ਗੁਫ਼ਾ ਦਾ ਰੂਪਕ
ਗੁਫਾ ਦਾ ਰੂਪਕ (ਅੰਗਰੇਜ਼ੀ: Allegory of the Cave), ਜਿਸ ਨੂੰ ਪਲੈਟੋ ਦੀ ਗੁਫਾ ਅਤੇ ਗੁਫਾ ਦ੍ਰਿਸ਼ਟਾਂਤ ਵੀ ਕਿਹਾ ਜਾਂਦਾ ਹੈ, ਇੱਕ ਸਿਧਾਂਤ ਦਰਸ਼ਾਉਣ ਵਾਲੀ ਰੂਪਕ ਕਥਾ ਹੈ ਜਿਸ ਨੂੰ ਯੂਨਾਨੀ ਦਾਰਸ਼ਨਿਕ ਪਲੈਟੋ (ਅਫਲਾਤੂਨ) ਨੇ ਆਪਣੇ ਪ੍ਰਸਿੱਧ ਰਿਪਬਲਿਕ ਨਾਮਕ ਗਰੰਥ ਵਿੱਚ ਸਾਡੀ ਪ੍ਰਕਿਰਤੀ ਤੇ ਗਿਆਨ ਅਤੇ ਅਗਿਆਨ ਦੇ ਪ੍ਰਭਾਵ ਬਾਰੇ ਪ੍ਰਕਾਸ਼ ਪਾਉਣ ਲਈ ਸ਼ਾਮਿਲ ਕੀਤਾ ਸੀ। ਇਹ ਕਥਾ ਪਲੈਟੋ ਦੇ ਮਿੱਤਰ ਸੁਕਰਾਤ ਅਤੇ ਪਲੈਟੋ ਦੇ ਵੱਡੇ ਭਰਾ ਗਲਾਉਕਾਨ ਦੇ ਵਿੱਚ ਹੋਈ ਗੱਲਬਾਤ ਦੇ ਰੂਪ ਵਿੱਚ ਲਿਖੀ ਗਈ ਹੈ।
ਇਸ ਕਥਾ ਵਿੱਚ ਪਲੈਟੋ ਸੁਕਰਾਤ ਦੇ ਹਵਾਲੇ ਨਾਲ ਕਹਿੰਦਾ ਹੈ ਕਿ ਕੁੱਝ ਅਜਿਹੇ ਲੋਕਾਂ ਦੀ ਕਲਪਨਾ ਕਰੋ ਜੋ ਜੀਵਨ-ਭਰ ਇੱਕ ਹਨੇਰੀ ਗੁਫਾ ਦੀ ਕਿਸੇ ਦੀਵਾਰ ਕੋਲ ਸੰਗਲਾਂ ਦੇ ਨਾਲ ਬੱਝੇ ਹਨ। ਉਹਨਾਂ ਦੇ ਪਿੱਛੇ ਅੱਗ ਜਲ ਰਹੀ ਹੈ ਅਤੇ ਉਹ ਕੇਵਲ ਆਪਣੇ ਸਾਹਮਣੇ ਵਾਲੀ ਖਾਲੀ ਦੀਵਾਰ ਤੇ ਵੇਖ ਸਕਦੇ ਹਨ। ਉਸ ਅੱਗ ਦੇ ਸਾਹਮਣੇ ਤੋਂ ਕੁੱਝ ਚੀਜਾਂ ਲੰਘਦੀਆਂ ਹਨ ਜਿਹਨਾਂ ਦੀਆਂ ਪਰਛਾਈਆਂ ਉਸ ਦੀਵਾਰ ਤੇ ਲੋਕ ਦੇਖਦੇ ਹਨ। ਉਹਨਾਂ ਲੋਕਾਂ ਲਈ ਕੇਵਲ ਇਹ ਪਰਛਾਈਆਂ ਹੀ ਅਸਲੀਅਤ ਹੈ ਅਤੇ ਉਹ ਇਨ੍ਹਾਂ ਨੂੰ ਹੀ ਸੰਸਾਰ ਦੀ ਸੱਚਾਈ ਮੰਨ ਕੇ ਜਿਉਂਦੇ ਹਨ। ਫਿਰ ਪਲੈਟੋ ਦੱਸਦਾ ਹੈ ਕਿ ਕਿਵੇਂ ਵਾਸਤਵ ਵਿੱਚ ਮਨੁੱਖਾਂ ਲਈ ਦੁਨੀਆ ਕੁੱਝ ਅਜਿਹੀ ਹੀ ਹੈ ਅਤੇ ਦਾਰਸ਼ਨਿਕ ਉਹ ਲੋਕ ਹਨ ਜੋ ਉਸ ਗੁਫਾ ਦੀ ਕੈਦ ਤੋਂ ਆਜ਼ਾਦ ਹੋਕੇ ਪਰਛਾਈਆਂ ਦੇ ਪਿੱਛੇ ਦੀ ਸੱਚਾਈ ਵੇਖ ਸਕਦੇ ਹਨ।