕੇ ਹਾਜ਼ਰ ਹੋਏ ਤਾਂ ਦਸਮੇਸ਼ ਜੀ ਨੇ ਨੀਲੇ ਬਸਤਰ ਲਾਹ ਕੇ ਸਾੜ ਦਿੱਤੇ। ਇੱਕ ਟਾਕੀ ਅੱਗ ਤੋਂ ਬਾਹਰ ਡਿੱਗ ਪਈ, ਗੁਰੂ ਜੀ ਦੀ ਆਗਿਆ ਨਾਲ ਭਾਈ ਮਾਨ ਸਿੰਘ ਨੇ ਆਪਣੀ ਪੱਗ ਉੱਪਰ ਟੰਗ ਲਈ। ਨੀਲੇ ਬਾਣੇ ਵਾਲਾ ਨਿਹੰਗਾਂ ਸਿੰਘਾਂ ਦਾ ਬਾਣਾ ਇਸ ਤਰ੍ਹਾਂ ਤੁਰਿਆ।[4]

ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤਕ, ਮੁਗ਼ਲ ਸਰਕਾਰ ਵੱਲੋਂ ਦਸਮੇਸ਼ ਜੀ ਦੇ ਸਿਰਜੇ ਹੋਏ ਖਾਲਸੇ ਨੂੰ ਖ਼ਤਮ ਕਰਨ ਲਈ ਬੜੇ ਜ਼ੁਲਮ ਕੀਤੇ ਗਏ। ਉਸ ਭਿਆਨਕ ਕਸ਼ਟਾਂ ਭਰੇ ਅਤੇ ਸੰਕਟਮਈ ਸਮੇਂ ਦਾ ਟਾਕਰਾ ਕਰਨ ਲਈ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ-ਸਵਾਸਾਂ ਨਾਲ ਨਿਭਾਉਣ ਲਈ ਧਰਮ ਯੁੱਧਾਂ ਵਿੱਚ ਲੜਨ ਮਰਨ ਦਾ ਪ੍ਰਣ ਕਰ ਲਿਆ। ਇਸ ਲਈ ਉਹਨਾਂ ਨੇ ਵੱਧ ਤੋਂ ਵੱਧ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਆਪਣੀ ਫੌਜੀ ਵਰਦੀ (ਬਾਣਾ) ਵੱਖਰੇ ਰੂਪ ਵਿੱਚ ਧਾਰਨ ਕੀਤੀ। ਗਲ਼ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਤੇੜ ਗੋਡਿਆਂ ਤੀਕ ਕਛਹਿਰਾ, ਸਿਰ ਤੇ ਉੱਚੀ ਪਗੜੀ (ਦੁਮਾਲਾ) ਤੇ ਉਸ ਦੁਆਲੇ ਚੱਕਰ, ਇਸ ਤਰ੍ਹਾਂ ਨਿਹੰਗੀ ਬਾਣੇ ਵਿੱਚ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਮੈਦਾਨ ਵਿੱਚ ਨਿੱਤਰਿਆ। ਨਿਹੰਗ ਸਿੰਘਾਂ ਦੇ ਪੰਜ ਸ਼ਸਤਰ ਪ੍ਰਸਿੱਧ ਹਨ - ਜਿਵੇਂ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ; ਜੋ ਅਕਸਰ ਛੋਟੇ ਛੋਟੇ ਅਕਾਰ ਦੇ ਹੁੰਦੇ ਹਨ, ਜਿਹਨਾਂ ਨੂੰ ਨਿਹੰਗ ਸਿੰਘ ਦੁਮਾਲੇ ਵਿੱਚ ਰੱਖਦੇ ਹਨ। ਨਿਹੰਗ ਸਿੰਘਾਂ ਪਾਸ ਵੈਸੇ ਤਾਂ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਪਰ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਪਾਸ ਕਿਰਪਾਨ, ਖੰਡਾ, ਤੀਰ-ਕਮਾਨ, ਚੱਕਰ, ਪੇਸ਼ਕਬਜ਼, ਤਮਚਾ, ਕਟਾਰ ਅਤੇ ਬੰਦੂਕ ਆਦਿ ਪ੍ਰਮੁੱਖ ਹਨ।

ਗੁਰੂ ਕੀਆਂ ਲਾਡਲੀਆਂ ਫੌਜਾਂ:[ਸੋਧੋ]

ਨਿਹੰਗ ਸਿੰਘ ਅਕਾਲ ਦੇ ਉਪਾਸ਼ਕ ਹਨ ਅਤੇ ਅਕਾਲ ਅਕਾਲ ਜਪਦੇ ਹਨ। ਇਸ ਲਈ ਖਾਲਸਾਈ ਫੌਜ ਨੂੰ ਅਕਾਲੀ ਫੌਜ ਦੇ ਨਾਮ ਨਾਲ ਵੀ ਪੁਕਾਰਿਆ ਜਾਣ ਲੱਗ ਪਿਆ। ਉਸ ਅਕਾਲੀ ਫੌਜ ਨੇ, ਸਿੱਖ ਧਰਮ ਦੀ ਪਰੰਪਰਾ ਅਤੇ ਗੁਰ-ਮਰਯਾਦਾ ਨੂੰ ਆਪਣੀਆਂ ਜਾਨਾਂ ਵਾਰ ਕੇ ਕਾਇਮ ਰੱਖਿਆ ਅਤੇ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ। ਆਮ ਸਿੱਖਾਂ ਨਾਲੋਂ ਨਿਹੰਗ ਸਿੰਘਾਂ ਵਿੱਚ ਉਹ ਸਾਰੇ ਵਿਸ਼ੇਸ਼ ਗੁਣ ਸਨ, ਜਿਹਨਾਂ ਨੂੰ ਦਸਮੇਸ਼ ਪਿਤਾ ਜੀ ਪਿਆਰਦੇ ਸਨ। ਇਸ ਲਈ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਕਿਹਾ ਜਾਣ ਲੱਗ ਪਿਆ।

ਸੰਖੇਪ ਇਤਿਹਾਸ[ਸੋਧੋ]

ਨਿਹੰਗ ਸੰਪ੍ਰਦਾਇ ਖਾਲਸਾਈ ਰੂਪ ਵਿੱਚ ਪਿਛਲੇ ਤਿੰਨ ਸੌ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਤਕ ਕਾਇਮ ਹੈ। ਭਾਈ ਮਾਨ ਸਿੰਘ ਜੀ ਤੋਂ ਪਿੱਛੋਂ ਬਾਬਾ ਬਿਨੋਦ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਬਾਰਾ ਸਿੰਘ ਦਲ ਖਾਲਸੇ ਦੇ ਮੁਖੀ ਜਥੇਦਾਰ ਰਹੇ। ਬਾਅਦ ਵਿੱਚ ਜਦੋਂ ਦਲ ਖਾਲਸਾ ਦੋ ਦਲਾਂ (ਬੁੱਢਾ ਦਲ ਤੇ ਤਰੁਨਾ ਦਲ) ਵਿੱਚ ਵੰਡਿਆ ਗਿਆ ਤਾਂ ਨਵਾਬ ਕਪੂਰ ਸਿੰਘ ਨੂੰ ਪੰਥ ਦਾ ਮੁਖੀ ਜਥੇਦਾਰ ਚੁਣਿਆ ਗਿਆ। ਉਸ ਤੋਂ ਪਿੱਛੋਂ ਅਕਾਲੀ ਨੈਣਾ ਸਿੰਘ, ਅਕਾਲੀ ਫੂਲਾ ਸਿੰਘ, ਬਾਬਾ ਹਨੂੰਮਾਨ ਸਿੰਘ, ਬਾਬਾ ਤਪਾ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਪ੍ਰਹਿਲਾਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਬਾਬਾ ਚੇਤ ਸਿੰਘ, ਬੁੱਢਾ ਦਲ ਦੇ ਮੁਖੀ ਜਥੇਦਾਰ ਨੀਯਤ ਕੀਤੇ ਜਾਂਦੇ ਰਹੇ।

ਗੜਗੱਜ ਬੋਲੇ[ਸੋਧੋ]

ਨਵਾਬ ਕਪੂਰ ਸਿੰਘ ਦੇ ਸਮੇਂ ਸਿੰਘਾਂ ਨੇ ਆਪਣੇ ਨਵੇਂ ਗੁਪਤ ਬੋਲੇ ਪ੍ਰਚੱਲਤ ਕਰ ਲਏ ਸਨ, ਜਿਹਨਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੋਲਿਆਂ ਨੂੰ, ਜਾਸੂਸ ਸਮਝ ਨਹੀਂ ਸਨ ਸਕਦੇ। ਇਹ ਬੋਲੇ ਸਿੱਖ ਦੇ ਸਿਰਾਂ ਦੇ ਮੁੱਲ ਪੈਣ ਸਮੇਂ ਜੰਗਲਾਂ, ਪਹਾੜਾਂ ਅਤੇ ਹੋਰ ਪਨਾਹਗਾਹਾਂ ਵਿੱਚ ਰਹਿਣ ਕਰਕੇ ਬੜੇ ਸਹਾਈ ਹੁੰਦੇ ਸਨ। ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣਾਂ ਦੇ ਸਾਹ ਸੁੱਕ ਜਾਂਦੇ ਸਨ ਅਤੇ ਉਹਨਾਂ ਨੂੰ ਭਾਜੜਾਂ ਪੈ ਜਾਂਦੀਆਂ ਸਨ। ਸਿੱਖ ਫੌਜਾਂ ਆਮ ਨਿਹੰਗਾਂ ਸਿੰਘਾਂ ਦੀਆਂ ਹੁੰਦੀਆਂ ਸਨ। ਉਹ ਜਦੋਂ ਜੈਕਾਰੇ ਗਜਾਉਂਦੇ ਕਿਸੇ ਨਗਰ ਵਿੱਚ ਜਾਂਦੇ ਤਾਂ ਉਥੋਂ ਦੇ ਲੋਕ ਸੁਖ ਦਾ ਸਾਹ ਲੈਂਦੇ ਤੇ ਖੁਸ਼ੀ ਵਿੱਚ ਆਪ ਮੁਹਾਰੇ ਨੂੰਹਾਂ ਧੀਆਂ ਨੂੰ ਕਹਿੰਦੇ: "ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ" ਮਿਰਚ ਨੂੰ ਲੜਾਕੀ,ਖੰਡ ਨੂੰ ਚੁੱਪ

ਸੂਰਬੀਰ ਅਤੇ ਨਿੱਡਰ[ਸੋਧੋ]

ਨਿਹੰਗ ਸਿੰਘ ਬੜੇ ਭਜਨੀਕ, ਸੱਚੇ-ਸੁੱਚੇ, ਜਤੀ-ਸਤੀ, ਸੂਰਬੀਰ, ਨਿੱਡਰ, ਨਿਰਵੈਰ ਅਤੇ ਕਰਨੀ ਵਾਲੇ ਪੁਰਸ਼ ਹੋਏ ਹਨ। ਅਜਿਹੇ ਮਹਾਨ ਪਵਿੱਤਰ ਜੀਵਨ ਵਾਲੇ ਅਕਾਲੀ ਫੂਲਾ ਸਿੰਘ ਜੀ ਸਨ, ਜਿਹਨਾਂ ਦੇ ਹਰ ਹੁਕਮ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰ ਨਿਵਾ ਦਿਆ ਕਰਦੇ ਸਨ। ਇੱਕ ਵਾਰੀ ਅਕਾਲੀ ਜੀ ਨੇ ਮਹਾਰਾਜੇ ਜੀ ਨੂੰ ਕਿਸੇ ਦੋਸ਼ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਮਲੀ ਦੇ ਬੂਟੇ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਦਿੱਤੀ, ਜੋ ਮਹਾਰਾਜੇ ਨੇ ਸਿਰ ਮੱਥੇ ਪਰਵਾਨ ਕਰ ਲਈ ਸੀ। ਉਸ ਬਚਨਾਂ ਦੇ ਬਲੀ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਕੇ ਨੁਸ਼ਹਿਰੇ ਵੱਲ ਚੜ੍ਹਾਈ ਕੀਤੀ, ਪਰ ਸ਼ੇਰੇ ਪੰਜਾਬ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਠਹਿਰ ਕੇ ਚੜ੍ਹਾਈ ਕਰਨੀ ਚਾਹੀਦੀ ਹੈ, ਕਿਉਂਕਿ ਪਠਾਣੀ ਫੌਜ ਸਾਡੀ ਖਾਲਸਾਈ ਫੌਜ ਨਾਲੋਂ ਵਧੇਰੇ ਹੈ। ਇਹ ਸੁਣ ਕੇ ਅਕਾਲੀ ਜੀ ਨੇ ਜਵਾਬ ਦਿੱਤਾ ਕਿ ਮੈਂ ਅਰਦਾਸਾ ਸੋਧ ਕੇ ਤੁਰਿਆ ਹਾਂ, ਪਿੱਛੇ ਨਹੀਂ ਹਟ ਸਕਦਾ ਅਤੇ ਉਸ ਨੇ ਨੁਸ਼ਹਿਰੇ ਦੀ ਜੰਗ ਬੜੀ ਸੂਰਬੀਰਤਾ ਨਾਲ ਲੜੀ ਅਤੇ ਆਪ ਸ਼ਹੀਦੀ ਪਾ ਕੇ ਫਤਹਿ ਖਾਲਸੇ ਨੂੰ ਦਿਵਾਈ। ਜਿਹੜੇ ਨਿਹੰਗ ਸਿੰਘ ਜੰਗਾਂ ਵਿੱਚ ਹਿੱਸਾ ਨਹੀਂ ਸੀ ਲੈਂਦੇ ਜਾਂ ਤਿਆਗੀ ਹੁੰਦੇ ਸਨ, ਉਹ ਕੋਈ ਨਾ ਕੋਈ ਲੋਕ-ਸੇਵਾ ਦੇ ਕੰਮ ਜ਼ਰੂਰ ਕਰਦੇ ਰਹਿੰਦੇ ਸਨ। ਸਿੱਖ ਹਿਸਟਰੀ ਵਿੱਚ ਮਿਸਟਰ ਕਨਿੰਘਮ ਇਉਂ ਲਿਖਦਾ ਹੈ, "ਮੈਂ ਕੀਰਤਪੁਰ ਦੇ ਲਾਗੇ ਇੱਕ ਅਕਾਲੀ ਨਿਹੰਗ ਸਿੰਘ ਨੂੰ ਵੇਖਿਆ, ਜੋ ਸਤਲੁਜ ਦਰਿਆ ਦੇ ਨੇੜੇ, ਸ਼ਿਵਾਲਿਕ ਦੇ ਪਹਾੜੀ ਇਲਾਕੇ ਵਿਚਕਾਰ ਲੋਕ-ਸੇਵਾ ਹਿਤ ਇੱਕ ਸੜਕ ਬਣਾ ਰਿਹਾ ਸੀ। ਉਹ ਕਿਸੇ ਨਾਲ ਗੱਲਾਂ ਘੱਟ ਹੀ ਕਰਦਾ ਸੀ। ਪਰ ਉਸ ਦੇ ਪਵਿੱਤਰ ਜੀਵਨ ਅਤੇ ਆਚਰਣ ਦਾ ਲੋਕਾਂ ਉੱਤੇ ਬੜਾ ਚੰਗਾ ਅਸਰ ਪਿਆ ਸੀ।" ਕਿਸੇ ਚਿੱਤਰਕਾਰ ਨੇ ਉਸ ਨਿਹੰਗ ਸਿੰਘ ਅਤੇ ਇੱਕ ਭੇਡਾਂ ਚਾਰਨ ਵਾਲੇ ਮੁੰਡੇ ਦਾ ਚਿੱਤਰ ਬਣਾਇਆ ਸੀ, ਜੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ, ਜੋੜਾ ਘਰ ਦੇ ਨੇੜੇ ਪਿੰਗਲਵਾੜਾ ਦੇ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ।

ਨਿਹੰਗ ਸਿੰਘਾਂ ਦੀਆਂ ਛਾਉਣੀਆਂ[ਸੋਧੋ]

ਪੁਰਾਤਨ ਸਮੇਂ ਤੋਂ ਨਿਹੰਗ ਸਿੰਘ ਕਈਆਂ ਸ਼ਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ, ਜਿਵੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ, ਸ਼ਹੀਦੀ ਬਾਗ ਆਨੰਦਪੁਰ ਸਾਹਿਬ, ਟਿੱਬਾ ਬਾਬਾ ਨੈਣਾ ਸਿੰਘ ਮੁਕਤਸਰ, ਗੁਦਾਵਰੀ ਨਦੀ ਕੰਢੇ ਨਗੀਨਾ ਘਾਟ ਅਤੇ ਮਾਤਾ ਸੁੰਦਰੀ ਜੀ ਦਾ ਅਸਥਾਨ, ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਾਛੀਵਾੜਾ, ਫਰੀਦਕੋਟ, ਪੱਟੀ, ਚੱਬੇ ਪਿੰਡ ਦੇ ਲਾਗੇ ਸ਼ਹੀਦੀ ਅਸਥਾਨ ਬਾਬਾ ਨੌਧ ਸਿੰਘ, ਬਾਬਾ ਬਕਾਲਾ ਅਤੇ ਪਿੰਡ ਸੁਰ ਸਿੰਘ ਆਦਿ ਹਨ।

ਤਿਓਹਾਰ ਅਤੇ ਸ਼ੌਕ[ਸੋਧੋ]

ਨਿਹੰਗ ਸਿੰਘ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ, ਦੀਵਾਲੀ ਸ੍ਰੀ ਅੰਮ੍ਰਿਤਸਰ ਤੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਨਿਹੰਗ ਸਿੰਘ ਉੱਚੇ ਜੀਵਨ ਆਚਰਣ ਵਾਲੇ, ਨੀਲੇ ਬਸਤਰ ਪਹਿਨਦੇ, ਸਰਬ ਲੋਹ ਦੇ ਬਰਤਨ ਵਰਤਦੇ, ਸ਼ਸਤਰਾਂ ਦੇ ਉਪਾਸ਼ਕ ਅਤੇ ਘੋੜਿਆਂ ਦੇ ਪ੍ਰੇਮੀ ਹੁੰਦੇ ਹਨ। ਇਹ ਬਿਹੰਗਮ ਅਤੀਤ ਜੀਵਨ ਵਾਲੇ ਹੁੰਦੇ ਹਨ ਤੇ ਗ੍ਰਿਹਸਤੀ ਵੀ। ਇਹ ਕਿਸੇ ਦੀ ਵੀ ਦਿੱਤੀ ਹੋਈ ਜਾਗੀਰ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਤੋਂ ਕੁਝ ਮੰਗਦੇ ਹਨ। ਇਹ ਗਤਕਾ, ਤਲਵਾਰ ਤੇ ਨੇਜ਼ਾਬਾਜੀ ਆਦਿ ਸ਼ਸਤਰਾਂ ਦੇ ਵੀ ਮਾਹਰ ਹੁੰਦੇ ਹਨ।

ਹਵਾਲੇ[ਸੋਧੋ]

  1. Brard, Gurnam (2007). East of Indus: My Memories of Old Punjab. Hemkunt Press. p. 185. ISBN 9788170103608.
  2. ਕਾਨ੍ਹ ਸਿੰਘ ਨਾਭਾ. ਮਹਾਨ ਕੋਸ਼. p. 704.
  3. ਭਾਈ ਸੰਤੋਖ ਸਿੰਘ. ਗੁਰ ਪ੍ਰਤਾਪ ਸੂਰਜ.
  4. ਸੰਪਾਦਕ ਸ. ਅਮਰ ਸਿੰਘ. ਤਵਾਰੀਖ ਹਜ਼ੂਰ ਸਾਹਿਬ. p. 18.