ਸਮੱਗਰੀ 'ਤੇ ਜਾਓ

ਸੂਫ਼ੀ ਕਾਵਿ ਦਾ ਇਤਿਹਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।[1]ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”[2]

ਸੂਫ਼ੀ ਸ਼ਬਦ ਦਾ ਅਰਥ

[ਸੋਧੋ]

ਸੂਫ਼ੀ ਸ਼ਬਦ ਬਾਰੇ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ‘ਸੂਫ਼ੀ’ ਨੂੰ ਇਸ ਲਈ ‘ਸੂਫ਼ੀ’ ਕਿਹਾ ਜਾਂਦਾ ਹੈ ਕਿਉਂਕਿ ਉਹ ਸੂਫ਼ ਦਾ ਲਿਬਾਸ ਪਹਿਣਦਾ ਹੈ। ਅਬੁਲ ਕਾਸਿਮ ਅਲਕ ਸ਼ਆਰੀ ਅਨੁਸਾਰ ਸੂਫ਼ੀ ਸ਼ਬਦ ਅਰਬੀ ਭਾਸ਼ਾ ਦੇ ਸਫ਼ਵ ਧਾਤੂ ਤੋਂ ਨਿਕਲਿਆ ਹੈ। ਅਰਬੀ ਭਾਸ਼ਾ ਦੇ ਸਫ਼ਵ ਸ਼ਬਦ ਦੇ ਅਰਥ ਹਨ- ਸੰਸ਼ੋਧਨ ਕਰਨਾ, ਸਾਫ਼ ਕਰਨਾ, ਪਵਿੱਤਰ ਕਰਨਾ। ਨਿਕਲਸਨ ਦਾ ਵਿਚਾਰ ਹੈ ਕਿ ਸੂਫ਼ੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ‘ਸੋਫ਼ੋਸ` ਤੋਂ ਉਪਜਿਆ ਹੈ। ਇਸ ਸ਼ਬਦ ਦਾ ਅਰਥ ਹੈ - ‘ਬੁੱਧੀ`। ਜੇ ਸੂਫ਼ੀ ਸ਼ਬਦ ਨੂੰ ‘ਸ਼ੱਫਾ` ਦੇ ਨਾਲ ਸੰਬੰਧਿਤ ਕਰੀਏ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਚੰਗੀਆਂ ਸਿਫ਼ਤਾਂ ਨੂੰ ਗ੍ਰਹਿਣ ਕਰਨਾ ਅਤੇ ਭੈੜੀਆਂ ਸਿਫ਼ਤਾਂ ਤੋਂ ਬਚਣਾ। ਉਪਰੋਕਤ ਵਿਦਵਾਨਾਂ ਦੀ ਰਾਇ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਫ਼ੀ ਸ਼ਬਦ ਨੂੰ ਅਸੀਂ ‘ਸੂਫ` ਤੋਂ ਨਿਕਲਿਆ ਹੀ ਮੰਨ ਸਕਦੇ ਹਾਂ। ਸੂਫ਼ੀ ਸ਼ਬਦ ਦੀ ਵਰਤੋਂ ਪਾਕੀਜਗੀ ਅਤੇ ਵੈਰਾਗਮਈ ਜੀਵਨ ਬਿਤਾਉਣ ਵਾਲੇ ਇਸਲਾਮਿਕ ਰਹੱਸਵਾਦੀਆਂ ਲਈ 777 ਈ. ਦੇ ਨੇੜੇ ਤੇੜੇ ਕੀਤੀ ਗਈ। [3]

ਸੂਫ਼ੀ ਕਾਵਿ:ਪਰੰਪਰਾ ਅਤੇ ਵਿਕਾਸ

[ਸੋਧੋ]

“ਇਸਲਾਮੀ ਰਹੱਸਵਾਦ ਦੇ ਬਹੁਤੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕਿ ‘ਸੂਫ਼ੀ` ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਸੂਫ਼` ਤੋਂ ਬਣਿਆ ਹੈ ਜਿਸ ਦਾ ਭਾਵ ਪਸ਼ਮ ਜਾਂ ਉਨੀ ਖੱਦਰ ਹੈ।”2.[4] ਪ੍ਰੋ. ਗੁਲਵੰਤ ਸਿੰਘ ਅਨੁਸਾਰ ਸੂਫੀਵਾਦ ਸਮੁੱਚੀ ਇਸਲਾਮੀ ਧਰਮ ਸੰਸਕ੍ਰਿਤੀ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਭਾਗ ਹੈ। ਵਿਸ਼ਵ ਦੇ ਧਰਮਾਂ ਦੇ ਸੰਦਰਭ ਵਿੱਚ ਵਿਵੇਚਨ ਕਰਨ ਵਾਲੇ ਵਿਦਵਨਾਂ ਨੇ ਸਵੀਕਾਰ ਕੀਤਾ ਹੈ ਕਿ ਅਧਿਆਤਮਿਕ ਅਨੁਭਵ ਭਾਵੇਂ ਕਿੰਨਾ ਵੀ ਸੂਖਮ ਹੋਵੇ, ਉਸ ਨੂੰ ਪ੍ਰਗਟਾਉਣ ਅਤੇ ਜੀਵਨ ਵਿੱਚ ਚਰਿਤਾਰਥ ਕਰਨ ਲਈ ਹਰੇਕ ਸਾਧਕ ਉਸ ਧਰਮ ਦਾ ਹੀ ਮੁਹਾਵਰਾ ਵਰਤਦਾ ਹੈ ਜਿਸ ਨਾਲ ਉਸਦਾ ਸਮਾਜਿਕ ਸੰਬੰਧ ਹੋਵੇ।”3.[5] ਕਪੂਰ ਸਿੰਘ ਵੀ ਸੂਫ਼ੀ, ਊਨ ਦੇ ਕਪੜੇ ਪਹਿਨਣ ਵਾਲੇ ਨੂੰ ਹੀ ਮੰਨਦੇ ਹਨ। ਉਹਨਾਂ ਦਾ ਮੱਤ ਹੈ ਕਿ “ਸੂਫੀ ਨੂੰ ਈਰਾਨ” ਵਿੱਚ ‘ਪਸ਼ਮੀਨਾ ਪੋਸ਼` ਵੀ ਕਹਿੰਦੇ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਫ਼ੀ ਦੇ ਅਰਥ ਇਹੋ ਹਨ ਕਿ ਜੋ ਊਨ ਦੇ ਕੱਪੜੇ ਪਹਿਨਦੇ, ਜਾਂ ਉਹ ਮੱਤ ਜਾਂ ਸੰਘ ਦੇ ਅਨੁਯਾਈ ਉਨੱ ਦੇ ਕਪੜੇ ਰਹਿਤ ਵੱਜੋਂ ਪਹਿਨਦੇ ਹੋਣ।”4.[6] ਪਿਆਰਾ ਸਿੰਘ ਪਦਮ ਅਨੁਸਾਰ “ਜਦੋਂ ਇਸਲਾਮ ਵਿੱਚ ਹੰਕਾਰੀ ਹਾਕਮਾਂ ਤੇ ਮਤਲਬ-ਪ੍ਰਸਤ ਮੌਲਾਣਿਆਂ ਦੀ ਬੇਸਮਝੀ ਕਾਰਣ ਮਜ਼੍ਹਬ ਦੇ ਨਾਂ ਉੱਤੇ ਕਈ ਕਿਸਮ ਦੇ ਅੱਤਿਆਚਾਰ ਕੀਤੇ ਜਾਣ ਲੱਗੇ ਤਾਂ ਕੁਝ ਫ਼ਕੀਰਾਂ ਦਰਵੇਸ਼ਾ ਅਸਲੀਅਤ ਪ੍ਰਗਟਾਉਂਣ ਦਾ ਬੀੜਾ ਉਠਾਇਆ। ਇਹ ਤਿਆਗੀ ਵੈਰਾਗੀ ਦਰਵੇਸ਼ ਆਮ ਤੌਰ `ਤੇ ਸੂਫ਼ੀ ਕੱਪੜੇ ਪਹਿਨਿਆ ਕਰਦੇ ਸਨ। ਕਾਰਣ ਇਹ ਯਹੂਦੀ ਤੇ ਈਸਾਈ ਆਦਿ ਮਤਾਂ ਦੀ ਪਰੰਪਰਾ ਵਿੱਚ ਧਾਰਮਿਕ ਰਹਿਤ ਵੱਜੋਂ ਕਾਲੀ ਊਨ ਦੇ ਕੱਪੜੇ ਪਹਿਨਣ ਦਾ ਰਿਵਾਜ ਸੀ। ਇਓਂ ਮੁਸਲਮ ਫ਼ਕੀਰ, ਸੂਫ਼ ਦਾ ਲਿਬਾਸ ਪਾਉਣ ਕਰਕੇ ‘ਸੂਫ਼ੀ` ਕਹਿਲਾਏ।”5.[7] ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਸੂਫ਼ੀ ਸ਼ਬਦ ਯੂਨਾਨੀ ਦੇ ‘ਸੋਫ਼ੀਆ` ਤੋਂ ਸ਼ਬਦ ਤੋਂ ਨਿਕਲਿਆ ਹੈ, ਜਿਸ ਦਾ ਅਰਥ ਦੇ ਗਿਆਨ ਬੋਧ, ਅਰਥਾਤ ਗਿਆਨ ਪ੍ਰਾਪਤ ਕਰਨਾ।”6.[8] ਹਜ਼ਰਤ ਅਬਦੂਲ ਕਾਦਿਰ ਜੀਲਾਨੀ ਅਨੁਸਾਰ, “ਸੂਫ਼ੀ ਸ਼ਬਦ ਦਾ ਭਾਵ ਹੈ ਪਵਿੱਤਰਤਾ, ਅੱਲਾਹ ਦਾ ਪਾਕ ਕੀਤਾ ਹੋਇਆ।”7.[9] “ਸੂਫ਼ੀ” ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹ ਸ਼ਬਦ ‘ਸਫ਼` ਤੋਂ ਨਿਕਲਿਆ ਜਿਸਦਾ ਅਰਥ ਹੈ ‘ਕਾਲਾ ਕਪੜ`। ਪਹਿਲੇ ਇਸਲਾਮੀ ਫ਼ਕੀਰ ਅਤੇ ਦਰਵੇਸ਼ ਕਾਲੀ ਊੱਨ ਕੇ ਕਪੜੇ ਪਹਿਨਦੇ ਸਨ। ਇਹ ਉਹਨਾਂ ਦੀ ਧਾਰਮਿਕ ਸਾਦਗੀ ਦਾ ਚਿੰਨ੍ਹ ਸੀ। ਇਸ ਨੂੰ ਹੰਢਾਉਣ ਵਾਲਿਆਂ ਦਾ ਨਾਂ “ਸੂਫ਼ੀ” ਪੈ ਗਿਆ।”8[10] ਪੰਜਾਬੀ ਸਾਹਿਤ ਦੇ ਪਹਿਲੇ ਸੂਫ਼ੀ ਕਵੀ ਬਾਬਾ ਸ਼ੇਖ ਫ਼ਰੀਦ ਜੀ ਆਪਣੀ ਰਚਨਾ ਵਿੱਚ ਇਸ ਲਿਬਾਸ ਦਾ ਪ੍ਰਗਟਾਵਾ ਸਹਿਜ ਸੁਭਾਵਿਕ ਹੀ ਕਰ ਜਾਂਦੇ ਹਨ। “ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈਂ ਫਿਰਾ, ਲੋਕੁ ਕਹੈ ਦਰਵੇਸੁ॥੬੧॥”9[11] ਉਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ “ਸੂਫ਼ੀ ਉਹ ਸੰਤ ਫ਼ਕੀਰ ਸਨ ਜੋ ਘਰ-ਬਾਰ ਤਿਆਗ ਕੇ ‘ਸੂਫ਼` (ਉੱਨ) ਦੇ ਲਿਬਾਸ ਵਿੱਚ ਪਵਿੱਤਰਤਾ ਅਤੇ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ। ਇਹ ਬਾਹਰੀ ਕਰਮਕਾਂਡ ਨਾਲੋਂ ਕਿਤੇ ਵੱਧ ਮਨ ਦੀ ਅੰਦਰੂਨੀ ਸਫ਼ਾਈ ਉੱਪਰ ਜ਼ੋਰ ਦਿੰਦੇ ਸਨ।”10[12]

ਮੁਗ਼ਲ ਕਾਲ ਦਾ ਸੂਫ਼ੀ ਕਾਵਿ

[ਸੋਧੋ]

ਬਾਬਾ ਫ਼ਰੀਦ ਪੰਜਾਬੀ ਦਾ ਸਭ ਤੋਂ ਪਹਿਲਾ ਸੂਫ਼ੀ ਕਵੀ ਹੈ। “ਸੂਫ਼ੀ-ਮਤ ਹਿੰਦੂ ਭਗਤੀ ਮਤ ਤੇ ਵੇਦਾਂਤ ਦੀ ਮੁਸਲਮਾਨੀ ਸੂਰਤ ਹੈ। ਮੁਸਲਮਾਨਾਂ ਦੀ ਆਮਦ ਦੇ ਨਾਲ ਹੀ ਸੂਫ਼ੀ-ਮਤ ਪੰਜਾਬ ਵਿੱਚ ਆਇਆ ਅਤੇ ਬਾਰ੍ਹਵੀਂ ਸਦੀ ਤੱਕ ਇੱਥੇ ਸੂਫੀਆਂ ਦੇ ਕਈ ਅੱਡੇ ਕਾਇਮ ਹੋ ਚੁਕੇ ਸਨ।”11[13] ਮੁਗ਼ਲ ਕਾਲ ਤੋਂ ਸੂਫੀ-ਮਤ ਵਿੱਚ ਕਾਫ਼ੀ ਤਬਦੀਲੀ ਆਉਣੀ ਸ਼ੁਰੂ ਹੋ ਚੁਕੀ ਸੀ ਅਤੇ ਬਹੁਤ ਸਾਰੇ ਭਗਤੀ ਮਤਾਂ ਤੇ ਖਾਸ ਕਰਕੇ ਭਗਤੀ-ਮਤ ਦਾ ਇਨ੍ਹਾਂ ਉੱਤੇ ਕਾਫੀ ਪ੍ਰਭਾਵ ਪੈ ਗਿਆ ਸੀ। ਇਸ ਕਾਲ ਦੇ ਸੂਫ਼ੀਆਂ ਵਿੱਚ ਰੱਬ ਦੇ ਡਰ ਦੇ ਨਾਲ ਨਾਲ ਪ੍ਰੇਮਾ-ਭਗਤੀ ਤੇ ਇਸ਼ਕ ਉੱਤੇ ਜੋਰ ਹੈ। ਇਸ ਨੂੰ ਅਸੀਂ ਸੂਫ਼ੀਆਂ ਦਾ ਦੂਜਾ ਤੇ ਤੀਜਾ ਪੜ੍ਹਾਅ ਕਿਹਾ ਸੀ। ਉਹਨਾਂ ਦਾ ਖੇਤਰ ਇਸ ਕਾਲ ਵਿੱਚ ਕਾਫ਼ੀ ਵਧਿਆ ਤੇ ਪਸਰਿਆ। ਇਸ ਕਾਲ ਕੇ ਸੂਫ਼ੀਆਂ ਨੇ ਮੁਸਲਮਾਨ ਹੋਣ ਕੇ ਬਾਵਜੂਦ ਵੀ ਰੱਬ ਦੀ ਸਰਵ-ਵਿਆਪਕ ਹੋਂਦ ਨੂੰ ਮੰਨਿਆ ਹੈ ਅਤੇ ਉਹ ਧਾਰਮਿਕ ਸਹਿਣਸ਼ੀਲਤਾ ਦੇ ਕਾਇਲ ਹਨ।”12[14] ਇਸ ਕਾਲ ਦੇ ਉੱਘੇ ਕਵੀ ਹੇਠ ਲਿਖੇ ਹਨ:- ਸ਼ਾਹ ਹੁਸੈਨ (1539-1593 ਈ:) ਸੁਲਤਾਨ ਬਾਹੂ (1631-1691 ਈ:) ਸ਼ਾਹ ਸ਼ਰਫ਼ (1656-1724 ਈ:)

ਸ਼ਾਹ ਹੁਸੈਨ ਮੁਗ਼ਲ ਕਾਲ ਦਾ ਪਹਿਲਾ ਅਤੇ ਸਿਰਮੌਰ ਕਵੀ ਹੈ। ਸ਼ਾਹ ਹੁਸੈਨ ਦਾ ਜਨਮ ਲਾਹੌਰ ਵਿੱਚ ਸ਼ੇਖ ਉਸਮਾਨ ਢੱਡੇ ਦੇ ਘਰ ਸੰਨ 945 ਹਿਜਰੀ ਵਿੱਚ ਹੋਇਆ। ਇਸ ਸੰਨ ਨੂੰ ਈਸਵੀ ਸੰਨ ਵਿੱਚ ਬਦਲਦਿਆਂ ਕਈ ਵਿਦਵਾਨਾਂ ਨੇ 1538 ਈ. ਲਿਖ ਦਿੱਤਾ ਅਤੇ ਕਈਆਂ ਨੇ 1539 ਈ.। ਡਾ. ਰਤਨ ਸਿੰਘ ਜੱਗੀ ਅਨੁਸਾਰ, “ਬਾਗਿ ਔਲਿਆਇ-ਹਿੰਦ ਵਿੱਚ ਮੌਲਵੀ ਮੁਹੰਮਦ ਦੀਨ ਸ਼ਾਹਪੁਰੀ ਦੁਆਰਾ ਸ਼ਾਹ ਹੁਸੈਨ ਬਾਰੇ ਦਿੱਤੀ ਜਾਣਕਾਰੀ ਦੇ ਆਧਾਰ ਤੇ ਉਹ ਕੁਲਜਸ ਰਾਏ ਰਾਜਪੂਤ ਦਾ ਪੋਤਾ ਸੀ ਤੇ ਬਾਦਸ਼ਾਹ ਫਰੋਜ਼ਸਾਹ ਤੁਗ਼ਲਕ ਦੇ ਰਾਜ-ਕਾਲ ਵੇਲੇ ਇਸਲਾਮ ਵਿੱਚ ਪ੍ਰਵੇਸ਼ ਕੀਤਾ।”13[15] ਉਸਦਾ ਪਿਤਾ ਲਾਹੌਰ ਰੁਜ਼ਗਾਰ ਦੀ ਭਾਲ ਵਿੱਚ ਆਇਆ ਸੀ ਅਤੇ ਉਹ ਉਥੇ ਸਿਪਾਹੀ ਦਾ ਕੰਮ ਛੱਡ ਕੇ ਜੁਲਾਹਾ ਬਣ ਗਿਆ। ਅਬੂ ਬਕਰ ਕੋਲੋਂ ਉਸਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਉਹ ਹਜ਼ਰਤ ਦਾਤਾ ਗੰਜ ਬਖ਼ਤ ਦੇ ਮਜ਼ਾਰ ਤੇ ਚਲੀਹੇ ਕੱਟਣ ਅਤੇ ਲਾਲ ਪੁਸਾਕ ਪਹਿਨਣ ਕਾਰਨ ਹੀ ਮਾਧੋ ਲਾਲ ਹੁਸੈਨ ਅਖਵਾਉਣ ਲੱਗਾ। ਉਸਨੇ ਸੱਤ ਸਾਲ ਦੀ ਉਮਰ ਵਿੱਚ ਹੀ ਕੁਰਾਨ ਸਰੀਫ਼ ਪੜ੍ਹ ਲਿਆ ਸੀ। ਪ੍ਰਸਿੱਧ ਸੂਫ਼ੀ ਸ਼ੇਖ ਬਹਿਲੋਲ ਉਸਦੇ ਰੂਹਾਨੀ ਮੁਰਸ਼ਦ ਸਨ। ਪ੍ਰੋ. ਬਿਕਰਮ ਸਿੰਘ ਘੁੰਮਣ ਅਨੁਸਾਰ, “ਉਹ ਇਤਨਾ ਪ੍ਰਭਾਵਸ਼ਾਲੀ ਸੀ ਕਿ ਤਿੰਨ ਸਾਲਾਂ ਵਿੱਚ ਹੀ ਉਸ ਨੇ ਕੁਰਾਨ ਦੇ ਛੇ ਭਾਗ ਜ਼ਬਾਨੀ ਯਾਦ ਕਰ ਲਏ ਸਨ ਤੇ ਉਸਨੂੰ ਹਾਫਿਜ਼ ਦੀ ਪਦਵੀ ਪ੍ਰਾਪਤ ਹੋ ਗਈ ਸੀ।”14[16] ਸ਼ਾਹ ਹੁਸੈਨ ਮਾਧੋ ਨਾਂ ਦੇ ਬ੍ਰਾਹਮਣ ਲੜਕੇ ਨੂੰ ਬਹੁਤ ਪਿਆਰ ਕਰਦਾ ਸੀ। ਜਿਸ ਕਾਰਨ ਉਸਨੂੰ ਮਾਧੋ ਲਾਲ ਹੁਸੈਨ ਕਿਹਾ ਜਾਣ ਲੱਗਾ। ਡਾ. ਰਤਨ ਸਿੰਘ ਜੱਗੀ ਅਨੁਸਾਰ, “ਹਕੀਕਤੁਲ ਫੁ਼ਕਰਾ ਵਿੱਚ ਸ਼ਾਹ ਹੁਸੈਨ ਦੀ ਮ੍ਰਿਤੂ ਦਾ ਸੰਨ 1008 ਹਿਜਰੀ ਦਿੱਤਾ ਹੈ ਜੋ ਈਸਵੀ ਸੰਨ ਵਿੱਚ 1599 ਜਾਂ 1600 ਬੈਠਦਾ ਹੈ ਇਸ ਹਿਸਾਬ ਨਾਲ ਉਸਦੀ ਆਯੂ 60 ਜਾਂ 61 ਵਰ੍ਹੇ ਬੈਠਦੀ ਹੈ।”15[17]

ਰਚਨਾ

[ਸੋਧੋ]

ਸ਼ਾਹ ਹੁਸੈਨ ਦਾ ਕੋਈ ਪ੍ਰਮਾਣਿਕ ਸੰਗ੍ਰਹਿ ਉਪਲਬਧ ਨਹੀਂ ਹੈ। ਉਸਦੀਆਂ ਮਿਲੀਆਂ ਰਚਨਾਵਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਉਸਦੀ ਰਚਨਾ ਕਾਫ਼ੀਆਂ ਅਤੇ ਸਲੋਕਾਂ ਵਿੱਚ ਮਿਲਦੀ ਹੈ। ਸ਼ਾਹ ਹੁਸੈਨ ਨੇ ਭਿੰਨ-ਭਿੰਨ ਰਾਗਾਂ ਵਿੱਚ ਰਚਨਾ ਕੀਤੀ ਜਿਵੇਂ ਧਨਾਸਰੀ, ਗੁਜਰੀ, ਆਸਾ, ਜੈਜੈਵੰਤੀ, ਵਡਹੰਸ, ਮਾਝ, ਤੁਖਾਰੀ, ਸੋਰਠਿ, ਬਸੰਤੁ, ਲਲਿਤ, ਕਾਨੜਾ, ਭੈਰਵੀ, ਕੈਦਾਰਾ ਦੇਵਗੰਧਾਰੀ ਰਾਗ ਆਦਿ। ਰਤਨ ਸਿੰਘ ਜੱਗੀ ਅਨੁਸਾਰ, “ਸ਼ਾਹ ਹੁਸੈਨ ਦੀ ਰਚਨਾ ਦੇ ਤਿੰਨ ਸੰਗ੍ਰਹਿ ਮਹਤਵਪੂਰਨ ਹਨ ਜੋ ਡਾ. ਮੋਹਨ ਸਿੰਘ ਦੀਵਾਨਾ, ਡਾ. ਸੁਰਿੰਦਰ ਸਿੰਘ ਕੋਹਲੀ ਅਤੇ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤੇ ਹਨ ਅਤੇ ਜਿੰਨਾਂ ਦਾ ਮੂਲ ਆਧਾਰ ਸ਼ਬਦ ਸਲੋਕ ਭਗਤਾਂ ਦੇ ਹੈ। ਇਹਨਾਂ ਤਿੰਨਾਂ ਸੰਗ੍ਰਹਿਆਂ ਵਿੱਚ ਕਾਫ਼ੀਆਂ ਦੀ ਗਿਣਤੀ ਸਮਾਨ ਨਹੀਂ ਹੈ। ਡਾ. ਦੀਵਾਨਾ ਨੇ 165, ਡਾ. ਕੋਹਲੀ ਨੇ 117 ਅਤੇ ‘ਸ਼ਬਦ ਸਲੋਕ` ਦੇ ਸੰਪਾਦਕ ਨੇ 129 ਦਰਜ਼ ਕੀਤੀਆਂ ਹਨ।”16[18] ਪਿਆਰਾ ਸਿੰਘ ਪਦਮ ਨੇ ‘ਹੁਸੈਨ ਰਚਨਾਵਲੀ` ਦੇ ਅੰਤ ਤੇ ਸ਼ਾਹ ਹੁਸੈਨ ਦੇ ਬੈਂਤ ਅਤੇ ਸਲੋਕਵੀ ਦਿੱਤੇ ਹਨ।17[19] ਡਾ. ਮਹੋਨ ਸਿੰਘ ਨੇ ਸ਼ਾਹ ਹੁਸੈਨ ਦਾ ਖਿਆਲ ਤੇ ਸ਼ਬਦ ਵੀ ਦਿੱਤੇ ਹਨ।18[20]

ਵਿਸ਼ਾ ਤੇ ਵਿਚਾਰਧਾਰਾ

[ਸੋਧੋ]

ਸ਼ਾਹ ਹੁਸੈਨ ਦੀ ਰਚਨਾ ਦਾ ਵਿਸ਼ਾ ਰੱਬੀ ਪਿਆਰ, ਸੰਸਾਰਿਕ ਨਾਸ਼ਮਾਨਤਾ, ਨਿਮਰਤਾ, ਨਿਰਮਾਣਤਾ, ਬਿਰਹੋਂ ਆਦਿ ਹੈ। ਉਸਦਾ ਅਨੁਭਵ ਅਧਿਆਤਮਕ ਸੂਫ਼ੀ ਰਹੱਸ ਵਾਲਾ ਹੈ। ਉਸਦੀ ਬੋਲੀ ਸਰਲ, ਸਾਦੀ ਤੇ ਮਿੱਠੀ ਹੈ। ਉਹ ਖੁਦਾ ਦੀ ਪ੍ਰਾਪਤੀ ਲਈ ਆਪਾ ਤਿਆਗਣ ਤੇ ਜ਼ੋਰ ਦਿੰਦਾ ਹੈ। ਉਸਦਾ ਵਿਚਾਰ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਮੱਨੁਖੀ ਆਤਮਾ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਜਰੂਰੀ ਹੈ। ਮੌਤ ਇੱਕ ਅੱਟਲ ਸੱਚਾਈ ਹੈ। ਰੱਬ ਦੇ ਮਿਲਾਪ ਲਈ ਸਤਿਸੰਗ ਸਹਾਈ ਹੋ ਸਕਦੀ ਹੈ।

ਕਾਵਿ ਗੁਣ

[ਸੋਧੋ]

ਸ਼ਾਹ ਹੁਸੈਨ ਨੇ ਸਰਲ ਸਾਦੀ ਅਤੇ ਸਪਸ਼ਟ ਬੋਲੀ ਦੇ ਨਾਲ ਨਾਲ ਮਹਾਨ ਸ਼ਬਦ ਭੰਡਾਰ, ਮੁਹਾਵਰੇ, ਉਪਮਾ ਤੇ ਰੂਪਕਾਂ ਦੀ ਵਰਤੋਂ ਕਰਕੇ ਪੰਜਾਬੀ ਕਾਵਿ ਖੇਤਰ ਵਿੱਚ ਨਵੀਂ ਪਿਰਤ ਪਾਈ। ਉਸਦੇ ਸਲੋਕ ਦੋਹਰੇ ਵਾਲੇ ਹਨ। ਸ਼ਾਹ ਹੁਸੈਨ ਨੇ ਪੰਜਾਬੀ ਵਿੱਚ ਪਹਿਲੀ ਵਾਰ ਕਾਫ਼ੀ ਕਾਵਿ ਰੂਪ ਵਰਤਿਆ ਉਸਨੇ ਧਰਮ ਦੇ ਫਲਸਫੇ ਭਰੇ ਬਹੁਤ ਸ਼ਬਦ ਵਰਤੇ ਇਸ ਤੋਂ ਇਲਾਵਾ ਅਰਬੀ ਫਾਰਸੀ ਦੇ ਤਤਸਮ ਤੇ ਤਦਭਵ ਸ਼ਬਦਾਂ ਦੀ ਵਰਤੋਂ ਕੀਤੀ। ਉਸਦੀ ਰਚਨਾ ਵਿੱਚ ਲਹਿੰਦੀ ਦੇ ਸ਼ਬਦ ਵੀ ਮਿਲਦੇ ਹਨ ਜਿਵੇਂ ਵੈਦ, ਕੈਂਦਾ, ਮੈਂਹਡੀ, ਥੀਸਨ, ਥੀਵੇਂ ਆਦਿ। ਉਸਨੇ ਗੁਰਮਤਿ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਿਵੇਂ ਹਰਫ਼, ਕੁਰਾਨ, ਤਕੀਆ, ਫ਼ਾਨੀ ਆਦਿ। ਸ਼ਾਹ ਹੁਸੈਨ ਨੇੇ ਬਿੰਬਾਵਲੀ ਆਮ ਜੀਵਨ ਵਿਚੋਂ ਲਈ ਹੈ ਜਿਵੇਂ ਸਹੁਰਾ-ਪੇਕਾ, ਸਰਾਂ-ਮੁਸਾਫ਼ਰ, ਗੁੜ-ਮੱਖੀ, ਪੋਸਤ, ਮੀਂਹ, ਚੰਦਨ ਆਦਿ। ਉਸਦੀ ਕਵਿਤਾ ਵਿਯੋਗ ਨਾਲ ਭਿੱਜੀ ਹੁੰਦੀ ਹੈ ਜਿਵੇਂ:-

ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ? ਸੂਲਾਂ ਮਾਰ ਦੀਵਾਨੀ ਕੀਤੀ, ਬਿਰਤੋਂ ਪਿਆ ਮੇਰੇ ਖਿਆਲ ਨੀ। ਧੂਖਣ ਧੂਏਂ ਸੂਲਾਂ ਵਾਲੇ, ਜਾਂ ਫੋਲਾਂ ਤਾਂ ਲਾਲ ਨੀ।

ਇਸ ਤਰ੍ਹਾਂ ਸ਼ਾਹ ਹੁਸੈਨ ਦੀ ਸੂਫੀ ਕਾਵਿ ਵਿੱਚ ਮਹਾਨ ਦੇਣ ਹੈ। ਉਸ ਨੇ ਸੂਫ਼ੀ ਕਾਵਿ ਵਿੱਚ ਅਜਿਹੀਆਂ ਪਿਰਤਾਂ ਪਾਈਆਂ ਜਿਹਨਾਂ ਨੇ ਆਉਣ ਵਾਲੇ ਸੂਫ਼ੀਆਂ ਦਾ ਮਾਰਗ ਦਰਸ਼ਨ ਕੀਤਾ।

ਸੁਲਤਾਨ ਬਾਹੂ (1631-1691)

[ਸੋਧੋ]

ਸੁਲਤਾਨ ਬਾਹੂ ਪੰਜਾਬੀ ਸੂਫ਼ੀ ਕਾਵਿ ਦਾ ਚਮਕਦਾ ਸਿਤਾਰਾ ਹੈ। ਇੰਨ੍ਹਾਂ ਦਾ ਜਨਮ ਪਿੰਡ ਅਵਾਣ ਤਹਿਸੀਲ ਸ਼ੇਰਕੋਟ (ਝੰਗ) ਵਿਖੇ ਪਿਤਾ ਬਜੀਰ ਮਹੁੰਮਦ ਦੇ ਘਰ ਬੀਬੀ ਰਾਸਤੀ-ਕੁਦਸ-ਸਰਾ ਦੀ ਕੁਖੋਂ ਸੰਨ 1631 ਈ. ਨੂੰ ਹੋਇਆ। “ਸੁਲਤਾਨ ਬਾਹੂ ਦੀ ਮਾਂ ਬੀਬੀ ਰਾਸਤੀ ਪਾਕ, ਖ਼ੁਦ ਇੱਕ ਦਰਵੇਸ਼ ਔਰਤ ਸੀ। ਉਸਨੇ ਉਸਦਾ ਨਾਮ ਸੋਚ ਸਮਝ ਕੇ ਰੱਖਿਆ ਸੀ। ਬਾਹੂ ਸ਼ਬਦ ਵਿੱਚ ‘ਬਾ` ਅਰਥਾਤ ਨਾਲ ਤੇ ‘ਹੂ` ਅਰਥਾਤ ਅੱਲਾਹ। ਉਹ ‘ਅੱਲਾਹ ਦੇ ਨਾਲ` ਹੀ ਨਹੀਂ ਰਹਿੰਦਾ ਸੀ ਬਲਕਿ ਉਸਦੀ ਰਜ਼ਾ ਨੂੰ ਰਜ਼ਾ ਵੀ ਸਮਝਦਾ ਸੀ।....... ਉਸਨੇ ਆਪਣੇ ਸਾਹ ਦੇ ਨਾਲ-ਨਾਲ ਆਪਣੇ ਕਲਾਮ ਰਾਹੀਂ, ‘ਹੂ` ਦੇ ਜ਼ਿਕਰ ਨਾਲ ਇੰਝ ਕੀਤਾ ਕਿ ‘ਹੂ` ਦੇ ਜ਼ਿਕਰ ਨਾਲ ‘ਬਾਹੂ` ਦਾ ਜ਼ਿਕਰ ਤੇ ‘ਬਾਹੁ` ਦੇ ਜ਼ਿਕਰ ਨਾਲ ‘ਹੂ` ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ।”19[21] ਇੰਨ੍ਹਾਂ ਨੇ 4 ਵਿਆਹ ਕੀਤੇ ਜਿੰਨ੍ਹਾਂ ਤੋਂ 8 ਪੁੱਤਰ ਪੈਦਾ ਹੋਏ। ਇੰਨ੍ਹਾਂ ਦੀ ਮ੍ਰਿਤੂ 2 ਮਾਰਚ 1691 ਈ. ਵਿੱਚ ਸ਼ੂਰਕੋਟ ਵਿਖੇ ਹੋਈ ਜਿੱਥੇ ਹੁਣ ਵੀ ਮਜ਼ਾਰ ਖੜਾ ਹੈ।

ਵਿਸ਼ਾ ਪੱਖ

[ਸੋਧੋ]

ਸੁਲਤਾਨ ਬਾਹੂ ਦੀ ਰਚਨਾ ਬਾਰੇ ਕੋਈ ਪ੍ਰਮਾਣਿਕ ਤੱਥ ਉਪਲਬਧ ਨਹੀਂ। ਉਂਜ ਬਾਹੂ ਅਰਬੀ-ਫ਼ਾਰਸੀ ਦਾ ਵਿਦਵਾਨ ਸੀ। ਉਸਨੇ ਆਪਣੇ ਭਾਵ ਇੰਨ੍ਹਾਂ ਭਾਸ਼ਾਵਾਂ ਵਿੱਚ ਹੀ ਪ੍ਰਗਟਾਏ ਹਨ। “ਇਸ ਸੰਬੰਧ ਵਿੱਚ ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਆਪਣੇ ਸ਼ੋਧ-ਪੰਜਾਬ ‘ਪੰਜਾਬੀ ਸੂਫ਼ੀ ਪੋਇਟਸ` ਵਿੱਚ ‘ਤਵਾਰੀਖ ਸੁਲਤਾਨ ਬਾਹੂ` ਦੇ ਹਵਾਲੇ ਨਾਲ ਬਾਹੂ ਦੀਆਂ ਅਰਬੀ-ਫਾਰਸੀ ਵਿੱਚ ਲਿਖੀਆਂ 140 ਰਚਨਾਵਾਂ ਦਾ ਉਲੇਖ ਕੀਤਾ ਹੈ।”20[22] ਜਿੰਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ ਐਨ-ਉਲ-ਫੁਕਰਾ, ਦੀਵਾਨ ਬਾਹੂ, ਅਕਲ ਬੇਦਾਰ, ਸ਼ਮਸ ਉਲ ਆਰਫੀਨ, ਮਫਤਾਹ ਉਲ ਆਰਫੀਨ, ਮੁਹਕਮ ਉਲ-ਫੁਕਰਾ, ਗੰਜ ਅਲਅਸਰਾਰ ਉਸਦੀਆਂ ਫਾਰਸੀ ਦੀਆਂ 50 ਗਜ਼ਲਾਂ ਦਾ ਅਨੁਵਾਦ ਪੰਜਾਬੀ ਵਿੱਚ ਹੋਇਆ ਹੈ। ਨਿਰੋਲ ਪੰਜਾਬੀ ਵਿੱਚ ਬਾਹੂ ਦੀ ਰਚਨਾ ‘ਸ਼ੀ-ਹਰਫ਼ੀ` ਕਾਵਿ ਵਿਧਾ ਦੇ ਰੂਪ ਵਿੱਚ ਹੀ ਪਾਈ ਜਾਂਦੀ ਹੈ। ਵਿਸ਼ਾਗਤ ਦ੍ਰਿਸ਼ਟੀ ਤੋਂ ਬਾਹੂ ਦੀ ਰਚਨਾ ਵਿਚੋਂ ਸਰਵ-ਈਸ਼ਵਰਵਾਦ, ਰੱਬੀ ਇਸ਼ਕ `ਤੇ ਬਲ, ਦੁਨੀਆ ਦੀ ਨਾਸ਼ਮਾਨਤਾ ਮੁਰਸ਼ਦ ਦਾ ਮਹੱਤਵ, ਫ਼ਕੀਰੀ, ਫਨਾਹ ਅਤੇ ਬਕਾਅ, ਨੈਤਿਕਤਾ ਤੇ ਸਦਾਚਾਰ ਵਿਸ਼ਿਆਂ ਸੰੰਬੰਧੀ ਵਿਸਤ੍ਰਿਤ ਉਲੇਖ ਮਿਲਦਾ ਹੈ। ਜਦੋਂ ਕਿ ਰਚਨਾ ਦਾ ਕੇਂਦਰੀ ਵਿਸ਼ਾ ਇਸ਼ਕ ਇਲਾਹੀ ਹੈ ਅਥਵਾ ਅਦਿੱਖ ਰੱਬੀ ਪ੍ਰੇਮ ਹੈ। “ਮੈਂ ਦਿਲ ਵਿਚੋਂ ਹੈ ਸ਼ੌਹ ਪਾਇਆ, ਲੋਕ ਜਵਾਨ ਮੱਕੇ ਮਦੀਨੇ ਹੂ, ਕਹੈ ਫਕੀਰ ਮੀਰਾਂ ਦਾ ਬਾਹੂ, ਸਭ ਦਿਲਾਂ ਦੇ ਵਿੱਚ ਖਜੀਨੇ ਹੂ।”21[23]

ਸੁਲਤਾਨ ਬਾਹੂ ਦੀਆਂ ਵਾਰਤਕ ਰਚਨਾਵਾਂ ਤੋਂ ਇੱਕ ਫਿਰਕਾਪ੍ਰਸਤ ਕੱਟੜ ਕਾਦਰੀ ਮੁਸਲਮਾਨ ਦਾ ਪ੍ਰਭਾਵ ਪੈਂਦਾ ਹੈ। ਪਰ ਹੈਰਾਨੀ ਦੀ ਗੱਲ ਹੈ ਪੰਜਾਬੀ ਵਿੱਚ ਮਿਲਦੀ ਕਵਿਤਾ ਵਿੱਚ ਇੰਨ੍ਹਾਂ ਨਜ਼ਰੀਆਂ ਮਾਨਵਤਵਾਦੀ ਦਿਸਦਾ ਹੈ ਜੋ ਹਿੰਦੂ ਤੇ ਮੁਸਲਮਾਨ, ਸ਼ੀਆ ਤੇ ਸੁੰਨ, ਮੁੱਲਾਂ ਤੇ ਕਾਜ਼ੀ ਵਿੱਚ ਕੋਈ ਭੇਦ ਨਹੀਂ ਕਰਦਾ।

ਕਲਾ ਪੱਖ

[ਸੋਧੋ]

ਸੁਲਤਾਨ ਬਾਹੂ ਦੀ ਕਵਿਤਾ ਦੀ ਰੂਪਗਤ ਵਿਸ਼ੇਸ਼ਤਾ ਦੇ ਸੰਬੰਧੀ ਇਹ ਕਿਹਾ ਜਾਂਦਾ ਹੈ ਕਿ ਸੁਲਤਾਨ ਬਾਹੂ ਪੰਜਾਬੀ ਦਾ ਪਹਿਲਾ ਕਵੀ ਹੈ। ਜਿਸਨੇ ਆਪਣੇ ਵਿਚਾਰਾਂ ਦੇ ਪ੍ਰਗਟਾ ਲਈ ਸੀ-ਹਰਫ਼ੀ ਕਾਵਿ ਰੂਪ ਵੀ ਵਰਤੋਂ ਕੀਤੀ ਹੈ। ਬਾਹੂ ਨੇ ਕੇਂਦਰੀ ਪੰਜਾਬੀ ਦੇ ਮੁਹਾਵਰੇ ਅਧੀਨ ਭਾਸ਼ਾ ਦੀ ਵਰਤੋਂ ਕੀਤੀ ਹੈ। ਉਸਦੀ ਭਾਸ਼ਾ ਭਾਵ ਤੇ ਸੰਜਮ ਅਨੁਕੂਲ ਹੈ। ਉਸਦੀ ਭਾਸ਼ਾ ਵਿੱਚ ਝੰਗੀ ਭਾਸ਼ਾ ਦੇ ਸ਼ਬਦ ਆਉਂਦੇ ਹਨ ਪਰ ਇਹ ਸ਼ਬਦ ਪੰਜਾਬੀ ਲਈ ਓਪਰੇ ਨਹੀਂ ਹਨ। ਉਸਨੇ ਬੈਂਤ ਤੇ ਦੋਹੜੇ ਛੰਦ ਦੀ ਵਰਤੋਂ ਕੀਤੀ ਹੈ। “ਉਸਨੇ ਅਖਾਣਾਂ ਤੇ ਮੁਹਾਵਰਿਆਂ ਨੂੰ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਗੁੰਦਿਆ ਹੈ ਕਿ ਇੱਕ ਪਾਸੇ ਭਾਵਾਂ ਦੀ ਸ਼ਪਸ਼ੱਟਤਾ ਵਧੀ ਹੈ ਦੂਜੇ ਪਾਸੇ ਲੋਕ-ਜੀਵਨ ਨਾਲ ਸਾਂਝ ਪਈ ਹੈ ਜਿਵੇਂ:-

ਦਾਲ ਦਿਲ ਦਰਿਆਂ ਸਮੁੰਦਰੋਂ ਡੂੰਘਾ, ਕੌਣ ਦਿਲਾਂ ਦੀਆਂ ਜਾਣੇ ਹੂ।੬੩।”22[24]

ਹਰ ਤੁਕ ਦੇ ਅੰਤ ਵਿੱਚ ‘ਹੂ` ਸ਼ਬਦ ਉਸਦੀ ਰਚਨਾ ਵਿੱਚ ਸਰੋਦੀ ਹੂਕ ਭਰ ਦਿੰਦਾ ਹੈ। ਰਵਾਨੀ ਪੱਖ ਤੋਂ ਇਹ ਕਾਫ਼ੀ ਸਲਾਘਾਯੋਗ ਹੈ। ਕਿਤੇ-ਕਿਤੇ ਤਾਂ ਵਲਵਲਾ ਤੇ ਰਾਗ ਮੱਚ-ਮੱਚ ਕੇ ਪੈਂਦੇ ਹਨ। ਆਪ ਜੀ ਦੀ ਰਚਨਾ ਵਿੱਚ ਬੁੱਧੀ ਤੇ ਭਾਵਾਂ ਦਾ ਸੰਤੁਲਨ ਦ੍ਰਿਸ਼ਟੀਗੋਚਰ ਹੁੰਦਾ ਹੈ।

‘ਅਲਫ਼ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ ਨਫ਼ੀ ਇਸਬਾਤ ਦਾ ਪਾਣੀ ਮਿਲਿਆ, ਹਰ ਰੰਗੇ ਵਿੱਚ ਜਾਈ ਹੂ।`

“ਸੁਲਤਾਨ ਬਾਹੂ ਜਲਾਲੀ ਤੇ ਜਮਾਲੀ ਸੂਫ਼ੀ ਸੀ। ਸੁਲਤਾਨੁਲਆਰਫ਼ੀਨ ਵਾਂਗ ਉਹ ਪੰਜਾਬੀ ਸੂਫ਼ੀਆਂ ਦਾ ਸੁਲਤਾਨ ਸੀ ਉਹ ਠਾਠ ਨਾਲ ਰਹਿੰਦਾ ਸੀ। ਉਸਦੇ ਸਿਰ ਤੇ ਛਤਰ ਝੂਲਦਾ ਸੀ। ਔਰਗਜ਼ੇਬ ਬਾਦਸ਼ਾਹ ਸੁਲਤਾਨ ਬਾਹੂ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਬਾਹੂ ਨੇ ਬਾਦਸ਼ਾਹ ਵਲ ਕੋਈ ਵਿਸ਼ੇੇਸ਼ ਧਿਆਨ ਨਾ ਦਿੱਤਾ। ਬਾਹੂ ਸਰਵਰੀ ਕਾਦਰੀ ਸਿਲਸਿਲੇ ਦਾ ਸੂਫੀ ਸੀ।”23[25] ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੁਲਤਾਲ ਬਾਹੂ ਇੱਕ ਸੂਫ਼ੀ ਕਵੀ ਹੈ ਭਾਵੇਂ ਗਿਣਤੀ ਪੱਖੋਂ ਉਸਦੀ ਰਚਨਾ ਘੱਟ ਹੈ ਪਰ ਗੁਣਾਂ ਪੱਖੋਂ ਵਧੇਰੇ ਮਹੱਤਵ ਰੱਖਦੀ ਹੈ।

ਸ਼ਾਹ ਸ਼ਰਫ਼ (1656-1724)

[ਸੋਧੋ]

ਸ਼ਾਹ ਸ਼ਰਫ਼ ਇਸ ਕਾਲ ਦੇ ਉੱਘੇ ਰਹੱਸਵਾਦੀ ਸੂਫ਼ੀ ਫ਼ਕੀਰ ਹੋਏ ਹਨ। ਮੁਹੰਮਦ ਬਖਸ ‘ਮੈਫ਼ਲ ਮਲੂਕ` ਵਿੱਚ ਆਪ ਬਾਰੇ ਲਿਖਦਾ ਹੈ:-

ਸੁਖਨ ਸ਼ਰੀਫ ਸ਼ਰਫ਼ ਦੇ ਰੱਜੇ, ਕੱਬੇ ਸ਼ਾਹ ਸ਼ਰਫ ਦੇ, ਪੰਧ ਪਿਆਂ ਨੂੰ ਰਾਹ ਦਿਖਾਵਣ, ਰਾਹ ਬਰ ਉਸ ਤਰਫ਼ ਦੇ

ਇਨ੍ਹਾਂ ਦਾ ਜਨਮ 1656 ਈ. ਨੂੰ (ਜ਼ਿਲ੍ਹਾ ਗੁਰਦਾਸਪੁਰ) ਬਟਾਲੇ ਵਿਖੇ ਹੋਇਆ। ਦਾਦਾ ਪਰੀ ਖਤਰੀ ਸੀ. ਜੋ ਮਹਿਕਮਾ ਮਾਲ ਵਿੱਚ ਕਾਨੂੰਗੋ ਦੇ ਅਹੁਦੇ ਤੇ ਸੀ। ਉਨ੍ਹਾਂ ਨੇ ਇਸਲਾਮ ਨੂੰ ਪਸੰਦ ਕੀਤਾ ਤੇ ਪਰਿਵਾਰ ਸਮੇਤ ਮੁਸਲਮਾਨ ਹੋ ਗਏ। ਸ਼ਾਹ ਸ਼ਰਫ਼ ਨੂੰ ਜਵਾਨੀ ਵਿੱਚ ਫਕੀਰੀ ਦੀ ਲੌ ਲੱਗੀ ਤੇ ਉੁਹ ਲਾਹੌਰ ਚਲੇ ਗਏ। ਇੱਥੇ ਸ਼ੇਖ ਮੁਹੰਮਦ ਫਾਜ਼ਲ ਕਾਦਰੀ ਦੇ ਮੁਰੀਦ ਬਣੇ, ਜੋ ਕਿ ਬਟਾਲੇ ਦੇ ਵਸਨੀਕ ਸਨ। ਇੱਥੋਂ ਹੀ ਇਹਨਾਂ ਨੂੰ ‘ਸ਼ਾਹ ਸ਼ਰਫ` ਦਾ ਖਿਤਾਬ ਦਿੱਤਾ ਗਿਆ ਤੇ ਬਾਕੀ ਸਾਰੀ ਉਮਰ ਮੁਰਸ਼ਦ ਪਾਸ ਲਾਹੌਰ ਰਹੇ। “ਮੌਲਾ ਬਖ਼ਸ ਕੁਸ਼ਤਾ, ਕਵੀ ਦੀ ਮ੍ਰਿਤੂ 1137 ਹਿਜਰੀ (1725 ਈ.) ਦਿੰਦਾ ਹੈ, ਨਾਲ ਹੀ ਲਿਖਦਾ ਹੈ- ਕਿ ਉਸਨੇ ਲਗਭਗ 66 ਵਰੇ੍ਹ ਦੀ ਆਯੂ ਭੋਗੀ, ਇਸ ਹਿਸਾਬ ਨਾਲ ਉਹਨਾਂ ਦੀ ਜਨਮ ਮਿਤੀ 1659 ਦੀ ਹੀ ਬਣਦੀ ਹੈ।”24[26] ਇੰਨ੍ਹਾਂ ਦਾ ਮਜ਼ਾਰ ਲਾਹੌਰ ਜੇਲਖਾਨੇ ਦੇ ਨੇੜੇ ਬਣਿਆ ਹੋਇਆ ਹੈ। ਸੋਧ ਸਾਰ (ਸੰਖ਼ੇਪ ਵਿੱਚ ਆਪਣੀ ਕੀਤੀ ਤਬਦੀਲੀ ਬਾਰੇ ਦੱਸੋ):

ਵਿਸ਼ਾ-ਪੱਖ

[ਸੋਧੋ]

ਸ਼ਾਹ ਸ਼ਰਫ਼ ਦੀ ਰਚਨਾ ਦਾ ਕੋਈ ਪ੍ਰਮਾਣਿਕ ਸੰਕਲਨ ਨਹੀਂ ਮਿਲਦਾ। ਫਿਰ ਵੀ ਉਸਨੇ ਸੂਫੀ ਕਵੀਆਂ ਦੀ ਰਹੱਸਵਾਦੀ ਲਹਿਰ ਨੂੰ ਅੱਗੇ ਤੋਰਿਆ ਹੈ। ਇਧਰ-ਉਧਰ ਖਿਲਰੇ ਕੁਝ ਸ਼ਬਦ ਅਤੇ ਕਾਫੀਆਂ ਜ਼ਰੂਰ ਮਿਲਦੀਆਂ ਹਨ। ਜਿੰਨ੍ਹਾਂ ਦੀ ਪ੍ਰਮਾਣਿਤਾ ਬਾਰੇ ਕੋਈ ਵੀ ਗੱਲ ਦ੍ਰਿੜਤਾ ਪੂਰਵਕ ਨਹੀਂ ਕਹੀ ਜਾ ਸਕਦੀ। ਜਿੰਨ੍ਹਾਂ ਵਿੱਚੋਂ ਇਸ਼ਕ ਦੇ ਬਿਖਰੇ ਪੰਧ ਅਤੇ ਮੁਰਸਦ ਦੀ ਅਗਵਾਈ ਵਿੱਚੋਂ ਜਾਨ ਤਲੀ ਤੇ ਰੱਖ ਕੇੇ ਚੱਲਣ ਦਾ ਉਪਦੇਸ਼ ਮਿਲਦਾ ਹੈ। “ਸ਼ਾਹ ਸ਼ਰਫ ਦੇ ਨਾਂ ਤੇ ਅੱਠ ਕਾਫ਼ੀਆਂ ਅਤੇ ਪੰਜ ਪਦ ਮਿਲਦੇ ਹਨ। ‘ਸ਼ੁਤਰਨਾਮਾ` ਇਨ੍ਹਾਂ ਤੋਂ ਵੱਖਰਾ ਹੈ।”25[27] ਇਸ ਤੋਂ ਬਿਨ੍ਹਾਂ ਦੋਹੜੇ ਵੀ ਉਨ੍ਹਾਂ ਦੀ ਰਚਨਾ ਵਿੱਚ ਸ਼ਾਮਿਲ ਕੀਤੇ ਗਏ ਹਨ। ਸ਼ਰਫ਼ ਦੇ ਕਲਾਮ ਦਾ ਮੂਲ ਸ੍ਵਰ ਪ੍ਰੇਮ ਹੈ। ਇਸ਼ਕ ਸੂਫੀ ਸਾਧਨਾ ਦਾ ਧੁਰਾ ਹੈ। ਧਰਮ ਸੱਤਾ ਨੂੰ ਮਿਲਣ ਦਾ ਮਨੁੱਖ ਜੀਵਨ ਹੀ ਇੱਕ ਮਾਤ੍ਰ ਉਪਾਅ ਹੈ। ਇਸ ਸਬੰਧ ਵਿੱਚ ਉਸਦੇ ਪ੍ਰੇਮ ਪ੍ਰਦਰਸ਼ਨ ਦੀ ਪਹਿਲੀ ਵਿਸ਼ੇਸ਼ਤਾ ਪ੍ਰੇਮ ਲਈ ਜਗਿਆਸਾ ਹੈ, ਲੋਚਾ ਹੈ। ਜਿਸਨੂੰ ਪੁਰਵਾਨੁਰਾਗ ਵੀ ਕਿਹਾ ਜਾ ਸਕਦਾ ਹੈ। “ਗੁਰਬਾਣੀ ਵਾਲਾ ਵਿਸ਼ਾ, ਸ਼ੇਖ ਫ਼ਰੀਦ ਵਾਲੀ ਸ਼ਬਦਾਵਲੀ ਤੇ ਦਮੋਦਰ ਵਾਲਾ ਰੰਗ ਇੱਕੋ ਥਾਂ ਤੇ ਗਡ-ਮਡ ਹੋਏ ਦਿਖਾਈ ਦਿੰਦੇ ਹਨ:

ਬਰਖੇ ਅਗਨਿ ਦਿਖਾਵੈ ਪਾਨੀ, ਰੌਦਿਆ ਰੈਣਿ ਵਿਹਾਣੀ, ਤਾਂ ਮੈਂ ਸਾਰ ਵਿਛੋੜੇ ਦੀ ਜਾਣ ॥੧॥ ਮੈਂ ਬਿਰਹੁ ਖੜੀ ਰਿਝਾਨੀਆਂ” ਮੈਂ ਸਾਰ ਵਿਛੋੜੇ ਦੀ ਜਾਣੀਆ ॥੧॥ਰਹਾਓ॥”26[28]

ਇਸ ਤੋਂ ਸੱਪਸ਼ਟ ਹੁੰਦਾ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਬਿਰਹੋਂ ਦਾ ਰੰਗ ਸਾਫ਼ ਵੇਖਣ ਲੂੰ ਮਿਲਦਾ ਹੈ।

ਕਾਵਿ ਕਲਾ

[ਸੋਧੋ]

ਸ਼ਾਹ ਸ਼ਰਫ਼ ਦੀ ਕਾਵਿ ਕਲਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ਰਫ਼ ਨੇ ਜਿੱਥੇ ਆਪਣੀ ਸ਼ਾਇਰੀ ਵਿੱਚ ਸੱਚੇ ਇਸ਼ਕ ਤੇ ਸੱਚੇ ਆਸ਼ਕ ਦਾ ਵਰਨਣ ਕੀਤਾ ਹੈ, ਉੱਥੇ ਉਸਦੀ ਸ਼ਬਦਾਵਲੀ ਵਿੱਚ ਫ਼ਾਰਸੀ ਤੇ ਲਹਿੰਦੀ ਭਾਸ਼ਾ ਦੇ ਅੰਸ਼ ਵੀ ਮਿਲਦੇ ਹਨ। ਭਾਵੇਂ ਬੋਲੀ ਠੇਠ ਪੰਜਾਬੀ ਹੀ ਹੈ। ਅੱਠ ਕਾਫ਼ੀਆਂ ਰਾਗਆਸਾ, ਆਸਾਵਰੀ, ਧਨਾਸਰੀ ਤੇ ਬਸੰਤ ਵਿੱਚ ਹੋਈਆ ਮਿਲਦੀਆਂ ਹਨ। ਜਿੰਨ੍ਹਾਂ ਵਿੱਚ ਵਿਯੋਗ ਦੀ ਪੀੜਾ ਦਾ ਭਾਵ ਬੜੇ ਸੁੱਚਜੇ ਢੰਗ ਨਾਲ ਚਿਤਰਿਆ ਹੈ:-

‘ਚਾਇ ਬਖਸੀ ਰੱਬਾ ਮੇਰੇ ਕੀਤੇ ਨੂੰ` ਅਉਗੁਣਿਆਣੀ ਨੂੰ ਕੋ ਗੁਣ ਨਾਹੀ, ਨਾਹੀ ਲਾਜਾ ਪਈ ਤਓ ਮੀਤ ਨੂੰ ਦਾਮਨ ਲੱਗਿਆ ਦੀ ਸ਼ਰਫ ਤੁਸਾਨੂੰ ਘੱਤ ਡੋਰੀ ਮੇਰੇ ਚੀਤ ਨੂੰ।

ਪ੍ਰਸਿੱਧ ਰਚਨਾ ‘ਸ਼ੁਤਰਨਾਮਾ` ਵਿੱਚ ਸ਼ੁਤਰ ‘ਊਠ` ਨੂੰ ਕਿਹਾ ਗਿਆ ਹੈ। ਜਿਸ ਵਿੱਚ ਉਸਨੇ ਆਪਣੇ ਮੌਲਿਕ ਅੰਦਾਜ਼ ਵਿੱਚ ਊਠ ਪ੍ਰਤੀਕ ਨਾਲ ਤਵਸੁੱਫ ਦੀਆਂ ਰਮਜ਼ਾਂ ਸਮਝਾਈਆਂ ਹਨ:-

ਜੇਕਰ ਸ਼ੁਤਰ ਕਬੂਲ ਨਾਂਹ ਕਰਦਾ ਮੱਤੇ ਰੋਜ ਅਜ਼ਲ ਵਾਕਿਫ਼ ਰਮਜ਼ ਨਾਂਹ ਹੁੰਦਾ ਮੁੜ ਕੇ, ਇਸ਼ਕ ਹਮੇਲ ਨਾ ਪਾਉਂਦਾ ਗਲ

“ਸ਼ਾਹ ਸ਼ਰਫ਼ ਨੇ ਮੱਧ-ਯੁੱਗ ਦੀ ਭਾਰਤੀ ਭਗਤੀ ਦੀ ਅਧਿਆਤਮਿਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਵੇਂ:- ਚਿਤਵਨ ਮੀਤ, ਬੳਗਨਾ, ਤਨੁ ਮਨੁ ਵਹਾਓ, ਪ੍ਰੀਤ ਦੀ ਰੀਤ, ਜਗ ਮਹਿ ਜੀਵਨ, ਪੀਰ ਬਤਾਈ ਵਾਟੜੀ, ਅੳਘਟਿ ਘਾਟੜੀ ਆਦਿ।”27[29] ਇਹ ਸ਼ਬਦਵਾਲੀ ਗੁਰਬਾਣੀ ਤੇ ਸੂਫ਼ੀ ਕਾਵਿ ਵਿੱਚੋਂ ਹੀ ਲਈ ਗਈ ਹੈ। ਭਾਵਾਂ ਨੂੰ ਸਹੀ ਢੰਗ ਨਾਲ ਅਭਿਵਿਅਕਤ ਕਰਨ ਲਈ ਢੁੱਕਵੇ ਉਪਮਾਨ ਵਰਤੇ ਗਏ ਜਿਵੇਂ:- “ਸੁਹ ਬਿਨ ਕਦ ਸਖ ਪਾਵਈ ਦੇ ਭਾਵ ਨੂੰ ਦ੍ਰਿੜ ਕਰਨ ਲਈ ਅਤੇ ਉਸਦਾ ਤੀਬਰ ਪ੍ਰਭਾਵ ਪਾਉਣ ਲਈ ਮੱਛੀ ਅਤੇ ਕੂੰਜ ਦੀ ਤੜਪ ਦਾ ਸੁੰਦਰ ਉਪਮਾਨ ਵਿਧਾਨ ਕੀਤਾ ਹੈ:- ਜਿਓ ਜਲ ਬਿਨ ਮੀਨ ਤੜਫਾਵਈ, ਜਿਓ ਵਿਛੜੀ ਕੂੰਜ ਕਰਲਾਵਦੀ ਰਚਨਾ ਨੂੰ ਪ੍ਰਭਾਵਸਾਲੀ ਬਣਾਉਣ ਲਈ ਸਦ੍ਰਿਸ਼ਤਾ-ਮੂਲਕ ਅਲੰਕਾਰਾਂ ਦੀ ਵਰਤੋਂ ਕੀਤੀ ਹੈ।”28[30] ਜਿੰਨ੍ਹਾਂ ਵਿੱਚ ਬਾਬਲ ਦਾ ਘਰ, ਹਾਰ ਚੜੀਆ ਕੇ ਆਦਿ ਹਨ ਜੋ ਲੋਕ ਜੀਵਨ ਦੀ ਅਗਵਾਈ ਕਰਦੇ ਹਨ ਭਾਵੇਂ ਸ਼ਾਹ ਸ਼ਰਫ ਦੀ ਰਚਨਾ ਘੱਟ ਉਪਲਬਧ ਹੈ। ਫਿਰ ਵੀ ਉਸਦੀ ਕਾਵਿ-ਕਲਾ ਦੀ ਵਿਸ਼ੇਸ਼ਤਾ ਨੂੰ ਵਿਸਥਾਰ ਵਿੱਚ ਨਹੀਂ ਦਰਸਾਇਆ ਜਾ ਸਕਦਾ। “ਪੰਜਾਬੀ ਸੂਫ਼ੀ ਕਾਵਿ ਵਿੱਚ ਆਪ ਦੀ ਰਚਨਾ ਅਲਪ ਮਾਤਰ ਵਿੱਚ ਪ੍ਰਾਪਤ ਹੁੰਦੀ ਹੈ। ਇਹਨਾਂ ਰਚਨਾਵਾਂ ਵਿੱਚ ਸ਼ੁਤਰਨਾਮਾ, ਦੋਹੜੇ, ਕਾਫੀਆਂ ਆਦਿ ਦਾ ਕਾਵਿ ਰੂਪ ਹਨ।”29[31] ਸਾਰੀਆਂ ਕਿਰਤਾਂ ਵਿੱਚ ਗਜ਼ਲ ਵਾਲੀ ਲੈਅ, ਚਾਲ ਅੰਤ ਤੱਕ ਆਪਮੁਹਾਰਪਨ ਅਤੇ ਬਿਰਹੋਂ ਦਾ ਰੰਗ ਸਪਸ਼ਟ ਦਿਖਾਈ ਦਿੰਦਾ ਹੈ। ਇਹ ਕਿਰਤਾਂ ਆਪਣੇ ਆਪ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ।

ਪੰਜਾਬੀ ਸੂਫ਼ੀ ਕਾਵਿ ਦੀਆਂ ਵਿਸ਼ੇਸ਼ਤਾਵਾਂ

[ਸੋਧੋ]
  1. ਸੂਫ਼ੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸਨੇ ਮਨੁੱਖੀ ਸੋਚ ਨੂੰ ਧਰਮ ਦੀਆਂ ਸੀਮਾਵਾਂ ਤੋਂ ਪਰ੍ਹੇ ਲਿਜਾ ਕਿ ਭਾਵ-ਭੂਮੀ ਪ੍ਰਦਾਨ ਕੀਤੀ। ਜਿਸ ਤੇ ਖੜ੍ਹੇ ਹੋ ਕਿ ਹਰ ਪਾਸੇ ਇੱਕ- ਸਮਾਨਤਾ ਦਾ ਪਸਾਰਾ ਨਜ਼ਰ ਆਉਂਦਾ ਹੈ। ਇਹ ਜੀਵਨ ਦੇ ਰੂੜ੍ਹੀਗਤ ਪਸਾਰਾਂ ਵਿਰੁੱਧ ਵਿਦਰੋਹੀ ਸੁਰ ਵਾਲੀ ਕਵਿਤਾ ਹੈ ਜੋ ਸਮਾਜਿਕ ਕੁਵਰਤਾਰੇ ਤੇ ਟਿੱਪਣੀ ਕਰਦੀ ਹੈ। ਕਿਸੇ ਵੀ ਸਾਹਿੱਤਕ ਕਿਰਤ ਦਾ ਮੂਲ ਮਕਸਦ ਵੀ ਇਹੀ ਹੁੰਦਾ ਹੈ ਕਿ ਉਹ ਸਮਾਜ ਵਿੱਚ ਪ੍ਰਚੱਲਿਤ ਅਮਾਨਵੀ ਤੇ ਅਸਾਵੀਂ ਸਥਿਤੀ ਵਿਰੁੱਧ ਅਵਾਜ਼ ਬੁਲੰਦ ਕਰੇ। ਮਨੁੱਖ ਨੂੰ ਸਤੁੰਲਨ ਤੇ ਸਦਾਚਾਰਕ ਜੀਵਨ ਜਿਉਂਣ ਦੀ ਪ੍ਰੇਰਨਾ ਦਿੰਦੀ ਹੋਵੇ। ਇਹੀ ਖੂਬੀ ਸੂਫ਼ੀ ਕਾਵਿ ਵਿੱਚ ਵਿਦਮਾਨ ਹੈ।[32]
  2. ਸੂਫ਼ੀ ਕਾਵਿ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਹਰ ਸਮਾਜਿਕ ਪਹਿਲੂ `ਤੇ ਚਰਚਾ ਕੀਤੀ ਗਈ ਹੈ। ਇਸ ਵਿਚੋਂ ਸਦਾਚਾਰਕ ਅਤੇ ਨੈਤਿਕ ਉਤਸ਼ਾਹ ਸੁਤੰਤਰਤਾ ਦਾ ਅਨੁਭਵ, ਮੁੱਨਖੀ ਜੀਵਨ ਤੇ ਨਿੱਤ ਦੇ ਕਾਰਾਂ ਵਿਹਾਰਾਂ, ਧੰਦਿਆਂ ਅਤੇ ਰੁਝੇਵਿਆਂ ਦੇ ਬੇਸ਼ੁਮਾਰ ਦ੍ਰਿਸ਼ ਰੂਪਮਾਨ ਹੰੁਦੇ ਹਨ। ਫ਼ਰੀਦ ਦੇ ਕਾਵਿ ਵਿੱਚ ਮਨੁੱਖ ਆਪਣੀ ਹੋਂਦ ਦੇ ਸੰਕਟ ਦੇ ਸਨਮੁੱਖ ਹੈ। ਸ਼ੇਖ ਫ਼ਰੀਦ ਮਨੁੱਖ ਨੂੰ ਕਾਲ ਦੇ ਮੂੰਹ ਵਿੱਚ ਆਏ ਹੋਏ ਰੂਪ ਵਿੱਚ ਪੇਸ਼ ਕਰਦਾ ਹੈ।[33] ਫ਼ਰੀਦਾ ਭੰਨੀ ਘੜੀ ਸੁਵੰਨਵੀ ਟੁਟੀ ਨਾਗਰ ਲਜੁ॥ ਅਜਰਾਈਲ ਫਰੇਸਤਾ ਕੈ ਘਰਿ ਨਾਠੀ ਅਜੁ॥
  3. ਸੂਫ਼ੀ ਕਾਵਿ ਦੀ ਇੱਕ ਵਿਸ਼ੇਸ਼ਤਾਂ ਇਹ ਹੈ ਕਿ ਅਨੈਤਿਕਤਾ ਇੱਕ ਮਹਾਂ ਪਾਪ ਹੈ ਜਿਸ ਨੂੰ ਕਦੀ ਖ਼ਿਮਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਦੁਰਾਚਾਰੀ ਨੂੰ ਕੋਈ ਵੀ ਆਪਣੇ ਨਾਲ ਰੱਖਣਾ ਪਸੰਦ ਨਹੀਂ ਕਰਦਾ ਹੈ। ਸੁਨੈਤਿਕਤਾ ਇੱਕ ਅਜਿਹਾ ਉਤਮ ਗੁਣ ਹੈ ਜਿਸ ਕਾਰਨ ਗਿਆਨ ਦੀ ਘਾਟ ਦੀ ਪੂਰਤੀ ਹੋ ਜਾਂਦੀ ਹੈ। ਕਿਸੇ ਪ੍ਰਾਣੀ ਦੀ ਮਾਨਵਤਾ ਅਤੇ ਉਸਦੇ ਧਾਰਮਿਕ ਵਿਸ਼ਵਾਸ ਦੀ ਕਮਾਲ ਇਹ ਹੈ ਕਿ ਉਹ ਸਦਾਚਾਰੀ ਹੋਵੇ। ਸੂਫ਼ੀਵਾਦ ਚੰਗੇ ਅਖ਼ਲਾਕ ਤੋਂ ਛੁੱਟ ਹੋਰ ਕੁੱਝ ਨਹੀਂ। ਸੂਫ਼ੀ ਸਾਹਿਤ ਵਿੱਚ ਦਸ ਗੁਣ ਅਜਿਹੇ ਹਨ ਜਿਨ੍ਹਾਂ ਨੂੰ ਸੁਨੈਤਿਕਤਾ ਦਾ ਵਿਸ਼ੇਸ਼ ਲੱਛਣ ਮੰਨਿਆ ਗਿਆ ਹੈ। ਸੂਫ਼ੀ ਕਾਵਿ ਵਿੱਚ ਔਗੁਣਾਂ ਤੋਂ ਬਚ ਕੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਗਈ ਹੈ।[34]
  4. ਸੂਫ਼ੀ ਸਾਹਿਤ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਚਾਰਧਾਰਾ ਸਧਾਰਨ, ਮਨੁੱਖ ਦਾ ਪੱਖ ਪੂਰਦੀ ਹੈ। ਸਾਧਾਰਨ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਪੱਖ ਵਿੱਚ ਗੱਲ ਕੀਤੀ ਜਾਂਦੀ ਹੈ।
  5. ਸੂਫ਼ੀ ਸਾਹਿਤ ਦੀ ਵੱਡੀ ਵਿਸ਼ੇਸ਼ਤਾ ਸ਼ਰ੍ਹਾ ਦੀ ਕੱਟੜਪ੍ਰਸਤੀ ਵਿਰੁਧ ਵਿਦਹੋਰ ਤੇ ਉਦਾਰਵਾਦੀ ਮਾਨਵਵਾਦ ਵਾਲਾ ਦ੍ਰਿਸ਼ਟੀਕੋਣ ਸੀ, ਜੋ ਲੋਕਾਂ ਵਿੱਚ ਬੜਾ ਹਰਮਨ ਪਿਆਰਾ ਹੋਇਆ। ਪੰਜਾਬੀ ਸੂਫ਼ੀ ਕਵੀਆਂ ਨੇ ਭਾਰਤੀ ਭਗਤੀ ਕਾਵਿ ਉਦਾਰਤਵਾਦੀ ਤੇ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਵੀ ਅਪਣਾਇਆਂ, ਪ੍ਰਚਾਰਿਆਂ ਤੇ ਸਦਾਚਾਰ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ।[35]
  6. ਸੂਫੀਆਂ ਦਾ ਵਿਸ਼ਵਾਸ ਹੈ ਕਿਹਰ ਸ਼ੈ ਜਿਹੜੀ ਹੋਂਦ ਵਿੱਚ ਆਉਂਦੀ ਹੈ, ਰੱਬ ਦ ਆਵੇਸ਼ ਹੁੰਦੀ ਹੈ। ਮਨੁੱਖ ਦਾ ਨਿਸ਼ਾਨਾ ਪ੍ਰਮਾਤਮਾ ਨਾਲ ਏਕਤਾ ਪ੍ਰਾਪਤ ਕਰਨਾ ਹੈ, ਜਿਵੇਂ ਬੁਲੇ੍ਹ ਸ਼ਾਹ ਇੱਕ ਥਾਂ ਤੇ ਕਹਿੰਦਾ ਹੈ।[36] ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋ, ਸਦੋਂ ਨੀ ਮੈਨੂੰ ਧੀਦੋ ਰਾਂਝਾ ਹੀਰ ਨ ਆਖੋ ਕੋਈ।
  7. ਸੂਫ਼ੀ ਕਾਵਿ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਵੀ ਹੈ, ਕਿ ਜਿਥੇ ਇਸਨੇ ਭਾਵ ਪ੍ਰਗਟਾਵੇ ਵਾਸਤੇ ਲੋਕ ਜੀਵਨ ਵਿਚੋਂ ਪ੍ਰਚੱਲਿਤ ਕਾਵਿ-ਰੂਪ ਅਪਣਾਏ ਉਥੇ ਉਨ੍ਹਾਂ ਵਿੱਚ ਵਿਚਿਤ੍ਰ ਸੰਗੀਤਕ ਲੈਅ ਭਰ ਦਿੱਤੀ। ਇਹੀ ਕਾਰਨ ਹੈ ਕਿ ਸੂਫ਼ੀ ਕਵਿਤਾ ਗਾਈ ਜਾਣ ਵਾਲੀ ਹੈ ਅਤੇ ਸਦੀਆਂ ਬੀਤ ਜਾਣ ਪਿਛੋਂ ਵੀ ਇਹ ਸੱਜਰੀ ਅਤੇ ਨਰੋਈ ਹੈ।[37]
  8. ਸੂਫ਼ੀ ਕਾਵਿ ਵਿੱਚ ਬਾਬਾ ਫਰੀਦ ਦੇ ਵਿਅਕਤਿਤ੍ਵ ਅਤੇ ਪ੍ਰਭਾਵ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਆਪ ਨੇ ਸੂਫ਼ੀਮਤ ਦੇ ਰੂਹਾਨੀ ਅਤੇ ਅਖ਼ਲਾਕੀ ਆਦਰਸ਼ ਨੂੰ ਪੰਜਾਬੀ ਭਾਸ਼ਾ ਦੇ ਮਾਧਿਅਮ ਦੁਆਰਾ ਪ੍ਰਸਤੁਤ ਕਰਨ, ਦੀ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਕਾਵਿ ਪਰੰਪਰਾ ਦਾ ਸੰਸਥਾਪਣ ਕੀਤਾ।[38]
  9. ਸੂਫੀਆਂ ਨੇ ਇਸ਼ਕ ਮਜ਼ਾਜੀ ਨੂੰ ਇਸ਼ਕ ਹਕੀਕੀ ਦਾ ਪੁਲ ਆਖਿਆ ਹੈ। ਉਹ ਕਹਿੰਦੇ ਹਨ ਕਿ ਕਿਸੇ ਬੰਦੇ ਨਾਲ ਪਿਆਰ ਕੀਤੇ ਬਿਨ੍ਹਾਂ ਰੱਬ ਨਾਲ ਪਿਆਰ ਨਹੀਂ ਪਇਆ ਜਾ ਸਕਦਾ, ਰੱਬ ਹੀ ਮਹਿਬੂਬ ਇ-ਅਜ਼ਾਲੀ ਹੈ, ਇਸਦੇ ਹੁਸਨ ਦੀਆਂ ਲਾਟਾਂ ਨਾਲ ਇਹ ਸਾਰਾ ਜੱਗ ਲਿਸ਼ਕ ਰਿਹਾ ਹੈ। ਜੁਨੈਦ ਬਗਦਾਦੀ, ਬਸਰੀ, ਸੱਮਸ਼ ਤਬਰੇਜ਼, ਹੂਮ ਅਤੇ ਰਹਿਮਾਨ ਜਾਮੀ ਨੇ ਬੜੇ ਜੋਸ਼ ਖਰੋਸ਼ ਨਾਲ ਇਸ਼ਕ ਹਕੀਕੀ ਦੇ ਗੁਣ ਗਾਏ ਹਨ। ਉਹ ਕਹਿੰਦੇ ਹਨ ਕਿ ਬੰਦੇ ਦਾ ਇਖ਼ਲਾਕੀ ਵੀ ਇਸ਼ਕ ਬਗੈਰ ਸੰਵਾਰਿਆਂ ਨਹੀਂ ਜਾ ਸਕਦਾ। ਇਸ਼ਕ ਬੰਦੇ ਦੇ ਦਿਲ ਵਿਚੋਂ ਆਕੜ ਤੇ ਖੁਦੀ ਦਾ ਖੋਟ ਕਪਟ ਕੱਢ ਦਿੰਦਾ ਹੈ ਤੇ ਉਸਨੂੰ ਲੋਕ ਪਿਆਰ ਦਾ ਸਬਕ ਦਿੰਦਾ ਹੈ।[39]
  10. ਸੂਫ਼ੀਆ ਨੇ ਆਪਣੀ ਬਾਣੀ ਵਿੱਚ ਆਤਮਾ ਦੇ ਪ੍ਰਮਾਤਮਾ ਨਾਲ ਮੇਲ ਦੀ ਗੱਲ ਕੀਤੀ ਹੈ। ਅਜਿਹਾ ਕਰਨ ਨਾਲ ਮਨੁੱਖ ਨੂੰ ਆਪਣੇ ਅਧਿਆਤਮਕ ਰਹੱਸ ਦੇ ਅੰਦਰਲੇ ਸੱਚ ਦੀ ਜਾਣਕਾਰੀ ਹੁੰਦੀ ਹੈ। ਭਾਵ ਉਹ ਬਾਹਰਲੇ ਬਨਾਵਟੀ ਦਿਖਾਵੇ ਤੋਂ ਮੁਕਤ ਹੋ ਜਾਂਦਾ ਹੈ। ਡਾ. ਜਗਬੀਰ ਅਨੁਸਾਰ “ਮਨੁੱਖੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ‘ਫ਼ਨਾਹ` ਜਾਂ ‘ਬਕਾਅ` ਨੂੰ ਮੰਨਿਆ ਹੈ, ਜੋ ਬੰਦੇ ਦੇ ਖ਼ੁਦਾਂ ਵਿੱਚ ਅਭੇਦ ਹੋਣ ਦੀ ਹੀ ਸਥਿਤੀ ਹੈ।”[40] ਸੂਫ਼ੀਵਾਦ ਨੇ ਇਥੇ ਮੂਲ ਅਧਿਆਤਮਕ ਆਦਰਸ਼ ਦੀ ਪ੍ਰਾਪਤੀ ਦਾ ਰਹੱਸਵਾਦੀ ਮਾਰਗ ਪ੍ਰਸਤੁਤ ਕੀਤਾ ਹੈ।
  11. ਸੂਫ਼ੀਆਂ ਨੇ ਮਨੁੱਖੀ ਜੀਵਨ ਦੇ ਅਧਿਆਤਮਕ ਆਦਰਸ਼ ਦੀ ਪੂਰਤੀ ਲਈ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਸ਼ਵ ਦ੍ਰਿਸ਼ਟੀ ਦਾ ਵਿਕਾਸ ਕੀਤਾ। ਅਗਰ ਸੂਫ਼ੀ ਮਤ ਨੂੰ ਸਮਝਣਾ ਹੈ ਤਾਂ ਵਿਸ਼ਵ ਦ੍ਰਿਸ਼ਟੀ ਦੇ ਮੂਲ ਸਿਧਾਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।

ਹਵਾਲੇ

[ਸੋਧੋ]
  1. ਸਿੰਘ, ਹਰਵਿੰਦਰ (2021). ਸੂਫ਼ੀ ਅਤੇ ਗੁਰਮਤ ਸਾਹਿਤ. ਪਟਿਆਲਾ: ਅਜੀਜ ਕਿਤਾਬ ਘਰ. p. 1.
  2. ਪਿਆਰਾ ਸਿੰਘ ਪਦਮ, ਹੁਸੈਨ ਰਚਨਾਵਲੀ, ਸਰਦਾਰ ਸਾਹਿਤ ਭਵਨ, ਪਟਿਆਲਾ, ਪੰਨਾ 2
  3. ਸਿੰਘ, ਹਰਵਿੰਦਰ (2021). ਸੂਫ਼ੀ ਅਤੇ ਗੁਰਮਤਿ ਸਾਹਿਤ. ਪਟਿਆਲਾ.{{cite book}}: CS1 maint: location missing publisher (link)
  4. ਕੁਲਜੀਤ ਸ਼ੈਲੀ (ਡਾ.), ਪੰਜਾਬੀ ਸੂਫ਼ੀ ਕਾਵਿ ਦੇ ਬਿੰਬ ਪੈਟਰਨ, ਭਾਸ਼ਾ ਵਿਭਾਗ, ਪੰਜਾਬ, ਪੰਨਾ 43
  5. ਗੁਲਵੰਤ ਸਿੰਘ (ਪ੍ਰੋ.), ਇਸਲਾਮ ਅਤੇ ਸੂਫ਼ੀਵਾਦ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 68
  6. ਕਪੂਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਮਧ ਕਾਲ), ਪਟਿਆਲਾ, 1963, ਪੰਨਾ 1
  7. ਪਿਆਰਾ ਸਿੰਘ ਪਦਮ, ਹੂਸੈਨ ਰਚਨਾਵਲੀ, ਸਰਦਾਰ ਸਾਹਿਤ ਭਵਨ, ਪਟਿਆਲਾ, ਪੰਨਾ 2-3
  8. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 672
  9. ਹਜ਼ਰਤ ਅਬਦੁਲ ਕਾਦਿਰ ਜੀਲਾਨੀ, ਗੁਨੀਆ-ਤੁਤ-ਤਾਲਿਬੀਨ, ਪੰਨਾ 624
  10. 8. ਦੀਵਾਨ ਸਿੰਘ (ਪੋ੍ਰ.), ਸੂਫ਼ੀਵਾਦ ਤੇ ਹੋਰ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 24
  11. 9. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਪੰਨਾ 1381
  12. 10. ਹਰਪ੍ਰੀਤ ਰੂਬੀ (ਡਾ.), ਪੰਜਾਬੀ ਸੂਫ਼ੀ ਕਾਵਿ ਦਾ ਸੰਚਾਰ-ਵਿਧਾਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ 40
  13. 11. ਪ੍ਰੋ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ 2-ਲਾਜਪਤ ਗਏ ਮਾਰਕਿਟ, ਲੁਧਿਆਣਾ, ਪੰਨਾ 31
  14. 12. ਪੋ੍ਰ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ 2 ਲਾਜਪਤ ਗਏ ਮਾਰਕਿਟ ਪੰਨਾ 148-149
  15. 13. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧਕਾਲ -2), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-159
  16. 14. ਪ੍ਰੋ. ਬਿਕਰਮ ਸਿੰਘ ਘੁੰਮਣ ਸ਼ਾਹ ਹੁਸੈਨ ਜੀਵਨ ਅਤੇ ਰਚਨਾ, ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, 2010, ਪੰਨਾ-10
  17. 15. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ ਮੂਲ ਇਤਿਹਾਸ ਭਾਗ ਤੀਜਾਂ (ਪੂਰਵ ਮੱਧਕਾਲ-2), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-160
  18. 16. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧਕਾਲ-2), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ-163
  19. 17. ਉਦਰਿਤ ਡਾ. ਜੀਤ ਸਿੰਘ ਸੀਤਲ, ਸ਼ਾਹ ਹੁਸੈਨ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1978, ਪੰਨਾ 18
  20. 18. ਉਦਰਿਤ ਡਾ. ਜੀਤ ਸਿੰਘ ਸੀਤਲ, ਸ਼ਾਹ ਹੁਸੈਨ ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1978, ਪੰਨਾ-19
  21. 19. ਗੁਰਦੇਵ ਸਿੰਘ (੍ਡਾ.), ਸੂਫ਼ੀ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2005, ਪੰਨਾ 115
  22. 20. ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਭਾਗ ਤੀਜਾ ਪੂਰਵ ਮੱਧਕਾਲ-2), ਪੰਜਾਬੀ ਯੂਨੀਵਰਸਿਟੀ, ਪਟਿਆਲਾ 1999, ਪੰਨਾ 186
  23. 21. ਰਤਨ ਸਿੰਘ ਜੱਗੀ (ਡਾ.) ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਭਾਗ ਤੀਜਾ ਪੂਰਵ ਮੱਧਕਾਲ-2) ਪੰਜਾਬੀ ਯੂਨੀਵਰਸਿਟੀ, ਪਟਿਆਲਾ 1999, ਪੰਨਾ 189
  24. 22. ਰਤਨ ਸਿੰਘ ਜੱਕੀ (ਡਾ.), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਭਾਗ ਤੀਜਾ ਪੂਰਵ ਮੱਧਕਾਲ-2) ਪੰਜਾਬੀ ਯੂਨੀਵਰਸਿਟੀ, ਪਟਿਆਲਾ 1999, ਪੰਨਾ 203
  25. 23. ਜੀਤ ਸਿੰਘ ਸੀਤਲ (ਡਾ.) ਤੇ ਮੇਵਾ ਸਿੰਘ ਸਿੱਧੂ (ਡਾ.), ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿੱਪੂ, ਪਟਿਆਲਾ, 1973, ਪੰਨਾ 182
  26. 24. ਮੌਲਾ ਬਖਸ ਕੁਸ਼ਤਾ, ਪੰਜਾਬ ਦੇ ਹੀਰੇ, ਅੰਮ੍ਰਿਤਸਰ, 1939, ਪੰਨਾ 68
  27. 25. ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਤੀਜਾ (ਪੂਰਵ ਮੱਧਕਾਲ-2), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ 208
  28. 26. ਜੀਤ ਸਿੰਘ ਸੀਤਲ (ਡਾ.), ਅਤੇ ਮੇਵਾ ਸਿੰਘ ਸਿੱਧੂ, ਪੈਪਸੂ ਬੁੱਕ ਡਿਪੂ, ਪਟਿਆਲਾ, 1973, ਪੰਨਾ 185
  29. 27. ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧ ਕਾਲ-2), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 210
  30. 28. ਰਤਨ ਸਿੰਘ ਜੱਗੀ (ਡਾ.), ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧ ਕਾਲ-2), ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 211
  31. 29. ਪਿਆਰਾ ਸਿੰਘ ਪਦਮ (ਡਾ.), ਸੂਫੀ ਕਾਵਿ ਧਾਰਾ, ਕਲਮ ਮੰਦਿਰ ਲੋਯਰ ਮਾਲ, ਪਟਿਆਲਾ, ਪੰਨਾ 34
  32. ਸੰਦੀਪ ਕੌਰ, ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਵਿਤਾ, ਬਲਵੰਤ ਪ੍ਰਕਾਸ਼ਨ ਜਲੰਧਰ, 2007, ਭੂਮਿਕਾ।
  33. ਸੰਦੀਪ ਕੌਰ, ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਵਿਤਾ, ਬਲਵੰਤ ਪ੍ਰਕਾਸ਼ਨ ਜਲੰਧਰ, 2007, ਪੰਨਾ 47
  34. ਸੰਦੀਪ ਕੌਰ, ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਵਿਤਾ, ਬਲਵੰਤ ਪ੍ਰਕਾਸ਼ਨ ਜਲੰਧਰ, 2007, ਪੰਨਾ 28
  35. ਡਾ. ਪਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁਕਸ਼ਾਪ ਲੁਧਿਆਣਾ, 2009, ਪੰਨਾ 35
  36. ਪੋ੍ਰ. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ, ਲਾਹੌਰ ਬੁੱਕਸ਼ਾਪ ਲੁਧਿਆਣਾ, 1955 ਪੰਨਾ 244
  37. ਡਾ. ਹਰਜਿੰਦਰ ਸਿੰਘ ਢਿਲੋਂ, ਪੰਜਾਬੀ ਸੂਫ਼ੀ ਕਾਵਿ ਅਤੇ ਸ਼ਰੀਅਤ, ਨਾਨਕ ਸਿੰਘ ਪੁਸਤਕਮਾਲਾ, 1980, ਪੰਨਾ 61
  38. ਡਾ. ਹਰਜਿੰਦਰ ਸਿੰਘ ਢਿੱਲੋਂ, ਪੰਜਾਬੀ ਸੂਫ਼ੀ ਕਾਵਿ ਅਤੇ ਸ਼ਰੀਅਤ, ਨਾਨਕ ਸਿੰਘ ਪੁਸਤਕਮਾਲਾ, 1980, ਪੰਨਾ 64
  39. ਸਯਦ ਅਲੀ ਅਬਾਸ ਜਲਾਲਪੁਰੀ, ਸੂਫ਼ੀ ਕਾਵਿ ਤੇ ਉਸਦਾ ਪਿਛੋਕੜ, ਦੀਪਕ ਪਬਲਿਸ਼ਰਜ਼ ਪੰਨਾ 148
  40. ਡਾ. ਜਸਵੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ: ਆਦਿ ਕਾਲ-ਭਗਤੀ ਕਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ 37