ਕਿੱਕਲੀ ਕਲੀਰ ਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਤਕਰਾ ਦੋ ਸ਼ਬਦ ਮੁੱਢਲੇ ਸ਼ਬਦ ਲੋਰੀਆਂ ਕਿੱਕਲੀ ਦੇ ਗੀਤ ਥਾਲ਼ ਲੋਹੜੀ ਦੇ ਗੀਤ ਸਾਂਝੀ ਦੇ ਗੀਤ ਸਕੂਲੀ ਪਾੜ੍ਹਿਆਂ ਦੇ ਗੀਤ ਬੁੱਝਣ ਵਾਲੀਆਂ ਬਾਤਾਂ ਲੋਕ ਕਹਾਣੀਆਂ ਬਾਲ-ਖੇਡਾਂ

ਮਨੁੱਖ ਦੀ ਚਰਿੱਤਰ ਉਸਾਰੀ ਵਿੱਚ ਬਾਲ ਸਾਹਿਤ ਦੈ ਬਹੁਤ ਵੱਡਾ ਹੱਥ ਹੈ। ਇਸੇ ਕਰਕੇ ਮਨੋਵਿਗਿਆਨੀ ਅਤੇ ਚਿੰਤਕ ਬੱਚੇ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਾਲ ਸਾਹਿਤ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ। ਸਾਹਿਤ ਤਾਂ ਗਿਆਨ ਦਾ ਅਥਾਹ ਸਾਗਰ ਹੁੰਦਾ ਹੈ ਜਿਸ ਸਾਗਰ ਵਿੱਚ ਟੁੱਭੀਆਂ ਲਾਉਣ ਵਾਲ਼ਿਆਂ ਨੂ ਅਗੰਮੀ ਖੁਸ਼ੀ ਅਤੇ ਰਸ ਮਿਲਦਾ ਹੈ। ਪੰਜਾਬੀ ਬਾਲ ਸਾਹਿਤ ਦਾ ਵਰਗੀਕਰਨ ਕਰਕੇ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਪਹਿਲੇ ਵਰਗ ਵਿੱਚ ਉਹ ਸਾਰਾ ਬਾਲ ਸਾਹਿਤ ਆਉਂਦਾ ਹੈ ਜਿਹੜਾ ਸਾਰਾ ਮੌਖਿਕ ਰੂਪ ਵਿੱਚ ਪ੍ਰਚਲਿੱਤ ਹੈ। ਇਸ ਸਾਹਿਤ ਨੂੰ ਬਾਲਾਂ ਨੇ ਖੇਡਦਿਆਂ ਹੀ ਸਮੂਹਿਕ ਰੂਪ ਵਿੱਚ ਸਿਰਜਿਆ, ਮਾਂਜਿਆ ਅਤੇ ਲਿਸ਼ਕਾਇਆ ਹੈ। ਇਹ ਪੀੜ੍ਹੀਓਂ ਪੀੜ੍ਹੀ ਸਾਡੇ ਤੀਕਰ ਪੁੱਜਿਆ ਹੈ। ਇਹ ਲੋਰੀਆਂ, ਕਿੱਕਲੀ, ਥਾਲ਼, ਲੋਹੜੀ ਅਤੇ ਸਾਂਝੀ ਦੇ ਗੀਤਾਂ, ਟੱਪਿਆਂ ਲੋਕ ਖੇਡਾਂ, ਬੁਝਾਰਤਾਂ ਅਤੇ ਲੋਕ ਕਹਾਣੀਆਂ ਦੇ ਰੂਪ ਵਿੱਚ ਉਪਲਭਧ ਹੈ। ਦੂਜੇ ਵਰਗ ਵਿੱਚ ਅਸੀਂ ਉਹ ਸਾਰਾ ਬਾਲ ਸਾਹਿਤ ਰੱਖਦੇ ਹਾਂ ਜਿਸ ਨੂੰ ਪ੍ਰੋੜ੍ਹ ਲੇਖਕਾਂ ਨੇ ਬਾਲਾਂ ਲਈ ਸਿਰਜਿਆ ਹੈ।

ਲੋਰੀਆਂ[ਸੋਧੋ]

ਮਾਵਾਂ ਆਪਣੇ ਬੱਚਿਆਂ ਨੂੰ ਪਰਚਾਉਣ ਲਈ ਮਧੁਰ ਸੁਰ ਅਤੇ ਲੈਅ ਵਿੱਚ ਜਿਹੜੇ ਗੀਤ ਗਾਉਂਦੀਆਂ ਹਨ ਉਨ੍ਹਾਂ ਨੂੰ ਲੋਰੀਆਂ ਆਖਦੇ ਹਨ। ਲੋਰੀਆਂ ਪੰਜਾਬੀ ਲੋਕ ਗੀਤਾਂ ਦਾ ਅਨਿਖੜਵਾਂ ਅੰਗ ਹਨ। ਇਹ ਸਾਰੇ ਸੰਸਾਰ ਦੀਆਂ ਬੋਲੀਆਂ ਵਿੱਚ ਉਪਲਭਧ ਹਨ। ਹਰ ਦੇਸ਼ ਦੀਆਂ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਲੋਰੀਆਂ ਦੇ ਕੇ ਦੁਲਾਰਦੀਆਂ ਪੁਚਕਾਰਦੀਆਂ ਹਨ। ਕੇਵਲ ਮਾਂ ਹੀ ਆਪਣੇ ਲਾਲ ਨੂੰ ਲੋਰੀਆਂ ਨਹੀਂ ਦਿੰਦੀ ਬਲਕਿ ਬੱਚੇ ਦੀ ਵੱਡੀ ਭੈਣ, ਦਾਦੀ, ਤਾਈ, ਚਾਚੀ, ਭੂਆ, ਨਾਨੀ, ਮਾਸੀ ਤੇ ਮਾਮੀ ਵੀ ਲਾਲ ਨੂੰ ਲਾਡ ਲੜਾਉਣ ਸਮੇਂ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਖਿਡਾਉਂਦੀਆਂ ਹੋਈਆਂ ਲੋਰੀਆਂ ਦਿੰਦੀਆਂ ਹਨ।

ਕਾਕੇ ਦੀ ਕੱਛ ਵਿੱਚ
ਗੋਹ ਬੜਗੀ
ਮੈਂ ਲੱਗੀ ਕੱਢਣ
ਇਹ ਹੋਰ ਬੜਗੀ

ਲੋਰੀਆਂ ਕੇਵਲ ਬੱਚੇ ਨੂੰ ਸੁਆਉਣ ਲਈ ਹੀ ਨਹੀਂ ਗਾਈਆਂ ਜਾਂਦੀਆਂ ਬਲਕਿ ਉਨ੍ਹਾਂ ਨੂੰ ਜਗਾਉਣ ਲਈ ਵੀ ਗਾਈਆਂ ਜਾਂਦੀਆਂ ਹਨ।

ਕਿੱਕਲੀ ਦੇ ਗੀਤ[ਸੋਧੋ]

ਨਿੱਕੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖੜੋਈਆਂ ਮੁਟਿਆਰਾਂ ਕਿੱਕਲੀ ਦੇ ਗੀਤ ਗਾਉਂਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਲੋਕਨਾਚ ਹੈ। ਇਸ ਨੂੰ ਦੋ ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਫੜਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਂਗਰੋਂ ਉਹ ਆਪੋ ਆਪਣੀਆਂ ਅੱਡੀਆਂ ਜੋੜਕੇ ਇੱਕ ਦੂਜੇ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣਕੇ ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ ਦਿੰਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ।

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀਂ ਮੈਂ ਐਸ ਕਿੱਲੀ ਟੰਗਾਂ
ਨੀ ਮੈਂ ਉਸ ਕਿੱਲੀ ਟੰਗਾਂ

ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਢੰਗ ਵੀ ਹੈ। ਦੋ ਕੁੜੀਆਂ ਧਰਤੀ ਤੇ ਬੈਠਕੇ ਜਾਂ ਖੜ੍ਹੋ ਕੇ ਇੱਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰਕੇ ਤਾੜੀਆਂ ਦੇ ਤਾਲ ਨਾਲ ਗੀਤ ਦੇ ਬੋਲ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ।

ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਥਾਨਕ ਤੌਰ ਤੇ ਅਨੇਕਾਂ ਕਿੱਕਲੀ ਦੇ ਗੀਤ ਮਿਲਦੇ ਹਨ।

ਥਾਲ਼[ਸੋਧੋ]

ਥਾਲ਼ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਇਹ ਖੇਡ ਦੋਪਹਿਰ ਸਮੇਂ ਖੇਡੀ ਜਾਂਦੀ ਹੈ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਰੋੜਿਆਂ ਦੀ ਖੇਡ ਦੇ ਨਾਲ ਨਾਲ ਹੀ ਇਹ ਖੇਡ ਖੇਡਣ ਲੱਗ ਜਾਂਦੀਆਂ ਹਨ। ਇਹ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ। ਥਾਲ਼ ਸੱਤਾਂ ਤੈਹਾਂ ਵਾਲ਼ੀ ਲੀਰਾਂ ਦੀ, ਧਾਗਿਆਂ ਨਾਲ ਗੁੰਦੀ ਹੋਈ, ਗੇਂਦ ਨਾਲ਼ ਖੇਡੇ ਜਾਂਦੇ ਹਨ ਜਿਸ ਨੂੰ ਖਿੱਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਹ ਖੇਡ ਕਈ ਕੁੜੀਆਂ ਰਲ਼ਕੇ ਖੇਡਦੀਆਂ ਹਨ ਉਂਜ ਗਿਣਤੀ ਤੇ ਕੋਈ ਪਾਬੰਦੀ ਨਹੀਂ ਆਮ ਤੌਰ ਤੇ ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲ਼ੀ ਤੇ ਬੋਚਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ ਵਾਰ ਬੁੜਕਾਉਂਦੀ ਹੋਈ ਨਾਲੋ ਨਾਲ ਇਸੇ ਤਾਲ਼ ਨਾਲ ਆਪਣੇ ਥਾਲ ਦੇ ਬੋਲ ਬੋਲਦੀ ਹੈ। ਅਰਧਚੱਕਰ ਵਿੱਚ ਬੈਠੀਆਂ ਦੂਜੀਆਂ ਕੁੜੀਆਂ ਉਸ ਵੱਲ ਉਤਸੁਰਤਾ ਨਾਲ ਵੇਖਦੀਆਂ ਹਨ ਅਤੇ ਉਨ੍ਹਾਂ ਦੀ ਨਿਂਗਾ ਖਿੱਦੋ ਤੇ ਟਿਕੀ ਹੁੰਦੀ ਹੈ। ਜਦੋਂ ਇੱਕ ਥਾਲ ਮੁੱਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਵਾਰੋ ਵਾਰੀ ਸਾਰੀਆਂ ਕੁੜੀਆਂ ਆਪਣੇ ਥਾਲ ਪਾਉਂਦੀਆਂ ਹਨ। ਥਾਲਾਂ ਦੀ ਗਿਣਤੀ ਨਾਲੋ ਨਾਲ ਕੀਤੀ ਜਾਂਦੀ ਹੈ। ਥਾਲ਼:

ਥਾਲ਼ ਥਾਲ਼ ਥਾਲ਼ 
ਮਾਂ ਮੇਰੀ ਦੇ ਲੰਮੇ ਵਾਲ਼
ਪਿਉ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ਼ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੁੜ੍ਹ ਪਾਣੀਆਂ
ਸੁਰਮੇ ਦਾਨੀਆਂ
ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫਾਂ ਵਾਲੀ
ਵੀਰ ਮੇਰਾ ਸਰਦਾਰ
ਆਲਾ ਮਾਲ
ਹੋਇਆ ਬੀਬੀ
ਪਹਿਲਾ ਥਾਲ਼

ਪਹਿਲਾ ਥਾਲ ਮੁੱਕਣ ਦੇ ਨਾਲ ਹੀ ਦੂਜਾ ਥਾਲ ਸ਼ੁਰੂ ਕਰਦੀ ਭੈਣ ਵੀਰੇ ਨੂੰ ਯਾਦ ਕਰਦੀ ਹੈ। ਇਸੇ ਤਰ੍ਹਾਂ ਥਾਲ਼ਾਂ ਦੇ ਤੇ ਥਾਲ਼ ਪਾਏ ਜਾਂਦੇ ਹਨ। ਦਰਜਨਾਂ ਦੀ ਗਿਣਤੀ ਵਿੱਚ ਥਾਲ਼ ਉਪਲਭਧ ਹਨ।

ਲੋਹੜੀ ਦੇ ਗੀਤ[ਸੋਧੋ]

ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ 1947 ਤੋਂ ਬਾਅਦ ਪੰਜਾਬ ਦਾ ਨਾ ਹੋਕੇ ਸਾਰੇ ਭਾਰਤ ਦਾ ਬਣ ਗਿਆ ਹੈ। ਲੋਹੜੀ ਦਾ ਤਿਉਹਾਰ ਮਨਾਉਣ ਸੰਬੰਧੀ ਕਈ ਵੈਦਿਕ ਪਰੰਪਰਾਵਾਂ, ਪੌਰਾਣਿਕ ਮਾਨਤਾਵਾਂ ਅਤੇ ਲੌਕਿਕ ਧਾਰਨਾਵਾਂ ਪ੍ਰਚਲਿਤ ਹਨ। ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਸੁੰਦਰ ਮੁੰਦਰੀਏ ਨਾਂ ਦਾ ਇੱਕ ਲੋਕਗੀਤ ਬੜਾ ਪ੍ਰਸਿੱਧ ਹੈ। ਜੋ ਲਿਹੜੀ ਦੇ ਪਿਛੋਕੜ ਨਾਲ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ, ਇਹ ਕਹਾਣੀ ਮੁਗ਼ਲ ਸਮਰਾਟ ਅਕਬਰ ਦੇ ਸਮਕਾਲੀ ਦੁੱਲੇ ਭੱਟੀ ਨਾਮੇ ਡਾਕੂ ਨਾਲ ਸੰਬੰਧ ਰੱਖਦੀ ਹੈ। ਸੁੰਦਰ ਮੁੰਦਰੀਏ ਦਾ ਗੀਤ ਇਸ ਪ੍ਰਕਾਰ ਹੈ। ਸੰਦਰ ਮੁੰਦਰੀਏ -ਹੋ ਤੇਰਾ ਕੌਣ ਵਿਚਾਰਾ -ਹੋ ਦੁੱਲਾ ਭੱਟੀ ਵਾਲਾ -ਹੋ ਦੁੱਲੇ ਧੀ ਵਿਆਹੀ -ਹੋ ਸੇਰ ਸ਼ੱਕਰ ਪਾਈ -ਹੋ ਕੁੜੀ ਦਾ ਲਾਲ ਪਟਾਕਾ -ਹੋ ਕੁੜੀ ਦਾ ਸਾਲੂ ਪਾਟਾ -ਹੋ ਸਾਲੂ ਕੌਣ ਸਮੇਟੇ -ਹੋ ਚਾਚਾ ਗਾਲ਼ੀ ਦੇਸੇ -ਹੋ ਚਾਚੇ ਚੂਰੀ ਕੁੱਟੀ -ਹੋ ਜ਼ਿਮੀਂਦਾਰਾਂ ਲੁੱਟੀ -ਹੋ ਜ਼ਿਮੀਂਦਾਰਾਂ ਸਦਾਓ -ਹੋ ਗਿਣ ਗਿਣ ਪੋਲੇ ਲਾਓ -ਹੋ ਇਕ ਪੋਲਾ ਘਸ ਗਿਆ -ਹੋ ਜ਼ਿੰਮੀਦਾਰ ਵਹੁਟੀ ਲੈ ਕੇ ਨੱਸ ਗਿਆ -ਹੋ ਹੋ - ਹੋ - ਹੋ - ਹੋ - ਹੋ - ਹੋ - ਹੋ - ਹੋ

ਲੋਹੜੀ ਦੇ ਤਿਉਹਾਰ ਮੁੱਖ ਦੀ ਆਪਣੀ ਵੰਸ਼ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਜੋੜਿਆਂ ਤੇ ਨਵ ਜਨਮੇਂ ਮੁੰਡਿਆਂ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਚੜ੍ਹੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜਾਂ ਸੁਣਾਈ ਦੇਣ ਲੱਗਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਵੱਖਰੀਅਂ ਟੋਲੀਆਂ ਹੁੰਦੀਆਂ ਹਨ, ਕਈਆਂ ਨੇ ਚੁੰਨੀਆਂ ਅਤੇ ਪਰਨਿਆਂ ਨੂੰ ਗੱਠਾਂ ਦੇਕੇ ਝੋਲੇ ਬਣਾਏ ਹੁਂੰਦੇ ਹਨ। ਪਿੰਡਾਂ ਵਿੱਚ ਵੱਖ ਵੱਖ ਥਾਵਾਂ ਤੇ ਲੋਹੜੀ ਬਾਲ਼ੀ ਜਾਂਦੀ ਹੈ। ਲੋਹੜੀ ਦੇ ਗੀਤਾਂ ਵਿੱਚ ਮੁੰਡੇਆਂ ਅਤੇ ਕੁੜੀਆਂ ਦੇ ਗੀਤ ਅਲਗ ਅਲਗ ਹਨ। ਮੰਡਿਆਂ ਦੇ ਗੀਤ ਲੋਹੜੀ ਬਈ ਲੋਹੜੀ ਦਿਓ ਗੁੜ ਦੀ ਰੋੜੀ ਬਈ ਰੋੜੀ

ਕੁੜੀਆਂ ਦੇ ਗੀਤ

ਤਿਲ਼ ਛੱਟੇ ਛੰਡ ਛੰਡਾਏ ਗੁੜ ਦੇਹ ਮੁੰਡੇ ਦੀਏ ਮਾਏ ਅਸੀਂ ਗੁੜ੍ਹ ਨੀ ਲੈਣਾ ਥੋੜਾ ਅਸੀਂ ਲੈਣਾ ਗੁੜ੍ਹ ਦਾ ਰੋੜਾ

ਸਾਂਝੀ ਦੇ ਗੀਤ[ਸੋਧੋ]

ਸਾਂਝੀ ਮਾਈ ਜਾਂ ਸਾਂਝੀ ਦੇਵੀ ਕੁੜੀਆਂ ਦਾ ਦੁਸਹਿਰੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋਕੇ ਦੁਸਹਿਰੇ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ ਸਾਂਝੀ ਮਾਈ ਇੱਕ ਕੁਆਰੀ ਦੇਵੀ ਹੈ।ਇਸਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਨ੍ਹਾਂ ਨੂੰ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁੱਖਦੀਆਂ ਹਨ। ਕੋਈ ਵੀਰ ਮੰਗਦੀ ਹੈ ਕੋਈ ਭਾਬੋ ਤੇ ਕੋਈ ਭਤੀਜਾ। [15/04 11:01 am] ਤਾਰਾ ਅਗਨਿਹੋਤਰੀ: ਪਹਿਲੇ ਨਰਾਤੇ ਤੋਂ ਇੱਕ ਦੋ ਦਿਣ ਪਹਿਲਾਂ ਗਲੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਇਕੱਠੀਆਂ ਹੋਕੇ ਚੀਕਨੀ ਮਿੱਟੀ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਚੰਦਉਏ ਜਾਂ ਤਾਰੇ ਬਣਾ ਕੇ ਧੁੱਪ ਵਿੱਚ ਸੁਕਾ ਲੈਂਦੀਆਂ ਹਨ। ਫਿਰ ਇਨ੍ਹਾਂ ਨੂੰ ਵੱਖੋ ਵੱਖਰੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ ਕੁੜੀਆਂ ਸਾਂਝੀ ਮਾਈ ਲਈ ਗਹਿਣੇ ਨੱਥ, ਮਛਲੀ, ਚੂੜਾ, ਸੱਗੀ ਫੁੱਲ, ਬਾਂਕਾ ਅਤੇ ਚੌਂਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ ਚਕਲ਼ਾ ਬੇਲਣਾ, ਤਵਾ, ਪਰਾਤ ਆਦਿ ਬਣਾਏ ਜਾਂਦੇ ਹਨ। ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਉ ਦਾ ਚਮੁੱਖੀਆਂ ਦੀਵਾ ਬਾਲ਼ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:-

ਉੱਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ

ਫਿਰ ਅਗਲਾ ਗੀਤ ਸ਼ੁਰੂ ਹੁੰਦਾ ਹੈ:-

ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ।

ਇਸ ਮਗਰੋਂ ਸਾਂਝੀ ਨੂੰ ਖੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:-

ਸਾਂਝੀ ਕੁੜੀਓ ਪਹਾੜ ਵੱਸਦੀ

ਰਾਜੇ ਰਾਮ ਦੀ ਪੋਤੀ ਲੈਣ ਕਿਉਂ ਨੀ ਜਾਂਦਾ ਭਾਈ ਮੋਧਨਾ ਵੇ ਤੇਰੀ ਲੰਮੀ ਲੰਮੀ ਬੋਦੀ ਬੋਦੀ ਨੂੰ ਲਗੜੇ ਫੂੰਦੇ ਤੇਰੀ ਮਖ਼ਮਲ ਦੀ ਟੋਪੀ ਜਾਂਗੀਆ ਸਮਾਦੇ ਰੇਸ਼ਮੀ ਵਿੱਚ ਸੁੱਚੜੇ ਮੋਤੀ ਅੰਤ ਤੇ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਆਰਤੀ ਗਾਉਣ ਮਂਗਰੋਂ ਸੁੱਕੀ ਪੰਜੀਰੀ ਜਾਂ ਤਿਲ ਚੌਲੀ ਦਾ ਪ੍ਰਸਾਦ ਸਾਂਝੀ ਨੂੰ ਭੋਗ ਲਗਾਉਣ ਮਂਗਰੋਂ ਸਾਰੇ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਮਂਗਰੋਂ ਕੁੜੀਆਂ ਅਗਲੀ ਕੁੜੀ ਦੇ ਘਰ ਜਾ ਕੇ ਪਹਿਲੀ ਰੀਤ ਅਨੁਸਾਰ ਮੁੱਢੋਂ ਸੁੱਢੋਂ ਸਾਂਝੀ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪ੍ਰਕਾਰ ਇੱਕ ਦਿਨ ਦਾ ਪ੍ਰੋਗਰਾਮ ਖਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌਂ ਦਿਨ ਚੱਲਦਾ ਰਹਿੰਦਾ ਹੈ। ਦੁਸਹਿਰੇ ਵਾਲੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਲਾਹਕੇ ਇੱਕ ਸੁੱਚੀ ਟੋਕਰੀ ਵਿੱਚ ਪਾਕੇ ਪਿੰਡ ਦੇ ਲਾਗਲੇ ਕਿਸੇ ਟੋਭੇ ਜਾਂ ਸੂਏ ਵਿੱਚ ਜਲਪ੍ਰਵਾਹ ਕਰਨ ਲਈ ਟੁਰ ਪੈਂਦੀਆਂ ਹਨ। ਬੁੱਝਣ ਵਾਲ਼ੀਆਂ ਬਾਤਾਂ ਬੁਝਾਰਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ। ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ ਜਿੱਥੇ ਇਹ ਮਨੋਰੰਜਨ ਕਰਦੀਆਂ ਹਨ ਉੱਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਬੁਝਾਰਤਾਂ ਕੀਹਨੇ ਤੇ ਕਦੋਂ ਬਣਾਈਆਂ ਇਹ ਦੱਸਣਾ ਬੜਾ ਔਖਾ ਹੈ। ਇਹ ਲੋਕ ਗੀਤਾਂ ਵਾਂਗ ਸਾਡੇ ਕੋਲ਼ ਪੀੜ੍ਹੀਓ ਪੀੜ੍ਹੀ ਪਹੁੰਚੀਆਂ ਹਨ। ਇਹ ਸਾਰੇ ਸੰਸਾਰ ਦੀਆਂ ਬੋਲੀਆਂ ਵਿੱਚ ਉਪਲਭਧ ਹਨ। ਪਹੇਲੀ, ਮੁਦਾਵਣੀ, ਬੁਝੋਵਲ, ਬੁਝੱਕਾ, ਬੁਝਾਣੀ, ਬਤੌਲੀ ਤੇ ਬਾਤਾਂ ਆਦਿ ਬੁਝਾਰਤਾਂ ਦੇ ਹੋਰ ਭਾਰਤੀ ਨਾਂ ਹਨ। ਪੁਰਾਤਨ ਸਮੇਂ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਕਲਪਿਤ ਕਥਾਵਾਂ ਅਨੁਸਾਰ ਇਸਇਮਤਿਹਾਨ ਵਿੱਚ ਪੂਰਾ ਨਾਂ ਉਤੱਰਨ ਵਾਲ਼ੇ ਨੂੰ ਦੰਡ ਦਿੱਤਾ ਜਾਂਦਾ ਹੈ। ਇਥੋਂ ਤੱਕ ਕਈਆਂ ਨੂੰ ਬੁਝਾਰਤਾਂ ਦਾ ਸਹੀ ਉੱਤਰ ਨਾ ਦੇਣ ਦੀ ਸੂਰਤ ਵਿੱਚ ਆਪਣੀ ਜਾਨ ਤੋਂ ਹੱਥ ਵੀ ਧੋਣੇ ਪੈਂਦੇ ਹਨ। ਪੰਜਾਬੀ ਵਿੱਚ ਹਜ਼ਾਰਾਂ ਬੁਝਾਰਤਾਂ ਮਿਲ਼ਦੀਆਂ ਹਨ ਇਨ੍ਹਾਂ ਵਿੱਚ ਪੰਜਾਬ ਦਾ ਲੋਕਜੀਵਨ ਸਾਫ ਦਿਖਾਈ ਦਿੰਦਾ ਹੈ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ। ਦੋ ਕਬੂਤਰ ਜੱਕਾ ਜੋੜੀ ਰੰਗ ਉਨ੍ਹਾਂ ਦੇ ਕਾਲ਼ੇ ਨਾ ਕੁਝ ਖਾਵਣ ਨਾ ਕੁਝ ਪੀਵਣ ਰੱਬ ਉਨ੍ਹਾਂ ਨੂੰ ਪਾਲ਼ੇ (ਅੱਖ)

ਲੋਕ ਕਹਾਣੀਆਂ[ਸੋਧੋ]

ਮੁੱਢ ਕਦੀਮ ਤੋਂ ਹੀ ਲੋਕ ਕਹਾਣੀਆਂ ਜਨ ਸਧਾਰਨ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਸਾਰੇ ਸੰਸਾਰ ਦੇ ਲੋਕ ਬੱਚੇ ਤੋਂ ਬੁੱਢੇ ਤੱਕ ਇਨ੍ਹਾਂ ਕਹਾਣੀਆਂ ਦਾ ਰਸ ਮਾਣਦੇ ਹਨ। ਲੋਕਧਾਰਾ ਦੇ ਕਈ ਵਿਦਵਾਨ ਇਸ ਮੱਤ ਦੇ ਧਾਰਨੀ ਹਨ ਕਿ ਇਹ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਇਹ ਕਿਸੇ ਆਦਿ ਮਨੁੱਖ ਨਾਲ ਵਾਪਰੀਆਂ ਘਟਨਾਵਾਂ ਹੀ ਹਨ ਜਿਨ੍ਹਾਂ ਨੂੰ ਉਸਨੇ ਰਚਨਾਬੱਧ ਕੀਤਾ ਹੈ। ਜੇਕਰ ਪੰਜਾਬ ਦੀ ਧਰਤੀ ਨੂੰ ਲੋਕ ਕਹਾਣੀਆਂ ਦੀ ਜਨਨ ਭੂਮੀ ਆਖ ਲਿਆ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਮਹਾਭਾਰਤ ਵਿੱਚ ਅਜਿਹੀਆਂ ਲੋਕ ਕਹਾਣੀਆਂ ਪ੍ਰਚਲਿਤ ਹਨ, ਵੇਦ ਸਾਹਿਤ ਵਿੱਚ ਵੀ ਇਨ੍ਹਾਂ ਦਾ ਕੋਈ ਘਾਟਾ ਨਹੀਂ। ਲੋਕਧਾਰਾ ਦੇ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਇਹ ਵਣਜ ਕਰਨ ਆਏ ਵਪਾਰੀਆਂ, ਕਾਫ਼ਲਿਆਂ ਦੇ ਰਾਹੀਂ ਭਰਤ ਤੋਂ ਅਰਬ ਤੇ ਈਰਾਨ ਆਦਿ ਹੁੰਦੀਆਂ ਯੂਨਾਨ ਪੁੱਜੀਆਂ ਤੇ ਉੱਥੋਂ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਈਆਂ। ਪੰਚ ਤੰਤਰ ਨੂੰ ਨੀਤੀ ਕਥਾਵਾਂ ਦਾ ਭਾਰਤ ਦਾ ਪਹਿਲਾ ਅਤੇ ਸਂਸਾਰ ਪ੍ਰਸਿੱਧ ਗ੍ਰੰਥ ਮੰਨਿਆ ਜਾਂਦਾ ਹੈ। ਜੋ ਕਿ ਪੰਜਾਬ ਵਿੱਚ ਈਸਾ ਤੋਂ 150 ਵਰ੍ਹੇ ਪੂਰਬ ਦਾ ਰਚਿਆ ਮੰਨਿਆ ਜਾਂਦਾ ਹੈ। ਲੋਕ ਕਥਾਵਾਂ ਦਾ ਗ੍ਰੰਥ ਵੱਡ ਕਹਾ ਸੰਸਾਰ ਦਾ ਸਭ ਤੋਂ ਵੱਡਾ ਗ੍ਰੰਥ ਗੁਣਾਢੇ ਰੀਸ਼ੀ ਦੀ ਕ੍ਰਿਤ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਇਨ੍ਹਾਂ ਕਹਾਣੀਆਂ ਵਿੱਚ ਵਿਦਮਾਨ ਹੈ। ਸਦਾ ਨੇਕੀ ਦੀ ਜੈ ਤੇ ਝੂਠ ਹਾਰਦਾ ਹੈ। ਹੱਕ ਸੱਚ ਲਈ ਜੂਝਣ ਵਾਲੇ ਸਨਮਾਨੇ ਅਤੇ ਹਿੰਮਤੀ ਅਤੇ ਸਾਹਸੀ ਜਨਸਧਾਰਨ ਤੋਂ ਸ਼ਾਬਾਸ਼ੇ ਪ੍ਰਾਪਤ ਕਰਦੇ ਹਨ। ਕਰੁਣਾ ਰਸ ਅਤੇ ਹਾਸ ਰਸ ਦੀ ਚਾਸ਼ਨੀ ਨਾਲ ਗਲੇਫੀਆਂ ਇਹ ਕਹਾਣੀਆਂ ਸਰੋਤੇ ਨੂੰ ਇੱਕ ਅਨੂਠਾ ਰਸ ਪ੍ਰਦਾਨ ਕਰਦੀਆਂ ਹਨ। ਉਦਾਹਰਣ:-

ਇੱਕ ਵਾਰ ਇੱਕ ਪਿਉ ਪੁੱਤ ਘੋੜੀ ਲਈ ਜਾਂਦੇ ਹਨ। ਪਿਓ ਬੁੱਢਾ ਸੀ ਤੇ ਪੁੱਤ ਰਤੀ ਅਲੂਆਂ। ਪਿਓ ਘੋੜੀ ਉੱਤੇ ਬੈਠਾ ਸੀ ਤੇ ਪੁੱਤ ਨਾਲੋ ਨਾਲ ਤੁਰ ਰਿਹਾ ਸੀ। ਇੱਕ ਪਾਸੇ ਖੇਤ ਵਿੱਚ ਗੁਡਾਵੇ ਕਪਾਹ ਗੁਡਦੇ ਸਨ। ਤਾਂ ਵਾਜ ਆਈ,"ਦੇਖੋ ਉਏ ਬੁੱਢੇ ਦੀ ਕੀ ਮੱਤ ਮਾਰੀ ਹੈ। ਆਪ ਘੋੜੀ ਉੱਤੇ ਚੜ੍ਹਿਆ ਜਾਂਦਾ ਹੈ ਤੇ ਮੁੰਡਾ ਵਿਚਾਰਾ ਜਿਹੜਾ ਨਿਆਣਾ ਏਂ, ਉਹਨੂੰ ਪੈਦਲ ਤੋਰਿਐ...." ਏਂਨੀ ਗੱਲ ਸੁਣਕੇ ਪਿਓ ਘੋੜੀ ਤੋਂ ਉੱਤਰਗਿਆ ਤੇ ਮੁੰਡਾ ਚੜ੍ਹਾ ਦਿੱਤਾ। ਜਦੋਂ ਕੁਝ ਕਦਮ ਗਏ ਤਾ ਪਹੇ ਵਿੱਚ ਕੁਝ ਰਾਹੀ ਤੁਰੇ ਆਉਂਦੇ ਸਨ। ਕੋਲੋਂ ਲੰਘਣ ਲੱਗੇ ਉਨ੍ਹਾਂ ਵਿਚੋਂ ਇੱਕ ਨੇ ਆਖਿਆ, "ਦੇਖ ਲਓ ਅੱਜ ਕੱਲ ਦਾ ਜਮਾਨਾ ਆਪ ਤਾਂ ਡੰਡੇ ਵਰਗਾ ਹੋਕੇ ਘੋੜੀ ਤੇ ਚੜ੍ਹਿਆ ਜਾਂਦੈ ਤੇ ਬੁਢੇ ਵਿਚਾਰੇ ਨੂੰ ਪਾਦਲ ਤੋਰਿਐ" ਏਨੀ ਗੱਲ ਸੁਣਕੇ ਦੋਹਾਂ ਨੇ ਸੋਚਿਆ ਕਹਿੰਦੇ ਤਾਂ ਲੋਕ ਠੀਕ ਨੇ ਪਰ ਉਨ੍ਹਾਂ ਸੋਚਿਆ ਆਖਰ ਕਰੀਏ ਕੀ? ਤੇ ਫਿਰ ਉਨ੍ਹਾਂ ਨੂੰ ਝੱਟ ਸੁੱਝਿਆ ਕਿਉਂ ਨਾ ਦੋਵੇਂ ਈ ਘੋੜੀ ਤੇ ਚੜ੍ਹ ਬੈਠੀਏ

ਦੋਵੇਂ ਘੋੜੀ ਤੇ ਚੜ੍ਹ ਗਏ। ਘੋੜੀ ਜ਼ਰਾ ਨਰਮ ਸੀ ਤੇ ਭਾਰ ਨਾਲ ਟਿਢ ਝੁਕਿਆ ਜਾਂਦਾ ਸੀ। ਅੱਗੋਂ ਕੁਝ ਹੋਰ ਆਦਮੀ ਮਿਲੇ ਉਨ੍ਹਾਂ ਨੇ ਘਿਰਣਾ ਨਾਲ ਨਿੰਦਕੇ ਆਖਿਆ," ਦੇਖੋ ਇਹ ਕਸਾਈਆਂ ਨੇ ਬੇਜਾਨ ਪਸ਼ੂ ਨੂੰ ਮਾਰਨਾ ਲਿਆ ਏ, ਦੋਵੇਂ ਸਾਨ੍ਹਾਂ ਵਰਗੇ ਉੱਤੇ ਚੜ੍ਹੇ ਬੈਠੇ ਨੇ ਉਹ ਵਿਚਾਰੇ ਠਿੱਠ ਜੇ ਹੋਕੇ ਉੱਤਰ ਪਏ ਅਤੇ ਲਗਾਮ ਫੜਕੇ ਅੱਗੇ ਅੱਗੇ ਟੁਰ ਪਏ। ਕੋਈ ਵੀ ਹੁਣ ਘੋੜੀ ਉੱਤੇ ਚੜ੍ਹਿਆ ਹੋਇਆ ਨਹੀਂ ਸੀ। ਕਿਉਂਕੀ ਲੋਕ ਕਿਵੇਂ ਵੀ ਚੈਨ ਨਹੀਂ ਸੀ ਲੈਣ ਦਿੰਦੇ ਜਦੋਂ ਕੁਝ ਕਦਮ ਗਏ ਤਾਂ ਫਿਰ ਕੁਝ ਰਾਹੀ ਮਿਲ਼ ਗਏ। ਰਾਹੀਆਂ ਨੇ ਘੋੜੀ ਕੋਲ ਹੁੰਦੇ ਸੁੰਦੇ ਪੈਦਲ ਤੁਰੇ ਜਾਂਦਿਆਂ ਨੂੰ ਦੇਖਕੇ ਆਖਿਆ, ਦੇਖਲਓ ਬਈ ਇਨ੍ਹਾਂ ਨੂੰ ਕਹਿੰਦੇ ਨੇ ਅਸਲੀ ਮੂਰਖ। ਸੁਆਰੀ ਕੋਲ ਹੈ ਫਿਰ ਵੂ ਪੈਦਲ ਤੁਰੇ ਜਾਂਦੇ ਨੇ। ਭਲੇ ਮਾਣਸੋ ਜੇ ਦੋਵੇਂ ਨੀ ਬੈਠ ਸਕਦੇ ਤਾਂ ਇੱਕ ਤਾਂ ਬੈਠ ਜਾਓ। ਦੁਨੀਆ ਦਾ ਮੂੰਹ ਭਲਾਂ ਕੌਣ ਫੜੇ।

ਪੰਜਾਬੀ ਲੋਕ ਕਹਾਣੀ ਵਿੱਚ ਜਨਸਧਾਰਨ ਦੇ ਦੁੱਖਾਂ ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ ਸਹਿਣ, ਰੀਤੀ ਰਿਵਾਜ, ਅਖ਼ਲਾਕੀ ਕਦਰਾਂ ਕੀਮਤਾਂ ਦੀ ਝਲਕ ਇਨ੍ਹਾਂ ਵਿਚੋਂ ਸਾਫ ਦਿਸ ਆਉਂਦੀ ਹੈ। ਲੋਕ ਗੀਤਾਂ ਵਾਂਗ ਲੋਕ ਕਹਾਣੀਆਂ ਵੀ ਬੱਚਿਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹਨ। ਇਨ੍ਹਾਂ ਨੂੰ ਸੁਨਣ ਵਾਲੀਆਂ ਬਾਤਾਂ ਵੀ ਆਖਦੇ ਹਨ। ਜਿਵੇਂ:- ਰਾਜੇ ਤੇ ਰਾਣੀ ਦੀਆਂ ਕਹਾਣੀਆਂ, ਘੁੱਗੀ ਕਾਂ ਦੀਆਂ ਕਹਾਣੀਆਂ, ਚਿੜੀ ਦੀਆਂ ਕਹਾਣੀਆਂ ਆਦਿ ਪ੍ਰਮੁੱਖ ਹਨ। ਬਾਲ ਖੇਡਾਂ

ਬੱਚਿਆਂ ਵਿੱਚ ਸਦ ਭਾਵਨਾ, ਨੇਕ ਨੀਤੀ, ਇਨਸਾਫ਼ ਅਤੇ ਭਾਈਵਾਲੀ ਜਿਹੇ ਇਨ੍ਹਾਂ ਖੇਡਾਂ ਦੁਆਰਾ ਪ੍ਰਵੇਸ਼ ਕਰਦੇ ਹਨ। ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਜਿਵੇਂ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਦਾਈਆਂ ਦੁਹਕੜੇ ਅਤੇ ਅੱਡੂ ਛੱਡਪਾ ਆਦਿ ਇਨ੍ਹਾਂ ਦੀਆਂ ਹਰਮਨ ਪਿਆਰੀਆਂ ਖੇਡਾਂ ਹਨ। ਖੇਡਣ ਸਮੇਂ ਕਿਸੇ ਨਾ ਕਿਸੇ ਨੇ ਦਾਈ ਜਾਂ ਪਿੱਤ ਦੇਣੀ ਹੁੰਦੀ ਹੈ। ਸਭ ਤੋਂ ਪਹਿਲੀ ਦਾਈ ਕੌਣ ਦਵੇ? ਇਸਲਈ ਪੁੱਗਣ ਦਾ ਨਿਯਮ ਹੈ। ਪੁੱਗਿਆ ਕਈ ਤਰੀਕੇ ਨਾਲ ਜਾਂਂਦਾ ਹੈ। ਜਿਵੇਂ:-

ਇੱਕ ਸਲਾਈ ਦੋ ਸਲਾਈ
ਤੀਜਾ ਬੋਲੇ ਲੈਫਟ ਰਾਈਟ

ਊਚ ਨੀਚ ਇਸ ਖੇਡ ਨੂੰ ਦਸ ਬਾਰਾਂ ਸਾਲ ਦੇ ਬੱਚੇ ਚਾਅ ਨਾਲ ਖੇਡਦੇ ਹਨ। ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁਂਂਦੀ। ਊਠਕ ਬੈਠਕ ਇਸ ਵਿੱਚ ਦਾਈਂ ਵਾਲਾ ਬੱਚਾ ਕਤਾਰੋਂ ਬਾਹਰ ਖਲੋਤਾ ਹੁਂਂਦਾ ਹੈ। ਆਵਾਜ਼ ਦੇਣ ਤੇ ਉਸਨੂੰ ਛੂਹਣ ਦੀ ਕੋਸ਼ੀਸ਼ ਕਰਦਾ ਹੈ। ਅੰਨ੍ਹਾਂ ਝੋਟਾ ਇਸ ਖੇਡ ਵਿੱਚ ਇੱਕ ਬੱਚੇ ਦੀਆਂ ਅੱਖਾਂ ਕਿਸੇ ਕੱਪੜੇ ਨਾਲ ਬੰਨ ਦਿੱਤੀਆਂ ਜਾਂਦੀਆਂ ਹਨੱ ਅੰਨੇ ਝੋਟੇ ਵਾਂਗ ਬੱਚਾ ਹੱਥ ਪੈਰ ਮਾਰਕੇ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਕੋਟਲਾ ਛਪਾਕੀ ਕੋਟਲਾ ਛਪਾਕੀ ਛੋਟੇ ਬੱਚਿਆਂ ਦੀ ਹਰਮਨਪਿਆਰੀ ਖੇਡ ਹੈ। ਆਮ ਤੌਰ ਤੇ ਦਸ ਤੋਂ ਲੈਕੇ ਪੱਚੀ-ਤੀਹ ਬੱਚੇ ਇਹ ਖੇਡ ਖੇਡਦੇ ਹਨ।

ਰਾਜੇ ਤੇ ਨੌਕਰ ਬੱਚੇ ਦੋ ਟੇਲੀਆਂ ਬਣਾ ਕੇ ਆਹਮੋ ਸਾਹਮਣੇ ਖਲੋ ਜਾਂਦੇ ਹਨ। ਇੱਸ ਟੋਲੀ ਰਾਜੇ ਅਤੇ ਦੂਜੀ ਨੌਕਰ ਅਖਵਾਂਦੀ ਹੈ। ਦੋਹਾਂ ਵਿੱਚ ਵਾਰਤਾਲਾਪ ਹੁੰਦੀ ਹੈ। ਰਾਜੇ : ਰਾਜੇ ਰਾਜੇ ਕੀ ਖਾਂਦੇ? ਰਾਜੇ ਆਪੇ ਹੀ : ਰਾਜੇ ਰਾਜੇ ਲੱਡੂ ਖਾਂਦੇ। ਨੌਕਰ : ਨੌਕਰ ਨੌਕਰ ਕੀ ਖਾਂਦੇ? ਰਾਜਿਆਂ ਚੋਂ ਇੱਕ : ਜੂਠ

ਜੂਠ ਆਖਦੇ ਸਾਰ ਹੀ ਰਾਜੇ ਦੌੜ ਜਾਂਦੇ ਹਨ ਅਤੇ ਨੌਕਰ ਉਨ੍ਹਾਂ ਦਾ ਪਿੱਛਾ ਕਰਕੇ ਫੜਦੇ ਹਨ ਅਤੇ ਉਨ੍ਹਾਂ ਨੂੰ ਧਰਤੀ ਤੇ ਘਸੀਟਦੇ ਹਨ। ਇਸ ਤੋਂ ਬਿਨਾਂ ਹੋਰ ਖੇਡਾਂ ਬਾਰੇ ਵੀ ਦੱਸਿਆ ਗਿਆ ਹੈ। ਜਿਵੇਂ ਅੱਲੀਏ ਪਟੱਲੀਏ, ਹਰਾ ਸਮੁੰਦਰ, ਕਾਹਨਾ ਕਾਹਨਾ ਸ਼ੇਰ ਜਵਾਨਾ, ਕਿਣ ਮਿਣ ਕਾਣੀ ਕੌਣ ਗਿਣੇ, ਖਾਨ ਘੋੜੀ, ਚੂਹੇ ਤੇ ਬਿੱਲੀ, ਡੂੰਮਣਾ ਮਖ਼ਿਆਲ਼, ਤੇਰਾ ਮੇਰਾ ਮੇਲ ਨੀ, ਪਰੀ, ਬਿੱਛੂ ਕੱਟਾ, ਬਿੱਲੀ ਮਾਸੀ, ਬੁੱਢੀ ਮਾਈ, ਮੇਰੇ ਕੋਠੇ ਤੇ ਕੌਣ ਖੰਘਿਆ, ਮੋਰਾ ਮੋਰਾ ਤੂੰ ਕੀ ਪੀਂਦਾ, ਰਾਜਾ ਮੰਗੇ ਬੱਕਰੀ, ਲੁਕਣ ਮਿੱਟੀ।