ਲੋਹੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਹੜੀ
ਲੋਹੜੀ ਵੇਲੇ ਬਾਲ਼ੀ ਜਾਂਦੀ ਧੂਣੀ
ਕਿਸਮਰੁੱਤਾਂ ਨਾਲ ਜੁੜਿਆ, ਪਰੰਪਰਾਗਤ
ਮਹੱਤਵਨੀਮ-ਸਿਆਲੂ ਤਿਓਹਾਰ
ਜਸ਼ਨਧੂਣੀ, ਗੀਤ ਅਤੇ ਨਾਚ
ਮਿਤੀ13ਜਨਵਰੀ
ਨਾਲ ਸੰਬੰਧਿਤਸੰਕਰਾਂਤ
ਪੋਂਗਲ
ਬਿਹੂ (ਭੋਗਲੀ / ਮਾਘ) ਦੁੱਲਾ ਭੱਟੀ

ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ।[1] ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।[2]

ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ, ਉਹ ਘਰ ਵਾਲੇ ਮੁੰਡੇ ਜੰਮਣ ਦੀ ਖੁਸ਼ੀ ਵਿਚ ਲੋਹੜੀ ਵਾਲੇ ਦਿਨ ਗੁੜ ਵੰਡਦੇ ਹਨ। ਲੋਹੜੀ ਨੂੰ ਲੋਹੀ ਵੀ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਲੜਕੀ ਨਾਲੋਂ ਲੜਕੇ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਏਸੇ ਕਰਕੇ ਹੀ ਲੜਕੇ ਦੇ ਜੰਮਣ ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਪੁੰਨ-ਦਾਨ ਕੀਤਾ ਜਾਂਦਾ ਹੈ। ਲੋਹੜੀ ਵੰਡੀ ਜਾਂਦੀ ਹੈ। ਉੱਥੇ ਲੜਕੀ ਜੰਮਣ ਤੇ ਘਰ ਵਿਚ ਸੋਗ ਪੈ ਜਾਂਦਾ ਹੈ। ਉਦਾਸੀ ਛਾ ਜਾਂਦੀ ਹੈ। ਪਹਿਲੇ ਸਮਿਆਂ ਵਿਚ ਲੋਹੜੀ ਵੰਡਣ ਲਈ ਲੜਕੇ ਦੀਆਂ ਭੂਆ, ਚਾਚੀਆਂ, ਤਾਈਆਂ, ਭੈਣਾਂ ਨਵੇਂ-ਨਵੇਂ ਸੂਟ ਪਾ ਕੇ ਪਿੰਡ ਵਿਚ ਹਫਤਾ-ਹਫਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ ਕਿਉਂ ਜੋ ਸਾਰੇ ਪਿੰਡ ਵਿਚ ਗੁੜ ਵੰਡਣ ਲਈ ਕਈ ਦਿਨ ਲੱਗ ਜਾਂਦੇ ਸਨ। ਲੋਹੜੀ ਤੇ ਸਾਰੇ ਰਿਸ਼ਤੇਦਾਰ ਆਉਂਦੇ ਸਨ। ਲੋਹੜੀ ਘਰ ਵਿਚ ਬਾਲੀ ਜਾਂਦੀ ਸੀ। ਘਰ ਵਾਲੇ, ਰਿਸ਼ਤੇਦਾਰ, ਆਂਢੀ-ਗੁਆਂਢੀ, ਸ਼ਰੀਕੇਵਾਲੇ ਸਾਰੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਊੜੀਆਂ, ਮੂੰਗਫਲੀ, ਮੱਕੀ ਦੇ ਦਾਣੇ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਲੋਹੜੀ ਦਿੱਤੀ ਜਾਂਦੀ ਸੀ। ਲਾਗੀ ਤੱਥੀ ਸਾਰੇ ਲੋਹੜੀ ਮੰਗਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵਾਲੇ ਗੀਤ ' ਗਾਏ ਜਾਂਦੇ ਸਨ। ਲੋਹੜੀ ਮੰਗਣ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ ਕਿਉਂ ਜੋ ਦੁੱਲਾ ਭੱਟੀ ਨੇ ਦੋ ਗਰੀਬ ਲੜਕੀਆਂ ਦੇ ਵਿਆਹ ਕੀਤੇ ਸਨ।

ਲੋਹੜੀ ਦਾ ਸੰਬੰਧ ਹਰਨਾਖਸ਼ ਦੀ ਭੈਣ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ। ਕਈ ਵਿਦਵਾਨ ਲੋਹੜੀ ਦਾ ਮੁੱਢ ਲੋਰੀ ਨੂੰ ਮੰਨਦੇ ਹਨ। ਲੋਹੜੀ ਦੇ ਗੀਤ ਵੀ ਲੋਰੀ ਦੇ ਗੀਤਾਂ ਵਾਂਗ ਬੱਚੇ ਦੀ ਸ਼ੁਭ ਕਾਮਨਾ ਲਈ ਗਾਏ ਜਾਂਦੇ ਹਨ।ਕਈ ਲੋਹੜੀ ਦਾ ਮੂਲ “ਲੋਂਹਡੀ” ਮੰਨਦੇ ਹਨ। ਲੋਂਹਡੀ ਨੂੰ ਮਾਲਵੇ ਵਿਚ “ਲੋਂਹਡਾ” ਕਹਿੰਦੇ ਹਨ। ਲੋਂਹਡੇ ਵਿਚ ਮੂੰਗਫਲੀ ਤੇ ਮੱਕੀ ਦੇ ਦਾਣੇ ਭੁੰਨੇ ਜਾਂਦੇ ਹਨ।ਮੂੰਗਫਲੀ ਤੇ ਮੱਕੀ ਦੇ ਦਾਣਿਆਂ ਨੂੰ ਲੋਹੜੀ ਦੀ ਅੱਗ ਵਿਚ ਸੁੱਟ ਕੇ ਪੂਜਾ ਕੀਤੀ ਜਾਂਦੀ ਹੈ। ਕਈ ਲੋਹੜੀ ਨੂੰ ਤਿਲ ਰੋੜੀ, ਤਿਲੋੜੀ ਕਹਿੰਦੇ ਹਨ। ਤਿਲੋੜੀ ਦਾ ਬਦਲਵਾਂ ਰੂਪ ਫੇਰ ਲੋਹੜੀ ਬਣ ਗਿਆ ਹੈ। ਜਿਸ ਘਰ ਵਿਚ ਲੋਹੜੀ ਹੁੰਦੀ ਸੀ, ਉਹ ਘਰ ਆਪਣੀ ਪੱਤੀ/ਠੁਲੇ ਦੀ ਧਰਮਸ਼ਾਲਾ/ਦਰਵਾਜੇ ਗੁੜ ਦੀ ਭੇਲੀ, ਲੱਕੜਾਂ ਤੇ ਪਾਥੀਆਂ ਲੋਹੜੀ ਬਾਲਣ ਲਈ ਭੇਜਦੇ ਸਨ। ਸਾਰੀ ਪੱਤੀ/ਠੁਲੇ ਦੇ ਬੰਦੇ ਲੋਹੜੀ ਬਾਲਦੇ ਸਨ। ਹਾਜਰ ਆਏ ਸਾਰੇ ਬੰਦਿਆਂ ਤੇ ਬੱਚਿਆਂ ਨੂੰ ਗੁੜ ਵੰਡਿਆ ਜਾਂਦਾ ਸੀ।ਉਨ੍ਹਾਂ ਸਮਿਆਂ ਵਿਚ ਖੁਸ਼ੀ ਵੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ। ਗ਼ਮ ਵਿਚ ਵੀ ਸਾਰਾ ਪਿੰਡ ਸ਼ਾਮਲ ਹੁੰਦਾ ਸੀ। ਹੁਣ ਦਰਵਾਜਿਆਂ, ਧਰਮਸਾਲਾਂ ਵਿਚ ਕੋਈ ਵੀ ਲੋਹੜੀ ਨਹੀਂ ਬਾਲਦਾ।ਪਹਿਲਾਂ ਵਾਲਾ ਪਿਆਰ ਤੇ ਭਾਈਚਾਰਾ ਖ਼ਤਮ ਹੋ ਗਿਆ ਹੈ। ਹੁਣ ਨਾ ਸਾਰੇ ਪਿੰਡ ਵਿਚ ਨਾ ਹੀ ਸਾਰੀ ਪੱਤੀ ਵਿਚ ਲੋਹੜੀ ਦਾ ਗੁੜ ਵੰਡਿਆ ਜਾਂਦਾ ਹੈ। ਘਰਾਂ ਵਿਚ ਵੀ ਲੋਹੜੀ ਬਾਲਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਹੁਣ ਲੋਹੜੀ ਮਨਾਉਣਾ ਤੇ ਸਾਂਝੇ ਤੌਰ ਤੇ ਲੋਹੜੀ ਮਨਾਉਣਾ ਸਾਡੇ ਵਿਰਸੇ ਵਿਚੋਂ ਦਿਨੋਂ-ਦਿਨ ਅਲੋਪ ਹੋ ਰਿਹਾ ਹੈ।[3]

ਤਾਰੀਖ਼[ਸੋਧੋ]

ਲੋਹੜੀ ਵਿਕਰਮੀ ਕੈਲੰਡਰ ਨਾਲ ਜੁੜੀ ਹੋਈ ਹੈ, ਅਤੇ ਬਾਕੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਵਜੋਂ ਮਨਾਏ ਜਾਣ ਵਾਲੇ ਮਾਘੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਪੋਹ ਦੇ ਮਹੀਨੇ ਵਿੱਚ ਆਉਂਦੀ ਹੈ ਅਤੇ ਚੰਦਰਮਾ ਦੇ ਪੰਜਾਬੀ ਕੈਲੰਡਰ ਦੇ ਸੂਰਜੀ ਹਿੱਸੇ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਸਾਲਾਂ ਵਿੱਚ ਇਹ ਗ੍ਰੈਗੋਰੀਅਨ ਕੈਲੰਡਰ ਦੇ 13 ਜਨਵਰੀ ਦੇ ਆਸਪਾਸ ਆਉਂਦੀ ਹੈ।[4]

ਇਤਿਹਾਸ ਅਤੇ ਮੂਲ[ਸੋਧੋ]

ਲੋਹੜੀ ਦੇ ਇਤਿਹਾਸਕ ਹਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਵਿੱਚ ਆਏ ਯੂਰਪੀਅਨ ਸੈਲਾਨੀਆਂ ਦੁਆਰਾ ਦਿੱਤੇ ਗਏ ਹਨ ਜਿਵੇਂ ਕਿ ਵੇਡ ਜੋ 1832 ਵਿੱਚ ਮਹਾਰਾਜਾ ਨੂੰ ਮਿਲਣ ਆਇਆ ਸੀ।[5] ਮਹਾਰਾਜਾ ਰਣਜੀਤ ਸਿੰਘ ਦੇ ਕੈਪਟਨ ਮੈਕਸਨ ਦੁਆਰਾ 1836 ਵਿਚ ਲੋਹੜੀ ਵਾਲੇ ਦਿਨ ਇਨਾਮ ਵਜੋਂ ਕੱਪੜੇ ਅਤੇ ਵੱਡੀ ਰਕਮ ਵੰਡਣ ਦਾ ਹੋਰ ਹਵਾਲਾ ਦਿੱਤਾ ਗਿਆ[6]। 1844 ਵਿੱਚ ਸ਼ਾਹੀ ਦਰਬਾਰ ਵਿੱਚ ਰਾਤ ਨੂੰ ਇੱਕ ਵੱਡੀ ਅੱਗ ਬਾਲ ਕੇ ਲੋਹੜੀ ਮਨਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।[7]

ਸ਼ਾਹੀ ਸਰਕਲਾਂ ਵਿੱਚ ਲੋਹੜੀ ਮਨਾਉਣ ਦੇ ਬਿਰਤਾਂਤ ਤਿਉਹਾਰ ਦੀ ਸ਼ੁਰੂਆਤ ਬਾਰੇ ਚਰਚਾ ਨਹੀਂ ਕਰਦੇ ਹਨ। ਹਾਲਾਂਕਿ, ਲੋਹੜੀ ਬਾਰੇ ਬਹੁਤ ਲੋਕ-ਕਥਾਵਾਂ ਹਨ। ਲੋਹੜੀ ਸਰਦੀਆਂ ਦੇ ਸੰਕ੍ਰਮਣ ਤੋਂ ਬਾਅਦ ਲੰਬੇ ਦਿਨਾਂ ਦੀ ਆਮਦ ਦਾ ਜਸ਼ਨ ਹੈ।[8][9][10] ਲੋਕ-ਕਥਾਵਾਂ ਦੇ ਅਨੁਸਾਰ, ਪੁਰਾਣੇ ਜ਼ਮਾਨੇ ਵਿੱਚ ਲੋਹੜੀ ਰਵਾਇਤੀ ਮਹੀਨੇ ਦੇ ਅੰਤ ਵਿੱਚ ਮਨਾਈ ਜਾਂਦੀ ਸੀ ਜਦੋਂ ਸਰਦੀਆਂ ਦਾ ਸੰਕ੍ਰਮਣ ਹੁੰਦਾ ਹੈ।[11][12] ਇਹ ਦਿਨ ਲੰਬੇ ਹੁੰਦੇ ਜਾਣ ਨੂੰ ਮਨਾਉਂਦਾ ਹੈ ਕਿਉਂਕਿ ਸੂਰਜ ਆਪਣੀ ਉੱਤਰ ਵੱਲ ਯਾਤਰਾ 'ਤੇ ਅੱਗੇ ਵਧਦਾ ਹੈ। ਲੋਹੜੀ ਤੋਂ ਅਗਲੇ ਦਿਨ ਨੂੰ ਮਾਘੀ ਦੀ ਸੰਗਰਾਂਦ ਵਜੋਂ ਮਨਾਇਆ ਜਾਂਦਾ ਹੈ।[13]

ਲੋਹੜੀ ਦੀ ਧੂਣੀ

ਲੋਹੜੀ ਇੱਕ ਪ੍ਰਾਚੀਨ ਮੱਧ ਸਰਦੀਆਂ ਦਾ ਤਿਉਹਾਰ ਹੈ ਜੋ ਹਿਮਾਲੀਅਨ ਪਹਾੜਾਂ ਦੇ ਨੇੜੇ ਦੇ ਖੇਤਰਾਂ ਵਿੱਚ ਸ਼ੁਰੂ ਹੁੰਦਾ ਹੈ ਜਿੱਥੇ ਸਰਦੀਆਂ ਬਾਕੀ ਉਪ-ਮਹਾਂਦੀਪ ਨਾਲੋਂ ਠੰਡੀਆਂ ਹੁੰਦੀਆਂ ਹਨ। ਹਿੰਦੂ ਅਤੇ ਸਿੱਖ ਪਰੰਪਰਾਗਤ ਤੌਰ 'ਤੇ ਹਾੜੀ ਦੇ ਸੀਜ਼ਨ ਦੇ ਫਸਲੀ ਕੰਮ ਦੇ ਹਫ਼ਤਿਆਂ ਦੇ ਬਾਅਦ ਆਪਣੇ ਵਿਹੜਿਆਂ ਵਿੱਚ ਅੱਗ ਬਾਲਦੇ ਹਨ, ਅੱਗ ਦੇ ਦੁਆਲੇ ਇਕੱਠੇ ਹੁੰਦੇ ਹਨ, ਗਾਉਂਦੇ ਹਨ ਅਤੇ ਇਕੱਠੇ ਨੱਚਦੇ ਹਨ ਕਿਉਂਕਿ ਉਹ ਸਰਦੀਆਂ ਦੇ ਅੰਤ ਅਤੇ ਲੰਬੇ ਦਿਨਾਂ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ।

ਹਾਲਾਂਕਿ, ਸਰਦੀਆਂ ਦੇ ਸੰਕ੍ਰਮਣ ਦੀ ਪੂਰਵ ਸੰਧਿਆ 'ਤੇ ਲੋਹੜੀ ਮਨਾਉਣ ਦੀ ਬਜਾਏ, ਪੰਜਾਬੀ ਇਸ ਨੂੰ ਮਹੀਨੇ ਦੇ ਆਖਰੀ ਦਿਨ ਮਨਾਉਂਦੇ ਹਨ, ਜਿਸ ਦੌਰਾਨ ਸਰਦੀਆਂ ਦਾ ਸੰਕ੍ਰਮਣ ਹੁੰਦਾ ਹੈ। ਲੋਹੜੀ ਸਰਦੀਆਂ ਦੇ ਸੰਕ੍ਰਮਣ ਦੇ ਲੰਘਣ ਦੀ ਯਾਦ ਦਿਵਾਉਂਦੀ ਹੈ।[14]

ਦੁੱਲਾ ਭੱਟੀ[ਸੋਧੋ]

ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ।[15] ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ," "ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।"[16] ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।[17]:

ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!

ਲੋਹੜੀ ਦਾ ਮੂਲ ਦੀਆਂ ਹੋਰ ਕਹਾਣੀਆਂ[ਸੋਧੋ]

ਲੋਈ[ਸੋਧੋ]

ਕੁਝ ਲੋਕ ਲੋਹੜੀ ਨੂੰ ਸੰਤ ਕਬੀਰ ਦੀ ਪਤਨੀ ਲੋੋਈ ਨਾਲ ਜੋੜਦੇ ਹਨ ਅਤੇ ਮੰਨਦੇ ਹਨ ਕਿ ਉਸੇ ਦੇ ਨਾਮ ਤੋਂ ਲੋਹੜੀ ਦਾ ਨਾਮ ਪਿਆ ਹੈ।

ਲੋਹ[ਸੋਧੋ]

ਕੁਝ ਲੋਕ ਮੰਨਦੇ ਹਨ ਲੋਹੜੀ ਦਾ ਸ਼ਬਦ ਲੋਹ ਤੋਂ ਬਣਿਆ ਹੈ ਜਿਸਦਾ ਅਰਥ ਹੈ ਰੌਸ਼ਨੀ ਅਤੇ ਅੱਗ ਦਾ ਸੇਕ।

ਤਿਲ ਅਤੇ ਰਿਓੜੀਆਂ[ਸੋਧੋ]

ਲੋਹੜੀ ਸ਼ਬਦ ਤਿਲ ਅਤੇ ਰਿਓੜੀਆਂ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜੋ ਪਹਿਲਾਂ ਤਿਲੋਹੜੀ ਅਤੇ ਫਿਰ ਸਮੇਂ ਦੇ ਨਾਲ ਨਾਲ ਸਰਲ ਹੋ ਕੇ ਲੋਹੜੀ ਕਹਿਲਾਉਣ ਲੱਗ ਪਿਆ।

ਜਸ਼ਨ[ਸੋਧੋ]

ਤਿਉਹਾਰ ਨੂੰ ਅੱਗ ਬਾਲ ਕੇ, ਤਿਉਹਾਰ ਦਾ ਭੋਜਨ ਖਾਣ, ਨੱਚਣ ਅਤੇ ਤੋਹਫ਼ੇ ਇਕੱਠੇ ਕਰਕੇ ਮਨਾਇਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਹਾਲ ਹੀ ਵਿੱਚ ਵਿਆਹ ਜਾਂ ਜਣੇਪੇ ਹੋਏ ਹਨ, ਉਨ੍ਹਾਂ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਦੇ ਉੱਚੇ ਪੱਧਰ 'ਤੇ ਪਹੁੰਚ ਜਾਵੇਗਾ। ਜ਼ਿਆਦਾਤਰ ਉੱਤਰੀ ਭਾਰਤੀ ਆਮ ਤੌਰ 'ਤੇ ਆਪਣੇ ਘਰਾਂ ਵਿੱਚ, ਨਿੱਜੀ ਲੋਹੜੀ ਮਨਾਉਂਦੇ ਹਨ। ਲੋਹੜੀ ਦੀ ਰਸਮ ਵਿਸ਼ੇਸ਼ ਲੋਹੜੀ ਦੇ ਗੀਤਾਂ ਦੀ ਸੰਗਤ ਨਾਲ ਨਿਭਾਈ ਜਾਂਦੀ ਹੈ।[18]

ਗਾਉਣਾ ਅਤੇ ਨੱਚਣਾ ਜਸ਼ਨਾਂ ਦਾ ਇੱਕ ਅੰਦਰੂਨੀ ਹਿੱਸਾ ਹੈ। ਲੋਕ ਆਪਣੇ ਚਮਕਦਾਰ ਕੱਪੜੇ ਪਹਿਨਦੇ ਹਨ ਅਤੇ ਢੋਲ ਦੀ ਧੁਨ 'ਤੇ ਭੰਗੜਾ ਅਤੇ ਗਿੱਧਾ ਨੱਚਣ ਲਈ ਆਉਂਦੇ ਹਨ। ਪੰਜਾਬੀ ਗੀਤ ਗਾਏ ਜਾਂਦੇ ਹਨ, ਅਤੇ ਹਰ ਕੋਈ ਖੁਸ਼ ਹੁੰਦਾ ਹੈ। ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਆਮ ਤੌਰ 'ਤੇ ਲੋਹੜੀ ਦੇ ਖਾਣੇ ਵਿੱਚ ਮੁੱਖ ਕੋਰਸ ਵਜੋਂ ਪਰੋਸੀ ਜਾਂਦੀ ਹੈ। ਲੋਹੜੀ ਇੱਕ ਮਹਾਨ ਤਿਉਹਾਰ ਹੈ ਜੋ ਕਿਸਾਨਾਂ ਲਈ ਬਹੁਤ ਮਹੱਤਵ ਰੱਖਦਾ ਹੈ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੀ ਲੋਹੜੀ ਮਨਾਉਂਦੇ ਹਨ, ਕਿਉਂਕਿ ਇਹ ਤਿਉਹਾਰ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।[19]

ਰਿਵਾਜ[ਸੋਧੋ]

ਲੋਹੜੀ ਮੰਗਣ ਦਾ ਰਿਵਾਜ[ਸੋਧੋ]

ਲੋਹੜੀ ਤੋਂ ੧੦-੧੫ ਦਿਨ ਪਹਿਲਾਂ ਮੁੰਡੇ ਕੁੜੀਆਂ (ਅੱਜਕਲ੍ਹ ਬੱਚੇ) ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :

 • ਦੇਹ ਮਾਈ ਪਾਥੀ, ਤੇਰਾ ਪੁੱਤ ਚੜੂਹਗਾ ਹਾਥੀ।
 • ਹਾਥੀ ਨੇ ਮਾਰੀ ਟੱਕਰ, ਤੇਰਾ ਪੁੱਤ ਖਾਊਗਾ ਸ਼ੱਕਰ।
ਚਾਰ ਕੁ ਦਾਣੇ ਖਿੱਲਾਂ ਦੇ ਪਾਥੀ ਲੈ ਕੇ ਹਿੱਲਾਂਗੇ।
 • ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂਹਗਾ ਘੋੜੀ।

ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।

 • ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
 • ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।

ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।[20]

ਭਾਜੀ ਦਾ ਰਿਵਾਜ[ਸੋਧੋ]

ਲੋਹੜੀ ਤੋਂ ਪਹਿਲਾ ਪੇਕੇ ਘਰ ਵੱਲੋਂ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈੇ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿੱਚ ਸ਼ਾਮਿਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ। ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁੱਝ ਨਾ ਕੁੱਝ ਤਿਉਹਾਰ ਵੱਜੋਂ ਭੇਜਦੇ ਹਨ। ਕਈ ਕੁੜੀ ਦੇ ਸਹੁਰੇ ਉਸ ਭਾਜੀ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਵੰਡ ਦਿੰਦੇ ਹਨ।[21]

ਲੋਹੜੀ ਦੀ ਰਾਤ ਭੁੱਗਾ ਬਾਲਣ ਦਾ ਰਿਵਾਜ[ਸੋਧੋ]

ਲੋਹੜੀ ਦੇ ਭੁੱਗੇ ਦੀ ਤਸਵੀਰ

ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਲੈ ਕੇ ਲੋਹੜੀ ਵਾਲ਼ੇ ਘਰ ਦੇ ਖੁੱਲ੍ਹੇ ਵਿਹੜੇ 'ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ 'ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱੱਚ ਤਿਲ ,ਰਿਉੜੀਆਂ, ਮੂੰਗਫਲੀ ਸੁੱਟ ਕੇ ਬੋਲਦੇ ਹਨ -

 • ਈਸ਼ਰ ਆ, ਦਲਿੱਦਰ ਜਾ
 • ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਾਂ

 • ਲੋਹੜੀਏ ਵਿਚਾਰੀਏ, ਭਰੀ ਆਵੀ ਤੇ ਸੱਖਣੀ ਜਾਵੀ।[22]

ਅੱਗ ਵਿਚ ਤਿੱਲ ਸੁੱਟਦੇ ਸਮੇਂ ਇਹ ਧਾਰਨਾ ਵੀ ਰੱਖੀ ਜਾਂਦੀ ਹੈ ਕਿ ਜਿੰਨੇ ਤਿਲ ਜਠਾਣੀ ਭੁੱਗੇ ਵਿਚ ਸੁੱਟੇਗੀ, ਉਨ੍ਹੇ ਹੀ ਦਰਾਣੀ ਮੁੰਡੇ ਜੰਮੇਗੀ।

ਪਕਵਾਨ ਬਣਾਉਣ ਦਾ ਰਿਵਾਜ[ਸੋਧੋ]

ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਖਜੂਰਾਂ, ਰੌਅ ਦੀ ਖੀਰ(ਗੰਨੇ ਦੇ ਰਸ ਨੂੰ ਰੌਅ ਕਹਿੰਦੇ ਹਨ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਇਸੇ ਲਈ ਇਸਨੂੰ ਆਖਦੇ ਹਨ -

ਪੋਹ ਰ੍ਹਿੰਨੀ ਮਾਘ ਖਾਧੀ

ਤਿਉਹਾਰ ਮਨਾਉਣ ਵਾਲੇ ਇਲਾਕੇ[ਸੋਧੋ]

ਭੰਗੜਾ
ਪੰਜਾਬੀ ਸੱਭਿਆਚਾਰਕ ਨਾਚ "ਗਿੱਧਾ" ਕਰਨ ਲਈ ਤਿਆਰ
੨ ਢੋਲ

ਲੋਹੜੀ ਸਰਦੀਆਂ ਦੇ ਸਭ ਤੋਂ ਠੰਢੇ ਦਿਨ ਦਰਸਾਉਣ ਲਈ ਮਨਾਈ ਜਾਂਦੀ ਹੈ। ਪੰਜਾਬ ਤੋਂ ਇਲਾਵਾ, ਲੋਹੜੀ ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਵਿਚ ਮਨਾਈ ਜਾਂਦੀ ਹੈ। ਮੁਗ਼ਲ ਜਮਾਨੇ ਵਿੱਚ ਜੰਮੂ ਵਿੱਚ ਵੀ ਲੋਹੜੀ ਮਨਾਈ ਜਾਂਦੀ ਸੀ।[23] ਇਹ ਤਿਉਹਾਰ ਸਿੰਧੀ ਭਾਈਚਾਰੇ ਵਿਚ ਲਾਲ ਲੋਈ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।[24][25][26][27]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

 1. http://encyclopedia2.thefreedictionary.com/Lohri
 2. http://dholradio.org/forum/index.php?topic=2295.0[permanent dead link]
 3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
 4. Dr. H.S. Singha (2005). Sikh Studies. Hemkunt Press. pp. 101–102. ISBN 978-81-7010-245-8.
 5. Ahuja, R. L. (1983).
 6. Suri, S. L. (1961). pts.1-5.
 7. Suri, S. L. (1961). pts.1-3.
 8. "The Tribune...Science Tribune". Retrieved 12 January 2017.
 9. The Tribune Festival binge: Amarjot Kaur 10 January 2015
 10. Celebrating with the Robin Hood of the Punjab and all his friends!
 11. "What a wonderful world". The Hindu. 7 January 2013. Retrieved 12 January 2017.
 12. Hindustan Times 12 01 2013
 13. "Punjabi pockets warm up for Lohri bonfires - Times of India". The Times of India. Retrieved 12 January 2017.
 14. Hindustan Times 12 January 2015 Snigdha Ahuja
 15. http://www.happywink.org/lohrifestival/origin-of-lohri.html
 16. ਸੁਖਦੇਵ ਮਾਦਪੁਰੀ. "ਲੋਕ ਗਾਥਾ ਦੁੱਲਾ ਭੱਟੀ".
 17. "Dhulla Bhatti Song".
 18. "Happy Lohri 2022: Date, Origin and Significance of the Harvest Festival". News18 (in ਅੰਗਰੇਜ਼ੀ). 2022-01-13. Retrieved 2022-01-13.
 19. "Happy Lohri 2022: Significance, Delicacies And Wishes For The Festival". Moneycontrol (in ਅੰਗਰੇਜ਼ੀ). Retrieved 2022-01-13.
 20. "ਲੋਹੜੀ ਦਾ ਤਿਉਹਾਰ – Punjabi Library" (in ਅੰਗਰੇਜ਼ੀ (ਅਮਰੀਕੀ)). Archived from the original on 2018-12-28. Retrieved 2019-01-12. {{cite web}}: Unknown parameter |dead-url= ignored (|url-status= suggested) (help)
 21. ppadmin (2016-01-18). "ਭਾਜੀ ਦਾ ਰਿਵਾਜ". Punjab Post (in ਅੰਗਰੇਜ਼ੀ (ਅਮਰੀਕੀ)). Retrieved 2019-01-12.[permanent dead link]
 22. europesamachar. "ਸਰਦ ਰੁ¤ਤ ਦਾ ਤਿਉਹਾਰ ਲੋਹੜੀ" (in ਡੱਚ). Archived from the original on 2020-10-01. Retrieved 2019-01-12. {{cite web}}: Unknown parameter |dead-url= ignored (|url-status= suggested) (help)
 23. Jyoteeshwar Pathik, Diwan Chand Sharma (1980) Cultural Heritage of the Dogras. Page 106 "The festival of Lohri is said to be celebrated from Mughal time when a witch had created tyranny and horror on the Jammu Punjab border..." Light & Life Publishers [1]
 24. "LOHRI: THE BONFIRE FESTIVAL - The Indian Panorama". Retrieved 12 January 2017.
 25. "Lohri Aaye Rey". 13 January 2016. Retrieved 12 January 2017.
 26. "Dr Jitendra organises joint celebration of 'Lohri', 'Bihu' festivals - Scoop News Jammu Kashmir". Retrieved 12 January 2017.
 27. Daniyal, Shoaib. "Lohri legends: the tale of Abdullah Khan 'Dullah' Bhatti, the Punjabi who led a revolt against Akbar". Retrieved 12 January 2017.